ਮੈਨੂੰ ਧੁੱਪ 'ਚ ਪਾਲਾ ਲਗਦਾ |
ਪੌਣ 'ਚ ਘਾਲਾ ਮਾਲਾ ਲਗਦਾ |
ਜਿਸ ਦੇ ਪਿੱਛੇ, ਮੈਨੂੰ ਛੱਡ ਤਾ,
ਅਦਭੁੱਤ ਕਿਸਮਤ ਵਾਲਾ ਲਗਦਾ |
ਮੇਰੀ ਨਜ਼ਰ ਹਟੀ ਜਦ ਉਸ ਤੋਂ,
ਸੱਚਮੁੱਚ ਅੱਖ ਵਿਚ ਜਾਲਾ ਲਗਦਾ |
ਅਠਾਰਾਂ ਘੰਟੇ ਘਰ ਨੲੀਂ ਵੜ੍ਹਦਾ,
ਜ਼ਿਆਦਾ, ਦਾਲ 'ਚ ਕਾਲਾ ਲਗਦਾ |
ਹੋ ਸਕਦਾ ਇਹ ਦਲਦਲ ਹੋਵੇ,
ਵੇਖਣ ਨੂੰ ਜੋ ਨਾਲਾ ਲਗਦਾ |
ਚੌਕ 'ਚ ਨਿੰਬੂ, ਮਿਰਚਾਂ, ਝਾੜੂ,
ਸੁੱਟਿਆ, ਕਰਕੇ ਟਾਲਾ ਲਗਦਾ |
ਮੈਨੂੰ ਮਾਂ ਹੈ ਕੁੰਜੀ ਵਰਗੀ,
ਪਾਪਾ ਘਰ ਦਾ ਤਾਲਾ ਲਗਦਾ |
ਮੱਤ 'ਤੇ ਪਰਦਾ ਰਹਿਣ ਦੇ ਰੱਬਾ,
ਸੱਚ ਵੀ ਤੱਤਾ ਬਾਹਲਾ ਲਗਦਾ |
'ਮਿੱਤਵਾ' ਰਾਤੀਂ ਘੂਰ ਗਿਆ ਜੋ,
ਕੀ ਉਹ ਤੇਰਾ ਸਾਲਾ ਲਗਦਾ |
-ਮੋਬਾਈਲ : 98764-98603