20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

21-11-2026

21-11-2026

Ad Position 21
No active advertisement
ਅਜੀਤ ਡੈਸਕ 21-11-2026

ਵਾਹ! ਸ਼ਾਨ ਨਿਰਾਲੀ ਸਿੰਘਾਂ ਦੀ
ਲੇਖਕ : ਬਹਾਦਰ ਸਿੰਘ ਗੋਸਲ (ਪਿ੍ੰ.)
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 124
ਸੰਪਰਕ : 98764-52223


ਹਥਲੀ ਪੁਸਤਕ ਦੇ ਲੇਖਕ ਅਜਿਹਾ ਕਲਮਕਾਰ ਹੈ, ਜੋ ਲਗਾਤਾਰਤਾ ਨਾਲ ਪਾਠਕਾਂ ਨਾਲ ਜੁੜਿਆ ਰਹਿੰਦਾ ਹੈ | ਉਸ ਨੇ ਹੁਣ ਤੱਕ 6 ਦਰਜਨ ਕਿਤਾਬਾਂ ਬਾਲ ਸਾਹਿਤ ਅਤੇ 42 ਦੇ ਕਰੀਬ ਪੁਸਤਕਾਂ ਵਾਰਤਕ ਦੇ ਰੂਪ ਵਿਚ ਪਾਠਕਾਂ ਦੇ ਸਨਮੁੱਖ ਪੇਸ਼ ਕੀਤੀਆਂ ਹਨ | ਸੁਹਿਰਦ ਲੇਖਕ ਆਪਣੇ ਬਾਰੇ ਵਿਚਾਰਾਂ ਦੀ ਲੜੀ ਨੂੰ  ਅੱਗੇ ਤੋਰਦਿਆਂ, ਇਸ ਕਿਤਾਬ ਦੇ ਆਰੰਭ ਵਿਚ ਲਿਖਦਾ ਹੈ, ਮੇਰੀ ਬਚਪਨ ਤੋਂ ਸਿੱਖ ਇਤਿਹਾਸ ਵਿਚ ਪ੍ਰਬਲ ਰੁਚੀ ਸੀ, ਨਾਲ ਹੀ ਸੋਨੇ 'ਤੇ ਸੁਹਾਗੇ ਵਾਲੀ ਗੱਲ ਇਹ ਸੀ, ਪਰਿਵਾਰ ਵੀ ਧਾਰਮਿਕ ਰੰਗਣ ਵਾਲਾ ਸੀ, ਇਸੇ ਕਰਕੇ ਸਿੱਖ ਇਤਿਹਾਸ ਬਾਰੇ ਮੈਨੂੰ ਭਰਪੂਰ ਜਾਣਕਾਰੀ ਮਿਲਦੀ ਰਹੀ | ਉਸ ਨੂੰ  ਕਵਿਤਾ ਅਤੇ ਵਾਰਤਾਕਾਰ ਵਜੋਂ ਪਾਠਕਾਂ ਨੇ ਹਮੇਸ਼ਾ ਹੌਸਲਾ-ਅਫ਼ਜ਼ਾਊ ਹੁੰਗਾਰਾ ਦਿੱਤਾ ਹੈ | ਹਥਲੀ ਪੁਸਤਕ ਵਿਚ 25 ਧਾਰਮਿਕ ਲੇਖਾਂ ਨੂੰ  ਸੰਗਿ੍ਹਤ ਕੀਤਾ ਹੈ | ਇਹ ਸਾਰੇ ਲੇਖ ਵੱਖ-ਵੱਖ ਅਖ਼ਬਾਰਾਂ/ਮੈਗਜ਼ੀਨਾਂ ਦਾ ਸ਼ਿੰਗਾਰ ਬਣ ਚੁੱਕੇ ਹਨ |
ਇਸ ਪੁਸਤਕ ਦੇ ਲੇਖਾਂ ਵਿਚ ਸਿੱਖਾਂ ਦੀ ਸੇਵਾ-ਪੰਥੀ ਸੰਪ੍ਰਦਾਇ ਵਿਚ ਜ਼ਿੰਮੇਵਾਰੀ ਦੇ ਪ੍ਰਤੀਕ-'ਇਕ ਛੰਨਾ-ਇਕ ਝਾੜੂ', ਜਦੋਂ ਭਾਈ ਡੱਲਾ ਕਰਦਾ ਰਿਹਾ ਹੰਕਾਰ ਦੀਆਂ ਗੱਲਾਂ, ਅਦੁੱਤੀ ਸ਼ਖ਼ਸੀਅਤਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਹਿੰਦ ਦੇ ਇਤਿਹਾਸ ਦੇ ਵਿਲੱਖਣ ਘੋੜੇ, ਜਦੋਂ ਭੁੱਖੇ ਅਤੇ ਯਤੀਮ ਬੱਚੇ ਨੇ ਆਪਣਾ ਢਿੱਡ ਵਜਾ ਕੇ ਗੁਰੂ ਸਾਹਿਬ ਤੋਂ ਰਾਜ-ਭਾਗ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ, ਸਭਰਾਵਾਂ ਦੀ ਲੜਾਈ ਜਦੋਂ ਸਰਦਾਰ ਅਟਾਰੀ ਲਲਕਾਰ ਲਗਾਈ—'ਜਿੱਤੋ ਜਾਂ ਸ਼ਹੀਦ ਹੋ ਜਾਓ', ਸੱਤਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਵਲੋਂ ਸਿੱਖੀ ਦੇ ਪ੍ਰਚਾਰ ਲਈ ਸਥਾਪਿਤ ਬਖਸ਼ਿਸ਼ਾਂ, ਬਹੁਤ ਹੀ ਦਿਲਚਸਪ ਅਤੇ ਅਜਬ ਦਾਸਤਾਂ ਹੈ, ਯਹੂਦੀਆਂ ਨੂੰ  ਮਿਸਰ ਦੀ ਗੁਲਾਮੀ ਤੋਂ ਆਜ਼ਾਦ ਕਰਾਉਣ ਦੀ, ਨਿਸ਼ਾਨ ਵਾਲੀਆ ਮਿਸਲ ਦਾ ਜਥੇਦਾਰ ਸ਼ਹੀਦ ਦਸੋਂਧਾ ਸਿੰਘ, ਜਦੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਕਿਹਾ, ਸ਼ਹੀਦੀਆਂ ਅਤੇ ਖੂਨ ਬਹਾਏ ਬਗ਼ੈਰ ਆਜ਼ਾਦੀਆਂ ਨਹੀਂ ਮਿਲਿਆ ਕਰਦੀਆਂ, ਸ੍ਰੀ ਦਸਮੇਸ਼ ਦਾ ਬਚਿੱਤਰ ਸੂਰਮਾ ਸ਼ਹੀਦ ਭਾਈ ਬਚਿੱਤਰ ਸਿੰਘ, ਸਿੱਖ ਇਤਿਹਾਸ ਵਿਚ ਅਮਰ ਹੋ ਗਏ ਸ਼ਹੀਦ ਭਾਈ ਬੋਤਾ ਸਿੰਘ, ਉਸ ਦਾ ਸੋਟਾ ਅਤੇ ਭਾਈ ਗਰਜਾ ਸਿੰਘ, ਅਣਖੀਲਾ, ਸੂਰਮਾ ਸ਼ਹੀਦ ਭਾਈ ਸੁੱਖਾ ਸਿੰਘ, ਕੋਹਿਨੂਰ ਹੀਰੇ ਦੀ ਅਜਬ ਕਹਾਣੀ, ਮੋਰਚਾ ਭਾਈ ਫੇਰੂ ਦਾ, ਗੁਰਦੁਆਰਾ ਬਾਬੇ ਦੀ ਬੇਰ ਸਿਆਲਕੋਟ ਦਾ ਮੋਰਚਾ, ਉੱਘੀ ਸ਼ਖ਼ਸੀਅਤ ਨਵਾਬ ਕਪੂਰ ਸਿੰਘ, ਜਦੋਂ ਜੰਗਲ ਤੋਂ ਮੰਗਲ ਹੋ ਆਨੰਦਪੁਰੀ ਨਜ਼ਾਰੇ ਬੱਝ ਗਏ, ਸੰਪ੍ਰਦਾਇ ਨਿਰਮਲਾ ਦਾ ਇਤਿਹਾਸ ਵਿਚ ਨਿਵੇਕਲਾ ਸਥਾਨ, ਸੈਫਾਬਾਦ ਤੋਂ ਬਹਾਦਰਗੜ੍ਹ ਪਟਿਆਲਾ, ਜਦੋਂ ਅਦੀਨਾ ਬੇਗ ਨੇ ਜ਼ੁਲਮ ਵਿਚ ਜ਼ਕਰੀਏ ਅਤੇ ਮੀਰ ਮੰਨੂ ਨੂੰ  ਮਾਤ ਪਾ ਦਿੱਤੀ, ਭਗਤ ਰਵਿਦਾਸ ਜੀ ਦਾ ਅਜਬ ਸੰਕਲਪ ਸੀ, ਬੇਗਮਪੁਰਾ, ਗੁਰਦੁਆਰਾ ਬਿਬਾਣਗੜ੍ਹ, ਕੀਰਤਪੁਰ ਸਾਹਿਬ, ਸ੍ਰੀ ਗੁਰੂ ਅਮਰਦਾਸ ਜੀ ਦੇ ਸਮਾਜਿਕ ਸੁਧਾਰ ਸ਼ਾਮਿਲ ਕੀਤੇ ਗਏ ਹਨ | ਸਮੁੱਚੇ ਲੇਖ ਨਿਕਟ ਭਵਿੱਖ ਵਿਚ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਲਈ ਚਾਨਣ ਮੁਨਾਰੇ ਦਾ ਕਾਰਜ ਕਰਨਗੇ | ਲੇਖਕ ਦੀ ਕਲਮ ਨੂੰ  ਸਲਾਮ |

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

 

ਜ਼ੇਨ ਪੋਇਟਰੀ
ਲੇਖਕ : ਕਸ਼ਮੀਰੀ ਲਾਲ ਚਾਵਲਾ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 250 ਰੁਪਏ, ਸਫ਼ੇ : 72
ਸੰਪਰਕ : 95921-00991


ਚੀਨ ਅਤੇ ਜਪਾਨ ਦੇ ਲੋਕ ਬੁੱਧ ਧਰਮ ਨੂੰ  ਜ਼ਿਆਦਾ ਮੰਨਦੇ ਹਨ | ਇਹ ਲੋਕ ਆਪਸ ਵਿਚ ਜਦੋਂ ਗੱਲਬਾਤ ਕਰਦੇ ਹਨ ਤਾਂ ਉਨ੍ਹਾਂ ਦਾ ਵਿਸ਼ਾ ਸੰਸਾਰ ਦੇ ਦੁੱਖ-ਸੁੱਖ, ਆਤਮਾ, ਮੁਕਤੀ, ਸ਼ਾਂਤੀ ਆਦਿ ਹੀ ਹੁੰਦਾ ਹੈ | ਪ੍ਰਮਾਰਥ ਦੇ ਰਸਤੇ ਉੱਤੇ ਚੱਲਣ ਵਾਲੇ ਸਾਧੂ, ਸੰਤ, ਮਹਾਤਮਾ ਆਦਿ ਹਮੇਸ਼ਾ ਕਾਵਿ ਰਚਦੇ ਰਹੇ ਹਨ | ਸੰਸਾਰ ਦੇ ਧਾਰਮਿਕ ਗ੍ਰੰਥ ਵੀ ਕਾਵਿ ਵਿਚ ਹੀ ਰਚੇ ਹੋਏ ਹਨ | ਮਹਾਤਮਾ ਬੁੱਧ ਦੇ ਭਿਖਸ਼ੂਆਂ ਦੀ ਆਪਸੀ ਵਾਰਤਾਲਾਪ ਵਿਚੋਂ ਜ਼ੇਨ ਹਾਇਕੂ ਦਾ ਜਨਮ ਹੋਇਆ ਹੈ | ਇਨ੍ਹਾਂ ਛੋਟੀਆਂ ਕਵਿਤਾਵਾਂ ਵਿਚ 17 ਵਰਣਾਂ ਤੋਂ ਘੱਟ ਵਰਣਨ ਹੁੰਦੇ ਹਨ | ਆਓ ਕੁਝ ਝਲਕਾਂ ਦੇਖੀਏ—
-ਸਰਦੀ ਸਮਾਂ/ ਬਾਰਿਸ਼ ਨੱਚ ਰਹੀ /  ਬੱਦਲਾਂ ਥੱਲੇ |
- ਥਾਂ ਥਾਂ ਹਨੇਰਾ /  ਸਿਤਾਰੇ ਦੇਖ ਲਉ /  ਚਾਨਣ ਲਈ |
- ਖੁਸ਼ੀ ਦੇ ਪਲ /  ਕਲਾ ਦੀ ਸੁੰਦਰਤਾ /   ਭਰਦੇ ਰਾਹ |
ਪੰਜਾਬੀ ਵਿਚ ਜ਼ੇਨ ਕਵਿਤਾ ਦੇ ਦਰਸ਼ਨ ਕਰਵਾਉਂਦੀ ਇਸ ਪੁਸਤਕ ਦਾ ਸਵਾਗਤ ਹੈ |

-ਡਾ. ਸਰਬਜੀਤ ਕੌਰ ਸੰਧਾਵਾਲੀਆ

ਆਖ਼ਰੀ ਮੁਹਾਫ਼ਿਜ਼
ਲੇਖਕ : ਸਰਬਾਜ਼
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 295 ਰੁਪਏ, ਸਫ਼ੇ : 120 


ਸਰਬਾਜ਼ ਆਪਣਾ ਪਹਿਲਾ ਰਚਨਾਤਮਕ ਉਪਰਾਲਾ ਕਹਾਣੀ-ਸੰਗ੍ਰਹਿ ਆਖ਼ਰੀ ਮੁਹਾਫ਼ਿਜ਼” ਸਿਰਲੇਖ ਹੇਠ ਲੈ ਕੇ ਪਾਠਕਾਂ ਦੀ ਕਚਹਿਰੀ ਵਿਚ ਹਾਜ਼ਰ ਹੋਇਆ ਹੈ | ਪਿਛਲੇ ਸਮੇਂ ਵਿਚ ਤਕਨੀਕੀ ਵਿਕਾਸ ਤੇ ਮਸਨੂਈ ਬੁੱਧੀ ਦੀ ਸੰਗਤ ਕਾਰਨ ਕਹਾਣੀਕਾਰ ਸਰਬਾਜ਼ ਵੀ ਸਾਹਿਤ ਅਤੇ ਤਕਨੀਕ ਦੇ ਸਹਿਯੋਗ ਦਾ ਕਾਇਲ ਹੈ | ਪਾਠਕ ਸਰਬਾਜ਼ ਦੀ ਸੁਪਨ-ਦੁਨੀਆ ਵਿਚ ਉਸ ਦੇ ਨਾਲ-ਨਾਲ ਤੁਰਦਾ, ਮਹਿਸੂਸਦਾ ਤੇ ਹਰ ਵਰਤਾਰੇ ਨੂੰ  ਸਮਝਦਾ ਆਪਣੇ ਅੰਦਰ ਜਜ਼ਬ ਕਰਦਾ ਹੈ | ਇਸ ਕਹਾਣੀ-ਸੰਗ੍ਰਹਿ ਵਿਚ ਨੌ ਕਹਾਣੀਆਂ ਸ਼ਾਮਿਲ ਹਨ | ਇਨ੍ਹਾਂ ਕਹਾਣੀਆਂ ਵਿਚ ਕਹਾਣੀਕਾਰ ਜ਼ਿਆਦਾਤਰ ਸਾਖਿਆਤ ਤਜਰਬਿਆਂ ਨੂੰ  ਅਮੂਰਤ ਤਸੱਵਰਾਂ ਦੇ ਵਰਤਾਰਿਆਂ ਵਿਚ ਚਿਤਰਤ ਕਰਦਾ ਹੈ ਅਤੇ ਦਿ੍ਸ਼ਟੀ, ਸੁਣਨ, ਸਪਰਸ਼, ਗੰਧ ਇੰਦਰੀਆਂ ਰਾਹੀਂ ਹਾਸਿਲ ਹੋਏ ਬਿੰਬਾਂ ਨੂੰ  ਇੱਕ ਲੜੀ ਵਾਂਗ ਪਰੋ ਦਿੰਦਾ ਹੈ | ਮਨੁੱਖੀ ਮਨ ਦੀਆਂ ਗੁੰਝਲਾਂ, ਉਸ ਦੀਆਂ ਦਬੀਆਂ ਹੋਈਆਂ ਇੱਛਾਵਾਂ ਅਤੇ ਅਵਚੇਤਨ ਦੀਆਂ ਪਰਤਾਂ ਨੂੰ  ਫਰੋਲਦਾ ਉਹ ਠੋਸ ਅਨੁਭਵਾਂ ਨੂੰ  ਅਮੂਰਤ ਬਿੰਬਾਂ ਰਾਹੀਂ ਪੇਸ਼ ਕਰਦਾ ਹੈ ਅਤੇ ਪਾਠਕ ਨੂੰ  ਇੱਕ ਸਰਲ ਬਿਰਤਾਂਤ ਤੋਂ ਜਟਿਲ ਬਿਰਤਾਂਤ ਵਿਚ ਲੈ ਜਾਂਦਾ ਹੈ | ਕਹਾਣੀਕਾਰ ਆਪਣੇ ਪਾਤਰ ਨਾਲ ਵੀ ਇੱਕ ਭਾਵੁਕ ਸਾਂਝ ਸਥਾਪਿਤ ਕਰਦਾ ਹੈ ਤੇ ਖ਼ੁਦ ਇਕ ਸੁਪਨ-ਦੁਨੀਆ ਦਾ ਹਿੱਸਾ ਬਣ ਜਾਂਦਾ ਹੈ | ਇਹ ਕਥਾ ਜੁਗਤ ਪਾਠਕ ਨੂੰ  ਅਸਰ ਅੰਦਾਜ਼ ਕਰਦੀ ਹੈ ਤੇ ਉਸ ਲਈ ਵੀ ਕਹਾਣੀਆਂ ਸਿਰਫ਼ ਪੜ੍ਹਨ ਨਹੀਂ ਸਗੋਂ ਮਹਿਸੂਸ ਕਰਨ ਯੋਗ ਬਣ ਜਾਂਦੀਆਂ ਹਨ | ਇਸ ਕਹਾਣੀ-ਸੰਗ੍ਰਹਿ ਦੀਆਂ ਕਹਾਣੀਆਂ ਦੀ ਸੰਰਚਨਾ ਵੱਲ ਧਿਆਨ ਦਿੱਤਿਆਂ ਇਹ ਸਿੱਧ ਹੁੰਦਾ ਹੈ ਕਿ ਕਹਾਣੀਕਾਰ ਵੱਲੋਂ ਕਥਾਨਕ ਉਸਾਰਨ ਲਈ ਏ.ਆਈ ਦੀ ਮਦਦ ਵੀ ਲਈ ਗਈ ਹੈ | ਪਾਠਕ ਸਹਿਜੇ ਹੀ ਇਨ੍ਹਾਂ ਕਹਾਣੀਆਂ ਦੀ ਭਾਸ਼ਾ ਨੂੰ  ਪਹਿਚਾਣ ਲੈਂਦਾ ਹੈ | ਕਹਾਣੀਕਾਰ ਦੇ ਇਸ ਉਪਰਾਲੇ ਨੂੰ  ਸਮੇਂ ਦੀ ਲੋੜ ਮੰਨ ਲਿਆ ਜਾਵੇ ਤਾਂ ਇਸ ਏ.ਆਈ. ਪ੍ਰਭਾਵਿਤ ਸ਼ੈਲੀ ਨੂੰ  ਨਵਾਂ ਨਾਂ ਦਿੱਤਾ ਜਾ ਸਕਦਾ ਹੈ | ਇਹਨਾਂ ਕਹਾਣੀਆਂ ਦੀ ਭਾਸ਼ਾ ਅਤੇ ਸ਼ਬਦ ਜੋੜ ਵੇਖਦਿਆਂ ਇਥੇ ਇਹ ਵੀ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਅਜਿਹਾ ਕਰਨ ਸਮੇਂ ਏ. ਆਈ. ਨੂੰ  ਮਨੁੱਖੀ ਜ਼ਿਹਨ ਤੋਂ ਉੱਪਰ ਜਾਣ ਤੋਂ ਬਚਾਉਣਾ ਵੀ ਅਤਿ ਜ਼ਰੂਰੀ ਹੈ |

-ਡਾ. ਸੰਦੀਪ ਰਾਣਾ
ਮੋਬਾਈਲ : 98728-87551

ਸਮੇਂ ਦੀ ਹੂਕ
ਲੇਖਕ : ਪ੍ਰਸ਼ੋਤਮ ਪੱਤੋ
ਪ੍ਰਕਾਸ਼ਕ : ਸਾਹਿਤਯ ਕਲਸ਼ ਪਬਲੀਕੇਸ਼ਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 98550-38775


'ਸਮੇਂ ਦੀ ਹੂਕ' ਹਥਲੀ ਪੁਸਤਕ ਲੇਖਕ ਪ੍ਰਸ਼ੋਤਮ ਪੱਤੋ ਦਾ ਗੀਤ ਸੰਗ੍ਰਹਿ ਹੈ | ਇਸ ਤੋਂ ਪਹਿਲਾਂ ਲੇਖਕ ਦੇ 5 ਕਾਵਿ ਸੰਗ੍ਰਹਿ 'ਸੂਖਮ ਪਰਤਾਂ', 'ਚਾਨਣ ਦੇ ਰਾਹੀ', ' ਮੈਂ ਸੋਚਦੀ ਹਾਂ', 'ਪੀੜ ਦਰ ਪੀੜ', 'ਦੱਸ ਕੀ ਆਖਾਂ' ਪ੍ਰਕਾਸ਼ਿਤ ਹੋ ਚੁੱਕੇ ਹਨ | ਇਸ ਹੱਥਲੇ ਗੀਤ ਸੰਗ੍ਰਹਿ 'ਚ ਲੇਖਕ ਦੇ 89 ਗੀਤ ਸ਼ਾਮਿਲ ਹਨ | ਇਨ੍ਹਾਂ ਗੀਤਾਂ 'ਚ ਫਿਰਕੂ ਸੋਚ ਖਿਲਾਫ਼ ਵਿਦਰੋਹ, ਦੇਸ਼ ਭਗਤਾਂ ਪ੍ਰਤੀ ਸ਼ਰਧਾ ਤੇ ਸਤਿਕਾਰ, ਕਿਰਤੀ ਲੋਕਾਂ ਦੇ ਹੱਕ 'ਚ ਭਰਵੀਂ ਹੁੰਕਾਰ ਗਰਜਦੀ ਹੈ | ਲੇਖਕ ਸਮਾਜ ਨੂੰ  ਵੋਟ-ਬਟੋਰੂ ਲੀਡਰਾਂ ਦੇ ਫੋਕੇ ਵਾਅਦਿਆਂ ਅਤੇ ਲੁੱਟ –ਖਸੁੱਟ ਤੋਂ ਸੁਚੇਤ ਕਰਦਾ ਹੈ :
ਜੁਮਲਿਆਂ ਨਾਲ ਬਟੋਰਨ ਵੋਟਾਂ,
ਕੁਝ ਖਰੀਦ ਦੇ ਨਾਲ ਨੇ ਨੋਟਾਂ |
ਆਪਾਂ ਨੂੰ  ਮੁਫ਼ਤ ਦੀਆਂ ਵੰਡ ਕੇ ਚੀਜਾਂ
ਸਾਡਾ ਲੁੱਟ ਤੋਂ ਧਿਆਨ ਹਟਾਉਣਾ ਹੈ |            
ਪੰਨਾ : 15
ਉਸ ਦੇ ਗੀਤਾਂ ਵਿਚ ਕੰਮੀਆਂ ਦੇ ਮੁੜ੍ਹਕੇ ਦੀ ਖੁਸ਼ਬੋਅ, ਨਵਾਂ ਗੈਰਤਮੰਦ ਸਮਾਜ ਸਿਰਜਣ ਦੀ ਤਾਂਘ, ਡੇਰਾਵਾਦ ਖਿਲਾਫ਼ ਵਿਦਰੋਹ , ਵਹਿਮਾਂ-ਭਰਮਾਂ ਦੇ ਚੁੰਗਲ 'ਚੋਂ ਨਿਕਲ ਕੇ ਵਿਗਿਆਨਕ ਸੋਚ ਅਪਣਾਉਣ ਦੀ ਪ੍ਰੇਰਨਾ ਹੈ | ਲੇਖਕ ਪੰਜਾਬੀ ਮਾਂ ਬੋਲੀ ਦੀ ਹੋ ਰਹੀ ਨਿਰਾਦਰੀ ਪ੍ਰਤੀ ਡਾਹਢਾ ਫਿਕਰਮੰਦ ਹੈ | ਸਮਾਜ 'ਚ ਧੀਆਂ ਅਤੇ ਪੁੱਤਰ ਵਿਚਲੇ ਪਾੜੇ ਨੂੰ  ਮਿਟਾਉਣ, ਨਸ਼ਿਆਂ ਦਾ ਕੋਹੜ ਜੜ੍ਹੋਂ ਵੱਢਣ ਲਈ ਉਸਦੀ ਕਲਮ ਦੁਹਾਈ ਦਿੰਦੀ ਜਾਪਦੀ ਹੈ |  ਉਸ ਦੇ ਗੀਤਾਂ 'ਚ ਸਰਮਾਏਦਾਰੀ ਸਿਸਟਮ ਖਿਲਾਫ਼ ਵਿਦਰੋਹ ਝਲਕਦਾ ਹੈ |  ਰੁੱਖਾਂ ਦੀ ਅੰਨੇ੍ਹਵਾਹ ਕਟਾਈ ਦੀ ਚੀਸ, ਬਿਰਧ ਆਸ਼ਰਮਾਂ 'ਚ ਰੁਲ ਰਹੇ ਬੁਢੇਪੇ ਦਾ ਦਰਦ, ਨੌਜਵਾਨ ਪੀੜ੍ਹੀ ਦੇ ਵਿਦੇਸ਼ਾਂ 'ਚ ਜਾਣ ਦੇ  ਵਧ ਰਹੇ ਰੁਝਾਨ, ਦੇਸ਼ ਚ ਵਧ ਰਹੀ ਮਹਿੰਗਾਈ ਤੇ ਬੇਰੁਜ਼ਗਾਰੀ ਦਾ ਫਿਕਰ ਉਸ ਦੇ ਗੀਤਾਂ 'ਚੋਂ ਪ੍ਰਤੱਖ ਝਲਕਦਾ ਹੈ | ਇਸ ਗੀਤ ਸੰਗ੍ਰਹਿ ਦੇ ਗੀਤ ਵਿਸ਼ਾ-ਵਸਤੂ ਅਤੇ ਰੂਪਕ ਪੱਖ ਤੋਂ ਮਜ਼ਬੂਤ ਅਤੇ ਰਵਾਨਗੀ ਭਰਪੂਰ ਹੋਣ ਕਰਕੇ ਧੁਰ ਅੰਦਰੋਂ ਖਿੱਚ ਪਾਉਂਦੇ ਜਾਪਦੇ ਹਨ | 

-ਮਨਜੀਤ ਸਿੰਘ ਘੜੈਲੀ
ਮੋਬਾਈਲ : 79860-63165


ਅਧਿਆਪਕ ਦੇ ਨਾਂ ਖ਼ਤ
ਅਨੁਵਾਦ : ਡਾ. ਬਲਜਿੰਦਰ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 94170-79720


'ਅਧਿਆਪਕ ਦੇ ਨਾਂ ਖ਼ਤ' ਇਟਲੀ ਦੇ ਬਾਰਬੀਆਨਾ ਸਕੂਲ ਦੇ ਅੱਠ ਬੱਚਿਆਂ, ਜਿਨ੍ਹਾਂ ਦੀ ਔਸਤ ਉਮਰ ਪੰਦਰਾਂ ਸਾਲ ਹੈ, ਅੰਗਰੇਜ਼ੀ ਪੁਸਤਕ 'ਏ ਲੈਟਰ ਟੂ ਏ ਟੀਚਰ' ਦਾ ਡਾ. ਬਲਜਿੰਦਰ ਦੁਆਰਾ ਕੀਤਾ ਪੰਜਾਬੀ ਅਨੁਵਾਦ ਹੈ | ਇਹ ਖ਼ਤ ਇਕ ਅਧਿਆਪਕ ਜਾਂ ਸਮੂਹ ਅਧਿਆਪਕਾਂ ਨੂੰ  ਨਹੀਂ ਲਿਖਿਆ ਹੋਇਆ, ਸਗੋਂ ਇਹ ਇਟਲੀ ਦੀ ਪੂਰੀ ਦੀ ਪੂਰੀ ਸਿੱਖਿਆ ਪ੍ਰਣਾਲੀ ਲਈ ਗੁੱਸੇ ਕਟਾਖਸ਼ ਅਤੇ ਵਿਅੰਗ ਰਾਹੀਂ ਕਈ ਤਰ੍ਹਾਂ ਦੇ ਪ੍ਰਸ਼ਨ ਖੜ੍ਹੇ ਕਰਨ ਵਾਲੀ ਰਚਨਾ ਹੈ | ਬਾਰਬੀਅਨਾ ਸਕੂਲ ਦੇ ਇਹ ਬੱਚੇ ਆਪਣੇ ਤਰਕ ਰਾਹੀਂ ਕੀ ਤਰ੍ਹਾਂ ਦੇ ਪ੍ਰਸ਼ਨ ਪੁੱਛਦੇ ਹਨ, ਜੋ ਇਟਲੀ ਦੀ ਸਿੱਖਿਆ ਪ੍ਰਣਾਲੀ ਦੀਆਂ ਵਿਰਲਾਂ 'ਚੋਂ ਝਾਕਦੇ ਪ੍ਰਤੀਤ ਹੁੰਦੇ ਹਨ | ਸਭ ਤੋਂ ਪਹਿਲਾਂ ਤਾਂ ਇਹੀ ਪ੍ਰਣਾਲੀ ਬੱਚਿਆਂ ਵਿਚ ਵਖਰੇਵਾਂ ਪੈਦਾ ਕਰਦੀ ਹੈ | ਉਨ੍ਹਾਂ ਨੂੰ  ਇਕ-ਦੂਸਰੇ ਨੂੰ  ਸਮਝਣ-ਸਮਝਾਉਣ ਦਾ ਮੌਕਾ ਹੀ ਨਹੀਂ ਦਿੰਦੀ | ਵੱਡੇ ਘਰਾਂ ਦੇ ਬੱਚੇ, ਜਿਨ੍ਹਾਂ ਨੂੰ  'ਪੀਅਰੀਨੋ' ਆਖਿਆ ਜਾਂਦਾ ਹੈ, ਘਰੋਂ ਤੋਂ ਹੀ ਮੁਢਲੀਆਂ ਜਮਾਤਾਂ ਪੜ੍ਹ ਕੇ ਆਉਂਦੇ ਹਨ ਤੇ ਅਗਲੀਆਂ ਸ਼੍ਰੇਣੀਆਂ ਬਣੀ ਹੀ ਸੌਖ ਨਾਲ ਚੜ੍ਹ ਜਾਂਦੇ ਹਨ | ਇਹੀ ਮੁੰਡੇ-ਕੁੜੀਆਂ ਅਗਾਂਹ ਜਾ ਕੇ ਵੱਡੇ ਅਹੁਦਿਆਂ 'ਤੇ ਕਾਨੂੰਨ ਘਾੜਿਆਂ ਵਿਚ ਸ਼ਾਮਿਲ ਹੋ ਜਾਂਦੇ ਹਨ | ਗ਼ਰੀਬਾਂ ਅਤੇ ਮਜ਼ਦੂਰਾਂ ਦੇ ਨਿਆਣੇ, ਜਿਨ੍ਹਾਂ ਨੂੰ  ਗਿਆਨੀ ਆਖਿਆ ਜਾਂਦਾ ਹੈ, ਵਾਰ-ਵਾਰ ਫੇਲ੍ਹ ਹੋ ਕੇ, ਆਪਣੇ ਪਿਤਾ-ਪੁਰਖੀ ਧੰਦਿਆਂ ਵਿਚ ਜਾ ਲੱਗਦੇ ਹਨ | ਉਹ ਵਕਤੋਂ ਪਹਿਲਾਂ ਹੀ ਸਕੂਲ ਛੱਡ ਜਾਦੇ ਹਨ ਤੇ ਇਸ ਤਰ੍ਹਾਂ ਬੱਚਿਆਂ-ਬੱਚਿਆਂ ਵਿਚਕਾਰ ਨਾ ਪੂਰਿਆ ਜਾਣ ਵਾਲਾ ਖੱਪਾ ਪੈਦਾ ਹੋ ਜਾਂਦਾ ਹੈ | ਅਧਿਆਪਕ ਵੀ ਜ਼ਿੰਮੇਵਾਰੀ ਵਾਲਾ ਕੰਮ ਨਹੀਂ ਕਰਦੇ | ਉਨ੍ਹਾਂ ਦੀਆਂ ਯੂਨੀਅਨਾਂ ਕੰਮਾਂ ਦੇ ਘੰਟਿਆਂ ਨੂੰ  ਘਟਾਉਣ ਲਈ ਜੱਦੋਜਹਿਦ ਕਰਦੀਆਂ ਦਿਖਾਈ ਦਿੰਦੀਆਂ ਹਨ | ਉਨ੍ਹਾਂ ਦਾ ਮੱਤ ਹੈ ਕਿ ਉਨ੍ਹਾਂ ਦਾ ਕੰਮ ਬਹੁਤ ਅਕਾਊ ਔਖਾ ਤੇ ਥਕਾ ਦੇਣ ਵਾਲਾ ਹੈ ਪਰ ਟਿਊਸ਼ਨ ਕਰਕੇ ਪੈਸੇ ਕਮਾਉਣ ਲੱਗਿਆਂ ਉਨ੍ਹਾਂ ਨੂੰ  ਕੋਈ ਔਖ ਜਾਂ ਥਕਾਵਟ ਮਹਿਸੂਸ ਨਹੀਂ ਹੁੰਦੀ | ਇਸ ਤਰ੍ਹਾਂ ਦੇ ਹੋਰ ਅਨੇਕਾਂ ਪ੍ਰਸ਼ਨ ਤੇ ਸਿਸਟਮ 'ਚ ਤਰੁੱਟੀਆਂ ਹਨ, ਜਿਨ੍ਹਾਂ 'ਤੇ ਇਹ ਮੁੰਡੇ ਉਂਗਲ ਰੱਖਦੇ ਹਨ | ਉਨ੍ਹਾਂ ਦੇ ਕਟਾਖ਼ਸ਼ ਤੇ ਵਿਅੰਗ ਦੇ ਬਾਵਜੂਦ ਉਹ ਆਸਵੰਦ ਰਹਿੰਦੇ ਹਨ ਕਿ ਉਨ੍ਹਾਂ ਦੇ ਖ਼ਤ ਦੇ ਜਵਾਬ ਇਕ ਦਿਨ ਜ਼ਰੂਰ ਉਨ੍ਹਾਂ ਨੂੰ  ਮਿਲ ਕੇ ਹੀ ਰਹੇਗਾ | ਅਨੁਵਾਦ ਵਿਚ ਥੋਨੂੰ, ਥੋਡਾ, ਜਿਹੇ ਸ਼ਬਦ ਖਟਕਦੇ ਹਨ | 'ਗੰਢੇ' ਜਿਹੇ ਦਿ੍ਸ਼ਟਾਂਤ ਵਿਅੰਗ ਦਾ ਵਧੀਆ ਨਮੂਨਾ ਹਨ | ਛੋਟੇ-ਛੋਟੇ ਸਿਰਲੇਖਾਂ ਰਾਹੀਂ ਕੀਤਾ ਬਿਰਤਾਂਤ ਬਹੁਤ ਸਰਲ ਤੇ ਔਖਾ ਪ੍ਰਤੀਤ ਹੁੰਦਾ ਹੈ | ਕੁਝ ਵਾਕ ਤਾਂ ਟੂਕਾਂ ਜਿਹੇ ਹੀ ਪ੍ਰਤੀਤ ਹੁੰਦੇ ਹਨ :
1. ਤੁਸੀਂ ਹੀ ਤਾਂ ਸਕੂਲ ਨੂੰ  ਯੱਭਖਾਨਾ ਬਣਾ ਕੇ ਰੱਖ ਦਿੱਤਾ ਹੈ. ਬੱਚੇ ਸਕੂਲ ਜਾਣਾ ਹੀ ਕਿਉਂ ਚਾਹੁਣਗੇ?
2. ਸਾਰੀਆਂ ਸਿਆਸੀ ਪਾਰਟੀਆਂ ਦੇ ਹਰ ਪੱਧਰ ਦੇ ਬੰਦੇ ਯੂਨੀਵਰਸਿਟੀਆਂ ਦੇ ਗ੍ਰੈਜੂਏਟ ਹਨ |
3. ਥੋਨੂੰ ਕਦੇ ਵੀ ਚੈਨ ਦਾ ਸਾਹ ਨਹੀਂ ਆਵੇਗਾ, ਕਿਉਂਕਿ ਜਿਨ੍ਹਾਂ ਸਕੂਲਾਂ 'ਗੀਆਨੀਆਂ' ਨੂੰ  ਸਕੂਲੋਂ ਬਾਹਰ ਧੱਕਣ ਦਾ ਸਬੱਬ ਬਣਦਾ ਹੈ, ਉਹ ਸਕੂਲ ਕਹਾਉਣ ਦੇ ਕਾਬਲ ਹੀ ਨਹੀਂ ਹੈ |
4. ਕਮਿਊਨਿਸਟਾਂ ਹੱਥ ਸੱਤਾ ਤਾਂ ਆਈ ਨਹੀਂ | ਘਾਹ ਨੂੰ  ਹਰਾ ਹੋਇਆ ਦੇਖਣ ਨੂੰ  ਗਾਵਾਂ ਤਰਸ ਰਹੀਆਂ ਨੇ |
ਅਜਿਹੀਆਂ ਦਿਲਚਸਪ ਤੇ ਵਿਰਲੀਆਂ ਟੂਕਾਂ ਨਾਲ ਇਹ ਰਚਨਾ ਭਰੀ ਪਈ ਹੈ | ਭਾਰਤੀ ਸਿੱਖਿਆ ਪ੍ਰਣਾਲੀ ਵਾਲੇ ਚੌਧਰੀ ਇਸ ਖ਼ਤ ਤੋਂ ਸਬਕ ਲੈ ਸਕਦੇ ਹਨ |

-ਕੇ. ਐਲ. ਗਰਗ (ਸਵ.)

ਮਨਸੂਰ ਅਤੇ ਬੁੱਲ੍ਹੇ ਸ਼ਾਹ
ਲੇਖਕ : ਅਕਰਮ ਸ਼ਾਹ
ਅਨੁਵਾਦਕ : ਹਰਬੰਸ ਸਿੰਘ ਧੀਮਾਨ (ਡਾ.)
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 175 ਰੁਪਏ, ਸਫ਼ੇ : 112
ਸੰਪਰਕ : 98152-18545


ਜਨਾਬ ਅਕਰਮ ਸ਼ਾਹ ਨੇ ਆਪਣੀ ਇਸ ਪੋਥੀ ਵਿਚ ਬਗ਼ਦਾਦ ਦੇ ਸੂਫ਼ੀ ਫ਼ਕੀਰ ਮਨਸੂਰ ਅਤੇ ਪੰਜਾਬ ਦੇ ਬਾਬਾ ਬੁੱਲ੍ਹੇ ਸ਼ਾਹ ਦੇ ਸੂਫ਼ੀਆਨਾ ਤਸਵੁਫ਼ ਬਾਰੇ ਚਰਚਾ ਛੇੜੀ ਹੈ | ਅਕਰਮ ਸ਼ਾਹ ਸੂਫ਼ੀ ਵਿਚਾਰਧਾਰਾ ਅਤੇ ਕਾਵਿ-ਪਰੰਪਰਾ ਦਾ ਆਸ਼ਿਕ ਤਾਂ ਜਵਾਨੀ ਪਹਿਰੇ ਤੋਂ ਹੀ ਸੀ, ਪਰ ਬੁੱਲ੍ਹੇ ਸ਼ਾਹ ਦੀ ਇਕ ਕਾਫ਼ੀ ਨੇ ਉਸ ਨੂੰ  ਅਜਿਹਾ ਅੰਦੋਲਿਤ ਕੀਤਾ ਕਿ ਉਸ ਨੂੰ  ਮਨਸੂਰ (ਨੌਵੀਂ ਸਦੀ) ਅਤੇ ਬੁੱਲ੍ਹੇ ਸ਼ਾਹ (ਅਠ੍ਹਾਰਵੀਂ ਸਦੀ) ਬਾਰੇ ਇਕ ਤੁਲਨਾਤਮਿਕ ਅਧਿਐਨ ਕਰਨਾ ਪਿਆ | ਬੁੱਲ੍ਹੇ ਸ਼ਾਹ ਨੇ ਆਪਣੀ ਇਕ ਕਾਫ਼ੀ ਵਿਚ ਲਿਖ ਛੱਡਿਆ ਸੀ : ''ਮਨਸੂਰ ਤੁਸਾਂ ਵੱਲ ਆਇਆ ਸੀ | ਤੁਸਾਂ ਸੂਲੀ ਪਕੜ ਚੜ੍ਹਾਇਆ ਸੀ | ਉਹ ਭਾਈ ਬਾਬਲ ਜਾਇਆ ਸੀ | ਦਿਓ 'ਖ਼ੂਨ ਵਹਾ' ਮੇਰੇ ਭਾਈ ਦਾ | ਹੁਣ ਕਿਸ ਥੀਂ ਆਪ ਛੁਪਾਈਦਾ?'' 'ਮਨਸੂਰ' ਅਤੇ 'ਅਨ-ਅਲ-ਹਕ' (ਮੈਂ ਹੀ ਖ਼ੁਦਾ ਹਾਂ) ਦਾ ਜ਼ਿਕਰ ਬੁੱਲ੍ਹੇ ਸ਼ਾਹ ਨੇ ਆਪਣੇ ਕਲਾਮ ਵਿਚ ਵਾਰ-ਵਾਰ ਕੀਤਾ ਹੈ ਅਤੇ ਇਕ ਤਰ੍ਹਾਂ ਨਾਲ ਉਹ ਖ਼ੁਦ ਵੀ ਮਨਸੂਰ ਵਾਲੀ ਅਦਾ ਅਤੇ ਅੰਦਾਜ਼ ਵਿਚ ਜੀਵਿਆ | ਮਨਸੂਰ ਨੇ ਹਜ਼ਰਤ ਜ਼ੁਨੈਦ ਬਗ਼ਦਾਦੀ ਤੋਂ ਸੂਫ਼ੀਵਾਦ ਦੇ ਮੁਢਲੇ ਨੁਕਤੇ ਸਿੱਖੇ ਅਤੇ ਬੁੱਲ੍ਹੇ ਸ਼ਾਹ ਨੇ ਇਨਾਯਤ ਸ਼ਾਹ ਕਸੂਰੀ ਪਾਸੋਂ | ਆਪੋ-ਆਪਣੇ ਪੀਰਾਂ ਤੋਂ ਦੀਖਿਆ ਲੈ ਕੇ ਇਹ ਦੋਵੇਂ ਸੂਫ਼ੀ ਦਰਵੇਸ਼, ਰਹੱਸਵਾਦੀ-ਮਸਤੀ ਵਿਚ ਏਨਾ ਅੱਗੇ ਲੰਘ ਗਏ ਕਿ ਖ਼ੁਦਾ ਦੀ ਤਲਾਸ਼ ਵਿਚ ਆਪ ਹੀ ਖ਼ੁਦਾ ਬਣ ਗਏ | ਜਦੋਂ ਕੋਈ ਸਾਧਕ ਸੱਖਣਾਪਣ ਭਰਨ ਲਈ ਉਸ ਜਗ੍ਹਾ ਉੱਪਰ ਧਰਨਾ ਦੇਣ ਲੱਗ ਪਏ ਤਾਂ ਕੁਝ ਸਮੇਂ ਉਪਰੰਤ ਉਹ ਇਹ ਗੱਲ ਹੀ ਵਿਸਰ ਜਾਂਦਾ ਹੈ ਕਿ ਉਸ ਦਾ ਧਰਨਾ ਕਿਸ ਵਾਸਤੇ ਸੀ? ਪੜਾਅ ਅਤੇ ਮੰਜ਼ਿਲ ਵਿਚਲਾ ਫ਼ਰਕ ਖ਼ਤਮ ਹੋ ਜਾਂਦਾ ਹੈ | ਪੜਾਅ ਹੀ ਮੰਜ਼ਿਲ ਅਤੇ ਸਾਧਕ ਸਿੱਧ ਪੁਰਸ਼ ਬਣ ਬੈਠਦਾ ਹੈ | ਅਕਰਮ ਸ਼ਾਹ ਨੇ ਸੂਫ਼ੀਵਾਦ ਦਾ ਇਤਿਹਾਸ ਸੱਤਵੀਂ-ਅੱਠਵੀਂ ਸਦੀ ਤੋਂ ਸ਼ੁਰੂ ਕਰਕੇ ਅਠ੍ਹਾਰਵੀਂ ਸਦੀ (ਇਕ ਹਜ਼ਾਰ ਵਰ੍ਹੇ) ਤੱਕ ਲੈ ਆਂਦਾ ਹੈ | ਉਹ ਯੂਨੀਵਰਸਿਟੀਆਂ ਵਿਚੋਂ ਤਾਲੀਮ-ਯਾਫ਼ਤਾ ਵਿਦਵਾਨਾਂ ਵਾਂਗ ਨਹੀਂ ਲਿਖਦਾ ਬਲਕਿ ਖਾਨਕਾਹਾਂ ਵਿਚ ਗੁਜ਼ਰ-ਬਸਰ ਕਰਨ ਵਾਲੇ ਪੀਰਾਂ-ਫ਼ਕੀਰਾਂ ਵਾਂਗ ਬਚਨ-ਬਿਲਾਸ ਕਰਦਾ ਹੈ | ਉਹ ਮਨਸੂਰ ਅਤੇ ਬੁੱਲ੍ਹੇ ਸ਼ਾਹ ਨੂੰ  ਅਜਿਹੇ ਮਰਦ-ਮੁਜਾਹਿਦ ਸਿੱਧ ਕਰਦਾ ਹੈ, ਜਿਨ੍ਹਾਂ ਪਾਸੋਂ ਵਿਵਸਥਾ ਡਰਦੀ ਸੀ |  ਬੁੱਲ੍ਹੇ ਸ਼ਾਹ ਲਈ ਹਾਲਾਤ ਸਾਜ਼ਗਾਰ ਸਨ, ਕਿਉਂਕਿ ਉਹ ਗੁਰੂ ਨਾਨਕ, ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਦੀ ਸਰਜ਼ਮੀਨ ਉੱਪਰ ਖੜ੍ਹਾ ਸੀ | ਕਿਸ ਦੀ ਜੁਰੱਅਤ ਸੀ ਕਿ ਉਸ ਵੱਲ ਦੇਖ ਵੀ ਜਾਂਦਾ? ਡਾ. ਹਰਬੰਸ ਸਿੰਘ ਧੀਮਾਨ ਇਕ ਬਹੁ-ਅਨੁਸ਼ਾਸਨੀ ਵਿਦਵਾਨ ਹੈ | ਉਸ ਦੇ ਸਿਦਕ ਅਤੇ ਸਿਰੜ ਨੂੰ  ਸਲਾਮ!

-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136

Ad Position 22
No active advertisement
ਪਿਛਲੀ ਖ਼ਬਰ ਤਨਿਸ਼ਕ ਨੇ ਹਰਿਆਣਾ ਸਟੇਟ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਵਿੱਚ ਜਿੱਤਿਆ ਕਾਂਸੀ ਦਾ ਤਗਮਾ ਅਗਲੀ ਖ਼ਬਰ ਵਿਚਾਰ-ਪ੍ਰਵਾਹ
Ad Position 24