ਮੁੰਬਈ, 31 ਅਗਸਤ (ਏਜੰਸੀ)- ਭਾਰਤੀ ਗੈਰ-ਲਾਭਕਾਰੀ ਸੰਸਥਾ 'ਐਜੂਕੇਟ ਗਰਲਜ਼' ਜੋ ਕਿ ਦੂਰ ਦਰਾਜ ਦੇ ਪਿੰਡਾਂ 'ਚ ਸਕੂਲ ਤੋਂ ਵਾਂਝੀਆਂ ਲੜਕੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਕਾਰਜਸ਼ੀਲ ਹੈ, ਨੂੰ ਸਾਲ 2025 ਲਈ ਰੇਮਨ ਮੈਗਸੇਸੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਰੇਮਨ ਮੈਗਸੇਸੇ ਪੁਰਸਕਾਰ ਫਾਉਂਡੇਸ਼ਨ ਵਲੋਂ ਜਾਰੀ ਬਿਆਨ 'ਚ ਦੱਸਿਆ ਗਿਆ ਕਿ 'ਫਾਉਂਡੇਸ਼ਨ ਟੂ ਐਜੂਕੇਟ ਗਰਲਜ਼ ਗਲੋਬਲੀ' ਜਿਸ ਨੂੰ ਆਮ ਤੌਰ 'ਤੇ ਐਜੂਕੇਟ ਗਰਲਜ਼ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਇਹ ਪੁਰਸਕਾਰ ਜਿੱਤਣ ਵਾਲਾ ਪਹਿਲਾ ਭਾਰਤੀ ਸੰਗਠਨ ਬਣ ਗਿਆ ਹੈ, ਜਿਸ ਨੇ ਇਕ ਨਵਾਂ ਇਤਿਹਾਸ ਰਚਿਆ ਹੈ | ਏਸ਼ੀਆ ਦਾ ਨੋਬਲ ਕਿਹਾ ਜਾਣ ਵਾਲਾ ਰੇਮਨ ਮੈਗਸੇਸੇ ਪੁਰਸਕਾਰ ਇਸ ਖੇਤਰ 'ਚ ਲੋਕਾਂ ਵਲੋਂ ਕੀਤੀਆਂ ਗਈਆਂ ਨਿਸੁਆਰਥ ਸੇਵਾਵਾਂ ਅਤੇ ਮਨੁੱਖੀ ਕਦਰਾਂ ਕੀਮਤਾਂ ਨੂੰ ਸਨਮਾਨਿਤ ਕਰਦਾ ਹੈ | ਸਾਲ 2025 ਦੇ ਦੋ ਹੋਰ ਜੇਤੂਆਂ 'ਚ ਮਾਲਦੀਵ ਦੀ ਸ਼ਾਹੀਨਾ ਅਲੀ ਨੂੰ ਉਸ ਦੇ ਵਾਤਾਵਰਨ ਸੁਰੱਖਿਅਣ ਦੇ ਯਤਨਾਂ ਲਈ ਅਤੇ ਫਿਲਪੀਨ ਦੇ ਫਲੇਵਿਆਨੋ ਏਾਟੋਨੀਓ ਐਲ. ਵਿਲਾਨੁਏਵਾ ਨੂੰ ਉਸ ਦੇ ਸਮਾਜਿਕ ਯੋਗਦਾਨ ਲਈ ਚੁਣਿਆ ਗਿਆ ਹੈ | ਇਸ ਸਾਲ ਦਾ 67ਵਾਂ ਪੁਰਸਕਾਰ ਸਮਾਗਮ 7 ਨਵੰਬਰ ਨੂੰ ਮਨੀਲਾ ਦੇ ਮੈਟਰੋਪਾਲੀਟਨ ਥਿਏਟਰ 'ਚ ਹੋਵੇਗਾ | ਐਜੂਕੇਟ ਗਰਲਜ਼ ਦੀ ਸਥਾਪਨਾ 2007 'ਚ ਲੰਡਨ ਸਕੂਲ ਆਫ ਇਕਨਾਮਿਕਸ ਦੀ ਸਨਾਤਕ ਸਫੀਨਾ ਹੁਸੈਨ ਨੇ ਕੀਤੀ ਸੀ |