ਠੰਢੇ ਰੇਗਿਸਤਾਨ ਤੋਂ ਨੀਲੇ ਪਾਣੀ ਵੱਲ
ਲੇਖਕ : ਸੁਖਪਾਲ ਸਿੰਘ ਥਿੰਦ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 350 ਰੁਪਏ, ਸਫ਼ੇ : 280
ਸੰਪਰਕ : 94638-36591

ਸਰਕਾਰੀ ਕਾਲਜ ਵਿਚ ਪੰਜਾਬੀ ਦਾ ਪ੍ਰੋਫ਼ੈਸਰ ਲੱਗਿਆ ਸੁਖਪਾਲ ਸਿੰਘ ਥਿੰਦ ਹੁਣ ਤੱਕ ਸੱਤ ਕਿਤਾਬਾਂ ਲਿਖ ਚੁੱਕਾ ਹੈ, ਜਿਨ੍ਹਾਂ ਵਿਚ ਦੋ ਸਫ਼ਰਨਾਮੇ, ਇੱਕ ਕਹਾਣੀ ਸੰਗ੍ਰਹਿ, ਤਿੰਨ ਆਲੋਚਨਾਤਮਕ ਪੁਸਤਕਾਂ ਅਤੇ ਇੱਕ ਸੰਪਾਦਿਤ ਪੁਸਤਕ ਸ਼ਾਮਿਲ ਹੈ। ਇਹ ਸਾਰੀਆਂ ਕਿਤਾਬਾਂ 2003 ਤੋਂ 2020 ਤੱਕ ਦੇ ਸਮੇਂ ਦੌਰਾਨ ਛਪੀਆਂ ਹਨ। ਵਿਚਾਰ ਅਧੀਨ ਕਿਤਾਬ ਸਫ਼ਰਨਾਮਾ ਸਾਹਿਤ ਵਿਚ ਤੀਜਾ ਹੈ, ਜਿਸ ਨਾਲ ਉਸ ਦੀਆਂ ਪੁਸਤਕਾਂ ਦੀ ਗਿਣਤੀ 8 ਹੋ ਗਈ ਹੈ। ਇਸ ਪੁਸਤਕ ਵਿਚ ਇੱਕੋ ਜਿਲਦ ਵਿਚ ਅਸਲ ਵਿਚ ਤਿੰਨ ਸਫ਼ਰਨਾਮੇ ਹਨ-ਪਹਿਲਾ ਲੱਦਾਖ ਦਾ ਸਫ਼ਰਨਾਮਾ, ਦੂਜਾ ਸਪੀਤੀ ਵਾਦੀ ਦਾ ਸਫ਼ਰਨਾਮਾ ਤੇ ਤੀਜਾ ਕੇਰਲ-ਤਾਮਿਲਨਾਡੂ ਦਾ ਸਫ਼ਰਨਾਮਾ। ਇਹ ਤਿੰਨੇ ਸਫ਼ਰਨਾਮੇ 10-10 ਦਿਨਾਂ ਦੇ ਹਨ। ਪਹਿਲੇ ਸਫ਼ਰਨਾਮੇ ਵਿਚ ਪਰਿਵਾਰ ਦੇ ਚਾਰ ਮੈਂਬਰ ਸ਼ਾਮਿਲ ਹਨ (ਲੇਖਕ, ਉਸ ਦੀ ਪਤਨੀ ਪ੍ਰੋਫ਼ੈਸਰ ਰਮਣੀਕ, ਕੈਨੇਡਾ ਰਹਿੰਦੇ ਦੋਵੇਂ ਬੱਚੇ- ਬੇਟਾ ਸ਼ੁਭ ਅਤੇ ਬੇਟੀ ਨੂਰ)। ਇਹ ਸਫ਼ਰ ਉਨ੍ਹਾਂ ਨੇ ਡਰਾਈਵਰ ਦੀਪੇ ਦੀ ਟੈਕਸੀ ਰਾਹੀਂ ਕੀਤਾ। ਇਸ ਸਫ਼ਰਨਾਮੇ ਦੇ 12 ਚੈਪਟਰ ਹਨ। ਦੂਜੇ ਸਫ਼ਰਨਾਮੇ ਵਿਚ ਸਿਰਫ਼ ਲੇਖਕ ਨਾਲ ਉਸ ਦੀ ਪਤਨੀ ਸ਼ਾਮਿਲ ਹੈ। ਇਸ ਵਿਚ ਲੇਖਕ ਆਪਣੀ ਨਿਸਾਨ ਕਾਰ ਲੈ ਕੇ ਗਿਆ ਪਰ ਡਰਾਈਵਰ ਵਜੋਂ ਸ਼ੈਲੀ ਸ਼ਰਮਾ ਨਾਲ ਸੀ। ਇਹ ਯਾਤਰਾ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਜੂਨ ਦੇ ਆਖਰੀ ਹਫ਼ਤੇ ਤੋਂ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਕੀਤੀ ਗਈ। ਇਸ ਸਫ਼ਰਨਾਮੇ ਦੇ ਦਸ ਚੈਪਟਰ ਬਣਾਏ ਗਏ ਹਨ। ਤੀਜਾ ਸਫ਼ਰ ਸਰਦੀ ਦੀਆਂ ਛੁੱਟੀਆਂ ਵਿਚ ਕੀਤਾ ਗਿਆ, ਜਿਸ ਵਿਚ ਲੇਖਕ, ਉਸ ਦੀ ਪਤਨੀ ਤੇ ਬੇਟਾ ਸ਼ੁਭ ਸ਼ਾਮਿਲ ਹੈ। ਇਹ ਸਫ਼ਰਨਾਮਾ ਹਵਾਈ ਤੇ ਸੜਕੀ ਵਿਧੀਆਂ ਰਾਹੀ ਮੁਕੰਮਲ ਹੋਇਆ। ਇਸ ਸਫ਼ਰਨਾਮੇ ਦੇ ਸਭ ਤੋਂ ਵੱਧ 15 ਚੈਪਟਰ ਹਨ। ਇਸ ਪੁਸਤਕ ਵਿਚ ਲੇਖਕ ਨੇ ਆਪਣੇ ਹਰ ਤਰ੍ਹਾਂ ਦੇ ਚੰਗੇ-ਮਾੜੇ ਅਨੁਭਵ ਨੂੰ ਬੇਬਾਕੀ ਨਾਲ ਪ੍ਰਗਟਾਇਆ ਹੈ। ਉਂਜ ਤਾਂ ਇਸ ਲਿਖਤ ਰਾਹੀਂ ਬਹੁਤ ਜਾਣਕਾਰੀ ਮਿਲਦੀ ਹੈ, ਪਰ ਜੇ ਕਿਤੇ ਕੁਝ ਤਸਵੀਰਾਂ ਵੀ ਸ਼ਾਮਿਲ ਹੋ ਜਾਂਦੀਆਂ ਤਾਂ ਸੋਨੇ ਉੱਤੇ ਸੁਹਾਗਾ ਹੋ ਨਿੱਬੜਨਾ ਸੀ। ਤਸਵੀਰਾਂ ਨਾ ਹੋਣ ਦੇ ਬਾਵਜੂਦ ਇਹ ਸਫ਼ਰਨਾਮਾ-ਪੁਸਤਕ ਬਿਆਨ ਢੰਗ ਦੇ ਆਧਾਰ ਤੇ ਸਟਿਲ ਫ਼ੋਟੋਗ੍ਰਾਫ਼ੀ ਨਾਲੋਂ ਵੀਡੀਓਗ੍ਰਾਫ਼ੀ ਵਧੇਰੇ ਲੱਗਦੀ ਹੈ। ਲੇਖਕ ਦੇ ਸ਼ਬਦ-ਚਿੱਤਰ, ਦ੍ਰਿਸ਼ ਵਰਨਣ, ਪ੍ਰਾਕਿਰਤਕ ਵੇਰਵਾ, ਇਤਿਹਾਸ, ਮਿਥਿਹਾਸ, ਰਾਜਨੀਤੀ, ਆਰਥਿਕਤਾ ਆਦਿ ਮੁੱਦੇ ਮਿਲ ਕੇ ਭਾਰਤ ਦੀ ਗੌਰਵਮਈ ਵਿਰਾਸਤ ਨੂੰ ਸਜੀਵ ਬਣਾਉਂਦੇ ਹਨ। ਸਫ਼ਰ ਕਰਨ ਵਾਲਿਆਂ ਲਈ ਤੇ ਨਾ ਕਰ ਸਕਣ ਵਾਲਿਆਂ ਲਈ ਇਸਦਾ ਵੱਡਾ ਯੋਗਦਾਨ ਹੈ। ਲੇਖਕ ਦਾ ਬਿਆਨ-ਢੰਗ ਪਾਠਕ ਨੂੰ ਆਪਣੇ ਨਾਲ ਵਹਾ ਕੇ ਲੈ ਜਾਂਦਾ ਹੈ। ਜਿੱਥੇ ਕਿਤੇ ਲੋੜ ਪਈ ਹੈ, ਲੇਖਕ ਨੇ ਸ਼ਹਿਰਾਂ, ਥਾਵਾਂ ਤੇ ਚੀਜ਼ਾਂ ਨੂੰ ਇੱਕ-ਦੂਜੇ ਨਾਲ ਤੁਲਨਾ ਕੀਤੀ ਵੀ ਹੈ। ਇਸ ਲਿਖਤ ਵਿਚ ਪੰਜਾਬੀ ਦੇ ਮੁਹਾਵਰੇ ਤੇ ਠੇਠ ਸ਼ਬਦਾਵਲੀ ਇਸ ਨੂੰ ਹੋਰ ਵੀ ਗੂੜ੍ਹਾ ਰੰਗ ਪ੍ਰਦਾਨ ਕਰਦੇ ਹਨ। ਸਫ਼ਰ ਕਰਨ ਲੱਗਿਆਂ ਜਿਸ ਹੌਸਲੇ ਅਤੇ ਦਮਖ਼ਮ ਦੀ ਲੋੜ ਹੈ, ਉਹ ਲੇਖਕ ਕੋਲ ਭਰਪੂਰ ਮਾਤਰਾ ਵਿਚ ਮੌਜੂਦ ਹੈ - ਇਸ ਦਾ ਜ਼ਿਕਰ ਉਚੇਚੇ ਤੌਰ 'ਤੇ ਭੂਮਿਕਾ ਵਿਚ ਕੀਤਾ ਗਿਆ ਹੈ - 'ਮੈਂ ਆਪਣੇ ਆਪ ਨੂੰ ਖ਼ੁਸ਼ਕਿਸਮਤ ਸਮਝਦਾ ਹਾਂ ਕਿ ਮੈਨੂੰ ਕੁਦਰਤ ਨੇ ਇਹ ਸਭ ਕਰਨ ਦੇ ਮੌਕੇ ਅਤੇ ਵਸੀਲੇ ਮੁਹੱਈਆ ਕਰਵਾਏ ਹਨ। ਇਸ ਨੂੰ ਵੀ ਖ਼ੁਸ਼ਕਿਸਮਤੀ ਹੀ ਮੰਨਣਾ ਚਾਹੀਦਾ ਹੈ ਕਿ ਆਪਣੀ ਅੱਖ ਥਾਣੀਂ ਵੇਖੇ-ਮਾਣੇ ਨੂੰ ਸ਼ਬਦਾਂ ਦੇ ਜਾਮੇ ਵਿਚ ਢਾਲਣ ਦੇ ਹੁਨਰ ਦੀ ਵੀ ਕੁਦਰਤ ਨੇ ਮੇਰੇ 'ਤੇ ਬਖਸ਼ਿਸ਼ ਕੀਤੀ ਹੈ।' ਕੁਦਰਤੀ ਨਜ਼ਾਰਿਆਂ ਨੂੰ ਜਿਸ ਬਰੀਕੀ ਨਾਲ ਵਿਉਂਤਿਆ ਗਿਆ ਹੈ, ਉਹ ਬਾਕਮਾਲ ਹੈ। ਪੰਜਾਬੀ ਸਫ਼ਰਨਾਮਾ ਸਾਹਿਤ ਵਿਚ ਸੁਖਪਾਲ ਸਿੰਘ ਥਿੰਦ ਦਾ ਇਹ ਯਾਤਰਾ-ਬਿਰਤਾਂਤ ਵੱਖਰੀ ਭਾਂਤ ਦੀ ਆਭਾ ਤੇ ਜਲੌਅ ਬਿਖੇਰਦਾ ਹੈ।
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015
ਕਲਾਕਾਰ
ਲੇਖਕ : ਹਰਜੀਤ ਅਟਵਾਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ
ਮੁੱਲ : 195 ਰੁਪਏ, ਸਫ਼ੇ : 128
ਸੰਪਰਕ : 99151-03490

'ਕਲਾਕਾਰ' ਹਰਜੀਤ ਅਟਵਾਲ ਦਾ ਨਵਾਂ ਨਾਵਲ ਹੈ। ਇਸ ਤੋਂ ਪਹਿਲਾਂ ਲੇਖਕ 16 ਨਾਵਲ, 9 ਕਹਾਣੀ ਸੰਗ੍ਰਹਿ ਅਤੇ 8 ਹੋਰ ਪੁਸਤਕਾਂ ਪ੍ਰਕਾਸ਼ਿਤ ਕਰਵਾਉਣ ਦਾ ਮਾਣ ਲੈ ਚੁੱਕਾ ਹੈ। 'ਕਲਾਕਾਰ' ਨਾਵਲ ਪੰਜਾਬ ਦੇ ਕਿਸਾਨ ਪਰਿਵਾਰ ਦੇ ਧਰਮ ਸਿੰਘ ਦੇ ਜੀਵਨ ਦੀ ਕਹਾਣੀ ਹੈ, ਜਿਸ ਦਾ ਪਰਿਵਾਰ ਪ੍ਰਵਾਸ ਵਿਚ ਵੱਖ-ਵੱਖ ਮੁਲਕਾਂ ਵਿਚ ਵਸਦਾ ਹੈ। ਪਰਿਵਾਰ ਦਾ ਨਿਖੇੜਾ ਅਤੇ ਪੈਸੇ ਦੀ ਖਿੱਚ ਨਾਲ ਰਿਸ਼ਤਿਆਂ ਵਿਚ ਆ ਰਹੀਆਂ ਤਰੇੜਾਂ ਲੇਖਕ ਬਾਖ਼ੂਬੀ ਸਿਰਜਦਾ ਹੈ। ਲੇਖਕ ਪਰਦੇਸ ਵਿਚ ਵਸੇ ਭਰਾ ਅਤੇ ਚੰਡੀਗੜ੍ਹ ਰਹਿੰਦੇ ਵਕੀਲ ਭਰਾ ਦਾ ਪਾਤਰ ਚਿੱਤਰਣ ਕਰਕੇ ਨਾਵਲ ਨੂੰ ਅਜਿਹੀ ਕਹਾਣੀ ਦਿੰਦਾ ਹੈ ਜੋ ਅਜੋਕੇ ਸਮੇਂ ਦੀ ਤਸਵੀਰ ਹੈ। ਪਰਿਵਾਰਾਂ ਵਿਚ ਆ ਰਿਹਾ ਨਿਖੇੜਾ ਅਤੇ ਪ੍ਰਵਾਸ ਨੇ ਪਰਿਵਾਰਾਂ ਵਿਚ ਹਜ਼ਾਰਾਂ ਮੀਲਾਂ ਦੀ ਦੂਰੀ ਖੜ੍ਹੀ ਕਰ ਦਿੱਤੀ ਹੈ। ਇਸ ਨਾਵਲ ਦੇ ਮੁੱਖ ਕਿਰਦਾਰ ਧਰਮ ਸਿੰਘ ਦਾ ਇਕ ਮੁੰਡਾ ਪਿੰਡ ਛੱਡ ਕੇ ਚੰਡੀਗੜ੍ਹ ਜਾ ਵਸਦਾ ਹੈ, ਦੂਜਾ ਇੰਗਲੈਂਡ ਵਿਚ ਸੈਟਲ ਹੋ ਜਾਂਦਾ ਹੈ ਤੇ ਤੀਜਾ ਆਸਟਰੇਲੀਆ ਦਾ ਰੁਖ਼ ਕਰ ਲੈਂਦਾ ਹੈ । ਖੋਟਾ ਸਿੱਕਾ ਚਲਾਉਣ ਵਿਚ ਮੁਹਾਰਤ ਰੱਖਣ ਵਾਲਾ ਧਰਮ ਸਿੰਘ ਸਮੇਂ-ਸਮੇਂ 'ਤੇ ਚਾਲ ਖੇਡ ਕੇ ਨਾਵਲ ਨੂੰ ਰੌਚਿਕ ਤਾਂ ਬਣਾਉਂਦਾ ਹੀ ਹੈ ਸਗੋਂ ਜ਼ਿੰਦਗੀ ਦੀ ਸ਼ਤਰੰਜ ਦੀਆਂ ਚਾਲਾਂ ਚਲਦਾ-ਚਲਦਾ ਕਾਮਯਾਬੀ ਵੱਲ ਵਧਦਾ ਹੈ। ਇਸ ਪਰਿਵਾਰ ਦੀ ਤ੍ਰਾਸਦੀ ਇਹ ਹੈ ਕਿ ਹਰ ਰਿਸ਼ਤਾ ਦੂਜੇ ਦਾ ਫ਼ਾਇਦਾ ਉਠਾਉਣ ਦੇ ਯਤਨ ਵਿਚ ਰਹਿੰਦਾ ਹੈ। ਰਿਸ਼ਤਿਆਂ ਦਾ ਤਾਣਾ-ਬਾਣਾ ਤੇ ਉਨ੍ਹਾਂ ਦੇ ਦੁਖਾਂਤ-ਸੁਖਾਂਤ ਨੂੰ ਨਾਵਲਕਾਰ ਨੇ ਬਾਖ਼ੂਬੀ ਸਿਰਜਿਆ ਹੈ। ਧਰਮ ਸਿੰਘ ਜੋ ਹਮੇਸ਼ਾ ਆਪਣੀ ਚਲਾਉਣ ਵਿਚ ਸਫਲ ਹੁੰਦਾ ਹੈ ਉੱਥੇ ਅੰਤ ਵਿਚ ਆਪਣੀ ਚਾਲ ਵਿਚ ਖ਼ੁਦ ਫਸ ਜਾਂਦਾ ਹੈ ਜਦੋਂ ਉਸ ਦੀ ਨੂੰਹ ਜ਼ਮੀਨ ਵੇਚ ਜਾਂਦੀ ਹੈ। ਪਾਠਕ ਨਾਵਲ ਪੜ੍ਹਦਾ ਹੋਇਆ ਇਸ ਦਾ ਹਿੱਸਾ ਹੀ ਬਣ ਜਾਂਦਾ ਹੈ।
-ਬਲਵਿੰਦਰ ਸਿੰਘ ਗੁਰਾਇਆ
ਮੋਬਾਈਲ : 94170-58020
ਜ਼ਖ਼ੀਰਾ ਅੰਦੋਜ਼
ਸੰਪਾਦਕ : ਪਰਮ 'ਪ੍ਰੀਤ' ਬਠਿੰਡਾ
ਪ੍ਰਕਾਸ਼ਕ : ਊੜਾ ਆੜਾ ਈੜੀ-ਅਦਬੀ ਕਿਰਨਾਂ ਸਾਹਿਤਕ ਮੰਚ ਬਠਿੰਡਾ
ਮੁੱਲ : 200 ਰੁਪਏ, ਸਫ਼ੇ : 88
ਸੰਪਰਕ : 97805-63304

ਵਿਚਾਰ ਤੇ ਲੇਖ ਸੰਗ੍ਰਹਿ ਦੀ ਇਸ ਪੁਸਤਕ ਵਿਚ ਸੰਪਾਦਕ ਪਰਮਪ੍ਰੀਤ ਨੇ ਵਿਚਾਰਾਂ ਦੇ ਮੋਤੀਆਂ ਦੀ ਜਿਸ ਤਰ੍ਹਾਂ ਇਕ ਮਾਲਾ ਤਿਆਰ ਕੀਤੀ ਹੈ, ਉਹ ਇਕ ਸ਼ਲਾਘਾਯੋਗ ਕੰਮ ਹੈ। ਵੱਖੋ-ਵੱਖਰੇ ਅਧਿਆਪਕਾਂ ਦੇ ਵਿਚਾਰਾਂ ਨੂੰ ਇਕੱਠਾ ਕਰਨ ਦਾ ਉਪਰਾਲਾ ਕੋਈ ਸੌਖਾ ਨਹੀਂ, ਪ੍ਰੰਤੂ ਪਰਮਪ੍ਰੀਤ ਨੇ ਆਪਣੀ ਅਣਥੱਕ ਮਿਹਨਤ ਦੇ ਨਾਲ ਇਸ ਪੁਸਤਕ ਨੂੰ ਸਾਂਭਣਯੋਗ ਬਣਾ ਦਿੱਤਾ ਹੈ। ਖ਼ਾਸ ਕਰਕੇ ਅਜਿਹੀ ਪੁਸਤਕ ਲਾਇਬ੍ਰੇਰੀਆਂ ਦਾ ਸ਼ਿੰਗਾਰ ਬਣ ਸਕਦੀ ਹੈ। ਇਹ ਪੁਸਤਕ ਪੰਜਾਬੀ ਸਾਹਿਤ ਪੜ੍ਹਨ ਵਾਲੇ ਸੁਹਿਰਦ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਮਰਪਣ ਕੀਤੀ ਗਈ ਹੈ। ਪੁਸਤਕ ਵਿਚਲਾ ਹਰ ਵਿਚਾਰ ਪੜ੍ਹਨਯੋਗ ਹੈ, ਜਿਸ ਦਾ ਕੋਈ ਨਾ ਕੋਈ ਡੂੰਘਾ ਅਰਥ ਵੀ ਨਿਕਲਦਾ ਹੈ। ਇਸ ਪੁਸਤਕ ਦੀ ਸੰਪਾਦਕ ਪਰਮਪ੍ਰੀਤ ਨੇ ਚਾਰ ਪੁਸਤਕਾਂ ਲਿਖੀਆਂ ਹਨ ਅਤੇ ਨਾਲ ਹੀ ਪੰਜ, ਸੰਪਾਦਿਤ ਸਾਂਝੇ-ਸੰਗ੍ਰਹਿ ਵੀ ਕੀਤੇ ਹਨ। ਇਸੇ ਪੁਸਤਕ ਵਿਚ ਪਰਮਪ੍ਰੀਤ ਦੇ ਲਿਖੇ ਲੇਖ ਵੀ ਹਨ, ਜਿਨ੍ਹਾਂ ਦੀ ਆਪੋ-ਆਪਣੀ ਵੱਖਰੀ ਮਹੱਤਤਾ ਹੈ। ਇਹ ਲੇਖ ਵੀ ਪੜ੍ਹਨਯੋਗ ਹੈ। ਇਨ੍ਹਾਂ ਨੂੰ ਪੜ੍ਹ ਕੇ ਬਹੁਤ ਕੁਝ ਸਿੱਖਣ ਲਈ ਮਿਲਦਾ ਹੈ। ਪੁਸਤਕ ਵਿਚਲੇ ਲੇਖ ਕਿਰਤ ਕਰਨਾ ਸਫ਼ਲਤਾ ਦੀ ਕੁੰਜੀ ਹੈ। ਬਜ਼ੁਰਗਾਂ ਦਾ ਸਤਿਕਾਰ, ਔਰਤਾਂ ਸੰਬੰਧੀ ਸਮਾਜ ਦੀ ਮਾਨਸਿਕਤਾ, ਰਿਸ਼ਤਿਆਂ ਦੇ ਉਲਝੇ ਤਾਣੇ ਲੇਖ ਬਹੁਤ ਵਧੀਆ ਹਨ। ਵੈਸੇ ਸਾਰੇ ਲੇਖ ਹੀ ਕਾਬਲੇ-ਤਾਰੀਫ਼ ਹਨ। ਪਰਮਪ੍ਰੀਤ ਆਪਣੇ ਲੇਖ 'ਵਿਦਿਆਰਥੀ ਜੀਵਨ ਵਿਚ ਕਿਤਾਬਾਂ ਦਾ ਮਹੱਤਵ' ਵਿਚ ਲਿਖਦੀ ਹੈ:
ਕਿਤਾਬਾਂ ਮਨ ਦਾ ਕਰਨ ਸ਼ਿੰਗਾਰ,
ਕਿਤਾਬਾਂ ਸ਼ਖ਼ਸੀਅਤ ਦੇਣ ਨਿਖਾਰ
ਇਹ ਭਵਿੱਖ ਸੰਵਾਰਨ ਬੱਚਿਓ
ਕਿਤਾਬਾਂ ਸ਼ਬਦ ਗਿਆਨ ਭੰਡਾਰ
-ਡਾ. ਬਲਵਿੰਦਰ ਸਿੰਘ ਸੋਢੀ (ਮੀਰਹੇੜ੍ਹੀ)
ਮੋਬਾਈਲ : 09210588990
ਮੇਰੇ ਸਮੇਂ ਦਾ ਪੰਜਾਬ
ਲੇਖਕ : ਡਾ. ਪੰਨਾ ਲਾਲ ਮੁਸਤਫ਼ਾਬਾਦੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 94645-63165

'ਮੇਰੇ ਸਮੇਂ ਦਾ ਪੰਜਾਬ' ਕਾਵਿ-ਸੰਗ੍ਰਹਿ ਡਾ. ਪੰਨਾ ਲਾਲ ਮੁਸਤਫ਼ਾਬਾਦੀ ਦਾ ਮੌਲਿਕ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਹ ਬਹੁਤ ਸਾਰੇ ਸਾਂਝੇ ਕਾਵਿ-ਸੰਗ੍ਰਹਿ ਸੰਪਾਦਿਤ ਅਤੇ ਅਨੁਵਾਦਿਤ ਕਰ ਚੁੱਕਾ ਹੈ। ਇਸ ਕਾਵਿ-ਸੰਗ੍ਰਹਿ ਦੀ ਭੂਮਿਕਾ ਸ਼ਮਸ਼ੇਰ ਸੰਧੂ, ਕਸ਼ਮੀਰ ਘੇਸਲ, ਰਣਜੀਤ ਸਿੰਘ ਰਾਣਾ (ਯੂ.ਕੇ.) ਅਤੇ ਕਰਨੈਲ ਸਿੰਘ ਸਬਦਲਪੁਰੀ ਨੇ ਲਿਖੀ ਹੈ। 'ਮੇਰੇ ਸਮੇਂ ਦਾ ਪੰਜਾਬ' ਕਵੀ ਦੀ ਪੰਜਾਬ ਦੇ ਮਸਲਿਆਂ, ਪੰਜਾਬ ਦੀ ਸਿਫ਼ਤ ਅਤੇ ਪੰਜਾਬੀ ਲੋਕ ਜੀਵਨ ਦਾ ਪ੍ਰਗਟਾਵਾ ਕਰਦੀ ਕਾਵਿ ਪੁਸਤਕ ਹੈ। ਪੁਸਤਕ ਦੇ ਆਰੰਭ ਵਿਚ ਕਵੀ 'ਅਰਦਾਸ' ਕਵਿਤਾ ਰਾਹੀਂ ਸਮੁੱਚੀ ਮਾਨਵਤਾ ਦੇ ਭਲੇ ਦੀ ਗੱਲ ਕਰਦਾ ਹੈ। ਧਰਮ ਦੇ ਨਾਂਅ 'ਤੇ ਵੰਡੀਆਂ ਪਾਉਣ ਵਾਲੇ ਪੰਜਾਬੀਆਂ ਦੀ ਤੰਗ-ਦਿਲੀ ਕਵੀ ਨੂੰ ਦੁਖੀ ਕਰਦੀ ਹੈ :-
ਕਿੱਥੇ ਨੇ ਮੇਰੇ ਯਾਰ ਪੁਰਾਣੇ
ਡਰਦੇ ਕਿੱਧਰ ਤੁਰ ਗਏ?
ਲਾਲ, ਮਸੀਹ ਤੇ ਦੀਨ, ਸਿੰਘ ਦੇ
ਰਿਸ਼ਤੇ ਕੀਕਣ ਭੁਰ ਗਏ?
ਮੈਨੂੰ ਮੇਰਾ ਪਿੰਡ ਨਾ ਜਾਣੇ
ਕਿੱਧਰ ਨੂੰ ਤੁਰ ਜਾਵਾਂ
ਕਵੀ ਨੇ ਆਜ਼ਾਦੀ ਵੇਲੇ ਪਾਕਿਸਤਾਨੀ ਪੰਜਾਬ ਤੋਂ ਉੱਜੜ ਕੇ ਆਏ ਆਪਣੇ ਪਰਿਵਾਰਕ ਦਰਦ ਨੂੰ 'ਮੇਰੀ ਦਾਦੀ ਦਾ ਦਰਦ' ਨਾਂਅ ਦੀ ਕਵਿਤਾ ਵਿਚ ਪ੍ਰਗਟਾਇਆ ਹੈ। ਇਹ ਰਚਨਾ ਸਮੁੱਚੇ ਪੰਜਾਬੀਆਂ ਦੇ ਦੇਸ਼ ਵੰਡ ਦੇ ਦੁਖਾਂਤ ਦਾ ਪ੍ਰਗਟਾਵਾ ਕਰਦੀ ਹੈ। ਕਵੀ ਨੇ ਹਿੰਦ-ਪਾਕਿ ਦੋਸਤੀ ਨੂੰ ਸਮਰਪਿਤ ਰਚਨਾ ਰਾਹੀਂ ਵਿਸ਼ਵ ਅਮਨ ਦਾ ਸੁਨੇਹਾ ਵੀ ਦਿੱਤਾ ਹੈ।
ਇਕ ਬਰਾਬਰ ਹੋ ਕੇ ਰਹੀਏ
ਹੋ ਜਾਵਾਂਗੇ ਤਾਕਤਵਾਰ
ਸਭੈ ਸਾਂਝੀਵਾਲ ਸਦਾਈਏ
ਕਰਕੇ ਸਭ ਦਾ ਹੀ ਸਤਿਕਾਰ
ਪੰਜਾਬ ਦੀਆਂ ਰੁੱਤਾਂ ਦੀ ਸਿਫ਼ਤ ਕਰਦਾ ਕਵੀ ਪੰਜਾਬ ਪਿਆਰ ਦਾ ਪ੍ਰਗਟਾਵਾ ਕਰਦਾ ਹੈ। ਪਰ ਉਸ ਦੀਆਂ ਬਹੁਤ ਸਾਰੀਆਂ ਰਚਨਾਵਾਂ ਪੰਜਾਬ ਦੇ ਵਿਚ ਮੌਸਮਾਂ ਦੇ ਕੁਦਰਤੀ ਅਸੰਤੁਲਨ, ਮਨੁੱਖਾਂ ਦੀ ਆਪਸੀ ਫਿਰਕਾਪ੍ਰਸਤੀ ਦੀ ਭਾਵਨਾ, ਰਾਜਨੀਤਕ ਅਸਥਿਰਤਾ, ਮਨੁੱਖ ਅੰਦਰ ਇਕ-ਦੂਜੇ ਲਈ ਵਧਦੀ ਨਫ਼ਰਤ ਆਦਿ ਰਾਹੀਂ ਕੌੜੀ ਅਸਲੀਅਤ ਤੋਂ ਵੀ ਪਰਦਾ ਚੁੱਕਿਆ ਹੈ। ਸਮੁੱਚੇ ਕਾਵਿ-ਸੰਗ੍ਰਹਿ ਵਿਚ ਧੁੱਪ ਦੀ ਅੱਗ, ਪੰਜਾਬ, ਲੋਹੜੀ ਦਾ ਗੀਤ, ਮੇਰਾ ਸ਼ਹਿਰ, ਤੇਰੀ ਰੂਹ ਨੂੰ, ਦੇਸ਼ ਆਪਣੇ ਦੀਆਂ ਗੱਲਾਂ, ਏਕਤਾ ਦਾ ਗੀਤ, ਦਿਓ ਅਸੀਸ ਰਚਨਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਕਵੀ ਨੇ ਪੰਜਾਬ ਦੇ ਤਿੱਥ ਤਿਉਹਾਰ ਨੂੰ ਸਲਾਹਿਆ ਤਾਂ ਹੈ ਪਰ ਪੀੜਤ, ਸ਼ੋਸ਼ਿਤ ਧਿਰ ਅਤੇ ਕਾਮੇ ਕਿਰਤੀਆਂ ਦੇ ਦ੍ਰਿਸ਼ਟੀਕੋਣ ਤੋਂ ਇਨ੍ਹਾਂ ਤਿਉਹਾਰਾਂ ਪ੍ਰਤੀ ਉਦਾਸੀਨਤਾ ਦੇ ਭਾਵ ਪ੍ਰਗਟਾਵੇ ਹਨ।
-ਪ੍ਰੋ. ਕੁਲਜੀਤ ਕੌਰ