ਪਰਹੀਣ ਪਰਿੰਦੇ
ਲੇਖਿਕਾ : ਪਰਵੇਜ਼ ਸੰਧੂ
ਪ੍ਰਕਾਸ਼ਕ : ਸਵੀਨਾ ਪਬਲੀਕੇਸ਼ਨਜ਼, ਕੈਲੀਫੋਰਨੀਆ
ਮੁੱਲ : 295 ਰੁਪਏ, ਸਫ਼ੇ : 103
ਸੰਪਰਕ : parvezsandhu@hotmail.com

ਪੰਜ ਪੁਸਤਕਾਂ ਦੀ ਰਚੇਤਾ ਪਰਵੇਜ਼ ਸੰਧੂ ਦੀ ਹੁਣ ਛੇਵੀਂ ਪੁਸਤਕ 'ਪਰਹੀਣ ਪਰਿੰਦੇ' (ਕਹਾਣੀ ਸੰਗ੍ਰਹਿ) ਪ੍ਰਕਾਸ਼ਿਤ ਹੋਈ ਹੈ | ਇਸ ਸੰਗ੍ਰਹਿ ਵਿਚ ਕੁੱਲ 7 ਕਹਾਣੀਆਂ ਸ਼ਾਮਿਲ ਹਨ | ਜਿਨ੍ਹਾਂ ਦੇ ਸਿਰਲੇਖ 'ਪਰਹੀਣ ਪਰਿੰਦੇ', 'ਗੌਡਸ', 'ਸ਼ਹਿਨਸ਼ਾਹ', 'ਵਿਰਲਾਂ ਪਾਰ ਬੈਠਾ ਸਰਦਾਰ', 'ਛੱਤ ਪਰੇ ਅਸਮਾਨ', 'ਅਮਰੋ ਅਜੇ ਮਰੀ ਨਹੀਂ' ਅਤੇ 'ਆਖ਼ਰੀ ਉਡਾਣ' ਹਨ | ਲੇਖਿਕਾ ਨੇ ਇਨ੍ਹਾਂ ਰਚਨਾਵਾਂ ਵਿਚ ਅਮਰੀਕਾ-ਕੈਨੇਡਾ ਦੇ ਬਿਰਧ ਘਰਾਂ ਵਿਚ ਰਹਿ ਰਹੇ ਬਜ਼ੁਰਗਾਂ ਦਾ ਦਰਦ ਆਪਣੀ ਮਾਂ ਦੇ ਬਿਰਧ ਘਰ ਜਾਣ ਦੇ ਨਿੱਜੀ ਅਨੁਭਵ ਰਾਹੀਂ ਬਿਆਨ ਕੀਤਾ ਹੈ |
ਇਨ੍ਹਾਂ ਕਹਾਣੀਆਂ 'ਚੋਂ ਕੁਝ ਕਹਾਣੀਆਂ ਦਾ ਸਾਰ ਆਪ ਜੀ ਨਾਲ ਸਾਂਝਾ ਕਰ ਰਿਹਾ ਹਾਂ | ਪਹਿਲੀ ਕਹਾਣੀ 'ਪਰਹੀਣ ਪਰਿੰਦੇ' ਬਿਰਧ ਘਰ ਦੀ ਉਦਾਸ ਇਮਾਰਤ ਦਾ ਦਿ੍ਸ਼ ਪੇਸ਼ ਕਰਦੀ ਹੈ | ਮੁੱਖ ਪਾਤਰ ਇੱਕ ਬਜ਼ੁਰਗ ਮਾਂ ਹੈ, ਜੋ ਬਚੇ ਸਾਹਾਂ ਦਾ ਲੇਖਾ-ਜੋਖਾ ਕਰਦੀ ਹੋਈ ਪੁਰਾਣੇ ਵਿਆਹਾਂ ਦੇ ਗੀਤ ਗਾਉਂਦੀ ਹੈ | ਉਸ ਦਾ ਪਤੀ (ਬਾਪੂ), ਜੋ ਕਦੇ ਪੰਜਾਬ ਪੁਲਿਸ ਵਿਚ ਰੋਅਬਦਾਰ ਸੀ, ਹੁਣ ਵੀਲ੍ਹ ਚੇਅਰ 'ਤੇ ਚੁੱਪ ਬੈਠਾ ਹੈ | ਇਹ ਕਹਾਣੀ ਬੁਢਾਪੇ ਦੀ ਲਾਚਾਰੀ ਨੂੰ ਬਿਆਨ ਕਰਦੀ ਹੈ | ਮਾਂ ਦਾ ਇਹ ਸਵਾਲ ਕਿ “ਇਹੇ ਕਿਹੜੀ ਥਾਂ ਹੈ ਜਿੱਥੇ ਧੀਆਂ-ਪੁੱਤ ਮਰਨ ਤੋਂ ਪਹਿਲਾਂ ਬੁੜਿ੍ਹਆਂ ਨੂੰ ਛੱਡ ਆਉਂਦੇ ਨੇ?, ਪਾਠਕ ਨੂੰ ਝੰਜੋੜ ਦਿੰਦਾ ਹੈ |
ਦੂਜੀ ਕਹਾਣੀ 'ਗੌਡਸ' ਵਿਚ ਦਿਖਾਇਆ ਗਿਆ ਹੈ ਕਿ ਬਿਰਧ ਘਰ ਵਿਚ ਬਚੀ ਜ਼ਿੰਦਗੀ ਦਾ ਕੋਈ ਮਿਆਰ ਨਹੀਂ ਰਹਿ ਜਾਂਦਾ | ਇਸ ਵਿਚ ਜੌਰਜ ਅਤੇ ਉਸ ਦੀ ਪਤਨੀ ਮਰੀਅਮ ਦੀ ਅਮਰ ਮੁਹੱਬਤ ਹੈ | ਮਰੀਅਮ ਆਪਣੇ ਜੁਆਨ ਪੁੱਤਰ ਦੀ ਮੌਤ ਦੇ ਸਦਮੇ ਕਾਰਨ ਮਾਨਸਿਕ ਸੰਤੁਲਨ ਖੋਹ ਕੇ ਬਿਸਤਰ 'ਤੇ ਪਈ ਹੈ | ਜੌਰਜ ਉਸ ਨੂੰ ਆਪਣੀ 'ਦੇਵੀ' ਮੰਨ ਕੇ ਆਖ਼ਰੀ ਦਮ ਤੱਕ ਫਰਜ਼ ਨਿਭਾਉਂਦਾ ਹੈ |
ਤੀਜੀ ਕਹਾਣੀ 'ਸ਼ਹਿਨਸ਼ਾਹ', 'ਮਿਸਟਰ ਕਿੰਗ ਜੂਨੀਅਰ' (ਫਰੈਂਕੀ) ਦੀ ਹੈ, ਜੋ ਕਰੋੜਾਂ ਦੀ ਜਾਇਦਾਦ ਦਾ ਮਾਲਕ ਹੋਣ ਦੇ ਬਾਵਜੂਦ 'ਡਾਊਨ ਸਿੰਡਰੋਮ' (ਇੱਕ ਜੈਨੇਟਿਕ ਅਵਸਥਾ) ਦਾ ਸ਼ਿਕਾਰ ਹੈ | ਉਸ ਦੀ ਮਾਂ ਨੇ ਉਸ ਨੂੰ 'ਕਲੰਕ' ਮੰਨ ਕੇ ਨਕਾਰ ਦਿੱਤਾ ਸੀ, ਜਿਸ ਕਾਰਨ ਉਸ ਨੂੰ ਅਨਾਥ ਆਸ਼ਰਮ ਵਿਚ ਪੈਣਾ ਪਿਆ | ਉੱਥੇ ਉਸ ਦੀ ਦੋਸਤੀ ਜਾਨਸਨ ਨਾਲ ਹੁੰਦੀ ਹੈ, ਜੋ ਉਮਰ ਭਰ ਉਸ ਦਾ ਸਾਥ ਨਿਭਾਉਂਦਾ ਹੈ | ਫਰੈਂਕੀ ਮਾਨਸਿਕ ਤੌਰ 'ਤੇ ਵਿਕਸਿਤ ਨਾ ਹੋਣ ਦੇ ਬਾਵਜੂਦ ਸਭ ਨੂੰ ਜੱਫੀਆਂ ਪਾ ਕੇ ਪਿਆਰ ਵੰਡਦਾ ਹੈ |
ਪਰਵੇਜ਼ ਸੰਧੂ ਦੀ ਲੇਖਣੀ ਵਿਚ ਪਾਤਰਾਂ ਦੇ ਮਨੋਭਾਵਾਂ ਨੂੰ ਉਲੀਕਣ ਦੀ ਅਦਭੁਤ ਸਮਰੱਥਾ ਹੈ | ਇਹ ਕਹਾਣੀ ਸੰਗ੍ਰਹਿ ਵਿਦੇਸ਼ੀ ਚਮਕ-ਦਮਕ ਦੇ ਪਿੱਛੇ ਛਿਪੇ ਬਜ਼ੁਰਗਾਂ ਦੇ ਇਕੱਲਤਾ, ਮਾਨਸਿਕ ਰੋਗਾਂ ਅਤੇ ਰਿਸ਼ਤਿਆਂ ਦੇ ਟੁੱਟਣ ਦੇ ਦਰਦ ਨੂੰ ਬਹੁਤ ਹੀ ਸਰਲ ਪਰ ਪ੍ਰਭਾਵਸ਼ਾਲੀ ਪੰਜਾਬੀ ਭਾਸ਼ਾ ਵਿਚ ਪੇਸ਼ ਕਰਦਾ ਹੈ | ਹਰ ਇੱਕ ਕਹਾਣੀ ਪਾਠਕ ਨੂੰ ਅੰਦਰ ਤੱਕ ਹਿਲਾ ਕੇ ਰੱਖ ਦਿੰਦੀ ਹੈ ਅਤੇ ਸਮਾਜਿਕ ਰਿਸ਼ਤਿਆਂ ਬਾਰੇ ਸੋਚਣ ਲਈ ਮਜਬੂਰ ਕਰਦੀ ਹੈ |
-ਜਸਵਿੰਦਰ ਸਿੰਘ ਕਾਈਨੌਰ,
ਮੋਬਾਈਲ : 98888-42244
ਯਾਦਾਂ ਦਾ ਸਰਮਾਇਆ
ਸੰਪਾਦਕ : ਸ਼ੇਲਿੰਦਰਜੀਤ ਸਿੰਘ ਰਾਜਨ
ਪ੍ਰਕਾਸ਼ਕ: ਪੰਜਾਬੀ ਸਾਹਿਤ ਸਭਾ, ਬਾਬਾ ਬਕਾਲਾ ਸਾਹਿਬ
ਮੁੱਲ : 100 ਰੁਪਏ, ਸਫ਼ੇ : 152
ਸੰਪਰਕ : 98157-69164

ਇਹ ਸਾਂਝਾ ਕਾਵਿ-ਸੰਗ੍ਰਹਿ ਹੈ, ਜਿਸ ਵਿਚ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਦੇ 25 ਅਹੁਦੇਦਾਰ/ਮੈਂਬਰ ਲਿਖਾਰੀਆਂ ਦੀਆਂ ਕਵਿਤਾਵਾਂ ਸ਼ਾਮਿਲ ਹਨ | ਸਾਂਝੇ ਸੰਗ੍ਰਹਿ ਛਾਪਣ ਦਾ ਰੁਝਾਨ ਵਧ ਰਿਹਾ ਹੈ, ਕਿਉਂਕਿ ਇਸ ਨਾਲ ਲਿਖਾਰੀਆਂ ਨੂੰ ਮਾਨਸਿਕ ਸੰਤੁਸ਼ਟੀ ਮਿਲਦੀ ਹੈ ਅਤੇ ਨਿੱਜੀ ਪੁਸਤਕ ਛਪਵਾਉਣ ਦੇ ਖ਼ਰਚੇ ਤੋਂ ਵੀ ਰਾਹਤ ਮਿਲਦੀ ਹੈ | ਪਰ ਇਸ ਦੀ ਜ਼ਿੰਮੇਵਾਰੀ ਸਿਰਫ਼ ਲਿਖਾਰੀ ਦੀ ਨਹੀਂ, ਸੰਪਾਦਕ ਦੀ ਵੀ ਬਣ ਜਾਂਦੀ ਹੈ ਤਾਂ ਕਿ ਰਚਨਾਵਾਂ ਦੀ ਉੱਚਤਾ, ਸ਼ਬਦ-ਜੋੜਾਂ ਦੀ ਸ਼ੁੱਧਤਾ ਅਤੇ ਵਿਆਕਰਨ ਪੱਖ ਵੱਲ ਧਿਆਨ ਦਿੱਤਾ ਜਾ ਸਕੇ |
ਮੈਂ ਇਸ ਪੁਸਤਕ ਦੀ ਹਰ ਕਵਿਤਾ ਧਿਆਨ ਨਾਲ ਪੜ੍ਹੀ ਹੈ | ਹਰ ਕਵੀ-ਕਵਿੱਤਰੀ ਨੇ ਆਪਣੀ ਸੂਝ ਨਾਲ ਭਾਵ ਪ੍ਰਗਟ ਕੀਤੇ ਹਨ | ਵਿਸ਼ੇ ਵੀ ਵੱਖਰੇ ਹਨ - ਪੰਜਾਬੀ ਬੋਲੀ, ਮਹਿੰਗਾਈ, ਰਿਸ਼ਵਤ, ਚੋਣਾਂ, ਸਮਾਜਿਕ ਸਰੋਕਾਰ, ਰਾਜਨੀਤਕ ਮਾਹੌਲ, ਔਰਤ, ਰੁੱਖ ਲਾਉਣਾ, ਇਸ਼ਕ, ਨਸ਼ੇ, ਬਚਪਨ, ਮਜ਼ਦੂਰ, ਧੀਆਂ, ਤੀਆਂ, ਸ਼ੁਕਰਾਨਾ ਅਤੇ ਧਰਮ ਆਦਿ |
ਲਗਭਗ ਸਾਰੇ ਲਿਖਾਰੀ ਸਮੱਸਿਆ ਦਾ ਸਿਰਫ਼ ਵਰਨਣ ਹੀ ਕਰਦੇ ਹਨ | ਜਦੋਂ ਤੱਕ ਕਾਰਨਾਂ ਅਤੇ ਸੁਧਾਰ ਦੇ ਸੁਝਾਵਾਂ ਨੂੰ ਰਚਨਾ ਵਿਚ ਨਹੀਂ ਲਿਆਂਦਾ ਜਾਂਦਾ, ਰਚਨਾ ਅਧੂਰੀ ਲੱਗਦੀ ਹੈ | ਲਿਖਾਰੀ ਦਾ ਕਰਤੱਵ ਸਿਰਫ਼ ਜਾਣਕਾਰੀ ਦੇਣਾ ਹੀ ਨਹੀਂ, ਸਗੋਂ ਸੇਧ ਦੇਣਾ ਅਤੇ ਜਾਗਰੂਕ ਕਰਨਾ ਵੀ ਹੈ |ਅੱਜ ਦੇ ਸਮਾਜ ਵਿਚ ਇਨਸਾਨ ਹੱਸਣਾ ਭੁੱਲ ਗਿਆ ਹੈ, ਪਰ ਹਾਸ-ਵਿਅੰਗ ਲਿਖਣ ਵੱਲ ਕਿਸੇ ਦਾ ਧਿਆਨ ਨਹੀਂ | ਸਹਿਜਤਾ, ਚੇਤੰਨਤਾ, ਸਬਰ ਅਤੇ ਸ਼ੁਕਰਾਨੇ ਵਰਗੀਆਂ ਭਾਵਨਾਵਾਂ ਨੂੰ ਵੀ ਘੱਟ ਥਾਂ ਮਿਲਦੀ ਹੈ | ਕਵਿਤਾ ਅਤੇ ਤੁਕਬੰਦੀ ਵਿਚ ਫ਼ਰਕ ਨੂੰ ਸਮਝਣ ਦੀ ਲੋੜ ਹੈ |
ਪੁਸਤਕ ਪੜ੍ਹ ਕੇ ਕੁਝ ਹੱਦ ਤੱਕ ਆਨੰਦ ਮਿਲਦਾ ਹੈ ਅਤੇ ਸਾਰੇ ਲਿਖਾਰੀ ਸ਼ਲਾਘਾ ਦੇ ਹੱਕਦਾਰ ਹਨ | ਪਰ ਮੁੱਖ ਬੰਧ ਤੋਂ ਅੰਤ ਤੱਕ ਬਹੁਤੀਆਂ ਰਚਨਾਵਾਂ ਵਿਚ ਸ਼ਬਦ-ਜੋੜਾਂ ਅਤੇ ਵਿਆਕਰਨ ਦੀਆਂ ਗ਼ਲਤੀਆਂ ਹਨ | ਕਾਫ਼ੀਆ-ਰਦੀਫ਼ ਦੀ ਵਰਤੋਂ ਨਾਲ ਰਚਨਾ ਦੀ ਖ਼ੂਬਸੂਰਤੀ ਹੋਰ ਵਧ ਸਕਦੀ ਹੈ | ਉਮੀਦ ਹੈ ਅਗਲੇ ਐਡੀਸ਼ਨ ਵਿਚ ਲਿਖਾਰੀ ਅਤੇ ਸੰਪਾਦਕ ਹਰ ਸ਼ਬਦ ਨੂੰ ਸੋਧ ਕੇ ਪੇਸ਼ ਕਰਨਗੇ | ਸਾਹਿਤਕ ਬੁਲੰਦੀਆਂ ਲਈ ਇਹ ਜ਼ਰੂਰੀ ਹੈ | ਸਭ ਨੂੰ ਆਮ ਮੁੱਦਿਆਂ ਤੋਂ ਇਲਾਵਾ ਨਵੇਂ ਵਿਸ਼ੇ ਚੁਣਨ ਲਈ ਬੇਨਤੀ ਅਤੇ ਸ਼ੁਭਕਾਮਨਾਵਾਂ ਸਹਿਤ!
-ਡਾ. ਇੰਦਰ ਪਾਲ ਸਿੰਘ
ਮੋਬਾਈਲ : 97795-84235
ਸਿਆਣੇ ਕਹਿੰਦੇ ਨੇ-3
ਸੰਪਾਦਕ : ਜਰਨੈਲ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 80
ਸੰਪਰਕ : 98152-98459

'ਸਿਆਣੇ ਕਹਿੰਦੇ ਨੇ' ਪ੍ਰਸਿੱਧ ਪੰਜਾਬੀ ਕਲਾਕਾਰ ਜਰਨੈਲ ਸਿੰਘ ਦੀ ਲੜੀਵਾਰ ਪੁਸਤਕ ਸ਼੍ਰੇਣੀ ਦੀ ਤੀਜੀ ਪੁਸਤਕ ਹੈ | ਇਸ ਤੋਂ ਪਹਿਲਾਂ ਇਸੇ ਹੀ ਸਿਰਲੇਖ ਅਧੀਨ ਆਪ ਨੇ ਦੋ ਪੁਸਤਕਾਂ 'ਸਿਆਣੇ ਕਹਿੰਦੇ ਨੇ' ਲਿਖੀਆਂ ਹਨ | ਅਕਾਰ ਪੱਖੋਂ ਪੁਸਤਕ ਬਹੁਤ ਹੀ ਛੋਟੀ ਹੈ ਪਰ ਇਸ ਰਾਹੀਂ ਕਵੀ ਨੇ ਜੀਵਨ ਦੀਆਂ ਅਟੱਲ ਸੱਚਾਈਆਂ ਅਤੇ ਕਥਨ ਪਾਠਕਾਂ ਨਾਲ ਸਾਂਝੇ ਕੀਤੇ ਹਨ | ਇਸ ਵਿਚ ਮੌਜੂਦ ਵਿਚਾਰ ਭਾਵੇਂ ਪਾਠਕਾਂ ਨੇ ਪ੍ਰਤੱਖ ਪ੍ਰੋਖ ਢੰਗ ਨਾਲ ਕਦੇ ਸੁਣੇ ਜਾਂ ਪੜ੍ਹੇ ਹੋਣਗੇ ਪਰ ਇਹ ਪੁਸਤਕ ਉਨ੍ਹਾਂ ਵਿਚਾਰਾਂ ਨੂੰ ਪ੍ਰੇਰਨਾਦਾਇਕ ਢੰਗ ਨਾਲ ਪਾਠਕ ਦੇ ਸਨਮੁੱਖ ਰੱਖਦੀ ਹੈ | ਲੇਖਕ ਨੇ ਮਨੁੱਖੀ ਵਿਹਾਰ, ਰਿਸ਼ਤੇ, ਸਮਾਜਿਕ ਚੁਣੌਤੀਆਂ, ਦੂਸਰੇ ਵਿਅਕਤੀ ਦਾ ਸਾਡੇ ਪ੍ਰਤੀ ਰਵੱਈਆ, ਸਫ਼ਲਤਾ ਅਸਫ਼ਲਤਾ, ਧਨ ਦੌਲਤ, ਰੁਤਬੇ ਆਦਿ ਬਾਰੇ ਬਹੁਤ ਹੀ ਪ੍ਰਪੱਕ ਸੱਚਾਈਆਂ ਸਾਂਝੀਆਂ ਕੀਤੀਆਂ ਹਨ | ਇਸ ਪੁਸਤਕ ਦਾ ਸਮਰਪਣ ਪਾਠਕਾਂ ਨੂੰ ਕੀਤਾ ਹੈ | ਪ੍ਰੇਰਨਾਦਾਇਕ ਵਿਚਾਰਾਂ ਰਾਹੀਂ ਲੇਖਕ ਨੇ ਪਹਿਲਾਂ ਸਭ ਤੋਂ ਆਪਣੇ-ਆਪ ਨੂੰ ਪਿਆਰਨ, ਸਵੈਮਾਣ ਕਾਇਮ ਰੱਖਣ ਅਤੇ ਆਤਮ ਵਿਸ਼ਵਾਸ ਪੈਦਾ ਕਰਨ ਲਈ ਸੁਝਾਅ ਦਿੱਤੇ ਹਨ | ਲੇਖਕ ਆਧੁਨਿਕ ਜੀਵਨ ਸ਼ੈਲੀ ਵਿਚ ਅਸੰਤੁਸ਼ਟ ਮਨੁੱਖ ਦੇ ਦੋਪੱਖੀ ਜਾਂ ਬਹੁਪੱਖੀ ਕਿਰਦਾਰ ਸੰਬੰਧੀ ਵੀ ਵਿਚਾਰ ਤੇ ਤੱਥ ਪੇਸ਼ ਕਰਦਾ ਹੈ :-
ਸਿਆਣੇ ਕਹਿੰਦੇ ਨੇ, 'ਪੈਸੇ ਵਾਸਤੇ ਬੈਂਕ ਤੇ ਸੋਨੇ ਵਾਸਤੇ ਲੌਕਰ ਮਿਲਣਾ ਅੱਜ ਦੀ ਤਰੀਕ ਵਿਚ ਬਹੁਤ ਸੌਖਾ ਆ ਪਰ ਦਿਲ ਦੀ ਗੱਲ ਸਾਂਭ ਕੇ ਰੱਖਣ ਵਾਲਾ ਚੰਗਾ ਦੋਸਤ ਮਿਲਣਾ ਬਹੁਤ ਔਖਾ |'
ਅਸੀਂ ਵੇਖਦੇ ਹਾਂ ਕਿ ਅੱਜਕਲ੍ਹ ਸੋਸ਼ਲ ਮੀਡੀਆ ਦੇ ਅਲੱਗ-ਅਲੱਗ ਪਲੇਟਫਾਰਮ 'ਤੇ ਪ੍ਰੇਰਨਾ ਦਾ ਇਕ ਵੀਡੀਓ, ਵਿਚਾਰ ਆਦਿ ਦਾ ਬਹੁਤ ਰੁਝਾਨ ਹੈ ਪਰ ਪੁਸਤਕ ਦੇ ਰੂਪ ਵਿਚ ਇਨ੍ਹਾਂ ਵਿਚਾਰਾਂ ਨੂੰ ਇਕੱਠੇ ਕਰਕੇ ਪਾਠਕਾਂ ਲਈ ਤਿਆਰ ਕਰਨ ਵਾਲੇ ਜਰਨੈਲ ਸਿੰਘ ਜੀ ਦਾ ਇਹ ਉਪਰਾਲਾ ਸਲਾਹੁਣਯੋਗ ਹੈ | ਪੁਸਤਕ ਲੜੀ ਨੰ. ਤਿੰਨ ਸਾਨੂੰ ਨੈਤਿਕ ਕਦਰਾਂ-ਕੀਮਤਾਂ ਅਤੇ ਉੱਚ ਪੱਧਰ ਦੇ ਕਿਰਦਾਰ ਨਾਲ ਜੋੜਨ ਲਈ ਇਨ੍ਹਾਂ ਵਿਚਾਰਾਂ ਦਾ ਪਾਲਣ ਕਰਨ ਲਈ ਪ੍ਰੇਰਿਤ ਕਰਦੀ ਹੈ | ਪੰਜਾਬੀ ਫ਼ਿਲਮਾਂ ਦੇ ਪ੍ਰੌੜ, ਕਲਾਕਾਰ ਜਰਨੈਲ ਸਿੰਘ ਨੂੰ ਇਹ ਪੁਸਤਕ ਦੀ ਬਹੁਤ ਬਹੁਤ ਮੁਬਾਰਕਵਾਦ |
-ਪ੍ਰੋ. ਕੁਲਜੀਤ ਕੌਰ ਅਠਵਾਲ
ਚਾਰ ਨਾਵਲ
ਲੇਖਕ : ਡਾ.ਇਕਬਾਲ ਸਿੰਘ ਸਕਰੌਦੀ
ਪ੍ਰਕਾਸ਼ਕ : ਜੇ.ਪੀ. ਪਬਲੀਕੇਸ਼ਨਜ਼, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 103
ਸੰਪਰਕ : 84276-85020

'ਚਾਰ ਨਾਵਲ' ਆਲੋਚਨਾ ਦੀ ਪੁਸਤਕ ਹੈ, ਜਿਸ ਵਿਚ ਚਾਰ ਵੱਖ-ਵੱਖ ਨਾਵਲਾਂ ਨੂੰ ਵਿਸ਼ਾ ਬਣਾ ਕੇ ਆਲੋਚਨਾਤਮਕ ਢੰਗ ਨਾਲ ਪੇਸ਼ ਕੀਤਾ ਗਿਆ ਹੈ | ਇਸ ਪੁਸਤਕ ਵਿਚ 'ਵੇਸਵਾ ਨਹੀਂ ਹਾਂ ਮੈਂ'-ਹਰਦੀਪ ਬਾਵਾ, 'ਮੁਰਗ਼ਾਬੀਆਂ'-ਜਸਵਿੰਦਰ ਪੰਜਾਬੀ, '70% ਪ੍ਰੇਮ ਕਥਾ'-ਜਸਵੀਰ ਸਿੰਘ ਰਾਣਾ ਅਤੇ 'ਭਾਗ ਦੋ ਮੁਰਗ਼ਾਬੀਆਂ ਡਬਲ ਧਮਾਕਾ'-ਜਸਵਿੰਦਰ ਪੰਜਾਬੀ ਦੇ ਨਾਵਲਾਂ ਨੂੰ ਸ਼ਾਮਿਲ ਕੀਤਾ ਗਿਆ ਹੈ | ਪ੍ਰਸਿੱਧ ਆਲੋਚਕ ਡਾ. ਇਕਬਾਲ ਸਿੰਘ ਸਕਰੌਦੀ ਨੇ ਸਰਲ ਭਾਸ਼ਾ ਵਿਚ ਆਲੋਚਨਾ ਕੀਤੀ ਹੈ | ਲੇਖਕ ਨੇ ਹਰ ਨਾਵਲ ਵਿਚ ਪੇਸ਼ ਹਰ ਪੱਖ, ਵਰਤਾਰੇ, ਮਸਲੇ, ਸਮੱਸਿਆ, ਸੰਕਟ ਨੂੰ ਆਪਣੀ ਨਜ਼ਰੇ ਪੇਸ਼ ਕਰਕੇ ਪੁਸਤਕਾਂ ਦਾ ਹਰ ਪੱਖ ਉਭਾਰਿਆ ਹੈ | ਲੇਖਕ ਨੇ ਹਰੇਕ ਨਾਵਲ ਦੇ ਹਰੇਕ ਪਹਿਲੂ ਨੂੰ ਵੱਖਰੇ ਅੰਦਾਜ਼ ਵਿਚ ਪੇਸ਼ ਕਰਕੇ ਹਵਾਲਿਆਂ ਸਹਿਤ ਮੁਲਾਂਕਣ ਕੀਤਾ ਹੈ | 'ਵੇਸਵਾ ਨਹੀਂ ਹਾਂ ਮੈਂ' ਨਾਵਲ ਵਿਚ ਵੇਸਵਾਗਮਨੀ ਦੇ ਧੰਦੇ ਵਿਚ ਪਈਆਂ ਔਰਤਾਂ, ਪਿਆਰ ਵਿਚ ਆਪਣੇ ਪ੍ਰੇਮੀ ਹੱਥੋਂ ਧੋਖਾ ਖਾ ਚੁੱਕੀਆਂ ਮੁਟਿਆਰਾਂ, ਵਿਆਹੀਆਂ ਵਰ੍ਹੀਆਂ ਔਰਤਾਂ ਤੋਂ ਇਲਾਵਾ ਘਰਾਂ ਦੀ ਗ਼ੁਰਬਤ ਕਾਰਨ ਤਰਸਯੋਗ ਜ਼ਿੰਦਗੀ ਜਿਊਣ ਲਈ ਮਜਬੂਰ ਕੁੜੀਆਂ ਦਾ ਵੇਸਵਾਗਮਨੀ ਦੇ ਧੰਦੇ ਵੱਲ ਆਕਰਸ਼ਿਤ ਹੋਣਾ ਅਤੇ ਮੁੜ ਮੁਕਾਬਲੇ ਦੀ ਪਰੀਖਿਆ ਪਾਸ ਕਰਕੇ ਸਮਾਜ ਵਿਚ ਸਨਮਾਨ ਪ੍ਰਾਪਤ ਕਰਨ ਦੀ ਕਹਾਣੀ ਹੈ |
'ਮੁਰਗ਼ਾਬੀਆਂ' ਨਾਵਲ ਵਿਭਚਾਰ ਵਿਚ ਗ੍ਰਸਤ ਪਾਤਰਾਂ ਦੀ ਤ੍ਰਾਸਦਿਕ ਹਾਲਤ ਨੂੰ ਪੇਸ਼ ਕਰਕੇ ਹਰੇਕ ਔਰਤ ਮਰਦ ਨੂੰ ਸਰੀਰਕ ਸੰਬੰਧਾਂ ਲਈ ਆਪਣੇ ਜੀਵਨ ਸਾਥੀ ਤੱਕ ਸੀਮਤ ਰਹਿਣ ਲਈ ਸੁਨੇਹਾ ਦਿੰਦਾ ਹੈ | ਇਲਾਵਾ ਇਹ ਨਾਵਲ ਅੱਲ੍ਹੜ ਉਮਰ ਦੇ ਮੁੰਡੇ ਕੁੜੀਆਂ ਨੂੰ ਕਿਸੇ ਝੂਠੇ ਪਿਆਰ ਦੇ ਝਾਂਸੇ ਵਿਚ ਨਾ ਆਉਣ ਲਈ ਮਾਰਗ ਦਰਸ਼ਨ ਕਰਦਾ ਹੈ | '70% ਪ੍ਰੇਮ ਕਥਾ' ਵਿਚ ਫ਼ੌਜੀ ਜੀਵਨ ਦਾ ਵਰਣਨ ਹੈ | ਵਧ ਰਹੇ ਨਸ਼ਿਆਂ ਦਾ ਜ਼ਿਕਰ ਹੈ, ਪੁਲਿਸ ਦੀਆਂ ਵਧੀਕੀਆਂ ਅਤੇ ਖਾੜਕੂਵਾਦ ਦੇ ਪਰਛਾਵੇਂ ਹਨ,ਉੱਥੇ ਸਿਆਸਤਦਾਨਾਂ ਦੇ ਸਵਾਰਥੀ ਚਿਹਰੇ ਵੀ ਨੰਗੇ ਕੀਤੇ ਗਏ ਹਨ | 'ਮੁਰਗ਼ਾਬੀਆਂ' ਡਬਲ ਧਮਾਕਾ ਨਾਵਲ ਵਿਚ ਚੜ੍ਹਦੀ ਜਵਾਨੀ ਵਿਚ ਪਿਆਰ ਵਿਚ ਧੋਖਾ ਖਾ ਕੇ ਭਟਕਣ ਦਾ ਜ਼ਿਕਰ ਹੈ,ਪ੍ਰੰਤੂ ਜ਼ਿੰਦਗੀ ਵਿਚ ਚੰਗੇ ਸਾਥ ਦੇ ਮਿਲਣ ਨਾਲ ਪਿਛਲੀਆਂ ਸਾਰੀਆਂ ਗ਼ਲਤੀਆਂ ਨੂੰ ਤਿਆਗ ਕੇ ਮੁੱਖ ਪਾਤਰ ਸੰਵੇਦਨਸ਼ੀਲਤਾ ਦੀ ਧਾਰਨੀ ਹੋ ਜਾਂਦੀ ਹੈ | ਫਿਰ ਉਹ ਥਾਂ ਥਾਂ 'ਤੇ ਲੋਕ ਭਲਾਈ ਦੇ ਕਾਰਜ ਕਰਦੀ ਦਿਖਾਈ ਦਿੰਦੀ ਹੈ | ਨਾਵਲਾਂ ਦੇ ਲੇਖਕਾਂ ਵਲੋਂ ਵੱਖ ਵੱਖ ਢੰਗ ਨਾਲ ਸਮਾਜ ਨੂੰ ਜਾਗਰੂਕ ਕਰਨ ਲਈ ਵੱਖ ਵੱਖ ਵਿਸ਼ੇ ਛੋਹੇ ਗਏ ਹਨ ਉੱਥੇ ਚਾਰੇ ਨਾਵਲਾਂ ਦਾ ਲੇਖਕ ਨੇ ਦਿਲਚਸਪ ਢੰਗ ਨਾਲ ਮੁਲਾਂਕਣ ਕੀਤਾ ਹੈ |
-ਬਲਵਿੰਦਰ ਸਿੰਘ ਗੁਰਾਇਆ
ਮੋਬਾਈਲ : 94170-58020
ਅੰਬਰਾਂ ਦੇ ਬੂਹੇ
ਲੇਖਕ : ਮਹਿੰਦਰਜੀਤ ਬਹਾਵਾਲੀਆ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਗੀਗੜ੍ਹ
ਮੁੱਲ : 240 ਰੁਪਏ, ਸਫ਼ੇ : 136
ਸੰਪਰਕ : 93567-10056

ਵਿਚਾਰਧੀਨ ਕਾਵਿ-ਸੰਗ੍ਰਹਿ 'ਅੰਬਰਾਂ ਦੇ ਬੂਹੇ' ਜੋ ਮਹਿੰਦਰਜੀਤ ਬਹਾਵਾਲੀਆ ਦੁਆਰਾ ਪਾਠਕਾਂ ਦੀ ਨਜ਼ਰ ਕੀਤਾ ਗਿਆ ਹੈ, ਨੂੰ ਪੜ੍ਹਦਿਆਂ ਜਿਥੇ ਇਸ ਵਿਚਲੀਆਂ ਕਵਿਤਾਵਾਂ ਵਿਚ ਮੁਹੱਬਤੀ ਅਹਿਸਾਸਾਂ ਦੀ ਤਰਜਮਾਨੀ ਖ਼ੂਬਸੂਰਤੀ ਨਾਲ ਹੋਈ ਮਿਲਦੀ ਹੈ, ਉੱਥੇ ਪੂਰੇ ਸੰਸਾਰ ਪੱਧਰ 'ਤੇ ਜਿਹੜਾ ਜੰਗੀ ਵਾਤਾਵਰਨ ਬਣਿਆ ਹੋਇਆ ਹੈ, ਉਸ ਬਾਰੇ ਵੀ ਵਿਸਤਿ੍ਤ ਕਾਵਿ-ਅਨੁਭਵ ਪੇਸ਼ ਹੋਇਆ ਹੈ | ਇਹ ਖੂਨੀ ਖੇਡ ਚਾਹੇ ਭਾਰਤ ਦੇ ਸੂਬੇ ਜੰਮੂ-ਕਸ਼ਮੀਰ ਵਿਚ ਹੋਵੇ ਜਾਂ ਫਿਰ ਸੰਸਾਰ ਦੇ ਕਿਸੇ ਕੋਨੇ ਵਿਚ ਕੋਈ ਘਟਨਾ ਵਾਪਰੇ ਕਵੀ ਦੇ ਸੰਵੇਦਨਸ਼ੀਲ ਆਪੇ ਨੂੰ ਝੋਜੋੜ ਕੇ ਰੱਖ ਦਿੰਦੀ ਹੈ :
ਜੰਗਾਂ ਵਾਲਿਓ ਜੰਗ ਵਿਚ ਤਾਂ
ਕੂਕਾਂ, ਚੀਕਾਂ, ਕਾਲੀਆਂ ਰਾਤਾਂ ਨੇ
ਬੰਬ ਗੋਲੀਆਂ, ਅੱਗਾਂ, ਲਾਸ਼ਾਂ
ਇਹ ਜੰਗ ਦੀਆਂ ਸੌਗਾਤਾਂ ਨੇ |
ਕਵੀ ਇਸ ਗੱਲੋਂ ਵੀ ਫ਼ਿਕਰਮੰਦ ਹੈ ਕਿ ਅੱਜ ਦਾ ਮਨੁੱਖ ਕੁਦਰਤੀ ਨਜ਼ਾਰਿਆਂ ਨੂੰ ਨਹੀਂ ਮਾਣਦਾ, ਸਗੋਂ ਮਸਨੂਈ ਮਨ ਪਰਚਾਵੇ ਦੇ ਸਾਧਨਾਂ ਨਾਲ ਆਪਣਾ ਚਿੱਤ ਪਰਚਾ ਰਿਹਾ ਹੈ | ਕਵੀ ਆਪਣੀਆਂ ਕਵਿਤਾਵਾਂ ਵਿਚ ਜਿਥੇ ਗ਼ਰੀਬੀ ਅਤੇ ਲਾਚਾਰੀ ਭੋਗਦੇ ਲੋਕਾਂ ਦੇ ਕਾਵਿ-ਚਿਤਰ ਆਪਣੀਆਂ ਕਵਿਤਾਵਾਂ ਵਿਚ ਪੇਸ਼ ਕਰਦਾ ਹੈ, ਉੱਥੇ ਇਨ੍ਹਾਂ ਦੇ ਕਾਰਨਾਂ ਦੀ ਨਿਸ਼ਾਨਦੇਹੀ ਵੀ ਕਰਦਾ ਹੈ | ਰਾਜਨੀਤਕ ਲੋਕ ਆਪਣੇ ਸਵਾਰਥ ਲਈ ਆਮ ਲੋਕਾਂ ਨੂੰ ਵਰਤ ਕੇ ਆਪਣਾ ਉੱਲੂ ਸਿੱਧਾ ਕਰ ਲੈਂਦੇ ਹਨ | ਉਸ ਪੱਖੋਂ ਵੀ ਸੁਚੇਤ ਕਰਦਾ ਹੈ | ਮਖੌਟਾਧਾਰੀ ਲੋਕ ਆਪਣੇ ਦੋਗਲੇ ਕਿਰਦਾਰਾਂ ਨਾਲ ਆਮ ਲੋਕਾਂ ਦਾ ਕਿਵੇਂ ਸ਼ੋਸ਼ਣ ਕਰਦੇ ਹਨ | ਇਸੇ ਕਰਕੇ ਹੀ ਕਵੀ 'ਬਾਬਾ ਨਾਨਕ' ਵਰਗੀ ਕਵਿਤਾ ਵਿਚ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਦਾ ਹੈ ਕਿ ਅੱਜ ਫਿਰ ਝੂਠ ਤੋਂ ਪਰਦਾ ਲਾਹੁਣ ਲਈ ਉਨ੍ਹਾਂ ਦੀ ਲੋੜ ਹੈ | ਕਵੀ ਦੀ ਫਿਕਰਮੰਦੀ ਹੈ ਸਮਾਜ ਦੀ ਨਿੱਘਰ ਰਹੀ ਹਾਲਤ ਨੂੰ ਚੰਗੇਰੀਆਂ ਸੋਚਾਂ ਵਾਲੇ ਮਨੁੱਖਾਂ ਦੀ ਘਾਟ ਹੈ | ਪੁਸਤਕ ਵਿਚਲੀਆਂ ਕਵਿਤਾਵਾਂ ਪ੍ਰਭਾਵਿਤ ਕਰਨਯੋਗ ਹਨ |
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਇਨਕਲਾਬੀ ਜਮਹੂਰੀ ਲਹਿਰ ਦਾ ਜੁਝਾਰੂ ਸਿਪਾਹੀ
ਨਾਮਦੇਵ ਭੁਟਾਲ
ਮੁਸ਼ੱਕਤੀ : ਰਣਜੀਤ ਲਹਿਰਾ
ਪ੍ਰਕਾਸ਼ਕ: ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 94175-88616

ਇਨਕਲਾਬੀ ਜਮਹੂਰੀ ਲਹਿਰ ਦਾ ਜੁਝਾਰੂ ਸਿਪਾਹੀ: ਨਾਮਦੇਵ ਭੁਟਾਲ ਜੀਵਨ ਯਾਦਾਂ ਸਮਕਾਲੀ ਪੰਜਾਬ ਦੇ ਇੱਕ ਜਨਪੱਖੀ, ਸੰਘਰਸ਼ਸ਼ੀਲ ਅਤੇ ਪ੍ਰਤੀਬੱਧ ਲੋਕ-ਆਗੂ ਦੀ ਜੀਵਨ-ਯਾਤਰਾ ਨੂੰ ਦਸਤਾਵੇਜ਼ੀ ਰੂਪ ਵਿਚ ਪੇਸ਼ ਕਰਨ ਵਾਲੀ ਮਹੱਤਵਪੂਰਨ ਪੁਸਤਕ ਹੈ | ਰਣਜੀਤ ਲਹਿਰਾ ਨੇ ਨਾਮਦੇਵ ਭੁਟਾਲ ਦੇ ਜੀਵਨ ਨੂੰ ਕੇਵਲ ਯਾਦਾਂ ਦੇ ਰੂਪ ਵਿਚ ਨਹੀਂ, ਸਗੋਂ ਪੰਜਾਬ ਦੀ ਜਮਹੂਰੀ, ਸਮਾਜਿਕ ਅਤੇ ਲੋਕ-ਲਹਿਰਾਂ ਦੇ ਇਤਿਹਾਸ ਨਾਲ ਜੋੜ ਕੇ ਪੇਸ਼ ਕੀਤਾ ਹੈ |ਚਾਰ ਭਾਗਾਂ ਵਿਚ ਵੰਡੀ ਇਹ ਪੁਸਤਕ ਪਹਿਲੇ ਭਾਗ ਸੰਦਲੀ ਪੈੜਾਂ ਦਾ ਸਫ਼ਰ ਰਾਹੀਂ ਨਾਮਦੇਵ ਭੁਟਾਲ ਦੇ ਬਚਪਨ, ਵਿਦਿਆਰਥੀ ਜੀਵਨ, ਖੇਡਾਂ ਵਿਚ ਪ੍ਰਾਪਤੀਆਂ ਅਤੇ 1972 ਵਿਚ ਮੋਗਾ ਦੇ ਰੀਗਲ ਸਿਨੇਮਾ ਵਿਖੇ ਟਿਕਟਾਂ ਦੀ ਕਾਲਾਬਾਜ਼ਾਰੀ ਵਿਰੁੱਧ ਸੰਘਰਸ਼ ਤੋਂ ਸ਼ੁਰੂ ਹੋਏ ਜਨ-ਸਰੋਕਾਰੀ ਸਫ਼ਰ ਨੂੰ ਰੂਪਮਾਨ ਕਰਦੀ ਹੈ | ਨੌਜਵਾਨ ਭਾਰਤ ਸਭਾ, ਮੁਲਾਜ਼ਮ ਲਹਿਰ, ਐਮਰਜੈਂਸੀ ਵਿਰੋਧੀ ਸੰਘਰਸ਼ ਅਤੇ ਲੋਕ ਚੇਤਨਾ ਮੰਚ ਵਿਚ ਉਨ੍ਹਾਂ ਦੀ ਸਰਗਰਮ ਭੂਮਿਕਾ ਨੂੰ ਇਤਿਹਾਸਕ ਪ੍ਰਸੰਗਾਂ ਨਾਲ ਜੋੜਿਆ ਗਿਆ ਹੈ | ਦੂਜੇ ਭਾਗ ਵਿਚ ਜੀਵਨ ਸਾਥਣ ਜਸਵੰਤ ਕੌਰ ਨਾਲ ਵਿਆਹੁਤਾ ਜੀਵਨ, ਪਰਿਵਾਰਕ ਮੁੱਲਾਂ ਅਤੇ ਸੰਘਰਸ਼ਮਈ ਜੀਵਨ ਦੀ ਮਨੁੱਖੀ ਤਸਵੀਰ ਉਭਰਦੀ ਹੈ | ਤੀਜੇ ਅਤੇ ਚੌਥੇ ਭਾਗ ਵਿਚ ਸਾਥੀਆਂ, ਪਰਿਵਾਰਕ ਮੈਂਬਰਾਂ ਅਤੇ ਸਮਾਜਿਕ ਆਗੂਆਂ ਗਿਆਨ ਚੰਦ ਸ਼ਰਮਾ, ਜੋਗਿੰਦਰ ਸਿੰਘ ਉਗਰਾਹਾਂ, ਜਨਕ ਰਾਜ, ਮਾਸਟਰ ਹੰਸ ਰਾਜ, ਲਾਭ ਛਾਜਲਾ ਅਤੇ ਮੇਜਰ ਸਿੰਘ ਮਟਰਾਂ ਦੀਆਂ ਯਾਦਾਂ ਪੁਸਤਕ ਨੂੰ ਹੋਰ ਪ੍ਰਮਾਣਿਕ ਬਣਾਉਂਦੀਆਂ ਹਨ | ਬੇਟੀ ਹਰਦੀਪ ਕੌਰ ਅਤੇ ਬੇਟੇ ਦਿਲਪ੍ਰੀਤ ਦੀਪੀ ਦੇ ਭਾਵਪੂਰਤ ਸ਼ਬਦ ਇਸ ਰਚਨਾ ਨੂੰ ਵਿਸ਼ੇਸ਼ ਸੰਵੇਦਨਸ਼ੀਲਤਾ ਪ੍ਰਦਾਨ ਕਰਦੇ ਹਨ | ਸਰਲ, ਪ੍ਰਵਾਹਮਈ ਅਤੇ ਦਸਤਾਵੇਜ਼ੀ ਸ਼ੈਲੀ ਵਿਚ ਲਿਖੀ ਇਹ ਪੁਸਤਕ ਕੇਵਲ ਇੱਕ ਵਿਅਕਤੀ ਦੀ ਜੀਵਨੀ ਨਹੀਂ, ਸਗੋਂ ਪੰਜਾਬ ਦੀ ਇਨਕਲਾਬੀ ਅਤੇ ਜਮਹੂਰੀ ਲਹਿਰ ਦੇ ਇਤਿਹਾਸ ਦਾ ਮਹੱਤਵਪੂਰਨ ਸੰਦਰਭ-ਗ੍ਰੰਥ ਹੈ | ਸਮਾਜਿਕ ਚੇਤਨਾ, ਲੋਕ-ਸੰਘਰਸ਼ਾਂ ਅਤੇ ਜਨਪੱਖੀ ਵਿਚਾਰਧਾਰਾ ਦਾ ਅਧਿਐਨ ਕਰਨ ਵਾਲੇ ਪਾਠਕਾਂ ਲਈ ਇਹ ਪੁਸਤਕ ਨਿਸ਼ਚਤ ਹੀ ਸੰਗ੍ਰਹਿਣਯੋਗ ਹੈ |
-ਡਾ ਨਾਇਬ ਸਿੰਘ ਮੰਡੇਰ
ਮੋਬਾਈਲ : 8168455601