ਸੈਕਰਾਮੈਂਟੋ, 4 ਜੂਨ (ਹੁਸਨ ਲੜੋਆ ਬੰਗਾ)-ਵਾਸ਼ਿੰਗਟਨ ਵਿਚ ਇਕ ਮਾਂ ਵਲੋਂ ਉਸ ਦੀਆਂ 3 ਧੀਆਂ ਦੇ ਲਾਪਤਾ ਹੋਣ ਦੀ ਰਿਪੋਰਟ ਲਿਖਵਾਉਣ ਤੋਂ ਬਾਅਦ ਉਨ੍ਹਾਂ ਦੀ ਲਾਸ਼ਾਂ ਮਿਲੀਆਂ | ਪੁਲਿਸ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਉਹ ਇਸ ਮਾਮਲੇ ਵਿਚ ਲੋੜੀਂਦੇ ਮਿ੍ਤਕ ਬੱਚੀਆਂ ਦੇ ਪਿਤਾ ਨੂੰ ਲੱਭ ਰਹੀ ਹੈ ਜੋ ਘਟਨਾ ਤੋਂ ਬਾਅਦ ਫਰਾਰ ਹੈ | ਵੈਨੇਚੀ ਪੁਲਿਸ ਨੇ ਕਿਹਾ ਹੈ ਕਿ ਮਾਂ ਨੇ ਪੈਟਿਨ ਡੈਕਰ (9 ਸਾਲ), ਆਈਲਿਨ ਡੈਕਰ (8) ਸਾਲ ਤੇ ਓਲੀਵਿਆ ਡੈਕਰ (5 ਸਾਲ) ਦੇ ਲਾਪਤਾ ਹੋਣ ਦੀ ਰਿਪੋਰਟ 30 ਮਈ ਦੀ ਰਾਤ ਨੂੰ ਲਿਖਵਾਈ ਸੀ | ਉਹ ਆਪਣੇ ਪਿਤਾ ਟਰੈਵਿਸ ਡੈਕਰ ਨੂੰ ਮਿਲਣ ਗਈਆਂ ਸਨ, ਜੋ ਇਕ ਬੇਘਰਾ ਹੈ ਤੇ ਇਕ ਪਿਕਅੱਪ ਟਰੱਕ ਵਿਚ ਰਹਿੰਦਾ ਹੈ ਪਰੰਤੂ ਉਹ ਘਰ ਵਾਪਸ ਨਹੀਂ ਆਈਆਂ | ਪੁਲਿਸ ਅਨੁਸਾਰ ਉਸ ਨੇ ਖੇਤਰ ਵਿਚਲੇ ਮੋਟਲਾਂ ਦੀ ਤਲਾਸ਼ੀ ਲਈ ਹੈ ਪਰੰਤੂ ਟਰੈਵਿਸ ਡੈਕਰ ਨਹੀਂ ਮਿਲਿਆ ਜਦਕਿ 30 ਮਈ ਨੂੰ ਉਸ ਦਾ ਪਿਕਅੱਪ ਟਰੱਕ ਵੈਨੇਚੀ ਤੋਂ ਰਾਸ਼ਟਰੀ ਮਾਰਗ 2 ਉੱਪਰ ਪੱਛਮ ਵਾਲੇ ਪਾਸੇ ਗਿਆ ਸੀ | ਪੁਲਿਸ ਨੇ ਕਿਹਾ ਹੈ ਕਿ ਮਾਮਲਾ ਬਹੁਤ ਗੰਭੀਰ ਹੈ ਤੇ ਉਹ ਇਸ ਮਾਮਲੇ ਵਿਚ ਨਾਮਜ਼ਦ ਟਰੈਵਿਸ ਡੈਕਰ ਨੂੰ ਲੱਭ ਰਹੀ ਹੈ |