ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਗੀਤਾਂ 'ਚ ਔਰਤਾਂ ਦੀ ਹੋ ਰਹੀ ਹੈ ਕਿਰਦਾਰਕੁਸ਼ੀ

Ad Position 21
No active advertisement
ਅਜੀਤ ਡੈਸਕ 28-12-2025

ਅਧਿਆਪਕ ਹੋਣ ਦੇ ਨਾਤੇ ਇਕ ਦਿਨ ਮੈਂ ਆਪਣੇ ਵਿਦਿਆਰਥੀਆਂ ਨਾਲ ਕੁਝ ਇਤਿਹਾਸਕ ਤੱਥਾਂ ਬਾਰੇ ਗੱਲ ਕਰ ਰਹੀ ਸੀ ਪਰ ਮੇਰੇ ਵਿਦਿਆਰਥੀਆਂ ਨੇ ਮੈਨੂੰ ਕਿਹਾ ਕਿ ਮੈਡਮ ਇਤਿਹਾਸ ਤਾਂ ਠੀਕ ਹੈ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਕੁਝ ਆਧੁਨਿਕ ਸਮੇਂ ਬਾਰੇ ਵੀ ਲਿਖੋ, ਜਿਸ ਨਾਲ ਅੱਜ ਦੀ ਜਵਾਨੀ ਨੂੰ ਕੁਝ ਸੇਧ ਮਿਲ ਸਕੇ। ਮੇਰਾ ਧਿਆਨ ਇਕਦਮ ਅੱਜ-ਕੱਲ੍ਹ ਚੱਲ ਰਹੇ ਕੁਝ ਗੀਤਾਂ ਵੱਲ ਗਿਆ ਕਿ ਪੰਜਾਬੀ ਗੀਤਾਂ ਵਿਚ ਸਾਡੇ ਸਮਾਜ ਨੂੰ ਕੀ ਕੁਝ ਪਰੋਸਿਆ ਜਾ ਰਿਹਾ ਹੈ? ਅਸੀਂ ਹਮੇਸ਼ਾ ਗੱਲ ਕਰਦੇ ਹਾਂ ਕਿ ਪੰਜਾਬੀ ਗੀਤਾਂ 'ਚ ਗੈਂਗਸਟਰ, ਹਥਿਆਰਾਂ ਤੇ ਨਸ਼ੇ ਦੀ ਵਰਤੋਂ ਆਦਿ ਨੂੰ ਬੜ੍ਹਾਵਾ ਦਿੱਤਾ ਜਾਂਦਾ ਹੈ ਪਰ ਮੈਨੂੰ ਇਨ੍ਹਾਂ ਤੋਂ ਵਧ ਕੇ ਜਿਹੜੀ ਗੱਲ ਵੱਧ ਪ੍ਰਭਾਵਿਤ ਕਰਦੀ ਹੈ, ਉਹ ਇਹ ਹੈ ਕਿ ਅੱਜ ਦੇ ਪੰਜਾਬੀ ਗੀਤਾਂ 'ਚ ਔਰਤਾਂ ਬਾਰੇ ਕੀ ਬਿਰਤਾਂਤ ਸਿਰਜਿਆ ਜਾ ਰਿਹਾ ਹੈ। ਕੁਝ ਪੰਜਾਬੀ ਗੀਤ ਜਿਹੜੇ ਰੋਜ਼ਾਨਾ ਜੀਵਨ 'ਚ ਸਾਨੂੰ ਸੁਣਨ ਨੂੰ ਮਿਲਦੇ ਹਨ, ਉਨ੍ਹਾਂ 'ਚ ਆਦਮੀ ਦੀ ਵਡਿਆਈ ਦੇ ਨਾਲ-ਨਾਲ ਔਰਤ ਨੂੰ ਇਕ ਵਸਤੂ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਜਾਂ ਇਹ ਕਹੀਏ ਕਿ ਕੋਈ ਆਦਮੀ ਆਪਣੇ-ਆਪ ਨੂੰ ਬਹੁਤ ਧਾਕੜ ਜਾਂ ਬਹਾਦਰ ਦਰਸਾਉਣ ਲਈ ਔਰਤ ਦੀ ਕਿਰਦਾਰਕੁਸ਼ੀ ਕਰਦਾ ਵਿਖਾਈ ਦਿੰਦਾ ਹੈ। ਇੱਥੇ ਮੈਂ ਕੁਝ ਪੰਜਾਬੀ ਗੀਤਾਂ ਦੇ ਬੋਲਾਂ ਦਾ ਜ਼ਿਕਰ ਕਰਨਾ ਚਾਹਾਂਗੀ, ਜਿਨਾਂ ਨੇ ਮੇਰੀ ਮਾਨਸਿਕਤਾ ਨੂੰ ਸੱਚੀਂ ਝੰਜੋੜ ਕੇ ਰੱਖ ਦਿੱਤਾ। ਇਕ ਗੀਤ ਦੇ ਬੋਲ ਸਨ 'ਤੂੰ ਸ਼ੋਹਰ ਜਹੇ ਪਿੱਛੇ ਲਾਈ ਫਿਰਦੀ ਨੀ, ਤੂੰ ਡੋਲੀ 'ਤੇ ਡਿੱਗੀ ਭਾਨ ਜਿਹੀ, ਸਾਡੇ ਤੋਂ ਨੀਂਹ ਰਖਵਾਲਾ ਯਾਰੀ ਲੱਭਣੀ ਨਹੀਂ ਸਾਡੇ ਜਹੀ'। ਹੁਣ ਇਸ ਗੀਤ 'ਚ ਮੁੰਡਾ ਆਪਣੇ-ਆਪ ਨੂੰ ਬਹੁਤ ਵੱਡਾ ਸਮਝਦਾ ਹੈ ਪਰ ਕੁੜੀ ਦਾ ਕਿਰਦਾਰ ਕਿੱਥੇ ਗਿਆ, ਉਸ ਦੀ ਤੁਲਨਾ ਕਿਸ ਚੀਜ਼ ਨਾਲ ਹੋ ਰਹੀ ਹੈ?
ਕੁਝ ਹੋਰ ਪੰਜਾਬੀ ਗਾਣੇ ਸੁਣੇ, ਜਿਨ੍ਹਾਂ 'ਚ ਆਦਮੀ ਇਹ ਦਰਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਸ ਨੂੰ ਦੁਨੀਆ ਭਰ ਦੇ ਕੰਮ ਹਨ ਤੇ ਉਹ ਔਰਤ ਜੋ ਵਿਹਲੀ ਹੈ, ਨਾਲ ਗੱਲ ਨਹੀਂ ਕਰ ਸਕਦਾ। ਹਾਲਾਂਕਿ ਸਭ ਦਾਰਸ਼ਨਿਕ ਇਹ ਕਹਿੰਦੇ ਹਨ ਕਿ ਔਰਤ ਤੇ ਆਦਮੀ ਦਾ ਰਿਸ਼ਤਾ ਉੱਥੇ ਹੀ ਨਿਭ ਸਕਦਾ ਹੈ, ਜਿੱਥੇ ਇਕਸੁਰਤਾ ਤੇ ਸਾਂਝੀ ਭਾਈਵਾਲਤਾ ਹੋਵੇਗੀ। ਬੇਸ਼ੱਕ ਪੰਜਾਬੀ ਗਾਣਿਆਂ 'ਚ ਔਰਤ ਗਾਇਕਾਵਾਂ ਦੇ ਮੂੰਹੋਂ ਵੀ ਬਹੁਤ ਹੀ ਹੋਸ਼ੀਆਂ ਟਿੱਪਣੀਆਂ ਕਰਵਾਈਆਂ ਜਾਂਦੀਆਂ ਹਨ ਪਰ ਉਹ ਸਭ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਉਨ੍ਹਾਂ ਨੂੰ ਜਵਾਬ ਦੇਣ ਲਈ ਪੁਰਸ਼ ਗਾਇਕਾਂ ਦੇ ਮੂੰਹੋਂ ਹੋਰ ਭੱਦੀ ਸ਼ਬਦਾਵਲੀ ਬੁਲਵਾਈ ਜਾ ਸਕੇ। ਜਿਵੇਂ ਇਕ ਗਾਇਕ ਕਹਿੰਦਾ ਹੈ (ਜਾਂ ਕਈ) 'ਤੇਰੇ ਵਰਗੇ ਹੁਸਨ ਅਸੀਂ ਮੋੜੀ ਦੇ ਆ ਗੱਡੀ ਕੋਲੋਂ ਨਿੱਤ ਬੱਲੀਏ' ਜਾਂ 'ਜਾ ਕੇ ਹੋਰ ਕਿਤੇ ਕਰਲੈ ਟਰਾਈ, ਸਾਡੇ ਵਲੋਂ ਤਾਂ ਜਵਾਬ ਆ ਕੁੜੇ'। ਜਦੋਂ ਅਸੀਂ ਅਜਿਹੇ ਗੀਤ ਸੁਣਦੇ ਹਾਂ ਤਾਂ ਸਾਨੂੰ ਇਹ ਭੁਲੇਖਾ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਸ਼ਕ-ਮੁਸ਼ਕ ਦੇ ਚੱਕਰ ਸਿਰਫ਼ ਔਰਤ ਹੀ ਸ਼ੁਰੂ ਕਰਦੀ ਹੈ, ਆਦਮੀਆਂ ਕੋਲ ਤਾਂ ਇਸ ਦਾ ਸਮਾਂ ਹੀ ਨਹੀਂ ਹੈ। ਹਾਲਾਂਕਿ ਸੱਚਾਈ ਸਭ ਨੂੰ ਪਤਾ ਹੈ ਕਿ ਅੱਜ-ਕੱਲ੍ਹ ਅਜਿਹਾ ਮਾਹੌਲ ਚੱਲ ਰਿਹਾ ਹੈ ਕਿ ਔਰਤ ਦਾ ਘਰੋਂ ਨਿਕਲਣਾ ਹੀ ਬਹੁਤ ਮੁਸ਼ਕਿਲ ਹੋ ਚੁੱਕਾ ਹੈ। ਮੈਂ ਇਨ੍ਹਾਂ ਗਾਇਕਾਂ ਤੋਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਜੇ ਆਦਮੀ ਜਾਤ ਦਾ ਕਿਰਦਾਰ ਏਨਾ ਹੀ ਸੱਚਾ-ਸੁੱਚਾ ਹੈ ਤਾਂ ਫਿਰ ਔਰਤ ਨੂੰ ਉਸ ਕੋਲੋਂ ਖ਼ਤਰਾ ਕਿਉਂ ਹੈ? ਸੱਚਾਈ ਤਾਂ ਇਹ ਹੈ ਕਿ ਔਰਤ ਨੂੰ ਹਰ ਪਾਸਿਓਂ ਘੂਰਦੀਆਂ ਅੱਖਾਂ ਦਾ ਹੀ ਸਾਹਮਣਾ ਕਰਨਾ ਪੈਂਦਾ ਹੈ।
ਪੰਜਾਬੀ ਗਾਣਿਆਂ 'ਚ ਆਦਮੀ ਦੇ ਰੁੱਝੇ ਰਹਿਣ ਦੇ ਕਾਰਨ ਵੀ ਦੱਸੇ ਜਾਂਦੇ ਹਨ, ਜੋ ਬਹੁਤ ਹੀ ਹਾਸੋਹੀਣੇ ਹਨ। ਜਿਵੇਂ ਕਿ ਉਹ ਕਹਿੰਦਾ ਹੈ ਕਿ ਮੈਂ ਇਸ ਲਈ ਰੁੱਝਿਆ ਹਾਂ, ਕਿਉਂਕਿ ਮੈਂ ਸ਼ਰਾਬ ਨਾਲ ਡੱਕਿਆ ਪਿਆ ਹਾਂ ਜਾਂ ਮੈਂ ਕਾਲੀ ਨਾਗਣੀ ਖਾਧੀ ਹੋਈ ਹੈ ਜਾਂ ਮੈਂ ਹਥਿਆਰ ਰੱਖਦਾ ਹਾਂ, ਜਿਸ ਦੇ ਬੋਰ ਤੇਰੇ ਦੰਦਾਂ ਜਿੰਨੇ ਹਨ ਆਦਿ। ਪਰ ਹਥਿਆਰ ਰੱਖ ਕੇ ਕੰਮ ਕੀ ਕਰਨਾ, ਇਹ ਨਹੀਂ ਪਤਾ? ਪੰਜਾਬੀ ਗਾਣਿਆਂ ਵਿਚਲੀਆਂ ਇਹ ਬੇਲੋੜੀਆ ਫੁਕਰੀਆਂ ਤੇ ਹਾਸੋਹੀਣੀਆਂ ਟਿੱਪਣੀਆਂ ਜ਼ਰੀਏ ਭਵਿੱਖ ਲਈ ਸਿਰਫ਼ ਕੰਢੇ ਹੀ ਬੀਜੇ ਜਾ ਰਹੇ ਹਨ। ਮੈਨੂੰ ਲੱਗਦਾ ਹੈ ਕਿ ਪੰਜਾਬੀ ਗੀਤਾਂ 'ਚ ਜਾਣੇ-ਅਨਜਾਣੇ ਵਿਚ ਔਰਤ ਦਾ ਅਜਿਹਾ ਬਿੰਬ ਸਿਰਜਿਆ ਜਾ ਰਿਹਾ ਹੈ ਜਿਵੇਂ ਉਹ ਇਕ ਬੇਲੋੜੀ ਵਸਤੂ ਹੋਵੇ। ਸਿਰਫ਼ ਇਸ ਲਈ ਤਾਂ ਕਿ ਪੁਰਸ਼ ਦਾ ਮਰਦਾਨਾਪਣ ਸਿੱਧ ਕੀਤਾ ਜਾ ਸਕੇ। ਇਹ ਸਾਡੀ ਅੱਜ ਦੇ ਸਮੇਂ ਦੀ ਤ੍ਰਾਸਦੀ ਹੈ ਕਿ ਸਾਡਾ ਯੁੱਗ ਇਲੈੱਕਟ੍ਰਾਨਿਕ ਮੀਡੀਆ ਦਾ ਯੁੱਗ ਹੈ, ਜਿਸ ਤੋਂ ਚਾਹੁੰਦੇ ਹੋਏ ਵੀ ਬਚਿਆ ਨਹੀਂ ਜਾ ਸਕਦਾ ਪਰ ਜਦੋਂ ਅਜਿਹੇ ਬੋਲ ਕੰਨਾਂ 'ਚ ਪੈਂਦੇ ਹਨ ਤਾਂ ਮੈਂ ਸੋਚਣ ਲਈ ਮਜਬੂਰ ਹੋ ਜਾਂਦੀ ਹਾਂ ਕਿ ਸਾਡਾ ਭਵਿੱਖ ਤੇ ਸਾਡੀਆਂ ਪੀੜ੍ਹੀਆਂ ਕਿਹੋ ਜਿਹੀਆਂ ਹੋਣਗੀਆਂ।
ਸੋ, ਲੋੜ ਹੈ ਅਜਿਹੇ ਗੀਤਾਂ ਤੋਂ ਬਚਿਆ ਜਾਵੇ ਤਾਂ ਜੋ ਪੰਜਾਬੀ ਗੀਤਕਾਰ ਸਮਾਜ ਨੂੰ ਚੰਗੇ ਗਾਣੇ ਪਰੋਸ ਸਕਣ, ਜਿਨ੍ਹਾਂ 'ਚ ਬਰਾਬਰਤਾ ਦੀ ਗੱਲ ਹੋਵੇ, ਨਾ ਕਿ ਮਰਦ-ਔਰਤ ਦੀ ਆਪਸੀ ਦੂਸ਼ਣਬਾਜ਼ੀ ਦੀ, ਕਿਉਂਕਿ ਔਰਤ ਦਾ ਰੁਤਬਾ ਕੋਈ ਛੋਟਾ ਨਹੀਂ ਹੈ। ਉਦਾਹਰਨ ਵਜੋਂ ਕੁਝ ਸਮਾਂ ਪਹਿਲਾਂ ਹੀ ਭਾਰਤੀ ਔਰਤਾਂ ਦੀ ਕ੍ਰਿਕਟ ਟੀਮ ਵਿਸ਼ਵ ਕੱਪ ਜਿੱਤ ਕੇ ਲਿਆਈ ਹੈ, ਜੋ ਭਾਰਤੀ ਪੁਰਸ਼ ਕ੍ਰਿਕਟ ਟੀਮ ਤੋਂ ਕਿਸੇ ਵੀ ਤਰ੍ਹਾਂ ਘੱਟ ਪ੍ਰਾਪਤੀ ਨਹੀਂ ਸੀ।

-ਮੁਖੀ ਇਤਿਹਾਸ ਵਿਭਾਗ,
ਸਰਕਾਰੀ ਕਾਲਜ ਦਾਨੇਵਾਲਾ (ਮਲੋਟ) ਪੰਜਾਬ।
ਮੋਬਾਈਲ : 84274-68272
ਈ-ਮੇਲ : rajwinderkaurdscw@gmail.com

Ad Position 22
No active advertisement
ਪਿਛਲੀ ਖ਼ਬਰ ਅਨੇਕਾਂ ਚੁਣੌਤੀਆਂ ਨਾਲ ਜੂਝਦਾ ਰਿਹਾ ਪੰਜਾਬ ਚੋਣ ਖੇਤਰ ਵਿਚ 'ਆਪ' ਦੀ ਸਥਿਤੀ ਰਹੀ ਮਜ਼ਬੂਤ ਅਗਲੀ ਖ਼ਬਰ ਅਨੰਦਗੜ੍ਹ, ਚਮਕੌਰ ਦੀ ਗੜ੍ਹੀ ਤੇ ਫ਼ਤਹਿਗੜ੍ਹ ਸਾਹਿਬ ਦੇ ਅੰਗ ਸੰਗ
Ad Position 24
No active advertisement