ਪ੍ਰਗਟ ਭਏ ਗੁਰ ਤੇਗ ਬਹਾਦਰ
ਲੇਖਕ : ਡਾ. ਧਰਮ ਸਿੰਘ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 300 ਰੁਪਏ, ਸਫ਼ੇ : 136
ਸੰਪਰਕ : 98889-39808

ਇਹ ਪੁਸਤਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੀ 350ਵੀਂ ਸ਼ਤਾਬਦੀ ਨੂੰ ਸਮਰਪਿਤ ਕੀਤੀ ਗਈ ਹੈ | ਇਸ ਪੁਸਤਕ ਦੇ ਲੇਖਕ ਜਿਥੇ ਜਾਣੇ-ਪਛਾਣੇ ਵਿਦਵਾਨ ਵਜੋਂ ਕਾਰਜਸ਼ੀਲ ਰਹਿੰਦੇ ਹਨ, ਇਸ ਦੇ ਨਾਲ ਹੀ ਹੁਣ ਤੱਕ 15 ਪੁਸਤਕਾਂ ਖੋਜੀ ਵਿਦਵਾਨ ਪਾਠਕਾਂ ਦੇ ਸਨਮੁੱਖ ਪੇਸ਼ ਕਰ ਚੁੱਕੇ ਹਨ | ਲੇਖਕ ਨੇ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਗੁਰਮਤਿ ਦੀ ਰੌਸ਼ਨੀ ਵਿਚ ਅਜੋਕੇ ਸਮਾਜ ਦੇ ਪ੍ਰਸੰਗ ਵਿਚ ਪੇਸ਼ ਕਰਨ ਦਾ ਗਹਿਰ-ਗੰਭੀਰ ਸਫਲ ਯਤਨ ਕੀਤਾ ਹੈ | ਇਸ ਦੇ ਨਾਲ ਹੀ ਇਸੇ ਸੰਦਰਭ ਵਿਚ ਗੁਰੂ ਸਾਹਿਬ ਦੀ ਸ਼ਹਾਦਤ ਦੇ ਮਹੱਤਵ ਨੂੰ ਵੀ ਬਿਆਨ ਕੀਤਾ ਹੈ | ਸੁਹਿਰਦ ਲੇਖਕ ਨੇ ਪੁਸਤਕ ਵਿਚ ਸ਼ਾਮਿਲ ਲੇਖਾਂ ਵਿਚ ਗੁਰ-ਇਤਿਹਾਸ, ਸਾਹਿਤ, ਸੱਭਿਆਚਾਰ ਅਤੇ ਸਿੱਖ ਚਿੰਤਨ ਦੇ ਅਜੋਕੇ ਮਸਲਿਆਂ 'ਤੇ ਵਿਚਾਰਾਂ ਦੀ ਲੜੀ ਨੂੰ ਸੰਪੂਰਨਤਾ ਦਿੱਤੀ ਹੈ | ਲੇਖਕ ਦੇ ਅਨੁਸਾਰ ਨੌਵੇਂ ਪਾਤਿਸ਼ਾਹ ਦੇ ਜੀਵਨ ਅਨੁਭਵ ਅਤੇ ਉਨ੍ਹਾਂ ਦੀ ਪਾਵਨ ਬਾਣੀ ਮਾਨਵਤਾ ਲਈ ਜਿਥੇ ਚਾਨਣ ਮੁਨਾਰਾ ਹੈ, ਉੱਥੇ ਗੁਰੂ ਸਾਹਿਬ ਲਈ ਧਰਮ ਕਿਸੇ ਕਿਸਮ ਦੀ ਨਿੱਜ ਪ੍ਰਾਪਤੀ ਜਾਂ ਕੇਵਲ ਆਪਣੀ ਨਿੱਜੀ ਖੁਸ਼ੀ ਤੇ ਸ਼ਾਂਤੀ ਤੱਕ ਹੀ ਸੀਮਤ ਨਹੀਂ | ਗੁਰੂ ਸਾਹਿਬ ਨੇ ਸਰਬਸਾਂਝੀਵਾਲਤਾ ਨੂੰ ਧਰਮ ਦਾ ਅਸਲ ਮਾਰਗ ਦੱਸਿਆ ਹੈ | ਗੁਰਮਤਿ ਅਨੁਸਾਰ ਸਮਾਜ ਤੋਂ ਅਲੱਗ ਹੋ ਕੇ ਅਧਿਆਤਮਿਕ ਜੀਵਨ ਬਤੀਤ ਕਰਨ ਦਾ ਕੋਈ ਲਾਭ ਨਹੀਂ |
ਲੇਖਕ ਨੇ ਪੁਸਤਕ ਨੂੰ ਵੱਖ-ਵੱਖ ਵਿਚਾਰਾਂ ਨੂੰ ਇਕ ਲੜੀ ਵਿਚ ਪਰੋਣ ਲਈ 18 ਲੇਖਾਂ ਵਿਚ ਵੰਡਿਆ ਹੈ | ਇਹ ਸਾਰੇ ਲੇਖ ਗੁਰਮਤਿ ਸਿਧਾਂਤ ਅਨੁਸਾਰ ਲੇਖਕ ਨੇ ਸਮੇਂ-ਸਮੇਂ 'ਤੇ ਪਾਠਕਾਂ ਦੀ ਅਗਵਾਈ ਲਈ ਪੇਸ਼ ਕੀਤੇ ਹਨ | ਇਨ੍ਹਾਂ ਲੇਖਾਂ ਵਿਚ ਵਿਸ਼ੇਸ਼ ਕਰਕੇ 'ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚ ਸਿਫ਼ਤੀ ਨਾਂ', 'ਸ੍ਰੀ ਗੁਰੂ ਅਮਰ ਬਿਲਾਸ : ਇਕ ਨਵੀਂ ਲਭਤ', 'ਸਿੱਖ ਸਰੋਤਾਂ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਰੂਪ', 'ਕੁਰਬਾਨੀ ਦਾ ਸ਼ਹਿਨਸ਼ਾਹ : ਇਕ ਨਵੀਂ ਲੱਭਤ', 'ਬਹੁ ਸੱਭਿਆਚਾਰਵਾਦ ਅਤੇ ਮੱਧਕਾਲੀ ਪੰਜਾਬੀ ਸਾਹਿਤ', 'ਬਾਣੀ ਸ੍ਰੀ ਗੁਰੂ ਤੇਗ ਬਹਾਦਰ ਜੀ : ਆਧੁਨਿਕ ਸੰਦਰਭ', 'ਮਨ ਦਾ ਸੰਕਲਪ ਅਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ', ਇਕ ਨਵੀਂ ਲੱਭਤ : ਸ੍ਰੀ ਗੁਰੂ ਅਰਜਨ ਬਿਲਾਸ', 'ਬਾਣੀ ਗੁਰੂ ਤੇਗ ਬਹਾਦਰ : ਮਿਥਿਹਾਸਕ ਸੰਕੇਤ', 'ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੁਝ ਤਕਨੀਕੀ ਪੱਖ', 'ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਅੰਜਲੀਆਂ', 'ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ ਕਰਹਲੇ', 'ਸ਼ਹੀਦੀ ਸ਼ਤਾਬਦੀ : ਵਿਦਵਾਨਾਂ ਦੇ ਵਿਚਾਰ ਗੋਚਰੇ ਕੁਝ ਪ੍ਰਸ਼ਨ', 'ਪੁਰਾਤਨ ਪੰਜਾਬੀ ਹੱਥ ਲਿਖਤ ਗ੍ਰੰਥਾਂ ਦਾ ਮਹੱਤਵ', 'ਕਿਵੇਂ ਲਿਖੇ ਜਾਂਦੇ ਸਨ ਪੁਰਾਤਨ ਗ੍ਰੰਥ', 'ਗੁਰਮੁਖੀ ਦੇ ਪੁਰਾਣੇ ਸ਼ਬਦ-ਜੋੜ', 'ਸੱਭਿਆਚਾਰਕ ਚੇਤਨਾ ਦੇ ਪ੍ਰਵਚਨ', 'ਆਸਾ ਦੀ ਵਾਰ', 'ਕਸ਼ਮੀਰੀ ਪੰਡਿਤ ਗੁਰੂ ਤੇਗ ਬਹਾਦਰ ਜੀ ਕੋਲ ਹੀ ਕਿਉਂ ਆਏ?' ਸ਼ਾਮਿਲ ਕੀਤੇ ਗਏ ਹਨ |
ਇਨ੍ਹਾਂ ਬਾਰੇ ਲੇਖਾਂ ਵਿਚ ਗੁਰੂ ਸਾਹਿਬ ਦੇ ਜੀਵਨ ਅਤੇ ਬਾਣੀ ਬਾਰੇ ਵਿਚਾਰਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਗੁਰੂ ਸਾਹਿਬ ਜੀ ਦੇ ਦੈਵੀ ਸ਼ਖ਼ਸੀਅਤ ਨੂੰ ਉਭਾਰਨ ਦਾ ਸਫ਼ਲ ਯਤਨ ਕੀਤਾ ਹੈ | ਸੰਸਾਰੀ ਝਮੇਲਿਆਂ ਵਿਚ ਫਸੇ ਮਨੁੱਖ ਲਈ ਜਦੋਂ ਨੌਵੇਂ ਪਾਤਿਸ਼ਾਹ ਦੀ ਰੱਬੀ ਸ਼ਖ਼ਸੀਅਤ ਦਾ ਅਮੁੱਕ ਸੋਮਾ ਹੈ | ਸਮੁੱਚੇ ਰੂਪ ਵਿਚ ਲੇਖਕ ਨੇ ਮਨੁੱਖ ਨੂੰ ਆਪਣੇ ਜੀਵਨ ਮਨੋਰਥ ਨੂੰ ਜਾਨਣ ਲਈ ਗੁਰੂ ਤੇਗ ਬਹਾਦਰ ਸਾਹਿਬ ਦੀ ਪਾਵਨ ਬਾਣੀ ਤੇ ਉਨ੍ਹਾਂ ਦਾ ਜੀਵਨ ਮਨਮਤਿ ਤਿਆਗ ਕੇ ਗੁਰਮਤਿ ਸਿਧਾਂਤਾਂ ਨਾਲ ਜੁੜਨ ਲਈ ਮਾਰਗ ਦਰਸ਼ਨ ਕਰਦਾ ਹੈ | ਵਿਦਵਾਨ ਪਾਠਕਾਂ ਵਲੋਂ ਇਹ ਪੁਸਤਕ ਸਲਾਹੀ ਜਾਵੇਗੀ |
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040
ਜ਼ਿਲ੍ਹਾ ਬਠਿੰਡਾ
ਦੇ ਪਿੰਡਾਂ ਦਾ ਇਤਿਹਾਸ
ਲੇਖਕ : ਹਰਭਜਨ ਸਿੰਘ ਸੇਲਬਰਾਹ
ਪ੍ਰਕਾਸ਼ਕ : ਕਾਵਿਆ ਪਬਲੀਕੇਸ਼ਨਜ਼, ਹਾਜ਼ੀਪੁਰ (ਯੂ.ਪੀ.)
ਮੁੱਲ : 599 ਰੁਪਏ, ਸਫ਼ੇ : 333
ਸੰਪਰਕ : 98146-13178

ਸਥਾਨਕ ਇਤਿਹਾਸ, ਇਤਿਹਾਸਕਾਰੀ ਦੀ ਹੇਠਲੀ ਪਰ ਮਹੱਤਵਪੂਰਨ ਪਰਤ ਹੈ | ਵਿਅਕਤੀ ਵਿਸ਼ੇਸ਼, ਪਿੰਡ ਤੇ ਨਗਰ ਦਾ ਇਤਿਹਾਸ ਇਸ ਦਾ ਖੇਤਰ ਹਨ, ਪ੍ਰੰਤੂ ਮੁਲਕ ਦੀ ਸਭ ਤੋਂ ਛੋਟੀ ਇਕਾਈ ਪਿੰਡ ਜਾਂ ਨਗਰ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ, ''ਇਹ ਲਿਖਤੀ ਨਹੀਂ ਮਿਲਦਾ, ਅਕਸਰ ਬਜ਼ੁਰਗਾਂ ਅਤੇ ਪੀੜ੍ਹੀ-ਦਰ-ਪੀੜ੍ਹੀ ਦੰਦ-ਕਥਾਵਾਂ ਅਤੇ ਨਿੱਕੀਆਂ-ਪੇਤਲੀਆਂ ਲਾਈਨਾਂ-ਲਿਖਤਾਂ, ਇਕਹਿਰੇ-ਖਿੰਡਰੇ ਪੁੰਡਰੇ ਇੱਕਾ-ਦੂੱਕਾ ਪੈਰਿਆਂ ਉੱਤੇ ਨਿਰਭਰ ਕਰਨਾ ਪੈਂਦਾ ਹੈ |'' ਵੇਲਾ ਹੈ, ਜਿੰਨਾ ਕੁ ਵੀ ਅਤੇ ਜਿਸ ਵੀ ਰੂਪ ਵਿਚ ਮਿਲ ਸਕਦਾ ਹੈ, ਸਾਂਭ ਲਈਏ | ਨਹੀਂ ਤਾਂ, ਪਿੰਡਾਂ-ਨਗਰਾਂ ਦਾ, ਸਾਡੇ ਚੇਤਿਆਂ ਜਾਂ ਵਰਕਿਆਂ 'ਚ ਲੁਕਿਆ-ਛੁਪਿਆ ਪਿਆ, ਸੀਮਤ, ਇਤਿਹਾਸ ਵੀ ਲੁਪਤ ਹੋ ਜਾਵੇਗਾ | ਪੁਸਤਕ ਦੀ ਭੂਮਿਕਾ ਵਿਚ ਮਹਾਂ-ਲੇਖਕ ਗੁਰਬਚਨ ਸਿੰਘ ਜੀ ਭੁੱਲਰ ਨੇ ਲਿਖਿਆ, ''...ਕਿਸੇ ਵੀ ਭੂਗੋਲਿਕ ਇਕਾਈ ਦਾ ਇਤਿਹਾਸ ਉਸ ਵਿਚਲੇ ਪਿੰਡਾਂ, ਨਗਰਾਂ ਦੇ ਇਤਿਹਾਸ ਦਾ ਕੁੱਲ ਜੋੜ ਹੁੰਦਾ ਹੈ | ਇਉਂ ਕਿਸੇ ਪਿੰਡ ਦਾ ਇਤਿਹਾਸ ਲਿਖਣ ਲੱਗਿਆਂ ਲੇਖਕ ਅਸਲ ਵਿਚ ਭਾਈਚਾਰਕ ਇਤਿਹਾਸ ਦਾ ਇੱਕ ਕਾਂਡ ਹੀ ਲਿਖ ਰਿਹਾ ਹੁੰਦਾ ਹੈ | ...ਟਿਕਵੇਂ ਪਿੰਡਾਂ ਦਾ ਇਤਿਹਾਸ ਏਨਾ ਕੁ ਹੀ ਪੁਰਾਣਾ ਹੈ ਕਿ ਪਿੰਡ ਦੇ ਬਜ਼ੁਰਗਵਾਰਾਂ ਤੋਂ ਉਨ੍ਹਾਂ ਦੇ ਦਾਦਿਆਂ-ਪੜ੍ਹਦਾਦਿਆਂ ਦੀਆਂ ਗੱਲਾਂ ਅਤੇ ਪਿੰਡ ਦੇ ਮੀਰ-ਮਿਰਾਸੀਆ ਤੇ ਹਰਿਦੁਆਰ ਦੇ ਪੰਡਿਤਾਂ ਦੀਆਂ ਬਹੀਆਂ ਤੋਂ ਪਿੰਡ ਦੇ ਵਸਣ ਅਤੇ ਵਿਗਸਣ ਦੀ ਕਨਸੋਅ ਮਿਲ ਜਾਂਦੀ ਹੈ | ਪਿੰਡਾਂ ਦਾ ਇਤਿਹਾਸ ਲਿਖਣਾ, ਇਸ ਲਈ ਵੀ ਜ਼ਰੂਰੀ ਹੈ, ਕਿਉਂਕਿ ਨਵੀਆਂ ਪੀੜ੍ਹੀਆਂ ਰਹਿਤਲ ਨਾਲੋਂ ਟੁੱਟ ਰਹੀਆਂ ਹਨ ਅਤੇ ਨੇੜ ਭਵਿੱਖ 'ਚ ਪਿੰਡਾਂ ਦੀ, ਮੌਖਿਕ, ਤਵਾਰੀਖ ਤੇ ਗੱਲਾਂ ਪੂਰੀ ਤਰ੍ਹਾਂ ਵਿਸਰ ਅਤੇ ਓਪਰੀਆਂ ਹੋ ਜਾਣਗੀਆਂ |'' ਲੇਖਕ ਨੇ ਇਹ ਕਿਤਾਬ ਲਿਖਣ ਲਈ ਪਿੰਡਾਂ ਦੇ ਅਤੀਤ ਨੂੰ ਹੰਗਾਲਿਆ ਹੈ | ਅਨੇਕਾਂ ਪੁਸਤਕਾਂ ਨੂੰ ਪੜਿ੍ਹਆ ਹੈ | ਮਾਲ ਮਹਿਕਮੇ ਦੇ ਰਿਕਾਰਡ/ਦਸਤਾਵੇਜ਼ਾਂ ਤੇ ਪਾਡੌਂਆਂ, ਭੱਟਾ ਅਤੇ ਮੀਰਾਂ ਦਾ ਆਸਰਾ ਲਿਆ ਹੈ | ਗਲੀਆਂ, ਸੱਥਾਂ, ਥੇਹਾਂ 'ਤੇ ਘੁੰਮਿਆ, ਅਨੇਕਾਂ ਦਾਨਿਸ਼ਵਰਾਂ, ਇਤਿਹਾਸਵੇਤਿਆਂ, ਬੁੱਢ-ਵਰੇਸੀਆਂ ਨਾਲ ਗੁਫ਼ਤਗੂ ਕਰਦਿਆਂ ਖਲਾਅ 'ਚ ਉੱਡਦੀਆਂ ਕਨਸੋਆਂ ਦੀ ਹਾਥ ਪਾ ਕੇ ਇਸ ਪੁਸਤਕ ਨੂੰ ਨਿਰਧਾਰਤ ਇਤਿਹਾਸ ਚੌਖਟੇ ਵਿਚ ਲਿਖਣ ਦੀ ਪੀਢੀ ਕੋਸ਼ਿਸ਼ ਕੀਤੀ ਹੈ | ਜਿਥੇ ਬਠਿੰਡਵੀਂਆਂ ਨੂੰ ਇਹ ਪੁਸਤਕ ਦਸਤਾਵੇਜ਼ ਵਜੋਂ, ਅਗਲੀਆਂ-ਅਗਲੇਰੀਆਂ ਪੀੜ੍ਹੀਆਂ ਲਈ ਵੀ, ਸੰਭਾਲ ਲੈਣੀ ਚਾਹੀਦੀ ਹੈ, ਉਥੇ ਖੋਜੀਆਂ-ਜਗਿਆਸੂਆਂ, ਵਿਸ਼ੇਸ਼ ਕਰਕੇ, ਸਥਾਨਕ ਇਤਿਹਾਸਕਾਰੀ ਜਾਂ ਪਿੰਡਾਂ ਦੀ ਤਵਾਰੀਖ ਨਾਲ ਵਾਹ-ਵਾਸਤਾ ਨੂੰ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ |
-ਵਿਜੈ ਬੰਬੇਲੀ
ਮੋਬਾਈਲ : 94634-39075
ਪੁੰਗਰਦੇ ਪੱਤ
ਲੇਖਕ : ਗੁਰਮੀਤ ਸਿੰਘ ਮਦਨੀਪੁਰ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ ਲੁਧਿਆਣਾ
ਮੁੱਲ-140 ਰੁਪਏ, ਸਫ਼ੇ : 72
ਸੰਪਰਕ : 94176-42785

ਹਥਲੀ ਪੁਸਤਕ 'ਪੁੰਗਰਦੇ ਪੱਤ' ਗੁਰਮੀਤ ਸਿੰਘ ਮਦਨੀਪੁਰ ਦੀ ਕਵਿਤਾਵਾਂ ਦੀ ਪੁਸਤਕ ਹੈ ਜਿਸ ਵਿਚ ਪੰਜਾਹ ਕਵਿਤਾਵਾਂ ਸ਼ਾਮਿਲ ਹਨ ਜੋ ਕਿ ਸਭੇ ਰਚਨਾਵਾਂ ਸਰਲ ਠੇਠ ਅਤੇ ਆਮ ਲੋਕਾਂ ਦੇ ਮਾਨਸਿਕ ਪੱਧਰ ਦੀਆਂ ਹਨ | ਸਾਰੀਆਂ ਰਚਨਾਵਾਂ ਆਸੇ ਪਾਸੇ ਦੇ ਵੱਖ–ਵੱਖ ਵਿਸ਼ਿਆਂ ਨੂੰ ਅਤੇ ਭਖਦੇ ਮਸਲਿਆਂ ਨੂੰ ਲੈ ਕੇ ਲਿਖੀਆਂ ਗਈਆਂ ਹਨ ਇਹ ਰਚਨਾਵਾਂ ਮਸਲਿਆਂ ਨੂੰ ਸਿਰਫ ਉਜਾਗਰ ਹੀ ਨਹੀ ਕਰਦੀਆਂ ਬਲਕਿ ਉਨ੍ਹਾਂ ਦਾ ਹੱਲ ਵੀ ਦਸਦੀਆਂ ਹਨ ਅਤੇ ਸੁਭਾਵਿਕ ਹੀ ਸਿੱਖਿਆਂ ਵੀ ਦਿੰਦੀਆਂ ਹਨ |
ਜਿਵੇਂ:-''ਕੀ ਆਖਾਂ ਤੈਨੂੰ ਕਵਿਤਾ ਵਿਚ ਮਨੁੱਖ ਨੂੰ ਬਹੁਤ ਹੀ ਭਾਵਪੂਰਤ ਸ਼ਬਦਾਂ ਰਾਹੀਂ ਪਰਾਲੀ ਅਤੇ ਨਾੜ ਨੂੰ ਅੱਗ ਲਾਉਣ ਦੇ ਨੁਕਸਾਨਾਂ ਬਾਰੇ ਸਮਝਾਉਣਾ ਕੀਤਾ ਹੈ :-
-ਕੀ ਆਖਾਂ ਤੈਨੂੰ ਦੱਸ-
ਧਰਤੀ ਦਿਆ ਪੁੱਤਰਾ ਓਏ |
ਮਾਂ ਦੀ ਹਿੱਕ ਤੇ ਵੀ ਤੂੰ ਤਾਂ,
ਅੱਗ ਨੂੰ ਬਾਲੀ ਜਾਨਾਂ ਏ |
ਪੰਛੀ ਜਨੌਰ ਤੇ ਸਣੇ ਬੋਟ ਆਲਣਿਆਂ ਦੇ,
ਇੱਕ ਤੀਲੀ ਸੰਗ ਰਾਖ ਬਣਾਈ ਜਾਨਾਂ ਏ |
ਜਿਸਦੀ ਕੁੱਖ 'ਚੋਂ ਕੱਢਦਾ,
ਮੋਤੀ ਹੀਰੇ ਫਸਲਾਂ ਦੇ ਓਸੇ ਦੇ ਅਹਿਸਾਨ ਨੂੰ ,
ਲੱਟ-ਲੱਟ ਜਲਾਈ ਜਾਨਾਂ ਏ |....
ਏਵੇਂ ਹੀ ਪੁੰਗਰਦੇ ਪੱਤ, ਸਮਾਂ ਅੰਤਰ, ਬਹਾਰ, ਮਿਹਨਤ ਕਸ਼ਾਂ ਦੇ ਨਾਮ, ਸਾਉਣ ਦਾ ਮਹੀਨਾ, ਬਾਲ ਤੋਂ ਜਵਾਨ, ਚੰਨ ਗ੍ਰਹਿਣ, ਮੁੱਲ ਕਿਤਾਬਾਂ ਦਾ, ਬੁਲੰਦ ਹੌਸਲੇ, ਬਿਰਖ ਦੀ ਹੂਕ ਆਦਿ ਵੱਖ–ਵੱਖ ਵਿਸ਼ਿਆਂ ਨੂੰ ਲੈ ਕੇ ਬਹੁਤ ਹੀ ਸ਼ਾਨਦਾਰ ਅਤੇ ਭਾਵਪੂਰਤ ਕਵਿਤਾਵਾਂ ਲਿਖੀਆਂ ਗਈਆਂ ਹਨ ਜੋ ਕਿ ਨੌਜਾਵਨ ਪੀੜ੍ਹੀ ਨੂੰ ਭਵਿੱਖ ਲਈ ਸਫਲ ਮਨੁੱਖ ਬਣਨ ਦੀ ਪ੍ਰੇਰਨਾ ਦਿੰਦੀਆਂ ਹਨ | ਹਰ ਲੇਖਕ ਸੰਵੇਦਨਸ਼ੀਲ ਹੁੰਦਾ ਹੈ ਉਸ ਨੂੰ ਸਮਾਜ ਦੀ ਹਰ ਛੋਟੀ ਮੋਟੀ ਗੱਲ ਟੁੰਬਦੀ ਹੈ ਉਹ ਆਪ ਮੁਹਾਰੇ ਕਲਮ ਚੁੱਕ ਕੇ ਆਪਣੇ ਹਾਵ-ਭਾਵ ਪ੍ਰਗਟ ਕਰ ਦਿੰਦਾ ਹੈ ਜੋ ਕਿ ਪਾਠਕਾਂ ਲਈ ਰਚਨਾਵਾਂ ਬਣ ਜਾਂਦੀਆਂ ਹਨ ਗੁਰਮੀਤ ਸਿੰਘ ਮਦਨੀਪੁਰ ਵੀ ਬਹੁਤ ਹੀ ਸੰਵੇਦਨਸ਼ੀਲ ਕਵੀ ਹੈ ਉਸ ਨੂੰ ਵੀ ਸਮਾਜ ਵਿਚਲੇ ਅਸਾਵੇਂਪਣ ਨੇ ਇਹ ਪਿਆਰੀ ਅਤੇ ਨਿਆਰੀ ਪੁਸਤਕ ਪ੍ਰਕਾਸ਼ਿਤ ਕਰਨ ਲਈ ਮਜਬੂਰ ਕਰ ਦਿੱਤਾ ਹੈ ਮੈਨੂੰ ਇਹ ਗੁਰਮੀਤ ਸਿੰਘ ਮਦਨੀਪੁਰ ਦੀ ਪਹਿਲੀ ਪੁਸਤਕ ਜਾਪਦੀ ਹੈ ਹਰ ਲੇਖਕ ਦੀ ਪਹਿਲੀ ਕਿਤਾਬ ਵਿਚ ਕੋਈ ਥੋੜ੍ਹੀ ਬਹੁਤੀ ਕਮੀ ਰਹਿ ਹੀ ਜਾਂਦੀ ਹੈ ਫੇਰ ਵੀ ਮੈ ਲੇਖਕ ਦੇ ਪਹਿਲੇ ਸ਼ਾਨਦਾਰ ਉਪਰਾਲੇ ਲਈ ਸ਼ਾਬਾਸ਼ ਅਤੇ ਮੁਬਾਰਕਾਂ ਵੀ ਦਿੰਦਾ ਹਾਂ |
-ਅਮਰੀਕ ਸਿੰਘ ਤਲਵੰਡੀ ਕਲਾਂ
ਮੋਬਾਈਲ : 9463542896
ਸਾਚੀ ਸਾਖੀ
ਦਾ ਅਸਲੀ ਸੱਚ
ਸੰਪਾਦਕ : ਡਾ. ਭਗਵੰਤ ਸਿੰਘ, ਸੰਦੀਪ ਸਿੰਘ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ ਮੁਹਾਲੀ
ਮੁੱਲ : 695 ਰੁਪਏ, ਸਫ਼ੇ : 477
ਸੰਪਰਕ : 98148-51500

ਸਿਰਦਾਰ ਕਪੂਰ ਸਿੰਘ ਦਾ ਜਨਮ 2 ਮਾਰਚ, 1909 ਅਤੇ ਦਿਹਾਂਤ 13 ਅਗਸਤ, 1986 ਹੋਇਆ | ਡਾ. ਤੇਜਵੰਤ ਮਾਨ ਨੇ ਡਾ. ਭਗਵੰਤ ਸਿੰਘ ਦੀ ਮਿਹਨਤ ਦੀ ਦਾਦ ਦਿੱਤੀ ਹੈ, ਕਿਉਂਕਿ ਉਸ ਨੇ ਅਨੇਕਾਂ ਵਿਦਵਾਨਾਂ ਦੇ ਵਿਚਾਰਾਂ ਨੂੰ ਇਕੱਤਰ ਕਰਕੇ ਉਨ੍ਹਾਂ ਨੂੰ ਇੱਕ ਲੜੀ ਵਿਚ ਪਰੋਇਆ ਹੈ | ਇਸ ਪੁਸਤਕ ਵਿਚ ਕਮਿਊਨਲ ਐਵਾਰਡ ਦੀ ਵਿਸਤਿ੍ਤ ਚਰਚਾ ਮਿਲਦੀ ਹੈ | ਸਿਰਦਾਰ ਕਪੂਰ ਸਿੰਘ ਜੀ ਨੇ 'ਸਾਚੀ ਸਾਖੀ' ਵਿਚ ਇਸ ਲੁਕੇ ਹੋਏ ਭੇਤ ਤੋਂ ਵੀ ਪਰਦਾ ਲਾਹਿਆ ਹੈ ਕਿ ਕਮਿਊਨਲ ਐਵਾਰਡ ਦੇ ਵਿਰੋਧ ਵਿਚ ਜੇ ਕਿਧਰੇ ਸਿੱਖ 'ਲੀਡਰ' ਥੋੜ੍ਹੀ ਜਿਹੀ ਕੁਰਬਾਨੀ ਕਰ ਗੁਜ਼ਰਦੇ ਤਾਂ ਪੰਜਾਬ ਇਸ ਦੀ ਮਾਰ ਤੋਂ ਬਚ ਜਾਂਦਾ ਅਤੇ ਨਵੀਂ ਗੱਲ-ਬਾਤ ਵਿਚ ਇਸ ਦਾ ਨਕਸ਼ਾ ਅਤੇ ਇਤਿਹਾਸ ਹੋਰ ਹੀ ਹੋ ਜਾਂਦਾ | ਪੰ.58
ਪਾਠਕਾਂ ਲਈ ਸਾਚੀ ਸਾਖੀ ਦਾ ਮੂਲ ਪਾਠ ਵੀ ਦਿੱਤਾ ਹੈ, ਜਿਨ੍ਹਾਂ ਵਿਦਵਾਨਾਂ ਦੇ ਵਿਚਾਰ ਸੰਪਾਦਕ ਨੇ ਇਕੱਤਰ ਕੀਤੇ ਹਨ, ਉਨ੍ਹਾਂ ਵਿਚ ਗੁਰਤੇਜ ਸਿੰਘ, ਡਾ. ਸਵਰਾਜ ਸਿੰਘ, ਪਿ੍ੰਸੀਪਲ ਭਰਪੂਰ ਸਿੰਘ, ਜੈਤੇਗ ਸਿੰਘ ਅਨੰਤ, ਡਾ. ਭਗਵਾਨ ਸਿੰਘ, ਪ੍ਰੋ: ਪ੍ਰੀਤਮ ਸਿੰਘ, ਗਜਿੰਦਰ ਸਿੰਘ, ਡਾ. ਜਸਬੀਰ ਸਿੰਘ ਸਾਬਰ, ਹਰਿਸਿਮਰਨ ਸਿੰਘ, ਹਰਪਾਲ ਸਿੰਘ, ਅਵਤਾਰ ਸਿੰਘ, ਗੁਰਚਰਨਜੀਤ ਸਿੰਘ ਲਾਂਬਾ, ਤੇਜਾ ਸਿੰਘ ਤਿਲਕ, ਪ੍ਰੋ. ਹਰਪਾਲ ਸਿੰਘ, ਡਾ. ਮੇਘਾ ਸਿੰਘ, ਖੁਸ਼ੀ ਰਾਮ, ਸੁਤੇ ਆਹੀਰ, ਅਲਬੇਲ ਸਿੰਘ, ਦੇਵਿੰਦਰ ਸਿੰਘ ਗਿੱਲ, ਗੁਰਮੀਤ ਸਿੰਘ (ਬੀ.ਏ., ਐਲ.ਐਲ.ਬੀ.) ਦੇ ਨਾਂਅ ਸ਼ਾਮਿਲ ਹਨ | ਇਸ ਦੀ ਅੰਤਿਕਾ ਵੀ ਵਰਣਨਯੋਗ ਹੈ | ਅੰਤਿਕਾ ਵਿਚ ਕੁਝ ਪੰਨੇ ਸਿਰਦਾਰ ਕਪੂਰ ਸਿੰਘ ਦੀਆਂ ਹੱਥ ਲਿਖਤਾਂ ਤੋਂ ਇਲਾਵਾ ਕੁਝ ਤਸਵੀਰਾਂ ਵੀ ਦਿੱਤੀਆਂ ਹਨ |
ਸਿਰਦਾਰ ਕਪੂਰ ਸਿੰਘ ਨੇ 1933 ਵਿਚ ਐੱਮ.ਏ. ਫ਼ਿਲਾਸਫ਼ੀ ਦੀ ਡਿਗਰੀ ਕੈਂਬਰਿਜ ਯੂਨੀਵਰਸਿਟੀ ਤੋਂ ਹਾਸਿਲ ਕੀਤੀ | ਆਈ.ਏ.ਐੱਸ. ਕਰਕੇ ਪੰਦਰਾਂ ਸਾਲ ਵੱਖ-ਵੱਖ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰ ਵਜੋਂ ਸੇਵਾ ਨਿਭਾਈ | 13-14 ਅਪ੍ਰੈਲ, 1949 ਨੂੰ ਉਹ ਫਿਰਕੂ ਜ਼ਹਿਨੀਅਤ ਦਾ ਸ਼ਿਕਾਰ ਹੋ ਗਏ |ਕਾਨੂੰਨ ਅਨੁਸਾਰ ਕਿਸੇ ਵੀ ਆਈ.ਏ.ਐੱਸ. ਅਫ਼ਸਰ ਨੂੰ ਮੁਅੱਤਲ ਨਹੀਂ ਕੀਤਾ ਜਾ ਸਕਦਾ | ਜਦੋਂ ਤੱਕ ਉਸ 'ਤੇ ਕੋਈ ਗੰਭੀਰ ਦੋਸ਼ ਪੜਤਾਲ ਉਪਰੰਤ ਸਿੱਧ ਨਾ ਹੋ ਜਾਣ | ਸਿਰਦਾਰ ਕਪੂਰ ਸਿੰਘ ਨੂੰ 2 ਸਤੰਬਰ, 1950 ਨੂੰ ਜਬਰੀ ਰਿਟਾਇਰ ਕਰ ਦਿੱਤਾ | ਅਜਿਹੇ ਰੌਸ਼ਨ ਦਿਮਾਗ਼, ਬੁੱਧੀਜੀਵੀ, ਚਿੰਤਕ, ਫ਼ਿਲਾਸਫ਼ਰ, ਸ਼ਾਨਦਾਰ ਪ੍ਰਬੰਧਕ ਨਾਲ ਵਕਤ ਦੀ ਸਰਕਾਰ ਨੇ ਧੱਕਾ ਕੀਤਾ, ਜਿਸ ਦੀ ਕਿਸੇ ਵੀ ਪੱਧਰ 'ਤੇ ਸੁਣਵਾਈ ਨਾ ਹੋਈ | 15 ਲੱਖ ਰੁਪਏ ਦੀ ਤਨਖਾਹ ਜ਼ਬਤ ਹੋ ਗਈ | ਸੁਪਰੀਮ ਕੋਰਟ ਤੱਕ ਵੀ ਕਿਸੇ ਤੋਂ ਇਨਸਾਫ਼ ਨਾ ਮਿਲਿਆ | ਮੁਸਲਮਾਨ ਯੂਨੀਅਨ ਮਨਿਸਟਰ ਜਨਾਬ ਰਫ਼ੀ ਅਹਿਮਦ ਕਿਦਵਾਈ ਨੇ ਉਨ੍ਹਾਂ ਨੂੰ ਦਿੱਲੀ ਵਿਚ ਹੀ ਮਿਲ ਕੇ ਕਿਹਾ ਸੀ ਕਿ 'ਜੋ ਹੂਆ, ਸੋ ਹੋ ਚੁੱਕਾ, ਅਬ ਆਪ ਕੋ ਨਹਿਰੂ ਜੀ ਕੇ ਪਾਸ ਲੇ ਚਲਤਾ ਹੂੰ | ਸਭ ਕੁਛ ਠੀਕ ਹੋ ਜਾਏਗਾ |' ਮੈਂ ਉੱਤਰ ਦਿੱਤਾ ਸੀ, 'ਮੇਰੇ ਖ਼ਿਲਾਫ਼ ਸਾਜਿਸ਼ੀ ਕਾਰਵਾਈ ਕਰਨੇ ਸੇ ਪਹਿਲੇ ਮੁਝੇ ਬੁਲਾ ਭੇਜਤੇ ਤੋ ਉਨਕਾ ਐਸਾ ਹੱਕ ਥਾ | ਮੈਂ ਸਰਕਾਰ ਦਾ ਨੌਕਰ ਥਾ.... ਲੇਕਿਨ ਅਬ ਮੈਂ ਉਨਕੇ ਪਾਸ ਕਿਸ ਲੀਏ ਜਾਊਾ, ਗਿੜ ਗਿੜਾਨੇ, ਘੁਟਨੇ ਟੇਕਨੇ ਕੇ ਲੀਏ | ਐਸਾ ਮੁਝ ਸੇ ਨਾ ਹੋਗਾ | ਕਿਦਵਾਈ ਕਹਿਨੇ ਲਗੇ 'ਭਾਈ ਹਰਜ਼ ਕਿਆ ਹੈ? ਮੈਂ ਜ਼ਿੰਮਾਂ ਲੇਤਾ ਹੂੰ | ਆਪ ਕੀ ਖੁਦਦਾਰੀ ਬਹਾਲ ਰੱਖੀ ਜਾਏਗੀ |ਸੰਤ ਫ਼ਤਹਿ ਸਿੰਘ ਨੇ ਕਿਹਾ ਸੀ ਕਿ 'ਭਾਈ ਵੱਡਾ ਵਜ਼ੀਰ ਬਣਨ ਦਾ ਹੱਕ ਤਾਂ ਤੇਰਾ ਸੀ ਪਰ ਤੂੰ ਸਿੱਖ ਹੋਮਲੈਂਡ ਦਾ ਖਹਿੜਾ ਹੀ ਨਹੀਂ ਛੱਡਦਾ ਤੇ ਇਸ ਨਾਲ ਹਿੰਦੂ ਸਿੱਖ ਏਕਤਾ ਟੁੱਟਦੀ ਹੈ |' ਪੰ .360
ਸਿਰਦਾਰ ਜੀ ਸੰਤ ਸਿੰਘ ਸੇਖੋਂ ਨੂੰ ਜ਼ਹੀਨ ਆਦਮੀ ਮੰਨਦੇ ਸਨ |..... ਸਿੱਖਾਂ ਨੂੰ ਆਪਣੀ ਹੋਣੀ ਘੜਨ ਲਈ ਵਿਆਪਕ ਨੌਜਵਾਨਾਂ ਦੀ ਲੋੜ ਸੀ | ਸੇਖੋਂ ਨੇ ( ਆਪਣੀ ਮਾਰਕਸਵਾਦੀ ਵਿਚਾਰਧਾਰਾ ਅਨੁਸਾਰ) ਸਿੱਖ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਨਕਲਾਬ ਦੀ ਇੱਲਤ ਲਾ ਕੇ ਸਿੱਖੀ ਤੋਂ ਬੇਮੁੱਖ ਕਰਨ ਦਾ.... ਕਹਿਰ ਕਮਾਇਆ | ਪੰ.425
ਆਖ਼ਰੀ ਸਮੇਂ ਉਹ ਅਧਰੰਗ ਦੇ ਹਮਲੇ ਦਾ ਸ਼ਿਕਾਰ ਹੋ ਗਏ | 5-6 ਸਾਲ ਜਿਊਾਦੇ ਰਹੇ | ਆਪਣੇ ਸ਼ਹਿਰ ਜਗਰਾਉਂ ਹੀ ਰਹੇ | ਉਹ ਬਹੁਤੇ ਬੰਦੇ ਮਰਵਾ ਕੇ ਨਹੀਂ, ਸਗੋਂ 'ਮਨੋਰਥ' ਨੂੰ ਸਾਹਮਣੇ ਰੱਖ ਕੇ ਲੜਾਈ ਲੜਨਾ ਚਾਹੁੰਦੇ ਸਨ | ਉਹ ਵਿਅੰਗ ਨਾਲ ਕਹਿ ਛੱਡਦੇ ਸਨ ਕਿ ਬੱਕਰੇ ਅਤੇ ਬੱਕਰੀਆਂ ਬਥੇਰੀਆਂ ਕੁਰਬਾਨੀਆਂ ਦਿੰਦੇ ਹਨ 'ਕਦੇ ਬਕਰਿਸਤਾਨ ਵੀ ਬਣਿਆ ਹੈ |' ਪੰ. 428
ਕਪੂਰ ਸਿੰਘ ਨੇ ਵੇਦਾਂ, ਸ਼ਾਸਤਰਾਂ, ਉਪਨਿਸ਼ਦ, ਗੀਤਾ, ਮਹਾਂਭਾਰਤ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਡੂੰਘਾ ਅਧਿਐਨ ਕੀਤਾ ਹੋਇਆ ਸੀ | ਕਪੂਰ ਸਿੰਘ ਨੂੰ ਭਾਸ਼ਾ ਗਿਆਨ , ਵਾਕ ਬਣਤਰ , ਲਹਿਜ਼ੇ ਦੀ ਪੂਰੀ ਸਮਝ ਸੀ | ਪੰਜਾਬੀ , ਲਹਿੰਦੀ, ਅੰਗਰੇਜ਼ੀ, ਫ਼ਾਰਸੀ, ਉਰਦੂ, ਅਰਬੀ, ਪਾਲੀ ਅਤੇ ਸੰਸਕਿ੍ਤ 'ਤੇ ਪੂਰਾ ਆਬੂਰ ਹਾਸਿਲ ਸੀ | ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ 'ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ' ਦਾ ਸਨਮਾਨ ਪ੍ਰਾਪਤ ਕਰਨ ਵਾਲੇ ਪ੍ਰਥਮ ਵਿਦਵਾਨ ਸਨ | ਪੰ. 435
ਉਹ ਸ਼੍ਰੋਮਣੀ ਅਕਾਲੀ ਦਲ ਦਾ ਦਿਮਾਗ਼ ਸਨ | ਚੋਣਾਂ ਸਮੇਂ ਉਹ ਸਪੱਸ਼ਟ ਐਲਾਨ ਕਰ ਦਿੰਦੇ ਸਨ - ਹੁੱਕਾ ਪੀਣ ਵਾਲਾ, ਸਿਗਰਟ, ਬੀੜੀ ਪੀਣ ਵਾਲਾ, ਜ਼ਰਦਾ ਖਾਣ ਵਾਲਾ, ਖੋਪਰੀ ਉੱਤੇ ਕੇਸ ਕਟਵਾਉਣ ਵਾਲੇ, ਸ਼ਰਾਬੀ ਮੈਨੂੰ ਵੋਟ ਨਾ ਪਵੇ | ਸਿਰਦਾਰ ਕਪੂਰ ਸਿੰਘ ਆਪਣੇ ਅਸਤਿਤਵ / ਖੁਦਦਾਰੀ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਸਨ |
ਗੱਲ ਕੀ ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ, ਸਾਚੀ ਸਾਖੀ ਦਾ ਮੁੱਲ ਪਾਠਕ ਪੜ੍ਹ ਕੇ ਹੀ ਪਾ ਸਕਦੇ ਹਨ |
-ਡਾ.ਧਰਮ ਚੰਦ ਵਾਤਿਸ਼
ਈਮੇਲ : vatish.dharamchand@gmail.com
ਤਿ੍ਸ਼ਨਾਵਾਂ ਦੇ ਹਲਫ਼ੀਆ ਬਿਆਨ
ਸੰਪਾਦਕ : ਡਾ. ਸੋਮਾ ਸਬਲੋਕ
ਪ੍ਰਕਾਸ਼ਕ : ਸਾਹਿਤਯਸ਼ਿਲਾ ਪ੍ਰਕਾਸ਼ਨ (ਦਿੱਲੀ )
ਮੁੱਲ : 350, ਸਫੇ : 239
ਸੰਪਰਕ : 98146-93992

ਪੁਸਤਕ ਤਿ੍ਸ਼ਨਾਵਾਂ ਦੇ ਹਲਫ਼ੀਆ ਬਿਆਨ ਡਾ. ਸੋਮਾ ਸਬਲੋਕ ਦੁਆਰਾ ਸੰਪਾਦਿਤ ਇੱਕ ਵਿਸ਼ੇਸ਼ ਕਹਾਣੀ-ਸੰਗ੍ਰਹਿ ਹੈ, ਜਿਸ ਵਿਚ ਪੰਜਾਬੀ ਸਾਹਿਤ ਦੇ 11 ਨਾਮਵਰ ਕਹਾਣੀਕਾਰਾਂ ਦੀਆਂ ਕਹਾਣੀਆਂ ਨੂੰ ਸ਼ਾਮਲ ਕੀਤਾ ਗਿਆ ਹੈ | ਇਹ ਕਹਾਣੀਆਂ ਮਨੁੱਖੀ ਜਜ਼ਬਾਤਾਂ/ ਤਿ੍ਸ਼ਨਾਵਾਂ ਖ਼ਾਸ ਕਰ ਔਰਤ ਦੇ ਅੰਤਰਮਨ/ ਮਨੋਭਾਵਾਂ ਦੇ ਸੱਚ ਨੂੰ ਹਲਫ਼ੀਆ ਬਿਆਨ ਵਾਂਗ ਪੇਸ਼ ਕਰਦੀਆਂ ਹਨ, ਜਿਸ ਨੂੰ ਪੜ੍ਹ ਕੇ ਪਾਠਕ ਸੋਚਣ 'ਤੇ ਮਜ਼ਬੂਰ ਹੁੰਦਾ ਹੈ | ਨਿਰੰਜਨ ਬੋਹਾ ਦੀ 'ਗੂੰਗਾ ਇਨਕਲਾਬ' ਦੋ ਸੱਚੇ ਕਾਮਰੇਡ ਨਾਹਰਾ ਤੇ ਉਸ ਦੀ ਪਤਨੀ ਗੂੰਗੀ ਕਾਮਰੇਡਣੀ ਦੇ ਜੀਵਨ ਨੂੰ ਦਰਸਾਉਂਦੀ ਬਹੁਤ ਹੀ ਭਾਵੁਕ ਤੇ ਦਰਦਨਾਕ ਕਹਾਣੀ ਹੈ ਅਤੇ ਚੀਰਾਤਲਾਕ ਤੋਂ ਬਾਅਦ ਬੱਚਿਆਂ ਦੇ ਜੀਵਨ 'ਤੇ ਬੁਰੇ ਪ੍ਰਭਾਵਾਂ ਨੂੰ ਗੰਭੀਰਤਾ ਨਾਲ ਪੇਸ਼ ਕਰਦੀ ਕਹਾਣੀ ਹੈ | ਕੁਲਬੀਰ ਬਡੇਸਰੋਂ ਦੀ ਜਲਵਾ 'ਮਾਂ' ਦੀ ਬੱਚਿਆਂ ਲਈ ਸੰਘਰਸ਼ੀ ਮਿਹਨਤ ਤੇ ਕੰਮ/ਪਰਿਵਾਰ ਪ੍ਰਤੀ ਪਿਆਰ ਹੀ ਉਸ ਦੀ ਜ਼ਿੰਦਗੀ ਦਾ ਅਸਲੀ ਜਲਵਾ ਦਰਸਾਉਂਦੀ ਭਾਵਪੂਰਤ ਕਹਾਣੀ ਅਤੇ ਵੱਡੇ ਲੋਕ ਉੱਚ ਸ਼੍ਰੇਣੀ ਦੇ ਕੁਝ ਲੋਕਾਂ ਦੇ ਅੰਦਰੂਨੀ ਖੋਖਲੇਪਨ ਦਾ ਜ਼ਿਕਰ ਕਰਦੀ ਕਹਾਣੀ ਹੈ |
ਤਿ੍ਪਤਾ ਕੇ. ਸਿੰਘ ਦੀ 'ਇੱਕ ਲੱਪ ਚਾਨਣ ਪਤੀ ਦੀ ਮੌਤ ਤੋਂ ਬਾਅਦ ਸੁਆਰਥੀ ਨੂੰ ਹ ਪਰ ਫਿਰ ਵੀ ਸਵੈ-ਮਾਣ ਨਾਲ ਜਿਊਾਦੀ ਔਰਤ ਦੀ ਕਹਾਣੀ ਜੋ ਹਨੇਰੇ ਵਿਚ ਉਮੀਦ ਦੀ ਕਿਰਨ ਨੂੰ ਦਰਸਾਉਂਦੀ ਅਤੇ 'ਜਰੀਬ' ਪਤੀ ਦੇ ਵਾਸ਼ਨਾ ਭਰਪੂਰ ਸੰਬੰਧਾਂ ਦਾ ਦਰਦ ਬਿਆਨਦੀ ਹੈ |
ਦੀਪਤੀ ਬਬੂਟਾ ਦੀ 'ਤਿੱਤਲੀ' ਦਾ ਦਿਲ ਵੀ ਹੁੰਦਾ ਹੈ ਜਿਸਮਫ਼ਰੋਸ਼ੀ ਦੇ ਕੰਮ ਵਿਚ ਫਸੀ ਲੜਕੀ ਤਿੱਤਲੀ ਦੇ ਇੱਜ਼ਤਦਾਰ ਜ਼ਿੰਦਗੀ ਜਿਊਣ ਦੇ ਸੁਪਨੇ ਦਾ ਦਰਦ ਬਿਆਨਦੀ ਅਤੇ 'ਵਗਦੇ ਪਾਣੀ' ਪਤੀ ਦੀ ਮੌਤ ਤੋਂ ਬਾਅਦ ਲੀਰਾਂ ਹੋਈ ਜ਼ਿੰਦਗੀ ਤੇ ਸੱਸ-ਸਹੁਰੇ ਨੂੰ ਸਾਂਭਦੀ ਲੜਕੀ ਦੀ ਦਿਲ ਛੂਹ ਲੈਣ ਵਾਲੀ ਕਹਾਣੀ ਹੈ | ਹਰਪਿੰਦਰ ਰਾਣਾ ਦੀ 'ਕੂੜਾ ਪਾ ਦੋ ਜੀ' ਵਿਚ ਕੂੜਾ ਚੁੱਕ ਕੇ ਰੋਟੀ ਕਮਾਉਣ ਵਾਲੇ ਦੀ ਸੰਵੇਦਨਸ਼ੀਲ ਕਹਾਣੀ ਪਰ ਜਦੋਂ ਕਿਸੇ ਅਮੀਰ ਦੇ ਘਰ ਤੋਂ ਪਾਪ (ਨਵ-ਜੰਮਿਆ ਬੱਚਾ) ਲਿਫ਼ਾਫ਼ੇ ਵਿਚ ਬੰਨ੍ਹ ਕੇ ਕੂੜੇ 'ਚ ਸੁੱਟਿਆ ਮਿਲਦਾ ਤਾਂ ਅਸਲ ਸਵਾਲ ਗੰਦਗੀ ਕੂੜੇ ਵਿਚ ਹੈ ਜਾਂ ਅਜਿਹੇ ਲੋਕਾਂ ਦੀ ਮਾਨਸਿਕਤਾ ਵਿਚ ਹੈ ਅਤੇ ਤੂੰ ਮੇਰੇ ਕੋਲ ਹੈ ਨਾ! ਰੰਗ ਦੇ ਸਾਂਵਲੇ ਪਤੀ ਦੇ ਸੱਚੇ ਪਿਆਰ ਦੀ ਜਜ਼ਬਾਤੀ ਕਹਾਣੀ ਹੈ |
ਅਰਵਿੰਦਰ ਧਾਲੀਵਾਲ ਦੀ 'ਆਖਿਰ ਉਹ ਹਾਰ ਗਿਆ', ਬੇਮਤਲਬ ਕਿਸੇ ਤੋਂ ਬੇਇੱਜ਼ਤ ਹੋਏ ਧੁਖਦੇ ਮਨ ਦੀ ਸੰਵੇਦਨਸ਼ੀਲ ਕਹਾਣੀ ਹੈ ਅਤੇ 'ਮੈਂ ਛੁੱਟੀ 'ਤੇ ਜਾ ਰਹੀ ਹਾਂ' ਔਰਤ ਬਿਨਾਂ ਘਰ-ਸੰਸਾਰ ਦੀ ਕਲਪਨਾ ਅਧੂਰੀ ਹੈ, ਗਵਾਹੀ ਭਰਦੀ ਹੈ |
ਬਲਵੰਤ ਫਰਵਾਲੀ ਦੀ 'ਰੈਡ ਰਿਬਨ' ਦਾ ਮੁੱਖ ਪਾਤਰ ਤਿ੍ਸ਼ਨਾਵਾਂ ਦੇ ਵਹਾਅ 'ਚ ਕੀਤੀ ਗ਼ਲਤੀ ਕਰਕੇ, ਡਰ ਕਰਕੇ ਸਮਾਜ ਤੋਂ ਲੁਕਦਾ ਪਰ ਜਦੋਂ ਡਰ ਦਾ ਪਰਛਾਵਾਂ ਮੱਧਮ ਪੈ ਜਾਂਦਾ ਤਾਂ ਉਜੜਿਆ ਮੁੜ ਸੁਰਜੀਤ ਮਹਿਸੂਸ ਕਰਦਾ ਅਤੇ 'ਡੋਗ ਫ਼ਾਰਮ' ਮਨੁੱਖ ਅਤੇ ਕੁੱਤੇ ਪ੍ਰਤੀ ਨਿਰਸਵਾਰਥ ਮੋਹ ਦੀ ਭਾਵੁਕ ਕਰਦੀ ਕਹਾਣੀ ਹੈ |
'ਆਗਾਜ਼ਬੀਰ ਦੀ ਸਹੁੰ' ਦੀ ਪਿਉਂਦ ਵਿਚ ਅਮੀਰ ਜਦੋਂ ਕਿਸੇ ਗ਼ਰੀਬ ਦੀ ਮਦਦ ਕਰਦਾ ਤਾਂ ਉਸ ਨੂੰ ਆਪਣਾ ਗੁਲਾਮ ਬਣਾ ਲੈਂਦਾ ਹੈ, ਗ਼ਰੀਬ ਦੀ ਮਾਨਸਿਕ ਟੁੱਟ-ਭੱਜ ਨੂੰ ਬਾਖੂਬੀ ਚਿਤਰਿਆ ਹੈ ਅਤੇ 'ਗੁੱਲਕ' ਵਹਿਮਾਂ-ਭਰਮਾਂ ਨੂੰ ਵਿਖਿਆਨ ਕਰਦੀ ਹੈ |
ਸਿਮਰਨ ਧਾਲੀਵਾਲ ਦੀ 'ਆਖਿਰੀ ਘੜੀ' ਜ਼ਿੰਦਗੀ ਦੀਆਂ ਪਰੇਸ਼ਾਨੀਆਂ ਤੋਂ ਦੁਖੀ ਹੋ ਕੇ ਗੁੱਸੇ ਵਿਚ ਲਏ ਗ਼ਲਤ ਫੈਸਲੇ 'ਤੇ ਅਫ਼ਸੋਸ ਕਰਦੇ ਪਾਤਰ ਦੀ ਦਰਦਨਾਕ ਕਹਾਣੀ ਅਤੇ 'ਧੀਆਂ-ਪੁੱਤ' ਨਵੀਂ ਪੀੜ੍ਹੀ ਦੇ ਵਿਆਹ ਬੰਧਨ ਤੋਂ ਦੂਰ ਭੱਜਦੀ ਧੀ ਤੇ ਮਾਂ ਦੇ ਅੰਦਰੂਨੀ ਜੰਗਾਂ ਨੂੰ ਗਹਿਰਾਈ ਨਾਲ ਪੇਸ਼ ਕਰਦੀ ਹੈ | ਅਲਫਾਜ਼ ਦੀ 'ਕੀੜਾ' ਪ੍ਰਵਾਸੀ ਪੰਜਾਬੀ ਤੇ ਬਿਹਾਰੀ ਦੇ ਮਾਨਸਿਕ ਤਣਾਅ ਹੇਠ ਦੱਬੀ ਕਹਾਣੀ, ਦੋਵੇਂ ਪੈਸੇ ਤੇ ਰੋਜ਼ੀ-ਰੋਟੀ ਵਰਗੇ ਕੀੜੇ ਦੇ ਸ਼ਿਕਾਰ ਹਨ ਤੇ 'ਬੁਝਾਰਤ' ਭਵਿੱਖੀ ਤਕਨਾਲੋਜੀ ਰੋਬੋਟ 'ਤੇ ਕਟਾਖਸ਼ ਕਰਦੀ ਅਨੋਖੀ ਕਹਾਣੀ ਹੈ |
ਡਾ. ਸੋਮਾ ਸਬਲੋਕ ਦੀ 'ਬਲੈਕ ਆਈਸ' ਧਾਰਮਿਕ-ਰਾਜਨੀਤਕ ਆਯੋਜਨਾਂ ਦੀ ਆੜ ਵਿਚ ਚਲਦੇ ਸੁਆਰਥ ਤੇ ਗ਼ਰੀਬ ਵਰਗ 'ਤੇ ਸੋਸ਼ਣ ਕਰਦੇ ਠੇਕੇਦਾਰ ਦੇ ਦਿਮਾਗ਼ 'ਤੇ ਚੰਬੜੀ ਲਾਲਚ ਦੀ ਬਲੈਕ ਆਈਸ ਸਮਾਜਿਕ ਸਚਾਈ ਬਿਆਨਦੀ ਕਹਾਣੀ ਹੈ |
-ਸਾਹਿਬਾ ਜੀਟਨ ਕੌਰ
ਮੋਬਾਈਲ : 99883-47109