14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

15-11-2026

15-11-2026

Ad Position 21
No active advertisement
ਅਜੀਤ ਡੈਸਕ 15-11-2026

ਗੁਰਬਾਣੀ ਚਾਨਣ
(ਦੋ-ਭਾਸ਼ੀ) ਪੰਜਾਬੀ-ਅੰਗਰੇਜ਼ੀ
ਲੇਖਕ : ਡਾ. ਜਨਕ ਸਿੰਘ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 1000 ਰੁਪਏ, ਸਫ਼ੇ : 624
ਸੰਪਰਕ : janaksingh0veri@on.net

 


ਵਿਚਾਰ ਅਧੀਨ ਪੁਸਤਕ ਸੁਹਿਰਦ ਲੇਖਕ ਵਜੋਂ ਅੰਗਰੇਜ਼ੀ ਭਾਸ਼ਾ ਵਿਚ ਮੁਹਾਰਿਤ ਰੱਖਣ ਵਾਲੇ ਪਾਠਕਾਂ ਲਈ ਕੀਤਾ ਸਫ਼ਲ ਉੱਦਮ ਹੈ, ਜਿਹੜੇ ਪਾਵਨ-ਗੁਰਬਾਣੀ ਵਿਚ ਦਿ੍ੜ੍ਹ ਵਿਸ਼ਾਵਾਸੀ ਹਨ | ਲੇਖਕ ਦੀ ਸੋਚ ਮੁਤਾਬਿਕ ਗੁਰਬਾਣੀ ਦੇ ਰਚਨਾਕਾਰ ਗੁਰੂ ਸਾਹਿਬਾਨ, ਭਗਤ ਸਾਹਿਬਾਨ, ਭੱਟ ਸਾਹਿਬਾਨ ਅਤੇ ਗੁਰਸਿੱਖਾਂ ਦੀ ਪਾਵਨ ਬਣੀ ਮਾਨਵਤਾ ਲਈ ਮਾਰਗ ਦਰਸ਼ਨ ਦਾ ਕਾਰਜ ਕਰਦੀ ਹੈ | ਲੇਖਕ ਵਲੋਂ ਪਿਛਲੇ 14-15 ਸਾਲਾਂ ਤੋਂ ਬਹੁ-ਭਾਸ਼ਾਈ ਲੇਖਕ ਵਜੋਂ ਅਨੇਕਾਂ ਪੁਸਤਕਾਂ ਪਾਠਕਾਂ ਦੇ ਸਨਮੁੱਖ ਪੇਸ਼ ਕੀਤੀਆਂ ਹਨ | ਇਹ ਵੱਡ-ਅਕਾਰੀ ਪੁਸਤਕ ਲੇਖਕ ਵਲੋਂ ਗੁਰਬਾਣੀ ਦੇ ਉਹ ਪਾਠਕ ਜਿਹੜੇ ਸਮੁੱਚੇ ਸੰਸਾਰ ਵਿਚ ਵਸਦੇ ਹਨ, ਉਨ੍ਹਾਂ ਦੀ ਅੰਤਰ-ਆਤਮਾ ਦੀ ਭੁੱਖ ਦੀ ਤਿ੍ਪਤੀ ਲਈ ਪੇਸ਼ ਕੀਤੀ ਹੈ | ਗੁਰਬਾਣੀ ਕੇਵਲ ਮਨੁੱਖਤਾ ਲਈ ਪ੍ਰੇਰਨਾਸਰੋਤ ਹੀ ਨਹੀਂ ਸਗੋਂ ਬਿਮਾਰ ਮਾਨਸਿਕਤਾ ਲਈ ਕੀਮਤੀ ਦਾਰੂ ਵੀ ਹੈ | ਅਸਲ ਵਿਚ ਪੰਜਾਬੀ ਭਾਸ਼ਾ ਦੀ ਅਮੀਰੀ ਇਸ ਗੱਲ ਵਿਚ ਹੈ ਕਿ ਪਾਵਨ ਗੁਰਬਾਣੀ ਵਿਚ ਅਧਿਆਤਮਿਕ ਤੋਂ ਵਿਗਿਆਨ ਨਾਲ ਸੰਬੰਧਿਤ ਵਿਚਾਰਾਂ ਨੂੰ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪ੍ਰਚਲਿਤ ਸ਼ਬਦਾਵਲੀ ਰਾਹੀਂ ਜ਼ਿੰਦਗੀ ਦੇ ਡੂੰਘੇ ਭੇਦਾਂ ਦੇ ਫਲਸਫ਼ੇ ਨੂੰ  ਸਮਝਾਉਣ ਦਾ ਉਪਰਾਲਾ ਕੀਤਾ ਗਿਆ ਹੈ | ਲੇਖਕ ਵਲੋਂ ਇਸ ਪੁਸਤਕ ਵਿਚ ਪੰਜਾਬੀ ਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿਚ ਗੁਰਬਾਣੀ ਦੀ ਅਹਿਮੀਅਤ ਨੂੰ  ਉਜਾਗਰ ਕੀਤਾ ਹੈ | ਲੇਖਕ ਨੇ ਪੁਸਤਕ ਨੂੰ  ਸੱਤ-ਭਾਗਾਂ ਵਿਚ ਵੰਡਿਆ ਹੈ | ਪਹਿਲੇ ਅਧਿਆਇ ਵਿਚ ਗੁਰੂ ਨਾਨਕ ਦੇਵ ਜੀ ਦੀ ਸ਼ਾਹਕਾਰ ਰਚਨਾ 'ਜਪੁਜੀ' ਸਾਹਿਬ ਨੂੰ  ਅੰਗਰੇਜ਼ੀ ਭਾਸ਼ਾ ਵਿਚ ਉਲਥਾ ਕੀਤਾ ਹੈ | ਦੂਜੇ ਅਧਿਆਇ ਵਿਚ ਇਸੇ ਪਾਵਨ ਬਾਣੀ ਦੀ ਗੁਹਜ ਵਿਆਖਿਆ ਅਤੇ ਕੇਂਦਰੀ ਭਾਵਾਂ ਨੂੰ  ਦਰਸਾਇਆ ਗਿਆ ਹੈ | ਤੀਜੇ ਹਿੱਸੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰੇ ਬਾਣੀਕਾਰਾਂ 'ਤੇ ਪੰਛੀ ਝਾਤ ਪੁਆਈ ਗਈ ਹੈ | ਚੌਥੇ ਦੇ ਵੱਡੇ ਅਧਿਆਇ ਵਿਚ ਸਾਰੇ ਬਾਣੀਕਾਰਾਂ ਦੀਆਂ ਰਚਨਾਵਾਂ ਵਿਚੋਂ ਅਤੇ ਸਮੁੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਮਾਨਵਤਾ ਦੀ ਅਗਵਾਈ ਲਈ ਵਿਸ਼ੇਸ਼ ਤੁਕਾਂ ਲੈ ਕੇ ਅੰਗਰੇਜ਼ੀ ਭਾਸ਼ਾ ਵਿਚ ਕੇਂਦਰੀ ਭਾਵਾਂ ਸਮੇਤ ਵਿਆਖਿਆ ਕੀਤੀ ਹੈ | ਇਸੇ ਤਰ੍ਹਾਂ ਪੰਜਵੇਂ ਅਧਿਆਇ ਵਿਚ ਦਸਮ-ਬਾਣੀ ਵਿਚੋਂ ਕੁਝ ਕੁ ਤੁਕਾਂ ਦੀ ਭਾਵਾਂ ਸਮੇਤ ਵਿਆਖਿਆ ਕੀਤੀ ਹੈ | ਇਹ ਅਧਿਆਇ ਕੇਵਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਵਨ-ਬਾਣੀ ਨੂੰ  ਪਾਠਕਾਂ ਤੱਕ ਪਹੁੰਚਾਉਂਦਾ ਹੈ | ਛੇਵਾਂ ਅਧਿਆਇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪ੍ਰਮੁੱਖ ਅਤੇ ਮੁੱਢਲੀਆਂ ਸਿੱਖਿਆਵਾਂ ਨੂੰ  ਦਰਸਾਉਂਦਾ ਹੈ | ਸੱਤਵੇਂ ਅਧਿਆਇ ਵਿਚ ਸਹਾਇਕ ਪੁਸਤਕਾਂ ਤੇ ਗ੍ਰੰਥਾਂ ਦੀ ਸੂਚੀ ਵੀ ਦਰਜ ਕੀਤੀ ਹੈ | ਪੁਸਤਕ ਦੇ ਆਰੰਭ ਵਿਚ ਮੁੱਖ ਬੰਦ ਦੇ ਰੂਪ ਵਿਚ ਵਿਦਵਾਨ ਬੀਬੀ ਡਾ. ਸਿਮਰਜੀਤ ਕੌਰ ਗਿੱਲ ਗੁਰੂ ਨਾਨਕ ਕਾਲਜ, ਮੋਗਾ ਅਤੇ ਅੰਗਰੇਜ਼ੀ ਵਿਚ ਬੀਬੀ ਸੰਦੀਪ ਕੌਰ ਚੀਮਾ ਮਾਤਾ ਗੰਗਾ ਖਾਲਸਾ ਕਾਲਜ, ਕੋਟਾਂ ਲੁਧਿਆਣਾ ਵਲੋਂ ਲੇਖਕ ਦੇ ਸੁਹਿਰਦ ਕਾਰਜ ਸੰਬੰਧੀ ਪਾਠਕਾਂ ਨੂੰ  ਭਰਪੂਰ ਜਾਣਕਾਰੀ ਦਿੱਤੀ ਗਈ ਹੈ | ਲੇਖਕ ਦਾ ਇਹ ਉਪਰਾਲਾ ਨਵੀਂ ਪੀੜ੍ਹੀ ਦੇ ਪਾਠਕਾਂ ਲਈ ਚਾਨਣ ਮੁਨਾਰੇ ਵਜੋਂ ਅਗਵਾਈ ਦੇਵੇਗਾ |

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

ਭੈ ਤੋਂ ਮੁਕਤੀ
ਸੰਪਾਦਕ : ਡਾ. ਅਜੈ ਸਾਹਨੀ
ਪੰਜਾਬੀ ਅਨੁਵਾਦ : ਸੁਖਪਾਲ ਸਿੰਘ ਹੁੰਦਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ ਮੁਹਾਲੀ
ਮੁੱਲ : 600 ਰੁਪਏ, ਸਫ਼ੇ : 508
ਸੰਪਰਕ : 98154-71219


ਸਰਦਾਰ ਕੇ. ਪੀ. ਐਸ. ਗਿੱਲ ਨੇ ਪੰਜਾਬ ਨੂੰ  ਅੱਤਵਾਦ ਦੇ ਦੌਰ ਵਿਚੋਂ (ਵਿਵਾਦਗ੍ਰਸਤ ਢੰਗ ਨਾਲ ਹੀ ਸਹੀ), ਜਿਵੇਂ ਕੱਢਿਆ, ਉਸ ਬਾਰੇ ਪੂਰੇ ਦੇਸ਼ ਨੂੰ  ਜਾਣਕਾਰੀ ਹੈ, ਪ੍ਰੰਤੂ ਦਿਲਚਸਪ ਗੱਲ ਇਹ ਹੈ, ਬਈ ਉਸ ਪਾਸ ਭੈ (ਟੈਰਰ) ਨੂੰ  ਖ਼ਤਮ ਕਰਨ ਲਈ ਇਕ ਬੇਰਹਿਮ ਫਲਸਫ਼ਾ ਵੀ ਸੀ, ਜੋ ਉਸ ਨੂੰ  ਨਿਰੰਤਰ ਅੰਦੋਲਿਤ ਅਤੇ ਪੈਸਨੇਟ ਰੱਖਦਾ ਸੀ | ਉਹ ਸਾਵੀਂ ਤੇ ਸੰਤੁਲਿਤ ਅਵਸਥਾ ਵਿਚ ਕਦੇ ਨਜ਼ਰ ਨਹੀਂ ਆਇਆ | ਉਹ ਹਮੇਸ਼ਾ 'ਆਤਮ-ਮੁਗਧ ਜਨੂੰਨ' ਵਿਚ ਰਹਿੰਦਾ ਸੀ | ਉਹ ਸਮੇਂ-ਸਮੇਂ ਆਪਣੀ ਕਾਰਗੁਜ਼ਾਰੀ ਬਾਰੇ ਲਿਖਦਾ ਵੀ ਰਹਿੰਦਾ ਸੀ, ਜਿਸ ਨੂੰ  ਪਾੜਿ੍ਹਆਂ ਨੇ ਨਜ਼ਰਅੰਦਾਜ਼ ਕਰੀ ਰੱਖਿਆ | 'ਇੰਸਟੀਚਿਊਟ ਫਾਰ ਕਨਫਲਿਕਟ ਮੈਨੇਜਮੈਂਟ' ਅਤੇ 'ਖ਼ਾਲਿਸਤਾਨ-ਐਕਸਟਰੀਮਿਜ਼ਮ' ਦੇ ਨਿਰਦੇਸ਼ਕ ਡਾ. ਅਜੈ ਸਾਹਨੀ ਨੇ ਕੇ. ਪੀ. ਐਸ. ਗਿੱਲ ਦੇ ਭਾਸ਼ਨਾਂ ਅਤੇ ਲਿਖਤਾਂ ਨੂੰ  ਇਸ ਸੰਚੀ ਵਿਚ ਪਰੋ ਕੇ ਪਾਠਕਾਂ ਦੇ ਸਨਮੁਖ ਪੇਸ਼ ਕੀਤਾ ਹੈ | ਸ੍ਰੀ ਸਾਹਨੀ ਦੇ ਸ਼ਬਦਾਂ ਵਿਚ 'ਕੇ. ਪੀ. ਐਸ. ਗਿੱਲ ਆਪਣੇ ਸਾਰੇ ਕਰੀਅਰ ਵਿਚ, ਪੰਜਾਬ ਰਾਜ ਵਿਚ ਪੈਦਾ ਹੋਏ ਅੱਤਵਾਦ ਵਿਰੁੱਧ ਡੱਟ ਕੇ ਖੜ੍ਹਾ ਰਿਹਾ | ਉਸ ਦੀ ਪਹੁੰਚ-ਯੋਗਤਾ ਇਕ ਮਹਾਨ ਕਹਾਣੀ ਸੀ | (ਪੰ. 9)
ਇਸ ਪੁਸਤਕ ਵਿਚ ਸਮੁੱਚੀ ਸਮੱਗਰੀ ਨੂੰ  24 ਚੈਪਟਰਾਂ ਵਿਚ ਵੰਡਿਆ ਗਿਆ ਹੈ, ਜਿਨ੍ਹਾਂ ਵਿਚੋਂ ਅੰਤਰਰਾਸ਼ਟਰੀ ਅੱਤਵਾਦ, ਅੱਤਵਾਦ ਦਾ ਮਨੋਵਿਗਿਆਨ, ਮੁਸਲਿਮ ਜਗਤ, ਦਹਿਸ਼ਤ ਅਤੇ ਵਿਚਾਰਹੀਣ ਰਾਜ, ਪੰਜਾਬ ਵਿਚ ਅੰਤਿਮ ਖੇਡ (1988-93), ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੇ ਅੱਤਵਾਦ ਅਤੇ ਅਪਰਾਧਕ ਨਿਆਂ-ਪ੍ਰਣਾਲੀ ਵਿਸ਼ੇਸ਼ ਰੂਪ ਵਿਚ ਉਲੇਖਯੋਗ ਅਧਿਆਇ ਹਨ | ਆਪਣੀ ਪੁਸਤਕ ਵਿਚ ਉਹ ਅੱਤਵਾਦ ਦੇ ਆਤੰਕਮੁਖੀ ਪਹਿਲੂਆਂ ਨੂੰ  ਵਰਤਮਾਨ ਪ੍ਰਸੰਗ ਵਿਚ ਰੱਖ ਕੇ ਵੇਖਦਾ ਅਤੇ ਵਾਚਦਾ ਹੈ | ਉਹ ਆਜ਼ਾਦੀ ਪ੍ਰਾਪਤੀ ਦੇ ਪੰਜਾਹ ਵਰਿ੍ਹਆਂ ਬਾਅਦ ਉਦਾਰਵਾਦੀ ਸਰੋਤਿਆਂ ਨੂੰ  ਮੁਖ਼ਾਤਿਬ ਕਰ ਕੇ ਕਹਿੰਦਾ ਹੈ, 'ਸਾਨੂੰ ਪੰਜਾਹ ਸਾਲ (ਗਣਤੰਤਰੀ ਉਦਾਰਵਾਦ) ਬਿਤਾ ਕੇ ਇਹ ਬੋਧ ਹੋ ਜਾਣਾ ਚਾਹੀਦਾ ਹੈ ਕਿ ਸੱਚ ਦੀ ਜਿੱਤ ਨਹੀਂ ਹੁੰਦੀ, ਜਦੋਂ ਇਸ ਦਾ ਪ੍ਰਚਾਰ ਕਰਨ ਲਈ ਚੈਂਪੀਅਨ ਨਾ ਹੋਣ, ਜਦੋਂ ਤੱਕ ਇਸ ਦਾ ਬਚਾਅ ਕਰਨ ਲਈ ਫ਼ੌਜ ਨਾ ਹੋਵੇ (ਪੰਨਾ 9), ਅਸੀਂ ਹਿੰਸਕ ਯੁੱਗ ਵਿਚ ਰਹਿੰਦੇ ਹਾਂ ਅਤੇ ਅਤਿਅੰਤ ਬੇਚੈਨ ਕਰਨ ਵਾਲੀ ਹਿੰਸਾ ਦਾ ਇਕ ਵਰਤਾਰਾ ਹੈ | ਪਰ ਇਸ ਦੇ ਪੈਦਾ ਹੋਣ ਵਿਚ ਅਸੀਂ ਸਾਰੇ ਦੋਸ਼ੀ ਹਾਂ | ਇਹ ਦਹਿਸ਼ਤ ਸਾਡੀ ਆਪਣੀ ਅਣਗਹਿਲੀ ਕਾਰਨ, ਛਤਰੀ ਹੇਠ ਬੀਜੀ ਅਤੇ ਪਾਲੀ ਗਈ ਹੈ, ਸਭ ਤੋਂ ਭੈੜੀ ਗੱਲ ਇਹ ਕਿ ਸਾਡੀ ਸਹਾਇਤਾ-ਸਮਰਥਨ ਤੋਂ ਇਸ ਨੇ ਲਾਭ ਉਠਾਇਆ ਹੈ | (ਪੰਨਾ 16) | ਆਪਣੇ ਵਿਲੱਖਣ ਵਿਚਾਰਾਂ ਕਾਰਨ ਉਹ ਇਕ 'ਗਲੋਬਲ ਫਿਗਰ' ਬਣਿਆ | ਕੇ. ਪੀ. ਐਸ. ਗਿੱਲ, 1954 ਈ. ਦਾ (ਅਸਾਮ-ਮੇਘਾਲਿਆ ਕਾਡਰ ਦਾ) ਆਈ.ਪੀ.ਐਸ.ਸੀ. ਜਿਸ ਨੂੰ  'ਸਾਕਾ ਨੀਲਾ ਤਾਰਾ' ਤੋਂ ਪੈਦਾ ਹੋਏ ਅਵਿਸ਼ਵਾਸੀ ਅਤੇ ਬੇਗਾਨਗੀ ਦੇ ਆਲਮ ਨੂੰ  ਸਾਫ਼ ਕਰਨ ਲਈ 1988 ਈ. ਵਿਚ ਪੰਜਾਬ ਵਿਚ ਲਿਆਂਦਾ ਗਿਆ ਸੀ | ਉਸ ਨੇ ਆਉਂਦਿਆਂ ਹੀ 'ਬਲੈਕ ਥੰਡਰ ਆਪ੍ਰੇਸ਼ਨ' ਨੂੰ  ਸਫਲ ਕਰਕੇ ਆਪਣਾ ਸਿੱਕਾ ਬਿਠਾ ਲਿਆ ਸੀ | ਪਰ ਕੁਝ ਪ੍ਰਸਥਿਤੀਆਂ ਅਤੇ ਕੁਝ ਉਸ ਦੇ ਅਪਹੁਦਰੇਪਣ (ਜਾਂ ਹਊਮੈ?) ਨੇ ਉਸ ਨੂੰ  ਵਿਸ਼ਵ ਦੇ ਸ਼੍ਰੋਮਣੀ ਕੋਪਸ ਵਿਚ ਸ਼ਾਮਿਲ ਨਾ ਹੋਣ ਦਿੱਤਾ, ਪਰ ਜਿੰਨਾ ਉਸ ਨੇ ਕਰ ਵਿਖਾਇਆ, ਉਹ ਵੀ ਘੱਟ ਨਹੀਂ... |

-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ :98760-52136

ਮੰਜ਼ਿਲ ਦੀ ਕਸ਼ਿਸ਼
ਰਾਹਾਂ ਦੀ ਕਸਕ
ਲੇਖਕ : ਡਾਕਟਰ ਅਰਵਿੰਦਰ ਸਿੰਘ 
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ: 395 ਰੁਪਏ, ਪੰਨੇ :120
ਸੰਪਰਕ : 094630-62603


ਬਹੁ-ਭਾਸ਼ਾਈ ਵਿਦਵਾਨ ਵੱਖ-ਵੱਖ ਅਖ਼ਬਾਰਾਂ ਤੇ ਰਸਾਲਿਆਂ ਵਿਚ ਪ੍ਰਕਾਸ਼ਿਤ ਹੋਣ ਵਾਲੇ ਕਾਲਜ ਪਿ੍ੰਸੀਪਲ ਡਾਕਟਰ ਅਰਵਿੰਦਰ ਸਿੰਘ ਦੀ ਕਲਮ ਤੋਂ ਪ੍ਰਕਾਸ਼ਿਤ  ਹਥਲੀ ਪੁਸਤਕ ਮੰਜ਼ਿਲ ਦੀ ਕਸ਼ਿਸ਼ ਰਾਹਾਂ ਦੀ ਕਸਕ ਦਾ ਸਿਰਲੇਖ ਹੀ ਪਾਠਕਾਂ ਦਾ ਧਿਆਨ ਆਪਣੇ ਵੱਲ ਟੁੰਬਦੀ ਹੈ | 26 ਪੁਸਤਕਾਂ ਦੀ ਸਿਰਜਣਾ ਕਰਨ ਵਾਲਾ ਲੇਖਕ ਸਿੱਖਿਆ ਅਤੇ ਸਾਹਿਤ ਦੀ ਅਜ਼ੀਮ ਸ਼ਖ਼ਸੀਅਤ ਹੈ | ਪੁਸਤਕ ਦੇ ਸਮਰਪਣ ਲਈ ਸ਼ਬਦਾਂ ਦੀ ਚੋਣ ਅਤੇ ਸ਼ੈਲੀ ਲੇਖਕ ਦੀ ਲਿਆਕਤ ਅਤੇ ਨਜ਼ਾਕਤ ਦੀ ਪੇਸ਼ਗੋਈ ਕਰਦੀ ਹੈ | ਪੁਸਤਕ ਦੇ ਸੰਬੰਧ ਵਿਚ ਪਦਮ ਸ੍ਰੀ ਡਾਕਟਰ ਹਰਮੋਹਿੰਦਰ ਸਿੰਘ ਬੇਦੀ ਦੇ ਲਿਖੇ ਹੋਏ ਸ਼ਬਦ ਪੁਸਤਕ ਦੀ ਗੁਣਵੱਤਾ ਵਿਚ ਵਾਧਾ ਕਰਦੇ ਹਨ | ਛੋਟੇ-ਬੜੇ ਅਤੇ ਵੱਖ-ਵੱਖ ਵਿਸ਼ਿਆਂ ਦੇ ਧਰਾਤਲ ਵਾਲੀ 40 ਲੇਖਾਂ ਦੀ ਇਹ ਪੁਸਤਕ ਪਾਠਕਾਂ ਨਾਲ ਇਸ ਜ਼ਮੀਨੀ ਹਕੀਕਤਾਂ ਨੂੰ  ਸਾਂਝੀ ਕਰ ਰਹੀ ਹੈ ਕਿ ਸੁਪਨਿਆਂ ਨੂੰ  ਸਾਕਾਰ ਕਰਨ ਲਈ ਰਾਹਾਂ ਦੀਆਂ ਔਕੜਾਂ ਨਾਲ ਜੂਝਣ ਲਈ ਆਪਣੇ ਹੌਸਲੇ ਦੀ ਧਾਰ ਨੂੰ  ਤਿੱਖਾ ਰੱਖੋ | ਹਰ ਲੇਖ ਆਪਣੇ-ਆਪ 'ਚ ਕੋਈ ਨਾ ਕੋਈ ਸੁਨੇਹਾ ਸਾਂਭੀ ਬੈਠਾ ਹੈ | ਪੁਸਤਕ ਦੇ ਲੇਖਾਂ ਦੀ ਬਣਤਰ ਵਿਚ ਤਰਤੀਬ ਵਿੱਲਖਣਤਾ ਦਾ ਸੂਚਕ ਹੈ | ਹਰ ਲੇਖ ਇੱਕ ਇਕਾਈ ਹੋਣ ਦੇ ਬਾਵਜੂਦ ਸਮੂਹਿਕ ਤੌਰ 'ਤੇ ਇੱਕ ਵੱਡੀ ਦਾਰਸ਼ਨਿਕ ਅਤੇ ਮਨੋਵਿਗਿਆਨਕ ਵਿਰਤਾਂਤ ਵੱਲ ਵਧਦਾ ਹੋਇਆ ਜਾਪਦਾ ਹੈ | ਕਿਧਰੇ ਸੁਪਨਿਆਂ ਦੀ ਤੜਫ ਹੈ, ਕਿਤੇ ਟੁੱਟੇ ਸੁਪਨਿਆਂ ਦੀ ਚੁੱਪ ਧਾਰੀ ਪੀੜ ਹੈ | ਕਿਤੇ ਮਨੁੱਖ ਦੀ ਬੇਵਸੀ ਦਾ ਪ੍ਰਗਟਾਵਾ ਹੈ, ਕਿਤੇ ਬੰਦੇ ਦੀਆਂ ਕਮਜ਼ੋਰੀਆਂ ਦੀ ਕੌੜੀ ਸਚਾਈ ਹੈ, ਕਿਤੇ ਸਫਲਤਾ ਦੀ ਚਮਕ ਦੇ ਪਿੱਛੇ ਛੁਪੀ ਥਕਾਵਟ ਹੈ, ਕਿਤੇ ਹਾਰ ਦਾ ਸਵਾਦ ਚੱਖਣ ਤੋਂ ਬਾਅਦ ਪੈਦਾ ਹੋਇਆ ਸਬਕ ਅਤੇ ਸੂਝ ਹੈ | ਲੇਖਕ ਨੇ ਇਸ ਸਾਰੀ ਵਿਸ਼ਾ ਵਸਤੂ ਨੂੰ  ਐਨੇ ਸੁੱਚਜੇ ਢੰਗ ਨਾਲ ਪੇਸ਼ ਕੀਤਾ ਹੈ ਕਿ ਪਾਠਕ ਨੂੰ  ਹਰ ਪੜਾਅ ਉੱਤੇ ਇੱਕ ਨਵੀਂ ਸੇਧ ਅਤੇ ਹੁਲਾਰਾ ਮਿਲਦਾ ਹੈ | ਲੇਖਾਂ ਦੀ ਪੇਸ਼ਕਾਰੀ, ਸ਼ੈਲੀ, ਦਿਲਚਸਪ ਸ਼ਬਦਾਵਲੀ ਪੁਸਤਕ ਦੇ ਕਲਾਤਮਿਕ ਅਤੇ ਗੁਣਾਤਮਿਕ ਪੱਖਾਂ ਨੂੰ  ਪ੍ਰਮਾਣਿਤ ਕਰਨ ਦੇ ਨਾਲ-ਨਾਲ ਲੇਖਕ ਦੇ ਹੁਨਰ, ਭਾਸ਼ਾਈ ਗਿਆਨ ਅਤੇ ਸਾਹਿਤਕ ਅਧਿਐਨ ਉੱਤੇ ਮੋਹਰ ਲਗਾਉਂਦੀ ਹੈ |

-ਪਿ੍ੰਸੀਪਲ ਵਿਜੈ ਕੁਮਾਰ 
ਮੋਬਾਈਲ : 98726-27136 

ਪੱਛਮ ਵਾਵਾਂ ਵੱਗੀਆਂ!
ਲੇਖਿਕਾ : ਕਮਲਜੀਤ ਕੌਰ ਕਮਲ
ਪ੍ਰਕਾਸ਼ਕ : ਬਲਿਊਰੋਜ਼ ਵੰਨ ਪਬਲੀਸ਼ਰਜ਼, ਨਵੀਂ ਦਿੱਲੀ
ਮੁੱਲ : 275 ਰੁਪਏ, ਸਫ਼ੇ : 80
ਸੰਪਰਕ : 94786-22696


ਲੇਖਿਕਾ ਦੀ 'ਪੱਛਵੀਂ ਵਾਵਾਂ ਵਗੀਆਂ' ਪੁਸਤਕ ਵਿਚ ਕੁੱਲ 80 ਕਵਿਤਾਵਾਂ  ਹਨ | ਲੇਖਿਕਾ ਨੇ ਸਾਰੇ ਵਿਸ਼ੇ ਆਪਣੇ ਆਸੇ-ਪਾਸੇ ਤੋਂ ਭਾਵ ਸਕੂਲ ਅਤੇ ਘਰ ਵਿਚੋਂ ਹੀ ਲਏ ਹਨ | ਸਮਾਜ ਵਿਚ ਜੋ ਵੀ ਵਾਪਰਦਾ ਹੈ ਉਨ੍ਹਾਂ ਨੇ ਆਪਣੀ ਕਵਿਤਾ ਦਾ ਵਿਸ਼ਾ ਬਣਾਇਆ ਹੈ ਅਤੇ ਬਹੁਤ ਹੀ ਵਧੀਆ ਢੰਗ ਨਾਲ ਨਿਭਾਇਆ ਹੈ | ਲੇਖਿਕਾ ਪੰਜਾਬੀ ਦੀ ਅਧਿਆਪਕਾ ਹੈ ਇਸ ਕਰਕੇ ਪੰਜਾਬੀ ਮਾਂ-ਬੋਲੀ ਵਿਚ ਮੁਹਾਰਤ ਹੋਣ ਦਾ ਸਬੂਤ ਸਾਰੀਆਂ ਰਚਨਾਵਾਂ ਦਸਦੀਆਂ ਹਨ ਸ਼ਬਦਾਂ ਜੋੜਾਂ ਵਿਚ ਗ਼ਲਤੀਆਂ ਤੋਂ ਪ੍ਰਹੇਜ਼ ਕਰਿਆ ਹੈ | ਬੋਲੀ ਬਹੁਤ ਹੀ ਮਿੱਠੀ ਸਰਲ ਅਤੇ ਠੇਠ ਵਰਤੀ ਗਈ ਹੈ ਇਹ ਪੁਸਤਕ ਇੱਕੋ ਸਮੇਂ ਹੀ ਬੱਚਿਆਂ ਅਤੇ ਵੱਡਿਆਂ ਲਈ ਹੈ | ਇਨ੍ਹਾਂ ਨੇ ਇਸ ਪੁਸਤਕ ਦੇ ਸ਼ੁਰੂ ਵਿਚ ਹੀ ਬਾਬੇ ਨਾਨਕ ਦੇ ਪੁਰਾਣੇ ਪੰਜਾਬ ਦੀ ਸਿਫ਼ਤ ਕਰਦੇ ਹੋਏ ਲਿਖਿਆ ਹੈ ਕਿ ਆਓ ਇਸ ਪੰਜਾਬ ਨੂੰ  ਵੀ ਆਪਾਂ ਸਾਰੇ ਰਲ਼ਕੇ ਸੁੰਦਰ ਬਣਾਈਏ ਏਸੇ ਤਰ੍ਹਾਂ ਹੀ ਪੰਜਾਬੀ ਮਾਂ ਬੋਲੀ ਬਾਰੇ ਬਹੁਤ ਹੀ ਸੁੰਦਰ ਕਵਿਤਾ ਲਿਖੀ ਹੈ ਪਾਣੀ, ਰੁੱਖਾਂ, ਸਾਉਣ ਮਹੀਨੇ, ਸਮਾਜਿਕ ਰਿਸ਼ਤਿਆਂ, ਪਿਆਰ ਅਤੇ ਵਿਛੋੜੇ ਦੀਆਂ ਕਵਿਤਾਵਾਂ, ਘਰ, ਧੀਆਂ, ਪੁੱਤਰਾਂ, ਕਿਸਾਨਾਂ, ਕੁਦਰਤ, ਖੁਸ਼ੀਆਂ, ਦੁੱਖਾਂ, ਸੱਭਿਆਚਾਰ, ਅਮੀਰ ਵਿਰਸੇ ਬਾਰੇ ਹੋਰ ਅਨੇਕਾਂ ਵਿਸ਼ਿਆਂ ਬਾਰੇ ਬਹੁਤ ਹੀ ਸੁੰਦਰ ਕਵਿਤਾਵਾਂ ਲਿਖੀਆਂ ਹਨ ਕਵਿਤਾਵਾਂ ਤੋਂ ਪਤਾ ਲੱਗਦਾ ਹੈ ਲੇਖਿਕਾ ਕੋਲ ਢੇਰ ਸਾਰਾ ਜ਼ਿੰਦਗੀ ਦਾ ਤਜਰਬਾ ਹੈ | ਕਵਿਤਾਵਾਂ ਜੀਵਨ ਜਾਚ ਸਿਖਾਉਂਦੀਆਂ ਹਨ ਸਮਾਜ ਵਿਚ ਕਿਵੇਂ ਵਿਚਰਨਾ ਹੈ ਕਈ ਕਵਿਤਵਾਂ ਉੱਚਾ ਸੁੱਚਾ ਚਰਿਤਰ ਰੱਖਣ ਦਾ ਭਾਵਪੂਰਤ ਸੁਨੇਹਾ ਵੀ ਦਿੰਦੀਆਂ ਹਨ | ਲੇਖਿਕਾ ਨੇ ਭਾਸ਼ਾ ਬਹੁਤ ਸਰਲ ਠੇਠ ਅਤੇ ਵੱਡਿਆਂ ਦੇ ਨਾਲ-ਨਾਲ ਬਾਲਾਂ ਦੇ ਹਾਣ ਦੀ ਵਰਤੀ ਹੈ | ਸਾਰੀਆਂ ਰਚਨਾਵਾਂ  ਜਿੱਥੇ ਮਨੋਰੰਜਨ ਕਰਦੀਆਂ ਹਨ ਉਥੇ  ਸੁਭਾਵਿਕ ਹੀ ਸਿੱਖਿਆ ਵੀ ਦਿੰਦੀਆਂ ਹਨ | ਇੰਝ ਲੱਗਦਾ ਹੈ ਜਿਵੇਂ ਲੇਖਿਕਾ ਨੇ ਆਪਣੀ ਜ਼ਿੰਦਗੀ ਦੇ ਤਜ਼ਰਬੇ ਦਾ ਸਾਰਾ ਨਿਚੋੜ ਇਨ੍ਹਾਂ ਕਵਿਤਾਵਾਂ ਵਿਚ ਲਿਖ ਦਿੱਤਾ ਹੋਵੇ | ਕਮਲਜੀਤ ਕੌਰ ਨੂੰ  ਪੰਜਾਬੀ ਮਾਂ-ਬੋਲੀ ਦੀ ਝੋਲੀ ਵਿਚ ਬਹੁਤ ਹੀ ਸੁੰਦਰ ਪੁਸਤਕ ਪਾਉਣ 'ਤੇ ਮੈਂ ਸ਼ਾਬਾਸ਼ ਅਤੇ ਮੁਬਾਰਕਬਾਦ ਦਿੰਦਾ ਹਾਂ | 

-ਅਮਰੀਕ ਸਿੰਘ ਤਲਵੰਡੀ ਕਲਾਂ
ਮੋਬਾਈਲ : 94635-42896

ਕਾਫ਼ੀਆਂ ਬੁੱਲ੍ਹੇ ਸ਼ਾਹ
(ਸ਼ਬਦਾਰਥਾਂ ਅਤੇ ਭਾਵਾਰਥਾਂ ਸਹਿਤ)
ਸੰਪਾਦਕ : ਪ੍ਰੋ. ਬ੍ਰਹਮਜਗਦੀਸ਼ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਬਠਿੰਡਾ
ਮੁੱਲ : 250 ਰੁਪਏ, ਸਫ਼ੇ : 192
ਸੰਪਰਕ : 98760-52136


ਵਿਚਾਰਾਧੀਨ ਪੁਸਤਕ ਸੰਪਾਦਕ ਨੇ ਆਪਣੀ ਸਵ: ਜੀਵਨ ਸਾਥਣ ਪ੍ਰੋ. ਰਾਜਬੀਰ ਕੌਰ ਨੂੰ  ਸਮਰਪਿਤ ਕੀਤੀ ਹੈ | ਸੂਫ਼ੀ ਕਵੀ ਸਾਈਾ ਬੁੱਲ੍ਹੇ ਸ਼ਾਹ ਦਾ ਜਨਮ ਪਿੰਡ ਪਾਡੋਂਕੇ ਤਹਿ: ਕਸੂਰ, ਜ਼ਿਲ੍ਹਾ ਲਾਹੌਰ ਵਿਖੇ ਪਿਤਾ ਸਖੀ ਮੁਹੰਮਦ ਦੇ ਗ੍ਰਹਿ ਵਿਖੇ 1660 ਈ. ਵਿਚ ਹੋਇਆ | ਸੂਫ਼ੀ ਕਾਵਿ ਵਿਚ ਉਸ ਦਾ ਸਥਾਨ ਸ਼ੇਖ ਫ਼ਰੀਦ ਅਤੇ ਸ਼ਾਹ ਹੁਸੈਨ ਤੋਂ ਬਾਅਦ ਨਿਸਚਿਤ ਕੀਤਾ ਜਾਂਦਾ ਹੈ | ਉਹ ਕਾਦਰੀ ਸਿਲਸਿਲੇ ਦੇ ਸੂਫ਼ੀ ਫ਼ਕੀਰ ਸ਼ਾਹ ਇਨਾਇਤ ਦਾ ਸਾਰੀ ਉਮਰ ਮੁਰੀਦ ਬਣਿਆ ਰਿਹਾ | ਉਸ ਦੀ ਮੌਤ ਕਸੂਰ ਵਿਖੇ 1757 ਈ. ਵਿਚ ਹੋਈ |
ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਦਾ ਕੇਂਦਰੀ ਸੂਤਰ ਉਸ ਦਾ ਮੁਰਸ਼ਦ ਸ਼ਾਹ ਇਨਾਇਤ ਹੀ ਹੈ | ਉਸ ਦੀਆਂ ਕਾਫ਼ੀਆਂ ਸ਼ਾਹ ਇਨਸਾਤਿ ਦੇ ਦੁਆਲੇ ਹੀ ਪਰਿਕਰਮਾ ਕਰਦੀਆਂ ਹਨ | ਉਸ ਨੇ ਸ਼ਾਹ ਇਨਾਇਤ ਦੀ ਵਿਚੋਲਗਿਰੀ ਰਾਹੀਂ ਹੀ ਰੱਬ ਦੇ ਦਰਸ਼ਨ ਹਨ | ਉਹ ਆਪਣੇ ਰਹੱਸਵਾਦੀ ਭਾਵਾਂ ਦਾ ਪ੍ਰਗਟਾਵਾ ਕਰਦਾ ਹੈ | ਉਸ ਨੇ ਇਸ਼ਕ ਮਿਜ਼ਾਜੀ ਤੋਂ ਇਸ਼ਕ ਹਕੀਕੀ ਤੱਕ ਦਾ ਪੈਂਡਾ ਤੈਅ ਕੀਤਾ ਹੈ | ਉਸ ਨੇ ਪ੍ਰੀਤ ਕਰਨ ਵਾਲੇ ਨਾਇਕਾ-ਨਾਇਕਾਵਾਂ ਦਾ ਮੈਟਾਫਰਾਂ ਵਜੋਂ ਪ੍ਰਯੋਗ ਕਰਕੇ ਆਪਣੇ ਸੂਫ਼ੀ ਭਾਵਾਂ ਨੂੰ  ਪ੍ਰਸਤੁਤ ਕੀਤਾ ਹੈ | ਮਸਲਨ: ਯੂਸਫ਼ ਸੁਲੈਖਾਂ, ਲੈਲਾ ਮਜਨੂੰ, ਹੀਰ ਰਾਂਝਾ, ਸੱਸੀ ਪੁੰਨੂੰ, ਸੋਹਣੀ ਮਹੀਂਵਾਲ, ਮਨਸੂਰ, ਆਦਮ ਈਵ, ਮੂਸਾ ਫਰਔਨ ਹਸਨ ਹੁਸੈਨ ਆਦਿ | ਕਵੀ ਬੁੱਲ੍ਹੇ ਸ਼ਾਹ ਨੇ ਸ੍ਰੀ ਕ੍ਰਿਸ਼ਨ ਦੇ ਰੂਪ ਵਿਚ ਆਪਣੇ ਅੱਲ੍ਹਾ ਨੂੰ  ਪਹਿਚਾਣ ਲਿਆ ਸੀ | ਉਸ ਨੂੰ  ਸ੍ਰੀ ਕ੍ਰਿਸ਼ਨ ਅਤੇ ਮੁਹੰਮਦ ਸਲਉੱਲਾ ਵਿਚ ਕੋਈ ਅੰਤਰ ਮਹਿਸੂਸ ਨਹੀਂ ਹੋਇਆ | ਇੰਝ ਉਸ ਦੀਆਂ ਕਾਫ਼ੀਆਂ ਵਿਚੋਂ ਸੰਪ੍ਰਦਾਇਕ ਸਦਭਾਵਨਾ ਉਜਾਗਰ ਹੁੰਦੀ ਹੈ | ਬਾਬਾ ਬੁੱਲ੍ਹੇ ਸ਼ਾਹ ਨੇ ਇਤਿਹਾਸਕ, ਮਿਥਿਹਾਸਕ, ਧਾਰਮਿਕ, ਲੋਕਯਾਨਿਕ ਪ੍ਰਤੀਕਾਂ-ਹਵਾਲਿਆਂ ਰਾਹੀਂ ਆਪਣੀਆਂ ਕਾਫ਼ੀਆਂ ਵਿਚ ਪ੍ਰੀਤ ਭਾਵਨਾ ਦਾ ਸੁਨੇਹਾ ਦਿੱਤਾ ਹੈ | ਉਸ ਨੇ ਧਾਰਮਿਕ ਪਖੰਡਾਂ, ਵਹਿਮਾਂ ਭਰਮਾਂ ਤੇ ਕਠੋਰ ਵਿਅੰਗ ਕੱਸਿਆ ਹੈ | ਉਸ ਨੇ ਬਿਰਹਾ ਨੂੰ  ਥਾਂ-ਪੁਰ-ਥਾਂ ਪ੍ਰਸਤੁਤ ਕੀਤਾ ਹੈ | ਨਾਇਕਾ ਆਪਣੇ ਮਹਿਬੂਬ ਤੋਂ ਵਿਛੜ ਕੇ ਤੜਪਦੀ ਹੈ ਅਤੇ ਰੱਬੀ ਪ੍ਰੇਮ ਦੀ ਤਾਂਘ ਰੱਖਦੀ ਹੈ |
ਇਹ ਸੰਸਾਰ ਫ਼ਾਨੀ ਹੈ | ਸਭ ਨੇ ਮਾਇਆ ਨੂੰ  ਇੱਥੇ ਹੀ ਛੱਡ ਕੇ ਟੁਰ ਜਾਣਾ ਹੈ | ਬੁੱਲ੍ਹੇ ਲਈ ਸਭ ਧਰਮ ਬਰਾਬਰ ਹਨ | ਕੋਈ ਛੋਟਾ ਜਾਂ ਵੱਡਾ ਨਹੀਂ | ਉਹ ਵੀ ਵਧੀਆ ਇਨਸਾਨ ਹੈ ਜੋ ਧਰਮਾਂ/ ਫਿਰਕਿਆਂ ਤੋਂ ਉੱਚਾ ਉੱਠ ਕੇ ਸੱਚ ਦੇ ਮਾਰਗ 'ਤੇ ਚੱਲਦਾ ਹੈ | ਉਹ ਲਿਖਦੇ ਨੇ, ਰੱਬ ਨੂੰ  ਸੰਬੋਧਨ ਕਰਕੇ ਬੁੱਲ੍ਹੇ ਨੂੰ  ਪਤਾ ਨਹੀਂ ਮੈਂ ਕੌਣ ਹਾਂ? ਇਹੋ ਬੁੱਲ੍ਹਾ ਕੀ ਜਾਣਾ ਮੈਂ ਕੌਣ/ ਨਾ ਮੈਂ ਮੋਮਨ ਵਿਚ ਮਸੀਤਾਂ,/ ਨਾ ਮੈਂ ਵਿਚ ਕੁਫ਼ਰ ਦੀਆਂ ਰੀਤਾਂ/ ਨਾ ਮੈਂ ਪਾਕਾਂ ਵਿਚ ਪਲੀਤਾਂ/ ਨਾ ਮੈਂ ਮੂਸਾ ਨਾ ਫਰਔਨ/ ਬੁੱਲ੍ਹਾ ਕੀ ਜਾਣਾ ਮੈਂ ਕੌਣ |
ਕਾਫ਼ੀਆਂ ਦੀ ਬਣਤਰ ਅਤੇ ਬੁਣਤਰ ਵੀ ਸਮਝ ਲੈਣੀ ਬਣਦੀ ਹੈ | ਗਾਉਣ ਦੇ ਦਿ੍ਸ਼ਟੀ ਤੋਂ ਜਿਸ ਪੰਕਤੀ ਨਾਲ ਕਾਫ਼ੀਆਂ ਆਰੰਭ ਹੁੰਦੀਆਂ ਹਨ | ਉਹ ਹੀ ਪੰਕਤੀ ਹਰ ਕਾਵਿ-ਬੰਦ ਵਿਚ ਦੁਹਰਾਈ ਜਾਂਦੀ ਹੈ ਜੋ ਸਰੋਤਿਆਂ ਨੂੰ  ਮਸਤੀ ਦੇ ਆਲਮ ਵਿਚ ਪ੍ਰਚਾਉਂਦੀ ਹੈ | ਇਹੋ ਜੁਗਤ ਨੈਰੇਟਿਵ ਫਰੀਕੁਐਂਸੀ ਅਖਵਾਉਂਦੀ ਹੈ | ਬੁੱਲ੍ਹੇ ਸ਼ਾਹ ਦੀ ਹਰੇਕ ਕਾਫ਼ੀ ਦਾ ਅੰਤ ਤੇ ਭਾਵ ਪ੍ਰਗਟ ਹੋ ਜਾਂਦਾ ਹੈ | ਇੰਝ ਹਰ ਕਾਫ਼ੀ ਅਪ੍ਰਤੀਬਿੰਬਤ ਚੇਤਨਾ ਤੋਂ ਆਰੰਭ ਹੋ ਕੇ ਪ੍ਰਤੀਬਿੰਬਤ ਚੇਤਨਾ ਤੱਕ ਪਾਠਕਾਂ/ਸਰੋਤਿਆਂ ਨੂੰ  ਸੁਭਾਵਿਕ ਹੀ ਲੈ ਜਾਂਦੀ ਹੈ |
ਸੰਪਾਦਕ ਨੇ ਹਰ ਕਾਫ਼ੀ ਦੇ ਅੰਤ 'ਚ ਔਖੇ ਸ਼ਬਦਾਂ ਦੇ ਅਰਥ ਦੇ ਕੇ ਕੇਂਦਰੀ ਭਾਵ ਵੀ ਦਿੱਤੇ ਨੇ | ਸੰਪਾਦਕ ਨੇ ਬੜੀ ਮਿਹਨਤ ਨਾਲ ਕਾਫ਼ੀਆਂ ਦੇ ਪਾਠਾਂਤਰ ਵੀ ਦਿੱਤੇ ਨੇ ਸਮਲਨ ਕਾਫ਼ੀਆਂ 44, 58, 60, 66, 81, 93, 98, 108, 109, 138, 146, 154 ਆਦਿ ਵੇਖੀਆਂ ਜਾ ਸਕਦੀਆਂ ਹਨ | ਸੰਪਾਦਕ ਅਜਿਹੀ ਕਠਿਨ ਮਿਹਨਤ ਲਈ ਵਧਾਈ ਦਾ ਪਾਤਰ ਹੈ |

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharmchand@gmail.com

ਅਲੋਪ ਹੋ ਰਹੇ ਕੰਮ ਧੰਦੇ
ਲੇਖਕ : ਪ੍ਰੇਮ ਭੂਸ਼ਨ ਗੋਇਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ 
ਮੁੱਲ : 250 ਰੁਪਏ, ਸਫ਼ੇ : 120
ਸੰਪਰਕ : 95011-45039


'ਅਲੋਪ ਹੋ ਰਹੇ ਕੰਮ ਧੰਦੇ' ਦੇ ਸਿਰਲੇਖ ਹੇਠ ਛਪੀ ਇਹ ਪੁਸਤਕ ਆਪਣੇ ਆਪ ਵਿਚ ਅੱਜ ਤੋਂ ਕਈ ਦਹਾਕੇ ਪਹਿਲਾਂ ਦੇ ਉਸ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਮਾਹੌਲ ਨੂੰ  ਇੱਕ ਐਸੇ ਰੂਪ ਵਿਚ ਪੇਸ਼ ਕਰਦੀ ਹੈ, ਜਿਸ ਨੂੰ  ਮੇਰੇ ਵਰਗੇ  ਲੱਖਾਂ ਨਾਗਰਿਕਾਂ ਨੇ ਆਪਣੇ ਬਚਪਨ ਵਿਚ ਆਪਣੀਆਂ ਅੱਖਾਂ ਨਾਲ ਵੇਖਿਆ ਮਾਣਿਆ ਅਤੇ ਹੰਢਾਇਆ ਸੀ | ਇਨ੍ਹਾਂ ਲੇਖਾਂ ਵਿਚੋਂ ਕੁਝ ਲੇਖ ਲਗਭਗ 45 ਸਾਲ ਪਹਿਲਾਂ ਲਿਖੇ ਹੋਣ ਕਰਕੇ ਇਹ ਹੂ-ਬਹੂ ਉਸੇ ਵਾਤਾਵਰਨ ਨੂੰ  ਜ਼ਿੰਦਾ ਰੱਖਦੇ ਹਨ | ਇਸ ਪੁਸਤਕ ਰਾਹੀਂ ਉਨ੍ਹਾਂ 21 ਪੇਸ਼ਿਆਂ ਦਾ ਰੂਪ ਸ਼ਬਦਾਂ ਰਾਹੀਂ ਬਿਆਨ ਕੀਤਾ ਗਿਆ ਹੈ ਜਿਨ੍ਹਾਂ ਨੂੰ  ਉਸ ਵੇਲੇ ਪਰਿਵਾਰਕ ਧੰਦੇ ਦੇ ਤੌਰ ਅਪਣਾਉਣ ਵਾਲੇ ਬਸ਼ਿੰਦੇ ਨਾ ਕੇਵਲ ਬੱਚਿਆਂ ਸਗੋਂ ਵੱਡਿਆਂ ਲਈ ਵੀ ਖਿੱਚ ਅਤੇ ਅਨੰਦ ਦਾ ਸਾਧਨ ਬਣਾ ਕੇ ਸਮਾਜ ਵਿਚ ਵਿਚਰਦੇ ਸਨ | ਓਦੋਂ ਨਾ ਮੋਬਾਈਲ, ਨਾ ਟੀ. ਵੀ. ਅਤੇ ਨਾ ਕੋਈ ਹੋਰ ਮਨੋਰੰਜਨ ਦਾ ਸਾਧਨ ਸੀ | ਗਲੀ-ਗਲੀ, ਮੁਹੱਲੇ-ਮੁਹੱਲੇ ਘੁੰਮ ਕੇ ਡਮਰੂ ਵਜਾਉਂਦੇ, ਟੱਲੀਆਂ ਖੜਕਾਉਂਦੇ, ਅਵਾਜ਼ਾਂ ਦਿੰਦੇ ਉਹ ਸਭ ਲਈ ਇੱਕ ਖਿੱਚ ਬਣ ਜਾਂਦੇ ਸਨ |  ਇਸ ਪੁਸਤਕ ਵਿਚ ਦਰਸਾਏ ਗਏ ਕਿੱਤਿਆਂ ਵਿਚੋਂ ਸਰਕਸ, ਦੋਧੀ, ਵੰਗਾਂ ਦਾ ਵਣਜਾਰਾ ਅਤੇ ਪਟਿਆਲਾ ਦੇ ਨਾਲੇ ਪਰਾਂਦੇ ਹੀ ਅੱਜ ਦੇ ਮਾਹੌਲ ਵਿਚ ਆਪਣੀ ਹੋਂਦ ਬਰਕਰਾਰ ਕਰ ਸਕੇ ਹਨ | ਭੰਡ, ਸਪੇਰਾ, ਬਾਇਸਕੋਪ ਵਾਲਾ, ਤਾਂਗੇ ਵਾਲਾ, ਚਾਕੂ ਛੁਰੀਆਂ ਤੇਜ਼ ਕਰਨ ਵਾਲਾ, ਮਾਸ਼ਕੀ, ਕੰਨਾਂ ਵਿਚੋਂ ਮੈਲ ਕੱਢਣ ਵਾਲਾ (ਕੰਨਮੈਲੀਆ) ਭਾਂਡੇ ਕਲੀ ਕਰਨ ਵਾਲਾ, ਭੱਠੀਵਾਲੀ, ਮਦਾਰੀ, ਬਾਜ਼ੀਗਰ, ਧੋਬੀ, ਟੈਟੂ ਉਕੇਰਨ ਵਾਲਾ, ਤੇਲ ਮਾਲਸ਼ੀਆ ਅਤੇ ਕਠਪੁਤਲੀ ਵਾਲਾ.... ਇਹ ਸਭ ਕਾਰੀਗਰ ਅਤੇ ਧੰਦੇ ਜਾਂ ਤਾਂ ਖ਼ਤਮ ਹੋ ਚੁੱਕੇ ਹਨ ਜਾਂ ਇਨ੍ਹਾਂ ਵਿਚੋਂ ਕੁਝ ਵਪਾਰਕ ਰੂਪ ਧਾਰਨ ਕਰ ਕੇ ਆਧੁਨਿਕਤਾ ਦੀ ਦੌੜ ਵਿਚ ਸ਼ਾਮਿਲ ਹੋ ਚੁੱਕੇ ਹਨ | ਹਰ ਵੇਰਵੇ ਉਸ ਕਿੱਤੇ ਦੀ ਬਲੈਕ ਐਂਡ ਵਾਈਟ ਤਸਵੀਰ ਵੀ ਪੇਸ਼ ਕੀਤੀ ਗਈ ਹੈ | ਇਸ ਪੁਸਤਕ ਨੂੰ  ਪੜ੍ਹ ਕੇ ਅਤੇ ਸੰਬੰਧਿਤ ਫੋਟੋਆਂ ਨੂੰ  ਵੇਖ ਕੇ ਅੱਜਕਲ੍ਹ ਦੀ ਬਾਲਪਨ ਅਵਸਥਾ ਅਤੇ ਨੌਜਵਾਨ ਪੀੜ੍ਹੀ ਨੂੰ  ਇੱਕ ਰੀਲ ਚੱਲਦੀ ਹੋਈ ਵਿਖਾਈ ਦੇਵੇਗੀ ਅਤੇ ਇਹ ਕਹਿਣ ਲਈ ਮਜ਼ਬੂਰ ਕਰ ਦੇਵੇਗੀ ਕਿ 'ਕਾਸ਼! ਅਸੀਂ ਵੀ ਉਸ ਸਮੇਂ ਵਿਚ ਹੀ ਪੈਦਾ ਹੋਏ ਹੁੰਦੇ |' 

-ਡਾ. ਇੰਦਰ ਪਾਲ ਸਿੰਘ ਪਟਿਆਲਾ 
ਮੋਬਾਈਲ : 97795-84235

Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੂੰ ਆਰਥਿਕ ਪੱਖ ਤੋਂ ਮਜ਼ਬੂਤ ਕਰਨ ਦੀ ਲੋੜ ਅਗਲੀ ਖ਼ਬਰ ਗ਼ਜ਼ਲ • ਯਸ਼ਪਾਲ ਮਿੱਤਵਾ •
Ad Position 24