ਐਡੀਲੇਡ, 18 ਦਸੰਬਰ (ਗੁਰਮੀਤ ਸਿੰਘ ਵਾਲੀਆ)-ਸਿਡਨੀ ਦੇ ਬੌਂਡੀ ਇਲਾਕੇ ਵਿਚ ਅੱਤਵਾਦੀ ਹਮਲੇ ਤੋਂ ਬਾਅਦ ਦੱਖਣੀ ਆਸਟ੍ਰੇਲੀਆ ਵਿਚ ਹੋ ਰਹੇ ਪਹਿਲੇ ਵੱਡੇ ਖੇਡ ਸਮਾਗਮ ਵਜੋਂ ਐਡੀਲੇਡ ਓਵਲ 'ਚ ਖੇਡੇ ਜਾ ਰਹੇ ਤੀਜੇ ਐਸ਼ੇਜ਼ ਟੈਸਟ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ¢ ਦੱਖਣੀ ਆਸਟ੍ਰੇਲੀਆ ਪੁਲਿਸ ਵਲੋਂ ਮੈਚ ਦੌਰਾਨ ਰਾਈਫਲਾਂ ਨਾਲ ਲੈਸ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਅਤੇ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਜਾਂਚ ਲਈ ਵਾਧੂ ਅਧਿਕਾਰ ਵਰਤੇ ਜਾ ਰਹੇ ਹਨ ¢ ਟੈਸਟ ਮੈਚ ਦੇ ਪਹਿਲੇ ਦਿਨ ਦੱਖਣੀ ਆਸਟ੍ਰੇਲੀਆ ਦੇ ਪੁਲਿਸ ਕਮਿਸ਼ਨਰ ਗ੍ਰਾਂਟ ਸਟੀਵਨਜ਼ ਨੇ ਦੱਸਿਆ ਕਿ ਮੈਦਾਨ ਵਿਚ ਦਾਖ਼ਲ ਹੋਣ ਵਾਲੇ ਹਰ ਦਰਸ਼ਕ ਦੇ ਬੈਗ ਦੀ ਤਲਾਸ਼ੀ ਲਈ ਜਾਵੇਗੀ ¢ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵਾਧੂ ਸੁਰੱਖਿਆ ਕਾਰਨ ਹੋ ਸਕਦੀ ਦੇਰੀ ਨੂੰ ਧੀਰਜ ਨਾਲ ਸਹਿਣ ਕਰਨ ¢ ਕਮਿਸ਼ਨਰ ਸਟੀਵਨਜ਼ ਨੇ ਕਿਹਾ ਕਿ ਬੌਂਡੀ ਦੀ ਦੁਖਦਾਈ ਘਟਨਾ ਤੋਂ ਬਾਅਦ ਐਡੀਲੇਡ ਟੈਸਟ ਦੇਸ਼ ਦਾ ਪਹਿਲਾ ਵੱਡਾ ਸਮਾਗਮ ਹੈ, ਇਸ ਲਈ ਉੱਚ ਪੱਧਰੀ ਚੌਕਸੀ ਅਪਣਾਈ ਗਈ ਹੈ ਤਾਂ ਜੋ ਦਰਸ਼ਕਾਂ ਨੂੰ ਸੁਰੱਖਿਅਤ ਮਾਹੌਲ ਮਿਲ ਸਕੇ¢ ਉਨ੍ਹਾਂ ਸਪਸ਼ਟ ਕੀਤਾ ਕਿ ਦੱਖਣੀ ਆਸਟ੍ਰੇਲੀਆ ਲਈ ਇਸ ਸਮੇਂ ਕੋਈ ਖ਼ਾਸ ਖ਼ਤਰਾ ਨਹੀਂ ਹੈ ਅਤੇ ਇਹ ਕਦਮ ਸਿਰਫ਼ ਸਾਵਧਾਨੀ ਵਜੋਂ ਚੁੱਕੇ ਗਏ ਹਨ ¢ ਹਾਲਾਂਕਿ ਵਾਧੂ ਤਾਇਨਾਤ ਪੁਲਿਸ ਦੀ ਗਿਣਤੀ ਨਹੀਂ ਦੱਸੀ ਗਈ, ਪਰ ਸਟੇਡੀਅਮ ਦੇ ਅੰਦਰ ਅਤੇ ਆਲੇ-ਦੁਆਲੇ, ਖ਼ਾਸ ਕਰਕੇ ਬਾਹਰੀ ਘੇਰੇ 'ਚ, ਪੁਲਿਸ ਦੀ ਮੌਜੂਦਗੀ ਸਪੱਸ਼ਟ ਰਹੇਗੀ ¢ ਸੁਰੱਖਿਆ ਪ੍ਰਤੀਕਿਰਿਆ ਯੂਨਿਟ ਦੇ ਸਿਖਲਾਈ ਪ੍ਰਾਪਤ ਕਰਮਚਾਰੀ ਰਾਈਫਲਾਂ ਨਾਲ ਡਿਊਟੀ ਨਿਭਾਉਣਗੇ ¢ ਪੁਲਿਸ ਨੂੰ ਹਥਿਆਰਾਂ ਦੀ ਤਲਾਸ਼ੀ, ਨਸ਼ੀਲੇ ਪਦਾਰਥਾਂ ਦੀ ਜਾਂਚ ਅਤੇ ਸੁਰੱਖਿਆ ਲਈ ਖ਼ਤਰਾ ਬਣ ਸਕਦੇ ਵਿਅਕਤੀਆਂ ਨੂੰ ਇਲਾਕੇ ਤੋਂ ਹਟਾਉਣ ਦੇ ਵਿਸ਼ੇਸ਼ ਅਧਿਕਾਰ ਮਿਲ ਗਏ ਹਨ¢ ਇਹ ਸੁਰੱਖਿਆ ਪ੍ਰਬੰਧ ਪੂਰੇ ਟੈਸਟ ਮੈਚ ਦੌਰਾਨ ਲਾਗੂ ਰਹਿਣਗੇ ¢ ਕਮਿਸ਼ਨਰ ਨੇ ਸੰਕੇਤ ਦਿੱਤਾ ਕਿ ਭਵਿੱਖ ਦੇ ਵੱਡੇ ਸਮਾਗਮਾਂ ਲਈ ਵੀ ਹਾਲਾਤਾਂ ਅਨੁਸਾਰ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਸਕਦੇ ਹਨ ¢