ਮੇਰੇ ਲਈ ਦਸੰਬਰ ਦਾ ਮਹੀਨਾ ਸ੍ਰੀ ਗੁਰੂ ਗੋਬਿੰਦ ਸਿੰਘ ਦੀਆਂ ਉੱਤਮਤਾਈਆਂ ਨੂੰ ਚੇਤੇ ਕਰਨ ਦਾ ਹੈ। ਮੇਰੀ ਪੈਦਾਇਸ਼ ਮੇਰੇ ਨਾਨਕਾ ਪਿੰਡ ਕੋਟਲਾ ਬਡਲਾ ਦੀ ਹੈ, ਜਿੱਥੇ ਮੈਂ ਆਪਣੀ ਜ਼ਿੰਦਗੀ ਦੇ ਪਹਿਲੇ 14 ਸਾਲ ਰਿਹਾਂ, ਇਹ ਪਿੰਡ ਖੰਨਾ-ਸੰਘੋਲ ਮਾਰਗ ਤੋਂ ਜ਼ਰਾ ਹਟਵਾਂ ਹੈ। ਇਸ ਪਿੰਡ ਵਿਚ ਭੰਗੂ ਗੋਤ ਦੇ ਜੱਟ ਸਿੱਖਾਂ ਦਾ ਵਾਰਾ ਪਹਿਰਾ ਹੈ, ਜਿਨ੍ਹਾਂ ਦੇ ਵਡੇਰੇ ਬਾਬਾ ਮਤਾਬ ਸਿੰਘ ਮੀਰਾਂਕੋਟੀਏ ਨੇ ਭਾਈ ਸੁੱਖਾ ਸਿੰਘ ਨੂੰ ਨਾਲ ਲੈ ਕੇ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੱਸਾ ਰੰਘੜ ਨੂੰ ਸੋਧਿਆ ਸੀ। ਮੇਰੀ ਨਾਨੀ ਦਾ ਪੇਕਾ ਪਿੰਡ ਮਹਿਦੂਦਾਂ ਵੀ ਸਰਹਿੰਦ ਵਾਲੇ ਪਾਸੇ ਚਾਰ ਕੋਹ ਅਤੇ ਫ਼ਤਹਿਗੜ੍ਹ ਸਾਹਿਬ ਤੋਂ ਇੱਕ ਕੋਹ ਦੀ ਦੂਰੀ 'ਤੇ ਹੈ।
ਮੇਰੀ ਨਾਨੀ ਨੂੰ ਦਸੰਬਰ ਮਹੀਨੇ ਦੀਆਂ ਉਹ ਸਭ ਤਿਥੀਆਂ ਯਾਦ ਸਨ, ਜਦੋਂ ਚਮਕੌਰ ਦੀ ਗੜ੍ਹੀ ਵਿਚ ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਸ਼ਹੀਦ ਹੋਏ ਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਫ਼ਤਹਿ ਸਿੰਘ ਦੇ ਸਰਹਿੰਦ ਵਿਖੇ ਨੀਹਾਂ ਵਿਚ ਚਿਣੇ ਜਾਣ ਸਮੇਤ ਮਾਤਾ ਗੁਜਰੀ ਦੇ ਅਕਾਲਚਲਾਣੇ ਬਾਰੇ ਸਭ ਪਤਾ ਸੀ। ਉਹ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਚਮਕੌਰ ਸਾਹਿਬ ਜਾਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੇ ਫ਼ਤਹਿਗੜ੍ਹ ਸਾਹਿਬ ਵਾਲੇ ਜੋੜਮੇਲ ਮੌਕੇ ਸਾਨੂੰ ਚਾਰਾਂ ਨੂੰ ਨਾਲ ਲੈ ਕੇ ਜਾਂਦੀ। ਫ਼ਤਹਿਗੜ੍ਹ ਸਾਹਿਬ ਦੇ ਰਾਹਾਂ ਵਿਚ ਉਸਦਾ ਪੇਕਾ ਪਿੰਡ ਮਹਿਦੂਦਾਂ ਸੀ ਤੇ ਚਮਕੌਰ ਸਾਹਿਬ ਨੇੜੇ ਉਸਦੀ ਨਨਾਣ ਅਮਰ ਕੌਰ (ਸਰਬਦਿਆਲ ਦੀ ਮਾਂ) ਦਾ ਸਹੁਰਾ ਪਿੰਡ ਰਾਮਗੜ੍ਹ ਸੀ। ਇਨ੍ਹਾਂ ਪਿੰਡਾਂ ਵਿਚ ਸਾਡੀ ਠਾਹਰ ਤੇ ਖਾਣ-ਪੀਣ ਦਾ ਪ੍ਰਬੰਧ ਹੁੰਦਾ ਸੀ। ਨਾਨੀ ਦੇ ਬੋਲਾਂ ਨੇ ਸਾਡੇ ਮਨਾਂ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਦੀਆਂ ਸਰਬੰਸਦਾਨੀ ਭਾਵਨਾਵਾਂ ਤੇ ਮਾਤਾ ਗੁਜਰੀ ਦੀ ਦ੍ਰਿੜ੍ਹਤਾ ਭਰੀ। ਮਾਤਾ ਗੁਜਰੀ ਜੀ ਦੀ ਦੇਖ-ਰੇਖ ਵਿਚ ਪਲੇ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਗੜ੍ਹ ਵਿਖੇ 1699 ਨੂੰ ਵਿਸਾਖੀ ਵਾਲੇ ਦਿਨ ਅਜਿਹੇ ਪੰਥ ਦੀ ਸਾਜਨਾ ਕੀਤੀ, ਜਿਸਦੀ ਅੰਮ੍ਰਿਤ ਬੂੰਦ ਨੇ ਨਾਂਦੇੜ (ਹਜ਼ੂਰ ਸਾਹਬ) ਵਿਖੇ ਡੇਰਾ ਲਾਈ ਬੈਠੇ ਮਾਧੋ ਦਾਸ ਵੈਰਾਗੀ ਨੂੰ ਬੰਦਾ ਸਿੰਘ ਬਹਾਦਰ ਬਣਾ ਕੇ ਸਰਹੰਦ ਭੇਜਿਆ ਜਿਸ ਦੀਆਂ ਜਿੱਤਾਂ ਤੇ ਪ੍ਰਾਪਤੀਆਂ ਦਾ ਇਤਿਹਾਸ ਗਵਾਹ ਹੈ।
ਦਸਵੇਂ ਪਾਤਸ਼ਾਹ ਲਈ ਵੀ ਆਪਣੇ ਸਿਰਜੇ ਰਾਹ 'ਤੇ ਤੁਰਨਾ ਸੌਖਾ ਨਹੀਂ ਸੀ। ਸਭ ਤੋਂ ਪਹਿਲਾਂ ਪਹਾੜੀ ਰਾਜੇ ਉਨ੍ਹਾਂ 'ਤੇ ਹਮਲੇ ਕਰਨ ਲੱਗੇ, ਭਾਵੇਂ ਉਨ੍ਹਾਂ ਨੂੰ ਹਰ ਵਾਰ ਮੂੰਹ ਦੀ ਖਾਣੀ ਪਈ। ਅੰਤ ਕੋਈ ਵੀ ਪੇਸ਼ ਨਾ ਜਾਂਦੀ ਵੇਖ ਇਨ੍ਹਾਂ ਰਾਜਿਆਂ ਨੇ ਔਰੰਗਜ਼ੇਬ ਤੱਕ ਪਹੁੰਚ ਕਰ ਕੇ ਅਤੇ ਕਈ ਝੂਠੇ ਦਾਅਵੇ ਕਰਕੇ ਗੁਰੂ ਸਾਹਿਬ ਨੂੰ ਅਨੰਦਗੜ੍ਹ ਦਾ ਕਿਲ੍ਹਾ ਛੱਡਣ ਲਈ ਕਿਹਾ। ਜਦੋਂ ਉਨ੍ਹਾਂ 20 ਦਸੰਬਰ 1704 ਨੂੰ ਸਰਸਾ ਨਦੀ ਵੱਲ ਕੂਚ ਕੀਤਾ ਤਾਂ ਪਹਾੜੀ ਰਾਜਿਆਂ ਤੇ ਮੁਗ਼ਲ ਫ਼ੌਜ ਨੇ ਸਿੰਘਾਂ 'ਤੇ ਹਮਲਾ ਕਰ ਦਿੱਤਾ। ਦੂਜੇ ਪਾਸੇ ਨਦੀ ਦੇ ਬੇਰੋਕ ਪਾਣੀ ਸੀ। ਇਸ ਘਟਨਾਕ੍ਰਮ ਨੇ ਗੁਰੂ ਸਾਹਿਬ ਦੇ ਪਰਿਵਾਰ ਨੂੰ ਇਕ-ਦੂਜੇ ਨਾਲੋਂ ਨਿਖੇੜ ਦਿੱਤਾ। ਗੁਰੂ ਸਾਹਿਬ ਵੱਡੇ ਸਾਹਿਬਜ਼ਾਦਿਆਂ ਤੇ ਕੁਝ ਸਿੰਘਾਂ ਸਮੇਤ ਚਮਕੌਰ ਦੀ ਗੜ੍ਹੀ ਵੱਲ ਚਲੇ ਗਏ ਤੇ ਮਾਤਾ ਗੁਜਰੀ ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕੇ ਮੋਰਿੰਡਾ ਨੇੜਲੇ ਪਿੰਡ ਖੇੜੀ ਗੰਗੂ ਰਸੋਈਏ ਦੇ ਘਰ ਪਹੁੰਚ ਗਏ, ਕਿਉਂਕਿ ਮਾਤਾ ਜੀ ਲਈ ਇਹ ਸਥਾਨ ਸਭ ਤੋਂ ਸੁਰੱਖਿਅਤ ਸੀ, ਭਾਵੇਂ ਗੰਗੂ ਉਨ੍ਹਾਂ ਦੀ ਉਮੀਦਾਂ 'ਤੇ ਪੂਰਾ ਨਾ ਉਤਰਦਿਆਂ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਸਥਾਨਕ ਪੁਲਿਸ ਰਾਹੀਂ ਸੂਬਾ ਸਰਹਿੰਦ ਕੋਲ ਪਹੁੰਚਾ ਦਿੱਤਾ। ਇਸ ਤੋਂ ਪਿੱਛੋਂ ਉਨ੍ਹਾਂ ਤਿੰਨਾਂ ਨਾਲ ਜੋ ਬੀਤੀ ਉਸ ਤੋਂ ਸਾਰੀ ਦੁਨੀਆ ਜਾਣੂ ਹੈ। ਇਹ ਗੱਲ ਵੀ ਸਾਰੇ ਜਾਣਦੇ ਹਨ ਕਿ ਨਾਂਦੇੜ ਦੇ ਮਾਧੋ ਦਾਸ ਵੈਰਾਗੀ ਨੂੰ ਗੁਰੂ ਸਾਹਿਬ ਨੇ ਏਨਾ ਪ੍ਰਭਾਵਿਤ ਕੀਤਾ ਕਿ ਉਸ ਨੇ ਗੁਰੂ ਸਾਹਿਬ ਦੇ ਜੋਤੀ ਜੋਤਿ ਸਮਾਉਣ ਤੋਂ ਤਿੰਨ ਕੁ ਸਾਲ ਦੇ ਅੰਦਰ ਅੰਦਰ ਨਾ ਕੇਵਲ ਦੁਸ਼ਟਾਂ ਤੋਂ ਬਦਲਾ ਲਿਆ, ਸਗੋਂ ਮਾਝੇ, ਮਾਲਵੇ, ਦੁਆਬੇ ਤੇ ਪੁਆਧ ਦੇ ਵੱਡੇ ਭਾਗ 'ਤੇ ਖਾਲਸਾ ਰਾਜ ਦੀ ਸਥਾਪਨਾ ਵੀ ਕਰ ਲਈ। ਉਨ੍ਹਾਂ ਨੇ ਇਸ ਰਾਜ ਦੀ ਨੀਂਹ ਚੱਪੜਚਿੜੀ (ਨੇੜੇ ਚੰਡੀਗੜ੍ਹ) ਦੇ ਮੈਦਾਨ ਦੀ ਲੜਾਈ ਵਿਚ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਨੂੰ ਮਾਰ ਕੇ ਰੱਖੀ ਸੀ। ਬੰਦਾ ਬਹਾਦਰ ਦੀ ਇਸ ਪ੍ਰਾਪਤੀ ਦਾ ਪ੍ਰਤੀਫਲ ਹੀ ਸੀ ਕਿ ਪਿੱਛੋਂ ਜਾ ਕੇ ਸ਼ੇਰ- ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪਣੇ ਗੌਰਵਮਈ ਰਾਜ ਦੀ ਨੀਂਹ ਰੱਖਣ ਵਿਚ ਸਫਲ ਹੋਏ।
ਮੇਰੀ ਤੇ ਮੇਰੇ ਹਾਣੀਆਂ ਦੀ ਉਪਰੋਕਤ ਜਾਣਕਾਰੀ ਦੀਆਂ ਨੀਂਹਾਂ ਤਾਂ ਮੇਰੀ ਨਾਮਧਾਰੀ ਨਾਨੀ ਨੇ ਰੱਖੀਆਂ ਸਨ। ਕਦੀ-ਕਦਾਈਂ ਅਸੀਂ ਨਾਨੀ ਤੋਂ ਆਗਿਆ ਲੈ ਕੇ ਸਰਹਿੰਦ ਦੀਆਂ ਹੋਰ ਥਾਵਾਂ ਵੀ ਵੇਖਣ ਚਲੇ ਜਾਂਦੇ ਸੀ। ਇਨ੍ਹਾਂ ਵਿਚਲਾ ਆਮ ਖਾਸ ਬਾਗ ਤਾਂ ਮੁਗਲਾਂ ਦੇ ਸ਼ਾਹੀ ਬਾਗ ਵਜੋਂ ਜਾਣਿਆ ਜਾਂਦਾ ਸੀ। ਜ਼ਿਕਰਯੋਗ ਹੈ ਕਿ ਮੁਗਲ ਬਾਦਸ਼ਾਹ ਹਮਾਯੂੰ ਦੀ ਮੌਤ ਵੇਲੇ ਉਸ ਦਾ ਬੇਟਾ ਅਕਬਰ ਤੇ ਉਸ ਦਾ ਅੰਗ ਰੱਖਿਅਕ ਬੈਰਮ ਖਾਂ ਪੰਜਾਬ ਵਿਚ ਹੀ ਸਨ। ਬੈਰਮ ਖਾਂ ਨੇ ਗੁਰਦਾਸਪੁਰ ਦੇ ਪਿੰਡ ਕਲਾਨੋਰ ਵਿਖੇ 21 ਫਰਵਰੀ 1556 ਨੂੰ 13 ਸਾਲ ਦੇ ਅਕਬਰ ਦੀ ਤਾਜ਼ਪੋਸ਼ੀ ਕਰਕੇ ਉਸ ਨੂੰ ਬਾਦਸ਼ਾਹ ਐਲਾਨ ਦਿੱਤਾ ਸੀ। ਇਸ ਤੋਂ ਪਿੱਛੋਂ ਬੈਰਮ ਖਾਂ ਬਾਲ ਬਾਦਸ਼ਾਹ ਅਕਬਰ ਨੂੰ ਸਰਹਿੰਦ ਛੱਡ ਕੇ ਖ਼ੁਦ 23 ਅਕਤੂਬਰ, 1556 ਨੂੰ ਰਾਜ ਭਾਗ ਚਲਾਉਣ ਲਈ ਦਿੱਲੀ ਚਲਾ ਗਿਆ ਸੀ। ਅਕਬਰ ਤਿੰਨ ਮਹੀਨੇ ਆਪਣੇ ਹਮਜੋਲੀਆਂ ਸਮੇਤ ਸਰਹਿੰਦ ਦੀਆਂ ਗਲੀਆਂ ਵਿਚ ਘੁੰਮਦਾ ਰਿਹਾ। ਇਸ ਦਾ ਹੀ ਨਤੀਜਾ ਸੀ ਕਿ ਸਰਹਿੰਦ ਸ਼ਹਿਰ ਨੂੰ ਸੂਬੇ ਦੀ ਪਦਵੀ ਪ੍ਰਾਪਤ ਹੋਈ।
ਇਹ 15-20 ਕੋਹਾਂ ਵਿਚ ਫੈਲਿਆ ਖੇਤਰ ਜੰਗਲ ਬੀਆਬਾਨ ਹੁੰਦਾ ਸੀ। ਮੁਗਲਾਂ ਨੇ ਇਹ ਸ਼ਹਿਰ ਆਪਣੀ ਸਹੂਲਤ ਲਈ ਜੰਗਲ ਕੱਟ ਕੇ ਆਬਾਦ ਕੀਤਾ ਸੀ।
ਇਸ ਸ਼ਹਿਰ ਨੂੰ ਅਕਬਰ ਬਾਦਸ਼ਾਹ ਦੀ ਦੇਣ ਕਿਹਾ ਜਾ ਸਕਦਾ ਹੈ, ਜਿਥੇ ਮੁਲਤਾਨ ਤੋਂ ਦਿੱਲੀ ਜਾਣ ਵਾਲੇ ਸ਼ਾਹੀ ਘਰਾਣੇ ਖਰੀਦ-ਓ-ਫਰੋਖਤ ਅਤੇ ਮਨਭਾਉਂਦਾ ਆਰਾਮ ਤੇ ਬਿਸਰਾਮ ਕਰਦੇ ਸਨ। ਬਾਦਸ਼ਾਹ ਸ਼ਾਹਜਹਾਂ ਨੂੰ ਇਹ ਥਾਂ ਏਨੀ ਪਸੰਦ ਸੀ ਕਿ ਉਸ ਨੇ ਏਥੋਂ ਦੀ ਜੰਮਪਲ ਸਰਹਿੰਦੀ ਬੇਗਮ ਨਾਲ ਸ਼ਾਦੀ ਕੀਤੀ। ਸ਼ਾਹਜਹਾਂ ਏਥੇ ਸੱਤ ਵਾਰ ਆਇਆ ਤੇ ਠਹਿਰਿਆ। ਇੱਥੇ ਕਾਬਲ, ਕੰਧਾਰ, ਤੁਰਕੀ, ਈਰਾਨ, ਚੀਨ ਤੇ ਅਫਗਾਨਿਸਤਾਨ ਦੇ ਦੁਕਾਨਦਾਰਾਂ ਤੋਂ ਵਪਾਰੀ ਕੀਮਤੀ ਵਸਤਾਂ ਲਿਆ ਕੇ ਵੇਚਦੇ ਸਨ। ਏਥੋਂ ਦੇ ਤੀਰਕਮਾਨ, ਸੈਂਡਲ, ਲਿਨਨ ਦਾ ਕੱਪੜਾ ਤੇ ਰੱਤਾ ਸਾਲੂ ਤਾਂ ਏਨੇ ਪਸੰਦ ਕੀਤੇ ਜਾਂਦੇ ਸਨ ਕਿ ਅੰਗਰੇਜ਼ਾਂ ਦੇ ਰਾਜ ਸਮੇਂ ਉਨ੍ਹਾਂ ਦੀਆਂ ਫਿਰੰਗੀ ਬੀਵੀਆਂ ਦਿੱਲੀ ਤੋਂ ਏਥੇ ਖਰੀਦਦਾਰੀ ਕਰਨ ਆਉਂਦੀਆਂ ਸਨ।
ਮੇਰੀ ਉਮਰ ਦੇ ਮੁਢਲੇ ਸਾਲਾਂ ਵਿਚ ਤਾਂ ਇਸ ਸ਼ਹਿਰ 'ਚ ਵਜ਼ੀਰ ਖਾਂ ਦਾ ਮੁੱਖ ਦਫਤਰ ਤੇ ਅੱਡਾ ਹੀ ਸੀ, ਜਿਸ ਨੂੰ ਅਸੀਂ ਨਫਰਤ ਕਰਦੇ ਸਾਂ। ਸ਼ਹਿਰ ਸਰਹਿੰਦ ਦੀਆਂ ਅਸਲੀ ਸਿਫ਼ਤਾਂ ਤੇ ਸੁਹੱਪਣ ਬਾਰੇ ਪਤਾ ਤਾਂ ਮੈਨੂੰ ਦਿੱਲੀ ਜਾਣ ਪਿੱਛੋਂ ਪੁਸਤਕਾਂ ਪੜ੍ਹ ਕੇ ਹੀ ਲੱਗਾ। ਇਸ ਸ਼ਹਿਰ ਦੇ ਸ਼ੀਸ਼-ਮਹਿਲ, ਹਾਥੀਖਾਨਾ, ਨੌ ਘਰੇ, ਸ਼ਾਹੀ ਹਮਾਮ, ਰੰਗ ਮਹਿਲ, ਦੌਲਤਖਾਨਾ-ਏ-ਖਾਸ, ਸ਼ਾਹੀ ਪੁਲ, ਠੰਢਾ ਬੁਰਜ, ਦੀਵਾਨ ਟੋਡਰ ਮੱਲ ਹਾਲ, ਗੁਰਦਵਾਰਾ ਜੋਤੀ ਸਰੂਪ, ਬਿਬਾਣਗੜ੍ਹ, ਜੈਨ ਮੰਦਰ ਤੇ ਸ਼ੇਖ ਰਫੀਉਦੀਨ ਫਾਰੂਕੀ ਦੀ ਦਰਗਾਹ ਤੇ ਰੋਜ਼ਾ ਸ਼ਰੀਫ ਮੈਂ ਅੱਖੀਂ ਨਹੀਂ ਤੱਕੇ, ਪੁਸਤਕਾਂ ਵਿਚ ਹੀ ਪੜ੍ਹੇ ਹਨ, ਜਿਨ੍ਹਾਂ ਦਾ ਵਿਸਥਾਰ ਗੁਰਬਚਨ ਸਿੰਘ ਵਿਰਦੀ ਦੀ ਪੁਸਤਕ 'ਸਰਹਿੰਦ ਦੀਆਂ ਯਾਦਗਾਰਾਂ' ਵਿਚ ਵੀ ਦਰਜ ਹੈ।
ਜ਼ਿਕਰਯੋਗ ਹੈ ਕਿ ਮੇਰੇ ਬਚਪਨ ਸਮੇਂ ਫ਼ਤਹਿਗੜ੍ਹ ਤੋਂ ਬਿਨਾਂ ਹੋਰ ਕਿਸੇ ਵੀ ਸ਼ਹਿਰ, ਗੜ੍ਹੀ ਜਾਂ ਸਥਾਨ ਨਾਲ ਸਾਹਿਬ ਨਹੀਂ ਸੀ ਬੋਲਿਆ ਜਾਂਦਾ, ਇਨ੍ਹਾਂ ਨੂੰ ਅਨੰਦਪੁਰ ਜਾਂ ਅਨੰਦਗੜ੍ਹ ਹੀ ਕਿਹਾ ਜਾਂਦਾ ਸੀ।
ਅੰਤਿਕਾ
[ਸਰ ਮੁਹੰਮਦ ਇਕਬਾਲ]
ਜੋ ਮੈਂ ਸਰ ਬਹਿ ਸਿਜਦਾ ਹੂਆ ਭੀ ਕਭੀ
ਤੋਂ ਜ਼ਮੀ ਸੇ ਆਨੇ ਲਗੀ ਸਦਾ
ਤੇਰਾ ਦਿਲ ਤੋ ਹੈ ਸਨਮ ਆਸ਼ਨਾ
ਤੁਝੇ ਕਿਆ ਮਿਲੇਗਾ ਨਿਮਾਜ਼ ਮੈਂ।
ਈ-ਮੇਲ : sandhugulzar@yahoo.com