ਇਕ ਦਿਨ ਭਗਤ ਜੀ ਕਿਤੇ ਜਾ ਰਹੇ ਸਨ | ਉਨ੍ਹਾਂ ਨੂੰ ਖੰਘ ਆ ਗਈ ਤਾਂ ਉਨ੍ਹਾਂ ਖੰਘਾਰ ਜ਼ਮੀਨ ਉਤੇ ûੱਕ ਦਿੱਤਾ | ਉਨ੍ਹਾਂ ਦੇਖਿਆ ਉਸ ਖੰਘਾਰ ਵਿਚ ਇਕ ਚਿੱਟੇ ਰੰਗ ਦਾ ਖੰਭ ਵਰਗਾ ਕੁਝ ਸੀ | ਉਨ੍ਹਾਂ ਨੂੰ ਬੜੀ ਹੈਰਾਨੀ ਹੋਈ ਕਿ ਇਹ ਖੰਭ ਜਿਹਾ ਉਨ੍ਹਾਂ ਦੇ ਅੰਦਰ ਕਿਵੇਂ ਗਿਆ | ਸੋਚ ਦੇ ਨਾਲ-ਨਾਲ ਉਨ੍ਹਾਂ ਦੀ ਚਿੰਤਾ ਵੀ ਵਧਣ ਲੱਗੀ | ਘਰ ਪਹੁੰਚੇ ਤਾਂ ਉਨ੍ਹਾਂ ਦੀ ਘਬਰਾਹਟ ਦੇਖ ਬੀਵੀ ਨੇ ਪੁੱਛਿਆ, 'ਕੀ ਗੱਲ ਹੋਈ, ਏਨੇ ਘਬਰਾਏ ਹੋਏ ਕਿਉਂ ਹੋ?'
'ਤੂੰ ਕਿਸੇ ਨੂੰ ਦੱਸੇਂਗੀ ਤਾਂ ਨਹੀਂ?'
'ਮੈਂ ਕਿਉਂ ਕਿਸੇ ਨੂੰ ਦੱਸਾਂਗੀ, ਤੁਹਾਡੀ ਕਸਮ, ਮੈਂ ਕਿਸੇ ਨੂੰ ਨਹੀਂ ਦੱਸਦੀ | ਦੱਸੋ ਤਾਂ ਸਹੀ ਕੀ ਗੱਲ ਹੋਈ?' ਹੁਣ ਭਗਤ ਹੁਰਾਂ ਨੂੰ ਯਕੀਨ ਹੋ ਗਿਆ ਕਿ ਉਸ ਦੀ ਘਰਵਾਲੀ ਕਿਸੇ ਕੋਲ ਇਹ ਗੱਲ ਨਹੀਂ ਕਰੇਗੀ, ਤਾਂ ਉਨ੍ਹਾਂ ਦੱਸ ਦਿੱਤਾ ਕਿ ûੱਕ ਨਾਲ ਉਨ੍ਹਾਂ ਦੇ ਅੰਦਰੋਂ ਇਕ ਖੰਭ ਜਿਹਾ ਨਿਕਲਿਆ ਹੈ |
ਉਸ ਦੀ ਘਰ ਵਾਲੀ ਨੂੰ ਇਹ ਅਜੀਬ ਗੱਲ ਹਜ਼ਮ ਨਾ ਹੋਈ | ਉਸ ਨੇ ਗੁਆਂਢਣ ਨੂੰ , ਇਹ ਕਹਿ ਕੇ, 'ਭੈਣੇ ਤੈਨੂੰ ਮੇਰੀ ਸਹੁੰ, ਜੇ ਤੂੰ ਕਿਸੇ ਹੋਰ ਕੋਲ ਗੱਲ ਕੀਤੀ | ਇਹ ਬੜੀ ਪਰਦੇ ਦੀ ਗੱਲ ਹੈ | 'ਅੱਛਾ! ਤੈਨੂੰ ਤਾਂ ਪਤਾ ਹੀ ਹੈ ਕਿ ਮੇਰੇ ਸੁਭਾਅ ਦਾ, ਮੈਂ ਕਿਸੇ ਕੋਲ ਗੱਲ ਨਹੀਂ ਕਰਦੀ | ਤੂੰ ਬੇਫਿਕਰ ਹੋ ਕੇ ਦੱਸ | ਕਿਸੇ ਨੂੰ ਆਪਣਾ ਦੁੱਖ ਦੱਸਣ ਨਾਲ ਘਟ ਜਾਂਦਾ ਹੈ | ਬਾਕੀ ਜੇ ਤੈਨੂੰ ਮੇਰੇ 'ਤੇ ਭਰੋਸਾ ਨਹੀਂ ਤਾਂ ਰਹਿਣ ਦੇ |' ਗੁਆਂਢਣ ਦੀ ਗੱਲ ਸੁਣ ਕੇ, ਭਗਤ ਦੀ ਘਰਵਾਲੀ ਨੂੰ ਯਕੀਨ ਹੋ ਗਿਆ ਕਿ ਇਹ ਅੱਗੇ ਕਿਸੇ ਕੋਲ ਗੱਲ ਨਹੀਂ ਕਰੇਗੀ | ਉਸ ਨੇ ਗੁਆਂਢਣ ਨੂੰ ਦੱਸਿਆ ਕਿ ਭਗਤ ਹੁਰਾਂ ਦੇ ਅੰਦਰੋਂ ਇਕ ਖੰਭ ਨਿਕਲਿਆ | ਗੁਆਂਢਣ ਨੇ ਉਸ ਨੂੰ ਹੌਸਲਾ ਦਿੰਦੇ ਹੋਏ ਕਿਹਾ, 'ਐਨੀ ਚਿੰਤਾ ਕਰਨ ਦੀ ਲੋੜ ਨਹੀਂ, ਕਈ ਵਾਰ ਇਸ ਤਰ੍ਹਾਂ ਹੋ ਜਾਂਦ ਹੈ, ਪਰ ਤੂੰ ਕਿਸੇ ਹੋਰ ਕੋਲ ਗੱਲ ਨਾ ਕਰੀਂ, ਲੋਕ ਤਾਂ ਗੱਲ ਦਾ ਗੜੁੱਲ ਬਣਾ ਦਿੰਦੇ ਨੇ |' ਇਹ ਸਮਝਾ ਕੇ ਗੁਆਂਢਣ ਚਲੀ ਗਈ | ਪਰ ਇਸ ਅਜੀਬ ਗੱਲ ਨੇ ਉਸ ਦੇ ਢਿੱਡ ਵਿਚ ਹਲਚਲ ਮਚਾ ਦਿੱਤੀ | ਏਨੇ ਨੂੰ ਉਸ ਦੀ ਇਕ ਸਹੇਲੀ ਤੁਰੀ ਜਾਂਦੀ ਦਿਸੀ | ਗੁਆਂਢਣ ਨੇ ਉਸ ਨੂੰ ਆਵਾਜ਼ ਮਾਰ ਕੇ ਬੁਲਾਇਆ ਤੇ ਪਹਿਲਾਂ ਉਸ ਕੋਲੋਂ ਇਹ ਬਚਨ ਲਿਆ ਕਿ ਉਹ ਕਿਸੇ ਨੂੰ ਇਸ ਗੱਲ ਦੀ ਭਿਣਕ ਵੀ ਨਹੀਂ ਪੈਣ ਦੇਵੇਗੀ | ਫਿਰ ਉਸ ਨੇ ਸਾਰੀ ਗੱਲ ਸਹੇਲੀ ਅੱਗੇ ਲੂਣ-ਮਿਰਚ ਲਾ ਕੇ ਤੇ ਖੰਭ ਦਾ ਪੂਰਾ ਬਗਲਾ ਬਣਾ ਕੇ ਉਗਲ ਦਿੱਤੀ ਤਾਂ ਕਿਤੇ ਉਸ ਦੇ ਢਿੱਡ ਵਿਚਲੀ ਹਲਚਲ ਨੂੰ ਸੁੱਖ ਦਾ ਸਾਹ ਆਇਆ | ਇਹ ਸੁਣਦਿਆਂ ਹੀ ਸਹੇਲੀ ਦਾ ਮਨ ਉਬਾਲੇ ਖਾਣ ਲੱਗ ਪਿਆ ਕਿ ਕਿਹੜੀ ਘੜੀ ਉਹ ਇਸ ਗੱਲ ਨੂੰ ਕਿਸੇ ਚੁਰਾਹੇ ਵਿਚ ਉਗਲੇ ਤਾਂ ਉਸ ਨੂੰ ਚੈਨ ਪਵੇ... |
ਕੁਝ ਹੀ ਚਿਰ ਬਾਅਦ ਇਹ ਗੱਲ ਫੈਲ ਗਈ ਕਿ ਭਗਤ ਹੁਰਾਂ ਦੇ ਮੰੂਹ ਵਿਚੋਂ ਫੜਫੜਾਂਦੇ ਕਈ ਬਗਲੇ ਨਿਕਲੇ ਹਨ | ਸ਼ਾਮ ਤੱਕ ਕਈ ਬਗਲਿਆਂ ਦੇ ਨਾਲ ਸਾਰਸ, ਕਾਂ ਅਤੇ ਕਈ ਹੋਰ ਪੰਖੇਰੂ ਵੀ ਭਗਤ ਜੀ ਦੇ ਮੰੂਹ ਵਿਚੋਂ ਨਿਕਲ ਕੇ ਉੱਡਣ ਦੀ ਗੱਲ ਆਲੇ-ਦੁਆਲੇ ਦੇ ਪਿੰਡਾਂ ਵਿਚ ਫੈਲ ਗਈ | ਲੋਕ ਪੈਦਲ ਅਤੇ ਬੈਲ ਗੱਡੀਆਂ 'ਤੇ ਸਵਾਰ ਹੋ ਕੇ ਇਹ ਨਜ਼ਾਰਾ ਦੇਖਣ ਲਈ ਭਗਤ ਹੁਰਾਂ ਦੇ ਘਰ ਵੱਲ ਨੂੰ ਵਹੀਰਾਂ ਘੱਤ ਤੁਰ ਪਏ | ਇਹ ਸਭ ਦੇਖ ਸੁਣ ਕੇ ਵਿਚਾਰੇ ਭਗਤ ਦੀ ਹਾਲਤ ਪਾਗਲਾਂ ਵਰਗੀ ਹੋ ਗਈ | ਉਹ ਦੌੜ ਕੇ ਇਕ ਦਰੱਖਤ ਉਤੇ ਜਾ ਚੜਿ੍ਹਆ ਅਤੇ ਉਦੋਂ ਤੱਕ ਹੇਠਾਂ ਨਾ ਉਤਰਿਆ ਜਦੋਂ ਤੱਕ ਲੋਕ ਵਾਪਸ ਆਪਣੇ ਘਰਾਂ ਨੂੰ ਨਹੀਂ ਮੁੜ ਗਏ ਤੇ ਗੱਲ ਠੰਢੀ ਨਹੀਂ ਪੈ ਗਈ |
-ਮੋਬਾਈਲ : 62842-40676