16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

17-10-2026

17-10-2026

Ad Position 21
No active advertisement
ਅਜੀਤ ਡੈਸਕ 17-10-2026

ਪੁਲ਼ਾਂ ਹੇਠੋਂ ਮੁੜਦਾ ਪਾਣੀ
ਲੇਖਕ : ਬਲਦੇਵ ਸਿੰਘ 
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ ਮੁਹਾਲੀ 
ਮੁੱਲ : 350 ਰੁਪਏ, ਸਫ਼ੇ : 243
ਸੰਪਰਕ : 98147-83069


ਬਲਦੇਵ ਸਿੰਘ (ਸੜਕਨਾਮਾ) ਇਕ ਸਥਾਪਤ ਗਲਪਕਾਰ ਹੈ | ਉਸ ਨੇ ਲਗਭਗ ਹਰ ਵਿਧਾ ਵਿਚ ਸਾਹਿਤ ਰਚਨਾ ਕੀਤੀ ਹੈ | ਉਸ ਦੀਆਂ ਹੁਣ ਤੱਕ 98 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚ ਕਹਾਣੀ-ਸੰਗ੍ਰਹਿ (12), ਨਾਵਲ (34), ਕਥਾ ਲੇਖ (5), ਨਾਟਕ (11), ਬਾਲ ਸਾਹਿਤ (7), ਸਾਹਿਤਕ ਸਵੈਜੀਵਨੀ (2), ਸੰਪਾਦਨਾ (3), ਸਫ਼ਰਨਾਮਾ (5), ਅਨੁਵਾਦ (4) ਆਦਿ ਸ਼ਾਮਲ ਹਨ | ਉਸ ਦੀਆਂ ਕੁਝ ਕਿਤਾਬਾਂ ਦੇ ਹਿੰਦੀ (7), ਅੰਗਰੇਜ਼ੀ (5), ਉਰਦੂ/ਸ਼ਾਹਮੁਖੀ (3) ਵਿਚ ਅਨੁਵਾਦ ਹੋ ਚੁੱਕੇ ਹਨ | ਸਾਹਿਤ ਅਕਾਦਮੀ (ਢਾਹਵਾਂ ਦਿੱਲੀ ਦੇ ਕਿੰਗਰੇ), ਢਾਹਾਂ (ਸੂਰਜ ਦੀ ਅੱਖ), ਸਰਬੋਤਮ ਬਾਲ ਸਾਹਿਤ (ਮੋਠੂ ਦੇ ਘੁੰਗਰੂ) ਆਦਿ ਪੁਰਸਕਾਰਾਂ ਨਾਲ ਸਨਮਾਨਿਤ ਲੇਖਕ 1977 ਤੋਂ ਸਾਹਿਤਕਾਰੀ ਨਾਲ ਜੁੜਿਆ ਹੋਇਆ ਹੈ | ਰੀਵਿਊ ਅਧੀਨ ਪੁਸਤਕ ਵਿਚ ਪਰਵਾਸ, ਇਸ ਦੇ ਕਾਰਨਾਂ, ਸਮੱਸਿਆਵਾਂ, ਦਿੱਕਤਾਂ, ਹੇਰਵਾ ਆਦਿ ਦਾ ਰੌਂਗਟੇ ਖੜ੍ਹੇ ਕਰਨ ਵਾਲਾ ਗਲਪੀ ਬਿਰਤਾਂਤ ਹੈ | ਇਸ ਨਾਵਲ ਵਿਚ ਇੰਦਰ ਸਿੰਘ, ਉਸ ਦੇ ਦੋਵੇਂ ਪੁੱਤਰਾਂ, ਨੂੰ ਹ, ਪੋਤਰਾ, ਪੋਤੀ ਦਾ ਪਰਵਾਸ ਦੌਰਾਨ ਦਰਪੇਸ਼ ਚੁਣੌਤੀਆਂ ਨੂੰ  ਰੇਖਾਂਕਿਤ ਕੀਤਾ ਗਿਆ ਹੈ | ਪਿਛੋਕੜ ਵਿਚ ਪੰਜਾਬ ਦੇ ਪੁਰਾਣੇ ਪਿੰਡਾਂ ਦਾ ਸਹਿਚਾਰ, ਹੁਣ ਦੇ ਬਦਲੇ ਪਿੰਡਾਂ ਦੀ ਨੁਹਾਰ, ਕੈਨੇਡਾ ਦਾ ਰਹਿਣ-ਸਹਿਣ, ਪ੍ਰਸ਼ਾਸਨਿਕ ਪ੍ਰਬੰਧ, ਕੈਨੇਡਾ-ਪੰਜਾਬ ਦੇ ਸੱਭਿਆਚਾਰ ਦੀ ਤੁਲਨਾ, ਭਾਰਤੀ ਸਿੱਖਿਆ ਪ੍ਰਣਾਲੀ ਦੀਆਂ ਕਮੀਆਂ ਆਦਿ ਦਾ ਨਿਕਟ ਅਵਲੋਕਨ ਵੀ ਸ਼ਾਮਲ ਹੈ | ਕੈਨੇਡਾ ਦੀਆਂ ਪਾਰਕਾਂ ਵਿਚ ਪੰਜਾਬੀ-ਬਜ਼ੁਰਗਾਂ ਦਾ ਉਦਰੇਵਾਂ, ਘੁਟਣ, ਟੁੱਟਦੇ ਰਿਸ਼ਤੇ, ਪੈਸੇ ਦਾ ਮੋਹ ਦੀ ਪ੍ਰਭਾਵਸ਼ਾਲੀ ਤਰਜਮਾਨੀ ਹੋਈ ਹੈ | ਕਹਾਣੀ ਮੁਤਾਬਕ ਇੰਦਰ ਸਿੰਘ ਦਾ ਵੱਡਾ ਮੁੰਡਾ ਰਤਨ ਗ਼ੈਰ-ਕਾਨੂੰਨੀ ਢੰਗ ਨਾਲ ਬਾਹਰਲੇ ਮੁਲਕ ਜਾਂਦਾ ਹੈ ਤੇ ਫਿਰ ਉਸ ਦੀ ਕੋਈ ਉਘਸੁਘ ਨਹੀਂ ਮਿਲਦੀ ਕਿ ਉਹ ਕਿੱਥੇ ਹੈ, ਜਿਊਾਦਾ ਹੈ ਜਾਂ ਮਰ ਗਿਆ | ਪਿੱਛੋਂ ਛੋਟੇ ਮੁੰਡੇ ਭਾਗ ਨੂੰ  ਕੈਨੇਡਾ ਵਿਚ ਸੈੱਟ ਕਰਨ ਲਈ ਘਰਬਾਰ, ਜ਼ਮੀਨ-ਜਾਇਦਾਦ ਵੇਚਣੀ ਪੈਂਦੀ ਹੈ ਤੇ ਇੰਦਰ ਆਪ ਵੀ ਕੈਨੇਡਾ ਚਲਾ ਜਾਂਦਾ ਹੈ | ਉੱਥੇ ਰਹਿਣ ਦੀਆਂ ਪ੍ਰੇਸ਼ਾਨੀਆਂ ਦੌਰਾਨ ਹੀ ਇਕ ਦਿਨ ਇੰਦਰ ਨੂੰ  ਆਪਣੇ ਸਾਲੇ ਬਿੱਕਰ ਤੋਂ ਰਤਨ ਬਾਰੇ ਪਤਾ ਲਗਦਾ ਹੈ ਤਾਂ ਇੰਦਰ ਕੈਨੇਡਾ ਤੋਂ ਪੰਜਾਬ ਪਰਤਦਾ ਹੈ | ਰਤਨ ਨੂੰ  ਮਿਲ ਕੇ ਇੰਦਰ ਆਪਣੇ ਛੋਟੇ ਸਾਲੇ ਬਸੰਤ ਕੋਲ ਠਹਿਰਦਾ ਹੈ | ਆਪਣੇ ਮਾਮੇ ਨਾਲ ਸਲਾਹ ਕਰਕੇ ਰਤਨ ਪੀਜ਼ਾ ਹੱਟ ਖੋਲ੍ਹਦਾ ਹੈ ਤੇ ਭਾਗ ਨੂੰ  ਵੀ ਪੰਜਾਬ ਮੁੜਨ ਲਈ ਕਹਿੰਦਾ ਹੈ | ਇਉਂ ਇਹ ਨਾਵਲ ਆਸ਼ਾਵਾਦੀ ਨਜ਼ਰੀਏ ਨਾਲ ਸੁਖਾਂਤਕ ਮੋੜ 'ਤੇ ਖ਼ਤਮ ਹੁੰਦਾ ਹੈ | ਕਹਾਣੀ ਦੀ ਮੰਗ ਅਨੁਸਾਰ ਕਈ ਥਾਈਾ ਅੰਗਰੇਜ਼ੀ ਦੇ ਸ਼ਬਦ, ਪੰਜਾਬੀ ਦੇ ਅਖਾਣ-ਮੁਹਾਵਰੇ, ਪਰਵਾਸ ਵਿਚ ਰਹਿੰਦੇ ਬਜ਼ੁਰਗਾਂ ਦੀਆਂ ਢਾਣੀਆਂ ਦਾ ਹਾਸਾ-ਠੱਠਾ ਕਿਤੇ ਵੀ ਅਕੇਵਾਂ ਮਹਿਸੂਸ ਨਹੀਂ ਹੋਣ ਦਿੰਦਾ | ਨਾਵਲ ਦੇ ਇੱਕ ਪਾਤਰ ਪਿ੍ੰਸੀਪਲ ਗਰੇਵਾਲ ਵੱਲੋਂ ਬੋਲਿਆ ਇਹ ਡਾਇਲਾਗ ਪੰਜਾਬੀ-ਜੀਵਨ ਦੀ ਸਚਾਈ ਨੂੰ  ਬਿਆਨ ਕਰਦਾ ਹੈ : 'ਇੱਕ ਪੀੜ੍ਹੀ 47 ਦੀ ਵੰਡ ਨੇ ਖਾ ਲਈ, ਦੂਜੀ ਪੀੜ੍ਹੀ ਅੱਤਵਾਦ ਦੀ ਭੇਟ ਚੜ੍ਹ ਗਈ, ਤੀਜੀ ਨੂੰ  ਚਿੱਟਾ ਖਾ ਗਿਆ, ਚੌਥੀ ਆਈਲੈਟਸ ਨੇ ਖਾ ਲਈ, ਪੰਜਵੀਂ ਗੈਂਗਸਟਰਾਂ/ਰਾਜਨੀਤੀ ਦੀ ਭੇਟ ਚੜ੍ਹ ਗਈ |' ਗਲਪਕਾਰ ਨੇ ਨਾਵਲ ਦੀ ਕਥਾ ਰਾਹੀਂ ਕੈਨੇਡੀਅਨ ਜ਼ਿੰਦਗੀ ਨਾਲੋਂ ਪੰਜਾਬ ਵਿਚ ਰਹਿ ਕੇ ਸੰਤੁਲਿਤ ਜੀਵਨ ਜੀਣ ਨੂੰ  ਤਰਜੀਹ ਦਿੱਤੀ ਹੈ | ਇਸ ਨਾਵਲ ਨੂੰ  ਯੂਨੀਵਰਸਿਟੀਆਂ ਦੇ ਸਿਲੇਬਸ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਪੰਜਾਬ ਤੋਂ ਧੜਾਧੜ ਵਿਦੇਸ਼ ਜਾ ਰਹੇ ਵਿਦਿਆਰਥੀਆਂ ਨੂੰ  ਬਾਹਰਲੇ ਮੁਲਕਾਂ ਦੀ ਵਾਸਤਵਿਕਤਾ ਦਾ ਪਤਾ ਲੱਗ ਸਕੇ |

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

ਇੰਤਹਾ
ਲੇਖਿਕਾ : ਰਜਵੰਤ ਕੌਰ ਬਾਜਵਾ
ਪ੍ਰਕਾਸ਼ਕ : ਡੀ. ਪੀ. ਪਬਲੀਸ਼ਰ ਐਂਡ ਮੀਡੀਆ ਹਾਊਸ, ਅੰਮਿ੍ਤਸਰ
 ਮੁੱਲ : 250 ਰੁਪਏ, ਸਫ਼ੇ : 120
ਸੰਪਰਕ : 98148-16976


ਕਵਿਤਰੀ ਅਤੇ ਕਹਾਣੀਕਾਰਾ ਰਜਵੰਤ ਕੌਰ ਦੀ ਚੌਥੀ ਪੁਸਤਕ 'ਇੰਤਹਾ' 8 ਕਹਾਣੀਆਂ ਦਾ ਸੰਗ੍ਰਹਿ ਹੈ | ਲੇਖਿਕਾ ਨੇ ਇਨ੍ਹਾਂ ਕਹਾਣੀਆਂ ਵਿਚ ਸਮਕਾਲੀ ਭਖਵੇਂ ਵਿਸ਼ੇ ਚੁਣ ਕੇ ਕਹਾਣੀਆਂ ਬੁਣੀਆਂ ਹਨ | ਦਾਜਪ੍ਰਥਾ ਰਾਹੀਂ ਨਪੀੜੇ ਜਾਂਦੇ ਦੁਖੀ ਮਾਪਿਆਂ ਦਾ ਦਰਦ ਬੜੀ ਸ਼ਿੱਦਤ ਨਾਲ ਬਿਆਨ ਕੀਤਾ ਗਿਆ ਹੈ ਕਹਾਣੀ 'ਗੰਗਾ' ਵਿਚ | 'ਨੀ' ਕਹਾਣੀ ਲਹੂ-ਮਾਸ ਦੇ ਰਿਸ਼ਤਿਆ ਨਾਲੋਂ ਪਿਆਰ ਤੇ ਮਮਤਾ ਨਾਲ ਨਿਭਾਏ ਜਾਂਦੇ ਰਿਸ਼ਤਿਆਂ ਦੀ ਸਾਰਥਕਤਾ ਅਤੇ ਮਹੱਤਤਾ ਦੀ ਤਰਜਮਾਨੀ ਕਰਦੀ ਭਾਵੁਕ ਕਹਾਣੀ ਹੈ | 'ਤਿ੍ਸ਼ਨਾ' ਕਹਾਣੀ ਆਜ਼ਾਦੀ ਦੇ ਨਾਂਅ 'ਤੇ ਬੇਲਗਾਮ ਹੁੰਦੀ ਜਾਂਦੀ ਅਜੋਕੀ ਨਾਰੀ ਨੂੰ  ਆਈਨਾ ਦਿਖਾਉਂਦੇ ਹੋਏ ਉਸ ਨੂੰ  ਆਜ਼ਾਦੀ ਦੇ ਅਸਲ ਮਾਇਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ | ਇਸ ਬੇਲਗਾਮ ਆਜ਼ਾਦੀ ਦੀ ਆੜ ਵਿਚ ਹੁੰਦੇ ਦੈਹਿਕ, ਮਾਨਸਿਕ ਸ਼ੋਸ਼ਣ ਅਤੇ  ਪਰਿਵਾਰਕ ਤੇ ਸਮਾਜਿਕ ਨੁਕਸਾਨ ਦਾ ਅਹਿਸਾਸ ਕਰਾਇਆ ਹੈ | ਅਜੋਕੇ ਸਮੇਂ ਦੀ ਸਭ ਤੋਂ ਗੰਭੀਰ ਸਮੱਸਿਆ ਔਲਾਦ ਵਲੋਂ ਬਜ਼ੁਰਗ ਮਾਪਿਆਂ ਦੀ ਦੁਰਗਤੀ ਨੂੰ  ਆਧਾਰ ਬਣਾਇਆ ਗਿਆ ਹੈ 'ਭੁਲੇਖੇ' ਕਹਾਣੀ ਵਿਚ | ਜਿਸ ਵਿਚ ਆਪਣੇ ਪਰਾਏ ਹੋ ਜਾਂਦੇ ਹਨ ਤੇ ਪਰਾਏ ਆਪਣਿਆਂ ਵਰਗਾ ਸਲੂਕ ਕਰਦੇ ਹਨ | ਇਹ ਨਵੀਂ ਪੀੜ੍ਹੀ ਲਈ ਇਕ ਸਬਕ ਦੇਣ ਵਾਲੀ ਕਹਾਣੀ ਹੈ | ਇੰਜ ਹੀ 'ਫ਼ਰਕ' ਕਹਾਣੀ ਅਮੀਰ ਅਤੇ ਗ਼ਰੀਬ ਔਰਤ ਦੇ ਸਾਂਝੇ ਦਰਦ ਦੀ ਮੰਜ਼ਰਕਸ਼ੀ ਕਰਦੀ ਹੈ | ਕਹਾਣੀ ਦੱਸਦੀ ਹੈ ਕਿ ਔਰਤ ਅਮੀਰ ਹੋਵੇ ਜਾਂ ਗ਼ਰੀਬ ਪਰ ਉਸ ਦੇ ਦਰਦ ਸਾਂਝੇ ਹਨ, ਬਸ ਹਾਲਾਤ ਦਾ ਫ਼ਰਕ ਹੁੰਦਾ ਹੈ | 'ਸਰਘੀ ਵੇਲਾ' ਕਹਾਣੀ ਸਮਾਜ ਵਿਚ ਬੱਚੀਆਂ ਦੀ ਹੋਂਦ 'ਤੇ ਮੰਡਰਾ ਰਹੇ ਖ਼ਤਰੇ ਨੂੰ  ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦੀ ਹੈ ਇੱਥੇ ਇੱਕ ਮਾਂ ਦੀ ਦਵੰਦਾਤਮਕ ਮਾਨਸਿਕ ਅਵਸਥਾ ਨੂੰ  ਕਹਾਣੀਕਾਰਾ ਸੂਖ਼ਮਤਾ ਨਾਲ ਪੇਸ਼ ਕਰਨ ਵਿਚ ਸਫ਼ਲ ਹੋਈ ਹੈ | ਅਜੋਕੀ ਭਿਆਨਕ ਸਮਾਜਿਕ ਕੁਰੀਤੀ ਤੇ ਜ਼ਬਰਦਸਤ ਚੋਟ ਕਰਦੀ ਹੈ ਇਹ ਕਹਾਣੀ | 'ਲਾਲ ਚੂੜੀ' ਕਹਾਣੀ ਔਰਤ ਦੇ ਹਾਂ ਪੱਖੀ ਵਜੂਦ ਨੂੰ  ਰੂਪਮਾਨ ਕਰਦੀ ਹੈ | ਔਰਤ ਦੇ ਸਬਰ, ਸੰਤੋਖ ਅਤੇ ਸਮਰਪਣ ਵਾਲੇ ਗੁਣਾ ਨੂੰ  ਉਭਾਰਦੀ ਹੋਈ ਮਰਦ ਦੇ ਵੀ ਸਕਾਰਾਤਮਕ ਪੱਖ ਦਾ ਸੁਨੇਹਾ ਦਿੰਦੀ ਹੈ | 'ਡੋਲੀ ਦੀ ਲੁੱਟ' ਰਾਜਸਥਾਨੀ ਪਿੱਠਭੂਮੀ ਤੇ ਔਰਤ ਦੀ ਮਨੋਦਸ਼ਾ ਦਾ ਭਾਵਪੂਰਤ ਪੱਖ ਪੇਸ਼ ਕਰਦੀ ਸਫ਼ਲ ਕਹਾਣੀ ਹੈ | ਕੁੱਲ ਮਿਲਾ ਕੇ ਇਹ ਕਹਾਣੀਆਂ ਮੁੱਖ ਤੌਰ 'ਤੇ ਸਮਾਜਿਕ ਕੁਰੀਤੀਆਂ ਹੱਥੋਂ ਨਪੀੜੀ ਜਾਂਦੀ ਔਰਤ ਦੀ ਚਿੰਤਾਜਨਕ ਅਵਸਥਾ ਦਾ ਸੰਵੇਦਨਾਤਮਕ ਪੱਧਰ 'ਤੇ ਯਥਾਰਥਮਈ ਢੰਗ ਨਾਲ ਪ੍ਰਗਟਾਅ ਕਰਦੀਆਂ ਹਨ | ਕਹਾਣੀਆਂ ਦੀ ਭਾਸ਼ਾ ਵਿਸ਼ੇ ਅਤੇ ਵਾਤਾਵਰਨ ਦੇ ਅਨੂਕੂਲ ਹੈ | ਸੰਵਾਦ ਭਾਵਪੂਰਤ ਅਤੇ ਤਰਕ ਪੂਰਣ ਹਨ | ਜੋ ਕਹਾਣੀਆਂ ਨੂੰ  ਰਵਾਨੀ, ਰੌਚਕਤਾ ਅਤੇ ਰਿਦਮ ਪ੍ਰਦਾਨ ਕਰਦੇ ਹਨ | ਪੁਸਤਕ ਸਿਰਲੇਖ ਹਰੇਕ ਕਹਾਣੀ ਤੇ ਢੁੱਕਦਾ ਹੋਇਆ ਕਹਾਣੀ ਦੀ ਮੂਲ ਸੁਰ ਨੂੰ  ਕਵਰ ਕਰਦਾ ਹੈ | ਇਹ ਕਹਾਣੀਆਂ ਪੜ੍ਹਨ ਉਪਰੰਤ ਸੋਚਣ, ਵਿਚਾਰਨ ਅਤੇ ਚਿੰਤਨ ਲਈ ਮਜਬੂਰ ਕਰਦੀਆਂ ਹਨ |

-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964

ਮਾਤਾ ਗੁਜਰੀ ਦੇ ਚੰਨ
ਲੇਖਕ : ਕੁੰਦਨ ਲਾਲ ਭੱਟੀ
ਪ੍ਰਕਾਸ਼ਕ : ਸ਼ਾਈਨ ਬੁੱਕ ਪਬਲਿਸਰਜ਼, ਬਿਲਾਸਪੁਰ ਛੱਤੀਸਗੜ੍ਹ
ਮੁੱਲ : 199 ਰੁਪਏ, ਸਫ਼ੇ : 35
ਸੰਪਰਕ : 94643-17933


ਇਸ ਸ਼ਾਨਦਾਰ ਕਿਤਾਬਚਾ ਰੂਪੀ ਕਾਵਿ-ਸੰਗ੍ਰਹਿ ਵਿਚ ਕਵੀ ਨੇ ਦਸ ਧਾਰਮਿਕ ਕਵਿਤਾਵਾਂ ਪਾਠਕਾਂ ਦੇ ਸਨਮੁੱਖ ਕੀਤੀਆਂ ਹਨ | ਇਸ ਕਾਵਿ-ਸੰਗ੍ਰਹਿ ਦੀ 'ਸਿਰਨਾਵਾਂ' ਕਵਿਤਾ 'ਮਾਤਾ ਗੁਜਰੀ ਦੇ ਚੰਨ' ਵਿਚ ਕਵੀ ਨੇ ਦਸਮ ਪਾਤਿਸ਼ਾਹ ਵਲੋਂ ਧਰਮ ਦੀ ਖ਼ਾਤਰ ਵਾਰੇ ਆਪਣੇ ਚਾਰੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਦੇ ਦਿ੍ਸ਼ ਪੇਸ਼ ਕੀਤੇ ਹਨ | ਚਾਰੇ ਸਾਹਿਬਜ਼ਾਦਿਆਂ ਨੇ ਕਿਵੇਂ-ਕਿਵੇਂ ਖ਼ੁਦ ਕੁਰਬਾਨੀ ਦਿੱਤੀ ਵਿਚ ਕਵੀ ਨੇ ਬੜੇ ਮਾਰਮਿਕ ਸ਼ਬਦਾਂ ਵਿਚ ਇਹ ਦਿ੍ਸ਼ ਕਾਵਿ-ਬੱਧ ਕੀਤੇ ਹਨ | ਇਸੇ ਤਰ੍ਹਾਂ ਕਵਿਤਾ 'ਬਲਿਹਾਰੇ' ਵਿਚ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਕਿਵੇਂ ਵੱਡਾ ਜੇਰਾ ਕਰਕੇ ਚਾਰੇ ਲਾਲ ਵਾਰੇ ਹਨ, ਦੀ ਵਡਿਆਈ ਕੀਤੀ ਗਈ ਹੈ | ਇਸੇ ਤਰ੍ਹਾਂ ਧਾਰਮਿਕ ਕਵਿਤਾ 'ਪ੍ਰਭਾਤ ਫੇਰੀ', 'ਮੇਰੇ ਕਲਗੀਆਂ ਵਾਲੇ', 'ਕਹਿਰ ਢਾਉਣਿਆਂ', 'ਲਾਲਾਂ ਦੀ ਕਹਾਣੀ', 'ਦਰਸ਼ਨ ਪਾ ਲੈ', 'ਕੁਰਬਾਨੀ', 'ਗੁੱਜਰੀ ਦੇ ਪੋਤੇ', 'ਸ਼ੇਰਾਂ ਦੀ ਕੌਮ' ਅਤੇ 'ਬਲਿਹਾਰੇ' ਨੇ ਕਵੀ ਦੇ ਮਨ 'ਚ ਧਰਮ, ਗੁਰੂ ਸਾਹਿਬਾਨ ਅਤੇ ਉਨ੍ਹਾਂ ਵਲੋਂ ਦਿੱਤੀਆਂ ਅਦੁੱਤੀ ਕੁਰਬਾਨੀਆਂ ਪ੍ਰਤੀ ਵਧਦੀ ਅਪਾਰ ਸ਼ਰਧਾ ਪ੍ਰਗਟ ਕੀਤੀ ਹੈ |

-ਸੁਰਿੰਦਰ ਸਿੰਘ 'ਕਰਮ ਲਧਾਣਾ'
ਮੋਬਾਈਲ : 98146-81444

'ਰੰਗਲੀ ਧਰਤੀ ਲਾਲੋ ਲਾਲ' 
ਲੇਖਕ : ਅਮਰੀਕ ਸਿੰਘ ਮਦਹੋਸ਼ 
ਪ੍ਰਕਾਸ਼ਕ : ਪੰਜਾਬੀ ਸਾਹਿਤ ਸਭਾ, ਗੁਰਾਇਆ 
ਮੁੱਲ : 200 ਰੁਪਏ, ਸਫ਼ੇ : 208
ਸੰਪਰਕ : 98721-02750}

 


'ਰੰਗਲੀ ਧਰਤੀ ਲਾਲੋ ਲਾਲ' ਅਮਰੀਕ ਸਿੰਘ ਮਦਹੋਸ਼ ਦੀ ਲਿਖੀ ਵਾਰਤਕ ਰਚਨਾ ਹੈ | ਇਸ ਤੋਂ ਪਹਿਲਾਂ ਉਹ ਮਾਸੂਮਾਂ ਦੀਆਂ ਕੁਰਬਾਨੀਆਂ, ਤਿਆਗ ਦੇ ਪੁਜਾਰੀ, ਉੱਜੜੇ ਖੂਹ ਦਾ ਬੋਹੜ, ਦਰਦ ਪੰਜਾਬ ਦਾ, ਦੇਵਤੇ ਦਾ ਕਤਲ ਅਤੇ ਅਣਗੌਲੇ ਪੰਨੇ ਰਚਨਾਵਾਂ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾ ਚੁੱਕਾ ਹੈ | ਜਿੱਥੋਂ ਤੱਕ ਹਥਲੀ ਪੁਸਤਕ ਦਾ ਸਵਾਲ ਹੈ, ਇਸ ਵਿਚ ਲੇਖਕ ਨੇ ਪਹਿਲੀ ਅਤੇ ਦੂਜੀ ਸੰਸਾਰ ਜੰਗ, ਭਾਰਤ ਪਾਕਿ ਵੰਡ ਦੇ ਦਰਦਨਾਕ ਦੁਖਾਂਤਿਕ ਦਿ੍ਸ਼, ਦੇਸ਼ ਨੂੰ  ਆਜ਼ਾਦ ਕਰਾਉਣ ਲਈ ਦੇਸ਼ ਦੇ ਸ਼ਹੀਦਾਂ ਦੇ ਲਾਸਾਨੀ ਜਜ਼ਬੇ, ਤਿਆਗ ਅਤੇ ਸ਼ਹਾਦਤਾਂ ਦਾ ਮਾਰਮਿਕ ਸ਼ਬਦਾਂ ਵਿਚ ਚਿੱਤਰਣ, ਅੰਗਰੇਜ਼ੀ ਸਰਕਾਰ ਦੇ ਟਾਊਟਾਂ ਵਲੋਂ ਕੀਤੀਆਂ ਗ਼ਦਾਰੀਆਂ, ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਆਜ਼ਾਦੀ ਦੀ ਲੜਾਈ ਵਿਚ ਤਨ ਮਨ ਧਨ ਨਾਲ ਡਟ ਕੇ ਸਮਰਪਿਤ ਹੋਣਾ, ਵੀਰੀ ਵਲੋਂ ਦੇਸ਼ ਦੇ ਗਦਾਰ ਨੂੰ  ਸ਼ਰੇਆਮ ਗੋਲੀਆਂ ਮਾਰਨੀਆਂ, ਪੇਂਡੂ ਅਤੇ ਸ਼ਹਿਰੀ ਜੀਵਨ ਦੀ ਰਹਿਣੀ ਬਹਿਣੀ, ਪੇਂਡੂ ਖੇਡਾਂ, ਰੀਤੀ ਰਿਵਾਜ, ਰਿਸ਼ਤਿਆਂ ਵਿਚਲਾ ਮੋਹ, ਪਿਆਰ ਅਤੇ ਨਿੱੱਘ, ਹਿੰਦੂ, ਸਿੱਖ ਅਤੇ ਮੁਸਲਮਾਨਾਂ ਦੀ ਸਾਂਝੀ ਭਾਈਚਾਰਕ ਸਾਂਝ, ਪ੍ਰੇਮ, ਸਨੇਹ ਅਤੇ ਭਰਾਤਰੀ ਭਾਵ ਨੂੰ  ਇਨ੍ਹਾਂ ਲੇਖਾਂ ਵਿਚ ਵਰਣਿਤ ਕੀਤਾ ਗਿਆ ਹੈ | ਇਸ ਤੋਂ ਇਲਾਵਾ ਵੀਹਵੀਂ ਸਦੀ ਦੇ ਚੌਥੇ ਦਹਾਕੇ ਦੇ ਅੰਤ ਵਿਚ ਕੀਤੀ ਗਈ ਮੁਰੱਬਾਬੰਦੀ, ਉਸ ਸਮੇਂ ਉਗਾਈਆਂ ਜਾਂਦੀਆਂ ਫ਼ਸਲਾਂ, ਫ਼ਸਲਾਂ ਦੇ ਭਾਅ, ਚਾਂਦੀ ਦੇ ਰੁਪਈਏ, ਪੌਲੀ, ਧੇਲੀ, ਦੁਆਨੀ, ਚੁਆਨੀ ਆਦਿ ਸਿੱਕਿਆਂ ਦਾ ਜ਼ਿਕਰ ਵੀ ਬਹੁਤ ਹੀ ਰੌਚਿਕ, ਦਿਲਚਸਪ ਅਤੇ ਖ਼ੂਬਸੂਰਤ ਢੰਗ ਨਾਲ ਕੀਤਾ ਗਿਆ ਹੈ | ਇਸ ਦੇ ਨਾਲ ਹੀ ਸੰਵੇਦਨਹੀਣ ਹੋ ਰਹੀ ਮਨੁੱਖਤਾ ਵਿਚੋਂ ਖ਼ਤਮ ਹੋ ਰਹੀਆਂ ਮਾਨਵੀ ਕਦਰਾਂ ਕੀਮਤਾਂ, ਘਰ, ਪਰਿਵਾਰ, ਸਮਾਜ ਅਤੇ ਨੇੜਲੇ ਰਿਸ਼ਤਿਆਂ ਵਿਚ ਆ ਰਹੀਆਂ ਤ੍ਰੇੜਾਂ ਦਾ ਵਰਨਣ ਕਰਕੇ ਮਨੁੱਖੀ ਮਨ ਦੀਆਂ ਵੱਖੋ-ਵੱਖਰੀਆਂ ਪਰਤਾਂ ਦੀ ਨਿਸ਼ਾਨਦੇਹੀ ਵੀ ਕੀਤੀ ਗਈ ਮਿਲਦੀ ਹੈ | ਲੇਖਕ ਆਪਣੇ ਨਿਬੰਧਾਂ ਨੂੰ  ਰੌਚਿਕ ਬਣਾਉਣ ਲਈ ਅਤੇ ਪਾਠਕ ਨੂੰ  ਆਕਰਸ਼ਤ ਕਰਨ ਲਈ ਪੰਜਾਬੀ ਗੀਤਾਂ ਨੂੰ  ਵੀ ਲੋੜ ਅਨੁਸਾਰ ਢੁੱਕਵੀਆਂ ਥਾਂਵਾਂ 'ਤੇੇ ਵਰਤਦਾ ਹੈ | 'ਰੰਗਲੀ ਧਰਤੀ ਲਾਲੋ ਲਾਲ' ਨਿਬੰਧ ਵਿਚਲਾ ਪਾਤਰ ਮੇਹਰ ਸਿੰਘ ਸਕੂਲ ਵਿਚੋਂ ਛੁੱਟੀ ਹੋਣ ਉਪਰੰਤ ਪਸ਼ੂਆਂ ਨੂੰ  ਚਾਰਦਾ ਹੋਇਆ ਲੋਰ ਅਤੇ ਮਸਤੀ ਵਿਚ ਆ ਕੇ ਉੱਚੀ ਹੇਕ ਲਾ ਕੇ ਗਾਉਣਾ ਸ਼ੁਰੂ ਕਰ ਦਿੰਦਾ ਹੈ-
'ਟਿੱਲੇ ਵਾਲਿਆ ਮਿਲਾ ਦੇ ਜੱਟੀ ਹੀਰ ਨੂੰ ,
ਤੇਰਾ ਕਿਹੜਾ ਮੁੱਲ ਲੱਗਦਾ, 
ਹੋ ਮੁੱਲ ਲੱਗਦਾ ਹੋ |
ਅਜੇ ਤੱਕ ਨਾ ਝਨਾਂ ਦਾ ਕੰਢਾ ਭੁੱਲਿਆ,
ਜਿੱਥੇ ਜੱਟੀ ਦੇ ਬੁੱਲ੍ਹਾਂ 'ਚੋਂ ਹਾਸਾ ਡੁੱਲਿ੍ਹਆ |
ਕੌਣ ਮੇਟ ਸਕੇ ਲਿਖੀ ਤਕਦੀਰ ਨੂੰ ,
ਤੇਰਾ ਕਿਹੜਾ ਮੁੱਲ ਲੱਗਦਾ, 
ਹੋ ਮੁੱਲ ਲੱਗਦਾ ਹੋ |'
ਇਸ ਪ੍ਰਕਾਰ ਅਮਰੀਕ ਸਿੰਘ ਮਦਹੋਸ਼ ਨੇ ਇਸ ਨਿਬੰਧ ਸੰਗ੍ਰਹਿ ਵਿਚ ਬਹੁਤ ਹੀ ਮਹੱਤਵਪੂਰਨ ਅਤੇ ਉਲੇਖਯੋਗ ਢੰਗ ਨਾਲ ਇਤਿਹਾਸਕ ਘਟਨਾਵਾਂ ਨੂੰ  ਸਾਂਭਿਆ ਹੈ | ਮੇਰਾ ਵਿਸ਼ਵਾਸ ਹੈ ਕਿ 'ਰੰਗਲੀ ਧਰਤੀ ਲਾਲੋ ਲਾਲ' ਪੁਸਤਕ ਪੰਜਾਬੀ ਪਾਠਕਾਂ ਵਿਚ ਬਹੁਤ ਹਰਮਨਪਿਆਰਤਾ ਹਾਸਲ ਕਰੇਗੀ |

-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 84276-85020

ਹਾਕਮ ਹੀ ਰੁਸਤਮ
ਲੇਖਕ : ਡਾ. ਹਾਕਮ ਭੁੱਲਰ
ਅਨੁਵਾਦ : ਮਹਿਤਾਬ-ਉਦ-ਦੀਨ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 400 ਰੁਪਏ, ਸਫ਼ੇ : 262
ਸੰਪਰਕ : 0172-5027427


ਡਾ. ਹਾਕਮ ਭੁੱਲਰ ਪੇਸ਼ੇ ਤੋਂ ਇਕ ਵੈਟਰਨਰੀ ਡਾਕਟਰ ਹੈ, ਉਹ ਆਪਣੇ ਸੁਭਾਅ ਕਾਰਨ ਵੀ ਪਸ਼ੂ-ਪੰਛੀਆਂ ਨੂੰ  ਬਹੁਤ ਪਿਆਰ ਕਰਨ ਵਾਲਾ ਸ਼ਖ਼ਸ ਹੈ | ਲੁਧਿਆਣਾ ਪੀ.ਏ.ਯੂ. ਤੋਂ ਵੈਟਰਨਰੀ ਪ੍ਰਣਾਲੀ ਵਿਚ ਡਿਗਰੀ ਲੈਣ ਉਪਰੰਤ ਉਹ ਕੈਨੇਡਾ ਆ ਗਿਆ | ਇਧਰ ਆ ਕੇ ਉਸ ਨੇ ਕੁਝ ਉਚੇਰੀ ਪੜ੍ਹਾਈ ਕੀਤੀ, ਇਕ ਪ੍ਰੀਖਿਆ ਵਿਚ ਬੈਠਾ ਅਤੇ ਸਫ਼ਲ ਹੋਣ ਪਿੱਛੋਂ ਉਸ ਨੂੰ  ਉੱਧਰ ਪਸ਼ੂ-ਪੰਛੀਆਂ ਦਾ ਇਲਾਜ ਕਰਨ ਵਾਸਤੇ ਲਾਈਸੈਂਸ ਹਾਸਿਲ ਹੋ ਗਿਆ | ਕੁਝ ਸਮਾਂ ਉਸ ਨੇ ਸਰਕਾਰੀ ਨੌਕਰੀ ਹਾਸਿਲ ਕਰਨ ਲਈ ਉਡੀਕ ਵੀ ਕੀਤੀ, ਪਰ ਇੱਕੀਵੀਂ ਸਦੀ ਵਿਚ ਉਧਰ ਵੀ ਨੌਕਰੀਆਂ ਹਾਸਿਲ ਕਰਨਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ | ਇਸ ਕਾਰਨ ਉਸ ਨੇ ਆਪਣਾ ਕਲੀਨਿਕ ਖੋਲ੍ਹ ਲਿਆ ਅਤੇ ਪ੍ਰੈਕਟਿਸ ਸ਼ੁਰੂ ਕਰ ਦਿੱਤੀ | ਹਾਕਮ ਭੁੱਲਰ ਅਜੇ ਪੂੰਜੀਵਾਦ ਦੇ ਬਹਿਕਾਵੇ ਵਿਚ ਨਹੀਂ ਸੀ ਆਇਆ | ਉਸ ਦੇ ਮਨ ਵਿਚ ਛੇਤੀ ਤੋਂ ਛੇਤੀ ਅਮੀਰ ਹੋਣ ਦੀ ਲਾਲਸਾ ਨਹੀਂ ਸੀ | ਇਸ ਕਾਰਨ ਉਹ ਕੈਨੇਡਾ ਦੀਆਂ ਦਰਾਂ ਉੱਪਰ ਮਹਿੰਗਾ ਇਲਾਜ ਨਹੀਂ ਸੀ ਕਰਦਾ | ਇਲਾਜ ਕਰਨ ਪਿੱਛੋਂ ਉਹ ਪਹਿਲਾਂ ਪਸ਼ੂਆਂ ਦੇ ਮਾਲਕਾਂ ਦੀ ਹੈਸੀਅਤ ਬਾਰੇ ਅਨੁਮਾਨ ਲਗਾਉਂਦਾ ਅਤੇ ਫਿਰ ਉਨ੍ਹਾਂ ਤੋਂ ਆਪਣੀ ਫੀਸ ਪ੍ਰਾਪਤ ਕਰਦਾ | ਆਰਥਿਕ ਤੌਰ 'ਤੇ ਗ਼ਰੀਬ ਲੋਕਾਂ ਤੋਂ ਉਹ ਬਹੁਤ ਘੱਟ ਪੈਸੇ ਲੈਂਦਾ ਸੀ | ਇਸ ਕਾਰਨ ਉਸ ਦਾ 'ਪਾਲੀ ਕਲੀਨਿਕ' ਬਹੁਤ ਪ੍ਰਸਿੱਧ ਤੇ ਲੋਕਪਿ੍ਅ ਹੋ ਗਿਆ | ਉਸ ਨੇ ਉੱਧਰ ਵਸਦੇ ਹੋਰ ਡਾਕਟਰਾਂ ਨੂੰ  ਟ੍ਰੇਨਿੰਗ ਅਤੇ ਆਰਥਿਕ ਸਹਾਇਤਾ ਦੇ ਕੇ ਸਸਤੀ ਇਲਾਜ-ਪ੍ਰਣਾਲੀ ਦਾ ਗੁਰਮੰਤਰ ਸਮਝਾ ਦਿੱਤਾ, ਸਿੱਟੇ ਵਜੋਂ ਮਹਿੰਗਾ ਇਲਾਜ ਕਰਨ ਵਾਲੇ ਡਾਕਟਰਾਂ ਦਾ ਕੰਮ ਠੱਪ ਹੋ ਗਿਆ | ਇਸ ਨੀਤੀ ਵਿਰੁੱਧ ਪ੍ਰਤੀਕਿਰਿਆ ਹੋਣੀ ਹੀ ਸੀ | ਮਹਿੰਗਾ ਇਲਾਜ ਕਰਨ ਵਾਲੇ ਡਾਕਟਰਾਂ ਨੇ ਉਸ ਵਿਰੁੱਧ ਅਦਾਲਤ ਵਿਚ ਕੇਸ ਕਰ ਦਿੱਤਾ, ਜਿਸ ਕਾਰਨ ਉਸ ਦਾ ਡਾਕਟਰੀ-ਲਾਈਸੈਂਸ ਵੀ ਕੈਂਸਲ ਹੋ ਗਿਆ | ਪਰ ਪੰਜਾਬ ਦੇ ਪੁੱਤਰ ਡਾ. ਭੁੱਲਰ ਨੇ ਹੌਸਲਾ ਨਾ ਹਾਰਿਆ ਅਤੇ ਕੇਸ ਲੜਦਾ ਰਿਹਾ | ਅਸਲ ਵਿਚ ਇਹ ਨਸਲਵਾਦ ਵਿਰੁੱਧ ਇਕ ਵੱਡੀ ਜੰਗ ਸੀ | ਗੋਰੇ ਡਾਕਟਰ ਇਕ ਭੂਰੀ ਚਮੜੀ ਵਾਲੇ ਡਾਕਟਰ ਨੂੰ  ਕਾਮਯਾਬ ਹੁੰਦਾ ਨਹੀਂ ਸੀ ਵੇਖਣਾ ਚਾਹੁੰਦੇ ਪਰ ਹਾਕਮ ਭੁੱਲਰ ਨੇ ਆਖਰ ਇਹ ਜੰਗ ਜਿੱਤ ਲਈ | ਇਸ ਪੁਸਤਕ ਵਿਚ ਡਾ. ਭੁੱਲਰ, ਰੁਸਤਮ ਦੀ ਭੂਮਿਕਾ ਨਿਭਾਉਂਦਾ ਹੈ | ਭੁੱਲਰ ਦੀ ਲੇਖਣੀ ਬਹੁਤ ਪ੍ਰੇਰਨਾ ਭਰਪੂਰ ਅਤੇ ਰੌਚਕ ਹੈ |

-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136

 

Ad Position 22
No active advertisement
ਪਿਛਲੀ ਖ਼ਬਰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸੀ ਵਰਕਰਾਂ ਨੂੰ ਹੁਣ ਤੋਂ ਹੀ ਤਿਆਰੀਆਂ ’ਚ ਜੁਟਣ ਦੀ ਲੋੜ-ਅਰੋੜਾ ਅਗਲੀ ਖ਼ਬਰ ਵਿਚਾਰ-ਪ੍ਰਵਾਹ
Ad Position 24