ਮਖਿਆ ਜਾਗਰ ਸਿਆਂ ਘਰ ਈ ਏਾ,ਦੀ ਆਵਾਜ਼ ਸੁਣ ਕੇ ਜਾਗਰ ਹੈਰਾਨ ਰਹਿ ਗਿਆ, ਕਿਉਂਕੇ ਪਿੰਡ ਵਾਲੇ ਤਾਂ ਸਾਰੇ ਉਸ ਨੂੰ ਜਗਰੀ ਕਹਿ ਕੇ ਬੁਲਾਉਂਦੇ ਸਨ, ਇਹ ਜਾਗਰ ਸਿਉਂ ਕਹਿਣ ਵਾਲਾ ਕੌਣ ਆ ਗਿਆ |
ਉਸ ਨੇ ਠਿੱਬੀ ਜੁੱਤੀ ਪੈਰੀਂ ਅੜਾਈ ਤੇ ਉੱਠ ਕੇ ਬਾਰ ਖੋਲ੍ਹ ਦਿੱਤਾ |
ਕੀ ਦੇਖਦਾ ਹੈ ਕਿ ਬਾਹਰ ਚਾਰ ਪੰਜ ਸਰਦਾਰ ਬੀਬੀਆਂ ਦਾਹੜੀਆਂ ਵਾਲੇ ਬੰਦੇ ਖੜ੍ਹੇ ਸਨ | ਇਕ ਨੇ ਆਪਣੇ ਹੱਥ ਵਿਚ ਪੈੱਨ ਤੇ ਕਾਪੀ ਫੜੀ ਹੋਈ ਸੀ ਤੇ ਦੁਜੇ ਦੇ ਹੱਥ ਵਿਚ ਨੋਟਾਂ ਦੀ ਗੁੱਟੀ ਸੀ |
'ਸਤਿ ਸ੍ਰੀ ਕਾਲ ਸਰਦਾਰ ਜੀ | ਦੱਸੋ ਕਿਵੇਂ ਆਉਣਾ ਹੋਇਆ', ਜਾਗਰ ਨੇ ਹੱਥ ਜੋੜਦਿਆਂ ਕਿਹਾ |
'ਜਾਗਰ ਸਿਆਂ ਆਪਣੇ ਝਿੜੀ ਵਾਲੇ ਸੰਤਾਂ ਦਾ ਮੋਛ੍ਹਾ ਹੈ |' 'ਇਸ ਵਾਰੀ ਆਪਾਂ ਧੂਮਧਾਮ ਨਾਲ ਮਨਾਉਣਾ ਹੈ |' ਇਸ ਲਈ ਮਾਇਆ ਇਕੱਠੀ ਕਰਨ ਲੱਗੇ ਹਾਂ |' 'ਅਸੀਂ ਸੋਚਿਆ ਜਾਗਰ ਸਿਉਂ ਦਾ ਵੀ ਹਿੱਸਾ ਪਵਾ ਲਈਏ | ਸਾਂਝੇ ਕੰਮ ਰਲ਼ ਮਿਲ਼ ਕੇ ਕਰਨ ਵਾਲ਼ੇ ਹੁੰਦੇ ਐ |' ਕਾਪੀ ਵਾਲੇ ਨੇ ਪੈੱਨ ਨੂੰ ਕਾਪੀ ਤੇ ਮਾਰਦਿਆਂ ਕਿਹਾ |
ਉਨ੍ਹਾਂ ਦੀ ਗੱਲ ਸੁਣਕੇ ਜਾਗਰ ਬਿਨਾਂ ਤਖਤਿਆਂ ਵਾਲੇ ਕਮਰੇ ਵਿਚ ਗਿਆ ਤੇ ਆਪਣੇ ਉੱਧੜੀ ਜੇਬ੍ਹ ਵਾਲੇ ਕੁਰਤੇ ਦੇ ਖੀਸੇ ਵਿਚ ਹੱਥ ਮਾਰ ਦੇ ਇਕ ਮੈਲਾ ਜਿਹਾ ਪੰਜਾਹਾਂ ਦਾ ਨੋਟ ਕੱਢ ਲਿਆਇਆ ਜੋ ਉਸ ਨੇ ਘਰ ਦਾ ਸੌਦਾ ਲਿਆਉਣ ਲਈ ਕਿਸੇ ਤੋਂ ਫੜ ਕੇ ਲਿਆਂਦਾ ਸੀ |
ਕਿਉਂਕਿ ਕਣਕਾਂ ਵੱਢ ਹੋਣ 'ਤੇ ਆਈਆਂ ਹੋਣ ਕਰਕੇ ਕੰਮ ਤਾਂ ਕੋਈ ਵੀ ਨਹੀਂ ਸੀ ਚੱਲਦਾ | ਉਹ ਕਈ ਦਿਨਾਂ ਤੋਂ ਵਿਹਲਾ ਹੀ ਬੈਠਾ ਸੀ |
ਜਾਗਰ ਸੋਚੀਂ ਪੈ ਗਿਆ ਕਿ ਜੇ ਸਾਰੇ ਦੇ ਦਿਤੇ ਤਾਂ ਸੌਦਾ ਕਿਥੋਂ ਲਿਆਵੇਗਾ | ਜਵਾਬ ਵੀ ਦੇ ਨਹੀਂ ਸਕਦਾ | ਹੁਣ ਕੀ ਕੀਤਾ ਜਾਵੇ | ਉਸ ਨੇ ਮਨ ਕਰੜਾ ਕਰਕੇ ਪੰਜਾਹ ਦਾ ਸਾਰਾ ਨੋਟ ਹੀ ਦੇਣ ਦਾ ਮਨ ਬਣਾ ਲਿਆ |
'ਲਓ ਜੀ ਸਰਦਾਰ ਜੀ, ਇਨੀ ਕੁ ਹੀ ਪੁਹੰਚ ਐ', ਜਾਗਰ ਨੇ ਹੱਥ ਜੋੜਦਿਆਂ ਕਿਹਾ |
'ਕੋਈ ਗੱਲ ਨਹੀਂ ਜਾਗਰ ਸਿਆਂ ਲੱਖ ਮਣਾਂ ਏਾ |'
'ਦਾਨ ਵਿੱਤ ਸਮਾਨ |' ਇੰਨੀ ਗੱਲ ਕਹਿੰਦਿਆਂ ਨੋਟਾਂ ਵਾਲੇ ਨੇ ਲੰਮਾ ਹੱਥ ਕਰਦੇ ਨੋਟ ਫੜ ਕੇ ਨੋਟਾਂ ਦੀ ਦੱਥੀ ਵਿਚ ਦੇ ਲਿਆ ਤੇ ਚਲੋ ਬਈ ਕਹਿ ਕੇ ਅਗਾਂਹ ਤੁਰ ਗਏ |
ਜਾਗਰ ਵੀ ਪਿੱਛੇ ਮੁੜ ਕੇ ਟੁੱਟੀ ਦੌਣ ਵਾਲੀ ਮੰਜੀ 'ਤੇ ਬਹਿ ਗਿਆ | ਉਹ ਕਦੇ ਮੰਜੇ 'ਤੇ ਬਿਮਾਰ ਪਈ ਘਰਵਾਲੀ ਵੱਲ ਤੇ ਕਦੇ ਤੇੜੋਂ ਸਿਰੋਂ ਨੰਗੇ ਫਿਰਦੇ ਬੱਚਿਆਂ ਵੱਲ ਦੇਖਣ ਲੱਗਾ |
ਚਲੋ ਕੋਈ ਗੱਲ ਨਹੀਂ ਪੁੰਨ ਦਾਨ ਵੀ ਕਦੇ ਕਦੇ ਕਰਨਾ ਚਾਹੀਦਾ ਹੈ, ਕਹਿ ਕੇ ਉਸ ਨੇ ਮਨ ਸਮਝਾ ਲਿਆ | ਇਹ ਪੁੰਨ ਕਰਕੇ ਉਸ ਨੇ ਚੰਗਾ ਕੀਤਾ ਜਾਂ ਮਾੜਾ, ਇਹ ਗੱਲ ਉਸ ਦੀ ਸਮਝ ਤੋਂ ਬਾਹਰ ਹੋ ਗਈ ਸੀ |
-ਮੋਬਾਈਲ : 99887-81676