27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

28-11-2026

28-11-2026

Ad Position 21
No active advertisement
ਅਜੀਤ ਡੈਸਕ 28-11-2026

ਯਾਦਾਂ ਦਾ ਸਿਰਨਾਵਾਂ
ਲੇਖਕ : ਗੁਰਦਿਆਲ ਸਿੰਘ ਜੌਹਲ
ਸੰਪਾਦਕ : ਭਜਨ ਸਿੰਘ ਸਿੱਧੂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ
ਮੁੱਲ : 275 ਰੁਪਏ, ਸਫ਼ੇ : 160
ਸੰਪਰਕ :  82644-72240


ਅੱਜਕਲ੍ਹ ਪੰਜਾਬੀ ਸਾਹਿਤ ਵਿਚ ਸਵੈ-ਜੀਵਨੀਆਂ ਦਾ ਰੁਝਾਨ ਕਾਫ਼ੀ ਵੱਧ ਗਿਆ ਹੈ ਤੇ ਪਾਠਕਾਂ ਵਲੋਂ ਇਨ੍ਹਾਂ ਨੂੰ  ਪਸੰਦ ਵੀ ਕੀਤਾ ਜਾ ਰਿਹਾ ਹੈ | ਸਵੈ-ਜੀਵਨੀ ਵਿਚ ਯਥਾਰਥ ਵਧੇਰੇ ਤੇ ਕਲਪਨਾ ਦਾ ਰੰਗ ਨਾਮਾਤਰ ਹੁੰਦਾ ਹੈ, ਇਸ ਲਈ ਸਵੈ-ਜੀਵਨੀ ਹੋਰ ਵਿਧਾਵਾਂ ਨਾਲੋਂ ਵਧੇਰੇ ਪ੍ਰਵਾਣਤ ਅਤੇ ਪ੍ਰਮਾਣਤ ਮੰਨੀ ਜਾਂਦੀ ਹੈ | ਨਿੱਜ ਦਾ ਅੰਸ਼ ਹੋਣ ਕਰਕੇ ਪਾਠਕ ਵੀ ਉਸ ਨਾਲ ਜਲਦੀ ਜੁੜ ਵੀ ਜਾਂਦੇ ਹਨ | ਇੰਜ ਹੀ ਗੁਰਦਿਆਲ ਸਿੰਘ ਜੌਹਲ ਵਲੋਂ ਲਿਖੀ ਅਤੇ ਭਜਨ ਸਿੰਘ ਸਿੱਧੂ ਵਲੋਂ ਸੰਪਾਦਤ ਸਵੈ ਜੀਵਨੀ ''ਯਾਦਾਂ ਦਾ ਸਿਰਨਾਵਾਂ'' ਵੀ ਪਾਠਕ ਨੂੰ  ਸ਼ੁਰੂ ਤੋਂ ਅੰਤ ਤੀਕ ਜੋੜ ਕੇ ਰੱਖਣ ਵਿਚ ਸਫ਼ਲ ਰਚਨਾ ਹੈ | ਇਹ ਸਵੈ-ਜੀਵਨੀ ਗੁਰਦਿਆਲ ਸਿੰਘ ਦੇ ਜੀਵਨ ਦੇ ਤਿੰਨ ਮਹਤੱਵਪੂਰਨ ਪੜਾਵਾਂ 'ਚੋਂ ਲੰਘਦੀ ਹੈ | ਜਦੋਂ ਉਹ ਅਧਿਆਪਕ ਹੁੰਦਾ ਹੈ ਤਾਂ ਅਧਿਆਪਕ ਵਰਗ ਦੀ ਨੁਮਾਇੰਦਗੀ ਕਰਦਾ ਹੈ ਅਤੇ ਅਧਿਆਪਕ ਸੰਘਰਸ਼ਾਂ ਵਿਚ ਵੱਧ ਚੜ੍ਹ ਕੇ ਭਾਗ ਲੈਂਦਾ ਹੈ | ਉਨ੍ਹਾਂ ਦੇ ਵਿਚ ਚਰਚਿਤ ਚਿਹਰਾ ਬਣਦਾ ਹੈ | ਅਧਿਆਪਕ ਹੁੰਦਿਆਂ ਕਮਰਿਆਂ ਦੀ ਉਸਾਰੀ ਕਰਾਉਂਦਾ ਹੈ, ਹਾਕੀ ਟੀਮ ਦੀ ਤਿਆਰੀ ਕਰਾਉਂਦਾ ਹੈ, ਅਧਿਆਪਕ ਯੂਨੀਅਨ ਦੀਆਂ ਚੋਣਾ ਵਿਚ ਜ਼ੋਰ-ਸ਼ੋਰ ਨਾਲ ਭਾਗ ਲੈਂਦਾ ਹੈ, ਪਿੰਡ ਦੇ ਟੂਰਨਾਮੈਂਟ ਦਾ ਆਯੋਜਨ ਆਦਿ ਹੋਰ ਬਹੁਤ ਕੁਝ ਕਰਦਾ ਹੈ ਪਰ ਇੱਕ ਅਧਿਆਪਕ ਵਜੋਂ ਵਿਦਿਆਰਥੀਆਂ ਅਤੇ ਆਪਣੇ ਵਿਸ਼ੇ ਨਾਲ ਕਿੰਨਾ ਕੁ ਨਿਆਂ ਕੀਤਾ ਇਸ ਦਾ ਵੇਰਵਾ ਨਹੀਂ ਮਿਲਦਾ | ਲੇਖਕ ਨੇ ਕਈ ਸਕੂਲਾਂ ਵਿਚ ਨੌਕਰੀ ਕੀਤੀ ਪਰ ਉਹ ਕਿਸ ਵਿਸ਼ੇ ਦਾ ਅਧਿਆਪਕ ਸੀ ਇਸ ਦਾ ਜ਼ਿਕਰ ਤੱਕ ਨਹੀਂ ਹੈ | ਅਧਿਆਪਕ ਯੂਨੀਅਨ ਦੀਆਂ ਸਰਗਰਮੀਆਂ ਦਾ ਵਿਸਤਾਰ ਸਹਿਤ ਲੇਖਾ-ਜੋਖਾ ਮਿਲਦਾ ਹੈ | ਲੇਖਕ ਦੀ ਜ਼ਿੰਦਗੀ ਦਾ ਦੂਸਰਾ ਪੜਾਅ ਸਕੂਲ ਦੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਪਿੰਡ ਦੀ ਸਰਪੰਚੀ ਹਾਸਿਲ ਕਰਨ ਦਾ ਹੈ | ਪਿੰਡ ਦਾ ਸਰਬਪੱਖੀ ਵਿਕਾਸ ਕਰਾਉਣ ਦਾ ਹੈ | ਇਸ ਵਿਚ ਪਿੰਡ ਦੀ ਰਾਜਨੀਤੀ, ਪਿੰਡ ਦੇ ਲੋਕਾਂ ਨਾਲ ਜੁੜੇ ਛੋਟੇ-ਬੜੇ ਮਸਲੇ ਹੱਲ ਕਰਾਉਣ ਦੀ ਗਾਥਾ ਉੱਭਰ ਕੇ ਸਾਹਮਣੇ ਆਉਂਦੀ ਹੈ | ਸਵੈ-ਜੀਵਨੀ ਦਾ ਚੌਥਾ ਪੜਾਅ ਲੇਖਕ ਵਲੋਂ ਪਰਿਵਾਰ ਸਹਿਤ ਕੈਨੇਡਾ ਸ਼ਿਫਟ ਕਰਨ 'ਤੇ ਉੱਥੋਂ ਦੇ ਜੀਵਨ-ਜਾਚ ਨਾਲ ਜੁੜਿਆ ਹੋਇਆ ਹੈ | ਇੱਥੇ ਲੇਖਕ ਆਪਣੇ ਆਪ ਨੂੰ  ਕੈਨੇਡਾ ਦੇ ਸੈਟਅਪ ਵਿਚ ਢਾਲਣ ਅਤੇ ਸਥਾਪਤ ਹੋਣ ਦੇ ਸੰਘਰਸ਼ ਨੂੰ  ਬਿਆਨਦਾ ਹੋਇਆ ਵਰਤਮਾਨ ਪ੍ਰਸਥਿਤੀਆਂ ਨਾਲ ਜੋੜਦਾ ਹੈ | ਉਹ ਕੈਨੇਡਾ ਪੁੱਜੇ ਨਵੀਂ ਪੀੜ੍ਹੀ ਦੇ ਨੌਜਵਾਨਾਂ ਦੀ ਜੀਵਨ ਸ਼ੈਲੀ, ਉੱਥੇ ਪੁੱਜ ਕੇ ਪੰਜਾਬੀਆਂ ਵਲੋਂ ਫੈਲਾਈ ਜਾ ਰਹੀ ਅਨਾਰਕੀ ਅਤੇ ਨਿੱਘਰਦੇ ਜਾਂਦੇ ਹਾਲਾਤ ਨੂੰ  ਯਥਾਰਥਮਈ ਢੰਗ ਨਾਲ ਬਿਆਨ ਕਰਦਾ ਹੈ ਅਤੇ ਨਾਲੋ-ਨਾਲ ਭਾਰਤ ਅਤੇ ਕੈਨੇਡਾ ਦੇ ਮਾਹੌਲ ਤੇ ਜੀਵਨ ਜਾਚ ਦਾ ਤੁਲਨਾਤਮਕ ਵਿਸ਼ਲੇਸ਼ਣ ਵੀ ਪੇਸ਼ ਕਰਦਾ ਜਾਂਦਾ ਹੈ ਅਤੇ ਉੱਥੇ ਰਹਿ ਕੇ ਲੋਕ ਸੇਵਾ ਲਈ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਵੀ ਪ੍ਰਦਾਨ ਕਰਦਾ ਹੈ | ਕੁੱਲ ਮਿਲਾ ਕੇ ਸਰਲ, ਸਾਦੇ, ਸਪੱਸ਼ਟ ਅਤੇ ਸਹਿਜ ਢੰਗ ਨਾਲ ਲਿਖੀ ਗਈ 'ਯਾਦਾਂ ਦੇ ਪਰਛਾਵੇਂ' ਸਵੈ-ਜੀਵਨੀ ਜਿੱਥੇ ਗੁਰਦਿਆਲ ਸਿੰਘ ਦੇ ਜੀਵਨ ਸੰਘਰਸ਼ ਦੀ ਝਲਕ ਪੇਸ਼ ਕਰਦੀ ਹੈ, ਉੱਥੇ ਨਵੀਂ ਪੀੜ੍ਹੀ ਲਈ ਰਾਹ ਦਸੇਰਾ ਵੀ ਬਣਨ ਦੀ ਸਮਰੱਥਾ ਰਖਦੀ ਹੈ |

-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964

ਜੰਗ ਤੇ ਜ਼ਿੰਦਗੀ
ਸੰਪਾਦਕ : ਅਮੋਲਕ ਸਿੰਘ, ਯਸ਼ ਪਾਲ
ਪ੍ਰਕਾਸ਼ਕ : ਪੰਜਾਬ ਲੋਕ ਸੱਭਿਆਚਾਰਕ ਮੰਚ
ਮੁੱਲ : 300 ਰੁਪਏ, ਸਫ਼ੇ : 312
ਸੰਪਰਕ : 98778-68710


ਅਜਿਹਾ ਜਾਪਦਾ ਹੈ ਕਿ 'ਜੰਗ ਤੇ ਜ਼ਿੰਦਗੀ' ਕਿਤਾਬ ਦਾ ਸਿਰਲੇਖ ਲੀਓਟਾਲਸਟਾਇ ਦੇ ਰੂਸੀ ਨਾਵਲ 'ਵਾਰ ਐਂਡ ਪੀਸ' ਤੋਂ ਪ੍ਰਭਾਵਿਤ ਹੋ ਕੇ ਰੱਖਿਆ ਗਿਆ ਹੋਣਾ ਹੈ? ਇਸ ਕਾਵਿ-ਸੰਗ੍ਰਹਿ ਵਿਚ ਨਵੇਂ ਅਤੇ ਪ੍ਰੌੜ੍ਹ ਕਵੀਆਂ ਦੀਆਂ ਚੋਣਵੀਆਂ 91 ਕਵਿਤਾਵਾਂ ਸੰਕਲਿਤ ਕੀਤੀਆਂ ਗਈਆਂ ਹਨ | ਇਸ ਪੁਸਤਕ ਨੂੰ  ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ | ਪਹਿਲੇ ਭਾਗ (ਕਵਿਤਾ ਦੀ ਸੱਥ) ਵਿਚ 59, ਦੂਜੇ ਭਾਗ ਵਿਚ ਲੰਮੇਰੀਆਂ 3 ਕਵਿਤਾਵਾਂ, ਭਾਗ ਤੀਜੇ ਵਿਚ 29 ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ | ਇੰਝ 'ਜੰਗ ਤੇ ਜ਼ਿੰਦਗੀ' ਨਾਲ ਸੰਬੰਧਿਤ 91 ਕਵਿਤਾਵਾਂ ਸੰਗ੍ਰਹਿਤ ਕੀਤੀਆਂ ਗਈਆਂ ਹਨ |
ਇਕੋ ਵਿਸ਼ੇ 'ਤੇ ਲਿਖੀਆਂ ਸਾਰੀਆਂ ਹੀ ਕਵਿਤਾਵਾਂ ਕਾਬਲੇ ਤਾਰੀਫ਼ ਹਨ | ਫਿਰ ਵੀ ਕੁਝ ਕਵਿਤਾਵਾਂ ਦੀ ਰੂਪ-ਰੇਖਾ ਵੇਖ ਲੈਣੀ ਲਾਹੇਵੰਦ ਰਹੇਗੀ | ਮਸਲਨ : 'ਸੁਣਿਆ ਸੀ ਪਾਣੀ ਨੂੰ  ਕੋਈ ਖੰਜਰ ਚੀਰ ਨਾ ਸਕਿਆ/ ਪਰ ਰਾਵੀ ਦੇ ਟੁਕੜੇ ਹੋਏ ਅਸੀਂ ਤਾਂ ਅੱਖੀਂ ਦੇਖਿਆ | ਪੰ. 15, ਪੈਂਹਠ ਦੀ ਜੰਗ ਵਿਚ ਸ਼ਹੀਦ ਦਲੇਰ ਸਿੰਘ ਬਾਰੇ ਲਿਖਿਆ ਗਿਆ ਹੈ : 'ਮੈਂ ਤਾਂ ਰੋਟੀ ਵਾਸਤੇ ਭਰਤੀ ਹੋਇਆ ਸੀ | ਪੰ. 16, 'ਤੇਰੀਆਂ ਚਿੱਠੀਆਂ ਸੁਣਦੇ ਸੁਣਦੇ ਮੇਰੇ ਕਾਂਠੇ ਰੱਖਿਆ ਫੰਡ ਬਣ ਗਏ |' ਪ. 29, ਕਹਿੰਦਾ ਸੀ ਅਗਲੀ ਛੁੱਟੀ ਵੇਲੇ ਜੱਟ ਆਊਗਾ, ਲੱਭਾਂਗਾ ਭੈਣ ਲਈ ਘਰ ਵੇ ਹਾਂ | ਪੰ. 59, ਲੋਕ ਬੋਲੀ : ਨੀ ਮੈਂ ਰੰਡੀਓ ਸੁਹਾਗਣ ਹੋਵਾਂ/ ਜੇ ਬਸਰੇ ਦੀ ਲਾਮ ਟੁੱਟਜੇ | ਪੰ. 113, ਇਨਸਾਨ ਨੂੰ  ਜਾਨਵਰ ਬਣਾਉਣ ਦਾ/ ਸਭ ਤੋਂ ਵੱਡਾ ਕਾਰਖਾਨਾ ਫੌਜ ਹੈ | ਪੰ. 131.
ਗੱਲ ਕੀ ਕਵੀਆਂ ਨੇ ਆਪੋ-ਆਪਣੇ ਦਿ੍ਸ਼ਟੀਕੋਣ ਤੋਂ ਜੰਗ ਦੇ ਪ੍ਰਭਾਵ ਉਲੀਕੇ ਹਨ, ਮਸਲਨ: ਕੌਮੀ ਝੰਡੇ ਵਿਚ ਪਿਆ ਸ਼ਹੀਦ ਦਾ ਜਿਸਮ ਵੀ ਤਾਂ ਕੱਫ਼ਨ ਹੀ ਹੁੰਦਾ ਹੈ... 
ਤੋਪਾਂ ਦੀ ਸਲਾਮੀ ਨੇ ਕੀ ਮੋੜ ਲਿਆਉਣਾ ਯੁਵਕ ਨੂੰ ...
ਭਾਸ਼ਨਾਂ ਦੁਆਰਾ ਸ਼ਰਧਾਂਜਲੀ ਸ਼ਹੀਦ 'ਤੇ ਵਿਅੰਗ ਹੈ...
ਪਤਨੀਆਂ ਦੇ ਲੁੱਟੇ ਸੁਹਾਗ ਦਾ ਵਿਰਲਾਪ... ਬੱਚਿਆਂ ਤੋਂ ਖੋਹੇ ਬਾਪ ਦਾ ਰੁਦਨ... (ਬੱਚਿਆਂ ਨੂੰ ) | ਤੁਸੀਂ ਖੇਡਦੇ ਰਹੋ/ ਘਰ ਬਣਾਉਣ ਬਣਾਉਣ... ਜੰਗ ਦੇ ਪਹਿਲੇ ਅਤੇ ਇੱਕੀਵੀਂ ਸਦੀ ਤੱਕ ਦੇ ਬਦਲਦੇ ਪਰਿਪੇਖ... ਰਾਮਾਇਣ ਯੁੱਗ ਤੋਂ ਲੈ ਕੇ ਉੱਤਰ ਆਧੁਨਿਕ ਸਮੇਂ ਤੱਕ ਜੰਗ ਦੇ ਬਦਲਦੇ ਢੰਗ... 'ਜੰਗ ਦਾ ਸਭ ਤੋਂ ਪਹਿਲਾ ਕਾਰਖਾਨਾ/ ਲੋਹੇ ਦਾ ਨਹੀਂ ਹੁੰਦਾ/ ਉਹ ਭਾਸ਼ਾ ਦਾ ਹੁੰਦਾ ਹੈ | ਪੰ. 185. ਫੰਨੇ ਖਾਂ ਬਾਰੇ ਲੰਮੇਰੀ ਕਵਿਤਾ, ਅੱਜ ਦੀ ਰਾਜਨੀਤੀ 'ਤੇ ਵਿਅੰਗ ਹੈ | ਪੰ. 199, ਫੰਨੇ ਖਾਂ/ ਬਹੁਤ ਸੁਆਦ ਆਉਂਦਾ/ ਜਦ ਵਾਰ ਵਾਰ ਭੇਡਾਂ ਨੂੰ  ਸੰਬੋਧਨ ਕਰਦਾ ਹੈ... ਜਨ ਸਾਧਾਰਨ ਲੋਕ ਓਹਦੇ ਲਈ ਭੇਡਾਂ ਹੀ ਹਨ... |
ਬ੍ਰਤੋਖਤ ਬ੍ਰੈਖਤ ਦੀਆਂ ਕੁਝ ਨਜ਼ਮਾਂ ਦਾ ਪੰਜਾਬੀ ਅਨੁਵਾਦ ਵੀ ਦਿੱਤਾ ਹੈ | ਮਸਲਨ :
'ਇਨਕਲਾਬ ਦਾ ਅਣਪਛਾਤਾ ਮਾਰ ਦਿੱਤਾ ਗਿਆ/ ਮੈਂ ਉਸ ਦਾ ਸ਼ਿਲਾਲੇਖ/ ਸੁਪਨੇ ਵਿਚ ਵੇਖਿਆ/ ਉਹ ਚਿੱਕੜ ਵਿਚ ਪਿਆ ਸੀ | ਪੰ. 243, ਹਿੰਦੀ ਤੋਂ ਅਨੁਵਾਦ ਹੂਬਨਾਥ ਦੀ ਨਜ਼ਮ 'ਮੇਰਾ ਵਿਰੋਧ ਦੇਸ਼ਧ੍ਰੋਹ ਬਣ ਜਾਵੇਗਾ |' ਪੰ. 261 (ਪਤਨੀ ਠੀਕ ਕਹਿੰਦੀ ਹੈ) 'ਇਸ ਬੁਢਾਪੇ ਉਮਰੇ/ ਵਕਤ ਖਰਾਬ ਹੈ/ ਐਸਾ ਵੈਸਾ ਨਾ ਲਿਖੋ/ ਜੇਲ੍ਹ ਜਾਣਾ ਪਵੇ | ਪੰ. 269.
ਗਾਜ਼ਾ ਦੀਆਂ ਖ਼ਬਰਾਂ ਨੇ/ਅਮਰੀਕਾ-ਇਜ਼ਰਾਈਲ ਈਰਾਨ ਦੇ ਹਾਲਾਤ ਨੇ |
ਈਰਾਨ ਦੀਆਂ ਗਲੀਆਂ 'ਚ
ਖਿਡੌਣਿਆਂ ਦੀ ਥਾਂ ਮਲਬਾ ਪਿਆ ਹੈ
ਸੁਭਾਸ਼ ਸੋਲੰਕੀ ਨੇ ਆਪਣੀ ਕਵਿਤਾ ਵਿਚ ਲਿਖਿਆ ਹੈ: ਈਰਾਨ/ਤੈਨੂੰ ਸਲਾਮ-ਕਿ ਤੂੰ ਡਰ ਨੂੰ  ਆਪਣੀਆਂ ਰਗਾਂ ਵਿਚ ਥਾਂ ਨਹੀਂ ਦਿੱਤੀ
ਕਿ ਤੂੰ ਆਪਣੇ ਸ਼ਹਿਰ ਦੀਆਂ ਟੁੱਟਦੀਆਂ ਕੰਧਾਂ 'ਤੇ ਵੀ |
ਹੌਸਲੇ ਦੇ ਝੰਡੇ ਲਹਿਰਾ ਦਿੱਤੇ | ਪੰ. 279.
'ਜੰਗ ਤੇ ਜ਼ਿੰਦਗੀ' ਬਾਰੇ ਇਸ ਕਾਵਿ-ਸੰਗ੍ਰਹਿ ਨੂੰ  ਪਾਠਕ ਪੜ੍ਹ ਕੇ ਹੀ ਦਮ ਲੈ ਸਕਦੇ ਹਨ | ਦੋਵਾਂ ਸੰਪਾਦਕਾਂ ਦੀ ਮਿਹਨਤ ਨੂੰ  ਦਾਦ ਦੇਣੀ ਬਣਦੀ ਹੈ |

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharmchand@gmail.com

ਪੰਜਾਬ ਹੁਣ
ਲੇਖਕ : ਕਮਲਜੀਤ ਸਿੰਘ ਬਨਵੈਤ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 330 ਰੁਪਏ, ਸਫ਼ੇ : 204
ਸੰਪਰਕ : 98147-34035


ਪੰਜਾਬ ਦੀ ਜਦੋਂ ਵੀ ਗੱਲ ਛਿੜਦੀ ਹੈ ਤਾਂ ਇਸ ਦੇ ਸ਼ੁਭ-ਚਿੰਤਕਾਂ ਦੀ ਆਤਮਾ 'ਚੋਂ ਸਾਡੇ ਪੁਰਖਿਆਂ ਦੇ ਆਖੇ ਬੋਲ ਯਾਦ ਆਉਂਦੇ ਹਨ : ''ਪੰਜਾਬ ਜੀਂਦਾ ਗੁਰਾਂ ਦੇ ਨਾਮ 'ਤੇ |'' 'ਪੰਜਾਬ ਕਰਾਂ ਕੀ ਸਿਫ਼ਤ ਤੇਰੀ', 'ਭਾਰਤ ਹੈ ਵਾਂਗ ਮੁੰਦਰੀ ਵਿਚ ਨਗ ਪੰਜਾਬ ਦਾ', 'ਜਿਵੇਂ ਫੁੱਲਾਂ ਵਿਚੋਂ ਫੁੱਲ ਗੁਲਾਬ ਨੀ ਸਈਓ, ਤਿਵੇਂ ਦੇਸਾਂ ਵਿਚੋਂ ਦੇਸ ਪੰਜਾਬ ਨੀ ਸਈਓ', 'ਪੰਜਾਬ ਹੁਣ' ਪੁਸਤਕ ਦਾ ਰਚੇਤਾ ਇਸ ਅਤੀਤ ਦੀ ਸਥਾਪਨਾ ਨੂੰ  ਸੰਕਲਪਦਾ ਹੋਇਆ, ਅਜੋਕੇ ਪੰਜਾਬ ਦੇ ਹਾਲਾਤ ਬਾਰੇ ਚਿੰਤਤ ਹੈ | ਪਿਛਲੇ ਦਹਾਕੇ ਤੋਂ ਜਿਸ ਸੰਕਟ ਦਾ ਪੰਜਾਬ ਸਾਹਮਣਾ ਕਰ ਰਿਹਾ ਹੈ, ਉਸ ਦੀ ਤਰਜਮਾਨੀ ਕਮਲਜੀਤ ਸਿੰਘ ਬਨਵੈਤ ਨੇ ਬੜੀ ਬਾਰੀਕ-ਬੀਨੀ, ਦਲੇਰੀ ਤੇ ਇਕ ਜ਼ਿੰਮੇਵਾਰ ਪੱਤਰਕਾਰ ਵਜੋਂ ਕੀਤੀ ਹੈ | ਉਸ ਕੋਲ ਤਜਰਬਾ ਹੈ ਤੇ ਵਾਰਤਕ ਸ਼ੈਲੀ ਦਾ ਸੰਜਮ ਵੀ ਹੈ | ਕਿਵੇਂ ਨਾ ਕਿਵੇਂ ਉਹ ਖ਼ਬਰਾਂ ਦੀ ਕਹਾਣੀ ਬਣਾਉਣੀ ਜਾਣਦਾ ਹੈ | ਅਸੀਂ ਜਾਣਦੇ ਹਾਂ ਕਿ ਪੰਜਾਬ ਨਸ਼ਿਆਂ ਤੋਂ ਛੁਟਕਾਰਾ ਪਾਉਣ ਤੋਂ ਲਾਸ਼ਾਂ ਤੋਂ ਮੁਕਤ ਨਹੀਂ ਹੋ ਰਿਹਾ | ਬੇਰੁਜ਼ਗਾਰੀ ਦਾ ਮਸਲਾ ਪਹਾੜ ਜਿੱਡਾ ਹੈ | ਪ੍ਰਦੂਸ਼ਣ ਨੇ ਪਾਣੀ, ਧਰਤੀ ਤੇ ਹਵਾ ਨੂੰ  ਮਲੀਨ ਕੀਤਾ ਹੋਇਆ ਹੈ | ਸਵੱਛਤਾ ਦਾ ਮੰਦਾ ਹਾਲ ਹੈ | ਮਨੁੱਖੀ ਜਾਨ ਸੁਰੱਖਿਅਤ ਨਹੀਂ | ਗੈਂਗਸਟਰਾਂ ਦੀ ਲਪੇਟ ਕੋਈ ਵੀ ਸੁਰੱਖਿਅਤ ਨਹੀਂ | ਦੁਰਘਟਨਾਵਾਂ, ਜਬਰ-ਜਨਾਹ, ਲੁੱਟ-ਮਾਰ ਤੇ ਕਤਲੋਗਾਰਤ ਭਾਰੂ ਹੋ ਰਹੀ ਹੈ | ਕਿਸਾਨ ਅੰਦੋਲਨ, ਕਰਮਚਾਰੀਆਂ ਦੇ ਧਰਨੇ, ਮਨੁੱਖੀ ਹੱਕਾਂ ਦਾ ਘਾਣ ਤੇ ਕਿੰਨੇ ਹੀ ਹੋਰ ਮਸਲੇ ਮੰਡਰਾ ਰਹੇ ਹਨ | ਅਜਿਹੀਆਂ ਪ੍ਰਸਥਿਤੀਆਂ ਬਾਰੇ ਪੰਜਾਬ ਦੀਆਂ ਰਾਜਸੀ ਪਾਰਟੀਆਂ ਦਾ ਕਿਹੋ ਜਿਹਾ ਕਿਰਦਾਰ ਹੋਣਾ ਚਾਹੀਦਾ, ਉਸ ਬਾਰੇ ਬਨਵੈਤ ਨੇ ਆਪਣੀ ਫ਼ਿਕਰਮੰਦੀ ਇਜ਼ਹਾਰ ਕੀਤੀ |  ਮੌਜੂਦਾ ਸਰਕਾਰ ਦੀ ਕਾਰਕਦਮੀ ਸਭ ਦੇ ਸਾਹਮਣੇ ਹੈ | ਸਰਕਾਰ ਜਨਤਾ ਦੀ ਰਖਵਾਲੀ ਤੇ ਖੁਸ਼ਹਾਲੀ ਲਈ ਚੁਣੀ ਜਾਂਦੀ ਪਰੰਤੂ ਜਿਹੋ ਜਿਹਾ ਹਾਲ ਹੋ ਰਿਹਾ ਹੈ, ਉਸ ਤੋਂ ਸੱਤਾਧਾਰੀ ਮੁਨਕਰ ਹੋ ਰਹੀ | ਪੰਜਾਬ ਦਾ ਬਣੇਗਾ ਕੀ? ਕੌਣ ਇਸ ਦੀ ਬੇੜੀ ਬੰਨੇ ਲਾਵੇਗਾ? ਕਿਹੜੀ ਰਾਜਸੀ ਪਾਰਟੀ ਖੁਸ਼ਹਾਲ ਪੰਜਾਬ ਅਤੇ ਸ਼ਾਂਤੀਪੂਰਨ ਸਮੇਂ ਦੀ ਭਾਗੀਦਾਰ ਬਣੇਗੀ? ਇਨ੍ਹਾਂ ਪ੍ਰਸ਼ਨਾਂ 'ਤੇ ਕੇਂਦਰ ਕਰਕੇ ਲੇਖਕ ਨੇ ਇਤਿਹਾਸਕ ਅਤੇ ਪੱਤਰਕਾਰੀ ਪੱਖੋਂ ਜੁਰੱਅਤ ਕੀਤੀ ਹੈ | ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਲਈ ਰਾਜਸੀ ਪਾਰਟੀਆਂ ਨੂੰ  ਪੰਜਾਬ ਦੇ ਮਸਲਿਆਂ ਲਈ ਜਨ-ਹਿਤ ਦਿ੍ਸ਼ਟੀ ਅਪਣਾਉਣ ਦੀ ਲੋੜ ਹੈ |

-ਮਨਮੋਹਨ ਸਿੰਘ ਦਾਊਾ
ਮੋਬਾਈਲ : 98151-23900

ਸੱਥਰ ਦੀ ਚੀਕ
(ਸਲੋਕ ਬਾਬਾ ਵਜੀਦ ਦੇ ਅਤੇ ਹੋਰ ਲੇਖ)
ਲੇਖਕ : ਦਰਸ਼ਨ ਬੋਪਾਰਾਏ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 157
ਸੰਪਰਕ : 98158-94856


ਹਥਲੀ ਪੁਸਤਕ ਦੇ ਲੇਖਕ ਨੇ ਸਖ਼ਤ ਘਾਲਣਾ ਨਾਲ ਇਸ ਵਡਮੁੱਲੇ ਕਾਰਜ ਨੂੰ  ਪਾਠਕਾਂ ਦੇ ਸਨਮੁੱਖ ਪੇਸ਼ ਕੀਤਾ ਹੈ | ਲੇਖਕ ਨੇ ਇਸ ਪੁਸਤਕ ਦਾ ਪਹਿਲਾ ਐਡੀਸ਼ਨ 'ਕੌਣ ਸਾਹਿਬ ਨੂੰ  ਆਖੇ' ਦੇ ਸਿਰਲੇਖ ਅਧੀਨ ਫੇਸ-ਬੁੱਕ ਤੋਂ ਕਿਤਾਬੀ ਰੂਪ ਵਿਚ ਸਾਂਭਣ ਦਾ ਯਤਨ ਕੀਤਾ ਸੀ | ਹਥਲੀ ਪੁਸਤਕ ਨੂੰ  ਲੇਖਕ ਨੇ ਦੋ ਭਾਗਾਂ ਵਿਚ ਵੰਡਿਆ ਹੈ | ਪਹਿਲਾ ਭਾਗ ਬਾਬਾ ਵਜੀਦ ਜੀ ਨਾਲ ਸੰਬੰਧਿਤ ਹੈ | ਇਸ ਦੇ ਨਾਲ ਹੀ ਹੋਰ ਸੂਫ਼ੀ-ਸੰਤਾਂ ਦਾ ਜ਼ਿਕਰ ਵੀ ਕੀਤਾ ਹੈ, ਜਿਨ੍ਹਾਂ ਸਦਕਾ ਸੂਫ਼ੀਵਾਦ ਦਾ ਪਸਾਰਾ ਹੋਇਆ | ਬਾਬਾ ਵਜੀਦ ਜੀ ਦੀ ਸਮੁੱਚੀ ਰਚਨਾ ਲੜੀਵਾਰ ਗੁਰਮੁੱਖੀ ਲਿੱਪੀ ਵਿਚ ਮਿਲਦੀ ਹੈ | ਲੇਖਕ ਨੇ ਇਸ ਹੱਥ-ਲਿਖਤ ਰਚਨਾ ਨੂੰ  ਪਦ-ਛੇਦ ਕਰਕੇ ਪਾਠਕਾਂ ਦੀ ਖੁਸ਼ਨੂਦੀ ਹਾਸਿਲ ਕੀਤੀ ਹੈ | ਪੁਸਤਕ ਦੇ ਪਹਿਲੇ ਭਾਗ ਵਿਚ ਸੂਫ਼ੀਆਂ ਦੇ ਚੌਦਾਂ ਸਿਲਸਿਲੀਆਂ ਵਿਚੋਂ ਵੱਡੇ ਪੀਰਾਂ ਵਿਚ ਬਾਯਜ਼ਿਦ ਬਸਤਾਮੀ, ਬਾਯਜਿਦ ਉਰਫ਼ ਬਾਜਦਿ ਅੰਸਾਰੀ ਉਰਫ਼ ਰੌਸ਼ਨ ਮੀਰ, ਬਾਬਾ ਵਜੀਦ ਬਾਰੇ, ਸੰਤ ਦਾਦੂ ਦਿਆਲ ਤੇ ਸਮਾਜਿਕ ਪਰਿਪੇਖ ਤੋਂ ਇਲਾਵਾ ਹੋਰ ਲੇਖਾਂ ਵਿਚ ਸੱਥਰ ਦੀ ਚੀਕ, ਦੌਲਤ ਦੀ ਕਾਵੀ ਵੰਡ, ਸੂਫ਼ੀ ਸ਼ਬਦ ਸੰਬੰਧੀ ਵਿਚਾਰਾਂ ਦੀ ਲੜੀ ਨੂੰ  ਅੱਗੇ ਤੋਰਦਿਆਂ ਸਪੱਸ਼ਟ ਕੀਤਾ ਹੈ ਕਿ ਸੂਫ਼ੀ ਮੱਤ ਇਸਲਾਮੀ ਮੱਤ ਹੈ ਤੇ ਸੂਫ਼ੀ ਵਿਚਾਰਧਾਰਾ ਰਹੱਸਵਾਦੀ ਵਿਚਾਰਧਾਰਾ ਹੈ | ਭਾਰਤੀ ਸੰਤਾਂ ਦੀ ਭਗਤੀ ਲਹਿਰ ਅਤੇ ਮੁਸਲਮਾਨੀ ਦਰਵੇਸ਼ਾਂ, ਫ਼ਕੀਰਾਂ ਦੀ ਸੂਫ਼ੀ ਲਹਿਰ ਆਪਸ ਵਿਚ ਮਿਲਦੀ-ਜੁਲਦੀ ਹੈ | ਇਸ ਤੋਂ ਅੱਗੇ ਇਕ ਲੇਖ ਵਿਚ ਸੂਫ਼ੀਵਾਦ ਬਾਰੇ ਵੀ ਵਿਚਾਰ ਚਰਚਾ ਕੀਤੀ ਹੈ | ਸਲੋਕ ਵਜੀਦ ਕੇ ਦਾ ਮੂਲ ਪਾਠ ਪੁਸਤਕ ਦੇ ਅਗਲੇ ਪੰਨਿਆਂ ਵਿਚ ਪਦ-ਛੇਦ ਰੂਪ ਵਿਚ ਮਿਲਦਾ ਹੈ | ਇਸ ਤੋਂ ਬਾਅਦ ਬਾਬਾ ਵਜੀਦ ਜੀ ਦੀਆਂ ਹਿੰਦੀ ਅੜਿਨਾਂ ਦਾ ਮੂਲ ਪਾਠ ਵੀ ਗੁਰਮੁੱਖੀ ਲਿੱਪੀ ਵਿਚ ਮਿਲਦਾ ਹੈ |
ਪੁਸਤਕ ਦੇ ਦੂਜੇ ਭਾਗ ਵਿਚ ਧਰਮੀ ਦੁਨੀਆ ਦੇ ਪੈਗ਼ੰਬਰਾਂ ਵਿਚੋਂ ਪੈਗੰਬਰ ਅਬਰਾਹਮ, ਮੂਸਾ, ਜ਼ਿਉਡਾਇਜ਼ਮ (ਯਹੂਦੀ ਧਰਮ) ਰਾਬੀਆ, ਸਮਾਸ-ਏ-ਤਬਰੀਜੀ, ਜਲਾਲਉਦ-ਦੀਨ ਮੁਹੰਮਦ (ਰੂਮੀ) ਤੋਂ ਅੱਗੇ ਕੁਝ ਕੁ ਉੱਘੇ ਚਿਸ਼ਤੀ ਸੂਫ਼ੀ ਸੰਤਾਂ ਦੇ ਜੀਵਨ ਉੱਪਰ ਵੀ ਪੰਛੀ ਝਾਤ ਪਾਈ ਗਈ ਹੈ, ਜਿਨ੍ਹਾਂ ਵਿਚ ਕੁਤਬ-ਉਦ-ਦੀਨ ਬਖਤਿਆਰ ਕਾਕੀ, ਸ਼ੇਖ ਅਹਿਮਦ ਸਰਹੰਦੀ, ਪੀਰ ਮੋਹਕਮਦੀਨ-ਬਲੀ ਉੱਲਾ (ਜਗਰਾਵਾਂ ਵਾਲੇ), ਦਰਵੇਸ਼ ਬੁੱਲੇ ਸ਼ਾਹ ਤੋਂ ਇਲਾਵਾ ਕਾਦਰੀ ਸਿਲਸਿਲੇ ਦੇ ਦਰਵੇਸ਼ਾਂ ਦੀਆਂ ਉਪ ਸ਼ਖਾਵਾਂ ਸਰਵਰ ਕਾਦਰੀ, ਹਲੀਸ਼ਾਂ, ਕਾਦਰੀ ਨੌਸ਼ਾਹੀ, ਕਾਦਰੀ ਮੁਖਤਾਰੀ, ਬ੍ਰਦਰ ਹੁੱਡ ਕਾਦਰੀਆਂ, ਕਾਦਰੀ ਹਰਾਰੀਆਂ, ਕਾਦਰੀ ਰਜ਼ਾਵੀਆਂ ਅਤੇ ਸੁਹਰਵਰਦੀ ਸਿਲਸਿਲਾ ਦੇ ਦਰਵੇਸ਼ਾਂ ਸ਼ੇਖ, ਬਹਾਉਦ-ਦੀਨ ਜ਼ਕਾਰੀਆ ਸ਼ੇਖ ਸਦਰ-ਉਦ-ਦੀਨ ਆਰਿਫ਼, ਸ਼ੇਖ-ਰੁਲਨ-ਦੀਨ ਅਤੇ ਸੀਅਦ ਜਲਾਲ-ਉਦ-ਦੀਨ ਸੁਰਖ ਸੰਬੰਧੀ ਸੰਖੇਪ ਵਿਚ ਵਿਸ਼ੇ ਨੂੰ  ਥੋੜ੍ਹੇ ਸ਼ਬਦਾਂ ਵਿਚ ਸਮੇਟਿਆ ਗਿਆ ਹੈ | ਅੰਤ ਵਿਚ ਦਾਰੁਲ-ਉਲੂਮ-ਦੇਵਬੰਦ ਜੋ ਸੰਸਾਰ ਵਿਚ ਇਸਲਾਮੀ ਸਿੱਖਿਆ ਦੇ ਫੈਲਾਅ ਲਈ ਲਗਾਤਾਰ ਯਤਨ ਕਰਦੇ ਹਨ ਦਾ ਜ਼ਿਕਰ ਵੀ ਕੀਤਾ ਹੈ |
ਸਮੁੱਚੇ ਰੂਪ ਵਿਚ ਲੇਖਕ ਨੇ ਸੂਫ਼ੀ ਮੱਤ ਅਤੇ ਖੋਜੀ ਵਿਦਵਾਨਾਂ ਨੂੰ  ਅਧਾਰ ਬਣਾ ਕੇ ਚਿਰਸਥਾਈ ਕਾਰਜ ਕੀਤਾ ਹੈ |

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

ਸਾਂਵਲੇ ਰੰਗ ਦੀ ਕੁੜੀ
ਕਵੀ : ਸਰਬਜੀਤ ਸਿੰਘ ਸੰਧੂ
ਪ੍ਰਕਾਸ਼ਕ : ਕੈਫੇ ਵਰਲਡ, ਜਲੰਧਰ, ਬਠਿੰਡਾ
ਮੁੱਲ : 250 ਰੁਪਏ, ਸਫ਼ੇ : 120
ਸੰਪਰਕ : 94179-62820


'ਸਾਂਵਲੇ ਰੰਗ ਦੀ ਕੁੜੀ' ਸਰਬਜੀਤ ਸਿੰਘ ਸੰਧੂ ਦਾ ਨਵਾਂ ਕਾਵਿ-ਸੰਗ੍ਰਹਿ ਹੈ | ਸਰਬਜੀਤ ਸਿੰਘ ਸੰਧੂ ਦੇ ਕਾਵਿ-ਸੰਗ੍ਰਹਿ ਵਿਚ ਉਸ ਦਾ ਪਿਆਰ ਅਨੁਭਵ ਵੀ ਸ਼ਾਮਿਲ ਹੈ ਅਤੇ ਸਮਾਜਿਕ ਵਾਤਾਵਰਨ ਵਿਚ ਮਚੀ ਹੋਈ ਉਥਲ-ਪੁਥਲ ਦਾ ਵੀ ਕਾਵਿਕ-ਜ਼ਿਕਰ ਹੈ | ਜਿਥੇ ਇਸ ਪੁਸਤਕ ਵਿਚਲੀ ਕਾਵਿ-ਮੈਂ ਆਪਣੇ ਪਿਆਰੇ ਲਈ ਤਾਂਘਦੀ ਨਜ਼ਰ ਆਉਂਦੀ ਹੈ, ਉਥੇ ਆਪਣੇ ਚਾਰ ਦੋਸਤਾਂ ਦੇ ਕਾਵਿ-ਚਿੱਤਰਾਂ ਨਾਲ ਕਵੀ ਆਪਣੇ ਪਿਆਰੇ ਦੋਸਤਾਂ ਦੀ ਦੋਸਤੀ ਦੀਆਂ ਤੰਦਾਂ ਦਾ ਜ਼ਿਕਰ ਵੀ ਬੜੇ ਖ਼ੂਬਸੂਰਤ ਅੰਦਾਜ਼ ਵਿਚ ਕਰਦਾ ਹੈ | ਕਵੀ ਦੇ ਪਿਆਰ ਅਨੁਭਵ ਬਾਰੇ ਜਦੋਂ ਅਸੀਂ ਇਸ ਪੁਸਤਕ ਵਿਚੋਂ ਉਸ ਦੀਆਂ ਕਵਿਤਾਵਾਂ ਵਾਚਦੇ ਹਾਂ ਤਾਂ ਜਿਥੇ ਕਵੀ ਅਤੀਤ ਵਿਚ ਆਪਣੇ ਪਿਆਰੇ ਦੀ ਯਾਦਾਂ ਨੂੰ  ਤਾਜ਼ਾ ਕਰਦਾ ਹੈ, ਉੱਥੇ ਆਪਣੇ ਪਰਿਵਾਰਕ ਮੈਂਬਰਾਂ ਦੇ ਮੋਹ ਨੂੰ  ਵੀ ਬਾਖੂਬੀ ਪੇਸ਼ ਕਰਦਾ ਹੈ, ਉਦਾਹਰਨ ਵਜੋਂ :
ਪੌਣੀ ਸਦੀ ਬਾਅਦ/ ਬਣ ਗਿਆ ਅਚਾਨਕ/ ਤੁਹਾਡੇ ਪਿੰਡ ਜਾਣ ਦਾ ਗੇੜ/ ਤੁਹਾਡੀ ਪੱਤੀ 'ਚ ਜਾਣ ਦਾ/ ਬਣ ਗਿਆ ਸਬੱਬ/ ਇਹ ਸੋਚ ਕੇ/ ਗੁਜ਼ਰਿਆ ਤੁਹਾਡੀ ਗਲ਼ੀ 'ਚੋਂ/ ਕਿ ਤੂੰ ਮਿਲ ਪਵੇਂਗੀ ਪੇਕੇ ਪਿੰਡ ਆਈ/ ਆਪਣੇ ਪੋਤੇ ਪੋਤੀ ਨੂੰ  ਉਂਗਲੀ ਲਗਾਈ/ ਸੈਰ ਕਰਵਾਉਂਦੀ/ ਲਾਡ ਲਡਾਉਂਦੀ |
ਇਸ ਦੇ ਨਾਲ ਹੀ ਉਹ ਆਪਣੇ ਪਰਿਵਾਰਕ ਮੈਂਬਰਾਂ ਦੀ ਅਪਣੱਤ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ: ਪੋਤਾ ਖੇਡਦਾ ਹੈ ਮੇਰੇ ਨਾਲ/ ਤਕਰੀਬਨ ਰੋਜ਼ ਹੀ ਸ਼ਤਰੰਜ ਹਰ ਜਾਂਦਾ ਹੈ ਹਰ ਵਾਰ/ ਮੇਰਾ ਬੁੱਢਾ ਦਿਮਾਗ/ ਘੁੱਟ ਕੇ ਜੱਫੀ ਪਾਉਂਦਾ ਹਾਂ ਉਹਨੂੰ/ ਸਿਕੰਦਰ ਹੋ ਜਾਂਦਾ ਹਾਂ ਮੈਂ |
ਇਸੇ ਤਰ੍ਹਾਂ ਜਦੋਂ ਉਹ ਭਿ੍ਸ਼ਟਾਚਾਰੀ ਤੰਤਰ ਦੀ ਗੱਲ ਕਰਦਾ ਹੈ ਤਾਂ ਉਸ ਦੀ ਕਵਿਤਾ ਵਿਚ ਰੋਹਮਈ ਸੁਰ ਦਾ ਪ੍ਰਵੇਸ਼ ਝਲਕਦਾ ਹੈ | ਉਹ ਕਿਸੇ ਵੀ ਪ੍ਰਕਾਰ ਦੀ ਬਹਾਨੇਬਾਜ਼ੀ ਅਤੇ ਲਾਰੇਬਾਜ਼ੀ ਦੇ ਖਿਲਾਫ਼ ਆਵਾਜ਼ ਬੁਲੰਦ ਕਰਦਾ ਹੈ | ਸਰਬਜੀਤ ਸੰਧੂ ਦੀ ਕਵਿਤਾ ਵਿਚਲੀ ਸੁਹਜਮਈ ਸ਼ੈਲੀ ਪਾਠਕ ਨੂੰ  ਪ੍ਰਭਾਵਿਤ ਕਰਦੀ ਹੈ | ਪਾਠਕ ਇਸ ਦਾ ਅਨੰਦ ਮਾਣਦਾ ਹੋਇਆ ਬਹੁਤ ਸਾਰੇ ਪ੍ਰਸ਼ਨਾਂ ਦੇ ਵੀ ਰੂ-ਬਰੂ ਹੁੰਦਾ ਹੈ |

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀ ਵਿਰਾਸਤ ਬਹੁਤ ਅਮੀਰ ਤੇ ਖੁਬਸੂਰਤ ਹੈ-ਅਮਨ ਅਰੋੜਾ ਪੰਜਾਬ ਡੇਅ ’ਤੇ ਗਾਇਕ ਸ਼ਿਵਜੋਤ ਨੇ ਗਾਇਕੀ ਪੇਸ਼ ਕੀਤੀ ਅਗਲੀ ਖ਼ਬਰ ਵਿਚਾਰ-ਪ੍ਰਵਾਹ
Ad Position 24