ਇਸ ਵੇਲੇ ਭਾਵੇਂ ਕੋਈ ਖੁੱਲ੍ਹ ਕੇ ਨਾ ਬੋਲੇ, ਪਰ ਅਮਰੀਕਾ ਅੰਦਰ ਮਹਿੰਗਾਈ ਬੇਹੱਦ ਵਧਣ ਕਰਕੇ ਆਮ ਜਾਂ ਸਾਧਾਰਨ ਨਾਗਰਿਕਾਂ ਦੀਆਂ ਚੀਕਾਂ ਨਿਕਲ ਰਹੀਆਂ ਹਨ। ਖਾਣ ਪੀਣ ਵਾਲੀਆਂ ਵਸਤਾਂ ਇੰਨੀਆਂ ਮਹਿੰਗੀਆਂ ਹੋ ਗਈਆਂ ਹਨ ਕਿ ਬੰਦਾ ਘਰ ਨੂੰ 'ਗਰੌਸਰੀ' ਲਿਆਉਣ ਵੇਲੇ ਸੌ ਵਾਰ ਸੋਚਦਾ ਹੈ ਕਿ, ਕੀ ਲਿਜਾਵਾਂ ਤੇ ਕੀ ਛੱਡਾਂ? ਖੇਤੀ ਕਾਮਿਆਂ ਦੀ ਘਾਟ ਕਾਰਨ ਸਬਜ਼ੀਆਂ ਤੇ ਫਲ ਬਹੁਤ ਮਹਿੰਗੇ ਹੋ ਰਹੇ ਹਨ। ਵਿਆਹਾਂ ਵਿਚ ਲੋਕਾਂ ਦੀ ਗਿਣਤੀ ਘਟਣ ਕਰਕੇ ਰੈਸਟੋਰੈਂਟਾਂ ਜਾਂ ਮੈਰਿਜ ਪੈਲੇਸਾਂ ਦਾ ਕਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਲੋਕ ਇਸ ਵੇਲੇ ਪੈਸਾ ਖਰਚਣ ਦੀ ਬਜਾਏ ਘੁੱਟ ਕੇ ਰੱਖਣ ਦੀ ਕੋਸ਼ਿਸ਼ ਵਿਚ ਹਨ, ਕਿਉਂਕਿ ਇਸ ਸਮੇਂ ਹਾਲਾਤ ਮੰਦੀ ਦੇ ਦੌਰ ਵਰਗੇ ਬਣਦੇ ਜਾ ਰਹੇ ਹਨ। ਸਭ ਚਿੰਤਤ ਹਨ ਕਿ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਵੇ? ਕਿੱਦਾਂ ਦੇ ਹਾਲਾਤ ਆ ਜਾਣ? ਅਮਰੀਕਾ ਵਿਚ 1 ਸਤੰਬਰ ਨੂੰ 'ਮਜ਼ਦੂਰ ਦਿਵਸ' ਮੌਕੇ ਦੇਸ਼ ਭਰ ਵਿਚ ਟਰੰਪ ਦੀਆਂ ਨੀਤੀਆਂ ਖ਼ਿਲਾਫ ਹੋ ਰਹੇ ਪ੍ਰਦਰਸ਼ਨ ਕਿਸ ਗੱਲ ਦਾ ਸੰਕੇਤ ਹਨ। ਦਰਅਸਲ ਜੋ ਸਥਿਤੀ ਇਸ ਵੇਲੇ ਰਾਸ਼ਟਰਪਤੀ ਟਰੰਪ ਵਲੋਂ ਬਣਾਈ ਗਈ ਹੈ, ਉਸ ਨਾਲ ਦੇਸ਼ ਤਰੱਕੀ ਕਰਦਾ ਹੈ ਜਾਂ ਗਰਾਫ ਹੇਠਾਂ ਡਿਗਦਾ ਹੈ, ਇਸ ਬਾਰੇ ਅਜੇ ਕੁਝ ਵੀ ਸਪੱਸ਼ਟ ਤੌਰ 'ਤੇ ਸਮਝ ਨਹੀਂ ਆ ਰਿਹਾ। ਤੇਲ ਦੀਆਂ ਕੀਮਤਾਂ ਦੀ ਇਹ ਸਿਖਰ ਪਹਿਲਾਂ ਸ਼ਾਇਦ ਹੀ ਕਿਸੇ ਨੇ ਵੇਖੀ ਹੋਵੇ। ਵਿਆਜ ਦਰਾਂ ਤੌਬਾ! ਤੌਬਾ!! ਇਕ ਸਰਵੇਖਣ ਅਨੁਸਾਰ ਅਮਰੀਕਾ 'ਚ ਖਾਣ ਵਾਲੀਆਂ ਸਭ ਵਸਤਾਂ ਦੇ ਭਾਅ ਅਸਮਾਨੀਂ ਚੜ੍ਹੇ ਹੋਏ ਹਨ। ਟਰੰਪ ਦੇ ਜਨਵਰੀ 'ਚ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਹੁਣ ਤੱਕ ਅਮਰੀਕਾ ਦੀ ਕਿਰਤ ਸ਼ਕਤੀ ਨੂੰ ਸਭ ਤੋਂ ਵੱਡਾ ਖੋਰਾ ਲੱਗਾ ਹੈ। ਤਕਰੀਬਨ 12 ਲੱਖ ਪ੍ਰਵਾਸੀ ਕਾਮੇ ਕਿਰਤ ਦੇ ਨਕਸ਼ੇ 'ਚੋਂ ਲਾਂਭੇ ਹੋ ਗਏ ਹਨ ਅਤੇ ਇਹ ਸਭ ਕੁਝ ਟਰੰਪ ਦੀ ਇਮੀਗ੍ਰੇਸ਼ਨ ਨੀਤੀ ਕਾਰਨ ਹੋਇਆ ਹੈ, ਜੋ ਵੱਡੇ ਆਰਥਿਕ ਨੁਕਸਾਨ ਵੱਲ ਇਸ਼ਾਰਾ ਕਰਦੀ ਹੈ।
ਨਵੇਂ ਵਿਸ਼ਲੇਸ਼ਣ ਨੂੰ ਮੰਨੀਏ ਤਾਂ 'ਦੇਸ਼ ਨਿਕਾਲੇ ਤੋਂ ਆਰਥਿਕ ਨੁਕਸਾਨ ਦੀ ਚਿਤਾਵਨੀ' ਵਾਲੇ ਸੰਕੇਤਾਂ ਤੱਕ ਇਹ ਸਮਝਿਆ ਜਾ ਰਿਹਾ ਹੈ ਕਿ ਰੁਜ਼ਗਾਰ ਦਾ ਸਭ ਤੋਂ ਵੱਧ ਪ੍ਰਭਾਵ ਖੇਤੀਬਾੜੀ ਖੇਤਰ ਵਿਚ ਪਿਆ ਹੈ, ਜਿਥੇ ਮਾਰਚ ਤੋਂ ਜੁਲਾਈ ਤੱਕ 6.5 ਫ਼ੀਸਦੀ ਨੌਕਰੀਆਂ ਘਟੀਆਂ ਹਨ ਅਤੇ ਇਸ ਨੇ ਪਿਛਲੇ ਦੋ ਸਾਲਾਂ ਦੇ ਵਾਧੇ ਨੂੰ ਪੁੱਠਾ ਗੇੜਾ ਦੇ ਦਿੱਤਾ ਹੈ। ਇਸ ਘਟਨਾਕ੍ਰਮ ਕਰਕੇ ਅਮਰੀਕਾ ਨੇ ਪ੍ਰਵਾਸੀ ਕਾਮਿਆਂ ਨੂੰ ਇਕ ਤਰ੍ਹਾਂ ਨਾਲ ਗੁਆ ਲਿਆ ਹੈ। ਯੂ.ਐਸ. ਬਿਊਰੋ ਆਫ ਲੇਬਰ ਸਟੈਟਿਕਸ ਨੇ ਮਾਰਚ 2025 ਵਿਚ 23 ਲੱਖ 71 ਹਜ਼ਾਰ ਖੇਤੀਬਾੜੀ ਕਾਮਿਆਂ ਦੀ ਰਿਪੋਰਟ ਦਿੱਤੀ ਸੀ, ਜਦਕਿ ਜੁਲਾਈ ਵਿਚ ਸਿਰਫ਼ 22 ਲੱਖ 16 ਹਜ਼ਾਰ ਨੌਕਰੀਆਂ ਰਹਿ ਗਈਆਂ ਅਤੇ ਸਿਰਫ਼ 4 ਮਹੀਨਿਆਂ ਦੌਰਾਨ 1 ਲੱਖ 55 ਹਜ਼ਾਰ ਦੀ ਕਮੀ ਆ ਗਈ। 'ਇਕਨਾਮਿਕ ਇਨਸਾਈਟਸ ਐਂਡ ਰਿਸਰਚ ਕੰਸਲਟਿੰਗ' ਦੀ ਰਿਪੋਰਟ ਅਨੁਸਾਰ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਨਿਸ਼ਾਨਾ ਬਣਾ ਕੇ ਮਾਰੇ ਗਏ ਇਮੀਗ੍ਰੇਸ਼ਨ ਛਾਪਿਆਂ ਨੇ ਤਾਜ਼ੀਆਂ ਸਬਜ਼ੀਆਂ ਦੀਆਂ ਕੀਮਤਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਸਬਜ਼ੀਆਂ ਦੀਆਂ ਕੀਮਤਾਂ 8 ਫ਼ੀਸਦੀ ਤੋਂ ਵੱਧ ਦੀ ਸਾਲਾਨਾ ਦਰ 'ਤੇ ਅਤੇ ਮੀਟ ਦੀਆਂ 7 ਫ਼ੀਸਦੀ ਨਾਲ ਵਧੀਆਂ ਹਨ। ਇਸ ਦੇ ਨਾਲ-ਨਾਲ ਉਸਾਰੀ ਖੇਤਰ (ਕੰਸਟ੍ਰਕਸ਼ਨ ਫੀਲਡ) ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ। ਅਮਰੀਕੀ ਲੋਕ ਵਧੇਰੇ ਕਰਕੇ ਮਕਾਨ ਉਸਾਰੀ ਜਾਂ ਖੇਤੀਬਾੜੀ ਦੇ ਖੇਤਰ 'ਚ ਕੰਮ ਨਹੀਂ ਕਰਦੇ। ਇਨ੍ਹਾਂ ਖੇਤਰਾਂ ਵਿਚ ਬਹੁ-ਗਿਣਤੀ ਪ੍ਰਵਾਸੀਆਂ 'ਚੋਂ ਖਾਸ ਕਰਕੇ ਮੈਕਸੀਕਨ ਮੂਲ ਦੇ ਲੋਕ ਕੰਮ ਕਰਦੇ ਹਨ। ਅਮਰੀਕਾ ਦੇ ਉੱਤਰ ਪੂਰਬ ਵਿਚ 17 ਫ਼ੀਸਦੀ ਪਰਮਿਟ ਘਟ ਗਏ ਹਨ ਅਤੇ ਪ੍ਰਵਾਸੀਆਂ 'ਤੇ ਸਭ ਤੋਂ ਵੱਧ ਨਿਰਭਰਤਾ ਵਾਲੇ ਖੇਤਰਾਂ ਵਿਚ ਗਿਰਾਵਟ ਆਉਣ ਨਾਲ ਰਿਹਾਇਸ਼ੀ ਸੰਕਟ ਵਧਿਆ ਹੈ। ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕਾ ਪ੍ਰਵਾਸੀ ਕਾਮਿਆਂ ਨੂੰ ਗੁਆ ਰਿਹਾ ਹੈ। ਟੈਕਸਾਸ, ਫਲੋਰੀਡਾ ਤੇ ਕੈਲੀਫੋਰਨੀਆ ਸਮੇਤ ਪ੍ਰਵਾਸੀਆਂ ਦੀ ਸਭ ਤੋਂ ਵੱਧ ਗਿਣਤੀ ਵਾਲੇ 10 ਰਾਜਾਂ ਵਿਚ ਉਸਾਰੀ ਰੁਜ਼ਗਾਰ ਵਿਚ ਵੱਡੀ ਗਿਰਾਵਟ ਆਈ ਹੈ, ਜਦਕਿ ਉੱਚ ਇਮੀਗ੍ਰੇਸ਼ਨ ਵਾਲੇ ਰਾਜਾਂ ਵਿਚ ਮਨੋਰੰਜਨ ਅਤੇ ਸੈਰਸਪਾਟਾ ਉਦਯੋਗਾਂ ਵਿਚ ਸਿਰਫ਼ 0.2 ਫ਼ੀਸਦੀ ਦਾ ਵਾਧਾ ਹੋਇਆ ਹੈ, ਜੋ ਰੈਸਟੋਰੈਂਟ ਤੇ ਹੋਟਲ ਮਾਲਕਾਂ ਲਈ ਚਿੰਤਾਜਨਕ ਅੰਕੜਾ ਹੈ। ਟਰੰਪ ਦੇ ਵੱਡੇ ਪੱਧਰ 'ਤੇ ਦੇਸ਼ ਨਿਕਾਲੇ ਦੇ ਹਮਲੇ ਅਮਰੀਕਾ ਦੀ ਆਰਥਿਕਤਾ ਨੂੰ ਵਿਗਾੜ ਰਹੇ ਹਨ ਅਤੇ ਸਾਰੇ ਅਮਰੀਕਾ ਲਈ ਭੋਜਨ ਤੇ ਰਿਹਾਇਸ਼ ਦੀਆਂ ਕੀਮਤਾਂ ਵਧਾਉਣ ਵਿਚ ਯੋਗਦਾਨ ਪਾ ਰਹੇ ਹਨ। ਇਸ ਦਾ ਨਤੀਜਾ ਸਾਰਿਆਂ ਦੇ ਸਾਹਮਣੇ ਹੈ ਜਿਸ ਬਾਰੇ ਅਰਥ ਸ਼ਾਸਤਰੀਆਂ ਨੇ ਲੰਮੇ ਸਮੇਂ ਤੋਂ ਚਿਤਾਵਨੀ ਦਿੱਤੀ ਹੋਈ ਹੈ। ਇਹ ਖੁਲਾਸਾ 'ਅਮਰੀਕਾ ਵਾਇਸ' ਦੀ ਕਾਰਜਕਾਰੀ ਨਿਰਦੇਸ਼ਕ ਵੈਨੇਸਾ ਕਾਰਡੇਨਸ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਕੀਤਾ ਕਿ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹ ਸਿਰਫ਼ ਮਾੜੀ ਇਮੀਗ੍ਰੇਸ਼ਨ ਨੀਤੀ ਨਹੀਂ ਹੈ, ਸਗੋਂ ਆਰਥਿਕ ਭੰਨ-ਤੋੜ ਹੈ, ਜੋ ਕੰਮ ਕਰਨ ਵਾਲੇ ਪਰਿਵਾਰਾਂ ਅਤੇ ਪੂਰੇ ਭਾਈਚਾਰਿਆਂ ਨੂੰ ਵੱਡਾ ਨੁਕਸਾਨ ਪਹੁੰਚਾ ਰਹੀ ਹੈ ਤੇ ਹੋਰ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਬਣ ਗਈਆਂ ਹਨ। 'ਰੂਰਲ ਵਾਇਸ ਯੂ.ਐਸ.ਏ' ਅਤੇ 'ਰੂਰਲ ਵਾਇਸ ਨੈਟਵਰਕ' ਦੇ ਪ੍ਰਧਾਨ ਕ੍ਰਿਸ ਗਿਵਸ ਨੇ ਕਿਹਾ ਹੈ ਕਿ ਖੇਤੀਬਾੜੀ ਖੇਤਰ ਵਿੱਚ ਗਿਰਾਵਟ ਫਾਰਮ ਮਾਲਕਾਂ ਅਤੇ ਕਿਸਾਨਾਂ ਲਈ ਵਾਈਟ ਹਾਊਸ ਨੂੰ ਇਮੀਗ੍ਰੇਸ਼ਨ ਸੁਧਾਰ ਪਾਸ ਕਰਨ ਲਈ ਸੱਦਾ ਦੇਣ ਦਾ ਹੁਣ ਇੱਕ ਅਹਿਮ ਮੌਕਾ ਹੈ।
25ਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ
ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ) ਕੈਲੀਫੋਰਨੀਆ ਵਲੋਂ ਅਕਾਦਮੀ ਦੀ 25ਵੀਂ ਵਰ੍ਹੇਗੰਢ ਮੌਕੇ 25ਵੀਂ ਤਿੰਨ ਰੋਜ਼ਾ ਵਿਸ਼ਵ ਪੰਜਾਬੀ ਸਾਹਿਤਕ ਕਾਨਫਰੰਸ 3, 4 ਤੇ 5 ਅਕਤੂਬਰ ਨੂੰ ਹੇਵਰਡ ਕੈਲੀਫੋਰਨੀਆ ਵਿਖੇ ਕਰਵਾਉਣ ਦਾ ਐਲਾਨ ਕੀਤਾ ਹੈ। ਅਕਾਦਮੀ ਦੇ ਪ੍ਰਧਾਨ ਕੁਲਵਿੰਦਰ ਤੇ ਜਨਰਲ ਸਕੱਤਰ ਜਗਜੀਤ ਨੌਸ਼ਹਿਰਵੀ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਮਰੀਕਾ 'ਚ ਹੋਣ ਵਾਲੀ ਇਹ ਸਾਲਾਨਾ ਕਾਨਫਰੰਸ ਜਿੱਥੇ ਕੌਮਾਂਤਰੀ ਪੰਜਾਬੀ ਸਾਹਿਤਕ ਖੇਤਰ 'ਚ ਬਹੁਤ ਚਰਚਿਤ ਹੈ, ਉੱਥੇ ਪਿਛਲੇ ਸਾਲਾਂ ਵਾਂਗ ਹੀ ਇਸ 3 ਰੋਜ਼ਾ ਕਾਨਫਰੰਸ 'ਚ ਅਮਰੀਕਾ, ਕੈਨੇਡਾ, ਭਾਰਤ, ਪਾਕਿਸਤਾਨ, ਇੰਗਲੈਂਡ ਤੇ ਆਸਟ੍ਰੇਲੀਆ ਤੋਂ ਪੰਜਾਬੀ ਮਾਂ ਬੋਲੀ ਦੇ ਵਾਰਸ, ਵਿਦਵਾਨ, ਲੇਖਕ ਤੇ ਕਲਾਕਾਰ ਭਾਗ ਲੈ ਰਹੇ ਹਨ। ਇਸ ਕਾਨਫਰੰਸ ਦੌਰਾਨ ਜਿੱਥੇ ਦਰਜਨ ਤੋਂ ਵੱਧ ਅਹਿਮ ਵਿਸ਼ਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ, ਉੱਥੇ ਅਨੇਕਾਂ ਨਵ-ਪ੍ਰਕਾਸ਼ਿਤ ਪੁਸਤਕਾਂ ਵੀ ਪਾਠਕਾਂ ਦੇ ਸਨਮੁੱਖ ਹੋਣਗੀਆਂ। ਵਿਸ਼ਾਲ ਕਵੀ ਦਰਬਾਰ ਤੇ ਗੀਤ ਸੰਗੀਤ ਦੀ ਸਿਹਤਮੰਦ ਪੇਸ਼ਕਾਰੀ ਵੀ ਇਸ ਕਾਨਫਰੰਸ ਦਾ ਮਹੱਤਵਪੂਰਨ ਹਿੱਸਾ ਹੋਵੇਗੀ। ਉਨ੍ਹਾਂ ਇਸ ਕਾਨਫਰੰਸ ਦਾ ਹਿੱਸਾ ਬਣਨ ਲਈ ਪੰਜਾਬੀ ਮਾਂ ਬੋਲੀ ਨੂੰ ਮੁਹੱਬਤ ਕਰਨ ਵਾਲੇ ਲੋਕਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਆਓ, ਵਿਸ਼ਵ ਪੱਧਰ 'ਤੇ ਆਪਣੀ ਮਾਂ ਬੋਲੀ ਦੇ ਪ੍ਰਸਾਰ ਤੇ ਪ੍ਰਚਾਰ ਲਈ ਤਿੰਨ ਦਿਨ ਸਿਰ ਜੋੜ ਕੇ ਬੈਠੀਏ ਤੇ ਇਸ ਨੂੰ ਕੌਮਾਂਤਰੀ ਮੰਚ 'ਤੇ ਹੋਰ ਸਨਮਾਨ ਦੇਣ ਲਈ ਸੁਝਾਅ ਤੇ ਉਪਾਅ ਕਰੀਏ।
ਐਨ.ਆਰ.ਆਈ. ਠੇਕਾ ਨਾ ਲੈਣ- ਗਾਖਲ
ਪੰਜਾਬ ਵਿਚ ਇਸ ਵੇਲੇ ਹੜ੍ਹਾਂ ਦੀ ਮਾਰ ਨਾਲ ਸਮੁੱਚਾ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਲੱਖਾਂ ਏਕੜ ਫਸਲਾਂ ਤਬਾਹ ਹੋਣ ਕਰਕੇ ਅੰਨਦਾਤਾ ਚਿੰਤਾ ਤੇ ਹੌਕਿਆਂ 'ਚੋਂ ਗੁਜ਼ਰ ਰਿਹਾ ਹੈ। ਇਸ ਵੇਲੇ ਸਾਨੂੰ ਸਾਰਿਆਂ ਨੂੰ ਪੰਜਾਬ ਦੀ ਕਿਸਾਨੀ ਤੇ ਪੰਜਾਬ ਦੇ ਲੋਕਾਂ ਦੀ ਘੁੱਟ ਕੇ ਬਾਂਹ ਫੜ ਕੇ ਆਪੋ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉੱਘੇ ਕਾਰੋਬਾਰੀ ਤੇ ਗਾਖਲ ਗਰੁੱਪ ਦੇ ਚੇਅਰਮੈਨ ਸ. ਅਮੋਲਕ ਸਿੰਘ ਗਾਖਲ ਨੇ ਸਮੂਹ ਐਨ.ਆਰ.ਆਈ. ਵੀਰਾਂ ਨੂੰ ਅਗਲੇ ਦੋ ਸਾਲਾਂ ਤੱਕ ਆਪਣੀਆਂ ਜ਼ਮੀਨਾਂ ਦੇ ਠੇਕੇ ਕਿਸਾਨ ਭਰਾਵਾਂ ਤੋਂ ਬਿਲਕੁਲ ਨਾ ਲੈ ਕੇ ਉਨ੍ਹਾਂ ਦੀ ਮਦਦ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਸਦੇ ਜਿਹੜੇ ਜ਼ਿਮੀਂਦਾਰ ਭਰਾ ਅਜਿਹਾ ਕਰ ਸਕਦੇ ਹੋਣ ਉਹ ਵੀ ਆਪਣੀਆਂ ਜ਼ਮੀਨਾਂ ਦੇ ਠੇਕੇ ਇਸ ਆਫਤ ਦੀ ਘੜੀ 'ਚ ਕਿਸਾਨਾਂ ਨੂੰ ਛੱਡ ਦੇਣ ਤਾਂ ਅਜਿਹਾ ਕਰਨ ਨਾਲ ਉਨ੍ਹਾਂ ਦੀਆਂ ਚਿੰਤਾਵਾਂ ਘਟਣਗੀਆਂ ਤੇ ਉਨ੍ਹਾਂ ਨੂੰ ਹੌਸਲਾ ਤੇ ਹਿੰਮਤ ਵੀ ਮਿਲੇਗੀ। ਸ. ਗਾਖਲ ਨੇ ਆਸ ਪ੍ਰਗਟਾਈ ਕਿ ਉਨ੍ਹਾਂ ਦੀ ਇਸ ਬੇਨਤੀ ਵੱਲ ਦੁਨੀਆ ਭਰ ਵਿਚ ਵਸਦੇ ਐਨ.ਆਰ. ਆਈ. ਖਾਸਕਰ ਪੰਜਾਬੀ ਜਿਨ੍ਹਾਂ ਨੇ ਆਪਣੀਆਂ ਜ਼ਮੀਨਾਂ ਪੰਜਾਬ ਵਿਚ ਠੇਕੇ 'ਤੇ ਦਿੱਤੀਆਂ ਹੋਈਆਂ ਹਨ, ਗੰਭੀਰਤਾ ਨਾਲ ਵਿਚਾਰ ਕਰਨਗੇ। ਸ. ਗਾਖਲ ਨੇ ਦੱਸਿਆ ਕਿ ਉਨ੍ਹਾਂ ਸਭ ਤੋਂ ਪਹਿਲਾਂ ਇਸ ਕੰਮ ਦੀ ਸ਼ੁਰੂਆਤ ਆਪਣੇ ਘਰ ਤੋਂ ਕੀਤੀ ਹੈ ਅਤੇ ਉਹ ਅਗਲੇ ਦੋ ਸਾਲ ਆਪਣੀ ਜ਼ਮੀਨ ਦਾ ਇਕ ਰੁਪਈਆ ਵੀ ਠੇਕੇ ਵਜੋਂ ਕਿਸਾਨ ਭਰਾਵਾਂ ਤੋਂ ਵਸੂਲ ਨਹੀਂ ਕਰਨਗੇ।
-ਈ-ਮੇਲ : ashokbhaura@gmail.com