ਪੰਜਾਬ ਅਤੇ ਇਸ ਦੇ ਗੁਆਂਢੀ ਰਾਜਾਂ ਹਿਮਾਚਲ, ਜੰਮੂ ਕਸ਼ਮੀਰ ਅਤੇ ਉੱਤਰਾਖੰਡ ਵਿਚ ਪਿਛਲੇ ਕਈ ਦਿਨਾਂ ਤੋਂ ਹੋ ਰਹੀਆਂ ਲਗਾਤਾਰ ਬਾਰਿਸ਼ਾਂ ਕਾਰਨ ਪੈਦਾ ਹੋਇਆ ਸੰਤਾਪ ਘਟਣ ਦੀ ਬਜਾਏ ਹੋਰ ਵੀ ਵਧਦਾ ਨਜ਼ਰ ਆ ਰਿਹਾ ਹੈ। ਬਾਰਿਸ਼ਾਂ ਅਜੇ ਵੀ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਇਸ ਕਾਰਨ ਪਹਾੜਾਂ ਤੋਂ ਮੈਦਾਨਾਂ ਵੱਲ ਪਾਣੀ ਦਾ ਵਹਾਅ ਵਧਣਾ ਲਾਜ਼ਮੀ ਹੈ। ਇਸੇ ਕਾਰਨ ਡੈਮਾਂ ਵਿਚੋਂ ਵੀ ਵਧੇਰੇ ਪਾਣੀ ਛੱਡਿਆ ਜਾ ਰਿਹਾ ਹੈ। ਬਿਨਾਂ ਸ਼ੱਕ ਉਪਰੋਕਤ ਸਾਰੇ ਰਾਜਾਂ ਵਿਚ ਲੋਕਾਂ ਦਾ ਚੋਖਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਇਨ੍ਹਾਂ ਰਾਜਾਂ ਦੇ ਬੁਨਿਆਦੀ ਢਾਂਚੇ ਸੜਕਾਂ, ਬੰਨ੍ਹਾਂ, ਪੁਲਾਂ ਅਤੇ ਲੋਕਾਂ ਦੇ ਘਰਾਂ ਤੇ ਵਪਾਰਕ ਅਦਾਰਿਆਂ ਦਾ ਵੀ ਵੱਡਾ ਨੁਕਸਾਨ ਹੋਇਆ ਹੈ।
ਜੇ ਪੰਜਾਬ ਦੀ ਗੱਲ ਕਰੀਏ ਤਾਂ ਪ੍ਰਾਪਤ ਹੋਈਆਂ ਤਾਜ਼ਾ ਖ਼ਬਰਾਂ ਦੇ ਅਨੁਸਾਰ ਇਸ ਦੇ ਪ੍ਰਭਾਵਿਤ ਹੋਏ ਜ਼ਿਲ੍ਹਿਆਂ ਦੀ ਗਿਣਤੀ 9 ਤੱਕ ਪਹੁੰਚ ਗਈ ਹੈ ਅਤੇ 1300 ਤੋਂ ਵੱਧ ਪਿੰਡ ਪਾਣੀ ਵਿਚ ਡੁੱਬ ਗਏ ਹਨ। ਹੜ੍ਹ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਵੀ 2 ਦਰਜਨ ਤੋਂ ਵਧ ਗਈ ਹੈ। ਸਥਾਨਕ ਪ੍ਰਸ਼ਾਸਨ ਤੋਂ ਇਲਾਵਾ ਥਲ ਸੈਨਾ, ਜਲ ਸੈਨਾ, ਐਨ.ਡੀ.ਆਰ.ਐੱਫ. ਵਲੋਂ ਹੜ੍ਹਾਂ ਵਿਚ ਘਿਰੇ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵਲੋਂ ਵੱਖ-ਵੱਖ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿਚ ਬਣਾਏ ਗਏ ਕੈਂਪਾਂ ਵਿਚ ਲੋਕਾਂ ਨੂੰ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ। ਜਿਨ੍ਹਾਂ ਲੋਕਾਂ ਨੂੰ ਅਜੇ ਤੱਕ ਹੜ੍ਹ ਮਾਰੇ ਪਿੰਡਾਂ ਵਿਚੋਂ ਨਹੀਂ ਕੱਢਿਆ ਜਾ ਸਕਿਆ ਜਾਂ ਉਹ ਆਪਣੇ ਘਰਾਂ ਦੀਆਂ ਛੱਤਾਂ 'ਤੇ ਬੈਠੇ ਹਨ, ਉਨ੍ਹਾਂ ਤੱਕ ਵੀ ਰਾਹਤ ਸਮੱਗਰੀ ਪਹੁੰਚਾਉਣ ਲਈ ਸਰਕਾਰੀ ਤੇ ਗੈਰ-ਸਰਕਾਰੀ ਸੰਸਥਾਵਾਂ ਵਲੋਂ ਯਤਨ ਕੀਤੇ ਜਾ ਰਹੇ ਹਨ। ਹੁਣ ਤਾਂ ਇਹ ਵੀ ਕਿਹਾ ਜਾਣ ਲੱਗਿਆ ਹੈ ਕਿ ਇਹ ਨੁਕਸਾਨ 1988 ਵਿਚ ਆਏ ਹੜ੍ਹਾਂ ਤੋਂ ਵੀ ਵਧੇਰੇ ਵਿਆਪਕ ਹੋ ਗਿਆ ਹੈ। ਪ੍ਰਭਾਵਿਤ ਲੋਕਾਂ ਨੂੰ ਰਾਹਤ ਪਹੁੰਚਾਉਣ ਅਤੇ ਉਨ੍ਹਾਂ ਦੇ ਪੁਨਰ-ਵਸੇਬੇ ਲਈ ਆਉਣ ਵਾਲੇ ਸਮੇਂ ਵਿਚ ਸਾਰਿਆਂ ਨੂੰ ਮਿਲ ਕੇ ਲੰਮੇ ਸਮੇਂ ਤੱਕ ਯਤਨ ਕਰਨੇ ਪੈਣਗੇ।
ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਪੰਜਾਬ, ਹਿਮਾਚਲ, ਉੱਤਰਾਖੰਡ ਅਤੇ ਜੰਮੂ ਕਸ਼ਮੀਰ ਵਿਚ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਕੇਂਦਰੀ ਟੀਮਾਂ ਦਾ ਗਠਨ ਕਰਨ ਦਾ ਐਲਾਨ ਕੀਤਾ ਹੈ। ਆਉਣ ਵਾਲੇ ਦਿਨਾਂ ਵਿਚ ਬਣਾਈਆਂ ਗਈਆਂ ਇਹ ਕੇਂਦਰੀ ਟੀਮਾਂ ਵੱਖ-ਵੱਖ ਰਾਜਾਂ ਦਾ ਦੌਰਾ ਕਰ ਕੇ ਹੋਏ ਨੁਕਸਾਨ ਸੰਬੰਧੀ ਕੇਂਦਰ ਸਰਕਾਰ ਨੂੰ ਰਿਪੋਰਟਾਂ ਦੇਣਗੀਆਂ। ਸ੍ਰੀ ਅਮਿਤ ਸ਼ਾਹ ਨੇ ਖ਼ੁਦ ਵੀ ਜੰਮੂ-ਕਸ਼ਮੀਰ ਦਾ ਦੌਰਾ ਕਰਨ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖ ਕੇ ਪੰਜਾਬ ਸਰਕਾਰ ਦੇ ਕੇਂਦਰ ਵਲੋਂ ਵੱਖ-ਵੱਖ ਕਾਰਨਾਂ ਕਰਕੇ ਪਹਿਲਾਂ ਰੋਕੇ ਗਏ 60,000 ਕਰੋੜ ਦੇ ਫੰਡ, ਜਿਨ੍ਹਾਂ ਵਿਚ ਪੇਂਡੂ ਵਿਕਾਸ ਫੰਡ (ਆਰ.ਡੀ.ਐਫ.), ਮਾਰਕੀਟ ਵਿਕਾਸ ਫੰਡ (ਐਮ.ਡੀ.ਐਫ.) ਅਤੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਪੈਸੇ ਸ਼ਾਮਿਲ ਹਨ, ਜਾਰੀ ਕਰਨ ਦੀ ਬੇਨਤੀ ਕੀਤੀ ਹੈ। ਇਸ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਵੀ ਪ੍ਰਧਾਨ ਮੰਤਰੀ ਨੂੰ ਪੰਜਾਬ ਵਿਚ ਹੜ੍ਹਾਂ ਦੇ ਹੋਏ ਨੁਕਸਾਨ ਨੂੰ ਮੁੱਖ ਰੱਖਦਿਆਂ ਕੇਂਦਰੀ ਟੀਮਾਂ ਭੇਜਣ ਅਤੇ ਲੋਕਾਂ ਦੀ ਸਹਾਇਤਾ ਕਰਨ ਲਈ ਇਕ ਪੱਤਰ ਲਿਖਿਆ ਸੀ।
ਇਸ ਸੰਦਰਭ ਵਿਚ ਸਾਡੀ ਵੀ ਇਹ ਰਾਇ ਹੈ ਕਿ ਕੇਂਦਰ ਸਰਕਾਰ ਨੂੰ ਪੰਜਾਬ, ਹਿਮਾਚਲ, ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਵਿਚ ਆਏ ਹੜ੍ਹਾਂ ਅਤੇ ਇਨ੍ਹਾਂ ਕਾਰਨ ਹੋਏ ਵੱਡੇ ਨੁਕਸਾਨ ਨੂੰ ਪੂਰੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਇਨ੍ਹਾਂ ਰਾਜਾਂ ਦੀਆਂ ਸਰਕਾਰਾਂ ਨਾਲ ਸੰਪਰਕ ਵਿਚ ਰਹਿ ਕੇ ਹਰ ਢੰਗ ਨਾਲ ਇਨ੍ਹਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਬਿਹਤਰ ਇਹ ਹੋਵੇਗਾ ਕਿ ਕੇਂਦਰ ਸਰਕਾਰ ਇਨ੍ਹਾਂ ਰਾਜਾਂ ਵਿਚ ਆਏ ਹੜ੍ਹਾਂ ਨੂੰ ਕੌਮੀ ਸੰਕਟ ਐਲਾਨਣ ਦਾ ਫ਼ੈਸਲਾ ਕਰੇ ਤਾਂ ਜੋ ਹੜ੍ਹ ਪੀੜਤ ਰਾਜਾਂ ਨੂੰ ਸਹਾਇਤਾ ਦੇਣ ਦੇ ਰਾਹ ਵਿਚ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਤਕਨੀਕੀ ਰੁਕਾਵਟ ਨਾ ਆਵੇ ਅਤੇ ਪੀੜਤ ਲੋਕਾਂ ਨੂੰ ਵੱਧ ਤੋਂ ਵੱਧ ਸਹਾਇਤਾ ਮਿਲ ਸਕੇ। ਪਿਛਲੇ ਦਿਨੀਂ ਹਿਮਾਚਲ ਵਿਧਾਨ ਸਭਾ ਨੇ ਵੀ ਸਰਬ-ਸੰਮਤੀ ਨਾਲ ਮਤਾ ਪਾਸ ਕਰਕੇ ਅਜਿਹੀ ਹੀ ਮੰਗ ਕੀਤੀ ਸੀ।
ਇਸ ਸਮੇਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਜਿਥੇ ਹਰ ਪੱਖ ਤੋਂ ਰਾਹਤ ਅਤੇ ਸਹਾਇਤਾ ਦਿੱਤੇ ਜਾਣ ਦੀ ਲੋੜ ਹੈ ਉਥੇ ਉਨ੍ਹਾਂ ਦਾ ਮਨੋਬਲ ਉੱਚਾ ਬਣਾਈ ਰੱਖਣ ਲਈ ਵੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਵਿਸ਼ੇਸ਼ ਤੌਰ 'ਤੇ ਬਿਆਨ ਜਾਰੀ ਕਰ ਕੇ ਪ੍ਰਭਾਵਿਤ ਲੋਕਾਂ ਨੂੰ ਇਹ ਭਰੋਸਾ ਦਿਵਾਉਣਾ ਚਾਹੀਦਾ ਹੈ ਕਿ ਕੇਂਦਰ ਸਰਕਾਰ ਪੂਰੀ ਤਰ੍ਹਾਂ ਉਨ੍ਹਾਂ ਦੇ ਨਾਲ ਹੈ ਅਤੇ ਹਰ ਸੰਭਵ ਢੰਗ ਨਾਲ ਉਨ੍ਹਾਂ ਦੀ ਮਦਦ ਕੀਤੀ ਜਾਵੇਗੀ। ਅਜਿਹਾ ਕਰਨਾ ਇਸ ਲਈ ਬੇਹੱਦ ਜ਼ਰੂਰੀ ਹੈ ਕਿਉਂਕਿ ਸੈਂਕੜੇ ਪਿੰਡ ਜਿਹੜੇ ਪਾਣੀ ਵਿਚ ਡੁੱਬ ਗਏ ਹਨ, ਉਥੇ ਬਹੁਤ ਸਾਰੇ ਲੋਕ ਆਪਣਾ ਜ਼ਰੂਰੀ ਸਾਮਾਨ ਅਤੇ ਮਾਲ ਡੰਗਰ ਵੀ ਬਚਾ ਨਹੀਂ ਸਕੇ। ਉਨ੍ਹਾਂ ਨੂੰ ਖਾਲੀ ਹੱਥੀਂ ਉਥੋਂ ਨਿਕਲਣਾ ਪਿਆ ਹੈ। ਇਸ ਵਿਆਪਕ ਨੁਕਸਾਨ ਕਾਰਨ ਉਹ ਇਕ ਵਾਰ ਫਿਰ ਲੱਖਾਂ ਤੋਂ ਕੱਖਾਂ ਦੇ ਹੋ ਕੇ ਰਹਿ ਗਏ ਹਨ।
ਅਜਿਹੀ ਸਥਿਤੀ ਵਿਚ ਫਸੇ ਲੋਕਾਂ ਦੀ ਮਾਨਸਿਕਤਾ ਨੂੰ ਉਹ ਹੀ ਸਮਝ ਸਕਦੇ ਹਨ, ਜਿਹੜੇ ਇਸ ਸੰਕਟ ਵਿਚੋਂ ਗੁਜ਼ਰਦੇ ਹਨ। ਇਸ ਲਈ ਲੋਕਾਂ ਨੂੰ ਨਾ ਕੇਵਲ ਹਰ ਤਰ੍ਹਾਂ ਦੀ ਸਹਾਇਤਾ ਦੀ ਲੋੜ ਹੈ ਸਗੋਂ ਆਪਣੇਪਨ ਦੇ ਅਹਿਸਾਸ ਨਾਲ ਉਨ੍ਹਾਂ ਦੇ ਹੌਸਲੇ ਵਧਾਏ ਜਾਣੇ ਵੀ ਬੇਹੱਦ ਜ਼ਰੂਰੀ ਹਨ। ਇਹ ਚੰਗੀ ਗੱਲ ਹੈ ਕਿ ਵੱਖ-ਵੱਖ ਸੰਸਥਾਵਾਂ ਅਤੇ ਅਦਾਰਿਆਂ ਵਲੋਂ ਲੋਕਾਂ ਨੂੰ ਸਹਾਇਤਾ ਦੇਣ ਲਈ ਰਾਹਤ ਫੰਡ ਚਾਲੂ ਕਰਨ ਦੇ ਫ਼ੈਸਲੇ ਕੀਤੇ ਗਏ ਹਨ। ਸਾਨੂੰ ਪੂਰੀ ਆਸ ਹੈ ਕਿ ਆਉਣ ਵਾਲੇ ਸਮੇਂ ਵਿਚ ਵੀ ਨਾ ਕੇਵਲ ਹੜ੍ਹ ਪ੍ਰਭਾਵਿਤ ਰਾਜਾਂ ਦੇ ਲੋਕ ਸਗੋਂ ਸਮੁੱਚੇ ਤੌਰ 'ਤੇ ਪੂਰਾ ਦੇਸ਼ ਹੜ੍ਹ ਕਾਰਨ ਮੁਸੀਬਤਾਂ ਵਿਚ ਫਸੇ ਲੋਕਾਂ ਦੀ ਸਹਾਇਤਾ ਕਰਨ ਲਈ ਤਤਪਰ ਰਹੇਗਾ। ਸੰਕਟ ਵਿਚ ਘਿਰੇ ਆਪਣੇ ਭੈਣ-ਭਰਾਵਾਂ ਨਾਲ ਇਕਜੁੱਟਤਾ ਦਿਖਾਉਂਦਿਆਂ ਖੜ੍ਹੇ ਹੋਣ ਦਾ ਇਹ ਢੁਕਵਾਂ ਮੌਕਾ ਹੈ।
ਹੜ੍ਹ ਪ੍ਰਭਾਵਿਤ ਲੋੜਵੰਦਾਂ ਦੀ ਸਹਾਇਤਾ ਲਈ ਅੱਗੇ ਆਓ
ਅਜੀਤ ਡੈਸਕ
02-09-2025