17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਸਰੀਰ ਰੂਪੀ ਮਹਿਲ ਤੇ ਮੁਸਾਫਿਰ

ਸਰੀਰ ਰੂਪੀ ਮਹਿਲ ਤੇ ਮੁਸਾਫਿਰ

Ad Position 21
No active advertisement
ਅਜੀਤ ਡੈਸਕ 18-10-2026

ਇਕ ਦਿਨ ਦੀ ਗੱਲ ਹੈ ਇਸ ਸਰੀਰ ਰੂਪੀ ਮਹਿਲ ਵਿਚ ਕੁਝ ਮੁਸਾਫ਼ਿਰ ਆਏ ਅਤੇ ਮਹਾਰਾਜ ਨੂੰ  ਬੇਨਤੀ ਕਰਨ ਲੱਗੇ ਕਿ ਉਨ੍ਹਾਂ ਕੋਲ ਇਸ ਸਮੇਂ ਰਹਿਣ ਦੀ ਕੋਈ ਜਗ੍ਹਾ ਨਹੀਂ ਹੈ, 'ਤੁਸੀਂ ਬਹੁਤ ਦਇਆਵਾਨ ਹੋ, ਰਹਿਣ ਦੀ ਇਜਾਜ਼ਤ ਦੇ ਦੇਵੋ |' ਮਹਿਲ ਵਿਚ ਰਹਿਣ ਦੀ ਇਜਾਜ਼ਤ ਦੇ ਦਿੱਤੀ |

ਉਨ੍ਹਾਂ ਮੁਸਾਫ਼ਿਰਾਂ ਵਿਚ ਦੋ ਜੁੜਵਾ ਭਰਾ ਸਨ-ਇਕ 'ਦੁੱਖ' ਸੀ ਅਤੇ ਦੂਜਾ 'ਸੁੱਖ' | ਦੇਖਣ ਨੂੰ  ਤਾਂ ਉਹ ਦੋਵੇਂ ਇਕੋ ਜਿਹੇ ਸਨ, ਪਰ ਉਨ੍ਹਾਂ ਦੇ ਸੁਭਾਅ ਵਿਚ ਜ਼ਮੀਨ-ਆਸਮਾਨ ਦਾ ਫਰਕ ਸੀ | ਉਨ੍ਹਾਂ ਦੀ ਆਪਸ ਵਿਚ ਕੁਝ ਖਾਸ ਬਣਦੀ ਨਹੀਂ ਸੀ, ਇਸੇ ਕਰਕੇ ਉਹ ਇਕ-ਦੂਜੇ ਤੋਂ ਦੂਰ-ਦੂਰ ਅਤੇ ਵੱਖਰੇ ਕਮਰਿਆਂ ਵਿਚ ਹੀ ਰਹਿੰਦੇ ਸਨ |
ਉਹ ਵੱਖਰੇ ਹੁੰਦੇ ਹੋਏ ਵੀ ਅੰਦਰੋਂ ਇਕ-ਦੂਜੇ ਨਾਲ ਗੂੜ੍ਹੇ ਜੁੜੇ ਹੋਏ ਸਨ | ਜਿੱਥੇ ਇਕ ਜਾਂਦਾ, ਦੂਜਾ ਅਕਸਰ ਉਸੇ ਦੇ ਪਿੱਛੇ-ਪਿੱਛੇ ਚਲਾ ਜਾਂਦਾ |
ਸਮਾਂ ਬੀਤਦਾ ਗਿਆ | ਅਰਸਾ ਹੋ ਗਿਆ | ਮੈਂ ਵੀ ਉਨ੍ਹਾਂ ਦੀ ਹੋਂਦ ਦਾ ਆਦੀ ਹੋਣ ਲੱਗ ਪਿਆ ਸੀ |
ਇਕ ਦਿਨ, 'ਦੁੱਖ' ਬੜੇ ਉਦਾਸ ਚਿਹਰੇ ਨਾਲ ਮੇਰੇ ਕੋਲ ਆਇਆ ਅਤੇ ਹੱਥ ਜੋੜ ਕੇ ਪੁੱਛਣ ਲੱਗਾ, 'ਹੇ ਰਾਜ ਕੁਮਾਰ! ਮੇਰੇ ਕੋਲੋਂ ਅਜਿਹੀ ਕਿਹੜੀ ਗ਼ਲਤੀ ਹੋ ਗਈ ਹੈ?'
ਮੈਂ ਉਸ ਵੱਲ ਹੈਰਾਨੀ ਨਾਲ ਤੱਕਿਆ ਅਤੇ ਪੁੱਛਿਆ, 'ਕੀ ਹੋਇਆ? ਤੂੰ ਇੰਨਾ ਉਦਾਸ ਕਿਉਂ ਹੈ?'
ਉਹ ਨਿਮਾਣਾ ਜਿਹਾ ਬਣ ਕੇ ਕਹਿਣ ਲੱਗਾ, 'ਹਜ਼ੂਰ! ਇਕ ਸਮਾਂ ਸੀ ਜਦੋਂ ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਸੀ | ਮੈਂ ਬਹੁਤਾ ਸਮਾਂ ਤੁਹਾਡੀ ਹੀ ਸੇਵਾ ਵਿਚ ਰਹਿੰਦਾ ਸੀ, ਤੁਸੀਂ ਮੈਨੂੰ ਯਾਦ ਕਰਦੇ ਰਹਿੰਦੇ ਸੀ | ਪਰ ਹੁਣ ਤੁਸੀਂ ਮੇਰੇ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ | ਮੈਨੂੰ ਅਣਦੇਖਿਆ ਕਰ ਦਿੰਦੇ ਹੋ | ਕੀ ਮੇਰੇ ਤੋਂ ਕੋਈ ਭੁੱਲ-ਚੁੱਕ ਹੋ ਗਈ ਹੈ?'
ਮੈਂ ਉਸ ਦੇ ਉਦਾਸ ਚਿਹਰੇ ਵੱਲ ਦੇਖਦਿਆਂ ਧੀਰਜ ਨਾਲ ਕਿਹਾ, 'ਹੋਇਆ ਤਾਂ ਕੁਝ ਨਹੀਂ... ਬੱਸ ਮੈਨੂੰ ਮੇਰੇ ਸੱਚੇ ਮਿੱਤਰ 'ਗਿਆਨ' ਨਾਲ ਰਹਿ ਕੇ ਇਕ ਸੱਚਾਈ ਦਾ ਪਤਾ ਲੱਗ ਗਿਆ ਹੈ ਕਿ ਤੇਰਾ-ਮੇਰਾ ਸਾਥ ਹਮੇਸ਼ਾ ਦਾ ਨਹੀਂ ਹੈ, ਬਲਕਿ ਤੂੰ ਮੈਨੂੰ ਅੰਦਰੋਂ ਲੁੱਟਣ ਅਤੇ ਕਿਸੇ ਮੋੜ 'ਤੇ ਇਕੱਲਾ ਛੱਡਣ ਵਾਸਤੇ ਆਇਆ ਹੈ |'
ਦੁੱਖ ਬੋਲਿਆ, 'ਨਹੀਂ ਜਨਾਬ! ਅਜਿਹੀ ਕੋਈ ਗੱਲ ਨਹੀਂ | ਮੈਨੂੰ ਲੱਗਦਾ ਹੈ 'ਗਿਆਨ' ਨੇ ਸਾਡੇ ਬਾਰੇ ਤੁਹਾਨੂੰ ਕੁਝ ਗ਼ਲਤ ਕਿਹਾ ਹੈ | ਮੈਂ ਤਾਂ ਤੁਹਾਡਾ ਬਹੁਤ ਹੀ ਵਫ਼ਾਦਾਰ ਸੇਵਕ ਹਾਂ, ਮੈਂ ਤੁਹਾਡਾ ਬੁਰਾ ਕਿਵੇਂ ਸੋਚ ਸਕਦਾ ਹਾਂ?' ਉਹ ਅਜੇ ਸਫ਼ਾਈ ਦੇ ਹੀ ਰਿਹਾ ਸੀ ਕਿ ਇੰਨੇ ਨੂੰ  ਉਸ ਦਾ ਜੁੜਵਾਂ ਭਰਾ ਸੁੱਖ ਵੀ ਉੱਥੇ ਆ ਪਹੁੰਚਿਆ |
ਸਾਡੀਆਂ ਗੱਲਾਂ ਸੁਣ ਕੇ ਸੁੱਖ ਮੁਸਕਰਾਇਆ ਅਤੇ ਕਹਿਣ ਲੱਗਾ, 'ਮਹਾਰਾਜਾ! ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਇਸ ਦੁੱਖ 'ਤੇ ਕਦੇ ਭਰੋਸਾ ਨਾ ਕਰਨਾ, ਇਹ ਤੁਹਾਨੂੰ ਛੱਲ ਲਵੇਗਾ | ਇਹ ਜਿੱਥੇ ਵੀ ਜਾਂਦਾ ਹੈ. ਆਪਣੀ ਪਤਨੀ ਬਿਮਾਰੀ ਨੂੰ  ਵੀ ਨਾਲ ਲੈ ਕੇ ਆਉਂਦਾ ਹੈ ਅਤੇ ਜਿੱਥੇ ਦੁੱਖ ਤੇ ਬਿਮਾਰੀ ਰਹਿਣ ਲੱਗ ਪੈਣ, ਉੱਥੇ ਇਨ੍ਹਾਂ ਦਾ ਪੁੱਤਰ 'ਪਛਤਾਵਾ' ਅਤੇ ਪੁੱਤਰੀ 'ਤਕਲੀਫ਼' ਵੀ ਆ ਧਮਕਦੇ ਹਨ | ਇਹ ਸਾਰੇ ਮਿਲ ਕੇ ਬੰਦੇ ਨੂੰ  ਲਾਚਾਰ ਕਰ ਦਿੰਦੇ ਹਨ ਅਤੇ ਸ਼ਾਂਤੀ ਲੁੱਟ ਲੈਂਦੇ ਹਨ |'
ਮੈਂ ਸੁੱਖ ਦੀ ਗੱਲ ਬੜੇ ਧਿਆਨ ਨਾਲ ਸੁਣੀ ਤੇ ਕਿਹਾ, 'ਹਾਂ, ਮੈਂ ਜਾਣਦਾ ਹਾਂ ਕਿ ਤੂੰ ਸੱਚ ਬੋਲ ਰਿਹਾ ਹੈ, ਪਰ ਮੈਨੂੰ ਯਕੀਨ ਹੁਣ ਤੇਰੇ 'ਤੇ ਵੀ ਨਹੀਂ ਰਿਹਾ |'
ਸੁੱਖ ਨੇ ਹੈਰਾਨੀ ਨਾਲ ਪੁੱਛਿਆ, 'ਮਹਾਰਾਜ! ਮੈਂ ਤਾਂ ਹਮੇਸ਼ਾ ਤੁਹਾਡੀ ਸੇਵਾ ਵਿਚ ਹੀ ਹਾਜ਼ਰ ਰਹਿੰਦਾ ਹਾਂ | ਮੇਰੀ ਪਤਨੀ 'ਤੰਦਰੁਸਤੀ', ਮੇਰੇ ਪੁੱਤਰ 'ਧਨ-ਦੌਲਤ' ਤੇ ਮੇਰੀ ਧੀ 'ਖੁਸ਼ੀਆਂ' ਨੇ ਤੁਹਾਡੀ ਬਹੁਤ ਸੇਵਾ ਕੀਤੀ ਹੈ, ਕੋਈ ਕਮੀ ਨਹੀਂ ਛੱਡੀ |'
ਮੈਂ ਸੁੱਖ ਦੀਆਂ ਸਾਰੀਆਂ ਗੱਲਾਂ ਸੁਣੀਆਂ ਤੇ ਉਸ ਨੂੰ  ਕਿਹਾ, 'ਮੈਨੂੰ ਮੇਰੇ ਸੱਚੇ ਮਿੱਤਰ 'ਗਿਆਨ' ਦੇ ਨਾਲ ਰਹਿ ਕੇ ਇਹ ਵੀ ਪਤਾ ਲੱਗ ਗਿਆ ਹੈ ਕਿ ਤੂੰ ਵੀ ਮੈਨੂੰ ਛੱਲਿਆ ਹੈ, ਕਿਉਂਕਿ ਮੇਰੇ ਨਾਲ ਤੂੰ ਵੀ ਹਮੇਸ਼ਾ ਨਹੀਂ ਰਹਿਣਾ—ਨਾ ਹੀ ਤੇਰੀ ਪਤਨੀ 'ਤੰਦਰੁਸਤੀ', ਨਾ ਤੇਰਾ ਪੁੱਤਰ 'ਧਨ-ਦੌਲਤ' ਅਤੇ ਨਾ ਹੀ ਤੇਰੀ ਧੀ 'ਖੁਸ਼ੀਆਂ' ਹਮੇਸ਼ਾ ਮੇਰੇ ਨਾਲ ਰਹਿਣਗੇ | ਇਹ ਸਭ ਅਸਥਿਰ ਹਨ, ਇਸ ਲਈ ਮੈਂ ਤੁਹਾਡੇ ਜਾਲ ਵਿਚ ਨਹੀਂ ਆਉਣਾ |'
ਇਹ ਸਾਰੀਆਂ ਗੱਲਾਂ ਚੱਲ ਹੀ ਰਹੀਆਂ ਸਨ ਕਿ ਇੰਨੇ ਨੂੰ  ਹੰਕਾਰ ਵੀ ਉੱਥੇ ਆ ਗਿਆ | ਉਹ ਤਾੜੀ ਮਾਰ ਕੇ ਬੋਲਿਆ, 'ਵਾਹ ਰਾਜ ਕੁਮਾਰ ਜੀ ਵਾਹ! ਤੁਸੀਂ ਤਾਂ ਕਮਾਲ ਹੀ ਕਰ ਦਿੱਤੀ! ਜੋ ਇਨ੍ਹਾਂ ਦੋਵਾਂ ਦੀਆਂ ਚਾਲਾਂ ਨੂੰ  ਸਮਝ ਗਏ | ਇਹ ਦੋਵੇਂ ਭਰਾ ਜਿਸ ਵੀ ਮਹਿਲ ਵਿਚ ਜਾਂਦੇ ਹਨ, ਕਿਸੇ ਨਾ ਕਿਸੇ ਤਰੀਕੇ ਨਾਲ ਉਸ ਮਹਿਲ ਨੂੰ  ਲੁੱਟ ਹੀ ਲੈਂਦੇ ਹਨ | ਰਾਜਕੁਮਾਰ ਜੀ, ਤੁਸੀਂ ਇੰਨੇ ਦੂਰਦਰਸ਼ੀ ਹੋ! ਤੁਹਾਡੀ ਸੇਵਾ ਵਿਚ ਆ ਕੇ ਮੇਰਾ ਜੀਵਨ ਸਫ਼ਲ ਹੋ ਗਿਆ |'
ਹੰਕਾਰ ਇਹੋ ਜਿਹੀਆਂ ਮਿੱਠੀਆਂ-ਮਿੱਠੀਆਂ ਗੱਲਾਂ ਕਰਦਾ ਜਾ ਰਿਹਾ ਸੀ ਕਿ ਮੈਨੂੰ ਵੀ ਉਹ ਗੱਲਾਂ ਚੰਗੀਆਂ ਲੱਗਣ ਲੱਗ ਪਈਆਂ | ਮੈਂ ਉਸ ਦੇ ਇਸ ਛੱਲ-ਕਪਟ ਵਾਲੇ ਜਾਲ ਵਿਚ ਫਸਣ ਹੀ ਵਾਲਾ ਸੀ ਕਿ ਉੱਥੇ ਮੇਰਾ ਸੱਚਾ ਮਿੱਤਰ ਅਤੇ ਸੂਝਵਾਨ ਸਲਾਹਕਾਰ 'ਗਿਆਨ' ਆ ਪਹੁੰਚਿਆ |
ਉਸ ਨੇ ਮੈਨੂੰ ਸਾਵਧਾਨ ਕਰਦਿਆਂ ਕਿਹਾ, 'ਹੇ ਪਿਆਰੇ ਮਿੱਤਰ! ਇਸ ਹੰਕਾਰ ਦੀਆਂ ਮਿੱਠੀਆਂ ਗੱਲਾਂ ਵਿਚ ਨਾ ਆਵੀਂ | ਇਹ ਤੈਨੂੰ ਤੇਰੀ ਹੀ ਸਮਝ-ਬੁੱਧੀ ਦੀ ਤਾਰੀਫ਼ ਦਾ ਜਾਲ ਵਿਛਾ ਕੇ ਰਾਜਕੁਮਾਰ ਤੋਂ ਮੰਗਤਾ ਬਣਾ ਦੇਵੇਗਾ | ਇਹ ਬਹੁਤ ਹੀ ਚਲਾਕ ਹੈ, ਇਸ ਨੇ ਕਈ ਵੱਡੇ-ਵੱਡੇ ਯੋਧਿਆਂ ਤੇ ਤਪੱਸਵੀਆਂ ਨੂੰ  ਰੋਲ ਕੇ ਰੱਖ ਦਿੱਤਾ ਹੈ | ਇਸ ਤੋਂ ਬਚ ਕੇ ਰਹੀ |' ਆਪਣੇ ਸੱਚੇ ਦੋਸਤ ਅਤੇ ਵਫ਼ਾਦਾਰ ਸਲਾਹਕਾਰ ਗਿਆਨ ਦੀ ਇਹ ਨਸੀਹਤ ਸੁਣ ਕੇ ਮੈਂ ਤੁਰੰਤ ਸਾਵਧਾਨ ਹੋ ਗਿਆ | ਮੈਂ ਗਿਆਨ ਦੀ ਡੂੰਘੀ ਸੋਚ ਦੀ ਮਦਦ ਨਾਲ ਹੰਕਾਰ ਦੀ ਇਸ ਗੂੜ੍ਹੀ ਚਲਾਕੀ ਨੂੰ  ਸਮਝ ਲਿਆ ਅਤੇ ਆਪਣੇ ਉਸ ਦੂਰਦਰਸ਼ੀ ਮਿੱਤਰ ਦਾ ਤਹੇ-ਦਿਲੋਂ ਧੰਨਵਾਦ ਕੀਤਾ | (ਚਲਦਾ)

-ਪਿੰਡ ਮੂਨਕ ਖੁਰਦ, ਜ਼ਿਲ੍ਹਾ ਹੁਸ਼ਿਆਰਪੁਰ |
ਮੋਬਾਈਲ : +393479158049

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਭਰ ’ਚ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਕੈਂਪਾਂ ਰਾਹੀਂ ਕੀਤਾ ਜਾ ਰਿਹਾ ਜਾਗਰੂਕ ਅਗਲੀ ਖ਼ਬਰ ਤਿੰਨ ਮੇਮਾਂ
Ad Position 24