(ਲੜੀ ਜੋੜਨ ਲਈ 18 ਅਕਤੂਬਰ ਦਾ ਅੰਕ ਦੇਖੋ)
ਮੈਂ ਆਪਣੇ ਸੱਚੇ ਮਿੱਤਰ ਗਿਆਨ ਵੱਲ ਦੇਖਿਆ ਅਤੇ ਹੈਰਾਨੀ ਨਾਲ ਪੁੱਛਿਆ, 'ਜੇਕਰ ਸੁੱਖ, ਦੁੱਖ ਅਤੇ ਹੰਕਾਰ ਇੰਨੇ ਹੀ ਚਲਾਕ ਤੇ ਛੱਲੀ ਹਨ, ਤਾਂ ਸਾਡੇ ਪਿਤਾ ਮਹਾਰਾਜ ਨੇ ਇਨ੍ਹਾਂ ਨੂੰ ਇਸ ਸਰੀਰ ਰੂਪੀ ਮਹਿਲ ਵਿਚ ਰਹਿਣ ਦੀ ਇਜਾਜ਼ਤ ਕਿਉਂ ਦਿੱਤੀ? ਉਹ ਤਾਂ ਸਰਬ-ਕਲਾ ਸਮਰੱਥ ਹਨ ਫਿਰ ਇਨ੍ਹਾਂ ਨੂੰ ਇੱਥੇ ਕਿਉਂ ਆਉਣ ਦਿੱਤਾ?'
ਮੇਰੇ ਸੂਝਵਾਨ ਸਲਾਹਕਾਰ ਗਿਆਨ ਨੇ ਮੇਰੇ ਮੋਢੇ 'ਤੇ ਹੱਥ ਰੱਖਿਆ, ਮੁਸਕਰਾਇਆ ਅਤੇ ਬੜੇ ਧੀਰਜ ਨਾਲ ਸਮਝਾਉਣ ਲੱਗਾ, 'ਮੇਰੇ ਪ੍ਰੀਤਮ ਰਾਜਕੁਮਾਰ! ਮਹਾਰਾਜ ਦੀ ਬਣਾਈ ਇਸ ਖੇਡ ਵਿਚ ਕੋਈ ਵੀ ਚੀਜ਼ ਬਿਨਾਂ ਵਜ੍ਹਾ ਨਹੀਂ ਹੈ | ਜੇਕਰ ਪਿਤਾ ਜੀ ਨੇ ਇਨ੍ਹਾਂ ਨੂੰ ਇਸ ਮਹਿਲ ਵਿਚ ਥਾਂ ਦਿੱਤੀ ਹੈ, ਤਾਂ ਉਸ ਪਿੱਛੇ ਵੀ ਇਕ ਬਹੁਤ ਡੂੰਘਾ ਰਾਜ਼ ਹੈ |'
ਗਿਆਨ ਨੇ ਅੱਗੇ ਸਮਝਾਉਂਦਿਆਂ ਕਿਹਾ, 'ਕਈ ਵਾਰ ਜਿਹੜਾ 'ਦੁੱਖ' ਸਾਨੂੰ ਮਾੜਾ ਲੱਗਦਾ ਹੈ, ਉਹ ਵੀ ਅੰਦਰੋਂ 'ਸੁੱਖ' ਦਾ ਹੀ ਕੰਮ ਕਰ ਜਾਂਦਾ ਹੈ | ਦੁੱਖ ਦੀ ਘੜੀ ਹੀ ਅਸਲ ਵਿਚ ਬੰਦੇ ਅਤੇ ਉਸ ਦੇ ਰਿਸ਼ਤਿਆਂ ਦੀ ਪਰਖ ਕਰਵਾਉਂਦੀ ਹੈ | ਜਦੋਂ ਮਹਿਲ ਵਿਚ ਦੁੱਖ ਆਉਂਦਾ ਹੈ, ਤਾਂ ਝੂਠੇ ਸੱਜਣ-ਮਿੱਤਰ ਅਤੇ ਸਵਾਰਥੀ ਸਾਥੀ ਸਭ ਛੱਡ ਕੇ ਭੱਜ ਜਾਂਦੇ ਹਨ | ਇਹ ਦੁੱਖ ਹੀ ਹੈ ਜੋ ਤੈਨੂੰ ਇਹ ਪਛਾਣ ਕਰਵਾਉਂਦਾ ਹੈ ਕਿ ਕੌਣ ਤੇਰਾ ਆਪਣਾ ਹੈ ਅਤੇ ਕੌਣ ਪਰਾਇਆ | ਇਹ ਤੈਨੂੰ ਝੂਠੇ ਮੋਹ-ਮਾਇਆ ਦੇ ਭਰਮਾਂ ਤੋਂ ਜਗਾ ਕੇ ਸੱਚ ਦੀ ਭਾਲ ਵੱਲ ਤੋਰਦਾ ਹੈ |'
ਉਸ ਨੇ ਅੱਗੇ ਗੱਲ ਜਾਰੀ ਰੱਖਦਿਆਂ ਕਿਹਾ, 'ਦੂਜੇ ਪਾਸੇ ਕਈ ਵਾਰ 'ਸੁੱਖ' ਵੀ ਸਾਡੇ ਲਈ 'ਦੁੱਖ' ਅਤੇ ਵਿਨਾਸ਼ ਦਾ ਕਾਰਨ ਬਣ ਜਾਂਦਾ ਹੈ | ਜਦੋਂ ਮਹਿਲ ਵਿਚ ਸੁੱਖ ਆਉਂਦਾ ਹੈ, ਤਾਂ ਅਸੀਂ ਉਸ ਦੇ ਆਨੰਦ ਵਿਚ ਇੰਨੇ ਰੁੱਝ ਜਾਂਦੇ ਹਾਂ ਕਿ ਸਾਨੂੰ ਚੰਗੇ-ਮਾੜੇ ਅਤੇ ਸਹੀ-ਗ਼ਲਤ ਦੀ ਸਮਝ ਹੀ ਨਹੀਂ ਰਹਿੰਦੀ | ਸੁੱਖ ਦੇ ਨਸ਼ੇ ਵਿਚ ਅਸੀਂ ਇੰਨੇ ਬੇਪਰਵਾਹ ਹੋ ਜਾਂਦੇ ਹਾਂ ਕਿ ਸਾਨੂੰ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਕੌਣ ਸਾਡਾ ਸੱਚਾ ਹਮਦਰਦ ਹੈ ਅਤੇ ਕੌਣ ਮਤਲਬੀ | ਸਾਡੀ ਇਸੇ ਬੇਪਰਵਾਹੀ ਦਾ ਫਾਇਦਾ ਚੁੱਕ ਕੇ ਸਵਾਰਥੀ ਲੋਕ ਸਾਨੂੰ ਅੰਦਰੋਂ ਲੁੱਟ ਲੈਂਦੇ ਹਨ |'
ਮੈਂ ਆਪਣੇ ਸੱਚੇ ਮਿੱਤਰ ਗਿਆਨ ਦੀਆਂ ਗੱਲਾਂ ਸੁਣ ਕੇ ਕੁਝ ਪਲ ਸੋਚਾਂ ਵਿਚ ਪੈ ਗਿਆ | ਫਿਰ ਮੈਂ ਉਸ ਨੂੰ ਪੁੱਛਿਆ, 'ਮੈਨੂੰ ਇਹ ਤਾਂ ਸਮਝ ਆ ਗਿਆ ਕਿ ਪਿਤਾ ਜੀ ਨੇ ਦੁੱਖ ਅਤੇ ਸੁੱਖ ਨੂੰ ਇਸ ਮਹਿਲ ਵਿਚ ਕਿਉਂ ਰੱਖਿਆ ਹੈ, ਪਰ ਹੰਕਾਰ ਨੂੰ ਮਹਾਰਾਜ ਨੇ ਇੱਥੇ ਕਿਉਂ ਥਾਂ ਦਿੱਤੀ?'
ਗਿਆਨ ਨੇ ਬੜੀ ਸਹਿਜਤਾ ਨਾਲ ਜਵਾਬ ਦਿੱਤਾ, 'ਮੇਰੇ ਪ੍ਰੀਤਮ ਰਾਜਕੁਮਾਰ! ਇਕ ਰਾਜਕੁਮਾਰ ਲਈ ਹਰ ਤਰ੍ਹਾਂ ਦੇ ਇਲਮ ਅਤੇ ਚਲਾਕੀਆਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੁੰਦਾ ਹੈ | ਜੇਕਰ ਮਹਾਰਾਜ ਹੰਕਾਰ ਨੂੰ ਇਸ ਮਹਿਲ ਵਿਚ ਆਉਣ ਹੀ ਨਾ ਦਿੰਦੇ, ਤਾਂ ਤੁਸੀਂ ਕਦੇ ਵੀ ਇਸ ਦੀਆਂ ਗੂੜ੍ਹੀਆਂ ਚਾਲਾਂ ਨੂੰ ਸਮਝ ਨਹੀਂ ਸਕਣਾ ਸੀ | ਇਕ ਰਾਜ ਕੁਮਾਰ ਹੋਣ ਦੇ ਨਾਤੇ ਤੁਹਾਨੂੰ ਹੰਕਾਰ ਦੀਆਂ ਹਰ ਤਰ੍ਹਾਂ ਦੀਆਂ ਚਾਲਾਂ ਅਤੇ ਇਸ ਦੇ ਹਰ ਚਿਹਰੇ ਦੀ ਪਛਾਣ ਹੋਣੀ ਚਾਹੀਦੀ ਹੈ, ਤਾਂ ਜੋ ਹੰਕਾਰ ਕਦੇ ਤੁਹਾਡੇ ਨਾਲ ਕੋਈ ਚਾਲ ਨਾ ਖੇਡ ਸਕੇ ਅਤੇ ਤੁਸੀਂ ਆਪਣੀ ਪਰਜਾ ਨੂੰ ਵੀ ਇਸ ਦੇ ਜਾਲ ਤੋਂ ਬਚਾ ਕੇ ਉਨ੍ਹਾਂ ਦੀ ਰੱਖਿਆ ਕਰ ਸਕੋ |'
ਮੇਰੀਆਂ ਗਿਆਨ ਦੇ ਨਾਲ ਇਹ ਗੱਲਾਂ ਚੱਲ ਹੀ ਰਹੀਆਂ ਸਨ ਕਿ ਇੰਨੇ ਨੂੰ ਉੱਥੇ ਮੇਰੇ ਪਿਤਾ ਜੀ ਦਾ ਪਿਆਰਾ ਸੇਵਕ 'ਆਨੰਦ' ਵੀ ਆ ਗਿਆ | ਉਸ ਨੇ ਆ ਕੇ ਬੜੇ ਸਤਿਕਾਰ ਨਾਲ ਕਿਹਾ, 'ਰਾਜ ਕੁਮਾਰ! ਮਹਾਰਾਜ ਜੀ ਨੇ ਤੁਹਾਨੂੰ ਯਾਦ ਕੀਤਾ ਹੈ |'
ਮੈਂ ਆਨੰਦ ਦਾ ਸੱਚੇ ਦਿਲੋਂ ਧੰਨਵਾਦ ਕੀਤਾ ਕਿ ਉਹ ਮੇਰੇ ਪਿਤਾ ਜੀ ਦਾ ਸੁਨੇਹਾ ਲੈ ਕੇ ਆਇਆ ਹੈ ਅਤੇ ਅਸੀਂ ਦੋਵੇਂ ਪਿਤਾ ਜੀ (ਮਹਾਰਾਜ ਜੀ) ਵੱਲ ਨੂੰ ਤੁਰ ਪਏ | (ਸਮਾਪਤ)
-ਪਿੰਡ ਮੂਨਕ ਖੁਰਦ, ਜ਼ਿਲ੍ਹਾ ਹੁਸ਼ਿਆਰਪੁਰ |
ਮੋਬਾਈਲ : +393479158049