ਗਰਮੀਆਂ ਦੇ ਦਿੰਨ ਸਨ | ਬਹੁਤ ਗਰਮੀ ਪੈ ਰਹੀ ਸੀ | ਗਰਮੀ ਹੋਣ ਕਰਕੇ ਲੋਕ ਆਪਣੇ ਘਰਾਂ ਵਿਚ ਪੱਖੇ, ਕੂਲਰ, ਚਲਾਈ ਆਰਾਮ ਕਰ ਰਹੇ ਸਨ | ਸੜਕ 'ਤੇ ਬਹੁਤ ਘੱਟ ਆਵਾਜਾਈ ਸੀ |

ਸਿੰਮੀ ਕਿਸੇ ਜ਼ਰੂਰੀ ਕੰਮ ਲਈ ਸਕੂਟਰ 'ਤੇ ਜਾ ਰਹੀ ਸੀ | ਉਸ ਨੇ ਦੇਖਿਆ ਕਿ ਇਕ ਖੁੱਲ੍ਹੀ ਥਾਂ ਉੱਪਰ ਛੇ-ਸੱਤ ਭਾਰ ਢੋਣ ਵਾਲੇ ਰੇਹੜੇ ਖੜ੍ਹੇ ਸਨ ਤੇ ਕੜਕਦੀ ਧੁੱਪ ਵਿਚ ਉਨ੍ਹਾਂ ਨਾਲ ਘੋੜੇ ਵੀ ਬੱਝੇ ਹੋਏ ਸਨ | ਸਿੰਮੀ ਤੋਂ ਉਨ੍ਹਾਂ ਦੀ ਤਰਸਮਈ ਹਾਲਤ ਦੇਖ ਕੇ ਰਿਹਾ ਨਹੀਂ ਗਿਆ | ਉਸ ਨੇ ਆਪਣਾ ਸਕੂਟਰ ਰੋਕਿਆ ਤੇ ਵੇਖਿਆ ਕਿ ਖੜ੍ਹੇ ਹੋਏ ਰਿਹੜਿਆਂ ਦੇ ਸਾਹਮਣੇ ਇਕ ਕਮਰੇ ਵਿਚ ਕੁਝ ਆਦਮੀ ਪੱਖੇ, ਕੂਲਰ ਚਲਾ ਕੇ ਗੱਲਾਂ ਕਰਕੇ ਖਿੜਖਿੜਾ ਕੇ ਹੱਸ ਰਹੇ ਸਨ | ਸਿੰਮੀ ਬਿਨਾਂ ਕਿਸੇ ਝਿਜਕ ਦੇ ਉਨ੍ਹਾਂ ਨੂੰ ਘੋੜਿਆਂ ਬਾਰੇ ਪੁੱਛਿਆ ਕਿ ਇਹ ਘੋੜੇ ਕਿਹਨਾਂ ਦੇ ਹਨ | ਤਦ ਉਨ੍ਹਾਂ ਨੇ ਕਿਹਾ, 'ਇਹ ਘੋੜੇ ਸਾਡੇ ਹਨ', ਤਦ ਸਿੰਮੀ ਨੇ ਉਨ੍ਹਾਂ ਨੂੰ ਸਮਝਾਉਂਦਿਆਂ ਕਿਹਾ, 'ਜੇ ਤੁਹਾਨੂੰ ਗਰਮੀ ਵਿਚ ਛਾਂ ਤੇ ਹਵਾ ਦੀ ਲੋੜ ਹੈ ਤਾਂ ਇਨ੍ਹਾਂ ਬੇਜ਼ੁਬਾਨਿਆਂ ਵਿਚ ਵੀ ਜਾਨ ਹੈ | ਇਨ੍ਹਾਂ ਨੂੰ ਭੁੱਖ, ਪਿਆਸ, ਗਰਮੀ, ਸਰਦੀ ਤੇ ਦੁੱਖ-ਸੁੱਖ ਦਾ ਅਹਿਸਾਸ ਹੁੰਦਾ ਹੈ | ਇਹ ਤੁਹਾਨੂੰ ਰੋਜ਼ੀ ਰੋਟੀ ਦਿੰਦੇ ਹਨ ਤੇ ਤੁਸੀਂ ਇਨ੍ਹਾਂ ਨੂੰ ਕੜਕਦੀ ਧੁੱਪ ਵਿਚ ਬੰਨਿ੍ਹਆ ਹੋਇਆ ਹੈ | ਕੀ ਤੁਸੀਂ ਠੀਕ ਕਰਦੇ ਰਹੇ ਹੋ | ਆਪ ਤਾਂ ਤੁਸੀਂ ਕਮਰੇ ਵਿਚ ਬੜੇ ਮਜ਼ੇ ਨਾਲ ਬੈਠ ਕੇ ਗੱਪਾਂ ਮਾਰ ਰਹੇ ਹੋ | ਜੇ ਇਹ ਬਿਮਾਰ ਹੋ ਗਏ ਤਾਂ ਤੁਹਾਡੀ ਰੋਜ਼ੀ-ਰੋਟੀ ਕਿੱਥੋਂ ਚੱਲੇਗੀ?'
ਸਿੰਮੀ ਦੀਆਂ ਗੱਲਾਂ ਸੁਣ ਕੇ ਘੋੜਿਆਂ ਦੇ ਮਾਲਕ ਸ਼ਰਮਸਾਰ ਹੋ ਗਏ | ਉਨ੍ਹਾਂ ਵਿਚੋਂ ਇਕ ਨੇ ਕਿਹਾ, 'ਭੈਣ ਜੀ, ਮੁਆਫ਼ ਕਰਨਾ, ਸਾਨੂੰ ਅੱਜ ਤੱਕ ਕਿਸੇ ਨੇ ਵੀ ਅਜਿਹੀ ਗੱਲ ਦਾ ਅਹਿਸਾਸ ਨਹੀਂ ਕਰਵਾਇਆ ਸੀ | ਤੁਹਾਡੀਆਂ ਗੱਲਾਂ ਸਾਨੂੰ ਬਹੁਤ ਚੰਗੀਆਂ ਲੱਗੀਆਂ ਹਨ | ਅਸੀਂ ਇਸ 'ਤੇ ਜ਼ਰੂਰ ਅਮਲ ਕਰਾਂਗੇ ਤੇ ਮੌਸਮ ਮੁਤਾਬਿਕ ਹੀ ਇਨ੍ਹਾਂ ਨੂੰ ਉਚਿਤ ਥਾਂ 'ਤੇ ਬੰਨ੍ਹਾਂਗੇ | ਘੋੜੇ 'ਨੇ ਵੀ ਆਵਾਜ਼ ਕਰਕੇ ਸਿਰ ਹਿਲਾਇਆ ਜਿਵੇਂ ਉਸ ਨੇ ਉਸ ਦੀ ਗੱਲ ਸੁਣ ਲਈ ਹੋਵੇ |
2XXV, 261/2 ਗੁਰਸਾਗਰ ਵਿਹਾਰ, ਸਲੇਮ ਟਾਬਰੀ ਲੁਧਿਆਣਾ |
ਮੋਬਾਈਲ : 62834-75643