ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਅਨੇਕਾਂ ਚੁਣੌਤੀਆਂ ਨਾਲ ਜੂਝਦਾ ਰਿਹਾ ਪੰਜਾਬ ਚੋਣ ਖੇਤਰ ਵਿਚ 'ਆਪ' ਦੀ ਸਥਿਤੀ ਰਹੀ ਮਜ਼ਬੂਤ

Ad Position 21
No active advertisement
ਅਜੀਤ ਡੈਸਕ 28-12-2025

ਹਰ ਬੀਤਣ ਵਾਲਾ ਸਾਲ ਬਹੁਤ ਸਾਰੀਆਂ ਖੱਟੀਆਂ-ਮਿੱਠੀਆਂ ਘਟਨਾਵਾਂ ਅਤੇ ਯਾਦਾਂ ਸਾਡੇ ਪੱਲੇ ਵਿਚ ਪਾ ਕੇ ਰੁਖ਼ਸਤ ਹੋ ਜਾਂਦਾ ਹੈ। ਇਸੇ ਕ੍ਰਮ ਵਿਚ ਸਾਲ 2025 ਵੀ ਰੁਖ਼ਸਤੀ ਲੈਣ ਵਾਲਾ ਹੈ। ਇਸ ਅਵਸਰ 'ਤੇ ਸੁਭਾਵਿਕ ਹੀ ਸਭ ਦੇ ਮਨ ਵਿਚ ਇਹ ਸੁਆਲ ਆਉਂਦਾ ਹੈ ਕਿ ਜ਼ਰਾ ਇਸ ਸਾਲ ਦੇ ਘਟਨਾਕ੍ਰਮ 'ਤੇ ਇਕ ਪਿਛਲਝਾਤ ਮਾਰ ਕੇ ਦੇਖੀਏ ਕਿ ਇਹ ਸਾਲ ਪੰਜਾਬ ਅਤੇ ਪੰਜਾਬੀਆਂ ਲਈ ਕਿਸ ਤਰ੍ਹਾਂ ਦਾ ਰਿਹਾ ਹੈ?
ਜਦੋਂ ਇਸ ਸਵਾਲ ਨੂੰ ਜ਼ਿਹਨ ਵਿਚ ਰੱਖ ਕੇ ਇਸ ਸਾਲ ਦੇ ਘਟਨਾਕ੍ਰਮ 'ਤੇ ਇਕ ਝਾਤ ਮਾਰਦੇ ਹਾਂ ਤਾਂ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਇਸ ਤੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬ ਅਤੇ ਪੰਜਾਬੀਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਅਣਗਿਣਤ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਚੁਣੌਤੀਆਂ ਵਿਚ ਗੈਂਗਸਟਰਵਾਦ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਅਮਨ ਕਾਨੂੰਨ ਦੀ ਸਥਿਤੀ, ਗੰਭੀਰ ਖੇਤੀ ਸੰਕਟ ਅਤੇ ਰੋਟੀ-ਰੋਜ਼ੀ ਦੀ ਭਾਲ ਵਿਚ ਪੰਜਾਬੀ ਨੌਜਵਾਨਾਂ ਦਾ ਜਾਇਜ਼-ਨਜਾਇਜ਼ ਢੰਗ ਨਾਲ ਵਿਦੇਸ਼ਾਂ ਨੂੰ ਹੋ ਰਿਹਾ ਪ੍ਰਵਾਸ ਆਦਿ ਸ਼ਾਮਿਲ ਹਨ।
ਪੰਜਾਬ ਕਿਸੇ ਸਮੇਂ ਭਾਰਤ ਦਾ ਸਭ ਤੋਂ ਖ਼ੁਸ਼ਹਾਲ ਰਾਜ ਮੰਨਿਆ ਜਾਂਦਾ ਸੀ, ਪਰ ਪਿਛਲੇ ਕੁਝ ਸਾਲਾਂ ਤੋਂ ਖੇਤੀ ਸੰਕਟ ਕਾਰਨ ਅਤੇ ਰਾਜ ਵਿਚ ਬਹੁਤੀਆਂ ਸਨਅਤਾਂ ਨਾ ਲੱਗਣ ਕਾਰਨ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਲਗਾਤਾਰ ਘਟਦੇ ਗਏ ਹਨ। ਹੁਣ ਸਰਕਾਰ ਸਨਅਤੀ ਖੇਤਰ ਵਿਚ ਪੂੰਜੀ ਨਿਵੇਸ਼ ਵਧਾਉਣ ਲਈ ਯਤਨਸ਼ੀਲ ਹੈ। ਬੇਰੁਜ਼ਗਾਰੀ ਕਾਰਨ ਵੱਡੀ ਪੱਧਰ 'ਤੇ ਜਾਇਜ਼ ਨਾਜਾਇਜ਼ ਢੰਗ ਨਾਲ ਪੰਜਾਬ ਤੋਂ ਨੌਜਵਾਨ ਵਿਦੇਸ਼ਾਂ ਨੂੰ ਹਿਜਰਤ ਕਰ ਰਹੇ ਹਨ। ਹੁਣ ਵਿਦੇਸ਼ਾਂ ਵਿਚ ਵੀ ਉਥੋਂ ਦੇ ਸਥਾਨਕ ਕਾਰਨਾਂ ਕਰਕੇ ਪੰਜਾਬ ਦੇ ਨੌਜਵਾਨਾਂ ਲਈ ਰੁਜ਼ਗਾਰ ਦੀਆਂ ਸੰਭਾਵਨਾਵਾਂ ਸੁੰਗੜਦੀਆਂ ਜਾ ਰਹੀਆਂ ਹਨ। ਅਮਰੀਕਾ, ਕੈਨੇਡਾ, ਆਸਟ੍ਰੇਲੀਆ ਤੇ ਬਰਤਾਨੀਆ ਆਦਿ ਦੇਸ਼ਾਂ ਵਲੋਂ ਆਪਣੇ ਇਮੀਗ੍ਰੇਸ਼ਨ ਸੰਬੰਧੀ ਕਾਨੂੰਨ ਸਖ਼ਤ ਕੀਤੇ ਜਾ ਰਹੇ ਹਨ। ਸਿੱਖਿਆ ਹਾਸਿਲ ਕਰਨ ਦੇ ਨਾਂਅ 'ਤੇ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਵੀ ਇਨ੍ਹਾਂ ਸਖ਼ਤ ਕੀਤੇ ਗਏ ਕਾਨੂੰਨਾਂ ਕਾਰਨ ਬਹੁਤ ਸਾਰੀਆਂ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਾਂ ਅਮਰੀਕਾ ਵਿਚ ਨਾਜਾਇਜ਼ ਢੰਗ ਨਾਲ ਗਏ ਭਾਰਤ ਸਮੇਤ ਹੋਰ ਦੇਸ਼ਾਂ ਦੇ ਲੋਕਾਂ ਦੇ ਜਹਾਜ਼ ਭਰ-ਭਰ ਕੇ ਵਾਪਸ ਭੇਜੇ ਹਨ। 6 ਫਰਵਰੀ ਨੂੰ ਇਕ ਅਜਿਹਾ ਹੀ ਜਹਾਜ਼ ਵਾਪਸ ਭੇਜੇ ਗਏ ਨੌਜਵਾਨਾਂ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਿਆ ਅਤੇ ਇਹ ਵੀ ਖ਼ਬਰਾਂ ਆਈਆਂ ਕਿ ਅਮਰੀਕਾ ਦਾ ਇਹ ਜਹਾਜ਼ ਮਾਲਵਾਹਕ ਸੀ ਅਤੇ ਨੌਜਵਾਨਾਂ ਨੂੰ ਹੱਥਕੜੀਆਂ ਲਗਾ ਕੇ ਅਤੇ ਜ਼ਮੀਨ 'ਤੇ ਬਿਠਾ ਕੇ ਵਾਪਸ ਲਿਆਂਦਾ ਗਿਆ ਸੀ। ਇਸ ਵਿਚ ਕਈ ਹੋਰਨਾਂ ਪ੍ਰਦੇਸ਼ਾਂ ਦੇ ਨਾਲ-ਨਾਲ ਪੰਜਾਬ ਦੇ ਨੌਜਵਾਨ ਵੀ ਚੋਖੀ ਗਿਣਤੀ ਵਿਚ ਸ਼ਾਮਿਲ ਸਨ। ਜਿਸ ਨਾਲ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਗਹਿਰੀ ਠੇਸ ਲੱਗੀ।
ਖੇਤੀ ਨਾਲ ਸੰਬੰਧਿਤ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਇਸ ਸਾਲ ਵੀ ਸੰਘਰਸ਼ ਕਰਦੇ ਨਜ਼ਰ ਆਏ। ਸੰਯੁਕਤ ਕਿਸਾਨ ਮੋਰਚਾ ਦੇ ਇਕ ਧੜੇ ਵਲੋਂ ਫ਼ਸਲਾਂ ਦੇ ਲਾਭਕਾਰੀ ਭਾਅ ਲੈਣ ਅਤੇ ਹੋਰ ਕਿਸਾਨੀ ਮੰਗਾਂ ਮੰਨਵਾਉਣ ਲਈ ਦਿੱਲੀ ਜਾਣ ਦਾ ਸੱਦਾ ਦਿੱਤਾ ਗਿਆ ਸੀ, ਪਰ ਹਰਿਆਣਾ ਅਤੇ ਕੇਂਦਰ ਸਰਕਾਰ ਨੇ ਮਿਲ ਕੇ ਕਿਸਾਨਾਂ ਨੂੰ ਅੱਗੇ ਨਾ ਜਾਣ ਦਿੱਤਾ ਅਤੇ ਕਿਸਾਨ ਸ਼ੰਭੂ ਅਤੇ ਖਨੌਰੀ ਦੇ ਬਾਰਡਰਾਂ 'ਤੇ ਧਰਨੇ ਮਾਰ ਕੇ ਬੈਠ ਗਏ ਜਿਸ ਕਾਰਨ ਪੰਜਾਬ ਤੋਂ ਦਿੱਲੀ ਵੱਲ ਜਾਣ-ਆਉਣ ਵਾਲੇ ਲੋਕਾਂ ਨੂੰ ਇਕ ਸਾਲ ਤੱਕ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪੰਜਾਬ ਸਰਕਾਰ ਨੇ ਪੁਲਿਸ ਕਾਰਵਾਈ ਕਰਕੇ ਸ਼ੰਭੂ ਤੇ ਖਨੌਰੀ ਦੇ ਬਾਰਡਰਾਂ ਤੋਂ ਕਿਸਾਨ ਧਰਨੇ ਚੁਕਵਾ ਦਿੱਤੇ। ਕਿਸਾਨ ਸੰਗਠਨਾਂ ਵਲੋਂ ਦੋਸ਼ ਲਾਇਆ ਗਿਆ ਕਿ ਪੁਲਿਸ ਨੇ ਉਨ੍ਹਾਂ ਨਾਲ ਬੜੀ ਧੱਕੇਸ਼ਾਹੀ ਕੀਤੀ ਅਤੇ ਉਨ੍ਹਾਂ ਦਾ ਸਮਾਨ ਵੀ ਚੋਰੀ ਕਰ ਲਿਆ ਸੀ। ਇਸੇ ਦੌਰਾਨ ਕਿਸਾਨ ਸੰਗਠਨਾਂ ਅਤੇ ਕੇਂਦਰੀ ਮੰਤਰੀਆਂ ਦਰਮਿਆਨ ਕਿਸਾਨੀ ਮੰਗਾਂ ਲਈ ਚੰਡੀਗੜ੍ਹ ਵਿਚ ਕਈ ਮੀਟਿੰਗਾਂ ਹੋਈਆਂ, ਪਰ ਇਨ੍ਹਾਂ ਦਾ ਵੀ ਕੋਈ ਸਿੱਟਾ ਨਹੀਂ ਨਿਕਲ ਸਕਿਆ।
ਅਗਸਤ-ਸਤੰਬਰ ਦੇ ਮਹੀਨੇ ਵਿਚ ਪੰਜਾਬ ਵਿਚ ਭਿਆਨਕ ਹੜ੍ਹ ਆਏ, ਜਿਨ੍ਹਾਂ ਵਿਚ 50 ਦੇ ਲਗਭਗ ਲੋਕ ਮਾਰੇ ਗਏ। ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਪਠਾਨਕੋਟ, ਹੁਸ਼ਿਆਰਪੁਰ, ਫਿਰੋਜ਼ਪੁਰ, ਫਾਜ਼ਿਲਕਾ ਅਤੇ ਤਰਨ ਤਾਰਨ ਦੇ ਜ਼ਿਲ੍ਹੇ ਵਿਸ਼ੇਸ਼ ਤੌਰ 'ਤੇ ਪ੍ਰਭਾਵਿਤ ਹੋਏ। ਇਨ੍ਹਾਂ ਹੜ੍ਹਾਂ ਨਾਲ 30 ਹਜ਼ਾਰ ਘਰਾਂ ਨੂੰ ਨੁਕਸਾਨ ਪਹੁੰਚਿਆ। 4.5 ਲੱਖ ਏਕੜ ਰਕਬੇ ਵਿਚੋਂ ਫ਼ਸਲਾਂ ਬਰਬਾਦ ਹੋ ਗਈਆਂ, ਇਸ ਤੋਂ ਇਲਾਵਾ ਸੜਕਾਂ ਅਤੇ ਹੋਰ ਬੁਨਿਆਦੀ ਢਾਂਚੇ ਦਾ ਵੀ ਭਾਰੀ ਨੁਕਸਾਨ ਹੋਇਆ। ਰਾਜ ਸਰਕਾਰ ਨੇ ਇਸ ਨੁਕਸਾਨ ਦਾ ਅੰਦਾਜ਼ਾ 13 ਹਜ਼ਾਰ 500 ਕਰੋੜ ਲਾਇਆ ਸੀ। ਇਸ ਨੁਕਸਾਨ ਦਾ ਜਾਇਜ਼ਾ ਲੈਣ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਰਾਜ ਦਾ ਦੌਰਾ ਕੀਤਾ ਅਤੇ ਹੜ੍ਹ ਰਾਹਤ ਲਈ 1600 ਕਰੋੜ ਦਾ ਪੈਕੇਜ ਪੰਜਾਬ ਨੂੰ ਦੇਣ ਦਾ ਵੀ ਐਲਾਨ ਕੀਤਾ। ਇਸ ਸੰਬੰਧੀ ਰਾਜ ਸਰਕਾਰ ਦਾ ਦੋਸ਼ ਇਹ ਹੈ ਕਿ ਕੇਂਦਰ ਵਲੋਂ ਇਹ ਰਾਸ਼ੀ ਪੰਜਾਬ ਨੂੰ ਅੱਜ ਤਕ ਨਹੀਂ ਦਿੱਤੀ ਗਈ। ਦੂਜੇ ਪਾਸੇ ਕੇਂਦਰ ਸਰਕਾਰ ਦਾ ਪੱਖ ਇਹ ਹੈ ਕਿ ਵੱਖ-ਵੱਖ ਯੋਜਨਾਵਾਂ ਅਧੀਨ ਇਸ ਵਿਚੋਂ 800 ਕਰੋੜ ਦੀ ਰਾਸ਼ੀ ਪੰਜਾਬ ਨੂੰ ਦੇ ਦਿੱਤੀ ਗਈ ਹੈ ਪਰ ਪੰਜਾਬ ਸਰਕਾਰ ਇਸ ਦਾ ਲਗਾਤਾਰ ਖੰਡਨ ਕਰਦੀ ਆ ਰਹੀ ਹੈ।
ਇਹ ਸਾਰਾ ਸਾਲ ਪੰਜਾਬ ਨੂੰ ਗੈਂਗਸਟਰਾਂ, ਨਸ਼ੀਲੇ ਪਦਾਰਥਾਂ, ਹਥਿਆਰਾਂ ਦੇ ਤਸਕਰਾਂ ਅਤੇ ਪਾਕਿਸਤਾਨੀ ਸ਼ਹਿ 'ਤੇ ਰਾਜ ਨੂੰ ਅਸਥਿਰ ਕਰਨ ਵਾਲੀਆਂ ਸ਼ਕਤੀਆਂ ਦੀਆਂ ਕਾਰਵਾਈਆਂ ਦਾ ਵੀ ਨਿਰੰਤਰ ਸਾਹਮਣਾ ਕਰਨਾ ਪਿਆ। ਪੰਜਾਬ ਪੁਲਿਸ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਦਾਅਵਾ ਕੀਤਾ ਹੈ ਕਿ ਇਸ ਸਾਲ ਦੌਰਾਨ ਪੰਜਾਬ ਪੁਲਿਸ ਸਖ਼ਤ ਮਿਹਨਤ ਕਰਕੇ ਰਾਜ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਫੀ ਹੱਦ ਤੱਕ ਬਣਾਈ ਰੱਖਣ ਵਿਚ ਸਫ਼ਲ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਾਕਿਸਤਾਨੀ ਖੂਫ਼ੀਆ ਏਜੰਸੀ ਆਈ.ਐੱਸ.ਆਈ. ਦੀ ਸ਼ਹਿ ਪ੍ਰਾਪਤ ਅਨਸਰਾਂ ਵਿਰੁੱਧ ਕਾਰਵਾਈ ਕਰ ਕੇ 12 ਦਹਿਸ਼ਤਗਰਦੀ ਦੀਆਂ ਘਟਨਾਵਾਂ ਨੂੰ ਅਗਾਮੀ ਤੌਰ 'ਤੇ ਅਸਫ਼ਲ ਬਣਾਇਆ ਗਿਆ ਹੈ। ਅਜਿਹੇ 50 ਅਨਸਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਤੋਂ ਭਾਰੀ ਮਾਤਰਾ ਵਿਚ ਗ੍ਰਨੇਡ ਅਤੇ ਹੋਰ ਹਥਿਆਰ ਫੜੇ ਗਏ ਹਨ। ਨਸ਼ਿਆਂ ਵਿਰੁੱਧ ਪੰਜਾਬ ਪੁਲਿਸ ਵਲੋਂ ਪਿਛਲੇ ਤਿੰਨਾਂ ਸਾਲਾਂ ਤੋਂ ਚਲਾਈ ਗਈ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਦਾ ਪਿਛਲੇ ਦਿਨੀਂ ਜ਼ਿਕਰ ਕਰਦਿਆਂ, ਉਨ੍ਹਾਂ ਨੇ ਕਿਹਾ ਕਿ ਰਾਜ ਵਿਚ ਹੁਣ ਤੱਕ 41881 ਨਸ਼ਾ ਤਸਕਰਾਂ ਨੂੰ ਫੜਿਆ ਗਿਆ ਹੈ। ਉਨ੍ਹਾਂ ਤੋਂ 2021 ਕਿਲੋ ਹੈਰੋਇਨ, 698 ਕਿਲੋ ਅਫ਼ੀਮ, 26 ਕਿੱਲੋ ਆਈਸ, ਅਤੇ 55.78 ਲੱਖ ਨਸ਼ੀਲੀਆਂ ਗੋਲੀਆਂ ਫੜੀਆਂ ਗਈਆਂ ਹਨ। 508 ਸਮੱਗਲਰਾਂ ਤੋਂ 283 ਕਰੋੜ ਦੀ ਨਕਦੀ ਵੀ ਫੜੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਵਿਰੁੱਧ ਦਰਜ ਕੀਤੇ ਗਏ ਕੇਸਾਂ ਵਿਚ 88 ਫ਼ੀਸਦੀ ਦੋਸ਼ੀਆਂ ਨੂੰ ਸਜ਼ਾਵਾਂ ਵੀ ਹੋਈਆਂ ਹਨ।
ਪਰ ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਹੋਰ ਅਪਰਾਧੀਆਂ ਵਿਰੁੱਧ ਪੰਜਾਬ ਸਰਕਾਰ ਵਲੋਂ ਵਿੱਢੀ ਗਈ ਮੁਹਿੰਮ ਦੀ ਕੁਝ ਹਲਕਿਆਂ ਵਲੋਂ ਇਸ ਪੱਖ ਤੋਂ ਆਲੋਚਨਾ ਵੀ ਹੋਈ ਹੈ ਕਿ ਪੁਲਿਸ ਦੋਸ਼ੀਆਂ ਨੂੰ ਫੜ ਕੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਥਾਂ 'ਤੇ ਉਨ੍ਹਾਂ ਦੇ ਘਰ ਢਾਹ ਕੇ ਜਾਂ ਫਰਜ਼ੀ ਪੁਲਿਸ ਮੁਕਾਬਲੇ ਬਣਾ ਕੇ ਉਨ੍ਹਾਂ ਨਾਲ ਨਿਪਟਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਸਾਲ ਪੁਲਿਸ ਕੁੱਝ ਗ਼ਲਤ ਤਰ੍ਹਾਂ ਦੀਆਂ ਕਾਰਵਾਈਆਂ ਕਰਕੇ ਵੀ ਚਰਚਾ ਵਿਚ ਰਹੀ। ਪਟਿਆਲੇ ਵਿਚ ਕਰਨਲ ਬਾਠ ਅਤੇ ਉਸ ਦੇ ਪੁੱਤਰ ਨਾਲ ਇਕ ਢਾਬੇ ਦੇ ਬਾਹਰ ਪਾਰਕਿੰਗ ਨੂੰ ਲੈ ਕੇ ਪੈਦਾ ਹੋਏ ਵਿਵਾਦ ਸਦਕਾ ਪੁਲਿਸ ਦੇ ਕੁਝ ਅਧਿਕਾਰੀਆਂ ਵਲੋਂ ਉਨ੍ਹਾਂ 'ਤੇ ਹਮਲਾ ਕੀਤਾ ਗਿਆ ਜਿਸ ਦਾ ਮਾਮਲਾ ਹਾਈਕੋਰਟ ਵਿਚ ਵੀ ਪੁੱਜਾ ਅਤੇ ਹੁਣ ਇਸ ਕੇਸ ਵਿਚ ਸੀ.ਬੀ.ਆਈ. ਵਲੋਂ 4 ਪੁਲਿਸ ਅਧਿਕਾਰੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਕ ਡੀ.ਆਈ.ਜੀ. 'ਤੇ ਸੀ.ਬੀ.ਆਈ. ਵਲੋਂ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਮਾਰੇ ਗਏ ਛਾਪੇ ਦੌਰਾਨ ਉਸ ਦੇ ਘਰੋਂ ਅਤੇ ਬੈਂਕ ਲਾਕਰਾਂ ਵਿਚੋਂ 7.5 ਕਰੋੜ ਰੁਪਏ ਨਕਦ, ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਮਾਨ ਬਰਾਮਦ ਹੋਇਆ। ਇਸ ਕਾਰਨ ਵੀ ਪੁਲਿਸ ਦੇ ਅਕਸ ਨੂੰ ਭਾਰੀ ਨੁਕਸਾਨ ਪੁੱਜਾ।
ਇਸ ਸਾਲ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਉੱਘੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ਼ ਆਮਦਨ ਤੋਂ ਵਧੇਰੇ ਜਾਇਦਾਦ ਬਣਾਉਣ ਦੇ ਦੋਸ਼ ਵਿਚ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੇ ਵੱਖ-ਵੱਖ ਅਦਾਲਤਾਂ ਵਿਚ ਜ਼ਮਾਨਤ ਕਰਵਾਉਣ ਦੇ ਯਤਨ ਕੀਤੇ ਪਰ ਸਫ਼ਲਤਾ ਨਾ ਮਿਲ ਸਕੀ। ਬਿਕਰਮ ਸਿੰਘ ਮਜੀਠੀਆ ਤੇ ਅਕਾਲੀ ਦਲ ਦਾ ਦੋਸ਼ ਹੈ ਕਿ ਉਨ੍ਹਾਂ ਦੇ ਖ਼ਿਲਾਫ਼ ਬਦਲਾ ਲੈਣ ਦੀ ਭਾਵਨਾ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਸਰਕਾਰ ਦਾ ਪੱਖ ਇਹ ਹੈ ਕਿ ਉਨ੍ਹਾਂ ਨੇ ਨਸ਼ਾ ਤਸਕਰੀ ਅਤੇ ਹੋਰ ਜਾਇਜ਼-ਨਾਜਾਇਜ਼ ਢੰਗਾਂ ਨਾਲ ਵੱਡੀ ਜਾਇਦਾਦ ਬਣਾਈ ਹੈ, ਇਸ ਕਾਰਨ ਉਨ੍ਹਾਂ ਦੇ ਖ਼ਿਲਾਫ਼ ਵਿਜੀਲੈਂਸ ਵਿਭਾਗ ਕਾਰਵਾਈ ਕਰ ਰਿਹਾ ਹੈ।
ਜੇਕਰ ਪੰਜਾਬ ਦੇ ਰਾਜਨੀਤਕ ਘਟਨਾਕ੍ਰਮ 'ਤੇ ਨਜ਼ਰ ਮਾਰੀਏ ਤਾਂ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਇਸ ਸਾਲ ਸੱਤਾਧਾਰੀ ਆਮ ਆਦਮੀ ਪਾਰਟੀ ਆਪਣਾ ਸਿਆਸੀ ਦਬਦਬਾ ਬਣਾਈ ਰੱਖਣ ਵਿਚ ਸਫ਼ਲ ਰਹੀ ਹੈ। ਇਸ ਸਾਲ ਪੰਜਾਬ ਵਿਚ 2 ਵਿਧਾਨ ਸਭਾ ਹਲਕਿਆਂ ਲੁਧਿਆਣਾ ਪੱਛਮੀ ਅਤੇ ਤਰਨ ਤਾਰਨ ਤੋਂ ਉਪ ਚੋਣਾਂ ਹੋਈਆਂ ਅਤੇ ਇਕ ਰਾਜ ਸਭਾ ਦੀ ਸੀਟ ਲਈ ਚੋਣ ਹੋਈ। ਇਹ ਤਿੰਨੋਂ ਸੀਟਾਂ ਜਿੱਤਣ ਵਿਚ ਆਮ ਆਦਮੀ ਪਾਰਟੀ ਸਫ਼ਲ ਰਹੀ ਹੈ। ਲੁਧਿਆਣਾ ਪੱਛਮੀ ਦੀ ਸੀਟ ਤੋਂ ਸਾਬਕ ਰਾਜ ਸਭਾ ਮੈਂਬਰ ਸੰਜੀਵ ਅਰੋੜਾ 10637 ਵੋਟਾਂ ਦੇ ਫਰਕ ਨਾਲ ਆਪਣੇ ਨੇੜੇ ਦੇ ਵਿਰੋਧੀ ਕਾਂਗਰਸੀ ਆਗੂ ਭਾਰਤ ਭੂਸ਼ਨ ਆਸ਼ੂ ਨੂੰ ਹਰਾਉਣ ਵਿਚ ਸਫ਼ਲ ਰਹੇ। ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਆਦਿ ਪਾਰਟੀਆਂ ਇਸ ਸੀਟ 'ਤੇ ਕੋਈ ਜ਼ਿਆਦਾ ਵੋਟਾਂ ਹਾਸਿਲ ਨਹੀਂ ਕਰ ਸਕੀਆਂ। ਇਸੇ ਤਰ੍ਹਾਂ ਤਰਨ ਤਾਰਨ ਦੀ ਉਪ ਚੋਣ ਵਿਚ ਵੀ ਆਮ ਆਦਮੀ ਪਾਰਟੀ ਦੇ ਆਗੂ ਹਰਮੀਤ ਸਿੰਘ ਸੰਧੂ 12000 ਤੋਂ ਵੱਧ ਵੋਟਾਂ ਦੇ ਫਰਕ ਨਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਉਮੀਦਵਾਰ ਸੁਖਵਿੰਦਰ ਕੌਰ ਨੂੰ ਹਰਾ ਕੇ ਜੇਤੂ ਰਹੇ। ਇਥੇ ਅਕਾਲੀ ਦਲ ਦੂਜੇ ਨੰਬਰ 'ਤੇ ਰਿਹਾ। ਕਾਂਗਰਸ ਆਪਸੀ ਫੁੱਟ ਅਤੇ ਆਗੂਆਂ ਦੇ ਵਾਦ-ਵਿਵਾਦ ਵਾਲੇ ਬਿਆਨਾਂ ਕਰਕੇ ਤੀਜੇ ਨੰਬਰ 'ਤੇ ਖ਼ਿਸਕ ਗਈ। ਰਾਜ ਤੋਂ ਇਸ ਸਾਲ ਰਾਜ ਸਭਾ ਦੀ ਹੋਈ ਇਕੋ-ਇਕ ਚੋਣ ਵਿਚ ਆਮ ਆਦਮੀ ਪਾਰਟੀ ਦੇ ਪ੍ਰਤੀਨਿਧ ਅਤੇ ਉੱਘੇ ਸਨਅਤਕਾਰ ਰਜਿੰਦਰ ਗੁਪਤਾ ਬਿਨਾਂ ਮੁਕਾਬਲਾ ਰਾਜ ਸਭਾ ਦੇ ਮੈਂਬਰ ਬਣਨ ਵਿਚ ਸਫ਼ਲ ਰਹੇ। ਰਾਜ ਸਭਾ ਦੀ ਇਹ ਸੀਟ ਸੰਜੀਵ ਗੁਪਤਾ ਵਲੋਂ ਲੁਧਿਆਣਾ ਤੋਂ ਵਿਧਾਨ ਸਭਾ ਉਪ ਚੋਣ ਜਿੱਤਣ ਕਾਰਨ ਖਾਲੀ ਹੋਈ ਸੀ। ਇਸੇ ਸਾਲ ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਵੀ ਹੋਈਆਂ ਇਨ੍ਹਾਂ ਚੋਣਾਂ ਵਿਚੋਂ 70 ਫ਼ੀਸਦੀ ਸੀਟਾਂ ਸੱਤਾਧਾਰੀ ਆਮ ਆਦਮੀ ਪਾਰਟੀ ਜਿੱਤਣ ਵਿਚ ਕਾਮਯਾਬ ਹੋਈ ਹੈ। ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਚੋਣਾਂ ਵਿਚ ਸਾਰੇ ਦਾਅਵਿਆਂ ਦੇ ਬਾਵਜੂਦ ਕੋਈ ਜ਼ਿਆਦਾ ਬਿਹਤਰ ਕਾਰਗੁਜ਼ਾਰੀ ਨਹੀਂ ਦਿਖਾ ਸਕੇ। ਪੰਚਾਇਤ ਸੰਮਤੀ ਦੀਆਂ 'ਆਪ' ਨੇ 1531, ਕਾਂਗਰਸ ਨੇ 612, ਅਕਾਲੀ ਦਲ ਨੇ 445, ਭਾਜਪਾ ਨੇ 73, ਬਸਪਾ ਨੇ 28 ਤੇ ਆਜ਼ਾਦਾਂ ਨੇ 144 ਸੀਟਾਂ ਜਿੱਤੀਆਂ। ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਵਿਚ 'ਆਪ' ਨੇ 218, ਕਾਂਗਰਸ ਨੇ 62, ਅਕਾਲੀ ਦਲ ਨੇ 46, ਭਾਜਪਾ ਨੇ 7, ਬਸਪਾ ਨੇ 3 ਅਤੇ ਆਜ਼ਾਦਾਂ ਨੇ 10 ਸੀਟਾਂ ਜਿੱਤੀਆਂ। ਇਸ ਤਰ੍ਹਾਂ ਦਿਹਾਤੀ ਖੇਤਰਾਂ ਵਿਚ ਇਹ ਚੋਣਾਂ ਜਿੱਤ ਕੇ 'ਆਪ' ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ ਦਾਅਵੇਦਾਰੀ ਮਜ਼ਬੂਤ ਕਰ ਲਈ ਹੈ। ਉਂਝ ਸਾਰੀਆਂ ਵਿਰੋਧੀ ਪਾਰਟੀਆਂ ਵਲੋਂ ਪੰਚਾਇਤ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਸੱਤਾਧਾਰੀ ਪਾਰਟੀ 'ਤੇ ਪੁਲਿਸ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੇ ਦੋਸ਼ ਵੀ ਲਾਏ ਗਏ।
ਇਸ ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਕਈ ਫ਼ੈਸਲਿਆਂ ਕਾਰਨ ਵਾਦ-ਵਿਵਾਦਾਂ ਵਿਚ ਵੀ ਫਸੀ ਰਹੀ। ਇਸ ਵਲੋਂ ਸ਼ਹਿਰਾਂ ਦੇ ਵਿਕਾਸ ਅਤੇ ਲੋੜਵੰਦਾਂ ਨੂੰ ਘਰ ਮੁਹੱਈਆ ਕਰਨ ਦੇ ਨਾਂਅ 'ਤੇ 124 ਪਿੰਡਾਂ ਦੀ 65,553 ਏਕੜ ਜ਼ਮੀਨ ਇਕਵਾਇਰ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਕਿਸਾਨਾਂ ਤੇ ਲੋਕਾਂ ਦੇ ਵਿਰੋਧ ਕਾਰਨ ਸਰਕਾਰ ਨੂੰ ਇਹ ਫ਼ੈਸਲਾ ਵਾਪਿਸ ਲੈਣਾ ਪਿਆ। ਹੁਣ ਸਰਕਾਰ ਵਲੋਂ ਮੁਹਾਲੀ ਦੇ ਆਲ਼ੇ-ਦੁਆਲ਼ੇ ਦੇ ਸ਼ਹਿਰੀ ਵਿਕਾਸ ਲਈ ਕੁਝ ਪਿੰਡਾਂ ਦੀ ਜ਼ਮੀਨ ਮੁੜ ਇਕਵਾਇਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਜੇਕਰ ਇਸ ਸਾਲ ਪੰਜਾਬ ਸਰਕਾਰ ਦੇ ਕਿਸੇ ਫ਼ੈਸਲੇ ਨੂੰ ਵਧੇਰੇ ਲੋਕਪੱਖੀ ਮੰਨਿਆ ਜਾਏਗਾ ਤਾਂ ਉਹ ਇਹ ਹੈ ਕਿ ਸਰਕਾਰ ਨੇ ਪੰਜਾਬ ਦੇ ਹਰ ਵਿਅਕਤੀ ਨੂੰ 10 ਲੱਖ ਰੁਪਏ ਦਾ ਇਲਾਜ ਕਰਵਾਉਣ ਲਈ ਸਿਹਤ ਬੀਮੇ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਹੈ। ਆਉਣ ਵਾਲੇ ਸਮੇਂ ਵਿਚ ਇਹ ਪਤਾ ਲੱਗੇਗਾ ਕਿ ਇਸ ਯੋਜਨਾ 'ਤੇ ਕਿੰਨੀ ਕੁ ਕੁਸ਼ਲਤਾ ਨਾਲ ਅਮਲ ਹੁੰਦਾ ਹੈ।
ਇਸ ਸਾਲ ਇਕ ਮਾੜੀ ਘਟਨਾ ਇਹ ਵਾਪਰੀ ਕਿ ਅੰਮ੍ਰਿਤਸਰ ਜ਼ਿਲ੍ਹੇ ਵਿਚ ਨਕਲੀ ਸ਼ਰਾਬ ਪੀਣ ਨਾਲ 20 ਲੋਕ ਮਾਰੇ ਗਏ। ਜ਼ਿਆਦਾਤਰ ਇਹ ਲੋਕ ਗਰੀਬ ਵਰਗ ਨਾਲ ਸੰਬੰਧਿਤ ਸਨ।
ਇਸ ਸਾਲ ਦੇ ਸਮੁੱਚੇ ਘਟਨਾਕ੍ਰਮ ਦੇ ਪੱਖ ਤੋਂ ਰਾਜ ਦੇ ਆਰਥਿਕ ਮਾਹਿਰਾਂ ਦੀ ਇਸ ਗੱਲ 'ਤੇ ਜ਼ਰੂਰ ਚਿੰਤਾ ਵਧ ਰਹੀ ਹੈ ਕਿ ਪੰਜਾਬ ਸਿਰ ਕਰਜ਼ੇ ਦਾ ਬੋਝ ਵਧ ਰਿਹਾ ਹੈ ਅਤੇ ਇਸ ਸਮੇਂ ਇਹ ਕਰਜ਼ਾ 4 ਲੱਖ ਕਰੋੜ ਦੇ ਨੇੜੇ-ਤੇੜੇ ਪਹੁੰਚ ਚੁੱਕਾ ਹੈ।
ਇਸ ਸਾਲ ਪੰਜਾਬ ਦੀਆਂ ਕੁਝ ਅਹਿਮ ਸ਼ਖ਼ਸੀਅਤਾਂ ਸਦੀਵੀ ਵਿਛੋੜਾ ਦੇ ਗਈਆਂ ਜਿਨ੍ਹਾਂ ਵਿਚ ਮੈਰਾਥਨ ਦੌੜਾਂ ਦੇ ਦੌੜਾਕ ਫ਼ੌਜਾ ਸਿੰਘ ਵੀ ਸ਼ਾਮਿਲ ਹਨ ਜਿਹੜੇ 114 ਸਾਲ ਦੀ ਉਮਰ ਵਿਚ ਇਕ ਹਾਦਸੇ ਦਾ ਸ਼ਿਕਾਰ ਹੋਣ ਕਰਕੇ ਸਦੀਵੀ ਵਿਛੋੜਾ ਦੇ ਗਏ। ਉੱਘ ਅਕਾਲੀ ਆਗੂ ਸ. ਸੁਖਦੇਵ ਸਿੰਘ ਢੀਂਡਸਾ ਦਾ ਵੀ 89 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਪੰਜਾਬ ਦੇ ਪ੍ਰਸਿੱਧ ਹਾਸਰਸੀ ਕਲਾਕਾਰ ਜਸਵਿੰਦਰ ਭੱਲਾ 65 ਸਾਲ ਦੀ ਉਮਰ ਵਿਚ ਸਦੀਵੀ ਵਿਛੋੜਾ ਦੇ ਗਏ। ਕਲਾਕਾਰ ਅਤੇ ਗਾਇਕ ਰਾਜਵੀਰ ਜਵੰਦਾ (35) ਅਕਤੂਬਰ ਨੂੰ ਹਿਮਾਚਲ 'ਚ ਹੋਏ ਇਕ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਚੱਲ ਵਸੇ। ਇਨ੍ਹਾਂ ਵਿਛੋੜਿਆਂ ਨਾਲ ਪੰਜਾਬ ਤੇ ਪੰਜਾਬੀਆਂ ਨੂੰ ਗਹਿਰਾ ਧੱਕਾ ਲੱਗਾ।
-੦-

Ad Position 22
No active advertisement
ਪਿਛਲੀ ਖ਼ਬਰ ਭਾਰਤ ਲਈ ਵਧੇਰੇ ਉਤਸ਼ਾਹਜਨਕ ਨਹੀਂ ਰਿਹਾ-2025 ਅਗਲੀ ਖ਼ਬਰ ਗੀਤਾਂ 'ਚ ਔਰਤਾਂ ਦੀ ਹੋ ਰਹੀ ਹੈ ਕਿਰਦਾਰਕੁਸ਼ੀ
Ad Position 24
No active advertisement