ਰੌਂਗ ਟਰਨ
ਲੇਖਕ : ਅਮਰਿੰਦਰਪ੍ਰੀਤ ਸਿੰਘ ਰੰਧਾਵਾ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ ਬਰਨਾਲਾ
ਮੁੱਲ : 250 ਰੁਪਏ, ਸਫ਼ੇ : 63
ਸੰਪਰਕ : 01679-241744

ਜ਼ਿੰਦਗੀ ਦੇ ਵਿਚ ਲਿਆ ਗਿਆ ਇੱਕ ਗ਼ਲਤ ਮੋੜ ਪੂਰੀ ਜ਼ਿੰਦਗੀ ਬਦਲ ਸਕਦਾ ਹੈ ਇਸ ਵਾਕ ਦੇ ਨਾਲ ਇਸ ਪੂਰੀ ਕਿਤਾਬ ਨੂੰ ਸਮਝਿਆ ਜਾ ਸਕਦਾ ਹੈ ਛੋਟੀ ਜਿਹੀ ਇਹ ਕਿਤਾਬ ਆਪਣੇ ਪੰਨਿਆਂ ਵਿਚ ਜ਼ਿੰਦਗੀ ਦੇ ਕਈ ਵੱਡੇ ਸਵਾਲ ਅਤੇ ਉਨ੍ਹਾਂ ਦੇ ਜਵਾਬ ਪਾਠਕਾਂ ਦੇ ਰੂਬਰੂ ਕਰਦੀ ਹੈ ਅੱਜ ਦੇ ਸਮੇਂ ਵਿਚ ਜਦੋਂ ਨੌਜਵਾਨ ਪੀੜ੍ਹੀ ਸੋਸ਼ਲ ਮੀਡੀਆ ਦੇ ਦੌਰ ਵਿਚ ਗੁਜ਼ਰਦੀ ਹੋਈ ਕਈ ਤਰ੍ਹਾਂ ਦੀ ਭਟਕਣਾ ਦਾ ਸ਼ਿਕਾਰ ਹੁੰਦੀ ਹੈ ਉਸ ਵੇਲੇ ਅਜਿਹੀ ਕਿਤਾਬ ਉਨ੍ਹਾਂ ਨੂੰ ਆਤਮ ਮੰਥਨ ਕਰਨ ਲਈ ਪ੍ਰੇਰਦੀ ਹੈ | ਨੌਜਵਾਨ ਲੇਖਕ ਨੇ ਨੌਜਵਾਨ ਪੀੜ੍ਹੀ ਨੂੰ ਧਿਆਨ ਵਿਚ ਰੱਖਦੇ ਹੋਏ ਹੀ ਆਪਣੇ ਵਿਚਾਰਾਂ ਨੂੰ ਇਸ ਕਿਤਾਬ ਵਿਚ ਪੇਸ਼ ਕੀਤਾ ਹੈ ਜਿਸ ਰਾਹੀਂ ਉਹ ਆਪਣੀ ਜ਼ਿੰਦਗੀ ਦੇ ਫੈਸਲੇ, ਆਪਣੇ ਪਿਆਰ ਅਤੇ ਰਿਸ਼ਤਿਆਂ ਨੂੰ ਸਮਝਣ, ਆਪਣੇ ਮਨ ਦੀ ਦੁਬਿਧਾ ਨੂੰ ਜਾਨਣ ਅਤੇ ਆਪਣੇ ਅੰਦਰਲੀ ਅਦਾਲਤ ਦੇ ਰੂਬਰੂ ਹੋਣ ਦੇ ਸਮਰੱਥ ਹੋ ਸਕਣ | ਛੋਟੇ ਛੋਟੇ ਵਾਕਾਂ ਨਾਲ ਵੱਡੀਆਂ ਗੱਲਾਂ ਨੂੰ ਲੇਖਕ ਨੇ ਕਹਿਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਜ਼ਿੰਦਗੀ ਵਿਚ ਅਜਿਹੇ ਰੌਂਗ ਟਰਨ ਤੋਂ ਬਚਿਆ ਜਾ ਸਕੇ ਜਿੱਥੋਂ ਯੂਟਰਨ ਲੈਣਾ ਔਖਾ ਹੋ ਜਾਂਦਾ ਹੈ ਇੱਕੋ ਬੈਠਕ ਵਿਚ ਪੜ੍ਹੀ ਜਾ ਸਕਣ ਵਾਲੀ ਇਹ ਕਿਤਾਬ ਦਿਖਾਵੇ ਦੀ ਦੁਨੀਆਂ ਤੋਂ ਬਾਹਰ ਨਿਕਲ ਕੇ ਅਸਲੀ ਦੁਨੀਆ ਵਿਚ ਵਿਚਰਨ ਦਾ ਰਾਸਤਾ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈ
-ਸੁਖਪਾਲ ਕੌਰ ਸਮਰਾਲਾ
ਮੋਬਾਈਲ : 97797-18007
ਸਮੁੱਚੀ ਮਾਨਵਤਾ ਦੇ ਮਸੀਹਾ
ਸੰਤ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ
ਲੇਖਕ : ਗਿਆਨੀ ਅਜੀਤ ਸਿੰਘ ਅਕਬਰਪੁਰ
ਪ੍ਰਕਾਸ਼ਕ : ਮਿ. ਸਿੰਘ ਪਬਲੀਕੇਸ਼ਨ ਤਲਵੰਡੀ ਸਾਬੋ
ਮੁੱਲ : 300 ਰੁਪਏ, ਸਫ਼ੇ : 132
ਸੰਪਰਕ : 98768-06575

ਸੰਤ ਪ੍ਰੇਮ ਸਿੰਘ ਮੁਰਾਲੇ ਵਾਲੇ ਭਾਈ ਤਖ਼ਤ ਮੱਲ ਦੀ ਕੁੱਲ ਵਿਚੋਂ ਸਨ, ਜੋ ਗੁਰੂ ਹਰਿਗੋਬਿੰਦ ਸਾਹਿਬ ਦੇ ਸ਼ਰਧਾਲੂ ਸਿੱਖ ਸਨ | ਭਾਈ ਗੁਰਦਾਸ ਦੀਆਂ ਵਾਰਾਂ ਅਤੇ ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨਕੋਸ਼ ਵਿਚ ਭਾਈ ਤਖਤ ਮੱਲ ਦਾ ਜ਼ਿਕਰ ਮਿਲਦਾ ਹੈ | ਸੰਤ ਪ੍ਰੇਮ ਸਿੰਘ ਦਾ ਜਨਮ ਖੇੜੀ ਦੁਨਾ ਸਿੰਘ ਜ਼ਿਲ੍ਹਾ ਗੁਜਰਾਤ (ਪਾਕਿਸਤਾਨ) ਵਿਚ ਬਾਬਾ ਵਸਾਵਾ ਸਿੰਘ ਦੇ ਘਰ ਮਾਤਾ ਨਿਹਾਲ ਕੌਰ ਦੀ ਕੁੱਖੋਂ 1882 ਈ. ਨੂੰ ਹੋਇਆ | ਪ੍ਰੇਮ ਸਿੰਘ ਅਜੇ ਢਾਈ ਮਹੀਨਿਆਂ ਦੇ ਹੀ ਸਨ ਕਿ ਉਨ੍ਹਾਂ ਦੀ ਮਾਤਾ ਦਾ ਦਿਹਾਂਤ ਹੋ ਗਿਆ | ਬਾਬਾ ਵਸਾਵਾ ਸਿੰਘ ਦੀ ਦੂਜੀ ਸ਼ਾਦੀ ਪਿੰਡ ਸ਼ਾਮ ਕੇ ਦੇ ਭਾਈ ਆਲਾ ਸਿੰਘ ਦੀ ਬੇਟੀ ਬੀਬੀ ਭੋਲਾ ਕੌਰ ਨਾਲ ਹੋਈ | ਪ੍ਰੇਮ ਸਿੰਘ ਨੇ ਮੁੱਢਲੀ ਵਿਦਿਆ ਘਰ 'ਚ ਪਿਤਾ ਜੀ ਅਤੇ ਦਾਦਾ ਜੀ (ਅਰੂੜ ਸਿੰਘ) ਤੋਂ ਪ੍ਰਾਪਤ ਕੀਤੀ ਤੇ ਆਪਨੇ ਨਿਤਨੇਮ ਦੀਆਂ ਬਾਣੀਆਂ, ਗੁਰੂ ਗ੍ਰੰਥ ਸਾਹਿਬ ਦੀ ਸੰਥਿਆ, ਭਾਈ ਗੁਰਦਾਸ ਦੀਆਂ ਰਚਨਾਵਾਂ ਦਾ ਗਿਆਨ ਹਾਸਲ ਕੀਤਾ | ਫਿਰ ਪ੍ਰੇਮ ਸਿੰਘ ਪਿੰਡ ਮੁਰਾਲਾ ਜ਼ਿਲ੍ਹਾ ਗੁਜਰਾਤ (ਪਾਕਿਸਤਾਨ) ਦੇ ਸੰਤ ਬਿਸ਼ਨ ਸਿੰਘ ਕੋਲ ਚਲੇ ਗਏ ਤੇ ਸੇਵਾ ਸਿਮਰਨ ਕਰਨ ਲੱਗੇ | ਸੰਤ ਬਿਸ਼ਨ ਸਿੰਘ ਨੇ ਆਪਣੇ ਅੰਤਮ ਸਮੇਂ ਤੋਂ ਪਹਿਲਾਂ ਗੱਦੀ ਦੀ ਜ਼ਿੰਮੇਵਾਰੀ ਸੰਤ ਪ੍ਰੇਮ ਸਿੰਘ ਨੂੰ ਸੌਂਪ ਦਿੱਤੀ | ਗੱਦੀ 'ਤੇ ਬੈਠ ਕੇ ਸੰਤ ਪ੍ਰੇਮ ਸਿੰਘ ਨੇ ਮਾਨਵਤਾ ਦੀ ਭਲਾਈ ਲਈ ਸਮਾਜ ਸੁਧਾਰ ਦੇ ਕਈ ਕਾਰਜ ਕੀਤੇ ਜਿਨ੍ਹਾਂ ਵਿਚ ਅੰਮਿ੍ਤ ਸੰਚਾਰ ਅਤੇ ਵਿੱਦਿਆ ਪਾਸਾਰ ਸਭ ਤੋਂ ਮਹੱਤਵਪੂਰਨ ਹਨ | ਟਾਂਡਾ, ਬਾਬਕਵਾਲ, ਖੇੜੀ ਦੁਨਾ ਸਿੰਘ, ਭਟਨੂਰਾ ਲੁਬਾਣਾ, ਨੰਗਲ ਲੁਬਾਣਾ, ਨੀਲੀਬਾਰ, ਮੀਰਪੁਰ (ਜੰਮੂ) ਵਿਖੇ ਸਕੂਲ ਖੋਲ੍ਹਣ ਤੋਂ ਇਲਾਵਾ ਸੰਤ ਪ੍ਰੇਮ ਸਿੰਘ ਚੀਫ਼ ਖਾਲਸਾ ਦੀਵਾਨ ਅਤੇ ਐੱਸ.ਜੀ.ਪੀ.ਸੀ. ਦੇ ਮੈਂਬਰ ਚੁਣੇ ਗਏ | ਦਰਬਾਰ ਸਾਹਿਬ ਅੰਮਿ੍ਤਸਰ ਵਿਖੇ ਦੇਸੀ ਘਿਓ ਦੀ ਦੇਗ ਸ਼ੁਰੂ ਕਰਵਾਉਣ ਵਿਚ ਸੰਤ ਪ੍ਰੇਮ ਸਿੰਘ ਦਾ ਹੀ ਯੋਗਦਾਨ ਹੈ | ਇਸ ਤੋਂ ਪਹਿਲਾਂ ਅੰਗਰੇਜ਼ ਸਰਕਾਰ ਸਮੇਂ ਉਹ ਦੋ ਵਾਰ ਐਮ.ਐਲ.ਏ. ਵੀ ਰਹੇ | ਗਿਆਨੀ ਅਜੀਤ ਸਿੰਘ ਨੇ ਸੰਤ ਜੀ ਦੇ ਹੋਰ ਬਹੁਤ ਸਾਰੇ ਪਰਉਪਕਾਰੀ ਕਾਰਜਾਂ ਬਾਰੇ ਕਿਤਾਬ ਵਿਚ ਵਿਸਤਿ੍ਤ ਜਾਣਕਾਰੀ ਦਿੱਤੀ ਹੈ | ਲੇਖਕ ਨੇ ਇਸ ਪੁਸਤਕ ਦੀ ਰਚਨਾ ਲਈ ਹੋਰ ਲੇਖਕਾਂ ਦੀਆਂ ਕਿਤਾਬਾਂ ਤੋਂ ਮਦਦ ਲੈਣ ਦੇ ਨਾਲ ਨਾਲ ਆਪਣੇ ਵਲੋਂ ਲਿਖੀਆਂ ਬਹੁਤ ਸਾਰੀਆਂ ਕਵਿਤਾਵਾਂ ਰਾਹੀਂ ਵੀ ਸੰਤ ਜੀ ਦੀ ਸ਼ਖ਼ਸੀਅਤ ਨੂੰ ਉਭਾਰ ਕੇ ਪੇਸ਼ ਕੀਤਾ ਹੈ | ਮੌਜੂਦਾ ਸਮੇਂ ਸੰਤ ਪ੍ਰੇਮ ਸਿੰਘ ਦੇ ਬੇਗੋਵਾਲ ਡੇਰੇ ਦੀ ਜ਼ਿੰਮੇਵਾਰੀ ਬੀਬੀ ਜਗੀਰ ਕੌਰ ਕੋਲ ਹੈ, ਜੋ ਐਸ.ਜੀ.ਪੀ.ਸੀ. ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਹਨ |
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 9417692015
ਕੱਕੇ ਰੇਤਾ 'ਤੇ ਪਈਆਂ ਪੈੜਾਂ
(ਡਾ. ਕਰਮਜੀਤ ਸਿੰਘ ਨਾਲ ਇੰਟਰਵਿਊ)
ਲੇਖਿਕਾ : ਤਿ੍ਪਤਾ ਕੇ. ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 136
ਸੰਪਰਕ : 94783-90062

ਇਹ ਪੁਸਤਕ ਪੰਜਾਬੀ ਦੇ ਪ੍ਰਸਿੱਧ ਲੋਕਧਾਰਾ ਵਿਗਿਆਨੀ, ਪ੍ਰਬੁੱਧ ਅਧਿਆਪਕ ਤੇ ਲੇਖਕ-ਆਲੋਚਕ ਡਾ. ਕਰਮਜੀਤ ਸਿੰਘ ਨਾਲ ਕੀਤੀ ਗਈ ਲੰਮੀ ਇੰਟਰਵਿਊ 'ਤੇ ਆਧਾਰਿਤ ਹੈ | ਲੇਖਕਾਂ ਨਾਲ ਕੀਤੀਆਂ ਗਈਆਂ ਇੰਟਰਵਿਊਆਂ ਦੇ ਆਧਾਰ 'ਤੇ ਪੰਜਾਬੀ ਵਿਚ ਅਨੇਕ ਪੁਸਤਕਾਂ ਛਪ ਚੁੱਕੀਆਂ ਹਨ ਪਰ ਕਿਸੇ ਇਕ ਲੇਖਕ ਦੀ ਲੰਮੀ ਮੁਲਾਕਾਤ ਵਾਲੀ ਪੁਸਤਕ ਵਿਰਲੀ ਹੈ | ਉਂਝ, ਮੁਲਾਕਾਤਾਂ ਦੇ ਆਧਾਰ 'ਤੇ ਲਿਖੇ ਸ਼ਬਦ-ਚਿੱਤਰ ਵੀ ਬਹੁਤ ਸਾਹਮਣੇ ਆ ਰਹੇ ਹਨ | ਦਰਅਸਲ, ਵਿਕਸਿਤ ਬਿਜਲਈ ਸਾਧਨਾਂ ਦੇ ਭਾਰੂ ਇਸ ਦੌਰ ਵਿਚ ਇੰਟਰਵਿਊ ਜਾਂ ਪੋਡਕਾਸਟ ਦੀ ਵਿਧਾ ਬਹੁਤ ਹਰਮਨ ਪਿਆਰੀ ਹੈ | ਵੱਖ-ਵੱਖ ਖੇਤਰਾਂ ਵਿਚ ਕੰਮ ਕਰਨ ਵਾਲੇ ਲੋਕ ਚੰਗੇ-ਚੰਗੇ ਪੋਡਕਾਸਟਰਾਂ ਦੀ ਤਲਾਸ਼ ਵਿਚ ਰੁੱਝੇ ਹੋਏ ਆਮ ਵੇਖੇ ਜਾ ਸਕਦੇ ਹਨ | ਆਪਣੀ ਗੱਲ, ਆਪਣਾ ਕੰਮ ਜਾਂ ਆਪਣੀ ਸ਼ਖ਼ਸੀਅਤ ਦੇ ਭਿੰਨ-ਭਿੰਨ ਪਹਿਲੂਆਂ ਨੂੰ ਲੋਕਾਂ ਅੱਗੇ ਪ੍ਰਭਾਵਸ਼ਾਲੀ ਰੂਪ ਵਿਚ ਰੱਖਣ ਦੇ ਮਾਮਲੇ ਵਿਚ ਇੰਟਰਵਿਊ/ਪੋਡਕਾਸਟ ਇਕ ਪ੍ਰਭਾਵੀ ਮੀਡੀਆ ਜੁਗਤ ਬਣ ਚੁੱਕੀ ਹੈ | ਧਿਆਨ ਰਹੇ ਇੰਟਰਵਿਊ ਤੇ ਪੋਡਕਾਸਟ ਵਿਚ ਵੀ ਹਲਕਾ ਜਿਹਾ ਅੰਤਰ ਹੁੰਦਾ ਹੈ ਜਦ ਕਿ ਇੰਟਰਵਿਊ ਛੋਟੇ-ਛੋਟੇ ਪ੍ਰਸ਼ਨ-ਉੱਤਰ ਕੇਂਦਰਿਤ ਅਤੇ ਵਿਭਿੰਨ ਵਿਸ਼ਿਆਂ ਉੱਤੇ ਫੋਕਸ ਹੁੰਦੀ ਹੈ | ਰਿਵਿਊ ਅਧੀਨ ਪੁਸਤਕ ਵਿਚ ਤਿ੍ਪਤਾ ਕੇ. ਸਿੰਘ ਨੇ ਇਨ੍ਹਾਂ ਦੋਵਾਂ ਵਿਧਾਵਾਂ ਦੇ ਮਿਸ਼ਰਣੀ ਰੂਪ ਦੀ ਕੁਸ਼ਲਤਾ ਪੂਰਵਕ ਵਰਤੋਂ ਕਰਦੇ ਹੋਏ ਡਾ. ਕਰਮਜੀਤ ਸਿੰਘ ਦੀ ਸਮੁੱਚੀ ਸ਼ਖ਼ਸੀਅਤ ਤੇ ਕੰਮ ਨੂੰ ਖ਼ੂਬ ਉਘਾੜਿਆ ਹੈ |
ਇਸ ਪੁਸਤਕ ਵਿਚ ਡਾ. ਕਰਮਜੀਤ ਸਿੰਘ ਨਾਲ ਕੀਤੇ ਗਏ ਕੁੱਲ 24 ਸਵਾਲ-ਜਵਾਬ ਹਨ | ਇਹ ਸਵਾਲ-ਜਵਾਬ ਰਸਮੀ, ਉਕਤਾਊ, ਦੁਹਰਾਓਪੂਰਨ ਜਾਂ ਫੋਕੀ ਵਡਿਆਈ ਵਾਲੇ ਨਹੀਂ ਸਗੋਂ ਸਿਰਜਣਾਤਮਿਕਤਾ ਨਾਲ ਭਰਪੂਰ ਰੌਚਿਕ, ਵਿਸ਼ਾ-ਕੇਂਦਰਿਤ, ਬੇਬਾਕੀ ਭਰਪੂਰ ਤੇ ਅਜੋਕੇ ਅਕਾਦਮਿਕ ਪ੍ਰਬੰਧ ਬਾਰੇ ਕੌੜਾ ਸੱਚ ਪ੍ਰਗਟ ਕਰਨ ਵਾਲੇ ਵੀ ਹਨ | ਸਾਡਾ ਸਾਹਿਤ ਤੇ ਸਿੱਖਿਆ ਤੰਤਰ ਅੰਦਰੋ ਖੋਖਲਾ ਤੇ ਆਡੰਬਰੀ ਬਣਦੀ ਜਾ ਰਹੀ ਹੈ | ਕਾਲਜਾਂ, ਯੂਨੀਵਰਸਿਟੀਆਂ ਵਿਚ ਮੈਰਿਟ ਤੇ ਯੋਗਤਾ ਦੀ ਥਾਂ ਜੁਗਾੜ ਭਾਰੂ ਹੁੰਦਾ ਜਾ ਰਿਹਾ ਹੈ | ਉੱਚ ਅਕਾਦਮਿਕ ਡਿਗਰੀਆਂ ਤੇ ਨੌਕਰੀਆਂ ਲਈ ਜੋੜ-ਤੋੜ, ਅਨੈਤਿਕ ਵਿਹਾਰ ਤੇ ਭਿ੍ਸ਼ਟਾਚਾਰ ਆਮ ਹੈ | ਮਿਹਨਤੀ, ਸਿਰੜੀ ਤੇ ਪ੍ਰਤਿਬੱਧ ਲੇਖਕ, ਅਧਿਆਪਕ ਵਿਰਲੇ ਹੀ ਮਿਲਦੇ ਹਨ | ਸੰਘਰਸ਼ ਦੀ ਥਾਂ ਸ਼ਾਰਟ-ਕੱਟ ਨੇ ਲੈ ਲਈ ਹੈ | ਲੋਕਧਾਰਾ ਨੂੰ ਸੰਭਾਲਣ ਲਈ ਫੀਲਡ ਵਿਚ ਜਾ ਕੇ ਚੁਣੌਤੀਪੂਰਨ ਕੰਮ ਕਰਨ ਦੀ ਲੋੜ ਹੈ ਪਰ ਵਿਦਵਾਨ ਤੇ ਅਦਾਰੇ ਅਵੇਸਲੇ ਹੋਏ ਪਏ ਹਨ | ਇਸ ਖੇਤਰ ਵਿਚ ਕਰਨਗੋਚਰੇ ਕੰਮਾਂ ਦੀ ਤਫ਼ਸੀਲ, ਲੋੜੀਂਦਾ ਵਿਧੀ-ਵਿਧਾਨ ਤੇ ਰੋਡਮੈਪ ਡਾ. ਕਰਮਜੀਤ ਸਿੰਘ ਦੇ ਜਵਾਬਾਂ ਵਿਚ ਦਰਜ ਹੈ | ਉਸ ਨੇ ਦੁਆਬੇ ਦੇ ਲੋਕ ਗੀਤਾਂ ਨੂੰ ਇਕੱਤਰ ਕਰਕੇ ਦਸਤਾਵੇਜ਼ੀ ਰੂਪ ਵਿਚ ਸੰਭਾਲਣ ਦਾ ਇਤਿਹਾਸਕ ਕਾਰਜ ਕੀਤਾ ਹੈ | ਉਸ ਦਾ ਇਹ ਸੁਝਾਅ ਤੁਰੰਤ ਵਿਚਾਰ ਦੀ ਮੰਗ ਕਰਦਾ ਹੈ ਕਿ ਯੂਨੀਵਰਸਿਟੀਆਂ ਵਿਚ ਭਰਵੇਂ ਬਜਟ ਵਾਲੇ ਲੋਕ ਸੰਗੀਤ ਦੇ ਵਿਭਾਗ ਖੁੱਲ੍ਹਣੇ ਚਾਹੀਦੇ ਹਨ ਅਤੇ ਇਨ੍ਹਾਂ ਵਿਚਲੀਆਂ ਲੈਬਾਂ ਤੇ ਲਾਇਬ੍ਰੇਰੀਆਂ ਵਿਚ ਲੋਕਧਾਰਾ ਨਾਲ ਸੰਬੰਧਿਤ ਉਪਲਬੱਧ ਸਮੱਗਰੀ ਨੂੰ ਡਿਜੀਟਲ ਰੂਪ ਵਿਚ ਸੰਭਾਲਿਆ ਜਾਣਾ ਚਾਹੀਦਾ ਹੈ | ਰਿਕਾਰਡਿਡ ਰੂਪ ਵਿਚ ਸਾਂਭੀ ਹੋਈ ਸਮੱਗਰੀ ਹੀ ਆਉਣ ਵਾਲੀਆਂ ਪੀੜ੍ਹੀਆਂ ਦੇ ਕੰਮ ਆਵੇਗੀ |ਡਾ. ਕਰਮਜੀਤ ਸਿੰਘ ਨੇ ਇਸ ਪੁਸਤਕ ਵਿਚ ਆਪਣੇ ਅਧਿਆਪਕਾਂ, ਸਹਿਕਰਮੀ ਅਧਿਆਪਕਾਂ, ਖੋਜੀਆਂ, ਵਿਦਿਆਰਥੀਆਂ ਤੇ ਹੋਰ ਉੱਚ ਅਕਾਦਮਿਕ ਹਸਤੀਆਂ ਬਾਰੇ ਕੁਝ ਤਲਖ ਤੇ ਕੌੜੀਆਂ-ਕੁਸੈਲੀਆਂ ਟਿੱਪਣੀਆਂ ਵੀ ਕੀਤੀਆਂ ਹਨ | ਇਨ੍ਹਾਂ ਵਿਚੋਂ ਪੰਜਾਬ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਜਾਂ ਕੁਝ ਹੋਰ ਯੂਨੀਵਰਸਿਟੀਆਂ ਦੇ ਵਿਦਵਾਨਾਂ ਨੂੰ ਮੈਂ ਵੀ ਨਿੱਜੀ ਰੂਪ ਵਿਚ ਜਾਣਦਾ ਹਾਂ | ਆਪਣੀ-ਆਪਣੀ ਪਸੰਦ ਤੇ ਰਾਇ ਹੁੰਦੀ ਹੈ | ਡਾ. ਕਰਮਜੀਤ ਸਿੰਘ ਦੀ ਸ਼ਖ਼ਸੀਅਤ ਦਾ ਇਹ ਵਿਸ਼ੇਸ਼ ਗੁਣ ਹੈ ਕਿ ਉਹ ਆਪਣੀ ਸੁਤੰਤਰ ਰਾਇ ਨੂੰ ਬੇਬਾਕੀ ਤੇ ਦਲੇਰੀ ਨਾਲ ਪ੍ਰਗਟ ਕਰਨ ਦੀ ਜੁਅਰਤ ਰੱਖਦਾ ਹੈ | ਸੱਚੇ-ਸੁੱਚੇ ਤੇ ਪ੍ਰਤਿਬੱਧ ਬੰਦੇ ਇੰਝ ਹੀ ਕਰਦੇ ਹਨ | ਸੰਘਰਸ਼ੀ ਯੋਧਿਆਂ ਦੀ ਵੀ ਆਪਣੀ ਹੀ ਖਾਸੀਅਤ ਹੁੰਦੀ ਹੈ, ਇਹ ਸ਼ਖ਼ਸੀਅਤ ਕੱਚੇ ਰੇਤਾ ਦੀਆਂ ਪੈੜਾਂ 'ਚੋਂ ਜੋ ਨਿਕਲੀ ਹੋਈ!
-ਡਾ. ਸੁਖਵਿੰਦਰ ਸਿੰਘ ਰੰਧਾਵਾ
ਮੋਬਾਈਲ : 98154-58666
ਮਿੱਠੀਆਂ-ਮਿੱਠੀਆਂ ਰੱਬ ਨੂੰ ਚਿੱਠੀਆਂ
ਸੰਪਾਦਕ : ਬਹਾਦਰ ਸਿੰਘ ਗੋਸਲ (ਪਿ੍ੰ.)
ਪ੍ਰਕਾਸ਼ਕ : ਤਰਲੋਚਨ ਪਬਲੀਸ਼ਰ, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 115
ਸੰਪਰਕ : 98764-52223


121 ਪੁਸਤਕਾਂ ਦਾ ਲੇਖਕ-ਸੰਪਾਦਕ ਬਹਾਦਰ ਸਿੰਘ ਗੋਸਲ ਨਿਰੰਤਰ ਗਤੀਸ਼ੀਲ ਅਤੇ ਸਿਰਜਣਸ਼ੀਲ ਲੇਖਕ ਹੈ | ਉਹ ਲਗਾਤਾਰ ਲਿਖ ਤੇ ਛਪ ਰਿਹਾ ਹੈ | ਸਾਲ 2026 ਵਿਚ ਹੀ ਹਥਲੀ 'ਮਿੱਠੀਆਂ-ਮਿੱਠੀਆਂ ਰੱਬ ਨੂੰ ਚਿੱਠੀਆਂ' ਲੇਖਕ ਦੀ ਛੇਵੀਂ ਪੁਸਤਕ ਹੈ | ਇਸ ਵਿਚ 25 ਲੇਖਕਾਂ, ਵਿਦਵਾਨਾਂ, ਬੁੱਧੀਜੀਵੀਆਂ, ਚਿੰਤਕਾਂ, ਸਿੱਖਿਆ ਸ਼ਾਸ਼ਤਰੀਆਂ ਵਲੋਂ ਰੱਬ ਨੂੰ ਸੰਬੋਧਨ ਕਰਕੇ ਲਿਖੀਆਂ ਚਿੱਠੀਆਂ ਹਨ | ਇਨ੍ਹਾਂ ਵਿਚ ਭੁਪਿੰਦਰ ਸਿੰਘ ਭਾਗੋਮਾਜਰੀਆ, ਬਹਾਦਰ ਸਿੰਘ ਗੋਸਲ, ਰਾਜਕੁਮਾਰ ਸਾਹੋਵਾਲੀਆ, ਜਸਵਿੰਦਰ ਸਿੰਘ ਕਾਈਨੌਰ, ਬਾਬੂਰਾਮ ਦੀਵਾਨਾ, ਅਮਰਜੀਤ ਸਿੰਘ ਬਠਲਾਣਾ, ਗੁਰਦਰਸ਼ਨ ਸਿੰਘ ਮਾਵੀ, ਮੰਦਰ ਸਿੰਘ ਸਾਹਿਬਚੰਦੀਆ, ਪਿਆਰਾ ਸਿੰਘ ਰਾਹੀ, ਚਰਨਜੀਤ ਕੌਰ ਬਾਠ, ਰਾਜਿੰਦਰ ਸਿੰਘ ਧੀਮਾਨ, ਡਾ. ਪੰਨਾ ਲਾਲ ਮੁਸਤਫ਼ਾਬਾਦੀ, ਕਿ੍ਸ਼ਨ ਰਾਹੀ, ਬਲਜਿੰਦਰ ਕੌਰ ਸ਼ੇਰਗਿੱਲ, ਮੰਜੂ ਸ਼ਾਰਦਾ, ਡਾ.ਰਵਿੰਦਰ ਸਿੰਘ ਲੁਬਾਣਾ, ਜਗਤਾਰ ਸਿੰਘ ਜੋਗ, ਦਰਸ਼ਨ ਸਿੰਘ ਸਿੱਧੂ, ਰਣਜੋਧ ਸਿੰਘ ਰਾਣਾ, ਅਵਤਾਰ ਸਿੰਘ ਮਹਿਤਪੁਰੀ, ਸੁਧਾ ਜੈਨ 'ਸੁਦੀਪ', ਸੁਖਵਿੰਦਰ ਕੌਰ 'ਆਹੀ', ਮਨਜੀਤ ਕੌਰ ਮੀਤ, ਅਮਨਪ੍ਰੀਤ ਕੌਰ ਅਤੇ ਸੁਰਜੀਤ ਸੁਮਨ ਆਦਿ ਨਵੇਂ-ਪੁਰਾਣੇ ਚਿਹਰੇ ਸ਼ਾਮਿਲ ਕੀਤੇ ਗਏ ਹਨ | ਇਹ ਸਾਰੇ ਲੇਖਕ ਰੱਬ ਦੀ ਹੋਂਦ ਨੂੰ ਮੰਨਦੇ ਹਨ ਅਤੇ ਇਸ ਧਰਤੀ ਦੀ ਸਾਰੀ ਵਿਵਸਥਾ ਦਾ ਸਿਰਜਣਹਾਰ ਵੀ ਸਵੀਕਾਰ ਕਰਦੇ ਹਨ | ਇਨ੍ਹਾਂ ਲੇਖਕਾਂ ਨੇ ਜਿੱਥੇ ਰੱਬ ਦੀਆਂ ਅਦੁੱਤੀ ਦਾਤਾਂ ਦਾ ਗੁਣਗਾਣ ਕੀਤਾ ਹੈ , ਉਸ ਦਾ ਸ਼ੁਕਰਾਨਾ ਵੀ ਅਦਾ ਕੀਤਾ ਹੈ ਉੱਥੇ ਉਸ ਨਾਲ ਜੀਵਨ ਅਤੇ ਸਮਾਜ ਪ੍ਰਤੀ ਰੋਸੇ, ਗਿਲੇ-ਸ਼ਿਕਵੇ ਵੀ ਪ੍ਰਗਟ ਕੀਤੇ ਹਨ ਤੇ ਅਰਜੋਈਆਂ ਵੀ ਕੀਤੀਆਂ ਹਨ | ਵਧੇਰੇ ਲੇਖਕਾਂ ਨੇ ਆਪੋ-ਆਪਣੇ ਅੰਦਾਜ਼ ਵਿਚ ਸਾਡੇ ਸਮਾਜ, ਦੇਸ਼ ਅਤੇ ਵਿਸ਼ਵ ਭਰ ਵਿਚ ਸਮਾਜਕ, ਧਾਰਮਿਕ, ਆਰਥਕ, ਸੱਭਿਆਚਾਰਕ, ਰਾਜਨੀਤਕ ਖੇਤਰ ਵਿਚ ਫੈਲੀਆਂ ਵਿਸੰਗਤੀਆਂ, ਵਿਡੰਬਨਾਵਾਂ, ਵਿਦਰੂਪਤਾਵਾਂ, ਅਨਿਆਂ, ਸ਼ੋਸ਼ਣ, ਭਰਿਸ਼ਟਾਚਾਰ, ਅਨਾਰਕੀ, ਅਵਿਵਸਥਾਵਾਂ ਤੇ ਪੰਛੀ ਝਾਤ ਪੁਆਈ ਹੈ | ਹਾਲਾਂਕਿ ਇਹ ਲੇਖਕ ਇਸ ਧਰਤੀ 'ਤੇ ਫੈਲ ਰਹੇ ਹਰ ਤਰ੍ਹਾਂ ਦੇ ਪ੍ਰਦੂਸ਼ਣ ਅਤੇ ਅਨੇਕਾਂ ਕੁਰੀਤੀਆਂ, ਬਦਨੀਤੀਆਂ ਅਤੇ ਬੁਰਾਈਆਂ ਲਈ ਮਨੁੱਖ ਨੂੰ ਹੀ ਜ਼ਿੰਮੇਦਾਰ ਮੰਨਦੇ ਹਨ | ਲੇਖਕ ਰੱਬ ਵਲੋਂ ਬਣਾਈ ਇਸ ਸਿ੍ਸ਼ਟੀ ਵਿਚ ਆਏ ਨਿਘਾਰ ਵਿਚ ਸੁਧਾਰ ਲਈ ਰੱਬ ਨੂੰ ਅੱਗੇ ਆ ਕੇ ਬੰਦੇ ਨੂੰ ਸੁਮੱਤ ਦੇਣ ਅਤੇ ਦੁਨੀਆ ਨੂੰ ਕੁਰਾਹੇ ਤੋਂ ਚੰਗੇ ਰਾਹ ਪਾਉਣ ਲਈ ਬੇਨਤੀ ਕਰਦੇ ਹਨ | ਲੇਖਕਾਂ ਨੇ ਆਪਣੀਆਂ ਲਿਖਤਾਂ ਨੂੰ ਰੌਚਕ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਕਈ ਕਾਵਿ ਟੋਟਿਆਂ ਅਤੇ ਸ਼ੇਰ-ੳ-ਸ਼ਾਇਰੀ ਦੀ ਵਰਤੋਂ ਵੀ ਕੀਤੀ ਹੈ | ਜਿਵੇਂ ਸੁਧਾ ਜੈਨ ਸੁਦੀਪ ਆਪਣੀ ਚਿੱਠੀ ਵਿਚ ਸਵੈ-ਰਚਿਤ ਕਾਵਿ ਸਤਰਾਂ ਨਾਲ ਰੱਬ ਦਾ ਸ਼ੁਕਰੀਆ ਅਦਾ ਕਰਦੀ ਹੋਈ ਲਿਖਦੀ ਹੈ-ਮਿੱਠੀਆਂ ਮਿੱਠੀਆਂ ਚਿੱਠੀਆਂ ਪਾਉਣੀ ਆਂ ਰੱਬਾ/ਏਨੀ ਵਧੀਆ ਜ਼ਿੰਦਗੀ ਮੈਨੂੰ ਦਿੱਤੀ ਆ ਰੱਬਾ/ਰੋਟੀ, ਕੱਪੜਾ ਅਤੇ ਮਕਾਨ ਦੀ ਕੋਈ ਘਾਟ ਨਹੀਂ /ਸਭ ਕੁਝ ਮਿਲਿਆ ਤੈਥੋਂ, ਜਿਉ ਸੌਗਾਤ ਜਿਹੀ, ਤੇਰੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਓ ਰੱਬਾ/ ਮਿੱਠੀਆਂ ਮਿੱਠੀਆਂ ਚਿੱਠੀਆਂ ਪਾਉਣੀ ਆਂ ਰੱਬਾ | ਪੁਸਤਕ ਸਵੈ-ਪੜਚੋਲ ਦਾ ਮਾਧਿਅਮ ਵੀ ਬਣਦੀ ਹੈ |
-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964
ਗੁਰ-ਜੀਵਨੀ : ਸਿੱਖ ਵਿਰਾਸਤ
(ਭਾਈ ਸੰਤੋਖ ਸਿੰਘ ਰਚਿਤ 'ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ' ਦੀ ਕਥਾ 'ਤੇ ਆਧਾਰਿਤ)
ਤਸਬੀ ਤੋਂ ਤਵੀ ਤੱਕ
(ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਪੰਜਵੇਂ ਗੁਰੂ ਅਰਜਨ ਦੇਵ ਜੀ ਤੱਕ) ਭਾਗ-1
ਲੇਖਕ : ਗੁਰਮੁਖ ਸਿੰਘ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 995 ਰੁਪਏ, ਸਫ਼ੇ : 508
ਸੰਪਰਕ : 0172-5027427

ਹਥਲੀ ਪੁਸਤਕ ਦੇ ਤਿੰਨ ਭਾਗ ਹਨ | ਪੁਸਤਕ ਦੇ ਲੇਖਕ ਵਲੋਂ ਸਖਤ ਘਾਲਣਾ ਘਾਲ ਕੇ ਇਹ ਵਡੇਰਾ ਤੇ ਬਹੁ-ਮੁੱਲਾ ਕਾਰਜ ਕੀਤਾ ਗਿਆ ਹੈ | ਗੁਰੂ ਸਾਹਿਬਾਨ ਦੇ ਜੀਵਨ ਨੂੰ ਸਿੱਖਾਂ ਦੇ ਵਿਰਾਸਤੀ ਗ੍ਰੰਥ 'ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ' ਨੂੰ ਕਿਤਾਬੀ ਰੂਪ ਵਿਚ, ਸੁਖੈਨ ਭਾਸ਼ਾ ਸ਼ੈਲੀ ਵਿਚ ਵਾਰਤਕ ਦੇ ਰੂਪ ਵਿਚ ਪਾਠਕਾਂ ਦੇ ਰੂ-ਬਰੂ ਕੀਤਾ ਹੈ | ਸੁਹਿਰਦ ਲੇਖਕ ਨੇ ਸਰਕਾਰੀ ਸੇਵਾ ਤੋਂ ਮੁਕਤ ਹੋ ਕੇ ਜਦੋਂ ਗੁਰਦੁਆਰਾ ਸਾਹਿਬ ਤੋਂ ਮਹਾਂਕਵੀ ਕਵੀ-ਰਾਜ ਭਾਈ ਸੰਤੋਖ ਸਿੰਘ ਰਚਿਤ ਇਸ ਪਾਵਨ ਗ੍ਰੰਥ ਦੀ ਕਥਾ ਸਰਵਣ ਕੀਤੀ ਤਾਂ ਉਸ ਨੇ ਪਰੇਮਵੱਸ ਹੋ ਕੇ ਇਹ ਕਾਰਜ ਆਰੰਭ ਕੀਤਾ | ਪੁਸਤਕ ਦੇ ਭਾਗ-1 ਵਿਚ ਪਹਿਲੇ ਪੰਜ ਗੁਰੂ ਸਾਹਿਬਾਨ ਦਾ ਜੀਵਨ ਲੜੀ ਵਾਰ ਬਿਆਨ ਕੀਤਾ ਹੈ |
ਇਸ ਪਹਿਲੇ ਭਾਗ ਵਿਚ ਆਦਿ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ, ਬਚਪਨ ਦੇ ਮਹਾਨ ਕੌਤਕ, ਉਦਾਸੀਆਂ ਅਤੇ ਗੁਰੂ ਬਾਬਾ ਜੀ ਵਲੋਂ ਦਿੱਤੇ ਸੰਦੇਸ਼, ਸੱਚ, ਨਾਮ, ਕਿਰਤ ਅਤੇ ਵੰਡ ਛਕਣ ਨਾਲ ਲੇਖਕ ਨੇ ਸਾਂਝ ਪਵਾਈ ਹੈ | ਇਸ ਦੇ ਨਾਲ ਹੀ ਜਾਤ-ਪਾਤ ਦਾ ਖੰਡਨ ਕਰਦਿਆਂ ਅੰਧ-ਵਿਸਵਾਸ਼ ਪਖੰਡ ਅਤੇ ਸਮਾਜਿਕ ਬੁਰਾਈਆਂ 'ਤੇ ਵਿਚਾਰ ਕਰਦਿਆਂ ਇਨਸਾਨ ਨੂੰ ਬਰਾਬਰਤਾ, ਭਾਈਚਾਰਕ ਸਮਾਨਤਾ ਅਤੇ ਪ੍ਰਭੂ ਬੰਦਗੀ ਕਰਨ ਲਈ ਪ੍ਰੇਰਿਆ ਹੈ | ਦੂਜੇ ਪਾਤਿਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਵਲੋਂ ਕੀਤੇ ਕਾਰਜਾਂ ਦਾ ਵਰਣਨ ਕਰਦਿਆਂ ਗੁਰਮੁਖੀ ਲਿੱਪੀ ਦੇ ਪ੍ਰਚਾਰ, ਸਿੱਖ ਸੰਗਤ ਨੂੰ ਜੋੜਨ ਅਤੇ ਸੇਵਾ ਦੇ ਸੰਕਲਪ ਤੇ ਵਿਚਾਰਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਮਹਾਨ ਕਾਰਜ ਕੀਤਾ ਹੈ | ਤੀਸਰੇ ਪਾਤਿਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਵਲੋਂ ਗੁਰੂ ਕੇ ਲੰਗਰ ਦੀ ਪ੍ਰਥਾ ਨੂੰ ਮਜ਼ਬੂਤ ਕਰਨ, ਇਸਤਰੀ ਜਾਤੀ ਦੇ ਸਨਮਾਨ, ਸਮਾਜਿਕ ਸੁਧਾਰਾਂ ਲਈ ਨਿੱਠ ਕੇ ਕਾਰਜਸ਼ੀਲ ਰਹਿੰਦਿਆਂ ਇਸ ਨਾਲ ਹੀ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਮੰਜੀ-ਪ੍ਰਥਾ ਦੀ ਆਰੰਭਤਾ ਕਰਕੇ ਮਹਾਨ ਕਾਰਜ ਕੀਤਾ |
ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਵਲੋਂ ਅੰਮਿ੍ਤਸਰ ਸ਼ਹਿਰ ਦੀ ਸਥਾਪਨਾ, ਪਵਿੱਤਰ ਸਰੋਵਰ ਦੀ ਖੁਦਵਾਈ ਤੇ ਬਣਵਾਈ ਦੀ ਮਹਾਨ ਸੇਵਾ, ਸਿੱਖ ਕੌਮ ਦੀ ਮਜ਼ਬੂਤੀ ਲਈ ਧਾਰਮਿਕ ਕੇਂਦਰ ਦੀ ਸਥਾਪਨਾ ਕਰਨੀ ਉੱਤਮ ਸੇਵਾ ਹੀ ਨਹੀਂ ਸਗੋਂ ਧਰਮ ਦਾ ਕੇਂਦਰੀ ਸਥਾਨ ਬਣਾ ਕੇ ਸਿੱਖ ਸਮਾਜ ਨੂੰ ਜਾਗਰੂਕ ਕਰਨ ਲਈ ਵੱਡਾ ਕਦਮ ਸੀ | ਪੁਸਤਕ ਦੇ ਇਸ ਪਹਿਲੇ ਭਾਗ ਵਿਚ ਸ਼ਹੀਦਾਂ ਦੇ ਸਿਰਤਾਜ, ਬਣੀ ਦੇ ਬੋਹਿਥ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਸਫ਼ਰ ਨੂੰ ਬਿਆਨ ਕਰਦਿਆਂ ਸ੍ਰੀ ਆਦਿ ਗ੍ਰੰਥ ਦਾ ਸੰਪਾਦਨ ਕਾਰਜ, ਸਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਪਹਿਲਾ ਪ੍ਰਕਾਸ਼, ਸ਼ਾਂਤੀ, ਨਿਮਰਤਾ, ਧਰਮ ਦੀ ਰੱਖਿਆ ਲਈ ਅਦੁੱਤੀ ਸ਼ਹਾਦਤ ਦਾ ਜ਼ਿਕਰ ਲੇਖਕ ਨੇ ਸ਼ਰਧਾ ਤੇ ਪ੍ਰੇਮ ਨਾਲ ਕੀਤਾ ਹੈ | ਲੇਖਕ ਦੀ ਮਿਹਨਤ ਤੇ ਸਿਦਕ ਤੋਂ ਜਾਪਦਾ ਹੈ ਕਿ ਗ੍ਰੰਥ ਦੇ ਮੂਲ ਲੇਖਕ ਕਵੀ-ਰਾਜ ਦੀ ਪ੍ਰੇਮ-ਭਾਵਨਾ ਦਾ ਸਤਿਕਾਰ ਵੀ ਕੀਤਾ ਹੈ | ਲੇਖਕ ਇਸ ਉੱਦਮ ਲਈ ਵਧਾਈ ਦਾ ਪਾਤਰ ਹੈ |
-ਭਗਵਾਨ ਸਿੰਘ ਜੌਹਲ
ਮੋਬਾਈਲ : 98143-2404
ਬਲਦੇਵ ਸਿੰਘ ਬੱਦਨ ਦਾ ਕਾਵਿ-ਸੰਸਾਰ
ਲੇਖਕ: ਪਿ੍ੰ. ਡਾ. ਇੰਦਰਜੀਤ ਸਿੰਘ ਵਾਸੂ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਅੰਮਿ੍ਤਸਰ |
ਮੁੱਲ : 400 ਰੁਪਏ, ਸਫ਼ੇ : 200
ਸੰਪਰਕ : 90563-60763

'ਬਲਦੇਵ ਸਿੰਘ ਬੱਦਨ ਦਾ ਕਾਵਿ-ਸੰਸਾਰ', ਡਾ. ਇੰਦਰਜੀਤ ਸਿੰਘ ਵਾਸੂ ਦੀ ਸਾਹਿਤਕ ਆਲੋਚਨਾ ਦੀ ਪੁਸਤਕ ਹੈ | ਲੇਖਕ ਇਸ ਤੋਂ ਪਹਿਲਾਂ ਆਲੋਚਨਾ ਅਤੇ ਗੁਰਮਤਿ ਨਾਲ ਸੰਬੰਧਿਤ ਚੌਦਾਂ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕਾ ਹੈ | ਹਥਲੀ ਪੁਸਤਕ ਵਿਚ ਲੇਖਕ ਨੇ ਡਾ. ਬਲਦੇਵ ਸਿੰਘ ਬੱਦਨ ਦੀਆਂ ਗ਼ਜ਼ਲਾਂ ਦੀਆਂ ਤਿੰਨ ਪੁਸਤਕਾਂ 'ਜ਼ਖ਼ਮੀ ਡਾਰ ਪਰਿੰਦਿਆਂ ਦੀ', 'ਅੱਖਾਂ ਲੱਭਦੇ ਸੁਫ਼ਨੇ', 'ਧੁਖਦੀਆਂ ਪੈੜਾਂ ਦੀ ਚਿੱਤਰਕਾਰੀ' ਅਤੇ ਦੋ ਕਾਵਿ-ਸੰਗ੍ਰਹਿਆਂ 'ਸਿ੍ਸ਼ਟੀ ਦਿ੍ਸ਼ਟੀ', 'ਦੁਨੀਆ ਅੰਦਰ ਅਜੇ ਹਨੇਰਾ' ਦੀ ਸਾਹਿਤਕ-ਆਲੋਚਨਾ ਕੀਤੀ ਹੈ | ਬੱਦਨ ਦਾ ਸਮੁੱਚਾ ਕਾਵਿ-ਸੰਸਾਰ ਸਾਰੇ ਬ੍ਰਹਿਮੰਡ ਵਿਚ ਮਨੁੱਖੀ ਸੱਭਿਆਚਾਰ ਦੇ ਵਿਕਾਸ ਨੂੰ ਸਿਲਸਿਲੇਵਾਰ ਢੰਗ ਨਾਲ ਚਿੱਤਰਦਾ ਹੈ | ਜਿਸ ਵਿਚ ਪਸ਼ੂ ਬਿਰਤੀਆਂ ਵਾਲੇ ਜ਼ੋਰਾਵਰ ਲੋਕ ਨਿਰਬਲਾਂ ਅਤੇ ਮਜ਼ਲੂਮਾਂ 'ਤੇ ਜ਼ੁਲਮ ਕਰਦੇ ਹਨ | ਕਵੀ ਉੱਤਰੀ ਭਾਰਤ ਦੇ ਖਿੱਤੇ ਪੰਜਾਬ ਦੀ ਧਰਤੀ ਨੂੰ ਰੰਗਮੰਚ ਬਣਾਉਂਦਾ ਹੈ, ਜਿਸ 'ਤੇ ਮੁਗ਼ਲ, ਅੰਗਰੇਜ਼ ਅਤੇ ਭਾਰਤੀ ਰਾਜੇ ਮਹਾਰਾਜੇ ਵੱਖ-ਵੱਖ ਸਮੇਂ 'ਤੇ ਦਹਿਸ਼ਤ ਅਤੇ ਵਹਿਸ਼ਤ ਦੀ ਖੇਡ ਖੁੱਲ੍ਹ ਕੇ ਖੇਡਦੇ ਹਨ | ਬਲਦੇਵ ਸਿੰਘ ਬੱਦਨ ਦੀਆਂ ਇਨ੍ਹਾਂ ਗ਼ਜ਼ਲਾਂ ਅਤੇ ਕਵਿਤਾਵਾਂ ਦਾ ਅਧਿਐਨ ਤਾਨਾਸ਼ਾਹ ਅੱਤਿਆਚਾਰੀ ਹਾਕਮਾਂ, ਜੰਗਬਾਜ਼ ਦਰਿੰਦਿਆਂ ਦੀਆਂ ਪਸ਼ੂਆਨਾ ਸਰਗਰਮੀਆਂ ਪ੍ਰਤੀ ਲੋਕ-ਚੇਤਨਾ ਨੂੰ ਝੰਜੋੜ ਸਕਦਾ ਹੈ, ਜਿਨ੍ਹਾਂ ਦੀ ਬਗ਼ਾਵਤੀ ਸੁਰ ਜਾਬਰ ਜ਼ਾਲਮਾਂ ਨੂੰ ਕੰਬਣੀ ਛੇੜ ਸਕਦੀ ਹੈ ਤੇ ਉਨ੍ਹਾਂ ਨੂੰ ਪੀੜਤ ਪਰਜਾ ਦੀ ਰਾਜ ਪਲਟਾਊ ਸ਼ਕਤੀ ਦਾ ਅਹਿਸਾਸ ਕਰਾ ਸਕਦੀ ਹੈ | ਕਵੀ ਬੱਦਨ ਅਨੁਸਾਰ ਹਾਕਮਾਂ ਦੇ ਝੂਠੇ ਲਾਰੇ, ਰਾਮ ਤੇ ਰਹੀਮ ਦੇ ਨਾਮ 'ਤੇ ਕਰਵਾਏ ਜਾਂਦੇ ਦੰਗੇ ਅਤੇ ਫ਼ਸਾਦ, ਵੱਖ-ਵੱਖ ਚੈਨਲਾਂ ਵੱਲੋਂ ਅੱਗ ਲਗਾਊ ਫ਼ਿਰਕੂ ਪ੍ਰਚਾਰ, ਸਰਕਾਰੀ ਅਹਿਲਕਾਰਾਂ ਦੇ ਨੈਤਿਕ-ਹੀਣ ਕਿਰਦਾਰ, ਸਮਾਜ ਦੀ ਸੰਪੂਰਨਤਾ ਵੱਲ ਵਧਦੀ ਯਾਤਰਾ ਨੂੰ ਉਲਝੀ ਤਾਣੀ ਦਾ ਸਰੂਪ ਦਿੰਦੇ ਹਨ | ਬਹੁਤ ਵੱਡੀ ਗਿਣਤੀ ਵਿਚ ਦੇਸ਼ ਦੀ ਜਨਤਾ ਦੇਸ਼ ਦੇ ਸਭ ਤੋਂ ਵੱਡੇ ਹਾਕਮ ਦੀ ਥੋੜ੍ਹ-ਦਿਲੀ ਅਤੇ ਹੋਛੀ ਪ੍ਰਕਿਰਤੀ ਨੂੰ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਮੰਨਦੀ ਹੈ-
'ਸੜਕਾਂ ਉੱਤੇ ਜਦ ਵੀ ਨਾਅਰੇ ਲਗਦੇ ਨੇ |
ਹਾਕਿਮ ਵਲੋਂ ਝੂਠੇ ਲਾਰੇ ਲਗਦੇ ਨੇ |...
ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਪਿ੍ੰਸੀਪਲ ਡਾ. ਇੰਦਰਜੀਤ ਸਿੰਘ ਵਾਸੂ ਵਲੋਂ ਤਿਆਰ ਕੀਤੀ ਇਹ ਕਿ੍ਤ ਬਹੁਤ ਹੀ ਸਲਾਹੁਣਯੋਗ ਉਪਰਾਲਾ ਹੈ |
-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 84276-85020