ਸਿਡਨੀ, 25 ਦਸੰਬਰ (ਹਰਕੀਰਤ ਸਿੰਘ ਸੰਧਰ)-ਦਮਦਮੀ ਟਕਸਾਲ ਤੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੇ ਸਾਂਝੇ ਉਪਰਾਲੇ ਨਾਲ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦੇ ਉਦੇਸ਼ ਨਾਲ ਪੰਜ ਦਿਨਾਂ ਗੁਰਮਤਿ ਯੂਥ ਕੈਂਪ ਲਗਾਇਆ ਗਿਆ | ਗੁਰਦੁਆਰਾ ਸਾਹਿਬ ਗਲੈਨਵੁਡ ਵਿਖੇ ਲਗਾਏ ਗਏ ਕੈਂਪ 'ਚ ਸੈਂਕੜਿਆਂ ਦੀ ਗਿਣਤੀ ਵਿੱਚ ਬੱਚਿਆਂ ਅਤੇ ਨੌਜਵਾਨਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ¢ ਕੈਂਪ ਦੌਰਾਨ ਬੱਚਿਆਂ ਨੂੰ ਕੀਰਤਨ, ਗੁਰਬਾਣੀ ਪਾਠ ਅਤੇ ਗਤਕਾ ਦੀ ਸਿਖਲਾਈ ਦੇ ਨਾਲ-ਨਾਲ ਪਰਸਨੈਲਿਟੀ ਡਿਵੈਲਪਮੈਂਟ, ਲੀਡਰਸ਼ਿਪ ਸਕਿਲਜ਼ ਅਤੇ ਮਨੁੱਖੀ ਵਿਹਾਰ ਬਾਰੇ ਵੀ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀਆਂ ਕਲਾਸਾਂ ਰਾਹੀਂ ਦੱਸਿਆ ਗਿਆ ¢ ਇਸ ਮੌਕੇ ਜਾਣਕਾਰੀ ਦਿੰਦਿਆਂ ਭਾਈ ਅਮਰੀਕ ਸਿੰਘ ਨੇ ਦੱਸਿਆ ਕਿ ਕੈਂਪ ਦਾ ਮੁੱਖ ਉਦੇਸ਼ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਬੱਚਿਆਂ ਦਾ ਸਰਬ ਪੱਖੀ ਵਿਕਾਸ ਕਰਨਾ ਅਤੇ ਉਨ੍ਹਾਂ ਨੂੰ ਗੁਰਮਤਿ ਜੀਵਨ ਨਾਲ ਜੋੜਨਾ ਹੈ ¢ ਕੈਂਪ ਵਿਚ ਭਾਈ ਪਦਮਦੀਪ ਸਿੰਘ ਅਤੇ ਭਾਈ ਬਲਜਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ, ਜਿਨ੍ਹਾਂ ਨੇ ਬੱਚਿਆਂ ਨੂੰ ਸਿੱਖ ਧਰਮ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ¢ ਇਸ ਵਾਰ ਕੈਂਪ ਨੂੰ ਲੈ ਕੇ ਬੱਚਿਆਂ ਦੇ ਨਾਲ-ਨਾਲ ਮਾਪਿਆਂ ਵਿਚ ਵੀ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ ¢ ਮਾਪਿਆਂ ਲਈ ਵੀ ਵੱਖਰੇ ਤੌਰ 'ਤੇ ਸਿੱਖੀ ਸੰਬੰਧੀ ਕਲਾਸਾਂ ਦਾ ਪ੍ਰਬੰਧ ਕੀਤਾ ਗਿਆ ¢ ਜ਼ਿਕਰਯੋਗ ਹੈ ਕਿ ਇਹ ਗੁਰਮਤਿ ਯੂਥ ਕੈਂਪ ਹਰ ਸਾਲ ਲਗਾਇਆ ਜਾਂਦਾ ਹੈ, ਜਿਸ 'ਚ 6 ਸਾਲ ਤੋਂ ਲੈ ਕੇ 25 ਸਾਲ ਤੱਕ ਦੇ ਬੱਚੇ ਅਤੇ ਨੌਜਵਾਨ ਹਿੱਸਾ ਲੈਂਦੇ ਹਨ ਤੇ ਗੁਰਮਤਿ ਦੀਆਂ ਕਈ ਨਵੀਆਂ ਸਿੱਖਿਆਵਾਂ ਨਾਲ ਰੂਬਰੂ ਹੁੰਦੇ ਹਨ¢