ਯਮੁਨਾਨਗਰ, 31 ਮਈ (ਗੁਰਦਿਆਲ ਸਿੰਘ ਨਿਮਰ)-11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਆਯੂਸ਼ ਵਿਭਾਗ ਵਲੋਂ ਜ਼ਿਲ੍ਹਾ ਜੇਲ੍ਹ ਜਗਾਧਰੀ-ਯਮੁਨਾਨਗਰ ਵਿਖੇ ਡਿਪਟੀ ਕਮਿਸ਼ਨਰ ਪਾਰਥ ਗੁਪਤਾ ਅਤੇ ਜ਼ਿਲ੍ਹਾ ਆਯੁਰਵੈਦਿਕ ਅਫ਼ਸਰ ਡਾ. ਪ੍ਰਤਿਭਾ ਭਾਟੀਆ ਦੀ ਅਗਵਾਈ ਹੇਠ 'ਇਕ ਧਰਤੀ, ਇਕ ਸਿਹਤ' ਵਿਸ਼ੇ ਤਹਿਤ ਇਕ ਰੋਜ਼ਾ ਯੋਗ ਪ੍ਰੋਟੋਕੋਲ ਸਿਖਲਾਈ ਦਾ ਪ੍ਰਬੰਧ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਜੇਲ੍ਹ ਸੁਪਰਡੈਂਟ ਵਿਸ਼ਾਲ ਛਿੱਬਰ ਨੇ ਮੁੱਖ ਮਹਿਮਾਨ ਵਜੋਂ, ਜਦਕਿ ਭੁਪਿੰਦਰ ਸਿੰਘ ਤੇ ਵਰੁਣ ਕੁਮਾਰ ਡਿਪਟੀ ਸੁਪਰਡੈਂਟ ਜੇਲ੍ਹ ਵਲੋਂ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰੀ ਲੁਆਈ ਗਈ | ਪ੍ਰੋਗਰਾਮ ਦਾ ਸੰਚਾਲਨ ਜ਼ਿਲ੍ਹਾ ਯੋਗਾ ਕੋਆਰਡੀਨੇਟਰ ਡਾ. ਸੁਨੀਲ ਕੰਬੋਜ ਅਤੇ ਲਾਈਨ ਅਫ਼ਸਰ ਦਰਸ਼ਨ ਲਾਲ ਸੈਣੀ ਨੇ ਕੀਤਾ | ਯੋਗਾ ਪ੍ਰੋਟੋਕੋਲ ਦਾ ਅਭਿਆਸ ਆਯੂਸ਼ ਵਿਭਾਗ ਦੇ ਯੋਗ ਮਾਹਿਰ ਡਾ. ਸ਼ਿਵ ਕੁਮਾਰ ਸੈਣੀ ਦੁਆਰਾ ਕਰਵਾਇਆ ਗਿਆ | ਇਸ ਮੌਕੇ ਜ਼ਿਲ੍ਹਾ ਜੇਲ੍ਹ ਸੁਪਰਡੈਂਟ ਵਿਸ਼ਾਲ ਛਿੱਬਰ ਨੇ ਕਿਹਾ ਕਿ ਯੋਗ ਸਰੀਰਕ ਅਤੇ ਮਾਨਸਿਕ ਲਾਭ ਪ੍ਰਦਾਨ ਕਰਦਾ ਹੈ, ਜੋ ਕਿ ਜੇਲ੍ਹ 'ਚ ਬੰਦ ਕੈਦੀਆਂ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੈ | ਇਸੇ ਦੌਰਾਨ ਡਾ. ਸ਼ਿਵ ਸੈਣੀ ਨੇ ਯੋਗਾ ਪ੍ਰੋਟੋਕੋਲ 'ਚ ਸਰਵਾਈਕਲ ਮੂਵਮੈਂਟ, ਮੋਢੇ ਦੀ ਮੂਵਮੈਂਟ, ਗੋਡਿਆਂ ਦੀ ਮੂਵਮੈਂਟ, ਕਮਰ ਦੀ ਮੂਵਮੈਂਟ ਅਤੇ ਹੋਰ ਯੋਗ ਆਸਣਾਂ ਦਾ ਅਭਿਆਸ ਕਰਵਾਉਂਦਿਆਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅੰਤਰਰਾਸ਼ਟਰੀ ਯੋਗਾ ਦਿਵਸ 'ਇਕ ਧਰਤੀ, ਇਕ ਸਿਹਤ' ਦੇ ਵਿਸ਼ੇ ਅਧੀਨ ਬਹੁਤ ਉਤਸ਼ਾਹ ਨਾਲ ਮਨਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਯੋਗ ਨੂੰ ਆਪਣੀ ਜ਼ਿੰਦਗੀ ਦਾ ਇਕ ਮਹੱਤਵਪੂਰਨ ਹਿੱਸਾ ਬਣਾਉਣਾ ਚਾਹੀਦਾ ਹੈ | ਇਸ ਪ੍ਰੋਗਰਾਮ 'ਚ 550 ਪੁਰਸ਼ ਕੈਦੀਆਂ ਤੇ 22 ਮਹਿਲਾ ਕੈਦੀਆਂ ਸਮੇਤ 16 ਜੇਲ੍ਹ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਹਿੱਸਾ ਲਿਆ | ਇਸ ਮੌਕੇ ਜੇਲ੍ਹ ਸਟਾਫ਼ ਵਲੋਂ ਰਮੇਸ਼ ਕੁਮਾਰ ਡਿਪਟੀ ਅਸਿਸਟੈਂਟ ਸੁਪਰਡੈਂਟ, ਰਣਦੀਪ ਰਾਣਾ ਡਿਪਟੀ ਅਸਿਸਟੈਂਟ ਸੁਪਰਡੈਂਟ, ਦਾਰਾ ਸਿੰਘ, ਸੰਜੇ ਸਿੰਘ, ਆਯੂਸ਼ ਯੋਗਾ ਸਹਾਇਕ ਸੋਨੀਆ ਚਾਹਲ, ਦੀਪਕ ਬਡੌਲਾ ਅਤੇ ਆਯੁਰਵੈਦਿਕ ਫਾਰਮਾਸਿਸਟ ਨਿਸ਼ੂ ਵੀ ਹਾਜ਼ਰ ਸਨ |