ਸਾਹਿਤ ਦੀ ਰੰਗ ਮੰਚ ਵਿਧਾ ਆਪਣੀ ਹੀ ਇੱਕ ਨਿਵੇਕਲੀ ਕਿਸਮ ਦੀ ਵਿਧਾ ਹੈ | ਨਾਟਕ ਪੜ੍ਹਨ ਵਿਚ ਵੀ ਆਉਂਦਾ ਹੈ ਤੇ ਦੇਖਣ ਵਿਚ ਵੀ | ਪੰਜਾਬੀ ਦੁਨੀਆ ਅੰਦਰ ਨਾਟ ਕਲਾ ਕੇਂਦਰ ਜਗਰਾਉਂ ਆਪਣੀ ਹੀ ਇੱਕ ਮਸਤ ਚਾਲ ਨਾਲ ਚੱਲਣ ਵਾਲੀ ਇੱਕ ਰੰਗ ਮੰਚ ਸੰਸਥਾ ਹੈ, ਜਿਸ ਦੇ ਡਾਇਰੈਕਟਰ ਨਾਟਕਕਾਰ ਮੋਹੀ ਅਮਰਜੀਤ ਸਿੰਘ ਹਨ |

ਹਰੇਕ ਸਾਲ ਨਾਟ ਕਲਾ ਕੇਂਦਰ ਜਗਰਾਓਾ ਆਪਣਾ ਸਲਾਨਾ ਤਿੰਨ ਰੋਜ਼ਾ ਨਾਟ ਫੈਸਟੀਵਲ ਦਾ ਆਯੋਜਨ ਜਗਰਾਓਾ ਵਿਚ ਕਰਦਾ ਹੈ, ਜਿਸ ਵਿਚ ਇਸ ਦੀ ਨਾਟਕ ਟੀਮ ਹੀ ਨਾਟਕ ਨਹੀਂ ਸਗੋਂ ਪੰਜਾਬ ਦੀਆਂ ਚੰਗੀਆਂ ਨਾਟਕ ਮੰਡਲੀਆਂ, ਉੱਘੇ ਡਾਇਰੈਕਟਰ, ਨਾਟਕਕਾਰ ਨਾਟਕ ਖੇਡਣ ਪੁੱਜਦੇ ਹਨ, ਜਿਨ੍ਹਾਂ ਵਿਚ ਕੇਵਲ ਧਾਲੀਵਾਲ, ਜਗਦੇਵ ਢਿੱਲੋਂ, ਸੋਮਪਾਲ ਹੀਰਾ ਦੀ ਨਾਟਕ ਟੀਮ ਵੀ ਨਾਟਕ ਪੇਸ਼ ਕਰਕੇ ਜਾਂਦੀ ਹੈ | ਮੋਹੀ ਅਮਰਜੀਤ ਸਿੰਘ ਖ਼ੁਦ ਵੀ ਆਪਣੀ ਟੀਮ ਵਲੋਂ ਨਾਟਕ ਪੇਸ਼ ਕਰਦਾ ਹੈ | ਉਸ ਦੀਆਂ ਹੁਣ ਤੱਕ ਨਾਟਕਾਂ ਦੀਆਂ ਤਿੰਨ ਕਿਤਾਬਾਂ 'ਨਜੀਰਾ ਬੇਗਮ', 'ਮਿੱਟੀ ਦਾ ਪੁਤਲਾ' ਛਪ ਕੇ ਪਾਠਕਾਂ ਦੇ ਹੱਥਾਂ ਤੱਕ ਪਹੁੰਚ ਚੁੱਕੀਆਂ ਹਨ | ਇਸ ਤੋਂ ਅੱਗੇ ਉਸ ਨੇ ਮੂਰਤੀਕਾਰ ਇਕਬਾਲ ਸਿੰਘ ਗਿੱਲ ਦੇ ਮੂਰਤੀ ਜੀਵਨ ਉੱਪਰ ਕਿਤਾਬ 'ਕਲਾ ਦਾ ਸਫ਼ਰ' ਵੀ ਲਿਖੀ ਹੈ | ਮੋਹੀ ਨੇ ਨਾਟਕ 'ਨਜੀਰਾ ਬੇਗਮ' ਵਿਚ ਧਾਰਮਿਕ ਕੱਟੜਤਾ ਨੂੰ ਨਿਸ਼ਾਨਾ ਬਣਾ ਕੇ ਧਾਰਮਿਕ ਕੱਟੜਤਾ ਦੇ ਹਥਿਆਰ ਨੂੰ ਪਾਤਰ 'ਨਜੀਰਾ ਬੇਗਮ' ਰਾਹੀਂ ਖੁੰਢਾ ਕਰਵਾਇਆ ਹੈ | ਮਜ਼ਦੂਰ ਆਪਣੇ ਖੂਨ ਪਸੀਨੇ ਦੀ ਕਮਾਈ ਕਰਦੇ ਜੀਵਨ ਸੰਘਰਸ਼ ਨੂੰ ਕਿਵੇਂ ਹੌਲੀ-ਹੌਲੀ ਤੋਰ ਰਹੇ ਹਨ | ਭੱਠਿਆਂ ਉੱਤੇ ਕੰਮ ਕਰਦੇ ਮਜ਼ਦੂਰਾਂ ਦੇ ਬੱਚੇ ਕਿਵੇਂ ਸਕੂਲ ਪੜ੍ਹਾਈ ਦੇ ਨਾਲ ਨਾਲ ਆਪਣੇ ਮਾਂ ਪਿਓ ਨਾਲ ਭੱਠਿਆਂ ਉੱਤੇ ਇੱਟਾਂ ਕੱਢਣ ਦਾ ਕੰਮ ਕਰਦੇ ਹਨ, ਇਸ ਵਿਸ਼ੇ ਨੂੰ ਮੋਹੀ ਨੇ 'ਮਿੱਟੀ ਦਾ ਪੁਤਲਾ' ਨਾਟਕ ਵਿਚ ਲਿਖਿਆ ਹੈ | ਉਸ ਦੇ ਨਾਟਕ ਪਾਤਰਾਂ ਦੀ ਉਸਾਰੀ ਪਾਠਕਾਂ ਅਤੇ ਦਰਸ਼ਕਾਂ ਦੇ ਹਾਣ ਦੀ ਹੈ | ਪੰਜਾਬ ਅੱਜਕਲ੍ਹ ਵਿਦੇਸ਼ਾਂ ਨੂੰ ਪਰਵਾਸ ਕਰ ਗਿਆ ਹੈ | ਇਧਰ ਪੰਜਾਬ ਵਿਚ ਬਜ਼ੁਰਗ ਇਕੱਲੇ ਹੀ ਘਰਾਂ ਵਿਚ ਵੱਡੇ ਵੱਡੇ ਮਹਿਲਾਂ ਵਿਚ ਬੈਠੇ ਉਦਾਸੀ ਦੀ ਜ਼ਿੰਦਗੀ ਬਸਰ ਕਰ ਰਹੇ ਹਨ | ਇਸ ਦਰਦਨਾਕ ਗਾਥਾ ਨੂੰ ਮੋਹੀ ਅਮਰਜੀਤ ਸਿੰਘ ਨੇ ਆਪਣੇ ਨਾਟਕ 'ਤਪੱਸਿਆ' ਵਿਚ ਵਿਸ਼ਾ ਬਣਾਇਆ ਹੈ |
ਪੰਜਾਬ ਦੇ ਲੋਕਾਂ ਵਿਚ ਪੈਸੇ ਦੀ ਭੁੱਖ ਵੀ ਕਾਫ਼ੀ ਹੱਦ ਤੱਕ ਦੇਖਣ ਨੂੰ ਮਿਲਦੀ ਹੈ | ਇਸ ਪੈਸੇ ਦੀ ਲਾਲਸਾ ਕਰਕੇ ਪੰਜਾਬੀਆਂ ਨੇ ਆਪਣੀ ਜ਼ਮੀਨ ਗਹਿਣੇ ਰੱਖ ਕੇ ਜਾਂ ਵੇਚ ਕੇ ਆਪਣੇ ਜਵਾਕਾਂ ਨੂੰ ਬਾਹਰਲੇ ਦੇਸ਼ਾਂ ਵਿਚ ਤਾਂ ਤੋਰ ਦਿੱਤਾ ਪਰ ਕਰਜ਼ਾਈ ਬਣ ਗਏ | ਪੰਜਾਬ ਦੀ ਇਸ ਤਰਾਸਦੀ ਨੂੰ ਮੋਹੀ ਅਮਰਜੀਤ ਸਿੰਘ ਨੇ ਨਾਟਕ 'ਘਰ ਘਰ ਇਹੋ ਅੱਗ' ਵਿਚ ਸਾਹਮਣੇ ਲਿਆਂਦਾ ਹੈ | ਨਾਟਕ ਵਿਚ ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਵਿਚ ਕਿਵੇਂ ਗੜੁੱਚ ਹੋਈ ਪਈ ਹੈ ਸਹਿਜੇ ਹੀ ਪੜਿ੍ਹਆ ਅਤੇ ਦੇਖਿਆ ਜਾ ਸਕਦਾ ਹੈ | ਖਰਾਬ ਵਾਤਾਵਰਨ ਕਰਕੇ ਪੰਜਾਬ ਅੰਦਰ ਬਿਮਾਰੀਆਂ ਨੇ ਵੀ ਆਪਣਾ ਘਰ ਬਣਾ ਲਿਆ ਹੈ | ਮੋਹੀ ਅਮਰਜੀਤ ਸਿੰਘ ਨੇ ਬਾਲ ਨਾਟਕ 'ਪੰਛੀ ਬੋਲ ਮਿਠੜੇ ਬੋਲ' ਵਿਚ ਪੰਜਾਬ ਦੇ ਵਾਤਾਵਰਨ ਨੂੰ ਪੇਸ਼ ਕੀਤਾ ਹੈ | ਮੋਹੀ ਅਮਰਜੀਤ ਸਿੰਘ ਨੇ ਐਸ.ਐਲ. ਵਿਰਦੀ ਦੀ ਕਿਤਾਬ 'ਮਨੁੱਖਤਾ ਦੇ ਮਸੀਹਾ' ਉੱਪਰ ਨਾਟਕ 'ਦਾ ਗਰੇਟ ਅੰਬੇਡਕਰ' ਵੀ ਲਿਖਿਆ ਹੈ, ਜਿਸ ਦੇ ਪੂਰੇ ਭਾਰਤ ਵਿਚ ਸਫਲ ਸਟੇਜ ਸਟੇਜ ਸ਼ੋਅ ਹੋ ਚੁੱਕੇ ਹਨ ਤੇ ਹੋ ਰਹੇ ਹਨ |
ਉਪਰੋਕਤ ਨਾਟਕਾਂ ਨੂੰ ਉਨ੍ਹਾਂ ਦੇ ਆਲੋਚਕਾਂ, ਬੁੱਧੀਜੀਵੀਆਂ, ਦਰਸ਼ਕਾਂ ਦਾ ਰੱਜ ਕੇ ਪਿਆਰ, ਸਤਿਕਾਰ ਮਿਲਿਆ ਹੈ | ਨਾਟਕ ਵੱਖ-ਵੱਖ ਯੂਨੀਵਰਸਿਟੀਆਂ ਦੇ ਯੂਥ ਫੈਸਟੀਵਲ ਮੁਕਾਬਲਿਆਂ ਵਿਚ ਖੇਡੇ ਜਾਂਦੇ ਹਨ | ਉਹ ਯੂਨੀਵਰਸਿਟੀ ਯੂਥ ਫੈਸਟੀਵਲ ਮੁਕਾਬਲਿਆਂ ਦੇ ਜੱਜ, ਜੱਜਮੈਂਟ ਪੈਨਲ ਵਿਚ ਵੀ ਸ਼ਾਮਿਲ ਹੁੰਦਾ ਹੈ |
ਮੋਹੀ ਕੋਲ ਨਾਟਕ ਲਿਖਣ ਅਤੇ ਨਾਟਕ ਦੇ ਡਾਇਰੈਕਸ਼ਨ ਦੀ ਪੂਰੀ ਸਮਝ ਹੈ | ਉਸ ਦੀ ਪੰਜਾਬੀ ਰੰਗ ਮੰਚ, ਨਾਟਕ ਪ੍ਰਤੀ ਸਮਰਪਿਤ ਜ਼ਿੱਦ ਨੇ ਉਸ ਨੂੰ ਸਮਰੱਥ, ਸਥਾਪਿਤ ਨਾਟਕਕਾਰ ਬਣਾ ਦਿੱਤਾ ਹੈ | ਅੱਜਕਲ੍ਹ ਉਸ ਦਾ ਲਿਖਿਆ ਤੇ ਡਾਇਰੈਕਟ ਕੀਤਾ ਨਾਟਕ 'ਅਕਾਲ-ਏ-ਖ਼ਾਲਸਾ' ਸਿੱਖ ਇਤਿਹਾਸ ਨੂੰ ਪੇਸ਼ ਕਰਦਾ ਨਾਟਕ ਹੈ | ਇਹ ਨਾਟਕ ਓਸ ਨੇ ਗੁਰੂ ਨਾਨਕ ਕਾਲਜ ਧਨਬਾਦ (ਝਾਰਖੰਡ) ਦੇ ਵਿਦਿਅਰਾਥੀਆਂ ਨੂੰ ਪਹਿਲੀ ਵਾਰ ਤਿਆਰ ਕਰਾ ਕੇ 31 ਮਈ ਨੂੰ ਫੁਲਕਾਰੀ ਪੈਲੇਸ ਧਨਬਾਦ (ਝਾਰਖੰਡ) ਵਿਚ ਪੂਰੀ ਕਾਮਯਾਬੀ ਨਾਲ ਖੇਡਿਆ ਸੀ | ਪੰਜਾਬੀ ਸਾਹਿਤ, ਨਾਟਕ ਅਤੇ ਰੰਗਮੰਚ ਨੂੰ ਮੋਹੀ ਅਮਰਜੀਤ ਸਿੰਘ ਤੋਂ ਹੋਰ ਹੀ ਢੇਰ ਸਾਰੀਆਂ ਉਮੀਦਾਂ ਹਨ |