ਵਕਤ ਦੇ ਪਰਛਾਵੇਂ
ਲੇਖਕ : ਡਾ. ਮਨਜੀਤ ਸਿੰਘ ਮਝੈਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98144-07940
'ਵਕਤ ਦੇ ਪਰਛਾਵੇਂ' ਪੁਸਤਕ ਰਾਹੀਂ ਡਾ. ਮਨਜੀਤ ਸਿੰਘ ਮਝੈਲ ਨੇ ਮਾਨਵੀ ਮੁੱਲਾਂ ਅਤੇ ਸਰੋਕਾਰਾਂ ਦੇ ਨਾਲ-ਨਾਲ ਸਮਾਜ ਦੇ ਗੰਭੀਰ ਮਸਲਿਆਂ ਵੱਲ ਵੀ ਪਾਠਕਾਂ ਦਾ ਧਿਆਨ ਦਿਵਾਇਆ ਹੈ | ਇਸ ਪੁਸਤਕ ਵਿਚ ਕੁੱਲ 55 ਕਵਿਤਾਵਾਂ ਹਨ | ਕਵੀ ਨੇ ਵਿਸ਼ਿਆਂ ਦੀ ਵੰਨ-ਸੁਵੰਨਤਾ ਰਾਹੀਂ ਪੁਸਤਕ ਨੂੰ ਸ਼ਿੰਗਾਰਿਆ ਹੈ | ਸਮਾਜਿਕ, ਆਰਥਿਕ, ਰਾਜਨੀਤਕ ਸਮੱਸਿਆਵਾਂ ਵੱਲ ਧਿਆਨ ਖਿੱਚਿਆ ਹੈ | ਪੁਸਤਕ ਦੀ ਭੂਮਿਕਾ ਬਾਬੂ ਰਾਮ ਦੀਵਾਨਾ ਨੇ ਲਿਖੀ ਹੈ, ਜਿਸ ਵਿਚ ਉਨ੍ਹਾਂ ਡਾ. ਮਨਜੀਤ ਸਿੰਘ ਮਝੈਲ ਦੀ ਰਚਨਾ ਦੇ ਵਿਸ਼ੇ ਅਤੇ ਰੂਪਕ ਪੱਖ ਉੱਪਰ ਝਾਤ ਪਵਾਈ ਹੈ | ਉਹ ਲਿਖਦੇ ਹਨ:-
ਡਾ. ਮਝੈਲ ਨੇ ਸ਼ਬਦਾਂ ਨੂੰ ਅੱਥਰੇ ਘੋੜੇ ਦੱਸਿਆ ਹੈ | ਜੇਕਰ ਲੇਖਕ ਜਾਂ ਕਵੀ ਇਨ੍ਹਾਂ ਸ਼ਬਦਾਂ ਨੂੰ ਲਗਾਮ ਪਾ ਕੇ ਆਪਣੇ ਕਾਬੂ ਵਿਚ ਨਾ ਕਰੇ ਤਾਂ ਇਹ ਗਵਾਚ ਜਾਂਦੇ ਹਨ ਜਾਂ ਦੌੜ ਜਾਂਦੇ ਹਨ | ਮਾਂ-ਬੋਲੀ ਪ੍ਰਤੀ ਕਵੀ ਸੁਚੇਤ ਕਰਦਾ ਹੈ ਕਿ ਆਪਣੇ ਦੇਸ਼ ਵਿਚ ਰਹਿੰਦਿਆਂ ਜੇ ਮਾਂ ਬੋਲੀ ਤੋਂ ਮੁਨਕਰ ਹੋਵਾਂਗੇ ਤਾਂ ਨੁਕਸਾਨ ਸਹਾਂਗੇ |
ਜੇ ਤੈਨੂੰ ਮਾਂ ਬੋਲੀ ਵਿਸਰੀ
ਨਾ ਜਾਣੀ ਆਜ਼ਾਦ ਤੂੰ ਹੋਇਆ
ਕਿਸੇ ਗ਼ੁਲਾਮੀ ਦੇ ਅਹਿਸਾਸੋਂ
ਮਾਂ ਤੋਂ ਮੁਨਕਰ ਤੂੰ ਹੋਇਆ |
ਕਵੀ ਰਹੱਸਵਾਦੀ ਵਿਚਾਰਾਂ ਦਾ ਪੱਲਾ ਫੜ ਕੇ ਪਰਮਾਤਮਾ ਦੁਆਰਾ ਜਗਤ ਨੂੰ ਚਲਾਉਣ ਦੇ ਅਧਿਆਤਮਵਾਦੀ ਵਿਚਾਰਾਂ ਦਾ ਪ੍ਰਗਟਾਵਾ ਕਰਦਾ, ਮਾਨਸਿਕ ਟਿਕਾਓ ਵਿਚ ਰਹਿਣ ਲਈ ਪ੍ਰੇਰਦਾ ਹੈ | ਪ੍ਰਦੂਸ਼ਣ ਮੁਕਤ ਚੁਫ਼ੇਰੇ ਦੀ ਗੱਲ ਕਰਦੀ ਕਵਿਤਾ 'ਕਿੱਥੇ ਹੈ ਧਰਤੀ' ਵਿਸ਼ੇਸ਼ ਧਿਆਨ ਮੰਗਦੀ ਹੈ | 'ਮੈਂ ਪਾਣੀ ਬੋਲਦਾ' ਕਵਿਤਾ ਵੀ ਬੜੇ ਪ੍ਰਸ਼ਨ ਖੜ੍ਹੇ ਕਰਦੀ ਹੈ | 'ਵਕਤ ਦੇ ਪਰਛਾਵੇਂ' ਨਾਮ ਦੀ ਕਵਿਤਾ ਵਕਤ ਦੇ ਸੱਚ ਨਾਲ ਜੋੜਦੀ ਹੈ ਕਿ ਦੁਨੀਆ ਵਿਚ ਹਰ ਕੋਈ ਵਕਤ ਦਾ ਮੁਥਾਜ ਹੈ |
ਸੁੱਕਾ ਪੱਤਾ ਡਾਲੀਓਾ ਟੁੱਟਣਾ / ਕੁਮਲਾ ਹਰਿਆ ਭੀ ਜਾਣਾ
ਰੂਪ ਗਿਆ ਉੱਡੀ ਖੁਸ਼ਬੋਈ / ਢਲ ਜੋਬਨ ਨੇ ਜਾਣਾ
ਕਵੀ ਸਮਾਜ ਵਿਚ ਵਿਖਾਵੇ ਦੀ ਜੀਵਨ ਅਤੇ ਆਪਣੀ ਕਥਨੀ ਕਰਨੀ ਦੇ ਪੱਕੇ ਨਾ ਹੋਣ ਬਾਰੇ ਚਿੰਤਾ ਜ਼ਾਹਿਰ ਕਰਦਾ ਲਿਖਦਾ ਹੈ :
ਮਾਵਾਂ ਛੱਡ ਬਿਮਾਰ ਘਰਾਂ 'ਚ
ਵਾਂਗ ਨਮਕ ਦੇ ਖੁਰ ਗਏ ਲੋਕੀਂ
ਰਹੀ ਨਾ ਗੱਲ ਕਰਮਾਂ ਵਾਲੀ
ਦੇ ਕੇ ਬੋਲ ਮੁੱਕਰ ਗਏ ਲੋਕੀਂ
ਕਵੀ ਨੇ 'ਮੈਂ ਪਰਤਾਂਗਾ' ਰਚਨਾ ਰਾਹੀਂ ਪ੍ਰਦੇਸੀ ਦੇ ਮਨ ਅੰਦਰ ਆਪਣੇ ਵਤਨ ਦੀ ਲਗਨ ਤੇ ਵਤਨ ਵਾਪਸੀ ਦੀ ਭਾਵਨਾ ਦਾ ਪ੍ਰਗਟਾ ਕੀਤਾ ਹੈ | ਇਸੇ ਤਰ੍ਹਾਂ ਸਿਰਜਣਹਾਰਾ, ਕਲਪਨਾ, ਸੋਚਾਂ ਦੇ ਦੀਵੇ, ਢੌਂਗ, ਸਫ਼ਰ, ਕਿੱਥੇ ਹੈ ਧਰਤੀ, ਸਿਆਣਾ, ਬਾਬਾ ਬਹੁੜੀਂ ਵੇ, ਤੂੰ ਨਾ ਸੁਣਾ, ਦਿਲ ਵਾਲਾ ਧੇਲਾ, ਮਹਿਮਾਨ, ਦੁੱਖਾਂ ਵਾਲਾ ਵੇਲਣਾ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ | ਕਵੀ ਆਪਣੇ ਚੁਫੇਰੇ ਫੈਲੇ ਰਾਜਨੀਤਕ ਦਿ੍ਸ਼ ਤੋਂ ਸੰਤੁਸ਼ਟ ਨਹੀਂ | ਉਹ ਅਜਿਹੇ ਸਮਾਜ ਅਤੇ ਰਾਜ ਦੀ ਕਲਪਨਾ ਕਰਦਾ ਹੈ ਜੋ ਮਾਨਵੀ ਹਿੱਤਾਂ ਦੀ ਪਹਿਰੇਦਾਰੀ ਕਰੇ | ਸਮੁੱਚੇ ਤੌਰ 'ਤੇ ਕਵੀ ਡਾ. ਮਨਜੀਤ ਸਿੰਘ ਮਝੈਲ ਦੀ ਕਾਵਿ ਪੁਸਤਕ ਪਾਠਕ ਨੂੰ ਨਵੇਂ ਵਿਸ਼ਿਆਂ ਤੇ ਸੋਚਣ ਲਈ ਮਜਬੂਰ ਕਰਦੀ ਹੈ | ਕਵੀ ਨੂੰ ਮੁਬਾਰਕਵਾਦ |
-ਪ੍ਰੋ. ਕੁਲਜੀਤ ਕੌਰ ਅਠਵਾਲ
ਮੋਬਾਈਲ : 98173-11919
ਮੈਂ ਜਨ ਤੇਰਾ
ਲੇਖਕ : ਡਾ. ਜਸਬੀਰ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 159
ਸੰਪਰਕ : 070565-09375

ਡਾ. ਜਸਬੀਰ ਸਿੰਘ ਦੇ ਨਵੇਂ ਕਾਵਿ-ਸੰਗ੍ਰਹਿ 'ਮੈਂ ਜਨ ਤੇਰਾ' ਵਿਚ ਲਗਭਗ ਸਾਰੀਆਂ ਗੀਤਾਤਮਕ ਰਚਨਾਵਾਂ ਹੀ ਪੇਸ਼ ਹੋਈਆਂ ਹਨ ਜਿਨ੍ਹਾਂ ਨੂੰ ਪਾਠਕ ਪੜ੍ਹਦਿਆਂ ਪੜ੍ਹਦਿਆਂ ਗੁਣਗੁਣਾਉਂਦਾ ਵੀ ਹੈ | ਇਸ ਕਾਵਿ-ਸੰਗ੍ਰਹਿ ਦੀ ਖਾਸੀਅਤ ਇਹ ਹੈ ਕਿ ਇਸ ਵਿਚ ਪੰਜਾਬ ਦੇ ਵਿਰਸੇ ਅਤੇ ਵਿਰਾਸਤ ਦੀ ਗੱਲ ਕੀਤੀ ਗਈ ਹੈ | ਪੰਜਾਬੀ ਮਾਂ-ਬੋਲੀ ਪ੍ਰਤੀ ਪਿਆਰ ਦਾ ਇਜ਼ਹਾਰ ਕਰਦਿਆਂ ਕਵੀ ਨੇ ਪੰਜਾਬ ਦੇ ਤਿਉਹਾਰਾਂ ਅਤੇ ਪੰਜਾਬੀਆਂ ਦੇ ਰਹਿਣ-ਸਹਿਣ ਅਤੇ ਖੁੱਲ੍ਹੇ ਡੁੱਲ੍ਹੇ ਸੁਭਾਅ ਦੀ ਬਾਤ ਆਪਣੇ ਗੀਤਾਂ ਵਿਚ ਪਾਈ ਹੈ | ਪਰੰਪਰਕ ਕਵਿਤਾ ਵਾਂਗੂੰ ਡਾ. ਜਸਬੀਰ ਸਿੰਘ ਨੇ ਆਪਣੀ ਇਸ ਪੁਸਤਕ ਦੀ ਆਰੰਭਤਾ ਪਰਮਾਤਮਾ ਦੀ ਉਸਤਤ ਨਾਲ ਕਰਦਿਆਂ ਬਾਅਦ ਵਿਚ ਜਿਥੇ ਪੰਜਾਬੀ ਵਿਰਸੇ ਦੀ ਗੱਲ ਤੋਰੀ ਹੈ, ਉਥੇ ਪੰਜਾਬ ਨੂੰ ਅਜੋਕੇ ਦੌਰ ਵਿਚ ਦਰਪੇਸ਼ ਚੁਣੌਤੀਆਂ ਨੂੰ ਵੀ ਆਪਣੇ ਕਾਵਿ-ਅਨੁਭਵ ਦਾ ਅੰਗ ਬਣਾਇਆ ਹੈ | ਸ਼ਾਇਰ ਆਪਣੇ ਪਿਆਰੇ ਦੀ ਉਡੀਕ ਨੂੰ ਵੀ ਆਪਣੀਆਂ ਕਵਿਤਾਵਾਂ ਵਿਚ ਪੇਸ਼ ਕਰਦਾ ਹੈ ਤੇ ਇਹ ਉਡੀਕ ਉਸ ਦੇ ਬਹੁਤ ਸਾਰੇ ਗੀਤਾਂ ਵਿਚ ਵਿਦਮਾਨ ਹੈ, ਜਿਵੇਂ ਉਹ ਜ਼ਿਕਰ ਕਰਦਾ ਹੈ :
ਮਾਹੀਆ ਨੀ ਆਇਆ
ਸੱਜਣ ਨੀ ਆਇਆ
ਚਾਂਦਨੀ ਰਾਤ ਉਡੀਕ ਦੀ
ਢੋਲਾ ਨੀ ਆਇਆ |
ਇਸ ਪੁਸਤਕ ਵਿਚ ਸ਼ਾਮਿਲ ਕਈ ਹਲਕੇ-ਫੁਲਕੇ ਰੁਮਾਂਟਿਕ ਗੀਤ ਵੀ ਸ਼ਾਮਿਲ ਹਨ, ਜਿਨ੍ਹਾਂ ਵਿਚ ਪਿਆਰ ਦੀਆਂ ਮੁਹੱਬਤੀ ਤੰਦਾਂ ਦੀ ਤਰਜਮਾਨੀ ਹੋਈ ਮਿਲਦੀ ਹੈ | ਇਸ ਪ੍ਰਸੰਗ ਵਿਚ 'ਦਿਲਾਂ ਦਾ ਮਾਮਲਾ, ਪਟੋਲਾ, ਮੱਥੇ 'ਤੇ ਤਿਉੜੀ, ਹਾਸੇ, ਚੁਰਾ ਲੈ, ਛੇੜੇ ਵੇ' ਆਦਿ ਗੀਤਕ ਰਚਨਾਵਾਂ ਦੇਖੀਆਂ ਜਾ ਸਕਦੀਆਂ ਹਨ | ਜਿਵੇਂ ਕਿ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਕਵੀ ਪੰਜਾਬ ਨੂੰ ਪਿਆਰ ਕਰਦਾ ਹੈ | ਇਸੇ ਕਰਕੇ ਹੀ ਇਸ ਪੁਸਤਕ ਵਿਚਲੀਆਂ ਵਿਸਾਖੀ, ਦਸਤਾਰ, ਡੁੱਬਿਆ ਪੰਜਾਬ, ਲੋਹੜੀ, ਵਿਰਸਾ, ਪੰਜਾਬ ਆਦਿ ਕਵਿਤਾਵਾਂ ਦਾ ਜ਼ਿਕਰ ਵਿਸ਼ੇਸ਼ ਰੂਪ ਵਿਚ ਕੀਤਾ ਜਾ ਸਕਦਾ ਹੈ | ਪੁਸਤਕ ਵਿਚ ਸ਼ਾਮਿਲ ਜਿੰਨੀਆਂ ਵੀ ਗੀਤਕ ਰਚਨਾਵਾਂ ਹਨ, ਉਨ੍ਹਾਂ ਵਿਚਲੀ ਲੈਅ, ਸੁਰ ਪਾਠਕ ਨੂੰ ਪ੍ਰਭਾਵਿਤ ਕਰਦੀ ਹੈ | ਇਨ੍ਹਾਂ ਰਚਨਾਵਾਂ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਇਨ੍ਹਾਂ ਨੂੰ ਪੜ੍ਹਨ ਜਾਂ ਸਮਝਣ ਲਈ ਉਚੇਚਾ ਜ਼ੋਰ ਨਹੀਂ ਲਗਾਉਣਾ ਪੈਂਦਾ, ਸਗੋਂ ਪਾਠਕ ਇਨ੍ਹਾਂ ਨੂੰ ਪੜ੍ਹਦਿਆਂ ਹੀ ਇਨ੍ਹਾਂ ਦਾ ਕਾਵਿ-ਆਨੰਦ ਮਾਣਦਾ ਹੈ | ਇਸ ਪੁਸਤਕ 'ਮੈਂ ਜਨ ਤੇਰਾ' ਵਿਚ ਡਾ. ਜਸਬੀਰ ਸਿੰਘ ਦੀਆਂ ਲਗਭਗ ਅੱਠ ਦਰਜਨ ਕਵਿਤਾਵਾਂ ਸ਼ਾਮਿਲ ਹਨ |
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਮਧਰੀ ਕੁੜੀ ਦਾ ਕੱਦ ਲੰਮੇਰਾ
ਲੇਖਕ : ਮਹਿੰਦਰ ਸਿੰਘ ਪੰਜੂ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁੁਪਏ, ਸਫ਼ੇ : 72
ਸੰਪਰਕ :98721-47478

ਉੱਤਰ-ਸੁਤੰਤਰਤਾ ਕਾਲ ਵਿਚ ਪੰਜਾਬੀ ਬਾਲ ਸਾਹਿਤ ਵਿਚ ਲਿਖੇ ਜਾ ਰਹੇ ਨਾਵਲ ਵਸਤੂ-ਜਗਤ ਦੇ ਨਜ਼ਰੀਏ ਤੋਂ ਨਵੀਨਤਾ ਗ੍ਰਹਿਣ ਕਰਦੇ ਦਿਖਾਈ ਦਿੰਦੇ ਹਨ | ਇਨ੍ਹਾਂ ਨਾਵਲਾਂ ਵਿਚ ਸਮਾਜਕ ਆਲ਼ੇ-ਦੁਆਲ਼ੇ ਜਾਂ ਪਰਿਵੇਸ਼ ਰਾਹੀਂ ਬਾਲ ਜੀਵਨ ਦਾ ਯਥਾਰਥਕ ਚਿੱਤ੍ਰਣ ਵਿਸ਼ੇਸ਼ ਤੌਰ 'ਤੇ ਉੱਭਰ ਰਿਹਾ ਹੈ | ਇਸ ਸੰਦਰਭ ਵਿਚ ਬਹੁਪੱਖੀ ਲੇਖਕ ਮਹਿੰਦਰ ਸਿੰਘ ਪੰਜੂ ਰਚਿਤ ਬਾਲ ਨਾਵਲ 'ਮਧਰੀ ਕੁੜੀ ਦਾ ਕੱਦ ਲੰਮੇਰਾ' ਜ਼ਿਕਰਯੋਗ ਹੈ | ਸੱਤਵੀਂ ਜਮਾਤ ਵਿਚ ਪੜ੍ਹਦੀ ਇਸ ਬਾਲ ਨਾਵਲ ਦੀ ਨਾਇਕਾ ਸਿਫ਼ਤਜੀਤ ਕੌਰ ਇਸ ਹੀਣਭਾਵਨਾ ਦੀ ਸ਼ਿਕਾਰ ਹੈ ਕਿ ਉਸ ਦਾ ਕੱਦ ਉਸ ਦੀਆਂ ਸਹੇਲੀਆਂ ਦੇ ਮੁਕਾਬਲਤਨ ਬਹੁਤ ਛੋਟਾ ਹੈ | ਉਹ ਪੀਰਾਂ ਫ਼ਕੀਰਾਂ, ਦੇਵੀ ਦੇਵਤਿਆਂ, ਗੁਰੂ ਮਹਾਰਾਜ ਸਭ ਨੂੰ ਇਸ ਭਾਵਨਾ ਨਾਲ ਧਿਆ ਕੇ ਰਾਤ ਨੂੰ ਸੌਂਦੀ ਹੈ ਤਾਂ ਜੋ ਸਵੇਰ ਵੇਲੇ ਉੱਠਣਸਾਰ ਉਸ ਦੀ ਰੀਝ ਪੂਰੀ ਹੋ ਜਾਵੇ ਅਤੇ ਉਹ ਆਪਣੇ ਕੱਦ ਉਪਰ ਵਿਅੰਗ-ਬਾਣ ਚਲਾਉਣ ਵਾਲੀਆਂ ਸਹੇਲੀਆਂ ਨੂੰ ਜਵਾਬ ਦੇ ਸਕੇ | ਉਸ ਦੀ ਸਵਰਗਵਾਸੀ ਦਾਦੀ ਪ੍ਰਤੀਕਾਤਮਕ ਰੂਪ ਵਿਚ ਸੁਪਨੇ ਵਿਚ ਉਸ ਨੂੰ ਆਪਣਾ ਅਸਲ ਕੱਦ ਵੱਡਾ ਕਰਨ ਲਈ ਉਸ ਦੇ ਅਧਿਆਪਕ ਮਾਸਟਰ ਰਤਨ ਸਿੰਘ, ਜਿਸ ਦੀ ਧਾਰਨਾ ਇਹ ਹੈ ਕਿ ਤੁਸੀਂ ਜੋ ਪਿਆਰ ਸਤਿਕਾਰ ਚਾਹੁੰਦੇ ਹੋ, ਪਹਿਲਾਂ ਉਸ ਦੇ ਹੱਕਦਾਰ ਬਣੋ, ਤੋਂ ਸਫ਼ਲਤਾ ਦੇ ਭੇਦ ਸਿੱਖਣ ਦੀ ਪ੍ਰੇਰਣਾ ਦਿੰਦੀ ਹੈ | ਸਿਫ਼ਤਜੀਤ ਨੂੰ ਆਪਣੇ ਅਧਿਆਪਕ ਕੋਲੋਂ ਮਨੋਵਿਗਿਆਨਕ ਤੌਰ ਤੇ ਹੌਲੀ ਹੌਲੀ ਸਮਝ ਆਉਣ ਲਗਦੀ ਹੈ ਕਿ ਵਿਅਕਤਿੱਤਵ ਦੇ ਵਿਕਾਸ ਅਤੇ ਗੁਣਾਂ ਅੱਗੇ ਸਰੀਰਕ ਕੱਦ ਜਾਂ ਰੰਗ-ਭੇਦ ਵਾਲੀ ਗੱਲ ਹੀਣ ਹੋ ਕੇ ਰਹਿ ਜਾਂਦੀ ਹੈ | ਨਾਇਕਾ ਆਪਣੇ ਅਧਿਆਪਕ ਕੋਲੋਂ ਮਿਹਨਤ, ਲਗਨ ਅਤੇ ਅਨੁਸ਼ਾਸਨਪਸੰਦੀ ਦੇ ਗੁਣ ਗ੍ਰਹਿਣ ਕਰਨ ਲਗਦੀ ਹੈ ਅਤੇ ਹੌਲ਼ੀ-ਹੌਲ਼ੀ ਆਪਣੀ ਜਮਾਤ ਵਿਚੋਂ ਅੱਵਲ ਆਉਂਦੀ ਹੈ | ਜਦੋਂ ਉਹ ਸਨਮਾਨ ਪ੍ਰਾਪਤ ਕਰਨ ਲਈ ਵਿਕਟਰੀ ਸਟੈਂਡ 'ਤੇ ਇਕ ਨੰਬਰ 'ਤੇ ਖੜ੍ਹਦੀ ਹੈ ਤਾਂ ਉਸ ਦੀਆਂ ਸਹੇਲੀਆਂ ਅਵਾਕ ਰਹਿ ਜਾਂਦੀਆਂ ਹਨ | ਪੰਜੂ ਨੇ ਇਸ ਬਾਲ ਨਾਵਲ ਰਾਹੀਂ ਜਿੱਥੇ ਸਿਫ਼ਤਜੀਤ ਵਰਗੀਆਂ ਅਨੇਕ ਬਾਲੜੀਆਂ ਤੇ ਬਾਲਕਾਂ ਨੂੰ ਹੀਣ ਭਾਵਨਾ ਵਿਚੋਂ ਬਾਹਰ ਕੱਢਣ ਦਾ ਸਾਰਥਿਕ ਉਪਰਾਲਾ ਕੀਤਾ ਹੈ ਉਥੇ ਇਹ ਕਿ੍ਤ ਬਾਲ ਮਨੋਭਾਵਨਾਵਾਂ ਦਾ ਉਲਾਸ-ਭਰਪੂਰ ਢੰਗ ਨਾਲ ਮਨੋਵਿਗਿਆਨਕ ਵਰਣਨ ਵੀ ਕਰਦੀ ਹੈ | ਨਾਵਲ ਵਿਚ ਦਿੱਤੀਆਂ ਕਵਿਤਾਵਾਂ ਜਾਂ ਢੁੱਕਵੇਂ ਬਿਰਤਾਂਤ ਨਾਲ ਸੰਬੰਧਿਤ ਕਾਵਿ-ਟੁਕੜੀਆਂ ਸੰਬੰਧਿਤ ਵਿਸ਼ੇ ਵਸਤੂ ਨੂੰ ਹੋਰ ਨੇੜਿਉਂ ਸਮਝਣ ਲਈ ਮਦਦਗਾਰ ਸਿੱਧ ਹੁੰਦੇ ਹਨ | ਹਾਂ, ਸ਼ਾਬਦਿਕ-ਗ਼ਲਤੀਆਂ ਜ਼ਰੂਰ ਰੜਕਦੀਆਂ ਹਨ | ਕੁੱਲ ਮਿਲਾ ਕੇ ਇਹ ਬਾਲ ਨਾਵਲ ਬਾਲ ਪਾਠਕਾਂ ਨੂੰ ਫ਼ਜ਼ੂਲ-ਸੋਚਣੀ ਅਤੇ ਕਿਸੇ ਨੂੰ ਮਾਨਸਿਕ ਤੌਰ 'ਤੇ ਤੰਗ-ਪ੍ਰੇਸ਼ਾਨ ਕਰਨ ਦੀ ਸੋਚਣੀ ਦਾ ਤਿਆਗ ਕਰਕੇ ਮੰਜ਼ਿਲ ਪ੍ਰਾਪਤ ਕਰਨ ਦਾ ਵਲ ਦੱਸਦਾ ਹੈ ਅਤੇ ਰੰਗ-ਰੂਪ ਜਾਂ ਕੱਦ-ਕਾਠ ਵੱਲ ਤਵੱਜੋ ਨਾ ਦੇ ਕੇ ਮਨੁੱਖੀ ਹਿਰਦੇ ਦੀ ਪਾਕੀਜ਼ਗੀ ਉਪਰ ਬਲ ਦਿੰਦਾ ਹੈ | ਪਾਤਰਾਂ ਦੀ ਭਾਸ਼ਾ ਉਨ੍ਹਾਂ ਦੇ ਕਿਰਦਾਰਾਂ ਦੇ ਅਨੁਕੂਲ ਹੈ | ਕੁੱਲ ਮਿਲਾ ਕੇ ਇਹ ਬਾਲ ਨਾਵਲ ਪੜ੍ਹਨਯੋਗ ਹੈ |
-ਡਾ. ਦਰਸ਼ਨ ਸਿੰਘ 'ਆਸ਼ਟ'
ਮੋਬਾਈਲ : 98144-23703
ਨਿੱਕੀਆਂ ਨਿੱਕੀਆਂ ਗੱਲਾਂ
ਲੇਖਕ : ਜੋਧ ਸਿੰਘ ਮੋਗਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 142
ਸੰਪਰਕ : 62802-58057

ਇਕ ਸਦੀ ਜਿੰਨੀ ਉਮਰ ਹੰਢਾਉਣ ਦੀ ਰੁੱਤੇ ਜੋਧ ਸਿੰਘ ਮੋਗਾ ਆਪਣੀ ਚੌਥੀ ਪੁਸਤਕ 'ਨਿੱਕੀਆਂ ਨਿੱਕੀਆਂ ਗੱਲਾਂ' ਲੈ ਕੇ ਆਪਣੇ ਪਿਆਰੇ ਵਿਦਿਆਰਥੀਆਂ ਲਈ ਹਾਜ਼ਰ ਹੋਇਆ ਹੈ | ਇਸ ਤੋਂ ਪਹਿਲਾਂ ਬੱਚਿਆਂ ਦੇ ਉੱਜਲੇ ਭਵਿੱਖ ਲਈ ਕਿਉਂ ਅਤੇ ਕਿਵੇਂ, ਆਓ ਕਵਿਤਾ ਲਿਖੀਏ ਅਤੇ ਬਾਤਾਂ ਵਾਂਗ, ਇਹ ਹਥਲੀ ਪੁਸਤਕ ਵੀ 25 ਸਕੂਲਾਂ ਦੇ 200 ਵਿਦਿਆਰਥੀਆਂ ਨੂੰ ਵੰਡੀ ਜਾਣੀ ਹੈ | ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਵਿਚ ਲੇਖਕ ਦਾ ਇਹ ਉੱਦਮ ਸ਼ਲਾਘਾਯੋਗ ਹੈ | ਇਹ ਪੁਸਤਕ ਅਧਿਆਪਕਾਂ ਨੂੰ ਵੀ ਹੱਥੋ-ਹੱਥ ਵੰਡਣ ਲਈ ਜ਼ਿੰਮੇਵਾਰੀ ਸੌਂਪਦੀ ਹੈ | ਕਿਸੇ ਪੁਸਤਕ ਦਾ ਮੁੱਖ ਬੰਦ ਕਿੰਨੀ ਮਹੱਤਤਾ ਰੱਖਦਾ ਹੈ, ਉਸ ਦਾ ਪ੍ਰਮਾਣ ਇਸ ਪੁਸਤਕ ਦੇ ਮੁੱਖਬੰਦ ਵਿਚ ਉੱਘੇ ਵਿਅੰਗਕਾਰ ਕੇ. ਐਲ. ਗਰਗ ਦੇ ਵਿਚਾਰ ਬਹੁਤ ਮੁੱਲਵਾਨ ਹਨ | ਉਹ ਲਿਖਦੇ ਹਨ :
''ਬੱਚਿਓ, ਬਾਬਾ ਤੁਹਾਨੂੰ ਨਿੱਕੀਆਂ ਸਿਆਣਪਾਂ ਰਾਹੀਂ ਸਾਊ ਸੁਚੱਜਾ, ਸੂਝਵਾਨ, ਸੁਹਜਵਾਦੀ ਅਤੇ ਸਰਵਣ ਕੁਮਾਰ ਬਣਾਉਣ ਦਾ ਚਾਹਵਾਨ ਹੈ | ਇਸ 97 ਸਾਲ ਦੀ ਉਮਰੇ ਸਟੇਸ਼ਨ 'ਤੇ ਬੈਠਾ ਆਪਣੇ ਵਿਦਿਆਰਥੀਆਂ ਨੂੰ ਬੀਬੇ, ਸਲੀਕੇਦਾਰ, ਸਿਆਣੇ ਅਤੇ ਪਰਪੱਕ ਦੇਖਣਾ ਲੋਚਦਾ ਹੈ |'' ਕਿੰਨੀ ਡੂੰਘੀ ਸ਼ਿੱਦਤ ਹੈ, ਲੇਖਕ ਦੀ ਵਿਦਿਆਰਥੀਆਂ ਲਈ |
ਲੋਕ-ਸਿਆਣਪਾਂ, ਲੋਕ-ਵਿਸ਼ਵਾਸ, ਬੁਝਾਰਤਾਂ, ਅਖੌਤਾਂ, ਮੁਹਾਵਰੇ ਤੇ ਕਥਨ ਸਾਡੇ ਪੰਜਾਬੀ ਸੱਭਿਆਚਾਰ ਦਾ ਧਰੋਹਰ ਹਨ | ਪੰਜਾਬੀ ਭਾਸ਼ਾ ਦੀ ਅਮੀਰੀ ਦੀ ਟਕਸਾਲ ਹਨ | ਪੰਜਾਬੀ ਭਾਸ਼ਾ ਦੇ ਗਹਿਣੇ ਹਨ | ਜੋਧ ਸਿੰਘ ਮੋਗਾ ਨੇ ਬਹੁਤ ਮਿਹਨਤ ਕਰਕੇ ਮਨੁੱਖ ਦੇ ਜੀਵਨ 'ਚ ਨਿੱਕੀਆਂ ਨਿੱਕੀਆਂ ਗੱਲਾਂ ਦੀ ਮਹੱਤਤਾ ਨੂੰ ਜਿਸ ਰੌਚਿਕ ਸ਼ੈਲੀ 'ਚ ਪੇਸ਼ ਕੀਤਾ, ਉਸ ਦਾ ਲੁਤਫ਼ ਪੜਿ੍ਹਆਂ ਹੀ ਪਤਾ ਲੱਗੇਗਾ | ਅੱਜ ਦੇ ਪਦਾਰਥਵਾਦੀ ਸਮਿਆਂ 'ਚ ਨੌਜਵਾਨ ਪੀੜ੍ਹੀ ਨੂੰ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਨਾ ਇਸ ਪੁਸਤਕ ਦਾ ਮੁੱਖ ਉਦੇਸ਼ ਹੈ | ਬੱਚਿਆਂ ਤੋਂ ਬਿਨਾਂ ਆਮ-ਪਾਠਕਾਂ ਲਈ ਵੀ ਇਹ ਪੁਸਤਕ ਆਪਣੇ ਸਮੇਂ ਨੂੰ ਸਾਰਥਿਕ ਬਣਾਉਣ 'ਚ ਮਦਦ ਕਰੇਗੀ | ਇਹ ਵੱਖਰੀ ਸਮੱਗਰੀ ਪੜ੍ਹਨਯੋਗ ਹੈ | ਗਿਆਨ ਪ੍ਰਾਪਤ ਕਰਨਾ ਜ਼ਰੂਰੀ ਹੈ | ਸਿਆਣਪ ਦਾ ਕੋਈ ਮੁਕਾਬਲਾ ਨਹੀਂ | ਇਸ ਪੱਖੋਂ ਇਹ ਪੁਸਤਕ ਹਰ ਇਕ ਪਾਠਕ ਦਾ ਦਿਲ ਜਿੱਤੇਗੀ |
-ਮਨਮੋਹਨ ਸਿੰਘ ਦਾਊਾ
ਮੋਬਾਈਲ : 98151-23900
ਵਿਚਕਾਰਲੇ
(ਹੀਜੜਿਆਂ ਦੀ ਜ਼ਿੰਦਗੀ ਬਾਰੇ ਇਕ ਖੋਜ ਭਰਪੂਰ ਪੁਸਤਕ)
ਖੋਜ ਅਤੇ ਸੰਪਾਦਕ : ਸੈਮੂਅਲ ਰਹਿਮਾਨ ਰਾਣਾ
ਅਨੁਵਾਦ ਅਤੇ ਸੰਪਾਦਨ : ਡਾ. ਹਰਬੰਸ ਸਿੰਘ ਧੀਮਾਨ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ
ਮੁੱਲ : 395 , ਸਫ਼ੇ : 296
ਸੰਪਰਕ: 98152-18545

ਵਿਚਾਰਾਧੀਨ ਪੁਸਤਕ ਪਾਕਿਸਤਾਨੀ ਲੇਖਕ ਸੈਮੂਅਲ ਰਹਿਮਾਨ ਰਾਣਾ ਨੇ ਆਪਣੇ ਦੋ ਸਹਾਇਕਾਂ ਮੁਹੰਮਦ ਏਜਾਜ਼ ਫ਼ਾਰੂਕੀ ਅਤੇ ਅਕਬਰ ਅਲੀ ਦੇ ਸਹਿਯੋਗ ਨਾਲ ਤਿਆਰ ਕੀਤੀ ਹੈ, ਜਿਸ ਦਾ ਪੰਜਾਬੀ ਅਨੁਵਾਦ ਡਾ. ਹਰਬੰਸ ਸਿੰਘ ਧੀਮਾਨ ਨੇ ਬੜੀ ਮਿਹਨਤ ਨਾਲ ਕੀਤਾ ਹੈ | ਇਹ ਨਾਮਨਜ਼ੂਰ ਰਚਨਾ 'ਤੇ ਪਹਿਲੀ ਕਿਤਾਬ ਹੈ |
ਖੁਸਰਾ ਹੋਣਾ ਪ੍ਰਕਿਰਤਕ ਦੋਸ਼ ਹੈ | ਇਹ ਕਿਸੇ ਦੇ ਵਸ ਦੀ ਗੱਲ ਨਹੀਂ ਹੈ | ਖੁਸਰਾ ਹੋਣ ਦਾ ਭਾਵ ਹੈ - ਨਾ ਹੀ ਲੜਕਾ, ਨਾ ਹੀ ਲੜਕੀ | ਇਹ ਅੰਤਰ ਲਿੰਗੀ ਵੀ ਕਹੀ ਜਾ ਸਕਦੀ ਹੈ | ਉਹ ਵਿਅਕਤੀ ਜੋ ਜਣਨ ਇੰਦਰੀ ਤੋਂ ਬਿਨਾਂ ਹੋਵੇ ਖੁਸਰਾ ਅਖਵਾਉਂਦਾ ਹੈ | ਇਸ ਪੁਸਤਕ ਨੂੰ ਲੇਖਕ ਨੇ ਚਾਰ ਭਾਗਾਂ ਵਿਚ ਵੰਡ ਕੇ ਖੁਸਰਿਆਂ ਬਾਰੇ ਬਹੁਪੱਖੀ ਜਾਣਕਾਰੀ ਦਿੱਤੀ ਹੈ | ਇਸ ਕਿਤਾਬ ਵਿਚ ਅਜਿਹੇ ਵਿਸ਼ਿਆਂ 'ਤੇ ਬੜੀ ਅਹਿਮ ਚਰਚਾ ਕੀਤੀ ਗਈ ਹੈ : ਜਿਵੇਂ ਗੁਪਤ ਜ਼ਿੰਦਗੀ, ਖੁਸਰਿਆਂ ਦੀ ਬੋਲੀ, ਖੁਸਰੇ ਅਤੇ ਸਮਾਜ | ਜਮਾਂਦਰੂ ਖੁਸਰੇ ਅਤੇ ਖੁਸਰੀ, ਖੁਸਰੇ ਸਮਾਜ ਵਿਚ ਸਤਿਕਾਰਯੋਗ ਕਿਉਂ ਹਨ? ਨਿਰਬਾਨ ਖੁਸਰੇ, ਸ਼ੌਕੀਆ ਖੁਸਰੇ, ਖ਼ਾਨਦਾਨੀ ਖੁਸਰੇ, ਪੇਂਡੂ ਅਤੇ ਸ਼ਹਿਰੀ ਖੁਸਰੇ | ਜਮਾਂਦਰੂ ਹੀਜੜੇ ਨਾਲ ਗੱਲਬਾਤ, ਰੋਟੀ ਰੋਜ਼ੀ ਦੀ ਮਜਬੂਰੀ, ਹਾਫ਼ਿਜ ਕੁਰਾਨ ਖੁਸਰੇ, ਨਿਰਬਾਣ ਖੁਸਰਾ ਅਤੇ ਇਸਤਰੀਪਣ, ਸਵੈ-ਇੱਛਤ ਨਿਰਬਾਣ ਖੁਸਰਾ, ਮਹਿਬੂਬ, ਪਤੀ, ਆਸ਼ਕ, ਗਿਰਿਆ (ਮਹਿਬੂਬ), ਪਤੀ (ਪਾਰਕ), ਪ੍ਰੇਮੀ ਆਸ਼ਕ ਖੁਸਰੇ ਅਤੇ ਲੱਜ਼ਤ, ਖੁਸਰਿਆਂ ਦੇ ਚਕਲੇ, ਢੋਲਕੀ ਵਜਾਉਣਾ ਅਤੇ ਨੱਚਣਾ ਗਾਉਣਾ, ਘੁੰਗਰੂ, ਮਹਿਫ਼ਲਾਂ ਵਿਚ ਨਾਚ, ਸ਼ਾਦੀ ਦੀਆਂ ਰਸਮਾਂ, ਖੁਸਰੇ ਦਾ ਜਨਾਜ਼ਾ, ਗੁਰਿਆਈ ਗੱਦੀ, ਮੂਠੀ ਮਾਲਸ਼, ਖੁਸਰੇ ਅਤੇ ਦਲਾਲ, ਨਸ਼ਾ ਅਤੇ ਖੁਸਰੇ, ਮੇਲੇ ਅਤੇ ਖੁਸਰੇ, ਪੁਲਿਸ ਦੇ ਮੁਖ਼ਬਰ, ਖੁਸਰੇ ਅਤੇ ਅਪਰਾਧ, ਤੋਹਫ਼ੇ, ਸੁਗਾਤ, ਡੱਬਾ ਗਿਫ਼ਟ, ਇੰਟਰਨੈੱਟ ਨਾਲ ਜਾਣ-ਪਛਾਣ, ਨਕਲ, ਹੋਟਲ, ਫੈਸ਼ਨ, ਗਾਇਕੀ, ਬਗ਼ਾਵਤ ਸਿੱਖਿਆ, ਜੂਆ ਖੇਡਣਾ, ਹਮ ਜਿਨਸੀ ਦੀ ਪਛਾਣ, ਬਦ-ਜ਼ੁਬਾਨ, ਜਾਇਦਾਦ, ਹਿੰਸਾ ਅਤੇ ਸਮਾਜ, ਸਮਾਜਿਕ ਸਥਿਤੀ, ਸਰੀਰਕ ਸ਼ਕਤੀ, ਗਾਲੀ ਗਲੋਚ, ਚੁਟਕਲੇ ਅਤੇ ਦਿਲਚਸਪ ਘਟਨਾਵਾਂ, ਖੁਸਰੇ ਨੂੰ ਚਿੜਾਉਣਾ, ਕੰਮ ਧੰਦੇ (ਡਰਾਈਵਿੰਗ, ਦੁਕਾਨਦਾਰੀ), ਪਸੰਦੀਦਾ ਫੁੱਲ, ਵਿਧਵਾ, ਬੀਵੀ, ਰਹਿਮ ਦਿਲੀ-ਔਰਤ ਦਾ ਪਿਆਰ, ਖੁਸਰੇ, ਡਾਕਟਰ ਅਤੇ ਇਲਾਜ, ਸਾਹਿਤ ਅਤੇ ਖੁਸਰੇ, ਖੁਸਰੇ ਚਾਹੁੰਦੇ ਨੇ ਉਨ੍ਹਾਂ ਨੂੰ ਵੀ ਸ਼ਾਇਰੀ ਦਾ ਵਿਸ਼ਾ ਬਣਾਇਆ ਜਾਵੇ | ਜੋਸ਼ ਮਲੀਹਾਬਾਦੀ ਨੇ 'ਆਪਣੀ ਆਤਮਕਥਾ', 'ਯਾਦੋਂ ਕੀ ਬਾਰਾਤ' ਵਿਚ ਅਜਿਹਾ ਕਰ ਵਿਖਾਇਆ ਹੈ | ਸ਼ਿਵ ਕੁਮਾਰ ਬਟਾਲਵੀ ਦੇ 'ਦੀਵਾਨ ਕੁਲਿਆਤ' ਸ਼ਿਵ ਕੁਮਾਰ ਕਵਿਤਾ ਦਾ ਨਮੂਨਾ ਵੇਖੋ ਜੋ ਪੰਜਾਬੀ ਵਿਚ ਲਿਖੀ ਗਈ ਹੈ | ਪੰ. 265-267.
ਰਾਤ ਅੱਧੀ ਆਰ/ਅੱਧੀ ਪਾਰ ਹੈ/ ਸੋਚ ਮੇਰੀ ਵਾਂਗ ਹੀ ਜਾਗ ਰਿਹਾ ਹੈ/ ਇਹ ਮੈਨੂੰ ਇਵੇਂ ਪਈ ਭਾਸਦੀ/ ਮੇਰੇ ਵਾਂਗ ਮਰਦ ਹੈ ਨਾ ਨਾਰ/ ...ਨਾ ਆਦਮ ਨਾ ਮੈਂ ਹਵਾ/ਕਿਸ ਪਾਪ ਦੀ ਸਜ਼ਾ?/ ਹੇ ਮਨਾਂ! ਹੈਬੇਕਾਰ/ਹੈ ਬੇਕਾਰ/ ਇਕ ਵਾਧੂ ਹੈ ਭਾਰ | ਪੰ. 263.
ਇਹ ਕਿਤਾਬ ਸੰਵਾਦਾਂ ਨਾਲ ਭਰਪੂਰ ਹੈ | ਇੰਟਰਵਿਊਆਂ ਹਨ | ਗੱਲ ਕੀ ਇਹ ਪੁਸਤਕ ਖੁਸਰਿਆਂ ਦੇ ਜੀਵਨ ਬਾਰੇ ਜਾਣਕਾਰੀ ਭਰਪੂਰ ਖੋਜ ਆਧਾਰਿਤ ਰਚਨਾ ਹੈ |
-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatishdharamchand@gmail.com
ਡਰੇ ਹੋਏ ਲੋਕ
ਲੇਖਿਕਾ : ਕੋਮਲਦੀਪ ਕੌਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 108
ਸੰਪਰਕ: komaldeepkaur@90gmail.com

ਕੋਮਲਦੀਪ ਕੌਰ ਦਾ ਇਹ ਪਲੇਠਾ ਕਾਵਿ-ਸੰਗ੍ਰਹਿ 'ਡਰੇ ਹੋਏ ਲੋਕ' ਰੂਪਕ ਅਤੇ ਵਿਚਾਰਕ ਦੋਵਾਂ ਪੱਖਾਂ ਤੋਂ ਹੀ ਮੁਕੰਮਲ ਸਿਰਜਣਾ ਹੈ | ਕਵਿਤਾਵਾਂ ਵਿਚ ਵਰਤੀ ਗਈ ਸ਼ਬਦਾਵਲੀ ਏਨੀ ਸਰਲ ਅਤੇ ਮਿਕਨਾਤੀਸੀ ਹੈ ਕਿ ਪਾਠਕ ਇੱਕ ਵਾਰ ਪੜ੍ਹਨੀ ਸ਼ੁਰੂ ਕਰਕੇ ਪੂਰੀ ਪੁਸਤਕ ਪੜ੍ਹੇ ਬਿਨਾਂ ਨਹੀਂ ਰਹਿ ਸਕਦਾ | ਉਨ੍ਹਾਂ ਦੇ ਸ਼ਬਦਾਂ ਦੀ ਸਹਿਜਤਾ, ਗੰਭੀਰਤਾ ਅਤੇ ਅਡੋਲਤਾ ਇਸ ਗੱਲ ਦੀ ਸ਼ਾਹਦੀ ਭਰਦੇ ਹਨ ਕਿ ਉਹ ਸਮਾਜਿਕ ਤਾਣੇ-ਬਾਣੇ ਦੀਆਂ ਗੁੰਝਲਦਾਰ ਪਰਤਾਂ ਦੀ ਬੜੀ ਸੂਖਮ ਸੂਝ-ਬੂਝ ਰੱਖਦੇ ਹਨ:
ਧੁੱਪ ਨੂੰ ਲੱਗੀ ਕੰਬਣੀ
ਤੇ ਛਾਂ ਲੱਗਦੀ ਏ ਕੋਸੀ
ਸੱਜਣ ਦੱਸ ਨਾ
ਕਦ ਤੂੰ ਤੇ ਮੈਂ ਇਕ ਹੋਸੀ
ਅਸੀਂ ਦੇਖਦੇ ਹਾਂ ਕਿ ਸਾਡੇ ਆਲ਼ੇ-ਦੁਆਲ਼ੇ ਆਰਥਿਕ, ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਤੌਰ ਨਪੀੜੇ ਜਾ ਰਹੇ ਵਰਗਾਂ ਲਈ ਬੜੇ ਵਿਆਪਕ ਪੱਧਰ 'ਤੇ ਸੰਵਾਦ ਰਚਾਏ ਜਾ ਰਹੇ ਹਨ, ਵੱਡੇ-ਵੱਡੇ ਐਲਾਨ ਹੁੰਦੇ ਸੁਣਾਈ ਦੇ ਰਹੇ ਹਨ ਅਤੇ ਸਬੰਧਿਤ ਲੋਕਾਂ ਨਾਲ ਗੱਲਬਾਤ ਦੇ ਦੌਰ ਵੀ ਚਲਾਏ ਜਾ ਰਹੇ ਹਨ ਪਰ ਜੇਕਰ ਫਿਰ ਵੀ ਉਨ੍ਹਾਂ ਦੀ ਤਰਸਯੋਗ ਹਾਲਤ ਵਿਚ ਕਿਸੇ ਤਰ੍ਹਾਂ ਦਾ ਕੋਈ ਸੁਧਾਰ ਹੁੰਦਾ ਦਿਖਾਈ ਨਹੀਂ ਦੇ ਰਿਹਾ, ਤਾਂ ਉਹ ਇਸ ਵਰਤਾਰੇ ਦੇ ਖ਼ਿਲਾਫ਼ ਬੇਬਾਕ ਢੰਗ ਨਾਲ ਆਵਾਜ਼ ਬੁਲੰਦ ਕਰਦੇ ਹਨ | ਕੋਮਲਦੀਪ ਕੌਰ ਨੇ ਇਹ ਪੁਸਤਕ ਆਪਣੇ ਪਿਤਾ ਕਾਮਰੇਡ ਸਤਵਿੰਦਰ ਸਿੰਘ ਜੀ ਨੂੰ ਸਮਰਪਿਤ ਕੀਤੀ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਲੋਕ-ਸਰੋਕਾਰਾਂ ਦੀ ਗੱਲ ਕਰਨ ਦੀ ਗੁੜ੍ਹਤੀ ਉਨ੍ਹਾਂ ਨੂੰ ਵਿਰਸੇ ਵਿਚ ਹੀ ਮਿਲੀ ਹੈ | ਪਿੱਤਰੀ ਸੱਤਾ, ਮਰਦ-ਪ੍ਰਧਾਨਗੀ, ਰਾਜਨੀਤੀ ਦਾ ਚਰਿੱਤਰ, ਜੰਗ ਦਾ ਵਪਾਰ ਅਤੇ ਆਸਥਾ ਦਾ ਦੰਭ ਆਦਿਕ ਬੇਸ਼ੁਮਾਰ ਵਿਸ਼ਿਆਂ ਨੂੰ ਉਨ੍ਹਾਂ ਨੇ ਬੜੇ ਸਫ਼ਲ ਅਤੇ ਸੁਚੱਜੇ ਢੰਗ ਨਾਲ ਉਭਾਰਿਆ ਹੈ | ਆਪਣੇ ਗੌਰਵਮਈ ਵਿਰਸੇ ਪ੍ਰਤੀ ਅੰਤਾਂ ਦਾ ਪਿਆਰ ਉਨ੍ਹਾਂ ਦੀ ਕਵਿਤਾ ਵਿਚੋਂ ਡੁੱਲ੍ਹ-ਡੁੱਲ੍ਹ ਪੈਂਦਾ ਹੈ ਪਰ ਅੱਜਕੱਲ੍ਹ ਦੇ ਅਖੌਤੀ ਵਾਰਸਾਂ ਵਿਚ ਉਨ੍ਹਾਂ ਨੂੰ ਉਸ ਦੀ ਕੋਈ ਝਲਕ ਦਿਖਾਈ ਨਹੀਂ ਦਿੰਦੀ | ਸੱਤਿਅਮ, ਸ਼ਿਵਮ, ਸੁੰਦਰਮ ਦੀ ਤਰਜਮਾਨੀ ਕਰਦੀ ਇਸ ਖ਼ੂਬਸੂਰਤ ਪੁਸਤਕ ਦਾ ਪੁਰਜ਼ੋਰ ਸਵਾਗਤ ਕਰਨਾ ਬਣਦਾ ਹੈ |
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027
