ਪੰਜਾਬੀ ਮਾਂ ਬੋਲੀ ਦੇ ਆਲਮ-ਬਰਦਾਰ
ਲੇਖਕ : ਤਰਸੇਮ ਸਿੰਘ ਭੰਗੂ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 395 ਰੁਪਏ, ਸਫ਼ੇ : 200
ਸੰਪਰਕ : 94656-56214
'ਪੰਜਾਬੀ ਮਾਂ ਬੋਲੀ ਦੇ ਆਲਮ-ਬਰਦਾਰ' ਪੁਸਤਕ ਲੇਖਕ ਤਰਸੇਮ ਸਿੰਘ ਭੰਗੂ ਦੁਆਰਾ ਉਨ੍ਹਾਂ ਚੋਣਵੀਆਂ 20 ਸ਼ਖ਼ਸੀਅਤਾਂ ਨਾਲ ਕੀਤੀਆਂ ਗਈਆਂ ਵਿਸ਼ੇਸ਼ ਮੁਲਾਕਾਤਾਂ 'ਤੇ ਆਧਾਰਿਤ ਹੈ, ਜਿਨ੍ਹਾਂ ਨੂੰ ਉਹ ਮਾਂ-ਬੋਲੀ ਦੇ ਸਹੀ ਅਰਥਾਂ ਵਿਚ ਝੰਡਾ-ਬਰਦਾਰ ਸਮਝਦਾ ਹੈ | ਪੁਸਤਕ ਰੂਪ ਵਿਚ ਆਉਣ ਤੋਂ ਪਹਿਲਾਂ ਇਹ ਸਭ ਮੁਲਾਕਾਤਾਂ ਇਕ ਰੋਜ਼ਾਨਾ ਅਖ਼ਬਾਰ ਵਿਚ ਵੀ ਛਪ ਚੁੱਕੀਆਂ ਹਨ | ਇਨ੍ਹਾਂ 20 ਮੁਲਾਕਾਤਾਂ ਵਿਚੋਂ 12 ਰਵਾਇਤੀ ਸਵਾਲਾਂ-ਜਵਾਬਾਂ ਦੇ ਰੂਪ ਵਿਚ ਹਨ ਜਦ ਕਿ ਬਾਕੀ 8 ਮੁਲਾਕਾਤਾਂ ਨੂੰ ਸ਼ਬਦ-ਚਿੱਤਰਾਂ ਦੇ ਰੂਪ ਵਿਚ ਢਾਲਕੇ ਪੇਸ਼ ਕੀਤਾ ਗਿਆ ਹੈ | ਲੇਖਕ ਦੀ ਇਹ ਚੋਣ ਸਿਰਜਨਾਤਮਿਕ ਲੇਖਕਾਂ, ਆਲੋਚਕਾਂ, ਚਿੰਤਕਾਂ, ਕਲਾਕਾਰਾਂ, ਸਮਾਜਿਕ ਕਾਰਕੁੰਨਾਂ, ਅਧਿਆਪਕਾਂ ਆਦਿ ਅਨੇਕ ਸਮਾਜਿਕ ਦਾਇਰਿਆਂ ਵਿਚ ਵਿਚਰਨ ਵਾਲੇ ਨੁਮਾਇੰਦੇ ਲੋਕਾਂ ਵਿਚੋਂ ਹੈ | ਬੇਸ਼ੱਕ ਕੁਝ ਦੀ ਸਰਗਰਮੀ ਸੀਮਤ ਤੇ ਸਥਾਨਕ ਪੱਧਰ ਦੀ ਵੀ ਹੋਵੇ ਪਰ ਉਨ੍ਹਾਂ ਦਾ ਜੀਵਨ-ਸੰਘਰਸ਼ ਤੇ ਪ੍ਰਤਿਬੱਧਤਾ ਪ੍ਰੇਰਨਾਮਈ ਤੇ ਸੇਧਪੂਰਨ ਹੈ | ਪਿ੍ੰਸੀਪਲ ਸੁਜਾਨ ਸਿੰਘ, ਸੁਲੱਖਣ ਸਰਹੱਦੀ, ਡਾ. ਬਲਦੇਵ ਸਿੰਘ ਬੱਦਨ, ਬੀਬਾ ਬਲਵੰਤ, ਕ੍ਰਿਪਾਲ ਸਿੰਘ ਯੋਗੀ, ਕੁਲਬੀਰ ਬਡੇਸਰੋਂ, ਡਾ. ਅਨੂਪ ਸਿੰਘ, ਅਮਰਜੀਤ 'ਅਕਸ', ਫੋਟੋਗ੍ਰਾਫ਼ਰ ਹਰਭਜਨ ਬਾਜਵਾ, ਅਮਰਜੀਤ ਗੁਰਦਾਸਪੁਰੀ ਆਦਿ ਸ਼ਖ਼ਸੀਅਤਾਂ ਨਾਲ ਕੀਤੀਆਂ ਮੁਲਾਕਾਤਾਂ ਨੂੰ ਇਸ ਪੁਸਤਕ ਦਾ ਵਿਸ਼ੇਸ਼ ਹਾਸਿਲ ਕਿਹਾ ਜਾ ਸਕਦਾ ਹੈ | ਤਰਸੇਮ ਸਿੰਘ ਭੰਗੂ ਖ਼ੁਦ ਇਕ ਗਲਪ ਲੇਖਕ ਹੈ ਅਤੇ ਉਸ ਦੀ ਮੁਲਾਕਾਤ/ਸ਼ਬਦ-ਚਿੱਤਰ ਵਿਧੀ ਉੱਤੇ ਗਲਪਨਿਕਤਾ ਦੀ ਗੂੜ੍ਹੀ ਰੰਗਣ ਚੜ੍ਹੀ ਮਹਿਸੂਸ ਹੁੰਦੀ ਹੈ | ਸੰਬੰਧਿਤ ਸ਼ਖ਼ਸੀਅਤ ਦੇ ਜੀਵਨ-ਬਿਰਤਾਂਤ ਨੂੰ ਉਹ ਇਕ ਚੰਗੇ ਕਥਾਨਕੀ ਸੰਗਠਨ ਵਿਚ ਸਹਿਜੇ ਹੀ ਬੰਨ੍ਹ ਲੈਂਦਾ ਹੈ, ਜਿਸ ਕਾਰਨ ਕਥਾ ਰਸ ਇਨ੍ਹਾਂ ਲਿਖਤਾਂ ਦਾ ਮੀਰੀ ਗੁਣ ਬਣ ਕੇ ਉੱਭਰਦਾ ਹੈ | ਪ੍ਰਸ਼ਨ-ਉੱਤਰ ਵੀ ਰਸਮੀ, ਅਕਾਊ ਤੇ ਦੁਹਰਾਓਪੂਰਨ ਹੋਣ ਦੀ ਥਾਂ ਡੂੰਘੀ ਸਿਰਜਣਾਤਮਿਕ ਭਾਅ ਮਾਰਨ ਲਗਦੇ ਹਨ | ਇਸ ਵਿਚ ਕੋਈ ਸ਼ੱਕ ਨਹੀਂ ਕਿ ਖੁਰਚਵੇਂ ਪ੍ਰਸ਼ਨ ਹੀ ਕਿਸੇ ਵਿਅਕਤੀ ਅੰਦਰਲੇ ਸੱਚ ਨੂੰ ਬਾਹਰ ਲਿਆ ਸਕਦੇ ਹਨ ਪਰ ਅਜਿਹੇ ਪ੍ਰਸ਼ਨ ਪੁੱਛਣ ਵੇਲੇ ਵੀ ਸ਼ਾਲੀਨਤਾ ਤੇ ਸਾਹਿਤਕ ਅਦਬ-ਅਦਾਬ ਦੀ ਮਰਿਆਦਾ ਨੂੰ ਕਾਇਮ ਰੱਖਿਆ ਜਾਣਾ ਚਾਹੀਦਾ ਹੈ | ਭੰਗੂ ਨੇ ਅਜਿਹੇ ਮੁਲਾਕਾਤੀ ਧਰਮ ਦੀ ਪੂਰੀ ਪਾਲਣਾ ਕੀਤੀ ਹੈ | ਇਨ੍ਹਾਂ ਮੁਲਾਕਤਾਂ/ਸ਼ਬਦ-ਚਿੱਤਰਾਂ ਦੇ ਸਿਰਲੇਖ ਵੀ ਸਾਰਥਕ, ਆਕਰਸ਼ਿਕ ਤੇ ਸ਼ਖ਼ਸੀਅਤ-ਅਨੁਕੂਲ ਹਨ | 'ਇਪਟਾ ਦੀ ਪਛਾਣ ਸੀ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ' ਜਾਂ ਮੁੰਡੂ ਤੋਂ 'ਪ੍ਰੋਫ਼ੈਸਰ ਬਣਨ ਦਾ ਸਫ਼ਰ ਕਿਰਪਾਲ ਸਿੰਘ ਯੋਗੀ' ਸ਼ਾਇਦ ਹੀ ਇਸ ਤੋਂ ਢੁਕਵੇਂ ਹੋਰ ਸਿਰਲੇਖ ਹੋ ਸਕਦੇ ਹੋਣ | ਇਕ ਗੱਲ ਦੀ ਮੈਨੂੰ ਹੋਰ ਖੁਸ਼ੀ ਹੈ ਕਿ ਤਰਸੇਮ ਸਿੰਘ ਭੰਗੂ ਘਰੇਲੂ ਹਾਲਾਤਾਂ ਕਾਰਨ ਭਾਵੇਂ ਰਸਮੀ ਸਕੂਲੀ ਤੇ ਕਾਲਜੀ ਪੜ੍ਹਾਈ ਹਾਸਿਲ ਨਹੀਂ ਕਰ ਸਕਿਆ ਪਰ ਉਸ ਨੇ ਮੁਸੱਲਸਲ ਮਿਹਨਤ, ਲਗਨ ਤੇ ਦਿ੍ੜ੍ਹ ਇਰਾਦੇ ਨਾਲ ਸਿਰਜਣਾਤਮਿਕ ਲੇਖਣੀ ਵਿਚ ਚੰਗੀ ਮੁਹਾਰਤ ਪ੍ਰਾਪਤ ਕਰ ਲਈ ਹੈ | ਸਮੀਖਿਆ ਅਧੀਨ ਪੁਸਤਕ ਵੀ ਇਸ ਗੱਲ ਦਾ ਸਬੂਤ ਹੈ |
-ਡਾ. ਸੁਖਵਿੰਦਰ ਸਿੰਘ ਰੰਧਾਵਾ
ਮੋਬਾਈਲ : 98154-58666
ਜ਼ੀਰੋ ਨਾਲ ਗੁਣਾ ਹੁੰਦਿਆਂ
ਲੇਖਕ : ਜੋਗੇ ਭੰਗਲ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 118
ਸੰਪਰਕ : 94659-52938

ਜੋਗੇ ਭੰਗਲ ਪੰਜਾਬੀ ਸਾਹਿਤ ਦੇ ਜਾਗਰੂਕ ਅਤੇ ਸਮਰੱਥ ਕਲਮਕਾਰ ਹਨ | ਬੇਸ਼ੱਕ ਕਹਾਣੀ ਦੇ ਖੇਤਰ ਵਿਚ ਵੀ ਉਹ ਕਿਸੇ ਜਾਣ-ਪਛਾਣ ਦੇ ਮੁਥਾਜ਼ ਨਹੀਂ ਹਨ ਪਰ ਉਨ੍ਹਾਂ ਨੇ ਖੁੱਲ੍ਹੀਆਂ ਕਵਿਤਾਵਾਂ ਵੀ ਲਿਖੀਆਂ ਹਨ ਅਤੇ ਛੰਦਬੱਧ ਵੀ | ਸਰਲ ਸ਼ਬਦਾਵਲੀ ਵਿਚ ਵੱਡੀਆਂ-ਵੱਡੀਆਂ ਅਤੇ ਗੰਭੀਰ ਗੱਲਾਂ ਕਹਿ ਜਾਣਾ ਉਨ੍ਹਾਂ ਦੀ ਕਵਿਤਾ ਦਾ ਹਾਸਲ ਹੈ | ਹੱਥਲੇ ਕਾਵਿ-ਸੰਗ੍ਰਹਿ 'ਜ਼ੀਰੋ ਨਾਲ ਗੁਣਾ ਹੁੰਦਿਆਂ' ਵਿਚਲੀਆਂ ਇਨ੍ਹਾਂ ਸਤਰਾਂ ਵਿਚ ਉਨ੍ਹਾਂ ਦੀ ਅਜਿਹੀ ਬੇਮਿਸਾਲ ਕਾਰਾਗਰੀ ਦੀ ਹੀ ਝਲਕ ਦਿਖਾਈ ਦਿੰਦੀ ਹੈ:
ਹੰਸ ਨੂੰ ਲੈ ਕੇ ਗੋਦ ਵਿਚ,
ਬਣ ਜਾਂਦੇ ਨੇ ਬੁੱਧ,
ਵਾਰ ਬਿਠਾ ਗੰਨਾਂ 'ਤੇੇ ਘੁੱਗੀਆਂ, ਖ਼ੁਦ ਨੂੰ ਕਹਿੰਦੇ ਦੁੱਧ |
ਦੇਸ਼ ਦੇ ਆਰਥਿਕ, ਸਮਾਜਿਕ, ਧਾਰਮਿਕ ਵਰਤਾਰੇ ਦੀਆਂ ਗੁੰਝਲਾਂ ਦੇ ਨਾਲ-ਨਾਲ ਰਾਜਨੀਤਕ ਪ੍ਰਬੰਧ ਦੇ ਤਾਣੇ-ਬਾਣੇ ਤੋਂ ਵੀ ਉਹ ਪੂਰੀ ਤਰ੍ਹਾਂ ਵਾਕਿਫ਼ ਹਨ | ਉਹ ਜਾਣਦੇ ਹਨ ਕਿ ਸਿਆਸੀ ਲਾਣੇ ਦੀਆਂ ਗਿਣਤੀਆਂ-ਮਿਣਤੀਆਂ ਨੂੰ ਸਮਝ ਸਕਣਾ ਆਮ ਆਦਮੀ ਦੇ ਵੱਸ ਦੀ ਗੱਲ ਨਹੀਂ ਹੈ | ਜੋਗੇ ਭੰਗਲ ਬੇਬਾਕ ਹੋ ਕੇ ਲਿਖਦੇ ਹਨ ਕਿ ਆਪਣੀ ਹੀ ਮਰਜ਼ੀ ਨਾਲ ਸਿਆਸਤਦਾਨਾਂ ਦੇ ਵਿਛਾਏ ਜਾਲ ਵਿਚ ਫਸ ਜਾਣਾ ਅਤੇ ਫਿਰ ਅਗਲੇ ਪੰਜ ਸਾਲਾਂ ਤੱਕ ਕੁੜ੍ਹਦੇ ਰਹਿਣਾ ਲੋਕਾਂ ਦੀ ਕਿਸਮਤ ਬਣ ਗਿਆ ਹੈ:
ਘੁੱਗੀਆਂ-ਕੋਇਲਾਂ ਦਾ ਗਿਲਾ, ਕਾਂ-ਕਾਂ ਦੀ ਭਰਮਾਰ,
ਪਰ ਕੀ ਕਰੀਏ ਬੋਲੀਓ, ਉਨ੍ਹਾਂ ਦੀ ਸਰਕਾਰ |
ਜੋਗੇ ਭੰਗਲ ਨੇ ਆਪਣੀ ਕਲਮ ਤੋਂ ਪੰਜ ਕਾਵਿ-ਸੰਗ੍ਰਹਿ, ਇੱਕ ਕਾਵਿ-ਨਾਟਕ, ਇੱਕ ਇਕਾਂਗੀ ਸੰਗ੍ਰਹਿ, ਤਿੰਨ ਕਹਾਣੀ ਸੰਗ੍ਰਹਿ, ਇੱਕ ਕਾਵਿ-ਕਹਾਣੀ ਅਤੇ ਇੱਕ ਹੱਡਬੀਤੀਆਂ ਨਾਲ ਸੰਬੰਧਿਤ ਪੁਸਤਕ ਪ੍ਰਕਾਸ਼ਿਤ ਹੋ ਚੁੱਕੀ ਹੈ | ਉਨ੍ਹਾਂ ਦਾ ਮੰਨਣਾ ਹੈ ਕਿ ਵਾਰਤਕ ਅਤੇ ਕਵਿਤਾ ਦੇ ਵਿਚਕਾਰ ਇੱਕ ਲਕੀਰ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਦੀਆਂ ਲਿਖਤਾਂ ਵਿਚ ਅਜਿਹਾ ਦਿਖਾਈ ਵੀ ਦਿੰਦਾ ਹੈ | ਸਰਕਾਰੀ ਮਾਨਾਂ-ਸਨਮਾਨਾਂ ਦੀ ਝਾਕ ਵਿਚ ਕਿਸੇ ਵੀ ਤਰ੍ਹਾਂ ਦੀ ਜ਼ੁਬਾਨਬੰਦੀ ਉਨ੍ਹਾਂ ਨੂੰ ਉੱਕਾ ਹੀ ਪ੍ਰਵਾਨ ਨਹੀਂ ਹੈ | ਉਨ੍ਹਾਂ ਵਲੋਂ ਲਿਖੀ ਗਈ ਪੁਸਤਕ 'ਦਫ਼ਤਰਨਾਮਾ' ਨੂੰ ਵੀ ਇਸ ਗੱਲ ਦਾ ਪ੍ਰਮਾਣ ਸਮਝਿਆ ਜਾ ਸਕਦਾ ਹੈ ਕਿ ਉਹ ਆਪਣੀ ਕਾਰਜਸ਼ੈਲੀ ਨੂੰ ਦਫ਼ਤਰੀ ਵਰਤਾਰਿਆਂ ਮੁਤਾਬਿਕ ਨਹੀਂ ਢਾਲ ਸਕੇ | ਇਸ ਖ਼ੂਬਸੂਰਤ ਪੁਸਤਕ ਦਾ ਭਰਪੂਰ ਸਵਾਗਤ ਕਰਦਿਆਂ ਮੈਂ ਉਨ੍ਹਾਂ ਕੋਲੋਂ ਅਜਿਹੀ ਹੋਰ ਉਸਾਰੂ ਸਿਰਜਣਾ ਦੀ ਉਮੀਦ ਕਰਦਾਂ ਹਾਂ |
-ਮੋਬਾਈਲ : 98146-28027
ਭਾਵਨਾਵਾਂ ਦਾ ਸਾਗਰ
ਲੇਖਿਕਾ: ਪਰਮਿੰਦਰ ਕੌਰ ਸ਼ੈਲੋਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 158
ਸੰਪਰਕ : 98152-98459

ਆਪਣੇ ਪਿਤਾ ਡਾ. ਅਵਤਾਰ ਸਿੰਘ ਈਸੇਵਾਲ ਨੂੰ ਸਮਰਪਿਤ 'ਭਾਵਨਾਵਾਂ ਦਾ ਸਾਗਰ' ਪਰਮਿੰਦਰ ਕੌਰ ਸ਼ੈਲੋਨ ਦਾ ਪਲੇਠਾ ਕਾਵਿ-ਸੰਗ੍ਰਹਿ ਹੈ, ਜਿਨ੍ਹਾਂ ਨੂੰ ਇਕ ਸੜਕ ਹਾਦਸੇ ਨੇ ਉਨ੍ਹਾਂ ਕੋਲੋਂ ਹਮੇਸ਼ਾ ਲਈ ਖੋਹ ਲਿਆ ਸੀ | ਉਨ੍ਹਾਂ ਦੇ ਪਿਤਾ ਚਾਹੁੰਦੇ ਸਨ ਕਿ ਉਹ ਇਕ ਸਮਰੱਥ ਸਾਹਿਤਕਾਰ ਬਣਨ ਪਰ ਉਨ੍ਹਾਂ ਦੇ ਹੁੰਦਿਆਂ ਜ਼ਿੰਦਗੀ ਦੇ ਹੋਰਨਾਂ ਰੁਝੇਵਿਆਂ ਕਾਰਨ ਅਜਿਹਾ ਸੰਭਵ ਨਹੀਂ ਹੋ ਸਕਿਆ | ਉਨ੍ਹਾਂ ਨੂੰ ਅਫ਼ਸੋਸ ਹੈ ਕਿ ਆਪਣੇ ਸੁਪਨਿਆਂ ਨੂੰ ਹਕੀਕਤ ਵਿਚ ਦੇਖਣ ਲਈ ਅੱਜ ਉਨ੍ਹਾਂ ਦੇ ਪਿਤਾ ਮੌਜੂਦ ਨਹੀਂ ਹਨ:
ਡੈਡੀ ਦੀਆਂ ਰਹਿਮਤਾਂ ਨੇ
ਮੈਨੂੰ ਕਰਜ਼ਾਈ ਕੀਤਾ ਹੋਇਆ ਹੈ |
ਉਨ੍ਹਾਂ ਦੇ ਸੁਪਨੇ ਪੂਰੇ ਕਰਨ ਦਾ
ਮੈਂ ਬੀੜਾ ਚੁੱਕਿਆ ਹੋਇਆ ਹੈ |
ਪਰਮਿੰਦਰ ਕੌਰ ਸ਼ੈਲੋਨ ਲਿਖਦੇ ਹਨ ਕਿ ਅਜੋਕੇ ਦੌਰ ਦੇ ਮਨੁੱਖ ਨੂੰ ਸਮਝਣਾ ਜੇਕਰ ਅਸੰਭਵ ਨਹੀਂ, ਤਾਂ ਮੁਸ਼ਕਿਲ ਜ਼ਰੂਰ ਹੋ ਗਿਆ ਹੈ | ਹਰ ਵਿਅਕਤੀ ਆਪਣਾ ਨਕਲੀ ਚਿਹਰਾ ਦਿਖਾ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਦੀ ਕੋਸ਼ਿਸ਼ ਵਿਚ ਰਹਿੰਦਾ ਹੈ | ਅਸਲ ਵਿਚ ਜਿਹੋ ਜਿਹੇ ਅਸੀਂ ਹੁੰਦੇ ਹਾਂ, ਉਹੋ ਜਿਹੇ ਦਿਸਣਾ ਨਹੀਂ ਚਾਹੁੰਦੇ ਅਤੇ ਜਿਹੋ ਜਿਹੇ ਦਿਸਣ ਦੀ ਕੋਸ਼ਿਸ਼ ਕਰਦੇ ਹਾਂ, ਉਹੋ ਜਿਹੇ ਹੁੰਦੇ ਨਹੀਂ ਹਾਂ | ਇਸੇ ਝੂਠੇ-ਮੂਠੇ ਛੜਯੰਤਰੀ ਪਰਪੰਚ ਦੇ ਕਾਰਨ ਹੀ ਮਨੁੱਖ ਆਪਣੀ ਭਰੋਸੇਯੋਗਤਾ ਗੁਆ ਬੈਠਾ ਹੈ:
ਲੋਕ ਮਰ ਚੁੱਕੇ ਇਨਸਾਨ ਦੇ
ਭੋਗ 'ਤੇੇ ਵੱਡੇ ਵੱਡੇ ਭਾਸ਼ਣ ਦਿੰਦੇ ਨੇ.
ਪਰ ਔਖੇ ਵੇਲੇ ਕਦੇ ਨਾ ਉਸ ਨੂੰ ਰਾਸ਼ਨ ਦਿੰਦੇ ਨੇ |
ਇਹ ਪੁਸਤਕ ਸੱਚਮੁੱਚ ਹੀ ਉਨ੍ਹਾਂ ਔਰਤਾਂ ਦੀਆਂ ਭਾਵਨਾਵਾਂ ਦਾ ਸਾਗਰ ਹੋ ਨਿੱਬੜਦੀ ਹੈ, ਜਿਹੜੀਆਂ ਆਪਣੇ ਜੀਵਨ ਦੇ ਦੁੱਖਾਂ-ਦਰਦਾਂ ਨੂੰ ਮਹਿਸੂਸ ਤਾਂ ਕਰਦੀਆਂ ਹਨ ਪਰ ਪਰੰਪਰਾਵਾਂ ਦੇ ਡਰ ਜਾਂ ਭਰੋਸੇ ਦੀ ਘਾਟ ਕਾਰਨ ਉਨ੍ਹਾਂ ਨੂੰ ਕਿਸੇ ਨਾਲ ਸਾਂਝਾਂ ਕਰਨ ਤੋਂ ਝਿਜਕਦੀਆਂ ਰਹਿੰਦੀਆਂ ਹਨ | ਪਰਮਿੰਦਰ ਕੌਰ ਸ਼ੈਲੋਨ ਦੀਆਂ ਕਵਿਤਾਵਾਂ ਸਮੁੱਚੇ ਔਰਤ ਵਰਗ ਦੇ ਅਹਿਸਾਸਾਂ ਦੀ ਤਰਜਮਾਨੀ ਕਰਦੀਆਂ ਪ੍ਰਤੀਤ ਹੁੰਦੀਆਂ ਹਨ | ਉਨ੍ਹਾਂ ਕੋਲ ਪਰਿਵਾਰਕ, ਸਮਾਜਿਕ ਅਤੇ ਧਾਰਮਿਕ ਮਸਲਿਆਂ ਨੂੰ ਸਮਝਣ ਦੀ ਦਿ੍ਸ਼ਟੀ ਵੀ ਹੈ ਅਤੇ ਉਨ੍ਹਾਂ ਦਾ ਸਹਿਜ ਮੁੱਲਾਂਕਣ ਕਰਨ ਦੀ ਕਲਾ ਵੀ | ਅਜਿਹੀ ਬੇਹੱਦ ਪਿਆਰੀ ਅਤੇ ਮਿਆਰੀ ਪੁਸਤਕ ਦੀ ਪ੍ਰਕਾਸ਼ਨਾ ਲਈ ਮੈਂ ਉਨ੍ਹਾਂ ਨੂੰ ਹਾਰਦਿਕ ਵਧਾਈ ਦਿੰਦਾ ਹਾਂ |
c c c
ਇਕ ਪਿਆਸ ਸੀ
ਲੇਖਕ : ਗੁਰਬਖ਼ਸ਼ ਸਿੰਘ ਸੈਣੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 500 ਰੁਪਏ, ਸਫ਼ੇ : 295
ਸੰਪਰਕ :98880-24143

ਇਹ ਗੁਰਬਖ਼ਸ਼ ਸਿੰਘ ਸੈਣੀ ਦੀ ਛੇਵੀਂ ਕਾਵਿ ਪੁਸਤਕ ਹੈ | ਇਸ ਵਿਚ 58 ਕਵਿਤਾਵਾਂ, 73 ਗ਼ਜ਼ਲਾਂ, 28 ਗੀਤ, 29 ਰੁਬਾਈਆਂ ਅਤੇ 65 ਸ਼ੇਅਰ ਸ਼ਾਮਲ ਹਨ | ਕਵਿਤਾਵਾਂ ਤੋਂ ਲਗਦਾ ਹੈ ਕਿ ਇਹ ਸਾਹਿਤਕਾਰ ਦੇ ਸ਼ੁਰੂਆਤੀ ਦੌਰ ਦੀਆਂ ਰਚਨਾਵਾਂ ਹਨ | ਇਹ ਕਿਤੇ ਕਾਵਿ ਰੂਪ ਵਿਚ, ਕਿਤੇ ਖੁੱਲ੍ਹੀ ਕਵਿਤਾ ਅਤੇ ਕਿਤੇ ਵਾਰਤਕ ਰੂਪ ਵਿਚ ਹਨ | ਇਨ੍ਹਾਂ ਦੇ ਵਿਸ਼ੇ 25-30 ਸਾਲ ਪਹਿਲਾਂ ਦੇ ਸਮਾਜਿਕ ਸਰੋਕਾਰਾਂ ਨੂੰ ਦਰਸਾਉਂਦੇ ਹਨ ਅਤੇ ਕਵੀ ਦੀ ਉਸ ਸਮੇਂ ਦੀ ਕਾਵਿ-ਦਿ੍ਸ਼ਟੀ ਦਾ ਪਤਾ ਦਿੰਦੇ ਹਨ | ਗ਼ਜ਼ਲਾਂ ਪੜ੍ਹਦਿਆਂ ਹੀ ਗ਼ਜ਼ਲਗੋ ਦੀ ਪ੍ਰਪੱਕਤਾ ਸਪੱਸ਼ਟ ਹੋ ਜਾਂਦੀ ਹੈ | ਇਹ ਗ਼ਜ਼ਲਾਂ ਅਰੂਜ਼ ਦੇ ਮੁੱਢਲੇ ਨਿਯਮਾਂ ਦਾ ਪਾਲਣ ਕਰਦੀਆਂ ਲਗਦੀਆਂ ਹਨ | ਮਨੁੱਖੀ ਔਕੜਾਂ, ਸੁਭਾਅ, ਸਮਾਜਿਕ, ਪਰਿਵਾਰਕ, ਧਾਰਮਿਕ ਅਤੇ ਰਾਜਨੀਤਕ ਮੁੱਦਿਆਂ ਨੂੰ ਦਰਸਾਉਂਦੀਆਂ ਇਹ ਰਚਨਾਵਾਂ ਲੇਖਕ ਦੀ ਦੂਰ-ਦਿ੍ਸ਼ਟੀ ਅਤੇ ਚੇਤਨਤਾ ਦਾ ਪ੍ਰਮਾਣ ਹਨ | ਸਿਰਲੇਖ ਹੀ ਪਾਠਕ ਨੂੰ ਗ਼ਜ਼ਲ ਪੜ੍ਹਨ ਲਈ ਉਤਸੁਕ ਕਰ ਦਿੰਦੇ ਹਨ |
ਗੀਤ ਆਮ ਗੀਤ-ਰੂਪ ਨਾਲੋਂ ਲੰਬੇ ਹਨ | ਇਨ੍ਹਾਂ ਵਿਚ ਪੰਜਾਬੀ ਸੱਭਿਆਚਾਰ ਦੀ ਸਾਫ਼ ਝਲਕ ਮਿਲਦੀ ਹੈ | ਰੁਬਾਈਆਂ ਦੀ ਸ਼ਬਦਾਵਲੀ ਮਨ ਨੂੰ ਟੁੰਬਦੀ ਹੈ | ਇਨ੍ਹਾਂ ਵਿਚ ਵੀ ਅਰੂਜ਼ ਦੀ ਝਲਕ ਹੈ ਭਾਵੇਂ ਕਿਤੇ ਕਾਫ਼ੀਏ ਬੇਮੇਲ ਹੋ ਗਏ ਹਨ | ਹਰ ਸਿਰਲੇਖ ਹੇਠ ਵੱਖੋ-ਵੱਖ ਵਿਸ਼ਿਆਂ ਵਾਲੀਆਂ ਕਈ ਰੁਬਾਈਆਂ ਇਕੱਠੀਆਂ ਛਪੀਆਂ ਹਨ |
ਅੰਤ ਵਿਚ ਦਿੱਤੇ 65 ਸ਼ੇਅਰਾਂ ਵਿਚ ਸ਼ਾਇਰੀ ਦੀ ਕਲਾ ਭਾਵਭਿੰਨੀ ਹੈ | ਇਨ੍ਹਾਂ ਵਿਚੋਂ 10 ਤੋਂ ਵੱਧ ਸ਼ੇਅਰ ਵੱਖ-ਵੱਖ ਥਾਵਾਂ ਉੱਤੇ ਦੁਹਰਾਏ ਵੀ ਗਏ ਹਨ |
ਸਮੁੱਚੇ ਤੌਰ 'ਤੇ ਸੈਣੀ ਜੀ ਦੀ ਇਹ ਹਿੰਮਤ ਕਾਬਿਲ-ਏ-ਦਾਦ ਹੈ ਕਿ ਉਨ੍ਹਾਂ ਨੇ ਇੱਕੋ ਪੁਸਤਕ ਵਿਚ 'ਕੁੱਜੇ ਵਿਚ ਸਮੁੰਦਰ' ਵਾਲੀ ਗੱਲ ਸੱਚ ਕਰ ਵਿਖਾਈ | ਪਰ ਪੁਸਤਕ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਸ਼ਬਦ-ਜੋੜਾਂ ਅਤੇ ਵਿਆਕਰਨਕ ਪੱਖ ਵੱਲ ਹੋਰ ਸੰਜੀਦਗੀ ਦੀ ਲੋੜ ਮਹਿਸੂਸ ਹੁੰਦੀ ਹੈ | ਹਰ ਸਾਹਿਤ-ਪ੍ਰੇਮੀ ਨੂੰ ਇਹ ਰਚਨਾਵਾਂ ਪੜ੍ਹਨੀਆਂ ਚਾਹੀਦੀਆਂ ਹਨ |
-ਡਾ. ਇੰਦਰ ਪਾਲ ਸਿੰਘ
ਮੋਬਾਈਲ : 97795-84235''
ਪੋਥੀ ਬਿਬੇਕ ਬੋਧ
ਮੂਲ ਲੇਖਕ : ਬ੍ਰਹਮਗਿਆਨੀ ਸੰਤ ਬੰਨਾ ਰਾਮ ਜੀ
ਸੰਪਾਦਕ : ਸੁਖਵਿੰਦਰ ਸਿੰਘ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ ਮੁਹਾਲੀ
ਮੁੱਲ : 500 ਰੁਪਏ, ਸਫ਼ੇ : 158
ਸੰਪਰਕ : 98728-13433

ਇਸ ਹਥਲੀ ਪੋਥੀ ਨੂੰ ਵਾਚਣ ਤੋਂ ਪਿੱਛੋਂ ਇਹ ਗੱਲ ਭਲੀ-ਭਾਂਤ ਸਪੱਸ਼ਟ ਹੁੰਦੀ ਹੈ ਕਿ ਇਸ ਦੇ ਲੇਖਕ ਬ੍ਰਹਮਗਿਆਨ ਦੀ ਅਵਸਥਾ ਵਿਚ ਵਿਚਰਨ ਵਾਲੀ ਸਤਿਕਾਰਯੋਗ ਸ਼ਖ਼ਸੀਅਤ ਸਨ | ਇਸ ਪੋਥੀ ਦਾ ਰਚਨਾਕਾਲ ਲਗਭਗ ਇਕ ਸਦੀ ਪਹਿਲਾਂ ਦਾ ਹੈ | ਅਸਲ ਵਿਚ ਅਧਿਆਤਮਿਕਵਾਦ ਆਤਮਿਕ ਪੱਖੋਂ ਪ੍ਰਭੂ-ਰੰਗ ਵਿਚ ਭਿੱਜੀਆਂ ਰੂਹਾਂ ਦੇ ਪਾਂਧੀ ਪ੍ਰਭੂ-ਭਗਤਾਂ ਦਾ ਹੈ | ਇਸ ਲਈ ਸਖ਼ਤ ਅਭਿਆਸ ਦੀ ਲੋੜ ਪੈਂਦੀ ਹੈ | ਇਸ ਪੋਥੀ ਦੇ ਮੂਲ ਲੇਖਕ ਬ੍ਰਹਮਗਿਆਨੀ ਸੰਤ ਬੰਨਾ ਰਾਮ ਜੀ ਉਦਾਸੀਨ ਸੰਪ੍ਰਦਾ ਨਾਲ ਸੰਬੰਧਿਤ ਸ਼ਖ਼ਸੀਅਤ ਸਨ | ਪੁਸਤਕ ਵਿਚ ਪ੍ਰਸ਼ਨ-ਉੱਤਰ ਪ੍ਰਣਾਲੀ ਰਾਹੀਂ ਅਧਿਆਤਮਿਕਤਾ ਤੋਂ ਉੱਪਜੇ ਪ੍ਰਸ਼ਨ ਜੋ ਜਗਿਆਸੂ-ਜਨਾਂ ਅੰਦਰ ਗਿਆਨ ਦਾ ਚਾਨਣ ਵੰਡਣ ਲਈ ਕੀਤਾ ਸਫ਼ਲ ਉਪਰਾਲਾ ਹੈ | ਸੰਤ ਜੀ ਨੇ ਇਸ ਭਾਰਤ-ਭੂਮੀ ਦਾ ਭ੍ਰਮਣ ਕਰਦਿਆਂ ਵੱਖ-ਵੱਖ ਅਧਿਆਤਮਿਕ ਕੇਂਦਰਾਂ ਵਿਸ਼ੇਸ਼ ਕਰਕੇ ਸਨਾਤਨ ਧਰਮ ਦੇ ਉੱਘੇ ਅਸਥਾਨਾਂ ਤੋਂ ਪ੍ਰਾਪਤ ਕੀਤੇ ਗਿਆਨ ਨੂੰ ਆਪਣੇ ਆਸ਼ਰਮ ਵਿਚ ਪੜ੍ਹਦੇ ਵਿਦਿਆਰਥੀਆਂ ਦੀ ਸਹੂਲਤ ਲਈ ਇਹ ਵੱਡਾ ਕਾਰਜ ਕੀਤਾ ਹੈ | ਪੁਸਤਕ ਦੇ ਸੂਝਵਾਨ ਵਿਦਵਾਨ ਸੰਪਾਦਕ ਨੇ ਸਖ਼ਤ ਘਾਲਣਾ ਘਾਲ ਕੇ ਇਸ ਅਧਿਆਤਮਿਕ ਗਿਆਨ ਦੇ ਗ੍ਰੰਥ ਨੂੰ ਪਾਠਕਾਂ ਦੇ ਸਨਮੁੱਖ ਪੇਸ਼ ਕੀਤਾ ਹੈ | ਇਸ ਪੋਥੀ ਦਾ ਮੂਲ ਪਾਠ ਲੜੀਵਾਰ ਲਿਖਤ ਸੀ, ਉਸ ਸਮੇਂ ਹਥ-ਲਿਖਤ ਖਰੜੇ ਤਕਰੀਬਨ ਸਾਰੇ ਲੜੀਵਾਰ ਮਿਲਦੇ ਸਨ | ਇਹ ਪੋਥੀ ਧਰਮ ਦੇ ਵਿਦਵਾਨਾਂ ਅਤੇ ਵਿਦਿਆਰਥੀਆਂ ਦੀ ਨਜ਼ਰ ਤੋਂ ਓਝਲ ਸੀ | ਹੁਣ ਇਹ ਪੋਥੀ ਸਿੱਖਿਆਰਥੀਆਂ, ਖੋਜੀਆਂ ਤੇ ਧਰਮ ਦੇ ਵਿਦਵਾਨਾਂ ਲਈ ਵੀ ਵਿਚਾਰਾਂ ਦਾ ਵਿਸ਼ਾ ਬਣ ਸਕੇਗੀ |
ਇਹ ਗੱਲ ਸਪੱਸ਼ਟ ਹੈ ਕਿ ਪੋਥੀ ਦਾ ਵਿਸ਼ਾ-ਵਸਤੂ, ਪੇਸ਼ਕਾਰੀ, ਰੂਪ ਅਤੇ ਵਿਧੀ ਪੱਖੋਂ ਇਹ ਗੁਰੂਕੁਲ ਦੇ ਵਿਦਿਆਰਥੀਆਂ ਦੀਆਂ ਪਾਠਕ੍ਰਮ ਲੋੜਾਂ ਨੂੰ ਮੱਦੇਨਜ਼ਰ ਰੱਖ ਕੇ ਹੀ ਲਿਖੀ ਗਈ | ਅੱਜ ਤੋਂ ਸੌ-ਸਵਾ ਸੌ ਸਾਲ ਪਹਿਲਾਂ ਕੇਵਲ ਗੁਰੂਕੁਲ, ਪਾਠਸ਼ਾਲਾ, ਆਸ਼ਰਮ, ਵਿਦਿਆਪੀਠ ਹੀ ਅਧਿਆਤਮ ਵਿੱਦਿਆ ਦੇ ਕੇਂਦਰ ਸਨ | ਇਨ੍ਹਾਂ ਕੇਂਦਰਾਂ ਵਿਚ ਮਰਿਆਦਾ ਦੇ ਧਾਰਨੀ ਬਣਨ ਲਈ ਭਗਤੀ, ਧਿਆਨ, ਸਾਧਨਾ, ਸੰਜਮ ਦੇ ਅਭਿਆਸ ਨੂੰ ਅਧਾਰ-ਸ੍ਰੋਤ ਮੰਨਿਆ ਜਾਂਦਾ ਸੀ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਸੰਥਿਆ ਦੇਣ ਸਮੇਂ ਹੋਰ ਧਾਰਮਿਕ ਗ੍ਰੰਥਾਂ ਦਾ ਮੁਤਾਲਿਆ ਵੀ ਕਰਵਾਇਆ ਜਾਂਦਾ ਸੀ | ਪੋਥੀ ਦੇ ਮੂਲ ਲੇਖਕ ਸੰਤ ਜੀ ਦੇ ਜੀਵਨ ਅਤੇ ਕਰਮ ਨੂੰ ਦੇਖ ਕੇ ਇਹ ਗੱਲ ਵੀ ਸਪੱਸ਼ਟ ਹੋ ਜਾਂਦੀ ਹੈ, ਉਸ ਸਮੇਂ ਦੀਆਂ ਸਾਰੀਆ ਸਾਧੂ-ਸੰਪ੍ਰਦਾਵਾਂ ਸਹਿਜ ਸੁਭਾਅ ਹੀ ਸਿੱਖੀ ਨਾਲ ਜੁੜ ਜਾਂਦੀਆਂ ਸਨ | ਇਸ ਪੋਥੀ ਦਾ ਵਿਸ਼ਾ ਭਾਰਤੀ ਦਰਸ਼ਨ ਦੀਆਂ ਛੇ-ਪ੍ਰਮਾਲੀਆਂ ਵਿਸ਼ੇਸ਼ ਤੌਰ 'ਤੇ ਵੇਦਾਂਤ ਦੇ ਪ੍ਰਮੁੱਖ ਸੰਕਲਪਾਂ, ਸਿਧਾਂਤਾਂ ਅਤੇ ਪ੍ਰਵਰਗਾਂ ਦਾ ਪਾਠਕਾਂ ਨੂੰ ਬੋਧ ਕਰਵਾਉਣਾ ਹੈ | ਸੰਤ ਜੀ ਨੇ ਗੁਰਬਾਣੀ, ਸੂਫ਼ੀ ਤੇ ਹੋਰ ਸੰਪ੍ਰਦਾਵਾਂ ਦੀਆਂ ਪੋਥੀਆਂ ਵਿਚੋਂ ਥਾਂ-ਪੁਰ-ਥਾਂ ਹਵਾਲੇ ਦਿੱਤੇ ਹਨ | ਪੋਥੀ ਵਿਚ ਵਿਸ਼ੇਸ਼ ਤੌਰ 'ਤੇ ਭਾਰਤੀ ਅਧਿਆਤਮ ਦੀਆਂ ਪੀਡੀਆਂ ਗੰਢਾਂ ਅਤੇ ਦਰਸ਼ਨ ਦੀਆਂ ਪੇਚੀਦਗੀਆਂ ਨਾਲ ਸੰਬੰਧਿਤ ਸੰਕਲਪਾਂ ਅਤੇ ਧਾਰਨਾਵਾਂ ਨੂੰ 111 ਪ੍ਰਸ਼ਨਾਂ ਦੇ ਰੂਪ ਵਿਚ ਪੇਸ਼ ਕਰਕੇ ਵਿਦਵਾਨਾਂ ਤੇ ਖੋਜੀਆਂ ਲਈ ਖਜ਼ਾਨੇ ਦੀਆਂ ਚਾਬੀਆਂ ਰਾਹੀਂ ਜਗਿਆਸੂ ਦੇ ਮਨ-ਮੰਦਰ ਨੂੰ ਖੋਲ੍ਹਣ ਵਿਚ ਸਹਾਇਤਾ ਕੀਤੀ ਹੈ | ਅਸੀਂ ਵੇਖਦੇ ਹਾਂ ਕਿ ਸਾਡੇ ਸਾਰੇ ਭਾਰਤੀ ਗ੍ਰੰਥਾਂ ਵਿਚ ਬ੍ਰਹਮ, ਭਗਤੀ, ਮਾਇਆ, ਜਗਤ, ਜੀਵ ਅਤੇ ਮੋਕਸ਼ ਦੇ ਤੱਤ-ਸਤਿ ਨੂੰ ਪੇਸ਼ ਕਰਨ ਸਮੇਂ ਪ੍ਰਸ਼ੋਨੋਤਰੀ ਦਾ ਹੀ ਸਹਾਰਾ ਲਿਆ ਜਾਂਦਾ ਸੀ | ਪੁਸਤਕ ਦੇ ਆਰੰਭ ਵਿਚ ਸੂਝਵਾਨ ਸੰਪਾਦਕ ਨੇ ਸੰਤ ਬੰਨਾ ਰਾਮ ਜੀ ਦੇ ਆਸ਼ਰਮ ਦੇ ਪਿੰਡ ਓਡਰਾ ਦੇ ਮੌਜੂਦਾ ਮੁਖੀ ਬਾਬਾ ਜਸਪਾਲ ਸਿੰਘ ਦੇ 'ਮਾਵੈ ਕੋ ਵਿਦਿਆ ਵਿਖਮੁ ਵੀਚਾਰੁ' ਅਧੀਨ ਦੋ-ਸ਼ਬਦ, ਸੰਪਾਦਕ ਵਲੋਂ ਸੰਪਾਦਕੀ ਅਧੀਨ ਪੋਥੀ ਸੰਬੰਧੀ ਵਿਸਥਾਰ ਸਹਿਤ ਜਾਣਕਾਰੀ ਸੰਬੰਧਿਤ ਹਵਾਲਾ ਪੁਸਤਕਾਂ ਵਿਚੋਂ ਹਵਾਲੇ-ਟਿੱਪਣੀਆਂ ਸਾਹਿਤ ਪੇਸ਼ ਕਰਕੇ ਪਾਠਕਾਂ ਲਈ ਸੋਨੇ 'ਤੇ ਸੁਹਾਗੇ ਵਾਲਾ ਕਾਰਜ ਕੀਤਾ ਹੈ | ਉੱਘੇ ਵਿਦਵਾਨ ਡਾ. ਗੁਰਦੇਵ ਸਿੰਘ ਸਿੱਧੂ ਵਲੋਂ 'ਆਤਮ ਗਿਆਨ ਲਈ ਸੇਧ ਦੇਣ ਵਾਲੀ ਪੁਸਤਕ' ਅਤੇ ਸੰਤ ਬੰਨਾ ਰਾਮ ਜੀ ਦੇ ਵੰਸ਼ਜ਼ ਚੌਧਰੀ ਰਾਮ ਕਿਸ਼ਨ ਬੈਂਸ ਅਤੇ ਸ. ਗੁਰਦੇਵ ਸਿੰਘ ਬੈਂਸ ਵਲੋਂ ਸੰਤ ਜੀ ਦੇ ਜੀਵਨ 'ਤੇ ਪੰਛੀ ਝਾਤ ਅਤੇ 'ਚਰਨ ਵੰਦਨਾ' ਵਜੋਂ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦਿਆਂ, ਸੰਪਾਦਕ ਦੇ ਇਸ ਉੱਦਮ ਦੀ ਵੀ ਭਰਪੂਰ ਪ੍ਰਸੰਸਾ ਕੀਤੀ ਹੈ | ਸੰਪਾਦਕ ਇਸ ਵਡਮੁੱਲੇ ਕਾਰਜ ਲਈ ਵਧਾਈ ਦਾ ਪਾਤਰ ਹੈ |
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040
ਉਦਰੇਵਾਂ
ਲੇਖਕ : ਗੁਰਦੇਵ ਸਿੰਘ ਬਰਾੜ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ |
ਮੁੱਲ: 300 ਰੁਪਏ, ਸਫ਼ੇ : 164
ਸੰਪਰਕ : 9815298459

'ਉਦਰੇਵਾਂ' ਗੁਰਦੇਵ ਸਿੰਘ ਬਰਾੜ ਦੀ ਤੀਜੀ ਵਾਰਤਕ ਰਚਨਾ ਹੈ | ਇਸ ਤੋਂ ਪਹਿਲਾਂ ਉਹ ਮੇਰੇ ਪਿੰਡ ਦੀ ਮਿੱਟੀ (ਵਾਰਤਕ), ਕੈਨੇਡੀਅਨ ਬੱਈਆਣੀ (ਨਾਵਲ) ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕਾ ਹੈ | ਜਿਥੋਂ ਤੱਕ ਹਥਲੀ ਰਚਨਾ ਦਾ ਸੰਬੰਧ ਹੈ, ਇਸ ਵਿਚ ਲੇਖਕ ਨੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ 19 ਲੇਖ ਸ਼ਾਮਿਲ ਕੀਤੇ ਹਨ | ਇਨ੍ਹਾਂ ਲੇਖਾਂ ਵਿਚ ਪੁਰਾਤਨ ਸਮੇਂ ਵਿਚ ਨੌਜਵਾਨਾਂ ਵਿਚ ਪਹਿਲਵਾਨੀ ਕਰਨ ਦਾ ਸ਼ੌਕ, ਜਨਮ, ਵਿਆਹ ਤੇ ਮੌਤ ਨਾਲ ਸੰਬੰਧਿਤ ਪ੍ਰਚੱਲਿਤ ਰੀਤੀ ਰਿਵਾਜ, ਅਜੋਕੇ ਦੌਰ ਵਿਚ ਨਜ਼ਦੀਕੀ ਰਿਸ਼ਤਿਆਂ ਵਿਚ ਟੁੱਟ ਰਹੀਆਂ ਮੋਹ ਮੁਹੱਬਤ ਦੀਆਂ ਤੰਦਾਂ, ਵਧ ਰਹੇ ਸਵਾਰਥ ਨੂੰ ਮੁੱਖ ਤੌਰ 'ਤੇ ਪੇਸ਼ ਕੀਤਾ ਗਿਆ ਹੈ | ਲੇਖਕ ਹਰੇਕ ਰਚਨਾ ਦੇ ਮੁੱਢ ਵਿਚ ਦਿੱਤੇ ਸ਼ਬਦਾਂ ਰਾਹੀਂ ਮੂਲ ਵਿਸ਼ੇ 'ਤੇ ਆ ਜਾਂਦਾ ਹੈ | 'ਪਹਿਲਵਾਨੀ' ਲੇਖ ਦਾ ਆਰੰਭ ਕਰਦਿਆਂ ਉਹ ਲਿਖਦਾ ਹੈ- 'ਜਦੋਂ ਤੋਂ ਪਿੰਡ ਹੋਂਦ ਵਿਚ ਆਏ, ਨਾਲੋਂ ਨਾਲ ਸਰੀਰ ਦੀ ਕਸਰਤ ਵਾਸਤੇ ਕਈ ਢੰਗ ਵਿਧੀਆਂ ਨਾਲ ਪਹਿਲਵਾਨੀ ਵੀ ਸ਼ੁਰੂ ਹੁੰਦੀ ਰਹੀ | ਇਸ ਨੂੰ ਦੇਸੀ ਤੇ ਸਿੱਧੇ ਸਾਦੇ ਪੰਜਾਬੀ ਸ਼ਬਦਾਂ ਦੇ ਬੋਲਣ ਵਿਚ ਭਲਵਾਨੀ ਕਹਿੰਦੇ | ਪਰ ਅਸਲ ਵਿਚ ਸ਼ੁੱਧ ਪੰਜਾਬੀ ਉਚਾਰਨ ਪਹਿਲਵਾਨੀ ਹੀ ਹੈ |' 'ਮੋਹ ਦੀਆਂ ਤੰਦਾਂ' ਲੇਖ ਵਿਚ ਲੇਖਕ ਵਰਤਮਾਨ ਸਮੇਂ ਵਿਚ ਪੰਜਾਬ ਦੇ ਬਦਲੇ ਹਾਲਾਤਾਂ ਦਾ ਜ਼ਿਕਰ ਕਰਦਾ ਹੈ | ਬੁੱਗਾ ਉਸ ਦੇ ਬਚਪਨ ਦਾ ਦੋਸਤ ਹੈ | ਦੋਵੇਂ ਰੋਜ਼ੀ ਰੋਟੀ ਦੀ ਭਾਲ ਵਿਚ ਪੰਜਾਬ ਛੱਡ ਕੇ ਕੈਨੇਡਾ ਜਾ ਵਸਦੇ ਹਨ | ਉੱਥੇ ਸਖ਼ਤ ਮਿਹਨਤ ਕਰਕੇ ਉਹ ਆਪਣੇ ਆਪ ਨੂੰ ਕਾਫ਼ੀ ਸੁਖਾਲੇ ਕਰ ਲੈਂਦੇ ਹਨ | ਬੁੱਗਾ ਬਹੁਤ ਲੰਮੇ ਸਮੇਂ ਬਾਅਦ ਪੰਜਾਬ ਗੇੜਾ ਮਾਰਦਾ ਹੈ | ਪੰਜਾਬ ਫੇਰੀ ਦੌਰਾਨ ਪੰਜਾਬ ਦੇ ਬਦਲੇ ਹਾਲਾਤ ਵੇਖ ਕੇ ਉਹ ਲੇਖਕ ਨੂੰ ਟੈਲੀਫੋਨ 'ਤੇ ਦੱਸਦਾ ਹੈ, 'ਪੰਜਾਬ ਵਿਚ ਮੰਡ੍ਹੀਰ ਦਾ ਬੁਰਾ ਹਾਲ ਹੈ | ਕੰਮ ਕੋਈ ਕਰਕੇ ਰਾਜ਼ੀ ਨਹੀਂ | ਵਿਹਲੇ ਫੂਨਾਂ ਨੂੰ ਚਿੰਬੜੇ ਰਹਿੰਦੇ ਹਨ | ਨਸ਼ਿਆਂ ਦਾ ਜ਼ੋਰ ਹੈ | ਇੱਥੇ ਦੁਨੀਆ ਜ਼ਿਆਦਾ ਮਤਲਬ ਪ੍ਰਸਤ ਹੈ | ਪਹਿਲਾਂ ਵਾਲੀਆਂ ਮੋਹ ਦੀਆਂ ਤੰਦਾਂ ਨਹੀਂ ਰਹੀਆਂ | ਸੱਥਾਂ ਗਾਇਬ ਹੋ ਰਹੀਆਂ ਹਨ | ਕੋਈ ਕਿਸੇ ਨੂੰ ਬੁਲਾਉਂਦਾ ਨਹੀਂ | ਦੁਨੀਆਂ ਆਪੋ ਧਾਪ ਵਿਚ ਪਈ ਹੋਈ ਹੈ |' ਇਸ ਤਰ੍ਹਾਂ ਗੁਰਦੇਵ ਸਿੰਘ ਬਰਾੜ ਦੀ ਰਚਨਾ 'ਉਦਰੇਵਾਂ' ਦਾ ਪੰਜਾਬੀ ਸਾਹਿਤ ਵਿਚ ਭਰਪੂਰ ਸੁਆਗਤ ਹੈ |
-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 84276-85020
