ਸਿਡਨੀ, 21 ਦਸੰਬਰ (ਹਰਕੀਰਤ ਸਿੰਘ ਸੰਧਰ)-ਆਸਟ੍ਰੇਲੀਆ ਦੀ ਸਭ ਤੋਂ ਵੱਡੀ ਧਾਰਮਿਕ ਸਿੱਖ ਸੰਸਥਾ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ (ਏ.ਐਸ.ਏ.) ਨੇ ਪੰਜਾਬ ਵਿਚ ਹੜ੍ਹਾਂ ਨਾਲ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਮਹੱਤਵਪੂਰਨ ਕਦਮ ਚੁੱਕਿਆ ਹੈ | ਸੰਸਥਾ ਵੱਲੋਂ ਖਾਲਸਾ ਏਡ ਤੇ ਯੂਨਾਈਟਡ ਸਿੱਖ ਨੂੰ 2 ਲੱਖ ਆਸਟ੍ਰੇਲੀਆਈ ਡਾਲਰ ਦੀ ਰਾਸ਼ੀ ਦਾਨ ਕੀਤੀ ਗਈ ਹੈ | ਇਸ ਮੌਕੇ ਗੁਰਦੁਆਰਾ ਗਲੈਨਵੁਡ ਵਿਖੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੇ ਡਾਇਰੈਕਟਰ ਮਹਿੰਗਾ ਸਿੰਘ ਖੱਖ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਐਸੋਸੀਏਸ਼ਨ ਹਮੇਸ਼ਾ ਪੰਜਾਬ ਦੇ ਨਾਲ ਖੜ੍ਹੀ ਰਹੀ ਹੈ | ਉਨ੍ਹਾਂ ਦੱਸਿਆ ਕਿ ਜਦੋਂ ਵੀ ਪੰਜਾਬ ਵਿਚ ਕੋਈ ਕੁਦਰਤੀ ਆਫ਼ਤ ਆਉਂਦੀ ਹੈ, ਆਸਟ੍ਰੇਲੀਆ ਦੀ ਸੰਗਤ ਵੱਲੋਂ ਪੂਰੇ ਜੋਸ਼ ਨਾਲ ਮਦਦ ਕੀਤੀ ਜਾਂਦੀ ਹੈ ਤਾਂ ਜੋ ਪ੍ਰਭਾਵਿਤ ਪਰਿਵਾਰਾਂ ਨੂੰ ਮੁੜ ਆਪਣੇ ਪੈਰਾਂ 'ਤੇ ਖੜ੍ਹਾ ਕੀਤਾ ਜਾ ਸਕੇ | ਮਹਿੰਗਾ ਸਿੰਘ ਖੱਖ ਨੇ ਕਿਹਾ ਕਿ ਸੰਗਤ ਦੇ ਸਹਿਯੋਗ ਨਾਲ ਇਕੱਠੀ ਕੀਤੀ ਗਈ ਇਹ ਰਕਮ ਖ਼ਾਲਸਾ ਏਡ ਤੇ ਯੂਨਾਈਟਡ ਸਿੱਖਸ ਰਾਹੀਂ ਪੰਜਾਬ ਵਿਚ ਹੜ੍ਹਾਂ ਕਾਰਨ ਘਰ-ਬਾਰ ਗੁਆ ਚੁੱਕੇ ਲੋਕਾਂ ਦੀ ਪੁਨਰਵਸਾਹੀ ਤੇ ਹੋਰ ਜ਼ਰੂਰੀ ਲੋੜਾਂ ਲਈ ਵਰਤੀ ਜਾਵੇਗੀ | ਇਸ ਸਮਾਗਮ ਦੌਰਾਨ ਖਾਲਸਾ ਏਡ ਵੱਲੋਂ ਭਾਈ ਹਰਪ੍ਰੀਤ ਸਿੰਘ ਤੇ ਯੂਨਾਈਟਡ ਸਿੱਖਸ ਵੱਲੋਂ ਰਣਦੀਪ ਸਿੰਘ ਗਰੇਵਾਲ ਖ਼ਾਸ ਤੌਰ 'ਤੇ ਗੁਰਦੁਆਰਾ ਗਲੈਨਵੁਡ ਵਿਖੇ ਹਾਜ਼ਰ ਹੋਏ | ਇਸਦੇ ਨਾਲ ਹੀ ਖ਼ਾਲਸਾ ਏਡ ਦੇ ਸੰਸਥਾਪਕ ਭਾਈ ਰਵੀ ਸਿੰਘ ਵੱਲੋਂ ਭੇਜੇ ਗਏ ਸੰਦੇਸ਼ ਵਿਚ ਆਸਟਰੇਲੀਆ ਵਾਸੀ ਸਿੱਖਾਂ ਦਾ ਧੰਨਵਾਦ ਕੀਤਾ ਗਿਆ | ਉਨ੍ਹਾਂ ਕਿਹਾ ਕਿ ਸੰਗਤ ਵੱਲੋਂ ਦਿੱਤੀ ਗਈ ਰਕਮ ਪੂਰੀ ਪਾਰਦਰਸ਼ਤਾ ਨਾਲ ਮਨੁੱਖੀ ਸੇਵਾ ਦੇ ਕਾਰਜਾਂ 'ਤੇ ਖਰਚ ਕੀਤੀ ਜਾਂਦੀ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਦਾਨਦਾਤਿਆਂ ਨੂੰ ਪੂਰਾ ਹੱਕ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਖ਼ਾਲਸਾ ਏਡ ਦੀ ਵੈਬਸਾਈਟ ਜਾਂ ਮੌਕੇ 'ਤੇ ਮੌਜੂਦ ਭਾਈ ਹਰਪ੍ਰੀਤ ਸਿੰਘ ਤੋਂ ਸਿੱਧੇ ਤੌਰ 'ਤੇ ਪ੍ਰਾਪਤ ਕਰ ਸਕਦੇ ਹਨ | ਅਖੀਰ 'ਚ ਸੰਸਥਾਵਾਂ ਨੇ ਦੱਸਿਆ ਕਿ ਹੜ੍ਹਾਂ ਨਾਲ ਪ੍ਰਭਾਵਿਤ ਤੇ ਨਵੇਂ ਵੱਸ ਰਹੇ ਪਰਿਵਾਰਾਂ ਦੀ ਮਦਦ ਲਈ ਲਗਾਤਾਰ ਯਤਨ ਜਾਰੀ ਰਹਿਣਗੇ |
ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਗਲੈਨਵੁਡ ਵੱਲੋਂ ਪੰਜਾਬ ਹੜ੍ਹ ਪੀੜਤਾਂ ਲਈ ਵੱਡੀ ਮਦਦ <br/>
ਅਜੀਤ ਡੈਸਕ
22-12-2025