ਲਗਭਗ ਦੋ ਹਫ਼ਤਿਆਂ ਤੋਂ ਪੰਜਾਬ ਭਿਆਨਕ ਹੜ੍ਹਾਂ ਦਾ ਸੰਤਾਪ ਝੱਲ ਰਿਹਾ ਹੈ। ਰਾਵੀ, ਸਤਲੁਜ ਅਤੇ ਬਿਆਸ ਦਰਿਆਵਾਂ ਵਿਚ ਬੇਹੱਦ ਪਾਣੀ ਆ ਜਾਣ ਕਾਰਨ ਇਨ੍ਹਾਂ ਦੇ ਕਿਨਾਰਿਆਂ 'ਤੇ ਵਸੇ ਪਿੰਡ ਤਾਂ ਬੁਰੀ ਤਰ੍ਹਾਂ ਝੰਬੇ ਗਏ ਹਨ। ਦਰਜਨਾਂ ਹੀ ਵਿਅਕਤੀਆਂ ਦੇ ਨਾਲ ਵੱਡੀ ਗਿਣਤੀ ਵਿਚ ਪਸ਼ੂ ਧਨ ਦੀ ਵੀ ਬਰਬਾਦੀ ਹੋ ਚੁੱਕੀ ਹੈ। ਫ਼ਸਲਾਂ ਤਬਾਹ ਹੋ ਗਈਆਂ ਹਨ। ਹਜ਼ਾਰਾਂ ਹੀ ਲੋਕ ਪਾਣੀ ਭਰ ਜਾਣ ਨਾਲ ਘਰ-ਬਾਰ ਗੁਆ ਕੇ ਉੱਚੀਆਂ ਥਾਵਾਂ 'ਤੇ ਅਸਥਾਈ ਡੇਰੇ ਲਗਾਉਣ ਲਈ ਮਜਬੂਰ ਹੋਏ ਹਨ। ਚਾਹੇ ਇਸ ਸੰਕਟ ਦੀ ਘੜੀ ਵਿਚ ਦੇਸ਼-ਵਿਦੇਸ਼ ਵਿਚ ਵਸੇ ਪੰਜਾਬੀਆਂ ਦੇ ਨਾਲ-ਨਾਲ ਪੰਜਾਬ ਵਿਚ ਅਨੇਕਾਂ ਸੰਸਥਾਵਾਂ ਅਤੇ ਸੰਗਠਨਾਂ ਨੇ ਰਾਹਤ ਕਾਰਜਾਂ ਵਿਚ ਦਿਨ-ਰਾਤ ਇਕ ਕੀਤਾ ਹੋਇਆ ਹੈ। ਪ੍ਰਸ਼ਾਸਨ ਅਤੇ ਬਹੁਤੇ ਵਜ਼ੀਰ ਵੀ ਆਪੋ-ਆਪਣੀ ਵਾਹ ਲਗਾ ਰਹੇ ਹਨ। ਮੁੱਖ ਮੰਤਰੀ ਨੇ ਹੜ੍ਹ ਪ੍ਰਭਾਵਿਤ ਕੁਝ ਥਾਵਾਂ ਦਾ ਦੌਰਾ ਵੀ ਕੀਤਾ ਹੈ, ਪਰ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਅਤੇ ਸੰਬੰਧਿਤ ਵਜ਼ੀਰਾਂ ਨਾਲ ਨਿੱਜੀ ਤੌਰ 'ਤੇ ਇਸ ਦੁਖਾਂਤ ਨੂੰ ਘਟਾਉਣ ਲਈ ਉਨ੍ਹਾਂ ਨੇ ਕੋਈ ਸੰਪਰਕ ਨਹੀਂ ਸਾਧਿਆ। ਇਸ ਦੀ ਬਜਾਏ ਚਿੱਠੀਆਂ-ਪੱਤਰਾਂ ਰਾਹੀਂ ਹੀ ਉਨ੍ਹਾਂ ਤੱਕ ਪਹੁੰਚ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦੇਸ਼ੀ ਦੌਰੇ ਤੋਂ ਬਾਅਦ ਹਾਲਾਤ ਦਾ ਜਾਇਜ਼ਾ ਲੈਣ ਲਈ ਆਪ ਮੁੱਖ ਮੰਤਰੀ ਨੂੰ ਫੋਨ ਕੀਤਾ ਹੈ। ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਲਾਤ ਦੇ ਵਿਸਥਾਰਤ ਜਾਇਜ਼ੇ ਲਈ ਉੱਚ ਪੱਧਰ ਦੀਆਂ ਦੋ ਕੇਂਦਰੀ ਕਮੇਟੀਆਂ ਬਣਾਈਆਂ ਜੋ ਪੰਜਾਬ ਦੇ ਦੌਰੇ 'ਤੇ ਹਨ ਅਤੇ ਜੋ ਹਰ ਥਾਂ 'ਤੇ ਜਾ ਕੇ ਹੋਏ ਨੁਕਸਾਨ ਦਾ ਵਿਸਥਾਰਿਤ ਵੇਰਵਾ ਇਕੱਠਾ ਕਰ ਰਹੀਆਂ ਹਨ।
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵੀ ਹੜ੍ਹਾਂ ਦੇ ਨੁਕਸਾਨ 'ਤੇ ਚਿੰਤਾ ਹੀ ਪ੍ਰਗਟ ਨਹੀਂ ਕੀਤੀ ਸਗੋਂ ਲਗਾਤਾਰ ਹੜ੍ਹ ਪ੍ਰਭਾਵਿਤ ਵੱਖ-ਵੱਖ ਜ਼ਿਲ੍ਹਿਆਂ ਦਾ ਦੌਰਾ ਕਰਕੇ ਉਹ ਕੇਂਦਰ ਨੂੰ ਇਸ ਸੰਬੰਧੀ ਲਗਾਤਾਰ ਰਿਪੋਰਟਾਂ ਭੇਜਦੇ ਰਹੇ ਹਨ। ਪਿਛਲੇ ਸਮੇਂ ਵਿਚ ਉਨ੍ਹਾਂ ਨੇ ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਤਰਨ ਤਾਰਨ ਅਤੇ ਫ਼ਿਰੋਜ਼ਪੁਰ ਵਿਚਲੇ ਪ੍ਰਭਾਵਿਤ ਇਲਾਕਿਆਂ ਦਾ ਨਿਰੰਤਰ ਦੌਰਾ ਵੀ ਕੀਤਾ ਹੈ। ਇਸੇ ਕੜੀ ਵਿਚ ਹੀ ਉਨ੍ਹਾਂ ਨੇ ਪੰਜਾਬ ਦੇ ਦੌਰੇ 'ਤੇ ਆਏ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਮਿਲ ਕੇ ਆਪਣੇ ਵਲੋਂ ਤਿਆਰ ਕੀਤੀ ਹੜ੍ਹਾਂ ਦੀ ਸਥਿਤੀ ਬਾਰੇ ਵਿਸ਼ੇਸ਼ ਰਿਪੋਰਟ ਵੀ ਸੌਂਪੀ ਹੈ, ਜਿਸ ਵਿਚ ਜਾਨ-ਮਾਲ, ਫ਼ਸਲਾਂ ਦੇ ਖ਼ਰਾਬੇ ਅਤੇ ਬੁਨਿਆਦੀ ਢਾਂਚੇ ਦੇ ਹੋਏ ਨੁਕਸਾਨ ਬਾਰੇ ਕੇਂਦਰੀ ਮੰਤਰੀ ਨੂੰ ਜਾਣੂ ਕਰਵਾਇਆ।
ਕੇਂਦਰੀ ਖੇਤੀਬਾੜੀ ਮੰਤਰੀ ਨੇ ਵੀ ਆਪ ਸਥਿਤੀ ਦਾ ਜਾਇਜ਼ਾ ਲੈਣ ਲਈ ਅੰਮ੍ਰਿਤਸਰ, ਗੁਰਦਾਸਪੁਰ ਅਤੇ ਕਪੂਰਥਲਾ ਜ਼ਿਲ੍ਹਿਆਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਹੈ। ਉਥੋਂ ਦੇ ਲੋਕਾਂ ਅਤੇ ਕਿਸਾਨਾਂ ਤੋਂ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਹਨ ਅਤੇ ਕਿਹਾ ਹੈ ਕਿ ਇਸ ਸੰਕਟ ਦੀ ਘੜੀ ਵਿਚ ਕੇਂਦਰ ਸਰਕਾਰ ਪੰਜਾਬ ਦੇ ਨਾਲ ਖੜ੍ਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਵਲੋਂ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਪੂਰਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਕੇਂਦਰ ਸਰਕਾਰ ਵਲੋਂ ਹਰ ਸੰਭਵ ਮਦਦ ਕੀਤੀ ਜਾਏਗੀ। ਉਨ੍ਹਾਂ ਇਹ ਭਾਵਨਾਵਾਂ ਵੀ ਪ੍ਰਗਟਾਈਆਂ ਕਿ ਦੇਸ਼ 'ਤੇ ਜਦੋਂ ਵੀ ਕੋਈ ਸੰਕਟ ਆਇਆ ਹੈ ਤਾਂ ਪੰਜਾਬ ਉਸ ਸਾਹਮਣੇ ਡਟ ਕੇ ਖੜ੍ਹਾ ਹੁੰਦਾ ਰਿਹਾ ਹੈ ਅਤੇ ਇਥੋਂ ਦੇ ਲੋਕ ਦੇਸ਼ ਭਰ ਵਿਚ ਆਈ ਕਿਸੇ ਵੀ ਮੁਸੀਬਤ ਵਿਚ ਉੱਥੇ ਜਾ ਕੇ ਡਟ ਕੇ ਮਦਦ ਕਰਦੇ ਰਹੇ ਹਨ। ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਸਥਿਤੀ ਦਾ ਜਾਇਜ਼ਾ ਲੈਣ ਲਈ ਇਥੇ ਭੇਜਿਆ ਹੈ। ਉਨ੍ਹਾਂ ਦੀ ਤਮੰਨਾ ਹੈ ਕਿ ਉਹ ਪੰਜਾਬ ਦੇ ਲੋਕਾਂ ਦੀ ਬਿਹਤਰ ਢੰਗ ਨਾਲ ਸੇਵਾ ਕਰ ਸਕਣ। ਅੱਜ ਬੁਰੀ ਤਰ੍ਹਾਂ ਬਿਪਤਾ ਵਿਚ ਘਿਰੇ ਲੋਕਾਂ ਦੇ ਨਾਲ-ਨਾਲ ਸਮੁੱਚੇ ਪੰਜਾਬ ਵਾਸੀ ਇਹ ਉਮੀਦ ਜ਼ਰੂਰ ਕਰ ਰਹੇ ਹਨ ਕਿ ਕੇਂਦਰ ਸਰਕਾਰ ਇਸ ਬਿਪਤਾ ਦੀ ਘੜੀ ਵਿਚ ਹਰ ਪੱਖ ਤੋਂ ਉਨ੍ਹਾਂ ਦੇ ਨਾਲ ਖੜ੍ਹੀ ਹੋਵੇ।
ਕੇਂਦਰੀ ਮੰਤਰੀ ਦੇ ਪੰਜਾਬ ਆਉਣ ਤੋਂ ਬਾਅਦ ਅਜਿਹੀਆਂ ਭਾਵਨਾਵਾਂ ਦੇ ਪ੍ਰਗਟਾਵੇ ਤੋਂ ਇਹ ਵਿਸ਼ਵਾਸ ਜ਼ਰੂਰ ਬੱਝਦਾ ਹੈ ਕਿ ਕੇਂਦਰ ਭਰਪੂਰ ਢੰਗ ਨਾਲ ਸੂਬੇ ਦੀ ਮਦਦ 'ਤੇ ਆਏਗਾ ਅਤੇ ਮੁੜ ਇਸ ਨੂੰ ਪੈਰਾਂ 'ਤੇ ਖੜ੍ਹਾ ਕਰਨ ਵਿਚ ਪੂਰੀ ਤਰ੍ਹਾਂ ਨਾਲ ਸਹਾਈ ਹੋਵੇਗਾ। ਤੁਰੰਤ ਇਨ੍ਹਾਂ ਭਾਵਨਾਵਾਂ ਨੂੰ ਅਮਲ ਵਿਚ ਲਿਆਉਣ ਨਾਲ ਹੀ ਵੱਡੀ ਪੱਧਰ 'ਤੇ ਹੋਏ ਨੁਕਸਾਨ ਅਤੇ ਪ੍ਰਭਾਵਿਤ ਲੋਕਾਂ ਦੀ ਸਾਰ ਲਈ ਜਾ ਸਕੇਗੀ। ਇਹ ਦੌਰਾ ਅਜਿਹਾ ਹੀ ਧਰਵਾਸ ਜ਼ਰੂਰ ਬਝਾਉਂਦਾ ਹੈ।
-ਬਰਜਿੰਦਰ ਸਿੰਘ ਹਮਦਰਦ