ਪੁਰਾਤਨ ਸਿੰਘਾਂ ਦੇ ਬੋਲੇ
(ਖ਼ਾਲਸਾਈ ਗੜਗੱਜ ਬੋਲੇ ਤੇ ਸੰਖੇਪ ਇਤਿਹਾਸ ਨਿਹੰਗ ਸਿੰਘਾਂ)
ਸੰਪਾਦਕ : ਭਾਈ ਰਣਦੀਪ ਸਿੰਘ, ਭਾਈ ਜਸਬੀਰ ਸਿੰਘ 'ਕੋਹਾਲਾ'
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 250 ਰੁਪਏ, ਸਫ਼ੇ : 111
ਸੰਪਰਕ : 79018-67665

ਹਥਲੀ ਪੁਸਤਕ ਦੇ ਦੋਵੇਂ ਸੂਝਵਾਨ ਸੰਪਾਦਕਾਂ ਨੇ ਖ਼ਾਲਸਾਈ ਗੜਗੱਜ ਬੋਲਿਆਂ ਉੱਪਰ ਸੰਖੇਪ ਰੂਪ ਵਿਚ ਵਿਚਾਰ-ਚਰਚਾ ਕਰਕੇ ਮਾਂ-ਬੋਲੀ ਪੰਜਾਬੀ ਦੇ ਪਾਠਕਾਂ ਅਤੇ ਨੌਜਵਾਨ ਪੀੜ੍ਹੀ ਨੂੰ ਇਤਿਹਾਸ, ਸਿੱਖ ਵਿਰਾਸਤ ਅਤੇ ਸਾਡੇ ਪੁਰਖਿਆਂ ਦੇ ਕਿਰਦਾਰਾਂ ਨੂੰ ਪੇਸ਼ ਕਰਕੇ ਬਹੁਮੁੱਲਾ ਤੇ ਚਿਰਸਥਾਈ ਕਾਰਜ ਕੀਤਾ ਹੈ। ਅਠਾਰਵੀਂ ਸਦੀ ਦੇ ਸਿੱਖ ਇਤਿਹਾਸ ਦਾ ਸਾਡੇ ਖਾਲਸਾਈ ਬੋਲੇ ਇਕ ਅਨਿੱਖੜਵਾਂ ਅੰਗ ਹਨ। ਇਹ ਬੋਲੇ ਅੱਜ ਕੇਵਲ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਅਤੇ ਸੰਪਰਦਾਵਾਂ ਨੂੰ ਛੱਡ ਆਮ ਸਿੱਖਾਂ ਵਿਚੋਂ ਅਲੋਪ ਹੋਣ ਦੇ ਕਿਨਾਰੇ ਹਨ। ਅਠਾਰਵੀਂ ਸਦੀ ਦਾ ਪੰਜਾਬ ਦਾ ਇਤਿਹਾਸ ਵਾਚਣ ਤੋਂ ਪਿੱਛੋਂ ਪਾਠਕਾਂ ਦੇ ਰੌਂਗਟੇ ਖੜ੍ਹ ਜਾਂਦੇ ਹਨ। ਸਾਡੇ ਪੁਰਖਿਆਂ ਨੇ ਇਨ੍ਹਾਂ ਮੁਸੀਬਤਾਂ ਅਤੇ ਕਸ਼ਟਾਂ ਨੂੰ ਕਿਵੇਂ ਆਪਣੇ ਪਿੰਡਿਆਂ ਉੱਪਰ ਹੰਢਾਇਆ। ਲਗਾਤਾਰ ਸਾਲਾਂਬੱਧੀ ਸਾਡੇ ਘਰ-ਘਾਟ ਘੋੜਿਆਂ ਦੀਆਂ ਪਿੱਠਾਂ ਉੱਪਰ ਰਹੇ। ਜੰਗਲ-ਬੇਲੇ ਹੀ ਸਾਡਾ ਅਸਲ ਟਿਕਾਣਾ ਸਨ। ਸਾਡੇ ਪਰਿਵਾਰ ਤੇ ਬੱਚੇ ਵੀ ਸਾਡੇ ਨਾਲ ਵਸਦੇ-ਰਸਦੇ ਘਰ-ਘਾਟ ਛੱਡ ਕੇ ਘਰੋਂ-ਬੇਘਰ ਹੋ ਚੁੱਕੇ ਸਨ। ਸਾਡਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ। ਸਾਡੇ ਸਿੱਖ ਜਰਨੈਲ ਨਵਾਬ ਸਰਦਾਰ ਕਪੂਰ ਸਿੰਘ ਦੀ ਅਗਵਾਈ ਵਿਚ 264 ਦੇ ਕਰੀਬ ਖ਼ਾਲਸਾਈ ਗੜਗੱਜ ਬੋਲੇ ਇਕੋ ਦਿਨ ਵਿਚ ਬਣਾਏ ਗਏ ਸਨ। ਇਨ੍ਹਾਂ ਬੋਲਿਆਂ ਨੂੰ ਰਚਣ ਦਾ ਕਾਰਨ ਸਾਡਾ ਦੁਸ਼ਮਣ ਖ਼ਾਲਸੇ ਦੇ ਇਨ੍ਹਾਂ ਗੁਪਤ ਕੋਡਾਂ (ਭਾਵ ਬੋਲੇ ਹੋਏ ਸ਼ਬਦਾਂ) ਨੂੰ ਸਮਝ ਨਾ ਸਕੇ। ਉਸ ਸਮੇਂ ਦਾ ਸਾਡਾ ਦੁਸ਼ਮਣ ਪੰਜਾਬੀ, ਹਿੰਦੀ, ਪਸ਼ਤੋ, ਉਰਦੂ ਤੇ ਫ਼ਾਰਸੀ ਸਮਝਦਾ ਸੀ। ਦੁਸ਼ਮਣ ਤੇ ਸਰਕਾਰੀ ਅਹਿਲਕਾਰ ਸਾਡੇ ਇਨ੍ਹਾਂ ਗੁਪਤ ਕੋਡਾਂ ਨੂੰ ਨਹੀਂ ਸਨ ਸਮਝ ਸਕਦੇ, ਦੁਸ਼ਮਣ ਦੀ ਫ਼ੌਜ ਲਈ ਇਹ ਬੋਲੇ ਭੈਅ ਅਤੇ ਡਰ ਦਾ ਕਾਰਨ ਬਣ ਜਾਂਦੇ ਸਨ।
ਤੰਗੀ-ਤੁਰਸ਼ੀ ਤੇ ਮੁਸੀਬਤ ਮਾਰੇ ਸਿੰਘ ਛੋਲਿਆਂ ਨੂੰ ਬਦਾਮ, ਭੁੱਖ ਨੂੰ ਕੜਾਕਾ, ਇਕ ਸਿੰਘ ਨੂੰ ਸਵਾ-ਲੱਖ ਕਹਿ ਕੇ ਚੜ੍ਹਦੀ ਕਲਾ ਵਿਚ ਰਹਿੰਦੇ ਸਨ। ਜਦੋਂ ਮੁਗ਼ਲੀਆ ਹਕੂਮਤ ਨੇ ਸਾਡੇ ਰਹਿਣ-ਬਸੇਰੇ ਹੀ ਖ਼ਤਮ ਕਰ ਦਿੱਤੇ ਸਨ, ਉਸ ਸਮੇਂ ਇਹੋ ਬੋਲੇ ਸਾਡੀ ਉੱਚ-ਮਾਨਸਿਕਤਾ ਦਾ ਪ੍ਰਤੀਕ ਸਨ। ਜਦੋਂ ਕੋਈ ਸਿੰਘ ਸ਼ਹੀਦੀ ਪ੍ਰਾਪਤ ਕਰਦਾ ਸੀ, ਉਸ ਲਈ ਮੌਤ ਜਾਂ ਮਰ ਗਿਆ ਨਹੀਂ ਖ਼ਾਲਸਾ 'ਚੜ੍ਹਾਈ ਕਰ ਗਿਆ', ਇਕ ਲੱਤ ਕੱਟੀ ਜਾਣ ਤੋਂ ਬਾਅਦ ਲੰਗੜਾ ਨਹੀਂ, ਸਗੋਂ 'ਸੁਚਾਲਾ ਸਿੰਘ', 'ਅੰਨ੍ਹੇ ਨੂੰ 'ਸੂਰਮਾ', ਬੋਲੇ ਨੂੰ 'ਚੁਬਾਰੇ ਚੜ੍ਹਿਆ', ਇਕ ਅੱਖ ਵਾਲੇ ਨੂੰ 'ਲੱਖ ਨੇਤਰਾ' ਕਹਿ ਕੇ ਸੰਬੋਧਨ ਕਰਦੇ ਸਨ। ਮੌਤ ਨੂੰ ਮਖੌਲਾਂ ਕਰਨ ਵਾਲਾ ਖ਼ਾਲਸੇ ਦਾ ਕਿਰਦਾਰ ਅੱਜ ਦੀ ਨੌਜਵਾਨ ਪੀੜ੍ਹੀ ਤੱਕ ਪਹੁੰਚਣ ਦੀ ਵੱਡੀ ਲੋੜ ਵੀ ਹੈ।
ਦੋਵੇਂ ਸੰਪਾਦਕਾਂ ਨੇ ਪੁਸਤਕ ਨੂੰ ਛੇ ਭਾਗਾਂ ਵਿਚ ਵੰਡਿਆ ਹੈ, ਪਹਿਲੇ ਹਿੱਸੇ ਵਿਚ ਨਿਹੰਗ ਸਿੰਘਾਂ ਦਾ ਸੰਖੇਪ ਇਤਿਹਾਸ, ਦੂਜੇ ਹਿੱਸੇ ਵਿਚ ਉਨ੍ਹਾਂ ਸਿੱਖ ਵਿਦਵਾਨ ਪ੍ਰੋ. ਪਿਆਰਾ ਸਿੰਘ ਪਦਮ ਦੇ 'ਚੜ੍ਹਦੀ ਕਲਾ ਦਾ ਪ੍ਰਤੀਕ ਖ਼ਾਲਸਾਈ ਬੋਲੇ' ਤੇ ਸਾਡੀ ਮਾਨਸਿਕਤਾ 'ਤੇ ਵਿਚਾਰ ਪੇਸ਼ ਕੀਤੇ ਹਨ। ਤੀਜੇ ਹਿੱਸੇ ਵਿਚ ਸਿੱਖ ਇਤਿਹਾਸ ਤੇ ਗੁਰਬਾਣੀ ਨਾਲ ਸੰਬੰਧਿਤ ਕਿਤਾਬਾਂ ਦੇ ਰਚੇਤਾ ਸੰਤ ਸੇਵਾ ਸਿੰਘ ਰਾਮਪੁਰ ਖੇੜਾ ਦਾ ਪ੍ਰਭਾਵਸ਼ਾਲੀ ਲੇਖ 'ਸਿੰਘਾਂ ਦੇ ਬੋਲਿਆਂ ਵਿਚ ਕਿੰਨੀ ਤਾਕਤ ਸੀ।' ਅਗਲੇ ਚੌਥੇ ਹਿੱਸੇ ਵਿਚ ਕ੍ਰਮਵਾਰ (ਪੈਂਤੀ ਅੱਖਰੀ ਮੁਤਾਬਿਕ) 30-32 ਸਫ਼ੇ ਵਿਚ 'ਪੁਰਾਤਨ ਸਿੰਘਾਂ ਦੇ ਬੋਲੇ' ਅਤੇ ਅੰਤਿਮ ਭਾਗ ਵਿਚ ਭਾਈ ਰਣਦੀਪ ਸਿੰਘ ਦਾ ਲੇਖ 'ਸੰਖੇਪ ਇਤਿਹਾਸ ਪੁਰਾਤਨ ਸਿੰਘਾਂ ਦੇ ਬੋਲੇ' ਵਿਚ ਭਾਵਪੂਰਤ ਵਿਚਾਰਾਂ ਪੇਸ਼ ਕੀਤੀਆਂ ਹਨ।
ਪੁਸਤਕ ਦੇ ਆਖਰ ਵਿਚ ਸਹਾਇਕ ਪੁਸਤਕਾਂ ਦੀ ਸੂਚੀ ਵੀ ਦਿੱਤੀ ਗਈ ਹੈ। ਸੰਪਾਦਕਾਂ ਵਲੋਂ ਪੇਸ਼ ਖ਼ਾਲਸੇ ਦੇ ਗੜਗੱਜ ਬੋਲੇ ਸਾਡੇ ਪੁਰਖਿਆਂ ਦੀ ਸੱਚੀ-ਸੁੱਚੀ ਰਹਿਣੀ-ਕਹਿਣੀ, ਬਹਿਣੀ ਤੇ ਬੌਧਿਕ ਅਵਸਥਾ ਦੀ ਉਪਜ ਹਨ। ਪਾਠਕਾਂ ਲਈ ਪੁਸਤਕ ਸਾਂਭਣਯੋਗ ਪੂੰਜੀ ਹੈ।
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040
ਮੁਹੱਬਤ ਕੱਚੀ-ਪੱਕੀ
ਲੇਖਕ : ਵੀਤ ਬਾਦਸ਼ਾਹਪੁਰੀ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 300 ਰੁਪਏ, ਸਫ਼ੇ : 102
ਸੰਪਰਕ : 98723-29064

'ਮੁਹੱਬਤ ਕੱਚੀ-ਪੱਕੀ' ਲੇਖਕ ਵੀਤ ਬਾਦਸ਼ਾਹਪੁਰੀ ਦਾ ਤੀਸਰਾ ਕਾਵਿ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਲੇਖਕ ਦੇ ਦੋ ਕਾਵਿ ਸੰਗ੍ਰਹਿ 'ਤਾਰਿਆਂ ਤੋਂ ਪਾਰ' ਅਤੇ 'ਸਵੇਰਾ ਦੂਰ ਨਹੀਂ' ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਹਥਲੀ ਪੁਸਤਕ 'ਚ ਉਸ ਦੀਆਂ 74 ਕਾਵਿ ਰਚਨਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਨ੍ਹਾਂ ਕਾਵਿ-ਰਚਨਾਵਾਂ 'ਚ ਮੁਹੱਬਤ ਦੀ ਮਹਿਕ ਵੀ ਹੈ, ਬ੍ਰਿਹਾ ਦੀ ਕਸਕ ਵੀ ਹੈ, ਸਿਆਸਤ ਦੀ ਕੋਝੀ ਖੇਡ ਖਿਲਾਫ਼ ਸਖ਼ਤ ਘ੍ਰਿਣਾ ਵੀ ਹੈ, ਦੇਸ਼ ਦੇ ਹੁਕਮਰਾਨਾਂ ਵਲੋਂ ਜਾਤਾਂ-ਪਾਤਾਂ, ਧਰਮਾਂ ਦਾ ਪੱਤਾ ਖੇਡ ਕੇ ਮਨੁੱਖਤਾ ਨੂੰ ਲਹੂ-ਲੁਹਾਣ ਕਰਕੇ ਆਪਣੀਆਂ ਸਿਆਸੀ ਰੇਟੀਆਂ ਸੇਕਣ ਖਿਲਾਫ਼ ਵਿਦਰੋਹ ਵੀ ਉਮੜਦਾ ਹੈ :
ਨਾ ਹਿੰਦੂਆਂ ਦੀ ਲੜਾਈ ਐ, ਨਾ ਮੁਸਲਮਾਨਾਂ ਦੀ ਲੜਾਈ ਐ।
ਇਹ ਤਾਂ ਦੋਵੇਂ ਪਾਸੇ ਦੇ ਮਤਲਬੀ,
ਹੁਕਮਰਾਨਾਂ ਦੀ ਲੜਾਈ ਐ।
(ਪੰਨਾ : 22)
ਸਰਮਾਏਦਾਰਾਂ ਵਲੋਂ ਕਿਰਤੀ ਲੋਕਾਂ ਦੀ ਕੀਤੀ ਜਾ ਰਹੀ ਲੁੱਟ-ਖਸੁੱਟ ਉਸ ਨੂੰ ਧੁਰ ਅੰਦਰੋਂ ਵਲੂੰਧਰਦੀ ਹੈ। ਕਵੀ ਕਿਰਤੀ, ਕਿਸਾਨਾਂ ਨੂੰ ਜਾਗਰੂਕ ਹੋਣ ਦਾ ਹੋਕਾ ਦਿੰਦਾ ਜਾਪਦਾ ਹੈ ਅਤੇ ਕਿਰਤੀ ਲੋਕਾਂ ਨੂੰ ਖੁਦਕੁਸ਼ੀਆਂ ਦੀ ਬਜਾਏ ਭ੍ਰਿਸ਼ਟ ਸਿਸਟਮ ਖਿਲਾਫ਼ ਲੜਨ ਲਈ ਪ੍ਰੇਰਿਤ ਕਰਦਾ ਹੈ। ਦੇਸ਼ 'ਚ ਅੰਨ੍ਹੀ ਕਤਲੋਗਾਰਤ ਅਤੇ ਹੱਕ ਮੰਗਦੇ ਲੋਕਾਂ ਦੇ ਵਰ੍ਹਦੀਆਂ ਡਾਂਗਾਂ ਉਸਨੂੰ ਬੇਚੈਨ ਕਰਦੀਆਂ ਹਨ :
ਜਿੱਥੇ ਅਕਸਰ ਦੰਗੇ ਹੁੰਦੇ,
ਜਿੱਥੇ ਨਿੱਤ ਲਗਦੀਆਂ ਅੱਗਾਂ।
ਮੈਂ ਉਸ ਦੇਸ ਦਾ ਵਾਸੀ ਹਾਂ,
ਜਿੱਥੇ ਹੱਕ ਮੰਗੇ ਤੋਂ ਲੱਥਦੀਆਂ ਪੱਗਾਂ।
(ਪੰਨਾ : 49)
ਰਾਜਨੀਤਕ ਲੋਕਾਂ ਵਲੋਂ ਗਰੀਬਾਂ ਨੂੰ ਆਟਾ-ਦਾਲ ਸਕੀਮ ਵਰਗੀਆਂ ਮੁਫਤਖੋਰੀਆਂ ਸਕੀਮਾਂ 'ਚ ਉਲਝਾ ਕੇ ਰੁਜ਼ਗਾਰ ਵਾਲੇ ਪਾਸਿਓਂ ਧਿਆਨ ਹਟਾਉਣ ਤੋਂ ਕਵੀ ਡਾਹਢਾ ਚਿੰਤਤ ਜਾਪਦਾ ਹੈ। ਇਸ ਸੰਗ੍ਰਹਿ ਦੀਆਂ ਕਾਵਿ ਰਚਨਾਵਾਂ ਵਿਸ਼ਾ ਵਸਤੂ ਪੱਖ ਤੋਂ ਮਜ਼ਬੂਤ ਅਤੇ ਰਵਾਨਗੀ ਭਰਪੂਰ ਹੋਣ ਕਰਕੇ ਪਾਠਕ ਨੂੰ ਖਿੱਚ ਪਾਉਂਦੀਆਂ ਹਨ। ਲੇਖਕ ਵੀਤ ਬਾਦਸ਼ਾਹਪੁਰੀ ਦੇ ਇਸ ਹਥਲੇ ਕਾਵਿ ਸੰਗ੍ਰਹਿ 'ਮੁਹੱਬਤ ਕੱਚੀ-ਪੱਕੀ' ਦਾ ਸਵਾਗਤ ਕਰਨਾ ਬਣਦਾ ਹੈ।
-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625
ਨਾਵਾਂ ਦਾ ਕੋਸ਼
ਲੇਖਕ : ਘੀਲਾ ਸਿੰਘ ਗਹਿਰੀ 'ਬੁੱਟਰ'
ਪ੍ਰਕਾਸ਼ਕ : ਲੇਖਕ ਖ਼ੁਦ
ਮੁੱਲ : 500 ਰੁਪਏ, ਸਫ਼ੇ : 328
ਸੰਪਰਕ : 98151-60994

ਇਸ ਪੁਸਤਕ ਵਿਚ ਗੁਰਬਾਣੀ ਵਿਚ ਆਉਂਦੇ ਦੇਵੀ-ਦੇਵਤਿਆਂ, ਇਤਿਹਾਸਕ-ਪੌਰਾਣਿਕ ਪਾਤਰਾਂ ਅਤੇ ਪਿੰਡਾਂ, ਸ਼ਹਿਰਾਂ ਨਾਲ ਸੰਬੰਧਿਤ ਨਾਮਾਵਲੀ, ਦੀ ਕੋਸ਼ਕਾਰੀ ਉਪਲਬਧ ਹੁੰਦੀ ਹੈ। ਸ. ਘੀਲਾ ਸਿੰਘ ਇਸ ਤੋਂ ਪਹਿਲਾਂ ਇਕ 'ਅੰਕੜਾ ਕੋਸ਼' ਵੀ ਪ੍ਰਕਾਸ਼ਿਤ ਕਰ ਚੁੱਕਾ ਹੈ। ਪੰਜਾਬੀ ਵਿਚ ਕੋਸ਼ਕਾਰੀ ਦਾ ਕਾਫ਼ੀ ਘਾਟ ਹੈ। ਕਵੀ, ਨਾਟਕਕਾਰ ਅਤੇ ਗਲਪਕਾਰ ਤਾਂ ਬਹੁਤ ਹਨ ਪਰ ਕੋਸ਼ਕਾਰੀ ਦੇ ਜਟਿਲ ਮਾਰਗ ਉੱਪਰ ਚੱਲਣ ਦਾ ਬਹੁਤ ਘੱਟ ਵਿਦਵਾਨਾਂ ਵਿਚ ਉਤਸ਼ਾਹ ਰਿਹਾ ਹੈ। ਇਸ ਪੱਖੋਂ ਘੀਲਾ ਸਿੰਘ ਸਾਡੇ ਧੰਨਵਾਦ ਦਾ ਯੋਗ ਪਾਤਰ ਹੈ। ਇਥੇ ਇਹ ਤੱਥ ਦੱਸਣਾ ਵੀ ਯੋਗ ਰਹੇਗਾ ਕਿ ਇਹ ਪੁਸਤਕ ਨਵੰਬਰ 2023 ਵਿਚ ਪਹਿਲੀ ਵਾਰ ਪ੍ਰਕਾਸ਼ਿਤ ਹੋਈ ਸੀ ਅਤੇ ਹੁਣ 2024 ਈ. ਵਿਚ ਇਸ ਦਾ ਦੂਜਾ ਐਡੀਸ਼ਨ ਵੀ ਆ ਗਿਆ ਹੈ। ਇਸ ਪੁਸਤਕ ਦੇ ਪਹਿਲੇ 160 ਪੰਨਿਆਂ ਵਿਚ ਦਸ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਤਿਹਾਸ ਅੰਕਿਤ ਹੈ ਅਤੇ ਅਗਲੇ ਏਨੇ ਹੀ ਪੰਨਿਆਂ ਵਿਚ ਕੋਸ਼ ਦੇ ਲਗਭਗ 200 ਇੰਦਰਾਜ਼ ਦਿੱਤੇ ਗਏ ਹਨ। ਲੇਖਕ ਨੇ ਆਪਣੇ ਅਧਿਆਤਮਿਕ ਸਫ਼ਰ ਵਿਚ ਸਮੇਂ-ਸਮੇਂ ਮਹਿਸੂਸ ਕੀਤਾ ਸੀ ਕਿ ਸਿੱਖ ਸ਼ਰਧਾਲੂ ਅਤੇ ਵਿਸ਼ਵ ਦੇ ਹੋਰ ਬਹੁਤ ਸਾਰੇ ਪਾਠਕ ਗੁਰਬਾਣੀ ਦੇ ਪਾਠ ਦੌਰਾਨ ਕਈ ਨਾਵਾਂ-ਥਾਵਾਂ ਅਤੇ ਵੇਰਵਿਆਂ ਉੱਪਰ ਅਟਕ ਜਾਂਦੇ ਸਨ ਕਿਉਂਕਿ ਉਨ੍ਹਾਂ ਨੂੰ ਇਨ੍ਹਾਂ ਬਾਰੇ ਸਟੀਕ ਅਤੇ ਸਹੀ ਜਾਣਕਾਰੀ ਦੇਣ ਵਾਲਾ ਕੋਈ ਗ੍ਰੰਥ ਉਪਲਬਧ ਨਹੀਂ ਸੀ। ਭਾਵੇਂ ਭਾਈ ਕਾਨ੍ਹ ਸਿੰਘ ਨਾਭਾ ਦਾ 'ਗੁਰਸ਼ਬਦ ਰਤਨਾਕਰ' ਅਤੇ ਯੂਨੀਵਰਸਿਟੀਆਂ ਵਲੋਂ ਪ੍ਰਕਾਸ਼ਿਤ ਕੀਤੇ ਕੁਝ ਕੋਸ਼ ਮਿਲਦੇ ਤਾਂ ਸਨ ਪਰ ਉਨ੍ਹਾਂ ਦੀ ਹਰ ਵਿਅਕਤੀ ਵਰਤੋਂ ਨਹੀਂ ਸੀ ਕਰ ਸਕਦਾ ਕਿਉਂਕਿ ਉਹ ਟੈਕਨੀਕਲ ਕੋਸ਼ ਹਨ ਅਤੇ ਉਨ੍ਹਾਂ ਵਿਚ ਦਿੱਤੇ ਇੰਦਰਾਜਾਂ ਦੀ ਥਾਹ ਪਾ ਸਕਣਾ ਵੀ ਆਸਾਨ ਨਹੀਂ ਹੈ। ਘੀਲਾ ਸਿੰਘ ਦੁਆਰਾ ਤਿਆਰ ਕੀਤੇ ਇਸ ਕੋਸ਼ ਨੂੰ ਗੁਰਬਾਣੀ ਦੇ ਸਮਵਿੱਥ ਰੱਖ ਕੇ ਪੜ੍ਹਨ ਦੀ ਵੀ ਕੋਈ ਮਜਬੂਰੀ ਨਹੀਂ ਹੈ। ਇਸ ਨੂੰ ਇਕ ਇਤਿਹਾਸਕ ਜਾਂ ਸਭਿਆਚਾਰਕ-ਲਿਖਤ ਵਜੋਂ ਵੀ ਪੜ੍ਹਿਆ ਅਤੇ ਮਾਣਿਆ ਜਾ ਸਕਦਾ ਹੈ। ਗੁਰਬਾਣੀ ਅਤੇ ਧਰਮ-ਸ਼ਾਸਤਰ ਦੇ ਆਮ ਪਾਠਕ ਵੀ ਇਸ ਕੋਸ਼ ਤੋਂ ਅਗਵਾਈ ਅਤੇ ਸੂਚਨਾਵਾਂ ਹਾਸਲ ਕਰ ਸਕਦੇ ਹਨ।
-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-24040
ਦੋ ਪੁਲਾਂਘਾਂ ਦੂਰ
ਲੇਖਕ : ਕੁਲਵੀਰ ਕੌਰ ਜੋਤੀ
ਪ੍ਰਕਾਸ਼ਕ : ਤਾਲਿਫ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 72
ਸੰਪਰਕ : 77079-89079

ਦੋ ਪੁਲਾਂਘਾਂ ਦੂਰ ਨਾਵਲ ਲੇਖਿਕਾ ਦਾ ਪਲੇਠਾ ਨਾਵਲ ਹੈ, ਜਿਸ ਵਿਚ ਉਸ ਨੇ ਸੰਘਰਸ਼ ਕਰਦੀਆਂ ਉਨ੍ਹਾਂ ਔਰਤਾਂ ਦੀ ਕਹਾਣੀ ਨੂੰ ਬਿਰਤਾਂਤ ਦਾ ਆਧਾਰ ਬਣਾਇਆ ਹੈ, ਜਿਹੜੀਆਂ ਉਮਰ ਭਰ ਜ਼ਿੰਦਗੀ ਵੱਲ ਦੋ ਪੁਲਾਂਘਾਂ ਪੁੱਟਣ ਦੀ ਉਮੀਦ ਵਿਚ ਜਿਊਂਦੀਆਂ ਹਨ ਪਰ ਅੰਤ ਵਿਚ ਮੌਤ ਵੱਲ ਦੋ ਪੁਲਾਂਘਾਂ ਪੱਟ ਜ਼ਿੰਦਗੀ ਤੋਂ ਨਿਜਾਤ ਪਾ ਜਾਂਦੀਆਂ ਹਨ। ਸਭ ਕੁਝ ਹੁੰਦਿਆਂ ਵੀ ਉਹ ਅੰਦਰੋਂ ਕਿਧਰੇ ਖਾਲੀ ਰਹਿੰਦੀਆਂ ਹਨ। ਉੱਤਮ ਪੁਰਖੀ ਬਿਰਤਾਂਤ ਵਿਚ ਲਿਖੇ ਇਸ ਨਾਵਲ ਦਾ ਧਰਾਤਲ ਮਾਲਵੇ ਦੀ ਭੂਮੀ ਹੈ, ਜਿੱਥੇ ਨਾਵਲ ਦੀ ਨਾਇਕਾ ਜੀਤੋ ਬਚਪਨ ਵਿਚ ਹੀ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨਾਲ ਦੋ ਚਾਰ ਹੁੰਦੀ ਹੈ। ਸੁਪਨੇ ਦੇਖਦੀ ਹੈ, ਪੜ੍ਹਨਾ ਚਾਹੁੰਦੀ ਹੈ ਪਰ ਉਸ ਦੇ ਹਾਲਾਤ ਉਸ ਨੂੰ ਹਰ ਪਾਸਿਓਂ ਮਾਤ ਦਿੰਦੇ ਹਨ। ਔਰਤ ਮਨ ਦੀਆਂ ਭਾਵਨਾਵਾਂ ਨੂੰ ਬਿਆਨ ਕਰਦੇ ਇਸ ਨਾਵਲ ਵਿਚ ਬਹੁਤੀ ਥਾਂ ਔਰਤ ਹੀ ਔਰਤ ਦੀ ਦੁਸ਼ਮਣ ਅਤੇ ਔਰਤ ਹੀ ਔਰਤ ਦੀ ਦੋਸਤ ਨਜ਼ਰ ਆਉਂਦੀ ਹੈ। ਕਿਤੇ ਉਹ ਅੰਬੋ ਦੇ ਰੂਪ ਵਿਚ ਜ਼ਾਲਮ ਹੈ ਤੇ ਕਿਤੇ ਸੰਵੇਦਨਾ ਭਰੀ ਚਾਚੀ ਦੇ ਰੂਪ ਵਿਚ ਜੀਤੋ ਨੂੰ ਮਾਂ ਦਾ ਪਿਆਰ ਦਿੰਦੀ ਨਜ਼ਰ ਆਉਂਦੀ ਹੈ। ਮਾਪਿਆਂ ਦੇ ਘਰ ਪਿਆਰ ਵਿਹੂਣੀ ਜੀਤੋ ਵਿਆਹ ਤੋਂ ਬਾਅਦ ਪਿਆਰ, ਇੱਜ਼ਤ ਦੀ ਲੋੜ ਮਹਿਸੂਸ ਕਰਦੀ ਹੈ ਪਰ ਉੱਥੇ ਵੀ ਉਸ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ। ਪਤੀ ਦੀਆਂ ਜ਼ਿਆਦਤੀਆਂ ਝੱਲਣ ਤੋਂ ਬਾਅਦ ਉਹ ਆਪਣੇ ਪੁੱਤਰ ਵਿਚੋਂ ਆਪਣੇ ਸੁਪਨੇ ਤਲਾਸ਼ਦੀ ਹੈ ਪਰ ਪੁੱਤਰ ਦਾ ਵਿਹਾਰ ਉਸ ਨੂੰ ਇਸ ਕਦਰ ਤੋੜਦਾ ਹੈ ਕਿ ਮੌਤ ਦੇ ਮੂੰਹ ਜਾ ਪੈਂਦੀ ਹੈ ਅਤੇ ਅੰਤਲੇ ਸਮੇਂ ਆਪਣੇ ਆਪ ਨੂੰ ਪੀੜ ਮੁਕਤ ਹੋਈ ਮਹਿਸੂਸ ਕਰਦੀ ਹੈ। ਇਕਹਿਰੀ ਬਣਤਰ ਵਾਲੇ ਇਸ ਨਾਵਲ ਨੂੰ ਪੜ੍ਹਦੇ ਹੋਏ ਪਾਠਕ ਛੋਟੀ ਉਮਰੇ ਲੇਖਿਕਾ ਦੀ ਗਹਿਰੀ ਸੋਚ ਨੂੰ ਨਾਵਲ ਵਿਚ ਦੇਖਦਾ ਹੈ। ਸਰਲ ਸਧਾਰਨ ਪਾਤਰਾਂ ਦੇ ਰੂਪ ਵਿਚ ਜ਼ਿੰਦਗੀ ਵਿਚ ਵਿਚਰਦੀਆਂ ਔਰਤਾਂ ਦੇ ਅਨੇਕਾਂ ਰੂਪ ਪੇਸ਼ ਕਰਦਾ ਨਾਵਲ ਮਰਦ ਪਾਤਰਾਂ ਨੂੰ ਵੀ ਉਭਾਰਦਾ ਹੈ ਜੋ ਅਜੇ ਵੀ ਜਗੀਰੂ ਸੋਚ ਚੋਂ ਬਾਹਰ ਨਹੀਂ ਨਿਕਲ ਪਾਏ। ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਲੇਖਿਕਾ ਦੀ ਹੋਰ ਮਿਹਨਤ ਉਸ ਦੀ ਲੇਖਣੀ ਨੂੰ ਨਿਖਾਰ ਸਕਦੀ ਹੈ।
-ਡਾ. ਸੁਖਪਾਲ ਕੌਰ ਸਮਰਾਲਾ
ਮੋਬਾਈਲ : 83606-83823
ਨਾਰੀ ਸੰਵੇਦਨਾ ; ਬਦਲਦੇ ਪਰਿਪੇਖ
ਮੁੱਖ ਸੰਪਾਦਕ : ਡਾ. ਅਮਨਦੀਪ ਕੌਰ ਪ੍ਰਿੰ.
ਸੰਪਾਦਕ : ਡਾ. ਇੰਦਰਜੀਤ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ 300 ਰੁਪਏ, ਸਫ਼ੇ : 238
ਸੰਪਰਕ : 94638-36591

ਵਿਚਾਰਧੀਨ ਪੁਸਤਕ ਵਿਚ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ, ਖ਼ਾਲਸਾ ਕਾਲਜ ਫਾਰ ਵਿਮੈਨ, ਸਿੱਧਵਾਂ ਖ਼ੁਰਦ ਵਲੋਂ ਪੰਜਾਬੀ ਸਾਹਿਤ ਦੇ ਵਿਕਾਸ ਵਿਚ ਨਾਰੀ ਸਾਹਿਤਕਾਰਾਂ ਦੀ ਭੂਮਿਕਾ ਵਿਸ਼ੇ 'ਤੇ ਕਰਵਾਏ ਅੰਤਰ ਰਾਸ਼ਟਰੀ ਸੈਮੀਨਾਰ ਵਿਚ ਖੋਜਾਰਥੀਆਂ ਵਲੋਂ ਪੜ੍ਹੇ ਖੋਜ ਪੱਤਰਾਂ ਦਾ ਸੰਗ੍ਰਿਹ ਹੈ। ਇਸ ਪੁਸਤਕ ਵਿਚ ਨਾਰੀ ਸੰਵੇਦਨਾ ਦੇ ਵੱਖ-ਵੱਖ ਪਾਸਾਰ ਨਾਲ ਜੁੜੇ ਕਰੀਬ 27 ਖੋਜਾਰਥੀਆਂ ਦੇ ਆਲੋਚਨਾਤਮਿਕ ਲੇਖ ਦਰਜ ਹਨ। ਇਹ ਲੇਖ ਆਧੁਨਿਕ ਪੰਜਾਬੀ ਨਾਵਲ, ਕਹਾਣੀ, ਕਵਿਤਾ, ਨਾਟਕ ਆਦਿ ਦੀ ਸਿਰਜਾਣਤਮਿਕਤਾ ਦੇ ਪ੍ਰਸੰਗ ਵਿਚ ਨਾਰੀ ਹੋਂਦ ਦੇ ਮਸਲਿਆਂ ਨੂੰ ਸੰਬੋਧਤ ਹਨ। ਨਾਰੀ ਹੋਂਦ ਦੇ ਹਸਤੀ ਦਾ ਸਵਾਲ ਸਾਹਿਤ ਵਰਗੇ ਕਲਾ ਰੂਪਾਂ ਵਿਚ ਪੇਸ਼ ਹੋਣਾ ਅਤੇ ਇਸ ਪੇਸ਼ਕਾਰੀ ਦਾ ਮੁਲਾਂਕਣ ਹੋਣਾ ਗੰਭੀਰ ਸੰਵਾਦ ਦੀ ਮੰਗ ਕਰਦਾ ਹੈ। ਇਹ ਮਸਲਾ ਸਿਰਫ ਔਰਤ ਦੇ ਹੱਕਾਂ ਤੇ ਅਧਿਕਾਰਾਂ ਦੀ ਜਾਗ੍ਰਿਤੀ ਦਾ ਮੁੱਦਾ ਨਹੀਂ, ਸਗੋਂ ਪੁਰਸ਼ ਪ੍ਰਧਾਨ ਸਮਾਜ ਦੀਆਂ ਉਨ੍ਹਾਂ ਤਮਾਮ ਪਿੱਤਰੀ ਬਣਤਰਾਂ ਨੂੰ ਸਮਝਣ ਦਾ ਹੈ, ਜਿਨ੍ਹਾਂ ਵਿਚ ਨਾਰੀ ਦਾ ਭਾਰੂ ਸਮਾਜਿਕ ਸੱਭਿਆਚਾਰਕ ਕੀਮਤਾਂ ਵਿਚ ਦਮਨ ਕੀਤਾ ਜਾਂਦਾ ਹੈ। ਦਮਨ ਦੀ ਇਹ ਰਾਜਨੀਤੀ ਬਹੁਤ ਸੁਭਾਵਿਕ ਤੇ ਸਹਿਜ ਹੁੰਦੀ ਹੈ। ਵਿਸ਼ਵ ਪ੍ਰਸਿੱਧ ਲੇਖਿਕਾ ਸਾਈਮਨ ਡੀ. ਬੀਵੂਅਰ ਦਾ ਕਥਨ ਬਹੁਤ ਸਾਰਥਿਕ ਹੈ ਕਿ 'ਨਾਰੀ ਜੰਮਦੀ ਨਹੀਂ ਉਸ ਨੂੰ ਨਾਰੀ ਬਣਾ ਦਿੱਤਾ ਜਾਂਦਾ ਹੈ।' ਸਾਹਿਤ ਨਾਰੀ ਨੂੰ ਨਾਰੀ ਬਣਾਉਣ ਦੀ ਪ੍ਰਕਿਰਿਆ ਪ੍ਰਤੀ ਠੋਸ ਸਮਝ ਪੈਦਾ ਕਰਦਾ ਹੈ। ਪੁਸਤਕ ਦੀ ਸੰਪਾਦਕੀ ਵਿਚ ਡਾ. ਇੰਦਰਜੀਤ ਕੌਰ ਅਤੇ ਡਾ. ਅਮਨਦੀਪ ਕੌਰ ਨੇ ਨਾਰੀ ਸਾਹਿਤ ਬਾਰੇ ਕਰਵਾਏ ਸੈਮੀਨਾਰ ਦੀ ਸਾਰਥਿਕਤਾ ਬਾਰੇ ਵਿਚਾਰ ਪੇਸ਼ ਕੀਤੇ ਹਨ। ਪ੍ਰੋ. ਸਤਨਾਮ ਸਿੰਘ ਜੱਸਲ ਪੰਜਾਬੀ ਸਾਹਿਤ ਦੇ ਵਿਕਾਸ ਵਿਚ ਔਰਤ ਸਾਹਿਤਕਾਰਾਂ ਦੀ ਭੂਮਿਕਾ ਬਾਰੇ ਲਿਖਿਆ ਹੈ। ਬਾਕੀ ਰਚਨਾਕਾਰਾਂ ਵਿਚ ਡਾ ਅਮਨਦੀਪ ਕੌਰ, ਡਾ. ਗੁਰਚਰਨ ਕੌਰ ਕੋਚਰ, ਅਰਵਿੰਦਰ ਢਿਲੋਂ ਤੇ ਡਾ. ਮੇਘਾ ਸਲਵਾਨ ਆਦਿ ਸ਼ਾਮਿਲ ਹਨ। ਕਿਤਾਬ ਦੇ ਲੇਖਾਂ ਵਿਚ ਨਾਰੀ ਰਚਨਾਕਾਰਾਂ ਦੀਆਂ ਲਿਖਤਾਂ ਵਿਚ ਔਰਤ ਦੀ ਹਾਸ਼ੀਅਗਤ ਸਥਿਤੀ ਅਤੇ ਮਰਦ ਪ੍ਰਧਾਨ ਸਮਾਜ ਵਿਚ ਉਸ ਦੀ ਦੂਜੈਲੀ ਹੋਂਦ ਪ੍ਰਤੀ ਵਿਚਾਰ ਪ੍ਰਗਟ ਹੋਏ ਹਨ। ਗਿਆਨ-ਵਿਗਿਆਨ ਦੇ 'ਆਧੁਨਿਕ' ਕਹੇ ਜਾਂਦੇ ਯੁੱਗ ਵਿਚ ਵੀ ਔਰਤ ਦੀ ਸੁਤੰਤਰ ਪਛਾਣ ਦੇ ਸਾਹਿਤ ਵਿਚ ਪੇਸ਼ ਹੁੰਦੇ ਮਸਲਿਆਂ ਪ੍ਰਤੀ ਵੀ ਚਿੰਤਨ ਪੈਦਾ ਕੀਤਾ ਗਿਆ ਹੈ। ਪੰਜਾਬੀ ਸਾਹਿਤ ਦੀ ਰਚਨਾਤਮਿਕ ਵਿਰਾਸਤ ਵਿਚ ਔਰਤ ਕਲਮ ਦੀਆਂ ਲਿਖਤਾਂ ਦੀ ਪਛਾਣ ਅਤੇ ਇਨ੍ਹਾਂ ਨੂੰ ਮੁਲਾਂਕਿਤ ਕਰਨ ਦੇ ਪੱਖ ਤੋਂ ਪੁਸਤਕ ਦੇ ਕਾਫੀ ਲੇਖ ਸਾਂਭਣਯੋਗ ਹੈ। ਕੁਝ ਲੇਖ ਅਕਾਦਮਿਕ ਲੋੜਾਂ ਵਿਚੋਂ ਵੀ ਨਿਕਲੇ ਹਨ। ਕੁੱਲ ਮਿਲਾ ਕੇ ਸੈਮੀਨਾਰ ਦੀ ਸਮੁੱਚੀ ਕਾਰਵਾਈ ਨੂੰ ਕਿਤਾਬੀ ਰੂਪ ਵਿਚ ਪ੍ਰਕਾਸ਼ਿਤ ਕਰਕੇ ਕਾਲਜ ਦੇ ਪ੍ਰਬੰਧਕਾਂ ਨੇ ਸ਼ਲਾਘਾਯੋਗ ਕਾਰਜ ਕੀਤਾ ਹੈ।
-ਡਾ. ਜੇ. ਬੀ. ਸੇਖੋਂ
ਮੋਬਾਈਲ : 84370-89769
ਪੰਜਾਬ ਦਾ ਚਿੱਤਰਕਾਰ ਅਵਤਾਰ ਸਿੰਘ
ਲੇਖਕ : ਜਗਤਾਰਜੀਤ ਸਿੰਘ
ਪ੍ਰਕਾਸ਼ਕ : ਭੁਜੰਗੀ ਪ੍ਰਕਾਸ਼ਨ, ਸ੍ਰੀ ਅੰਮ੍ਰਿਤਸਰ
ਮੁੱਲ : 280 ਰੁਪਏ, ਸਫ਼ੇ : 76
ਸੰਪਰਕ : 098990-91186

ਚਿੱਤਰਕਲਾ ਦੇ ਖੇਤਰ ਵਿਚ ਇਕ ਕਲਾ ਆਲੋਚਕ ਦੇ ਤੌਰ 'ਤੇ ਕਾਰਜਸ਼ੀਲ ਜਗਤਾਰਜੀਤ ਸਿੰਘ ਇਕ ਵਿਸ਼ੇਸ਼ ਹਸਤਾਖ਼ਰ ਹੈ। ਇਸ ਖੇਤਰ ਵਿਚ ਉਹ ਪਿਛਲੇ ਕਈ ਸਾਲਾਂ ਤੋਂ ਕਾਰਜਸ਼ੀਲ ਹੈ। ਉਸ ਦੇ ਕਲਾ-ਨਿਬੰਧਾਂ ਤੇ ਕਲਾ ਵਾਰਤਾਲਾਪਾਂ ਨੂੰ ਕਲਾਕਾਰਾਂ ਤੇ ਕਲਾ ਪਾਰਖੂਆਂ ਵਲੋਂ ਬਹੁਤ ਗੰਭੀਰਤਾ ਨਾਲ ਲਿਆ ਜਾਂਦਾ ਹੈ ਕਿਉਂਕਿ ਇਸ ਖੇਤਰ ਵਿਚ ਹੋ ਰਹੇ ਨਵੇਂ-ਨਵੇਂ ਪ੍ਰਯੋਗਾਂ ਨੂੰ ਉੱਤਰੀ ਭਾਰਤੀ ਸ਼ੈਲੀਆਂ ਜਾਂ ਪੱਛਮੀ ਕਲਾ-ਸੂਝ ਦੇ ਪ੍ਰਸੰਗ ਵਿਚ ਉਸ ਦੁਆਰਾ ਬਹੁਤ ਤਾਰਕਿਕ ਰੂਪ ਵਿਚ ਸਹਿਜ ਤੇ ਸਲੀਕੇ ਨਾਲ ਪੇਸ਼ ਕੀਤਾ ਗਿਆ ਹੁੰਦਾ ਹੈ। ਉਹ ਚਿੱਤਰਾਂ ਨੂੰ ਕਲਾ ਸ਼ੈਲੀਆਂ ਦੇ ਰਿਵਾਇਤੀ ਨੇਮ-ਪ੍ਰਬੰਧਾਂ ਦੇ ਫਰੇਮ ਵਿਚ ਫਿੱਟ ਕਰਕੇ ਨਹੀਂ ਦੇਖਦਾ ਹੈ ਸਗੋਂ ਇਨ੍ਹਾਂ ਅੰਦਰਲੀਆਂ ਅਨੰਤ ਅਰਥ ਸੰਭਾਵਨਾਵਾਂ ਨੂੰ ਆਪਣੇ ਹੀ ਅੰਦਾਜ਼ ਵਿਚ ਬੋਲ ਦਿੰਦਾ ਹੈ। ਇੰਝ ਇਹ ਚਿੱਤਰ ਡੂੰਘੀਆਂ ਫ਼ਲਸਫਾਨਾਂ ਰਮਜ਼ਾਂ ਦੇ ਵਾਹਕ ਬਣ ਕੇ ਅਛੱਪਲੇ ਹੀ ਪਾਠਕਾਂ/ਦਰਸ਼ਕਾਂ/ ਕਲਾ ਪਾਰਖੂਆਂ ਦੀ ਸਿਮਰਤੀ ਵਿਚ ਟਿਕਦੇ ਜਾਂਦੇ ਹਨ। ਇਸ ਸੰਬੰਧ ਵਿਚ ਦ੍ਰਿਸ਼ ਤੇ ਵਿਆਖਿਆ ਨਾਲ ਸੰਬੰਧਿਤ ਉਸ ਦੀਆਂ ਪੁਸਤਕਾਂ 'ਜਨਮਸਾਖੀ - ਪਰੰਪਰਾ' (ਬੀ-40) (2020), 'ਚਿੱਤਰਕਾਰੀ ਵਿਚ ਗੁਰੂ ਨਾਨਕ' (2021) ਜਾਂ 'ਚਿੱਤਰਕਾਰ ਕਿਰਪਾਲ ਸਿੰਘ' (2024) ਦਾ ਵਿਸ਼ੇਸ਼ ਤੌਰ 'ਤੇ ਉਲੇਖ ਕੀਤਾ ਜਾ ਸਕਦਾ ਹੈ। ਇਨ੍ਹੀਂ ਦਿਨੀਂ ਛਪੀ ਪੁਸਤਕ 'ਸੰਤਾਲੀ ਤੋਂ ਚੁਰਾਸੀ ਤੱਕ' (2025) ਨੂੰ ਵੀ ਇਸ ਖੇਤਰ ਦੀ ਵੱਡੀ ਪ੍ਰਾਪਤੀ ਕਿਹਾ ਜਾ ਸਕਦਾ ਹੈ। ਇਸੇ ਲੜੀ ਵਿਚ ਹੀ ਹਥਲੀ ਪੁਸਤਕ 'ਪੰਜਾਬ ਦਾ ਚਿੱਤਰਕਾਰ ਅਵਤਾਰ ਸਿੰਘ' (2025) ਦੇ ਰੂਪ ਵਿਚ ਕੀਤਾ ਗਿਆ ਮੁੱਲਵਾਨ ਕਾਰਜ ਸਾਡੇ ਸਾਹਮਣੇ ਆਉਂਦਾ ਹੈ। ਇਸ ਪੁਸਤਕ ਵਿਚ ਅਵਤਾਰ ਸਿੰਘ ਦੇ ਲਘੂਸ਼ੈਲੀ ਵਿਚ ਬਣਾਏ ਅੱਠ ਚਿੱਤਰਾਂ ਸਾਹਿਬਜ਼ਾਦੇ, ਬਾਬੇ ਨਾਨਕ ਦਾ ਜਹਾਜ਼, ਮਾਤਾ ਧਰਤਿ ਮਹਤ, ਪੰਜਾਬ, ਜੱਸਾ ਸਿੰਘ ਰਾਮਗੜ੍ਹੀਆ, ਮੰਥ ਆਫ਼ ਜਨਵਰੀ, ਮਾਈਗ੍ਰੇਸ਼ਨ ਤੇ ਚੜ੍ਹਦੀ ਕਲਾ ਦੇ ਆਧਾਰ 'ਤੇ ਉਸ ਦੀ ਨਿਵੇਕਲੀ ਕਲਾ ਸ਼ੈਲੀ ਦੇ ਗੁਣਾਂ-ਲੱਛਣਾਂ ਨੂੰ ਰੇਖਾਂਤਿਤ ਕੀਤਾ ਗਿਆ ਹੈ। ਪੁਸਤਕ ਦੇ ਅੰਤ 'ਤੇ ਦਿੱਤੀ ਗਈ ਮੁਲਾਕਾਤ ਲੇਖਕ ਦੀਆਂ ਧਾਰਨਾਵਾਂ ਨੂੰ ਹੋਰ ਵਿਸਤਾਰ ਦੇਣ ਦੇ ਨਾਲ-ਨਾਲ ਹਰ ਚਿੱਤਰ ਦੇ ਪਿਛੋਕੜ ਵਿਚ ਕਾਰਜਸ਼ੀਲ ਇਤਿਹਾਸਕ ਸੰਦਰਭ ਤੇ ਪਿਛੋਕੜ ਨੂੰ ਵੀ ਸਾਡੇ ਸਾਹਮਣੇ ਲਿਆਉਂਦੀ ਹੈ। ਲੇਖਕ ਦਾ ਵਿਚਾਰ ਹੈ ਕਿ ਅਵਤਾਰ ਸਿੰਘ ਦੀ ਸੋਚ ਤੇ ਪ੍ਰਗਟਾਵੇ ਦਾ ਘੇਰਾ ਪੰਜਾਬ ਦੇ ਭੂ-ਖੇਤਰ ਨਾਲ ਜੁੜਿਆ ਹੋਇਆ ਹੈ। ਇਸੇ ਕਰਕੇ ਉਹ ਆਪਣੇ ਕੰਮ ਨੂੰ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਬਣਾਉਣ ਦੀ ਥਾਂ ਪੰਜਾਬ ਤੱਕ ਸੀਮਤ ਕਰਦਾ ਹੈ ਅਤੇ ਉਸ ਦੀ ਹਰ ਕਿਰਤ ਵਿਚੋਂ ਪ੍ਰਾਂਤਕ (ਪੰਜਾਬ) ਦੀ ਮਹਿਕ ਆਉਂਦੀ ਹੈ। ਇਨ੍ਹਾਂ ਚਿੱਤਰਾਂ ਵਿਚ ਅਵਤਾਰ ਸਿੰਘ ਸਿੱਖ ਮਤ ਦੇ ਪਹਿਲੇ ਗੁਰੂ ਬਾਬਾ ਨਾਨਕ ਨੂੰ ਬਹੁਤ ਸਤਿਕਾਰ ਨਾਲ ਯਾਦ ਕਰਦਾ ਹੈ। ਅੱਠ ਵਿਚੋਂ ਚਾਰ ਤਸਵੀਰਾਂ ਵਿਚ ਉਹ ਹਾਜ਼ਰ ਹਨ। ਇਸ ਤਰ੍ਹਾਂ ਚਿੱਤਰਕਾਰ ਆਪਣੇ ਹੀ ਕਲਾਤਮਿਕ ਅੰਦਾਜ਼ ਵਿਚ ਗੁਰੂ ਦੀ ਸਿੱਖਿਆ ਅਤੇ ਵਰਤਮਾਨ ਸਮੇਂ ਅੰਦਰ ਮਨੁੱਖੀ ਵਿਹਾਰ ਵਿਚ ਆਈਆਂ ਵਿਸੰਗਤੀਆਂ ਨੂੰ ਪੇਸ਼ ਕਰਦਾ ਹੈ। ਇਕ ਸੰਭਾਵਨਾਵਾਂ ਭਰਪੂਰ ਸਮਰੱਥ ਤੇ ਪ੍ਰਤਿਭਾਸ਼ਾਲੀ ਨੌਜਵਾਨ ਕਲਾਕਾਰ ਦੇ ਸਿਫ਼ਤਯੋਗ ਕੰਮ ਨੂੰ ਇਸ ਪੁਸਤਕ ਦੇ ਰੂਪ ਵਿਚ ਸਾਹਮਣੇ ਲਿਆ ਕੇ ਜਗਤਾਰਜੀਤ ਸਿੰਘ ਨੇ ਕਲਾ ਜਗਤ ਦੀ ਵੱਡੀ ਸੇਵਾ ਕੀਤੀ ਹੈ, ਜਿਸ ਦੀ ਪ੍ਰਸੰਸਾ ਕਰਨੀ ਬਣਦੀ ਹੈ।
-ਡਾ. ਸੁਖਵਿੰਦਰ ਸਿੰਘ ਰੰਧਾਵਾ
ਮੋਬਾਈਲ : 98154-58666