19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਨਵੀਂ ਸਿੱਖਿਆ ਨੀਤੀ 2020-ਚੁਣੌਤੀਆਂ ਤੇ ਸੰਭਾਵਨਾਵਾਂ

ਨਵੀਂ ਸਿੱਖਿਆ ਨੀਤੀ 2020-ਚੁਣੌਤੀਆਂ ਤੇ ਸੰਭਾਵਨਾਵਾਂ

Ad Position 21
No active advertisement
ਅਜੀਤ ਡੈਸਕ 20-09-2026

ਭਾਰਤ ਸਰਕਾਰ ਨੇ 29 ਜੁਲਾਈ 2020 ਨੂੰ  ਰਾਸ਼ਟਰੀ ਸਿੱਖਿਆ ਨੀਤੀ-2020 ਨੂੰ  ਮਨਜ਼ੂਰੀ ਦੇ ਕੇ ਕਰੀਬ 34 ਸਾਲਾਂ ਬਾਅਦ ਦੇਸ਼ ਦੀ ਸਿੱਖਿਆ ਪ੍ਰਣਾਲੀ ਵਿਚ ਵਿਆਪਕ ਤਬਦੀਲੀ ਦਾ ਰਾਹ ਖੋਲਿ੍ਹਆ ਸੀ | ਇਸ ਨੀਤੀ ਦਾ ਮੁੱਖ ਉਦੇਸ਼ ਸਿੱਖਿਆ ਨੂੰ  ਸਿਰਫ਼ ਪ੍ਰੀਖਿਆ ਪਾਸ ਕਰਕੇ ਡਿਗਰੀ ਹਾਸਿਲ ਕਰਨ ਤੱਕ ਸੀਮਤ ਰੱਖਣ ਦੀ ਬਜਾਏ ਗਿਆਨ-ਆਧਾਰਿਤ, ਨਵੀਨਤਾ-ਕੇਂਦਰਿਤ ਤੇ ਰੋਜ਼ਗਾਰਯੋਗ ਹੁਨਰ ਪ੍ਰਦਾਨ ਕਰਨਾ ਹੈ | ਅੱਜ ਇਸ ਨੀਤੀ ਦੇ ਲਾਗੂ ਹੋਣ ਦੇ ਛੇ ਸਾਲ ਬਾਅਦ ਇਸ ਦਾ ਮੁਲਾਂਕਣ ਕਰਦੇ ਸਮੇਂ ਇਹ ਵਾਚਣਾ ਜ਼ਰੂਰੀ ਹੈ ਕਿ, ਕੀ ਇਹ ਸਿੱਖਿਆ ਪ੍ਰਣਾਲੀ ਨੌਜਵਾਨਾਂ ਨੂੰ  21ਵੀਂ ਸਦੀ ਦੇ ਬਦਲਦੇ ਰੋਜ਼ਗਾਰ ਬਾਜ਼ਾਰ ਲਈ ਲੋੜੀਂਦੇ ਹੁਨਰ ਨਿਰਮਾਣ ਵਾਸਤੇ ਤਿਆਰ ਕਰਨ ਵਿਚ ਕਾਮਯਾਬ ਹੋ ਰਹੀ ਹੈ? ਆਟੋਮੇਸ਼ਨ, ਆਰਟੀਫਿਸ਼ੀਅਲ ਇੰਟੈਲੀਜੈਂਸ, ਡਿਜੀਟਲੀਕਰਨ ਅਤੇ ਵਿਸ਼ਵੀਕਰਨ ਦੇ ਮੌਜੂਦਾ ਦੌਰ ਵਿਚ ਇਹ ਸੁਆਲ ਹੋਰ ਵੀ ਮਹੱਤਵਪੂਰਨ ਬਣ ਜਾਂਦਾ ਹੈ, ਕਿਉਂਕਿ ਭਾਰਤ ਦੇ ਨੌਜਵਾਨ ਵਰਗ ਨੂੰ  ਜਨਸੰਖਿਆਤਮਿਕ ਲਾਭਅੰਸ਼ ਵਿਚ ਬਦਲਣ ਲਈ ਸਿੱਖਿਆ ਅਤੇ ਹੁਨਰ ਨਿਰਮਾਣ ਦਰਮਿਆਨ ਮਜ਼ਬੂਤ ਤਾਲਮੇਲ ਬਹੁਤ ਲਾਜ਼ਮੀ ਹੈ |


ਸੰਭਾਵਨਾਵਾਂ
ਨਵੀਂ ਸਿੱਖਿਆ ਨੀਤੀ-2020 ਦੀ ਸਭ ਤੋਂ ਮਹੱਤਵਪੂਰਨ ਪਹਿਲਕਦਮੀ ਸਕੂਲੀ ਪੱਧਰ 'ਤੇ ਕਿੱਤਾਮੁਖੀ ਸਿੱਖਿਆ ਨੂੰ  ਮੁੱਖਧਾਰਾ ਨਾਲ ਜੋੜਨਾ ਹੈ, ਜਿਸ ਵਾਸਤੇ ਛੇਵੀਂ ਜਮਾਤ ਤੋਂ ਹੀ ਵਿਦਿਆਰਥੀਆਂ ਨੂੰ  ਰਵਾਇਤੀ ਸਿੱਖਿਆ ਦੇ ਨਾਲ-ਨਾਲ ਵੱਖ-ਵੱਖ ਕਿੱਤਾਮੁਖੀ ਹੁਨਰ ਜਿਵੇਂ ਕਿ ਤਰਖਾਣਾ ਜਾਂ ਬਿਜਲੀ ਦਾ ਕੰਮ, ਬਾਗਬਾਨੀ, ਮਿੱਟੀ ਦੇ ਭਾਂਡੇ ਬਣਾਉਣ, ਖੇਤੀਬਾੜੀ, ਫੂਡ ਪ੍ਰੋਸੈਸਿੰਗ ਜਾਂ ਕੋਡਿੰਗ ਆਦਿ ਰਾਹੀਂ ਹੱਥੀਂ ਕੰਮ ਕਰਕੇ ਵਿਵਹਾਰਕ ਗਿਆਨ ਪ੍ਰਾਪਤ ਕਰਨ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ | ਵਿਦਿਆਰਥੀ ਜੇਕਰ ਕਲਾਸਰੂਮ ਵਿਚ ਸਿੱਖੇ ਗਿਆਨ ਨੂੰ  ਵਿਵਹਾਰਕ ਪ੍ਰਯੋਗ, ਪ੍ਰੋਜੈਕਟ, ਫੀਲਡ ਵਿਜ਼ਿਟ, ਕੇਸ-ਸਟੱਡੀ ਜਾਂ ਟੀਮ ਵਰਕ ਨਾਲ ਜੋੜ ਕੇ ਸਮੱਸਿਆ ਹੱਲ ਕਰਨਗੇ ਤਾਂ ਉਨ੍ਹਾਂ ਵਿਚ ਸੰਚਾਰ, ਸਹਿਯੋਗ ਅਤੇ ਫੈਸਲਾ ਲੈਣ ਵਰਗੇ ਹੁਨਰ ਵਿਕਸਿਤ ਹੋ ਸਕਦੇ ਹਨ, ਜਿਸ ਨਾਲ 'ਪੜ੍ਹੋ, ਯਾਦ ਕਰੋ ਅਤੇ ਪ੍ਰੀਖਿਆ ਦਿਓ' ਵਾਲੀ ਰਵਾਇਤੀ ਪਹੁੰਚ ਬਦਲ ਸਕਦੀ ਹੈ | ਸੀ.ਬੀ.ਐਸ.ਈ., ਨਵੀਂ ਦਿੱਲੀ ਸਮੇਤ ਕਈ ਰਾਜ ਬੋਰਡਾਂ ਨਾਲ ਸੰਬੰਧਿਤ ਸਕੂਲ ਅਜਿਹੇ ਵਿਸ਼ੇ ਪੜ੍ਹਾ ਰਹੇ ਹਨ | ਦੂਸਰੀ, ਸਿੱਖਿਆ ਨੀਤੀ-2020 ਅਧੀਨ ਬਹੁ-ਵਿਸ਼ਿਆਈ ਸਿੱਖਿਆ ਅਤੇ ਨਵੇਂ ਹੁਨਰ ਪ੍ਰਚੱਲਿਤ ਕਰਨ ਵਾਸਤੇ ਵਿਦਿਆਰਥੀਆਂ ਨੂੰ  ਵੱਖ-ਵੱਖ ਵਿਸ਼ਿਆਂ ਦੀ ਚੋਣ ਕਰਨ ਅਤੇ ਉਨ੍ਹਾਂ ਨੂੰ  ਆਪਸ ਵਿਚ ਜੋੜ ਕੇ ਪੜ੍ਹਨ ਦੇ ਮੌਕੇ ਦੇਣ ਦੀ ਵਿਵਸਥਾ ਕੀਤੀ ਗਈ ਹੈ, ਜਿਵੇਂ ਕਿ ਅਰਥਸ਼ਾਸਤਰ ਦੇ ਨਾਲ ਇੰਜੀਨੀਅਰਿੰਗ, ਆਰਟੀਫਿਸ਼ਲ ਇੰਟੈਲੀਜੈਂਸ ਦੇ ਨਾਲ ਭੌਤਿਕ ਵਿਗਿਆਨ, ਵਪਾਰ ਪ੍ਰਬੰਧਨ ਦੇ ਨਾਲ ਖੇਤੀਬਾੜੀ ਜਾਂ ਡੇਟਾ ਵਿਸ਼ਲੇਸ਼ਣ ਦੇ ਨਾਲ ਵਣਜ ਆਦਿ | ਬਹੁ-ਯੋਗਤਾਵਾਂ ਵਾਲੇ ਗ੍ਰੈਜੂਏਟ ਤਿਆਰ ਕਰਨ ਹਿੱਤ ਬਹੁ-ਅਨੁਸ਼ਾਸਨੀ ਯੂਨੀਵਰਸਿਟੀਆਂ ਦੀ ਸਥਾਪਨਾ ਨੂੰ  ਉਤਸ਼ਾਹਿਤ ਕੀਤਾ ਜਾ ਰਿਹਾ ਹੈ | ਨਤੀਜਨ, ਆਰਟੀਫਿਸ਼ਲ ਇੰਟੈਲੀਜੈਂਸ, ਮਸ਼ੀਨ ਲਰਨਿੰਗ, ਡਾਟਾ ਸਾਇੰਸ, ਕਲਾਊਡ ਕੰਪਿਊਟਿੰਗ, ਸਾਈਬਰ ਸੁਰੱਖਿਆ, ਫਿਨਟੈਕ, ਨਵਿਆਉਣਯੋਗ ਊਰਜਾ, ਡਰੋਨ ਤਕਨਾਲੋਜੀ ਅਤੇ ਇਲੈਕਟਿ੍ਕ ਵਾਹਨਾਂ ਵਰਗੇ ਉੱਭਰਦੇ ਖੇਤਰਾਂ ਵਿਚ ਕੋਰਸਾਂ ਦੀ ਮੰਗ ਵਧ ਰਹੀ ਹੈ | ਹੁਣ ਬਦਲਦੇ ਰੋਜ਼ਗਾਰ ਬਾਜ਼ਾਰ ਵਿਚ ਸਿਰਫ਼ ਇਕ ਵਿਸ਼ੇ ਦਾ ਗਿਆਨ ਹੀ ਕਾਫ਼ੀ ਨਹੀਂ ਰਹਿ ਗਿਆ | ਤੀਸਰੀ, ਕੋਵਿਡ-19 ਮਹਾਂਮਾਰੀ ਨੇ ਭਾਰਤ ਵਿਚ ਡਿਜੀਟਲ ਸਿੱਖਿਆ ਦਾ ਤੇਜ਼ੀ ਨਾਲ ਪਸਾਰ ਕੀਤਾ ਹੈ | ਨਤੀਜਨ ਸਵੈਮ, ਦੀਕਸ਼ਾ, ਪੀਐਮ ਈ-ਵਿੱਦਿਆ, ਐਨ.ਪੀ.ਟੀ.ਈ.ਐਲ., ਵਰਚੁਅਲ ਲੈਬਜ਼ ਤੇ ਡਿਜੀਟਲ ਲਾਇਬ੍ਰੇਰੀਆਂ ਵਰਗੇ ਪਲੇਟਫਾਰਮਾਂ ਨੇ ਵਿਦਿਆਰਥੀਆਂ ਲਈ ਸਿੱਖਣ ਦੇ ਨਵੇਂ ਮੌਕੇ ਖੋਲ੍ਹੇ ਹਨ | ਹੁਣ ਵਿਦਿਆਰਥੀ ਆਪਣੇ ਸਮੇਂ ਅਤੇ ਸਥਾਨ ਅਨੁਸਾਰ ਕੋਡਿੰਗ, ਡਾਟਾ ਵਿਸ਼ਲੇਸ਼ਣ, ਭਾਸ਼ਾਵਾਂ, ਵਿੱਤੀ ਸਾਖਰਤਾ ਅਤੇ ਹੋਰ ਰੁਜ਼ਗਾਰਮੁਖੀ ਹੁਨਰ ਸਿੱਖ ਸਕਦੇ ਹਨ | ਪ੍ਰੰਤੂ ਡਿਜੀਟਲ ਸਿੱਖਿਆ ਦਾ ਲਾਭ ਅਜੇ ਹਰੇਕ ਵਿਦਿਆਰਥੀ ਤੱਕ ਬਰਾਬਰ ਨਹੀਂ ਪਹੁੰਚ ਰਿਹਾ, ਕਿਉਂਕਿ ਪੇਂਡੂ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੇ ਕਈ ਵਿਦਿਆਰਥੀਆਂ ਲਈ ਇੰਟਰਨੈੱਟ, ਸਮਾਰਟਫ਼ੋਨ, ਕੰਪਿਊਟਰ ਤੇ ਨਿਰੰਤਰ ਬਿਜਲੀ ਸਪਲਾਈ ਅੱਜ ਵੀ ਇਕ ਸਮੱਸਿਆ ਹੈ | ਚੌਥੀ, ਇਸ ਸਿੱਖਿਆ ਨੀਤੀ ਨੇ ਉੱਚ ਸਿੱਖਿਆ ਵਿਚ ਲਚਕਤਾ ਵਧਾਉਣ ਲਈ ਮਲਟੀਪਲ ਐਂਟਰੀ ਅਤੇ ਐਗਜ਼ਿਟ ਡਿਗਰੀ ਪ੍ਰੋਗਰਾਮਾਂ ਦੀ ਵਿਵਸਥਾ ਕੀਤੀ ਹੈ, ਜਿਸ ਤਹਿਤ ਵਿਦਿਆਰਥੀ ਇਕ ਸਾਲ ਦੀ ਪੜ੍ਹਾਈ ਤੋਂ ਬਾਅਦ ਸਰਟੀਫਿਕੇਟ, ਦੋ ਸਾਲ ਬਾਅਦ ਡਿਪਲੋਮਾ ਅਤੇ ਤਿੰਨ ਜਾਂ ਚਾਰ ਸਾਲ ਪੂਰੇ ਕਰਨ ਤੋਂ ਬਾਅਦ ਡਿਗਰੀ ਪ੍ਰਾਪਤ ਕਰ ਸਕਦਾ ਹੈ ਅਤੇ ਲੋੜ ਮੁਤਾਬਕ ਬਾਅਦ ਵਿਚ ਮੁੜ-ਸਿੱਖਿਆ ਹਾਸਿਲ ਕਰਨੀ ਵੀ ਸ਼ੁਰੂ ਕਰ ਸਕਦਾ ਹੈ | ਵਿਦਿਆਰਥੀਆਂ ਦੇ ਹਾਸਿਲ ਕੀਤੇ ਇਨ੍ਹਾਂ ਅਕਾਦਮਿਕ ਕ੍ਰੈਡਿਟ ਨੂੰ  ਡਿਜੀਟਲ ਰੂਪ ਵਿਚ ਸੰਭਾਲਣ ਅਤੇ ਭਵਿੱਖ ਵਿਚ ਵਰਤਣ ਦੀ ਸਹੂਲਤ 'ਅਕਾਦਮਿਕ ਬੈਂਕ ਆਫ਼ ਕ੍ਰੈਡਿਟ' ਪ੍ਰਦਾਨ ਕਰਦਾ ਹੈ | ਜਿਸ ਨਾਲ ਜੀਵਨ ਭਰ ਸਿੱਖਣ ਅਤੇ ਲਗਾਤਾਰ ਨਵੇਂ ਹੁਨਰ ਹਾਸਿਲ ਕਰਨ ਦੀ ਸੰਭਾਵਨਾ ਮਜ਼ਬੂਤ ਹੁੰਦੀ ਹੈ | ਪੰਜਵੀਂ ਪਹਿਲਕਦਮੀ, ਸਿੱਖਿਆ ਅਤੇ ਉਦਯੋਗਾਂ ਦਰਮਿਆਨ ਪਾੜਾ ਦੇਸ਼ ਵਿਚ ਹੁਨਰ ਨਿਰਮਾਣ ਦੀਆਂ ਵੱਡੀਆਂ ਕਮਜ਼ੋਰੀਆਂ 'ਚੋਂ ਇਕ ਹੋਣ ਕਰਕੇ ਇਸ ਨੂੰ  ਘਟਾਉਣ ਲਈ ਇੰਟਰਨਸ਼ਿਪ, ਅਪ੍ਰੈਂਟਿਸਸ਼ਿਪ ਅਤੇ ਉਦਯੋਗ-ਅਕਾਦਮਿਕ ਸਾਂਝੇਦਾਰੀਆਂ ਪ੍ਰਭਾਵਸ਼ਾਲੀ ਸਾਧਨ ਬਣ ਸਕਦੇ ਹਨ | ਜੇ ਵਿਦਿਆਰਥੀਆਂ ਨੂੰ  ਉਦਯੋਗਾਂ, ਖੇਤੀਬਾੜੀ ਇਕਾਈਆਂ, ਸਥਾਨਕ ਕਾਰੀਗਰਾਂ, ਗ਼ੈਰ-ਸਰਕਾਰੀ ਸੰਸਥਾਵਾਂ ਤੇ ਹੋਰ ਸੰਗਠਨਾਂ ਨਾਲ ਕੰਮ ਕਰਨ ਦੇ ਮੌਕੇ ਮਿਲਣਗੇ ਤਾਂ ਉਨ੍ਹਾਂ ਨੂੰ  ਅਸਲ ਕੰਮਕਾਜੀ ਮਾਹੌਲ ਦੀ ਜਾਣਕਾਰੀ ਮਿਲ ਸਕੇਗੀ | ਇਸ ਤੋਂ ਇਲਾਵਾ ਨਵੀਂ ਸਿੱਖਿਆ ਨੀਤੀ ਨੌਜਵਾਨਾਂ ਨੂੰ  ਸਿਰਫ਼ ਨੌਕਰੀ ਲੱਭਣ ਵਾਲੇ ਬਣਾਉਣ ਦੀ ਬਜਾਏ ਨੌਕਰੀਆਂ ਪੈਦਾ ਕਰਨ ਵਾਲੇ ਬਣਾਉਣਾ ਚਾਹੁੰਦੀ ਹੈ | ਹੈਕਾਥਾਨ, ਸਟਾਰਟਅੱਪ ਮੁਕਾਬਲੇ, ਇਨੋਵੇਸ਼ਨ ਕਲੱਬ ਅਤੇ ਇਨਕਿਊਬੇਸ਼ਨ ਸੈਂਟਰ ਆਦਿ ਇਸ ਮੰਤਵ ਨੂੰ  ਅੱਗੇ ਵਧਾ ਰਹੇ ਹਨ | ਡਿਜ਼ਾਈਨ ਥਿੰਕਿੰਗ, ਵਿੱਤੀ ਸਾਖਰਤਾ, ਕਾਰੋਬਾਰੀ ਯੋਜਨਾਬੰਦੀ ਅਤੇ ਸਮੱਸਿਆ ਹੱਲ ਕਰਨ ਦੀ ਯੋਗਤਾ ਨੌਜਵਾਨਾਂ ਵਿਚ ਉੱਦਮੀ ਸੋਚ ਪੈਦਾ ਕਰ ਸਕਦੀ ਹੈ | 
ਪ੍ਰਮੁੱਖ ਚੁਣੌਤੀਆਂ
ਇਸ ਨਵੀਂ ਸਿੱਖਿਆ ਨੀਤੀ-2020 ਨੂੰ  ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਦੇ ਸਮੇਂ ਕਈ ਚੁਣੌਤੀਆਂ ਦਰਪੇਸ਼ ਆ ਰਹੀਆਂ ਹਨ | ਪਹਿਲੀ, ਇਸ ਸਿੱਖਿਆ ਨੀਤੀ ਨੂੰ  ਵੱਖ-ਵੱਖ ਸੂਬਿਆਂ ਵਿਚ ਲਾਗੂ ਕਰਨ ਦੀ ਗਤੀ ਬਹੁਤ ਧੀਮੀ ਅਤੇ ਪਹੁੰਚ ਵਿਚ  ਕਾਫ਼ੀ ਫ਼ਰਕ ਹੈ | ਸਿੱਖਿਆ ਸੰਵਿਧਾਨ ਦੀ ਸਮਵਰਤੀ ਸੂਚੀ ਦਾ ਵਿਸ਼ਾ ਹੋਣ ਕਰਕੇ ਕੇਂਦਰ ਅਤੇ ਸੂਬਿਆਂ ਦਰਮਿਆਨ ਪ੍ਰਭਾਵਸ਼ਾਲੀ ਤਾਲਮੇਲ ਦੀ ਘਾਟ ਕਾਰਨ ਕਈ ਸੂਬਿਆਂ ਨੇ ਤਾਂ ਇਸ ਨੀਤੀ ਨੂੰ  ਉਤਸ਼ਾਹ ਨਾਲ ਲਾਗੂ ਕੀਤਾ ਹੈ, ਜਦਕਿ ਬਾਕੀਆਂ ਨੇ ਬੱਧਾ-ਚੱਟੀ ਕਰਦਿਆਂ ਸਿਰਫ਼ ਚੁਣੇ ਹੋਏ ਪ੍ਰਬੰਧਾਂ ਨੂੰ  ਹੀ ਅਪਣਾਇਆ ਹੈ | ਦੂਸਰੀ ਚੁਣੌਤੀ, ਮਜ਼ਬੂਤ ਬੁਨਿਆਦੀ ਢਾਂਚੇ ਦੀ ਘਾਟ, ਖ਼ਾਸ ਕਰਕੇ ਸਰਕਾਰੀ ਸਕੂਲਾਂ ਅਤੇ ਪੇਂਡੂ ਖੇਤਰਾਂ ਵਿਚ, ਜਿੱਥੇ ਪ੍ਰਯੋਗਸ਼ਾਲਾਵਾਂ, ਵਰਕਸ਼ਾਪਾਂ, ਕੰਪਿਊਟਰ, ਤੇਜ਼ ਇੰਟਰਨੈੱਟ ਕੁਨੈਕਟੀਵਿਟੀ ਅਤੇ ਆਧੁਨਿਕ ਸਿਖਲਾਈ ਸਹੂਲਤਾਂ ਦੀ ਘਾਟ ਕਾਰਨ ਰਵਾਇਤੀ-ਪੜ੍ਹਾਈ ਉੱਪਰ ਜ਼ਿਆਦਾ ਅਤੇ ਵਿਹਾਰਕ ਹੁਨਰ-ਆਧਾਰਿਤ ਸਿੱਖਿਆ ਵੱਲ ਘੱਟ ਧਿਆਨ ਦਿੱਤਾ ਜਾਂਦਾ ਹੈ | ਤੀਸਰੀ, ਸਮਾਜਿਕ ਧਾਰਨਾ ਦੀ ਸਮੱਸਿਆ ਭਾਵ ਅਜੇ ਵੀ ਬਹੁਤ ਸਾਰੇ ਪਰਿਵਾਰ ਰਵਾਇਤੀ ਡਿਗਰੀਆਂ ਮਸਲਨ ਡਾਕਟਰ, ਇੰਜੀਨੀਅਰ, ਅਧਿਆਪਕ ਜਾਂ ਹੋਰ ਰਵਾਇਤੀ ਪੇਸ਼ਿਆਂ ਨੂੰ  ਕਿੱਤਾਮੁਖੀ ਸਿੱਖਿਆ ਨਾਲੋਂ ਵਧੇਰੇ ਮਹੱਤਵ ਦਿੰਦੇ ਹਨ | ਹੱਥੀਂ ਕੰਮ ਕਰਨ ਜਾਂ ਤਕਨੀਕੀ ਹੁਨਰ ਨੂੰ  ਮਾੜਾ ਸਮਝਣ ਵਾਲੀ ਸੋਚ ਨੂੰ  ਬਦਲਣਾ ਲਾਜ਼ਮੀ ਹੈ | ਇਸ ਲਈ ਸਫਲ ਕਰੀਅਰ ਅਤੇ ਉੱਚ ਆਮਦਨ ਨਾਲ ਜੁੜੇ ਹੁਨਰ-ਆਧਾਰਿਤ ਪੇਸ਼ਿਆਂ ਬਾਰੇ ਜਾਗਰੂਕਤਾ ਵਧਾਉਣ ਦੀ ਲੋੜ ਹੈ | ਚੌਥੀ, ਵਿੱਤੀ ਸਰੋਤਾਂ ਦੀ ਥੁੜ ਵੀ ਇਕ ਵੱਡੀ ਚੁਣੌਤੀ ਹੈ | ਇਸ ਨਵੀਂ ਨੀਤੀ ਨੇ ਸਿੱਖਿਆ 'ਤੇ ਜਨਤਕ ਖ਼ਰਚ ਨੂੰ  ਦੇਸ਼ ਦੀ ਜੀ.ਡੀ.ਪੀ. ਦੇ ਛੇ ਫ਼ੀਸਦੀ ਤੱਕ ਖ਼ਰਚ ਕਰਨ ਦਾ ਟੀਚਾ ਰੱਖਿਆ ਹੋਇਆ ਹੈ, ਜਦਕਿ ਅਸਲ ਵਿਚ ਖ਼ਰਚ ਸਿਰਫ਼ ਚਾਰ ਫ਼ੀਸਦੀ ਦੇ ਕਰੀਬ ਹੀ ਹੋ ਰਿਹਾ ਹੈ, ਜਿਸ ਕਰਕੇ ਸਕੂਲਾਂ ਤੇ ਕਾਲਜਾਂ ਵਿਚ ਲੈਬਾਂ, ਡਿਜੀਟਲ ਸਹੂਲਤਾਂ, ਹੁਨਰ ਕੇਂਦਰਾਂ, ਡਿਜੀਟਲ ਢਾਂਚੇ, ਅਧਿਆਪਕ ਸਿਖਲਾਈ ਅਤੇ ਖੋਜ ਵਾਸਤੇ ਲੋੜੀਂਦੇ ਨਿਵੇਸ਼ ਤੋਂ ਬਿਨਾਂ ਨੀਤੀਗਤ ਉਦੇਸ਼ ਪੂਰੇ ਕਰਨਾ ਅਸੰਭਵ ਹੈ | ਇਸ ਤੋਂ ਇਲਾਵਾ ਹਿੰਦੁਤਵ ਦੇ ਪ੍ਰਚਾਰ ਵੱਲ ਬੇਲੋੜਾ ਧਿਆਨ ਕੇਂਦਰਿਤ ਕਰਦਿਆਂ ਕਈ ਵਿਸ਼ਿਆਂ ਦਾ ਸਿਲੇਬਸ ਬਦਲਿਆ ਜਾ ਰਿਹਾ ਹੈ | 
ਸੰਖੇਪ ਸ਼ਬਦਾਂ 'ਚ ਰਾਸ਼ਟਰੀ ਸਿੱਖਿਆ ਨੀਤੀ-2020 ਦੀ ਹੁਨਰ ਨਿਰਮਾਣ ਸੰਬੰਧੀ ਸਫ਼ਲਤਾ ਮੁੱਖ ਤੌਰ 'ਤੇ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਇਸ ਦੀਆਂ ਪਹਿਲਕਦਮੀਆਂ ਕਾਗਜ਼ਾਂ 'ਚੋਂ ਨਿਕਲ ਕੇ ਕਿੰਨੇ ਕੁ ਪ੍ਰਭਾਵਸ਼ਾਲੀ ਢੰਗ ਨਾਲ ਅਮਲੀ ਤੌਰ 'ਤੇ ਲਾਗੂ ਹੋ ਰਹੀਆਂ ਹਨ | ਦੇਸ਼ ਦੀ ਨੌਜਵਾਨ ਆਬਾਦੀ ਉਸ ਸਮੇਂ ਹੀ ਜਨਸੰਖਿਆਤਮਿਕ ਲਾਭਅੰਸ਼ ਬਣ ਸਕੇਗੀ, ਜਦੋਂ ਉਸ ਨੂੰ  ਗਿਆਨ ਦੇ ਨਾਲ-ਨਾਲ ਬਦਲਦੇ ਸਮੇਂ ਅਨੁਕੂਲ ਹੁਨਰ ਸਿਖਲਾਈ ਮਿਲੇਗੀ | ਇਸ ਲਈ ਜੇ ਕੇਂਦਰ ਤੇ ਰਾਜ ਸਰਕਾਰਾਂ, ਸਿੱਖਿਆ ਸੰਸਥਾਵਾਂ, ਅਧਿਆਪਕ, ਉਦਯੋਗ ਤੇ ਸਮਾਜ ਦੇ ਹੋਰ ਸਾਰੇ ਹਿੱਸੇਦਾਰ ਮਿਲ ਕੇ ਨਿਰੰਤਰ ਵਧੇਰੇ ਨਿਵੇਸ਼ ਕਰਦਿਆਂ ਇਸ ਨੀਤੀ ਨੂੰ  ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਤਾਂ ਭਾਰਤ ਇਕ ਪ੍ਰਮੁੱਖ ਗਿਆਨ ਅਰਥਵਿਵਸਥਾ ਤੇ ਵਿਸ਼ਵ ਪੱਧਰੀ ਮਨੁੱਖੀ ਪੂੰਜੀ ਵਾਲਾ ਰਾਸ਼ਟਰ ਬਣ ਸਕਦਾ ਹੈ | 

ਮੋਬਾਈਲ : 94637-63331

Ad Position 22
No active advertisement
ਪਿਛਲੀ ਖ਼ਬਰ ਮੇਰੀ ਕਾਲਮ ਨਵੀਸੀ ਦੇ ਮਾਖਿਉਂ ਮਿੱਠੇ ਪਲ ਅਗਲੀ ਖ਼ਬਰ 20-09-2026
Ad Position 24