ਸੈਕਰਾਮੈਂਟੋ, 31 ਮਈ (ਹੁਸਨ ਲੜੋਆ ਬੰਗਾ)-ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਸੀ. ਬੀ. ਪੀ.) ਵਲੋਂ ਪੋਰਟ ਆਫ ਚੈਂਪਲੇਨ ਵਿਖੇ ਕੈਨੇਡਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਇਕ ਭਾਰਤੀ ਨਾਗਰਿਕ ਗੁਰਦੇਵ ਸਿੰਘ (42) ਨੂੰ ਗਿ੍ਫਤਾਰ ਕਰ ਲਿਆ ਹੈ | ਸ਼ੱਕ ਪੈਣ 'ਤੇ ਸੀ. ਬੀ. ਪੀ. ਦੁਆਰਾ ਉਸ ਨੂੰ ਕੈਨੇਡਾ ਵਿਚ ਦਾਖਲ ਹੋਣ ਤੋਂ ਮਨਾ ਕਰ ਦਿੱਤਾ ਗਿਆ, ਜਦੋਂ ਆਮ ਦੀ ਤਰ੍ਹਾਂ ਮੁੱਢਲੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਪਲੇਨਫੀਲਡ ਪੁਲਿਸ ਵਿਭਾਗ ਦੁਆਰਾ ਇੰਡਿਆਨਾ ਦੇ ਇਕ ਨਾਬਾਲਗ ਨੂੰ ਉਕਸਾ ਕੇ ਜਿਣਸੀ ਸ਼ੋਸਣ ਕਰਨ ਦੇ ਦੋਸ਼ਾਂ ਤਹਿਤ ਉਸ ਵਿਰੁੱਧ ਗਿ੍ਫਤਾਰੀ ਵਾਰੰਟ ਜਾਰੀ ਕੀਤੇ ਹੋਏ ਹਨ ਤੇ ਉਹ ਭਗੌੜਾ ਹੈ | ਇਹ ਵੀ ਪਤਾ ਲੱਗਾ ਕਿ ਉਹ ਅਮਰੀਕਾ ਵਿਚ ਗੈਰ ਕਾਨੂੰਨੀ ਤੌਰ 'ਤੇ ਰਹਿ ਰਿਹਾ ਹੈ | 2016 ਵਿਚ ਉਸ ਦਾ ਵਿਜ਼ਟਰ ਵੀਜ਼ਾ ਖਤਮ ਹੋ ਗਿਆ ਸੀ ਤੇ ਉਹ ਵਾਪਸ ਭਾਰਤ ਨਹੀਂ ਗਿਆ | ਸੀ. ਬੀ. ਪੀ. ਨੇ ਉਸ ਨੂੰ ਨਿਊ ਯਾਰਕ ਸਟੇਟ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਤੇ ਇਸ ਸਮੇਂ ਉਹ ਕਲਿੰਟਨ ਕਾਊਾਟੀ ਸ਼ੈਰਿਫ ਦਫਤਰ ਦੀ ਹਿਰਾਸਤ ਵਿਚ ਹੈ | ਚੈਂਪਲੇਨ ਪੋਰਟ ਡਾਇਰੈਕਟਰ ਸਟੀਵ ਬਰੋਨਸਨ ਨੇ ਸੀ. ਬੀ. ਪੀ. ਅਧਿਕਾਰੀਆਂ ਦੀ ਪ੍ਰੰਸਸਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਸਦਕਾ ਅਪਰਾਧਿਕ ਮਾਮਲੇ ਵਿਚ ਸ਼ਾਮਿਲ ਇਕ ਵਿਅਕਤੀ ਨੂੰ ਕਟਹਿਰੇ ਵਿਚ ਖੜਾ ਹੋਣਾ ਪਵੇਗਾ |