ਸਾਡਾ ਇਤਿਹਾਸ,
ਓਨ੍ਹਾਂ ਦਾ ਇਤਿਹਾਸ, ਕਿਨ੍ਹਾਂ ਦਾ ਇਤਿਹਾਸ?
ਲੇਖਿਕਾ : ਰੋਮਿਲਾ ਥਾਪਰ
ਅਨੁਵਾਦਕ : ਬਲਵੀਰ ਲੌਂਗੋਵਾਲ
ਪ੍ਰਕਾਸ਼ਕ : ਔਟੂਮਨ ਆਰੱਟਮ ਆਰਟ ਪਬਲਿਸ਼ਰ, ਪਟਿਆਲਾ
ਮੁੱਲ : 250 ਰੁਪਏ, ਸਫ਼ੇ : 163
ਸੰਪਰਕ : 98153-17028

ਪੰਜਾਬੀ ਸਾਹਿਤ ਵਿਧਾ 'ਵਾਰਤਕ' ਦੀ ਇਹ ਚਰਚਿਤ ਪੁਸਤਕ ਲੇਖਿਕਾ ਰੋਮਿਲਾ ਥਾਪਰ ਨੇ ਅੰਗਰੇਜ਼ੀ ਵਿਚ ਲਿਖੀ ਹੈ | ਬਹੁਪੱਖੀ ਸਾਹਿਤਕਾਰ ਬਲਵੀਰ ਲੌਂਗੋਵਾਲ ਨੇ ਇਸ ਦਾ ਪੰਜਾਬੀ ਵਿਚ ਤਰਜਮਾ ਕੀਤਾ ਹੈ | ਇਤਿਹਾਸਕਾਰਾਂ ਅਤੇ ਇਤਿਹਾਸ ਦੇ ਵਿਦਿਆਰਥੀਆਂ ਲਈ ਬੇਹੱਦ ਮਹੱਤਵਪੂਰਨ ਇਸ ਪੁਸਤਕ ਦੀ ਭੂਮਿਕਾ ਵਿਚ ਲੇਖਿਕਾ ਨੇ ਸਪੱਸ਼ਟ ਕੀਤਾ ਕਿ ਇਹ ਪੁਸਤਕ ਡਾ. ਸੀ. ਡੀ. ਦੇਸ਼ਮੁਖ ਯਾਦਗਾਰੀ ਭਾਸ਼ਨ ਦਾ ਵਿਸਤਿ੍ਤ ਰੂਪ ਹੈ ਜੋ ਕਿ ਲੇਖਿਕਾ ਨੇ ਇੰਡੀਆ ਇੰਟਰਨੈਸ਼ਨਲ ਸੈਂਟਰ (ਆਈ. ਆਈ. ਸੀ.) ਵਿਖੇ 14 ਜਨਵਰੀ, 2023 ਨੂੰ ਦਿੱਤਾ ਸੀ | ਉਸ ਨੇ ਇਸ ਪੁਸਤਕ ਵਿਚ ਭਾਰਤੀ ਇਤਿਹਾਸ ਨੂੰ ਤਰਕਸੰਗਤ ਬਣਾਉਣ ਦੀ ਕਵਾਇਦ ਨੂੰ ਪੁਸਤਕ ਦੇ ਅੰਤ ਵਿਚ ਦਰਜ ਕੀਤਾ ਹੈ | ਇਸੇ ਤਰ੍ਹਾਂ ਉਸ ਨੇ ਇਸ ਪੁਸਤਕ ਵਿਚ ਇਤਿਹਾਸ ਅਤੇ ਇਤਿਹਾਸਕਾਰਾਂ ਸੰਬੰਧੀ ਢੁਕਵੀਂ ਜਾਣਕਾਰੀ ਮੁਹੱਈਆ ਕਰਾਉਣ ਲਈ ਪੜ੍ਹੀਆਂ ਪੁਸਤਕਾਂ ਦਾ ਵੇਰਵਾ ਵੀ ਦਰਜ ਕੀਤਾ ਹੈ | ਪੁਸਤਕ ਦੇ ਕੁੱਲ 22 ਅਧਿਆਏ ਹਨ | ਪਹਿਲੇ ਅਧਿਆਏ 'ਚ ਲੇਖਿਕਾ ਨੇ ਦੱਸਿਆ ਹੈ ਕਿ ਕੌਮਾਂ ਵਿਚ ਰਾਸ਼ਟਰਵਾਦ ਦੀ ਭਾਵਨਾ ਬਿਰਤਾਂਤ ਸਿਰਜਦੀ ਹੈ ਜੋ ਕਿ ਪੇਸ਼ੇਵਰ ਇਤਿਹਾਸਕਾਰਾਂ ਲਈ ਖੋਜ ਦਾ ਵਿਸ਼ਾ ਬਣਦੀ ਹੈ | ਇਕ ਸਫ਼ਲ ਇਤਿਹਾਸਕਾਰ ਦੀ ਪਰਿਭਾਸ਼ਾ, ਜਾਣਕਾਰੀ ਜੋ ਲੋਕ ਮੁਹੱਈਆ ਕਰਾਉਂਦੇ ਹਨ | ਉਹ ਕਿਵੇਂ ਇਕ ਸਫ਼ਲ ਇਤਿਹਾਸ ਬਣਦੀ ਹੈ, ਬਾਰੇ ਲੇਖਿਕਾ ਨੇ ਬੜਾ ਖੁੱਲ੍ਹ ਕੇ ਅਤੇ ਉਦਾਹਰਣਾਂ ਤੇ ਹਵਾਲਿਆਂ ਸਮੇਤ ਲਿਖਿਆ ਹੈ | ਇਤਿਹਾਸ ਦੇ ਅਨੇਕਾਂ ਮਹੱਤਵਪੂਰਨ ਪੱਖ ਲੇਖਿਕਾ ਨੇ ਬੜੀ ਮਿਹਨਤ ਨਾਲ ਕੀਤੇ ਪੁਸਤਕ-ਅਧਿਐਨ ਤੋਂ ਹਾਸਿਲ ਕਰ ਕੇ ਇਸ ਪੁਸਤਕ ਵਿਚ ਦਰਜ ਕੀਤੇ ਹਨ | ਇਤਿਹਾਸ ਬਾਰੇ ਵੱਖ-ਵੱਖ ਤੱਥ ਪੇਸ਼ ਕਰਦੀ ਇਹ ਪੁਸਤਕ ਹਰੇਕ ਵਰਗ ਦੇ ਪਾਠਕ ਲਈ ਅਹਿਮ ਅਤੇ ਜ਼ਰੂਰੀ ਹੈ |
-ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋਬਾਈਲ : 98146-81444
ਦਲਿਤ ਪੈਂਥਰ ਅੰਦੋਲਨ ਦਾ ਇਤਿਹਾਸ
ਲੇਖਕ : ਐਸ. ਐਲ. ਵਿਰਦੀ
ਪ੍ਰਕਾਸ਼ਕ : ਸੰਤਾ ਸਮਾਜ ਅੰਦੋਲਨ, ਫਗਵਾੜਾ
ਮੁੱਲ : 150 ਰੁਪਏ, ਸਫ਼ੇ : 168
ਸੰਪਰਕ : 98145-17499


ਦਲਿਤ ਸਾਹਿਤ ਵਿਚ ਐਸ. ਐਲ. ਵਿਰਦੀ ਵੱਡਾ ਨਾਂਅ ਹੈ ਤੇ ਦਲਿਤਾਂ ਦੇ ਆਤਮ-ਸਨਮਾਨ ਲਈ ਵਿੱਢੇ ਸੰਘਰਸ਼ ਅਤੇ ਲੜਾਈਆਂ ਵਿਚ ਯੋਗਦਾਨ ਪਾਉਣ ਵਾਲੇ ਸ਼ਖ਼ਸ ਐਸ. ਐਲ. ਵਿਰਦੀ ਦਾ ਉਸ ਤੋਂ ਵੀ ਵੱਡਾ ਨਾਂਅ ਹੈ | ਉਸ ਨੇ ਅਨੇਕਾਂ ਪ੍ਰਾਪਤੀਆਂ ਅਤੇ ਇਨਾਮ-ਸਨਮਾਨ ਹਾਸਿਲ ਕੀਤੇ ਹਨ | ਉਹ ਅਨੇਕਾਂ ਪੁਸਤਕਾਂ ਅਤੇ ਪੈਫਲਿਟਾਂ ਦਾ ਰਚਨਹਾਰਾ ਹੈ |
ਹਥਲੀ ਪੁਸਤਕ ਵਿਚ ਉਹ ਦਲਿਤ ਅਤੇ ਪੈਂਥਰ ਨਾਵਾਂ ਨੂੰ ਪਰਿਭਾਸ਼ਿਤ ਕਰਦਾ ਹੋਇਆ ਦਲਿਤ ਪੈਂਥਰ ਅੰਦੋਲਨ ਨੂੰ ਰੇਖਾਂਕਿਤ ਕਰਨ ਵੱਲ ਰੁਚਿਤ ਹੁੰਦਾ ਹੈ | ਉਸ ਦੇ ਥੀਸਿਸ ਅਨੁਸਾਰ ਇਹ ਸ਼ਬਦ ਸਭ ਤੋਂ ਪਹਿਲਾਂ 1972 ਵਿਚ ਮਹਾਰਾਸ਼ਟਰ ਵਿਖੇ ਪ੍ਰਚੱਲਿਤ ਹੋਇਆ ਜਿਥੇ ਦਲਿਤ ਪੈਂਥਰ ਸੰਸਥਾ ਦੀ ਨੀਂਹ ਰੱਖੀ | ਇਨ੍ਹਾਂ ਨੇ ਅੰਬੇਡਕਰ ਅਤੇ ਕਾਸ਼ੀ ਰਾਮ ਦੇ ਯਤਨਾਂ ਸਦਕਾ ਆਪਣੀ ਵੱਖਰੀ ਤੇ ਨਿਵੇਕਲੀ ਪਛਾਣ ਦਾ ਯਤਨ ਕੀਤਾ ਹੈ | ਮਨੂੰਵਾਦੀਆਂ ਦੇ ਚੁੰਗਲ ਤੋਂ ਆਜ਼ਾਦ ਹੋਣ ਲਈ ਤੇ ਉਨ੍ਹਾਂ ਵਲੋਂ ਇਨ੍ਹਾਂ 'ਤੇ ਕੀਤੇ ਜਾ ਰਹੇ ਜ਼ੁਲਮਾਂ ਖਿਲਾਫ਼ ਲੜਾਈ ਲੜਨ ਲਈ ਪ੍ਰੇਰਨਾ ਇਸੇ ਸੰਸਥਾ ਤੋਂ ਮਿਲਦੀ ਹੈ |
ਖੁਸ਼ੀ ਦੀ ਗੱਲ ਇਹ ਹੈ ਕਿ ਵਿਰਦੀ ਹੁਰਾਂ ਨੇ ਇਸ ਕਿਤਾਬ ਦੀ ਸਿਰਜਣਾ ਖੋਜ-ਪੱਤਰ ਸ਼ੈਲੀ ਵਿਚ ਕੀਤੀ ਹੈ ਤੇ ਇਸ ਕਿਤਾਬ ਨੂੰ ਇਕ ਖੋਜ-ਥੀਸਿਸ ਵਜੋਂ ਦੇਖਿਆ ਜਾ ਸਕਦਾ ਹੈ | ਦਲਿਤ ਕੌਣ ਹਨ, ਪੈਂਥਰ ਕੌਣ ਹਨ, ਦਲਿਤ ਪੈਂਥਰ ਸਾਹਿਤ ਕੀ ਹੈ, ਦਲਿਤ ਪੈਂਥਰ ਸਾਹਿਤ ਦਾ ਮਨੋਰਥ ਕੀ ਹੈ, ਇਹ ਕਿਵੇਂ ਜਨ-ਸਾਧਾਰਨ ਦੇ ਕੰਮ ਆ ਸਕਦਾ ਹੈ, ਦਲਿਤ ਕਿਵੇਂ ਸਮਾਜਿਕ, ਆਰਥਿਕ ਤੇ ਰਾਜਨੀਤਕ ਤੇ ਸੰਸਕ੍ਰਿਤਕ ਬਰਾਬਰੀ ਪ੍ਰਾਪਤ ਕਰ ਸਕਣਗੇ, ਇਹ ਸਾਰੇ ਪ੍ਰਸ਼ਨਾਂ ਦੇ ਉੱਤਰ ਖੋਜਕਾਰ ਵਿਰਦੀ ਆਪਣੀ ਇਸ ਪੁਸਤਕ ਰਾਹੀਂ ਲੱਭਣ ਦੇ ਯਤਨ ਕਰਦਾ ਹੈ | ਦਲਿਤ ਪੈਂਥਰ ਸੰਸਥਾ ਪੰਜਾਬ ਦੀ ਸਥਾਪਨਾ ਫਗਵਾੜਾ ਵਿਖੇ 1973 ਵਿਚ ਹੋਈ ਸੀ |
ਇਸ ਅੰਦੋਲਨ ਨੇ ਪੰਜਾਬ, ਮਹਾਰਾਸ਼ਟਰ, ਗੁਜਰਾਤ, ਉੱਤਰ ਭਾਰਤ ਦੇ ਰਾਜਾਂ ਨੂੰ ਪ੍ਰਭਾਵਿਤ ਕੀਤਾ ਹੈ | ਪੰਜਾਬ ਅੰਦੋਲਨ ਵਿਚ ਇਨ੍ਹਾਂ ਦੀਆਂ ਅਨੇਕਾਂ ਪ੍ਰਾਪਤੀਆਂ ਹਨ | ਕਈ ਸੰਘਰਸ਼ਾਂ ਅਤੇ ਲੜਾਈਆਂ ਦੀ ਜਿੱਤ ਦਾ ਸਿਤਮ ਇਨ੍ਹਾਂ ਸਿਰ ਬੰਨਿ੍ਹਆ ਜਾ ਸਕਦਾ ਹੈ | ਵਿਰਦੀ ਹੁਰੀਂ ਇਕੱਲੇ ਲੇਖਕ ਹੀ ਨਹੀਂ ਹਨ, ਇਕ ਸੰਘਰਸ਼ਸ਼ੀਲ ਇਨਸਾਨ ਵੀ ਹਨ ਜੋ ਮਿਸ਼ਾਲ ਫੜ ਕੇ ਆਪਣੇ ਲੋਕਾਂ ਦੀ ਪੈਰ-ਪੈਰ 'ਤੇ ਅਗਵਾਈ ਕਰਦੇ ਹਨ |
ਮਰਾਡਵਾਨਾ ਯੂਨੀਵਰਸਿਟੀ ਦਾ ਨਾਂਅ ਬਦਲ ਕੇ ਅੰਬੇਡਕਰ ਯੂਨੀਵਰਸਿਟੀ ਰੱਖਣਾ ਇਸ ਸੰਸਥਾ ਦੀ ਪ੍ਰਾਪਤੀ ਹੈ | ਦਲਿਤ ਬੱਚਿਆਂ ਦੇ ਵਜ਼ੀਫ਼ੇ ਵਧਵਾ ਲੈਣੇ ਤੇ ਜ਼ਾਲਮਾਂ ਨੂੰ ਸਜ਼ਾਵਾਂ ਦਿਲਵਾ ਲੈਣਾ ਵੀ ਇਸ ਸੰਸਥਾ ਦੀ ਪ੍ਰਾਪਤੀ ਹੈ | ਦੇਸ਼ਾਂ-ਵਿਦੇਸ਼ਾਂ ਵਿਚ ਵੀ ਇਸ ਦੀ ਕਾਰਗੁਜ਼ਾਰੀ ਜ਼ਿਕਰਯੋਗ ਹੈ |
ਇਨ੍ਹਾਂ ਦੇ ਮਿਹਨਤ ਅਤੇ ਸੰਘਰਸ਼ ਤੇ ਲੜਾਈ ਦੇ ਫਲਸਰੂਪ ਅੱਜ ਦਲਿਤ ਲੋਕ ਬਰਾਬਰੀ ਦੀ ਜੀਵਨ ਜੀਣ ਲਈ ਵਾਅਦੇ ਹੀ ਨਹੀਂ, ਪ੍ਰਾਪਤੀ ਕਰ ਵੀ ਲਈ ਹੈ | ਅਜਿਹੇ ਯੋਗਦਾਨ ਵਿਚ ਵਿਰਦੀ ਜਿਹੇ ਚਿੰਤਕਾਂ ਦਾ ਯੋਗਦਾਨ ਹਮੇਸ਼ਾ ਯਾਦ ਰਹੇਗਾ |
-ਕੇ. ਐਲ. ਗਰਗ
ਮੋਬਾਈਲ : 94635-37050
ਰਿਸ਼ਤਿਆਂ ਦੀ ਮਹਿਕ
ਲੇਖਕ : ਡਾ. ਜਵਾਹਰ ਧੀਰ
ਪ੍ਰਕਾਸ਼ਕ : ਸਹਿਜ ਪਬਲੀਕੇਸ਼ਨਜ਼ ਸਮਾਣਾ
ਮੁੱਲ : 200 ਰੁਪਏ, ਸਫ਼ੇ : 106
ਸੰਪਰਕ : 98726-25435

'ਰਿਸ਼ਤਿਆਂ ਦੀ ਮਹਿਕ' ਮਿੰਨੀ ਕਹਾਣੀ ਸੰਗ੍ਰਹਿ ਪ੍ਰਸਿੱਧ ਲੇਖਕ ਡਾ.ਜਵਾਹਰ ਧੀਰ ਦੀਆਂ ਹਿੰਦੀ ਕਹਾਣੀਆਂ ਦਾ ਪੰਜਾਬੀ ਅਨੁਵਾਦ ਹੈ | ਇਸ ਪੁਸਤਕ ਦਾ ਅਨੁਵਾਦ ਦਵਿੰਦਰ ਪਟਿਆਲਵੀ ਵਲੋਂ ਕੀਤਾ ਗਿਆ ਹੈ | ਇਸ ਪੁਸਤਕ ਵਿਚ 85 ਮਿੰਨੀ ਕਹਾਣੀਆਂ ਸ਼ਾਮਿਲ ਕੀਤੀਆਂ ਗਈਆ ਹਨ | ਡਾ. ਜਵਾਹਰ ਧੀਰ ਨਾਮਵਰ ਸਾਹਿਤਕਾਰ ਹਨ, ਉਨ੍ਹਾਂ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਵਿਚ ਬਹੁਤ ਹੀ ਪ੍ਰਭਾਵਸ਼ਾਲੀ ਲਿਖਿਆ ਹੈ | ਹਥਲੀ ਪੁਸਤਕ ਵਿਚ ਸ਼ਾਮਿਲ ਸਾਰੀਆਂ ਲਘੂ ਕਥਾਵਾਂ ਦੇ ਵਿਸ਼ੇ ਵਿਚਾਰਨਯੋਗ ਹਨ | ਡਾ. ਜਵਾਹਰ ਧੀਰ ਹਰੇਕ ਮਿੰਨੀ ਕਹਾਣੀ ਰਾਹੀਂ ਵੱਡੀ ਗੱਲ ਕਹਿਣ ਵਿਚ ਸਫਲ ਰਹੇ ਹਨ | ਇਸ ਪੁਸਤਕ ਵਿਚ ਸ਼ਾਮਿਲ ਕਹਾਣੀਆਂ ਇਕ-ਦੂਸਰੀ ਤੋਂ ਵੱਧ ਕੇ ਹਨ | ਲੇਖਕ ਨੇ ਮਿੰਨੀ ਕਹਾਣੀਆਂ ਵਿਚ ਜਿੱਥੇ ਵਿਅੰਗ ਭਾਰੂ ਕੀਤਾ ਹੈ ਉੱਥੇ ਸਮਾਜਿਕ ਬੁਰਾਈਆਂ 'ਤੇ ਚੋਟ ਮਾਰਦੇ ਹੋਏ ਸਮਾਜ ਨੂੰ ਸੇਧ ਦੇਣ ਦਾ ਉਪਰਾਲਾ ਕੀਤਾ ਹੈ | ਕਈ ਕਹਾਣੀਆਂ ਬੇਸ਼ੱਕ ਛੋਟੀਆਂ ਹਨ ਪਰ ਤਿੱਖਾ ਪ੍ਰਭਾਵ ਛੱਡਣ ਵਿਚ ਸਫਲ ਹੋਈਆਂ ਹਨ | ਅੱਜਕੱਲ੍ਹ ਜਦੋਂ ਮੋਬਾਈਲ ਫ਼ੋਨ ਅਤੇ ਸੋਸ਼ਲ ਮੀਡੀਆ ਸਾਡੀ ਜ਼ਿੰਦਗੀ ਤੇ ਭਾਰੂ ਹੈ ਅਜੇ ਵੀ ਮਿੰਨੀ ਕਹਾਣੀ ਪੜ੍ਹੀ ਜਾ ਰਹੀ ਹੈ, ਇਹ ਡਾ. ਜਵਾਹਰ ਧੀਰ ਵਰਗੇ ਲੇਖਕਾਂ ਦੀ ਪ੍ਰਾਪਤੀ ਕਹੀ ਜਾ ਸਕਦੀ ਹੈ | ਉਨ੍ਹਾਂ ਵਲੋਂ ਲਿਖਤ ਕਹਾਣੀਆਂ ਵਿਚ ਅਜੋਕੇ ਸਮੇਂ ਵਿਚ ਲੋਕਾਂ ਦੀ ਮਾਨਸਿਕਤਾ ਦੀ ਗੱਲ ਕੀਤੀ ਗਈ ਹੈ ਜੋ ਸਮਾਜ ਵਿਚ ਵਾਪਰ ਰਹੇ ਹੂਬਹੂ ਵਰਤਾਰੇ ਦੀ ਗਵਾਹੀ ਭਰਦੀਆਂ ਪਾਠਕ ਨੂੰ ਸੋਚਣ ਲਈ ਮਜਬੂਰ ਕਰਦੀਆਂ ਹਨ | ਡਾ. ਜਵਾਹਰ ਧੀਰ ਆਪਣੀ ਲੇਖਣੀ ਰਾਹੀ ਜਿੱਥੇ ਲੋਕਾਂ ਦਾ ਮਨੋਰੰਜਨ ਕਰਦੇ ਹਨ ਉੱਥੇ ਚੇਤਨਾ ਦਾ ਸਾਰਥਿਕ ਸਿੱਟਾ ਦਿੰਦੇ ਹੋਏ ਬੁਰਾਈਆਂ ਨੂੰ ਉਖਾੜਨ ਦਾ ਹੰਭਲਾ ਮਾਰ ਰਹੇ ਹਨ | 'ਸਕੂਨ', 'ਬਦਲਦੇ ਸਿਰਲੇਖ', 'ਕਿਸਮਤ', 'ਗੀਤ', 'ਇਕ ਰਾਤ', 'ਆਨੰਦ', 'ਰੱਬ ਦੇ ਦਰਸ਼ਨ', 'ਤਾਕਤ' 'ਚਿੰਤਾ,' 'ਦੋ ਬੋਰੀ ਕਣਕ' 'ਹੁਣ ਗੱਲ ਨਾ ਬਣੀ 'ਕਹਾਣੀਆਂ ਤਿੱਖੀ ਚੋਭ ਮਾਰਦੀਆਂ ਹਨ | ਪੁਸਤਕ ਵਿਚ ਸ਼ਬਦ ਜੋੜਾਂ ਦੀਆਂ ਗ਼ਲਤੀਆਂ ਅਕਾਊਾਦੀਆਂ ਹਨ |
-ਬਲਵਿੰਦਰ ਸਿੰਘ ਗੁਰਾਇਆ
ਮੋਬਾਈਲ : 94170-58020
ਫ਼ਲਸਤੀਨ ਦੀ ਆਵਾਜ਼
ਸੰਪਾਦਕ : ਅਮੋਲਕ ਸਿੰਘ, ਯਸ਼ ਪਾਲ
ਪ੍ਰਕਾਸ਼ਕ : ਪੰਜਾਬ ਲੋਕ ਸੱਭਿਆਚਾਰ ਮੰਚ
ਮੁੱਲ : 200 ਰੁਪਏ, ਸਫ਼ੇ : 207
ਸੰਪਰਕ: 98778-68710

ਸੰਪਾਦਕ ਅਮੋਲਕ ਸਿੰਘ ਅਤੇ ਯਸ਼ ਪਾਲ ਦੀ ਜੋੜੀ ਕਿਸੇ ਰਸਮੀ ਜਾਣ-ਪਹਿਚਾਣ ਦੀ ਮੁਹਤਾਜ ਨਹੀਂ ਕਿਉਂਕਿ ਉਹ ਸਮੇਂ-ਸਮੇਂ ਸਿਰ ਪੰਜਾਬ ਸੱਭਿਆਚਾਰਕ ਮੰਚ (ਪਲਸ ਮੰਚ) ਵਲੋਂ ਸੰਗਰਾਮੀ ਪ੍ਰਕਾਸ਼ਨਾਵਾਂ ਪੰਜਾਬੀ ਅਦਬ ਦੇ ਰੂ-ਬਰੂ ਕਰਾ ਰਹੇ ਹਨ | ਹਥਲਾ ਕਾਵਿ-ਸੰਗ੍ਰਹਿ 'ਫ਼ਲਸਤੀਨ ਦੀ ਆਵਾਜ਼' ਅਰਬੀ, ਫ਼ਲਸਤੀਨੀ ਅਤੇ ਪੰਜਾਬੀ ਕਵੀਆਂ/ਕਵਿਤਰੀਆਂ ਦਾ ਸਾਂਝਾ ਕਾਵਿ-ਸੰਗ੍ਰਹਿ ਹੈ | ਪੰਜਾਬੀ ਸ਼ਾਇਰਾਂ ਵਿਚੋਂ ਦਰਸ਼ਨ ਖਟਕੜ, ਗੁਰਦਿਆਲ ਰੌਸ਼ਨ, ਮਦਨ ਵੀਰਾ, ਗੁਰਚਰਨ ਨੂਰਪੁਰ, ਸੁਰਿੰਦਰ ਗਿੱਲ, ਜੈਪਾਲ, ਜਸਵੀਰ ਕੌਰ ਮੰਗੂਵਾਲ, ਰਿੰਪਲਪ੍ਰੀਤ, ਅਮਰਜੀਤ, ਅਮਨੀਤ, ਹਰਵਿੰਦਰ ਭੰਡਾਲ, ਰਵਿੰਦਰ ਸਹਿਰਾਅ, ਸਰਬਜੀਤ ਸੋਹੀ, ਜਸਵਿੰਦਰ, ਸੁਰਿੰਦਰ ਸੋਹਲ, ਪਾਵੇਲ ਕੁੱਸ, ਇੰਦਰਜੀਤ ਨੰਦਨ, ਕੁਲਵੰਤ ਕੌਰ ਨਗਰ, ਸ਼ੀਰੀ, ਕਮਲ ਬਠਿੰਡਾ, ਰਿਪਨਪ੍ਰੀਤ, ਤਰਨਦੀਪ ਬਿਲਾਸਪੁਰ, ਡਾ. ਕੁਲਦੀਪ ਸਿੰਘ ਦੀਪ, ਮਨਪ੍ਰੀਤ ਜਸ, ਜੋਗਿੰਦਰ ਆਜ਼ਾਦ, ਬਲਵੰਤ ਮੱਖੂ, ਜਸਪਾਲ ਜੱਸੀ, ਨਵਤੇਜ ਭਾਰਤੀ, ਬਲਵਿੰਦਰ ਸਿੰਘ ਸੰਧੂ, ਸੁਰੇਸ਼ ਬਰਕਵਾਲ, ਹਰਭਗਵਾਨ ਚਾਵਲ, ਰਾਮ ਸਵਰੂਪ, ਦੀਪ ਕਲੇਰ, ਸਵਰਨ ਸਿੰਗ ਧਾਲੀਵਾਲ ਆਦਿ ਦੀਆਂ ਕਵਿਤਾਵਾਂ ਸ਼ਾਮਿਲ ਹਨ | ਵਿਦੇਸ਼ੀ ਅਤੇ ਦੇਸੀ ਕਵੀਆਂ ਨੇ ਆਪਣੀਆਂ ਨਜ਼ਮਾਂ ਵਿਚ ਅਮਰੀਕਨ ਵੈਲੀ ਡੋਨਾਲਡ ਟਰੰਪ ਅਤੇ ਉਸ ਦੇ ਹੋਰ ਲਫ਼ਟੈਨ ਨੇਤਨਯਾਹੂ ਵਲੋਂ ਗਾਜ਼ਾ ਪੱਟੀ (ਫਲਸਤੀਨ) ਅਤੇ ਵਿਦੇਸ਼ੀ ਧਰਤੀਆਂ ਨੂੰ ਆਨੀ-ਬਹਾਨੀ ਆਪਣੀਆਂ ਪਸਾਰਵਾਦੀ ਨੀਤੀਆਂ ਨਾਲ ਹੜੱਪਣ ਲਈ ਕੀਤੀਆਂ ਤਾਂਡਵੀ ਧੌਂਸ ਨਾਲ ਬਾਰੂਦੀ ਬਾਰਿਸ਼ ਨਾਲ ਦਹਿਸ਼ਤ ਦਾ ਨੰਗਾ ਨਾਚ ਦਿਖਾਇਆ ਜਾ ਰਿਹਾ ਹੈ | ਜਿਥੇ ਤੇਲ ਦੇ ਖੂਹ ਮੌਤ ਦੀ ਜੂਹ ਬਣ ਜਾਣ ਅਤੇ ਅੱਲਾ ਹੂ ਅਕਬਰ ਦੀ ਆਵਾਜ਼ ਕਰਬਲਾ ਵਿਚ ਬਦਲ ਦਿੱਤੀ ਜਾ ਰਹੀ ਹੋਵੇ ਤਾਂ ਕਲਮਾਂ ਕਿਵੇਂ ਚੁੱਪ ਰਹਿ ਸਕਦੀਆਂ ਹਨ | ਇਸੇ ਸੰਗ੍ਰਹਿ ਵਿਚ ਸ਼ਾਮਿਲ ਕਵੀਆਂ ਨੇ ਫ਼ਲਸਤੀਨ ਨੂੰ ਕੂਕਨੂਸ ਵਾਂਗ ਦੋਬਾਰਾ ਪੈਦਾ ਹੋਣ ਦੀ ਉਮੀਦ ਜਗਾਈ ਹੈ | ਇਸ ਵਿਚ ਰਵਿੰਦਰ ਸਹਿਰਾਅ ਦੀ ਨਜ਼ਮ 'ਫ਼ਲਸਤੀਨੀ ਕੁੜੀ ਦੀ ਚੱਪਲ' ਜੰਗ ਦੀ ਭਿਆਨਕਤਾ ਅਸਾਡੀਆਂ ਅੱਖਾਂ ਸਾਹਮਣੇ ਦਿਖਾ ਦਿੰਦੀ ਹੈ | ਧਾੜਵੀਆਂ ਦੀ ਟੀਰੀ ਅੱਖ ਨੂੰ ਅਮੋਲਕ ਸਿੰਘ ਇਸ ਤਰ੍ਹਾਂ ਬਿਆਨ ਕਰ ਰਿਹਾ ਹੈ:
'ਸਲਾਮ ਹੈ ਫ਼ਲਸਤੀਨ ਓ ਪਿਆਰਿਆ
ਜੁਗ ਜੁਗ ਜੀਵੇ ਅੱਖੀਆਂ ਦੇ ਤਾਰਿਆ
ਵੈਸੇ ਤੇਰਾ ਨਾਮ ਤਾਂ ਕਰਾਂਤੀ ਗੀਤ ਹੈ
ਲੋਕਾਂ ਲਈ ਜੋ ਜੂਝੇ ਓਹੀ ਤੇਰਾ ਮੀਤ ਹੈ
ਰੂਸ ਵੀਅਤਨਾਮ ਕਦੇ ਚੀਨ ਆਖਦੇ
ਅੱਜਕਲ੍ਹ ਤੈਨੂੰ ਫ਼ਲਸਤੀਨੀ ਆਖਦੇ |'
-ਭਗਵਾਨ ਢਿੱਲੋਂ
ਮੋਬਾਈਲ: 98143-78254
ਕੁਝ ਤਾਂ ਕਮਾਲ ਕਰੀਏ
ਗ਼ਜ਼ਲਕਾਰ : ਰਾਜ਼ ਗੁਰਦਾਸਪੁਰੀ
ਪ੍ਰਕਾਸ਼ਕ : ਹੁਨਰ ਪਬਲੀਕੇਸ਼ਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 75089-13308

ਪੰਜਾਬੀ ਗ਼ਜ਼ਲ ਮੌਜੂਦਾ ਦੌਰ ਦੀ ਅਜਿਹੀ ਕਾਵਿ-ਵਿਧਾ ਹੈ, ਜਿਸ ਨੇ ਬਾਕੀ ਵਿਧਾਵਾਂ ਨੂੰ ਪਿੱਛੇ ਛੱਡ ਦਿੱਤਾ ਹੈ | ਰਾਜ਼ ਗੁਰਦਾਸਪੁਰੀ ਬਤੌਰ ਗ਼ਜ਼ਲਕਾਰ ਤੀਸਰੀ ਤੇ ਚੌਥੀ ਪੀੜ੍ਹੀ ਦੇ ਵਿਚਕਾਰਲੀ ਕੜੀ ਹੈ, ਜਿਸ ਨੇ ਕਾਫ਼ੀ ਰਫ਼ਤਾਰ ਨਾਲ ਲਿਖਿਆ ਹੈ | 'ਕੁਝ ਤਾਂ ਕਮਾਲ ਕਰੀਏ' ਉਸ ਦਾ ਸੱਤਵਾਂ ਕਾਵਿ-ਸੰਗ੍ਰਹਿ ਹੈ, ਜਿਸ ਵਿਚ ਸਮੁੱਚੀਆਂ ਗ਼ਜ਼ਲਾਂ ਸ਼ਾਮਿਲ ਕੀਤੀਆਂ ਗਈਆਂ ਹਨ | ਰਾਜ਼ ਗ਼ਜ਼ਲ ਦੀਆਂ ਰਮਜ਼ਾਂ ਨੂੰ ਸਮਝਦਾ ਹੈ, ਤੇ ਉਸ ਨੇ ਗ਼ਜ਼ਲ ਲਿਖਦਿਆਂ ਕਾਫ਼ੀ ਲੰਬਾ ਸਫ਼ਰ ਤੈਅ ਕੀਤਾ ਹੈ | ਭਾਵੇਂ ਅਜੋਕੇ ਦੌਰ ਵਿਚ ਗ਼ਜ਼ਲ 'ਤੇ ਕਾਫ਼ੀ ਤਜਰਬੇ ਹੋ ਰਹੇ ਹਨ ਪਰ ਇਸ ਪੁਸਤਕ ਦੀਆਂ ਗ਼ਜ਼ਲਾਂ ਨੂੰ ਉਸ ਨੇ ਸਾਦਾ ਰੱਖਿਆ ਹੈ | ਬਹੁਤੀ ਬੌਧਿਕਤਾ ਵੀ ਪਾਠਕ ਦੇ ਸਿਰ ਦੇ ਉੱਪਰੋਂ ਦੀ ਲੰਘ ਜਾਂਦੀ ਹੈ ਤੇ ਬਹੁਤਾ ਸਾਦਾਪਨ ਵੀ ਮਹਿਜ਼ ਕਾਫ਼ੀਆ ਮੇਲ ਬਣ ਕੇ ਰਹਿ ਜਾਂਦਾ ਹੈ, ਪਰ ਰਾਜ਼ ਦੀਆਂ ਗ਼ਜ਼ਲਾਂ ਇਨ੍ਹਾਂ ਦੋਹਾਂ ਵਿਚਾਲੇ ਸੰਤੁਲਨ ਬਣਾਉਂਦੀਆਂ ਹਨ | ਇਨ੍ਹਾਂ ਗ਼ਜ਼ਲਾਂ ਵਿਚ ਜਿੱਥੇ ਉਸ ਦਾ ਨਿੱਜ ਝਲਕਦਾ ਹੈ, ਉੱਥੇ ਉਸ ਦਾ ਲੋਕ ਪੱਖੀ ਰੰਗ ਵੀ ਸਲਾਮਤ ਰਹਿੰਦਾ ਹੈ | ਇਸ ਪੁਸਤਕ ਵਿਚ ਜਿੱਥੇ ਥੋੜ੍ਹੀ ਉਦਾਸੀ ਹੈ ਉਥੇ ਚੜ੍ਹਦੀ ਕਲਾ ਦਾ ਸੰਕਲਪ ਵੀ ਹੈ | ਰਾਜ਼ ਬਹੁਤੀਆਂ ਗ਼ਜ਼ਲਾਂ ਵਿਚ ਸੰਘਰਸ਼ਸ਼ੀਲ ਲੋਕਾਂ ਨਾਲ ਖੜ੍ਹਦਾ ਹੈ ਤੇ ਉਨ੍ਹਾਂ ਦੁਆਰਾ ਲੜੀ ਜਾ ਰਹੀ ਜੰਗ ਦਾ ਹਮਾਇਤੀ ਹੈ, ਇਸੇ ਕਾਰਨ ਆਸੇ-ਪਾਸੇ ਜੋ ਕੁਝ ਵੀ ਵਾਪਰਦਾ ਹੈ, ਉਹ ਉਸ ਦਾ ਲੇਖਾ-ਜੋਖਾ ਰੱਖਦਾ ਹੈ | ਧਰਨਿਆਂ, ਮੁਜ਼ਾਹਰਿਆਂ ਤੇ ਰੋਸ ਵਿਖਾਵਿਆਂ ਦਾ ਜ਼ਿਕਰ ਉਸ ਦੀਆਂ ਗ਼ਜ਼ਲਾਂ ਵਿਚ ਸਹਿਜ ਸੁਭਾਅ ਮਿਲ ਜਾਂਦਾ ਹੈ | ਕਿਰਸਾਨ ਤੇ ਮਜ਼ਦੂਰ ਉਸ ਲਈ ਨਾਇਕ ਹਨ ਉਹ ਉਨ੍ਹਾਂ ਦੀ ਅਸਲੀ ਹਾਲਤ ਤੋਂ ਵਾਕਿਫ਼ ਹੈ | ਪੁਸਤਕ ਵਿਚ ਕਿਤੇ-ਕਿਤੇ ਆਪਣੇ ਪਿਆਰੇ ਨਾਲ ਉਸ ਦੇ ਸੰਵਾਦ ਵੀ ਪੜ੍ਹਨ ਨੂੰ ਮਿਲਦੇ ਹਨ ਤੇ ਹੋਰ ਵੀ ਕਈ ਸਮਾਜਿਕ ਵਿਸ਼ੇ ਉਸ ਦੀ ਗ਼ਜ਼ਲ ਦੇ ਦਾਇਰੇ ਵਿਚ ਆਏ ਹਨ | ਉਂਝ ਰਾਜ਼ ਦੀ ਗ਼ਜ਼ਲਕਾਰੀ ਸ਼ਾਨਦਾਰ ਹੈ ਪਰ ਜੇ ਉਹ ਗ਼ਜ਼ਲਾਂ ਵਿਚ ਬੌਧਿਕਤਾ ਦਾ ਰੰਗ ਹੋਰ ਮਿਲਾ ਸਕੇ ਤਾਂ ਬਿਹਤਰ ਹੋਵੇਗਾ |
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਅਮਰੀਕਨ
ਲੇਖਕ : ਹਾਵਰਡ ਫਾਸਟ
ਪੰ. ਅਨੁਵਾਦ : ਰਣਜੀਤ ਲਹਿਰਾ
ਪ੍ਰਕਾਸ਼ਕ: ਤਰਕਭਾਰਤੀ ਪ੍ਰਕਾਸ਼ਨ ਬਰਨਾਲਾ
ਮੁੱਲ : 350 ਰੁਪਏ, ਸਫ਼ੇ : 287
ਸੰਪਰਕ : 94175-88616

'ਦ ਅਮਰੀਕਨ' ਇਕ ਅੰਗਰੇਜ਼ੀ ਨਾਵਲ ਹੈ | ਇਸ ਦਾ ਹਿੰਦੀ 'ਚ ਅਨੁਵਾਦ ਲਾਲ ਬਹਾਦਰ ਵਰਮਾ ਹੋਰਾਂ ਨੇ ਕੀਤਾ ਹੈ | ਇਸ ਹਿੰਦੀ 'ਚ ਅਨੁਵਾਦ ਹੋਏ ਨਾਵਲ ਨੂੰ ਪੰਜਾਬੀ ਵਿਚ ਅਨੁਵਾਦ ਕੀਤਾ ਹੈ ਰਣਜੀਤ ਲਹਿਰਾ ਨੇ | ਇਸ ਨਾਵਲ ਨੂੰ ਨਿੱਠ ਕੇ ਪੜ੍ਹਨ ਦੀ ਲੋੜ ਹੈ | ਨਾਵਲ ਦਾ ਨਾਇਕ ਆਲਟ ਗੈਲਡ ਖ਼ੁਦ ਆਪਣੀਆਂ ਪ੍ਰਾਪਤੀਆਂ ਨਾਲ ਅਮਰੀਕਾ ਨੂੰ ਸੰਭਾਵਨਾਵਾਂ ਭਰਪੂਰ ਦੇਸ਼ ਸਿੱਧ ਕਰਨ ਦੀ ਕੋਸ਼ਿਸ਼ ਵਿਚ ਹੈ | ਉਸ ਨੂੰ ਯਕੀਨ ਹੈ ਕਿ ਅਮਰੀਕੀ ਜਮਹੂਰੀਅਤ ਹੁਣ ਤੱਕ ਮਨੁੱਖੀ ਸਮਾਜਾਂ/ਨਿਯਮਾਂ ਵਿਚ ਸਰਬੋਤਮ ਹੈ | ਪਰ ਧੱਕਾ ਉਸ ਨੂੰ ਉਦੋਂ ਲਗਦਾ ਹੈ ਜਦੋਂ ਉਸ ਨੂੰ ਇਹ ਪਤਾ ਲਗਦਾ ਹੈ ਕਿ ਪਾਰਸ਼ਨਜ਼ ਵਰਗੇ ਨਿਰਦੋਸ਼ ਵਿਅਕਤੀਆਂ ਨੂੰ ਜਾਣ ਬੁੱਝ ਕੇ ਸਾਜਿਸ਼ ਰਚ ਕੇ ਫਾਂਸੀ ਦਿੱਤੀ ਗਈ | ਉਹ ਮੁਲਕ ਦੀਆਂ ਸਮੱਸਿਆਵਾਂ ਦਾ ਹੱਲ ਜੈਫਰਸਨਾ ਤੇ ਲਿੰਕਨਾਂ ਵਿਚੋਂ ਲੱਭਦਾ ਹੈ ਪਰ ਜਦੋਂ ਉਸ ਦੇ ਹੱਥ ਪੱਲੇ ਕੁਝ ਨਹੀਂ ਪੈਂਦਾ ਤਾਂ ਉਹ ਸਮਾਜਵਾਦੀ ਡੇਬਿਸ ਨੂੰ ਮਿਲਦਾ ਹੈ | ਹਾਰਾਂ ਤੇ ûੜਾਂ ਨਾਲ ਜੂਝਦਾ ਆਲਟਗੈਲਡ ਖੁੱਲ੍ਹ ਕੇ ਮਿਹਨਤਕਸ਼ ਲੋਕਾਂ ਦੇ ਪੱਖ ਵਿਚ ਖੜ੍ਹਾ ਹੋ ਜਾਂਦਾ ਹੈ | ਦੁੱਖ ਵਾਲੀ ਗੱਲ ਇਹ ਹੈ ਕਿ ਅਮਰੀਕਾ ਦੀ ਸਰਮਾਏਦਾਰ ਜਮਾਤ ਉਸ ਨੂੰ ਨਹੀਂ ਸਵੀਕਾਰਦੀ ਤੇ ਉਹ ਆਪਣੇ ਵਿਨਾਸ਼ਮਈ ਆਦਰਸ਼ਾਂ ਤੇ ਵਿਚਾਰਧਾਰਾ ਲਈ ਜੂਝਦਾ ਲੜਾਈ ਦੇ ਮੈਦਾਨ ਵਿਚ ਹੀ ਜਾਨ ਤੋਂ ਹੱਥ ਧੋ ਬੈਠਦਾ ਹੈ | ਅਸੀਂ ਇਹ ਕਹਿ ਸਕਦੇ ਹਾਂ ਕਿ ਜਿਥੇ ਲਾਲ ਬਹਾਦਰ ਵਰਮਾ ਹੋਰਾਂ ਨੇ ਨਾਵਲ ਨੂੰ ਹਿੰਦੀ ਵਿਚ ਅਨੁਵਾਦ ਕਰਨ ਲਈ ਬੜੀ ਸੂਝਬੂਝ ਤੋਂ ਕੰਮ ਲਿਆ ਹੈ, ਉਥੇ ਇਸ ਹਿੰਦੀ ਭਾਸ਼ੀ ਅਨੁਵਾਦਤ ਨਾਵਲ ਨੂੰ ਪੰਜਾਬੀ ਵਿਚ ਅਨੁਵਾਦ ਕਰਨ ਲਈ ਲੇਖਕ ਰਣਜੀਤ ਲਹਿਰਾ ਤੇ ਉਨ੍ਹਾਂ ਦੇ ਸਾਥੀਆਂ ਬਲਜਿੰਦਰ ਤੇ ਪਿ੍ਤਪਾਲ ਹੋਰਾਂ ਦੀ ਘਾਲਣਾ ਵੀ ਸਲਾਹੁਣਯੋਗ ਹੈ | 287 ਪੰਨਿਆਂ ਦਾ ਏਡਾ ਵੱਡਾ ਨਾਵਲ ਪੜ੍ਹਨ ਲੱਗਿਆਂ ਆਮ ਪਾਠਕ ਉਕਸਾਉਣ ਲਗਦਾ ਹੈ | ਪਰ ਜਦੋਂ ਪਾਠਕ ਨੀਝ ਲਾ ਕੇ ਪੜ੍ਹਨਾ ਸ਼ੁਰੂ ਕਰਦਾ ਹੈ ਤਾਂ ਸੁਆਦ ਵੀ ਪੂਰਾ ਮਾਣਿਆ ਜਾਂਦਾ ਹੈ | ਰਣਜੀਤ ਲਹਿਰਾ ਇਸ ਕਾਰਜ ਲਈ ਵਧਾਈ ਦਾ ਹੱਕਦਾਰ ਹੈ |
-ਡੀ. ਆਰ. ਬੰਦਨਾ
ਮੋਬਾਈਲ : 94173-89003