09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

10-10-2026

10-10-2026

Ad Position 21
No active advertisement
ਅਜੀਤ ਡੈਸਕ 10-10-2026

ਕੁਲਦੀਪ ਸਿੰਘ ਦੇ ਨਾਟਕ
ਸ਼ਿਲਪ ਅਤੇ ਸੰਚਾਰ 
ਲੇਖਕ : ਡਾ. ਨਰਿੰਦਰਜੀਤ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਮੁਹਾਲੀ
ਮੁੱਲ : 350 ਰੁਪਏ, ਸਫ਼ੇ : 215


ਸੰਪਰਕ : 94780-01132


ਵਿਚਾਰਾਧੀਨ ਪੁਸਤਕ ਡਾ. ਨਰਿੰਦਰਜੀਤ ਸਿੰਘ ਦਾ ਪੀ.ਐਚ.ਡੀ. ਲਈ ਕੀਤਾ ਖੋਜ ਕਾਰਜ ਹੈ | ਇਸ ਅਧਿਐਨ ਵਿਚ ਖੋਜਕਰਤਾ ਨੇ ਡਾ. ਦੀਪ ਦੇ ਉਪੇਰੇ ਨਾਟਕਾਂ ਨੂੰ  ਕੇਂਦਰਬਿੰਦੂ ਬਣਾ ਕੇ ਨਿੱਠ ਕੇ ਚਰਚਾ ਕੀਤੀ ਹੈ | ਖੋਜਕਰਤਾ ਅਨੁਸਾਰ ਨਾਟਕਾਂ ਦੀ ਉਪੇਰਾ ਵਿਧੀ ਜੋ ਸਮਕਾਲੀ ਨਾਟਕ 'ਚੋਂ ਲਗਭਗ ਅਲੋਪ ਹੋ ਚੁੱਕੀ ਹੈ, ਉਸ ਨੂੰ  ਡਾ. ਕੁਲਦੀਪ ਸਿੰਘ ਦੀਪ ਨੂੰ  ਮੁੜ ਸੁਰਜੀਤ ਕਰਨ ਦਾ ਯਤਨ ਕੀਤਾ ਹੈ | ਹਥਲੇ ਆਲੋਚਨਾਤਮਿਕ ਕਾਰਜ ਵਿਚ ਸਮਕਾਲੀ ਸਮੱਸਿਆਵਾਂ ਦੀ ਪ੍ਰਸਤੁਤੀ ਕਰਦੇ ਜਿਹੜੇ ਉਪੇਰੇ ਨਾਟਕ ਸ਼ਾਮਿਲ ਕੀਤੇ ਗਏ ਹਨ, ਉਨ੍ਹਾਂ 'ਚ ਨਾਂਅ ਅਤੇ ਵਿਸ਼ੇ ਉਜਾਗਰ ਕੀਤੇ ਗਏ ਹਨ | ਮਸਲਨ: ਇਹ ਜੰਗ ਕੌਣ ਲੜੇ (ਤਿੰਨ ਉਪਰਰਿਆਂ ਦਾ ਵਿਸ਼ਾ ਹੈ-ਨਸ਼ਿਆਂ ਦਾ ਕੋਹੜ, ਸਮਕਾਲੀ ਸਿੱਖਿਆ ਦੀ ਨਿਘਰਦੀ ਹਾਲਤ ਅਤੇ ਮਾਦਾ ਭਰੂਣ ਹੱਤਿਆ), ਨਾਟਕ 'ਖੁਦਕੁਸ਼ੀ ਦੇ ਮੋੜ 'ਤੇ' (ਕਿਸਾਨਾਂ ਸਿਰ ਚੜ੍ਹੇ ਕਰਜ਼ੇ, ਆਰਥਿਕ ਮੰਦੀ, ਤਰਸਯੋਗ ਹਾਲਤ), ਨਾਟਕ 'ਤੂੰ ਮੇਰਾ ਕੀ ਲੱਗਦੈਂ' (ਪੀੜ੍ਹੀ-ਪਾੜੇ ਨਾਲ ਸੰਬੰਧਿਤ ਹੈ, ਜਿਸ ਵਿਚ ਨੌਜਵਾਨ ਪੀੜ੍ਹੀ ਵਲੋਂ ਬਜ਼ੁਰਗਾਂ ਨਾਲ ਦੁਰ ਵਿਵਹਾਰ ਅਤੇ ਅਣਦੇਖੀ), ਨਾਟਕ 'ਭੁੱਬਲ ਦੀ ਅੱਗ' (ਦੱਬੇ-ਕੁਚਲੇ ਲੋਕਾਂ ਦਾ ਰੋਹ ਵਿਚ ਆ ਕੇ 'ਭਾਂਬੜ ਬਣਨਾ) ਛੱਲਾ 'ਧੋਖੇਬਾਜ਼ ਏਜੰਟਾਂ ਵਲੋਂ ਲੁੱਟ-ਖਸੁੱਟ ਨਾਲ ਯੁਵਾ ਵਰਗ ਦੀ ਪਰਵਾਸ ਦੀ ਦੁਖਦਾਈ ਘਟਨਾ) ਦਾ ਨਾਟਕੀਕਰਨ ਕੀਤਾ ਗਿਆ ਹੈ | ਨੈਨੋ ਨਾਟਕ 'ਮੈਂ ਜਲਿ੍ਹਆਂਵਾਲਾ ਬਾਗ਼ ਬੋਲਦਾ ਹਾਂ' ਜਲਿ੍ਹਆਂਵਾਲੇ ਬਾਗ਼ ਦੀ 100 ਸਾਲਾ ਸ਼ਤਾਬਦੀ ਸਮੇਂ ਤ੍ਰਾਸਦੀ ਦਾ ਨਾਟਕੀਕਰਨ ਕੀਤਾ ਗਿਆ ਹੈ | ਇਸ ਦਾ ਮਨੋਰਥ ਬਾਲ ਮਨਾਂ ਵਿਚ ਦੇਸ਼ ਭਗਤੀ ਦਾ ਜਜ਼ਬਾ ਉਭਾਰਨਾ ਅਤੇ ਬਾਲ ਮਨਾਂ ਨੂੰ  ਵਿਰਾਸਤ ਨਾਲ ਜੋੜਨਾ ਹੈ |  ਸੰਚਾਰ ਸਾਧਨਾਂ ਵਿਚ ਯਥਾਰਥਵਾਦੀ ਸ਼ੈਲੀ, ਸੂਤਰਧਾਰ ਦੀ ਵਿਧੀ, ਫਲੈਸ਼ ਬੈਕ ਤਕਨੀਕ, ਰੌਸ਼ਨੀ, ਵੇਸ-ਭੂਸ਼ਾ (ਪਹਿਰਾਵਾ), ਗੀਤ-ਸੰਗੀਤ ਤੋਂ ਇਲਾਵਾ ਕਥਾਨਕ, ਕਥਾਵਾਰਤਾ, ਵਾਰਤਾਲਾਪ, ਵਾਤਾਵਰਨ ਆਦਿ ਰੰਗਮੰਚ ਦੀਆਂ ਬਾਗੀ ਕਲਾਵਾਂ ਦੇ ਅਨੂਠੇ ਸੁਮੇਲ ਦੀ ਨਿਸ਼ਾਨਦੇਹੀ ਕੀਤੀ ਗਈ ਹੈ | ਰੂਪ ਬਨਾਵਟ, ਚਿੱਤਰਕਾਰੀ, ਆਵਾਜ਼ ਆਦਿ ਦੇ ਨਵੇਂ ਨਿਰਦੇਸ਼ਨਾਂ ਦੇ ਮਾਧਿਅਮਾਂ ਦੀ ਉਸਾਰੀ ਦਿ੍ਸ਼ਟੀਗੋਚਰ ਕੀਤੀ ਗਈ ਹੈ |
ਨਾਟਕਕਾਰ 'ਭੁੱਬਲ ਦੀ ਅੱਗ' ਨਾਟਕ ਵਿਚ ਯਥਾਰਥਵਾਦੀ ਸ਼ੈਲੀ ਰਾਹੀਂ ਸੂਤਰਧਾਰ ਦੇ ਮੁੱਖ ਤੋਂ ਇੰਜ ਬਿਆਨ ਕਰਵਾਉਂਦਾ ਹੈ :
ਇਹ ਭੁੱਬਲ ਦੀ ਅੱਗ ਉਏ ਲੋਕੋ
ਇਕ ਦਿਨ ਇਸ ਨੇ ਜਗ ਪੈਣਾ ਹੈ
ਇਕ ਦਿਨ ਇਸ ਨੇ ਮਘ ਪੈਣਾ ਹੈ
ਲੱਭ ਕੇ ਮੁਜ਼ਰਮ ਸਖ਼ਤ ਸਜ਼ਾਵਾਂ
ਇਸ ਨੂੰ  ਦੇਵਣ ਲੱਗ ਪੈਣਾ ਹੈ
ਮਚ ਕੇ ਇਸ ਨੇ ਭਾਂਬੜ ਬਣਨਾ
ਸਾੜ ਦੂ ਸਾਰਾ ਜੱਗ ਓਏ ਲੋਕੋ
ਇਹ ਭੁੱਬਲ ਦੀ ਅੱਗ ਓਏ ਲੋਕੋ | ਪੰ. 156
ਇੰਜ ਹੀ ਗੀਤ-ਗਾਇਣ ਦੀਆਂ ਹੋਰ ਕਾਵਿ-ਪੰਕਤੀਆਂ ਵਿਸ਼ਿਆਂ ਨੂੰ  ਰੂਪਮਾਨ ਕਰਦੀਆਂ ਹਨ |

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com

ਪਰਦੇਸਾਂ ਵਿੱਚੋਂ ਚੁਗੇ ਹਰਫ਼
ਲੇਖਕ : ਡਾ. ਗੁਰਮਿੰਦਰ ਸਿੱਧੂ
ਪ੍ਰਕਾਸ਼ਨ : ਸਪਤਰਿਸ਼ੀ ਪ੍ਰਕਾਸ਼ਨ. ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 175


ਸੰਪਰਕ : 82888-09351


ਵਿਦੇਸ਼ੀ ਧਰਤੀ ਦੀ ਸੈਰ ਜਾਂ ਵਿਦੇਸ਼ ਵਿਚ ਜਾ ਕੇ ਵਸਣਾ ਪੰਜਾਬ ਦੀ ਧਰਤੀ ਦੇ ਲੋਕਾਂ ਲਈ ਹੁਣ ਆਮ ਗੱਲ ਹੈ ਇਹੀ ਕਾਰਨ ਵੀ ਹੈ ਕਿ ਕੈਨੇਡਾ ਦੀ ਧਰਤੀ ਨੂੰ  ਦੂਜਾ ਪੰਜਾਬ ਕਿਹਾ ਜਾਂਦਾ ਹੈ, ਕਿਉਂਕਿ ਪਿਛਲੇ ਕੁਝ ਸਾਲਾਂ ਵਿਚ ਕੈਨੇਡਾ ਵਿਚ ਪੰਜਾਬੀਆਂ ਦੀ ਗਿਣਤੀ ਬਹੁਤ ਵਧੀ ਹੈ | ਡਾ. ਗੁਰਮਿੰਦਰ ਸਿੱਧੂ ਦੀ ਪੁਸਤਕ ਪੜ੍ਹ ਕੇ ਇਹ ਅਹਿਸਾਸ ਅਤੇ ਫਖ਼ਰ ਮਹਿਸੂਸ ਹੋਇਆ ਕਿ ਪੰਜਾਬ ਦੀ ਧਰਤੀ ਦੇ ਲੋਕ ਵਿਦੇਸ਼ੀ ਧਰਤੀ 'ਤੇ  ਵੀ  ਬੜੇ ਸਰਲ ਅਤੇ ਸਿੱਧੇ ਸੁਭਾਅ  ਦੇ ਮਾਲਕ ਹਨ | ਜਦੋਂ ਵੀ ਕਦੀ ਸਾਨੂੰ ਵਿਦੇਸ਼ੀ ਧਰਤੀ 'ਤੇ ਜਾਣ ਦਾ ਮੌਕਾ ਮਿਲਦਾ ਹੈ ਤਾਂ ਵਿਦੇਸ਼ੀ ਧਰਤੀ 'ਤੇ ਪੈਰ ਰੱਖਦਿਆਂ ਆਪਣੇ ਵਤਨ ਦੀ ਆਬੋ-ਹਵਾ ਦਾ ਅਹਿਸਾਸ ਹੋਣਾ ਸੁਭਾਵਿਕ ਹੈ ਅਤੇ ਹਰ ਗੱਲ ਵਿਚ ਅਸੀਂ ਵਿਦੇਸ਼ੀ ਕਾਰ-ਵਿਹਾਰ ਦੀ ਤੁਲਨਾ ਆਪਣੀ ਧਰਤੀ ਨਾਲ ਕਰਦੇ ਹਾਂ | ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਦੀ ਜ਼ਿੰਦਗੀ ਦੀ ਝਲਕ ਅਸੀਂ ਬੜੀ ਗਹਿਰਾਈ ਨਾਲ ਵੇਖਦੇ ਅਤੇ ਮਹਿਸੂਸ ਕਰਦੇ ਹਾਂ ਜਿਵੇਂ ਡਾ. ਗੁਰਿਮੰਦਰ ਵਿਦੇਸ਼ੀ ਧਰਤੀ 'ਤੇ ਆਪਣੀ ਧਰਤੀ ਦੇ ਲੋਕਾਂ ਨਾਲ ਮਿਲ ਕੇ ਮਹਿਸੂਸ ਕਰਦੀ ਹੈ | ਕੈਨੇਡਾ ਹੋਵੇ ਜਾਂ ਇੰਗਲੈਂਡ ਜਿਥੇ ਵੀ ਡਾ. ਸਾਹਿਬਾ ਜਾਂਦੇ ਨੇ ਇਕ ਗੱਲ ਉਹ ਸ਼ਿੱਦਤ ਨਾਲ ਦੱਸਦੇ ਹਨ ਕਿ ਵਿਦੇਸ਼ੀ ਧਰਤੀ 'ਤੇ ਸਮਾਜਿਕ ਜ਼ਿੰਦਗੀ ਬੜੀ ਸੌੜੀ ਹੈ ਪਰ ਜਦੋਂ ਜਦੋਂ ਆਪਣੇ ਲੋਕਾਂ ਦੇ ਕਿਸੇ ਵੀ ਜਸ਼ਨ ਵਿਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ ਤਾਂ ਆਪਣੇ ਪੰਜਾਬ ਵਰਗਾ ਨਿੱਘ ਉੱਤੇ ਧਰਤੀ ਦਾ ਉਦਰੇਵਾਂ ਮਹਿਸੂਸ ਹੋਇਆ | ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀ ਆਪਣੇ ਹਰ ਤਿਉਹਾਰ ਨੂੰ  ਮਨਾਉਂਦੇ ਹਨ | ਆਪਣੇ ਧਾਰਮਿਕ ਅਕੀਦਿਆਂ ਪ੍ਰਤੀ ਪੂਰਨ ਨਿਸ਼ਠਾ ਵਿਦੇਸ਼ੀ ਧਰਤੀ 'ਤੇ ਵੀ ਹੈ ਅਤੇ ਇਨ੍ਹਾਂ ਸਮਾਜਿਕ ਜਸ਼ਨਾਂ ਮੌਕੇ ਹੁੰਮ-ਹੁਮਾ ਕੇ ਹਾਜ਼ਰੀ ਭਰਦੇ ਹਨ ਅਤੇ ਇਕ-ਦੂਜੇ ਨੂੰ  ਸੁਣਦੇ ਹਨ, ਮਿਲਦੇ ਹਨ ਅਤੇ ਪੰਜਾਬ ਦੀ ਧਰਤੀ ਪ੍ਰਤੀ ਸੰਵੇਦਨਸ਼ੀਲ ਵੀ ਹੂੰਦੇ ਹਨ | ਡਾ.ਗੁਰਮਿੰਦਰ ਜਦੋਂ ਅਮਰੀਕਾ ਪਹੁੰਚਦੇ ਹਨ ਅਤੇ ਸਿੱਖਾਂ 'ਤੇ ਹੋਏ ਨਸਲੀ ਹਮਲੇ ਨੂੰ  ਆਪਣੀ ਅੱਖੀਂ ਵੇਖਦੇ ਅਤੇ ਅਨੁਭਵ ਕਰਦੇ ਹਨ, ਜੋ ਇਸ ਪੁਸਤਕ ਵਿਚ ਉਹ ਬੜੇ ਹੀ ਦੁਖੀ ਅਹਿਸਾਸ ਨਾਲ ਵਿਦੇਸ਼ੀ ਧਰਤੀ 'ਤੇ ਪੰਜਾਬੀ ਨਸਲਵਾਦ ਨਾਲ ਜੂਝਦੇ ਇਸ ਘਟਨਾ ਨੂੰ  ਦੱਸਦੇ ਹਨ ਇਹ ਘਟਨਾ ਉਨ੍ਹਾਂ ਦੇ ਇਸ ਵਿਦੇਸ਼ੀ ਦੌਰੇ ਦੀ ਸਭ ਤੋਂ ਦੁਖਦਾਈ ਘਟਨਾ ਹੋ ਨਿਬੜਦੀ ਹੈ, ਜਿਸ ਦਾ ਵਰਨਣ ਉਹ ਇਸ ਪੁਸਤਕ ਵਿਚ ਕਰਦੇ ਹਨ | ਵਿਦੇਸ਼ੀ ਧਰਤੀ ਭਾਵੇਂ ਉਹ ਕੋਈ ਵੀ ਦੇਸ਼ ਹੋਏ ਉਥੋਂ ਦਾ ਅਨੁਸ਼ਾਸਨ ਸਾਫ਼-ਸਫ਼ਾਈ ਅਤੇ ਹਰ ਥਾਂ ਅਤੇ ਹਰ ਘਰ ਵਿਚ ਨਵੀਂਆਂ ਰਹਿਣ-ਸਹਿਣ ਦੀਆਂ ਤਕਨੀਕਾਂ ਕਈ ਵਾਰੀ ਉਲਝਾ ਦਿੰਦੀਆਂ ਹਨ ਪਰ ਹਰ ਥਾਂ ਅਤੇ ਹਰ ਉਸ ਨਵੀਂ ਤਕਨੀਕ ਦਾ ਅਨੁਭਵ ਆਪਣੇ ਆਪ ਵਿਚ ਅਨਪਖਾ ਅਤੇ ਨਵਾਂ ਰਿਹਾ ਡਾ. ਸ਼ਾਹਿਬਾ ਲਈ | ਵਿਦੇਸ਼ੀ ਧਰਤੀ ਤੇ ਵੀ ਹਰ ਪੰਜਾਬੀ ਆਪਣੇ ਨਾਲ ਆਪਣਾ ਵਿਰਸਾ ਲੈ ਕੇ ਉੱਤਰਦਾ ਹੈ ਅਤੇ ਆਪਣੇ ਵਿਰਸੇ ਦੀ ਮਿਠਾਸ ਉਹ ਵਿਦੇਸ਼ੀ ਧਰਤੀ 'ਤੇ ਵੀ ਵੰਡਦਾ ਹੈ ਪਰ ਨਾਲ-ਨਾਲ ਆਪਣੀ ਧਰਤੀ ਦਾ ਉਦਰੇਂਵਾ ਸਦਾ ਪੰਜਾਬੀਆਂ ਦੇ ਦਿਲਾਂ ਵਿਚ ਵੱਸਦਾ ਹੈ | ਇਸ ਪੁਸਤਕ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਲੇਖਿਕਾ ਨੇ ਬਹੁਤ ਹੀ ਉਮਦਾ ਪੰਜਾਬੀ ਸ਼ਬਦਾਂ ਵਿਚ ਆਪਣੇ ਸਫ਼ਰ ਅਤੇ ਅਨੁਭਵ ਬਿਆਨ ਕੀਤੇ ਹਨ ਏਨੇ ਮੋਹ ਅਤੇ ਮਿਠਾਸ ਭਰਪੂਰ ਸ਼ਬਦਾਂ ਦੀ ਵਰਤੋਂ ਕੀਤੀ ਹੈ ਕਿ ਮੱਲੋਮੱਲੀ ਪੁਸਤਕ ਪੜ੍ਹਣ ਨੂੰ  ਜੀ ਕਰਦਾ ਹੈ, ਸ਼ਾਇਦ ਲੇਖਿਕਾ ਇਹ ਦਰਸਾਉਣਾ ਵੀ ਚਾਹੁੰਦੀ ਹੈ ਕਿ ਬੇਸ਼ੱਕ ਅਸੀਂ ਪਰਵਾਸੀ ਹੋ ਜਾਈਏ ਜਾਂ ਕੁਝ ਕੁ ਦਿਨਾਂ ਲਈ ਹੀ ਵਿਦੇਸ਼ ਦੀ ਸੈਰ ਲਈ ਜਾਈਏ ਪਰ ਜੋ ਨਿੱਘ ਆਪਣੀ ਮਾਂ ਬੋਲੀ ਅਤੇ ਆਪਣੀ ਮਾਤ-ਭੂਮੀ  ਦਾ ਹੈ ਉਹ ਕਿਤੇ ਵੀ ਨਹੀਂ ਹੋ ਸਕਦਾ ਅਤੇ ਇਹ ਹੀ ਕੁਝ ਤੱਥ ਹਨ ਜੋ ਇਸ ਸਫਰਨਾਮੇ ਨੂੰ  ਹੋਰ ਅਨੋਖਾ ਬਣਾ ਦਿੰਦੇ ਹਨ |

-ਡਾ.ਜਸਬੀਰ ਕੌਰ
ਮੋਬਾਈਲ : 98721-17774

ਸੁਰਖ਼ਾਬ ਦੇ ਪਰ 
ਲੇਖਕਾ : ਆਤਿਸ਼ ਪਾਇਲਵੀ
ਮੁੱਲ : 300 ਰੁਪਏ, ਸਫ਼ੇ : 120 
ਪ੍ਰਕਾਸ਼ਕ : ਗੋਸਲ ਪ੍ਰਕਾਸ਼ਨ, ਲੁਧਿਆਣਾ


ਸੰਪਰਕ : 98723-60685


ਆਤਿਸ਼ ਪਾਇਲਵੀ ਦਾ ਨਵਾਂ ਗ਼ਜ਼ਲ-ਸੰਗ੍ਰਹਿ 'ਸੁਰਖ਼ਾਬ ਦੇ ਪਰ' ਉਸ ਦੀ ਰਚਨਾਤਮਕ ਯਾਤਰਾ ਦਾ ਇੱਕ ਪਰਿਪੱਕ ਅਤੇ ਮਹੱਤਵਪੂਰਨ ਪੜਾਅ ਹੈ | ਦਸ ਪੁਸਤਕਾਂ ਦੇ ਪ੍ਰਕਾਸ਼ਨ ਤੋਂ ਬਾਅਦ ਆਈ ਇਹ ਗਿਆਰਵੀਂ ਕਿਤਾਬ ਉਸ ਦੇ ਕਾਵਿਕ ਅਨੁਭਵ, ਭਾਸ਼ਾਈ ਪਕੜ ਅਤੇ ਜੀਵਨ-ਦਿ੍ਸ਼ਟੀ ਦੀ ਗਹਿਰਾਈ ਦਾ ਪ੍ਰਮਾਣ ਪੇਸ਼ ਕਰਦੀ ਹੈ | ਇਸ ਸੰਗ੍ਰਹਿ ਵਿਚ ਸ਼ਾਮਿਲ ਗ਼ਜ਼ਲਾਂ ਮਨੁੱਖ ਦੇ ਅੰਦਰਲੇ ਇਕੱਲੇਪਣ, ਸਮਾਜਿਕ ਵਿਸੰਗਤੀਆਂ, ਰਿਸ਼ਤਿਆਂ ਦੀ ਟੁੱਟ-ਭੱਜ, ਪ੍ਰੇਮ ਦੀ ਤਲਖ਼ੀ ਅਤੇ ਜੀਵਨ ਦੀ ਅਰਥਵੱਤਾ ਦੀ ਖੋਜ ਨਾਲ ਸੰਵਾਦ ਕਰਦੀਆਂ ਹਨ | ਪੁਸਤਕ ਦੀਆਂ ਗ਼ਜ਼ਲਾਂ ਦਾ ਪਹਿਲਾ ਪ੍ਰਭਾਵ ਉਨ੍ਹਾਂ ਦੀ ਸਹਿਜਤਾ ਅਤੇ ਸੰਚਾਰਯੋਗਤਾ ਹੈ | ਸ਼ਾਇਰ ਔਖੇ ਪ੍ਰਤੀਕਾਂ ਜਾਂ ਬਣਾਵਟੀ ਸ਼ਬਦਾਵਲੀ ਦਾ ਸਹਾਰਾ ਨਹੀਂ ਲੈਂਦਾ, ਸਗੋਂ ਰੋਜ਼ਮਰ੍ਹਾ ਦੇ ਜੀਵਨ ਵਿਚੋਂ ਆਪਣੇ ਬਿੰਬ ਚੁਣਦਾ ਹੈ | ਇਸ ਕਰਕੇ ਉਸ ਦੀ ਸ਼ਾਇਰੀ ਪਾਠਕ ਦੇ ਦਿਲ ਤੱਕ ਸਿੱਧੀ ਪਹੁੰਚਦੀ ਹੈ | “ਹਰ ਪਲ ਹਰ ਘੜੀ ਹੈ ਇਮਤਿਹਾਨ ਇਸ਼ਕ” ਵਰਗੇ ਅਹਿਸਾਸਾਂ ਤੋਂ ਲੈ ਕੇ ਮਨੁੱਖ ਦੇ ਅੰਦਰ ਵਸਦੇ ਰੱਬ ਦੀ ਤਲਾਸ਼ ਤੱਕ, ਹਰ ਥਾਂ ਇੱਕ ਡੂੰਘੀ ਅਨੁਭੂਤੀ ਕੰਮ ਕਰਦੀ ਨਜ਼ਰ ਆਉਂਦੀ ਹੈ | ਆਤਿਸ਼ ਪਾਇਲਵੀ ਦੀਆਂ ਗ਼ਜ਼ਲਾਂ ਵਿਚ ਸਮਕਾਲੀ ਸਮਾਜ ਦੀ ਬੇਚੈਨੀ ਵੀ ਉੱਭਰ ਕੇ ਸਾਹਮਣੇ ਆਉਂਦੀ ਹੈ | ਸ਼ਾਇਰ ਨੂੰ  ਇਸ ਗੱਲ ਦੀ ਚਿੰਤਾ ਹੈ ਕਿ ਮਨੁੱਖ ਆਪਣੇ ਅਸਲ ਤੋਂ ਦੂਰ ਹੁੰਦਾ ਜਾ ਰਿਹਾ ਹੈ | ਰਿਸ਼ਤਿਆਂ ਦੀ ਗਰਮਾਹਟ ਘਟ ਰਹੀ ਹੈ ਅਤੇ ਭੌਤਿਕਤਾ ਦੇ ਦੌਰ ਵਿਚ ਸੰਵੇਦਨਾਵਾਂ ਦਾ ਘੇਰਾ ਸੁੰਗੜਦਾ ਜਾ ਰਿਹਾ ਹੈ | ਇਸ ਲਈ ਉਸ ਦੀ ਸ਼ਾਇਰੀ ਸਿਰਫ਼ ਭਾਵੁਕਤਾ ਨਹੀਂ, ਸਗੋਂ ਸਮਾਜਿਕ ਸੂਝ ਅਤੇ ਜਾਗਰੂਕਤਾ ਦਾ ਪ੍ਰਗਟਾਵਾ ਵੀ ਹੈ | ਇਹ ਗ਼ਜ਼ਲਾਂ ਦੁੱਖ, ਪੀੜਾ, ਇਕੱਲੇਪਣ ਅਤੇ ਵਿਸ਼ਾਦ ਨੂੰ  ਬਿਆਨ ਕਰਦੀਆਂ ਹੋਈਆਂ ਵੀ ਨਿਰਾਸ਼ਾ ਵਿਚ ਨਹੀਂ ਡੁੱਬਦੀਆਂ, ਸਗੋਂ ਉਮੀਦ ਅਤੇ ਵਿਸ਼ਵਾਸ ਦੀ ਇੱਕ ਲੋਅ ਜਗਾਈ ਰੱਖਦੀਆਂ ਹਨ | ਇਹੀ ਕਾਰਨ ਹੈ ਕਿ ਇਹ ਸੰਗ੍ਰਹਿ ਕੇਵਲ ਭਾਵਨਾਵਾਂ ਦਾ ਪ੍ਰਗਟਾਵਾ ਨਹੀਂ, ਸਗੋਂ ਮਨੁੱਖੀ ਅਨੁਭਵਾਂ ਦਾ ਇੱਕ ਸੰਵੇਦਨਸ਼ੀਲ ਦਸਤਾਵੇਜ਼ ਬਣ ਜਾਂਦਾ ਹੈ |

-ਡਾ. ਅਮਰਜੀਤ ਕੌਂਕੇ
ਮੋਬਾਈਲ : 98142-31698

ਦੀਵਾ ਤੇ ਲਾਲਟੈਨ
ਲੇਖਿਕਾ : ਈਸ਼ਦੀਪ ਕੌਰ ਈਸ਼ਾ
ਪ੍ਰਕਾਸ਼ਕ : ਸ਼ਬਦਾਂਜਲੀ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 200 ਰੁੁਪਏ, ਸਫ਼ੇ : 32


ਸੰਪਰਕ : 94631-26102


ਮੌਖਿਕ ਰੂਪ ਵਿਚ ਸੁਣਾਈਆਂ ਜਾਣ ਵਾਲੀਆਂ ਲੋਕ ਕਹਾਣੀਆਂ ਜਾਂ ਬਾਤਾਂ ਦੀ ਰਵਾਇਤ ਤੋਂ ਬਾਅਦ ਬਾਲਾਂ ਲਈ ਲਿਖਤੀ ਕਹਾਣੀਆਂ ਸਾਹਮਣੇ ਆਉਣ ਲੱਗੀਆਂ | ਉਤਰ-ਸੁਤੰਤਰਤਾ ਕਾਲ ਵਿਚ ਵੱਡੀ ਤਾਦਾਦ ਮੌਲਿਕ ਬਾਲ ਕਹਾਣੀਆਂ ਦੀ ਹੀ ਹੈ ਜਿਸ ਪ੍ਰਤੀ ਲੇਖਕ ਅਤੇ ਪਾਠਕ ਦਾ ਵਿਸ਼ੇਸ਼ ਆਕਰਸ਼ਣ ਨਜ਼ਰ ਆਉਂਦਾ ਹੈ | ਵਰਤਮਾਨ ਦੌਰ ਵਿਚ ਨਵੀਂ ਪੀੜ੍ਹੀ ਦੇ ਕਲਮਕਾਰ ਇਸ ਵੰਨਗੀ ਦੀ ਸਿਰਜਣਾ ਪ੍ਰਤੀ ਖ਼ਾਸ ਦਿਲਚਸਪੀ ਲੈ ਰਹੇ ਹਨ | ਇਨ੍ਹਾਂ ਵਿਚੋਂ ਹੀ ਇਕ ਨਾਂ ਈਸ਼ਦੀਪ ਕੌਰ ਈਸ਼ਾ ਦਾ ਹੈ, ਜਿਸ ਦਾ ਪ੍ਰਥਮ ਬਾਲ-ਕਹਾਣੀ-ਸੰਗ੍ਰਹਿ 'ਦੀਵਾ ਤੇ ਲਾਲਟੈਨ' ਮੇਰੇ ਹੱਥਾਂ ਵਿਚ ਹੈ | ਇਨ੍ਹਾਂ ਵਿਚੋਂ ਦੀਵਾ ਤੇ ਲਾਲਟੈਨ ਅਤੇ ਮੈਂ ਤਾਂ ਜੀਣਾ ਹੈ' ਕਹਾਣੀਆਂ ਨੈਤਿਕ ਕਦਰਾਂ ਕੀਮਤਾਂ ਨੂੰ  ਦਿਲਚਸਪ ਢੰਗ ਨਾਲ ਪ੍ਰਚਾਰਦੀਆਂ ਪ੍ਰਸਾਰਦੀਆਂ ਹਨ | ਰੱਬ ਦਾ ਏ.ਸੀ.' ਕਹਾਣੀ ਬਿਆਨਦੀ ਹੈ ਕਿ ਕੁਦਰਤ ਦੇ ਸੁਹਾਵਣੇ ਵਾਤਾਵਰਨ ਵਾਲੇ ਠੰਢੇ ਏਅਰ ਕੰਡੀਸ਼ਨਰਾਂ ਅੱਗੇ ਬਿਜਲਈ ਏਅਰ ਕੰਡੀਸ਼ਨਰ ਦਾ ਮਹੱਤਵ ਨਹੀਂ ਹੈ | ਕੇਲੇ ਦਾ ਛਿਲਕਾ' ਕਹਾਣੀ ਵਿਚ ਕੇਲਾ ਖਾ ਕੇ ਛਿਲਕਾ ਸੜਕ ਤੇ ਸੁੱਟਣ ਵਾਲੇ ਮਨਮੀਤ ਨੂੰ  ਆਪਣੀ ਗ਼ਲਤੀ ਦਾ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਕਿਸੇ ਹੋਰ ਵਲੋਂ ਸੁੱਟੇ ਕੇਲੇ ਦੇ ਛਿਲਕੇ ਤੋਂ ਤਿਲਕਣ ਕਾਰਨ ਉਸਦਾ ਕੁਦਰਤੀ ਬਚਾਅ ਹੋ ਜਾਂਦਾ ਹੈ |  ਪੱਗ ਕਹਾਣੀ ਰਾਹੀਂ ਪੱਗ ਦਾ ਬਹੁਪੱਖੀ ਮਹੱਤਵ ਉਦੋਂ ਸਿੱਧ ਹੁੰਦਾ ਹੈ ਜਦੋਂ ਜੀਤਾ ਸਵਿਮਿੰਗ ਪੂਲ ਵਿਚ ਡਿਗ ਰਹੇ ਬੱਚੇ ਨੂੰ  ਬਚਾਉਂਦਾ ਹੈ |ਪੱਥਰ ਕੌਰ' ਕਹਾਣੀ ਧੀਆਂ ਦੀ ਦਲੇਰੀ ਤੇ ਗੁਣਾਂ ਦਾ ਵਿਖਿਆਨ ਕਰਦੀ ਹੈ |ਅਮਰੂਦ ਦਾ ਰੁੱਖ ਕਹਾਣੀ ਦਾ ਵਿਸ਼ਾ ਪ੍ਰਕਿਰਤਕ ਸੁਰੱਖਿਆ ਦਾ ਸੁਨੇਹਾ ਦਿੰਦਾ ਹੈ | ਇਸ ਪ੍ਰਕਾਰ 'ਈਸ਼ਾ' ਦੀਆਂ ਇਹ ਕਹਾਣੀਆਂ ਬਾਲ-ਪਾਠਕਾਂ ਨੂੰ  ਵਾਤਾਵਰਨ-ਚੇਤਨਾ, ਮਾਨਵੀ-ਸਾਂਝ, ਸਨੇਹ, ਨਿਮਰਤਾ, ਪਰਉਪਕਾਰ, ਲਗਨ, ਮਿਹਨਤ, ਦਾਨ, ਅਨੁੁਸ਼ਾਸਨ-ਪਸੰਦੀ, ਆਸਾਂ-ਉਮੀਦਾਂ, ਸਫ਼ਾਈ ਪ੍ਰਤੀ ਜਾਗਰੂਕ ਕਰਦੀਆਂ ਹਨ | ਇਹ ਕਹਾਣੀਆਂ ਰੂੜੀਵਾਦੀ, ਅੰਧ-ਵਿਸ਼ਵਾਸ ਅਤੇ ਪਿਛਾਂਹ-ਖਿੱਚੂ ਸੋਚ ਦਾ ਤਿਆਗ ਕਰ ਕੇ ਆਪਣੀ ਮਾਤ-ਭਾਸ਼ਾ ਦਾ ਸਤਿਕਾਰ ਕਰਨ ਦੀ ਜੀਵਨ-ਜਾਚ ਸਿਖਾਉਂਦੀਆਂ ਹਨ | ਚੌਗਿਰਦੇ ਵਿਚ ਚੇਤਨਾ ਦਾ ਚਾਨਣ ਫੈਲਾਉਣ ਦਾ ਸੰਦੇਸ਼ ਵੀ ਇਨ੍ਹਾਂ ਰਾਹੀਂ ਹੀ ਮਿਲਦਾ ਹੈ | ਈਸ਼ਾ ਦੀਆਂ ਇਨ੍ਹਾਂ ਬਾਲ-ਕਹਾਣੀਆਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ  ਛੋਟੇ ਆਕਾਰ ਦੀਆਂ ਹੋਣ ਦੇ ਬਾਵਜੂਦ ਆਪਣੇ ਅੰਦਰ  ਡੂੰਘੇ ਅਰਥ ਛੁੁਪਾਈ ਬੈਠੀਆਂ ਹਨ | ਮਿਆਰੀ ਅਤੇ ਪੜ੍ਹਨਯੋਗ ਕਹਾਣੀਆਂ ਦੀ ਇਹੋ ਵਿਸ਼ੇਸ਼ਤਾ ਹੁੰਦੀ ਹੈ | ਇਨ੍ਹਾਂ ਕਹਾਣੀਆਂ ਦੇ ਪਾਤਰ ਮਾਨਵੀ ਵੀ ਹਨ ਅਤੇ ਰੁੱਖ-ਬੂਟੇ ਵੀ | ਕਹਾਣੀ ਲਿਖਣ ਸਮੇਂ ਕਹਾਣੀਕਾਰਾ ਸਿਰਜੀ ਰਹੀ ਘਟਨਾ ਦੀ ਤੰਦ ਨੂੰ  ਟੁੱਟਣ ਨਹੀਂ ਦਿੰਦੀ | ਕਹਾਣੀਆਂ ਵਿਚ ਕੋਈ ਬਣਾਵਟੀਪਨ ਨਹੀਂ ਝਲਕਦਾ ਹੈ | ਇਹ ਬਾਲ ਕਹਾਣੀਆਂ ਪੜ੍ਹਦੇ ਹੋਏ ਬੱਚੇ ਮਹਿਸੂਸ ਕਰਨਗੇ ਕਿ ਇਹ ਤਾਂ ਸਾਡੇ ਆਪਣੇ ਨਾਲ ਵਾਪਰੀਆਂ ਘਟਨਾਵਾਂ ਹਨ | ਕਹਾਣੀਕਾਰਾ ਨੇ ਸਾਡੇ ਦਿਲ ਦੀ ਕਿਵੇਂ ਬੁੱਝ ਲਈ? ਸਫਲਤਾ ਦਾ ਇਹੀ ਰਾਜ਼ ਇਹਨਾਂ ਕਹਾਣੀਆਂ ਵਿਚ ਛੁੁਪਿਆ ਹੋਇਆ ਹੈ |
ਆਸ ਕਰਦਾ ਹਾਂ ਕਿ ਈਸ਼ਾ ਭਵਿੱਖ ਵਿਚ ਬਾਲਾਂ ਦੇ ਹਿਰਦਿਆਂ ਨੂੰ  ਟੁੰਬਣ ਵਾਲੀਆਂ ਅਜਿਹੀਆਂ ਹੋਰ ਵੀ ਮਿਆਰੀ ਕਹਾਣੀਆਂ ਦੀ ਸਿਰਜਣਾ ਕਰੇਗੀ |

-ਡਾ. ਦਰਸ਼ਨ ਸਿੰਘ 'ਆਸ਼ਟ'
ਮੋਬਾਈਲ : 98144-23703

ਮਾਂ ਰੂਪ ਰੱਬ ਦਾ
ਲੇਖਕ : ਨਰਿੰਦਰ ਕੁਮਾਰ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼
ਮੁੱਲ : 300 ਰੁਪਏ, ਸਫ਼ੇ : 112


ਸੰਪਰਕ : 97794-58613


ਨਰਿੰਦਰ ਕੁਮਾਰ ਨੇ  ਇਸ ਪੁਸਤਕ  ਵਿਚ ਆਪਣੇ ਤਿੰਨ ਇਕਾਂਗੀ ਸ਼ਾਮਿਲ ਕੀਤੇ ਹਨ | ਪਹਿਲਾ ਇਕਾਂਗੀ ਮਾਂ ਹੈ ਜਿਸ ਵਿਚ ਮਾਂ ਦੀ ਮਹਿਮਾ ਤੇ ਮਮਤਾ ਦੀ ਗੱਲ ਕਰਦਾ ਹੋਇਆ ਭਰੂਣ ਹੱਤਿਆ ਤੇ ਫਿਟਕਾਰ ਹੈ | ਦੂਜਾ ਨਾਟਕ ਹੈ ਰੂਪ ਜਿਸ ਦਾ ਨਾਇਕ ਰੂਪ ਆਪਣੇ ਹਾਣ ਦੇ ਬੱਚਿਆਂ ਨਾਲ ਗੱਲਾਂ ਕਰਦਾ ਹੈ ਅਤੇ ਇਨ੍ਹਾਂ ਬੱਚਿਆਂ ਦੀ ਵਾਰਤਾਲਾਪ ਵਿਚੋਂ ਘਰਾਂ ਦੇ ਸਿਆਣਿਆਂ ਵਲੋਂ ਸਿਰਜੀਆਂ ਸਮਾਜਕ ਅਲਾਮਤਾਂ ਦੇ ਦਰਸ਼ਨ ਹੁੰਦੇ ਹਨ |  ਪੁਸਤਕ ਦਾ ਤੀਸਰਾ ਨਾਟਕ ਹੈ ਰੱਬ ਜਿਸ ਵਿਚ ਰੱਬ ਦੇ ਭਰੋਸੇ ਦੀ ਗੱਲ ਹੈ | ਲੇਖਕ ਨੇ ਇਨ੍ਹਾਂ ਤਿੰਨਾਂ ਨਾਟਕਾਂ ਦੇ ਸੰਗਿ੍ਹ ਨੂੰ  'ਮਾਂ ਰੂਪ ਰੱਬ ਦਾ' ਨਾਂਅ ਦੇ ਦਿੱਤਾ | ਨਾਟਕਾਂ ਦੇ ਵਿਸ਼ੇ ਸਮਾਜਿਕ ਹਨ, ਭਰੂਣ ਹੱਤਿਆ, ਨਸ਼ੇ, ਭਿ੍ਸ਼ਟਾਚਾਰ, ਧਰਮ, ਪਿਆਰ ਮੁਹੱਬਤ ਇਹ ਸਭ ਸਾਡੇ ਸਮਾਜ ਵਿਚ ਹਰ ਮਹਿਫਲ ਦੀ  ਚਰਚਾ ਹਨ | ਨਾਟਕਕਾਰ ਨੇ ਇਨ੍ਹਾਂ ਵਿਸ਼ਿਆਂ ਨੂੰ  ਲੈ ਕੇ ਹੀ ਆਪਣੇ ਨਾਟਕਾਂ ਦਾ ਬਿਰਤਾਂਤ ਸਿਰਜਿਆ ਹੈ | ਨਾਟਕਾਂ ਦੇ ਪਾਤਰਾਂ ਰਾਹੀਂ ਸਮਾਜ  ਨੂੰ   ਉਸ ਨੇ  ਚੰਗਾ ਸੁਨੇਹਾ ਦਿੱਤਾ ਹੈ | ਮਾਂ ਨਾਟਕ ਵਿਚ ਕਲਾਈਮੈਕਸ ਵਿਚ ਨਵ ਜੰਮੀ ਨੂਰੀ ਦੀ ਅਵਾਜ਼ 'ਦਾਦੀ ਜੀ ਤੁਹਾਨੂੰ ਪਤੈ ਡਾਕਟਰਾਂ ਤੇ ਨਰਸਾਂ ਨੇ ਮੇਰੇ ਮੰਮੀ ਜੀ ਨੂੰ  ਵੀ ਬਹੁਤ ਦੁਖੀ ਕੀਤਾ ਤੇ ਮੈਨੂੰ ਵੀ ਬਹੁਤ ਤੰਗ ਕੀਤਾ, ਦਾਦੀ ਜੀ ਤੁਸੀਂ ਇਨ੍ਹਾਂ ਡਾਕਟਰਾਂ ਤੇ ਨਰਸਾਂ ਤੇ ਕੰਨ ਫੜ ਕੇ ਪੱੁਛਿਓ ਕਿ ਇਨ੍ਹਾਂ ਨੇ ਸਾਡੇ ਨਾਲ ਇੰਝ  ਕਿਉਂ ਕੀਤੈ' ਇਹ ਬੋਲ ਸਮਾਜ ਦੇ ਇੱਕ ਵਰਗ ਨੂੰ  ਵੱਡਾ ਸਵਾਲ ਹੈ | 
ਨਾਟਕ 'ਰੱਬ' ਵਿਚ ਨਾਟਕਕਾਰ ਨੇ ਵੱਖਰੀ ਤਰ੍ਹਾਂ ਦਾ ਬਿਰਤਾਂਤ ਪਾਠਕਾਂ ਨਾਲ ਸਾਂਝਾ ਕੀਤਾ ਹੈ ਕਿ ਦੁਨੀਆ  ਦੇ ਸਾਫ਼ਟਵੇਅਰ ਵਿਚ ਇਮਾਨਦਾਰੀ ਦੇ ਸਿਸਟਮ ਨੂੰ  ਫਿੱਟ ਕਰਨ ਨਾਲ ਸੁਖੀ ਅਤੇ ਖੁਸ਼ਹਾਲ ਜੀਵਨ ਦਾ ਮੁੱਢ ਬੱਝ ਸਕਦਾ ਹੈ | ਆਪਣੇ ਵਲੋਂ ਲਿਖੇ  ਸ਼ਬਦਾਂ ਰਾਹੀਂ ਨਾਟਕਕਾਰ ਦਸਦਾ ਹੈ ਕਿ ਇਨ੍ਹਾਂ ਨਾਟਕਾਂ ਦੇ ਵਿਸ਼ੇ ਉਸ ਨੂੰ  ਪਰਿਵਾਰਕ ਗੱਲ ਬਾਤ ਅਤੇ ਦੁਨੀਆ 'ਤੇ ਵਿਚਰਦਿਆਂ ਮਿਲੇ ਹਨ | ਇਨ੍ਹਾਂ ਨਾਟਕਾਂ ਦੇ ਪਾਤਰ ਉਸ ਦੀ ਸੋਚ ਵਿਚ ਘੁੰਮਦੇ ਰਹੇ ਅਤੇ ਫਿਰ ਉਹ ਪਾਤਰ ਆਪਸ ਵਿਚ ਸੰਵਾਦ ਰਚਾਉਂਦੇ ਰਹੇ | ਇਸ ਤਰ੍ਹਾਂ ਦੀ ਸਿਰਜਨ ਪ੍ਰਕਿਰਿਆ ਵਿਚੋਂ ਇਹ ਤਿੰਨੇ ਨਾਟਕ ਉਪਜੇ ਹਨ | 

-ਨਿਰਮਲ ਜੌੜਾ
ਮੋਬਾਈਲ : 98140-78799

Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ 24 ਘੰਟਿਆਂ ’ ਚ 13 ਸਾਲਾ ਲਾਪਤਾ ਬੱਚਾ ਲੱਭਿਆ ਅਗਲੀ ਖ਼ਬਰ ਵਿਚਾਰ-ਪ੍ਰਵਾਹ
Ad Position 24