ਹੈਦਰਾਬਾਦ, 31 ਮਈ (ਏਜੰਸੀ)-ਥਾਈਲੈਂਡ ਦੀ ਓਪਲ ਸੁਚਾਤਾ ਚੁਆਂਗਸ੍ਰੀ ਨੇ ਮਿਸ ਵਰਲਡ 2025 ਦਾ ਖਿਤਾਬ ਜਿੱਤਿਆ ਹੈ | ਸੁਚਾਤਾ ਨੇ ਆਪਣੀ ਪ੍ਰਤਿਭਾ, ਆਤਮਵਿਸ਼ਵਾਸ ਤੇ ਸਮਾਜਿਕ ਯੋਗਦਾਨ ਦੁਆਰਾ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ ਤੇ ਇਹ ਸਥਾਨ ਪ੍ਰਾਪਤ ਕੀਤਾ | ਸੁਚਾਤਾ ਚੁਆਂਗਸ੍ਰੀ, ਜਿਸਨੂੰ ਪਿਆਰ ਨਾਲ 'ਓਪਲ' ਕਿਹਾ ਜਾਂਦਾ ਹੈ, ਦਾ ਜਨਮ 20 ਮਾਰਚ 2003 ਨੂੰ ਥਾਈਲੈਂਡ ਦੇ ਫੁਕੇਟ ਸ਼ਹਿਰ ਵਿਚ ਹੋਇਆ ਸੀ | ਇਸ ਸਾਲ ਫਾਈਨਲ ਹੈਦਰਾਬਾਦ ਦੇ ਹਾਈਟੈਕਸ ਪ੍ਰਦਰਸ਼ਨੀ ਕੇਂਦਰ ਵਿਚ ਹੋਇਆ | ਭਾਰਤ ਦੀ ਨੰਦਿਨੀ ਗੁਪਤਾ 108 ਦੇਸ਼ਾਂ ਦੇ ਪ੍ਰਤੀਯੋਗੀਆਂ ਨਾਲ ਮੁਕਾਬਲਾ ਕਰਨ ਤੋਂ ਬਾਅਦ ਟਾਪ-20 ਵਿਚ ਪਹੁੰਚੀ, ਪਰ ਉਹ ਟਾਪ-8 ਵਿਚੋਂ ਬਾਹਰ ਹੋ ਗਈ | ਫਾਈਨਲ ਦੀ ਸ਼ੁਰੂਆਤ ਟਾਪ-40 ਪ੍ਰਤੀਯੋਗੀਆਂ ਦੇ ਸੱਭਿਆਚਾਰਕ ਰੈਂਪ ਵਾਕ ਨਾਲ ਹੋਈ ਜਿਸ ਵਿਚ ਭਾਰਤ ਦੀ ਨੰਦਿਨੀ ਗੁਪਤਾ ਸ਼ੋਅ-ਸਟਾਪਰ ਸੀ | ਭਾਰਤ ਨੇ 72 ਸਾਲਾਂ ਦੇ ਇਤਿਹਾਸ ਵਿਚ ਸਭ ਤੋਂ ਵੱਧ ਮਿਸ ਵਰਲਡ ਖਿਤਾਬ ਜਿੱਤੇ ਹਨ | ਰੀਤਾ ਫਾਰੀਆ ਮਿਸ ਵਰਲਡ ਜਿੱਤਣ ਵਾਲੀ ਪਹਿਲੀ ਭਾਰਤੀ ਹੈ | ਉਨ੍ਹਾਂ ਤੋਂ ਬਾਅਦ, ਐਸ਼ਵਰਿਆ ਰਾਏ, ਪਿ੍ਯੰਕਾ ਚੋਪੜਾ, ਯੁਕਤਾ ਮੁਖੀ, ਡਾਇਨਾ ਹੇਡਨ ਤੇ ਮਾਨੁਸ਼ੀ ਛਿੱਲਰ ਵੀ ਮਿਸ ਵਰਲਡ ਰਹਿ ਚੁੱਕੀਆਂ ਹਨ | ਤੁਹਾਨੂੰ ਦੱਸ ਦੇਈਏ ਕਿ ਇਸ ਮੁਕਾਬਲੇ ਵਿਚ ਮਿਸ ਮਾਰਟੀਨਿਕ ਨੇ ਚੌਥਾ ਸਥਾਨ, ਮਿਸ ਪੋਲੈਂਡ ਨੇ ਤੀਜਾ ਸਥਾਨ ਅਤੇ ਮਿਸ ਇਥੋਪੀਆ ਨੇ ਦੂਜਾ ਸਥਾਨ ਪ੍ਰਾਪਤ ਕੀਤਾ |