01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

01-08-26

Ad Position 21
No active advertisement
ਅਜੀਤ ਡੈਸਕ 01-08-2026

 ਵਣਧਾਰਾ
ਲੇਖਕ : ਸਵਰਾਜਬੀਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 295 ਰੁਪਏ, ਸਫ਼ੇ : 176
ਸੰਪਰਕ : 98152 98459

ਸਵਰਾਜਬੀਰ ਦਾ 'ਵਣਜਾਰਾ' ਨਾਟਕ ਗੌਤਮ ਰਿਸ਼ੀ ਅਤੇ ਅਹਿਲਿਆ ਦੀ ਗਾਥਾ ਹੈ। ਕਥਾਵਾਂ ਅਨੁਸਾਰ ਬ੍ਰਹਮਾਂ ਨੇ ਅਹਿਲਿਆ ਨੂੰ ਸਿਰਜਿਆ ਅਤੇ ਸਿੱਖਿਆ ਗਿਆਨ ਲਈ ਰਿਸ਼ੀ ਗੌਤਮ ਨਾਲ ਉਸ ਨੂੰ ਪ੍ਰਣਾਇਆ ਗਿਆ। ਅਹਿਲਿਆ ਦੇ ਕਾਰਨ ਹੀ ਗੌਤਮ ਰਿਸ਼ੀ ਨੇ ਇੰਦਰ ਦੇਵਤਾ ਨੂੰ ਸ਼ਰਾਪ ਦਿੱਤਾ। ਅਹਿਲਿਆ, ਗੌਤਮ ਅਤੇ ਇੰਦਰ ਦੇਵਤਾ ਸੰਬੰਧੀ ਕਈ ਹੋਰ ਕਥਾਵਾਂ ਵੀ ਸਾਡੇ ਇਤਿਹਾਸ ਮਿੱਥਹਾਸ ਵਿਚ ਮਿਲਦੀਆਂ ਹਨ। ਮਹਾਂਗਿਆਨੀ ਗੌਤਮ ਰਿਸ਼ੀ ਅਤੇ ਉਸ ਦੀ ਪਤਨੀ ਅਹਿਲਿਆ 'ਵਣਜਾਰਾ' ਨਾਟਕ ਦੇ ਮੁੱਖ ਪਾਤਰ ਹਨ ਜਦੋਂ ਕਿ ਕਹਾਣੀ ਦੀ ਸੰਪੂਰਨਤਾ ਲਈ ਭਗਵਾਨ ਬ੍ਰਹਮਾ,ਭਗਵਾਨ ਰਾਮ, ਲਛਮਣ, ਰਿਸ਼ੀ ਵਿਸ਼ਵਾਮਿੱਤਰ, ਇੰਦਰ ਦੇਵਤਾ, ਰਿਸ਼ੀ ਵਾਲਮੀਕਿ, ਸੋਮਦੇਵ ਭੱਟ ਅਤੇ ਯਾਮਿਨੀ ਇਸ ਨਾਟਕ ਦਾ ਹਿੱਸਾ ਹਨ। ਅਹਿਲਿਆ ਦੇ ਇਸ ਨਾਟਕ ਵਿਚ ਵੱਖੋ-ਵੱਖਰੇ ਤਿੰਨ ਰੂਪ ਹਨ, ਇੱਕ ਰੂਪ ਪਥਰਾਈ ਅਹਿਲਿਆ (ਪੱਥਰ ਦੀ ਸਿਲ ) ਦਾ, ਦੂਜਾ ਰੂਪ ਬਾਲ ਉਮਰ ਦੀ ਅਹਿਲਿਆ ਦਾ ਅਤੇ ਤੀਸਰਾ ਰੂਪ ਜਵਾਨ ਅਹਿਲਿਆ ਦਾ। ਸੂਤਰਧਾਰ ਨਟ-ਨਟੀ ਅਤੇ ਕੁਝ ਹੋਰ ਪਾਤਰ ਨਾਟਕ ਨੂੰ ਅੱਗੇ ਦੀ ਅੱਗੇ ਤੋਰਦੇ ਹੋਏ ਸੰਪੂਰਨਤਾ ਵੱਲ ਲਿਜਾਂਦੇ ਹਨ। ਬ੍ਰਹਮਾ ਦੇ ਕਹਿਣ ਤੇ ਗੌਤਮ ਰਿਸ਼ੀ ਨੇ ਅਹਿਲਿਆ ਨੂੰ ਸਿੱਖਿਆ ਦਿੱਤੀ ਗਿਆਨਵਾਨ ਬਣਾਇਆ, ਬ੍ਰਹਮਾ ਦੇ ਹੁਕਮ 'ਤੇ ਹੀ ਅਹਿਲਿਆ ਉਸ ਨਾਲ ਪ੍ਰਣਾਈ ਗਈ ਅਤੇ ਦੇਵਰਾਜ ਇੰਦਰ ਦੇ ਕਾਰਨ ਗੌਤਮ ਰਿਸ਼ੀ ਹੀ ਅਹਿਲਿਆ ਨੂੰ ਸ਼ਰਾਪ ਦਿੰਦਾ ਹੈ ਉਸ ਦੇ ਬੋਲਾਂ ਨੂੰ ਜਿੰਦਰੇ ਮਾਰਦਾ ਹੈ, ਉਸ ਦੀਆਂ ਉਡਾਰੀਆਂ ਨੂੰ ਕੈਦ ਕਰਦਾ ਹੈ। ਪੁਸਤਕ ਦੀ ਅੰਤਿਕਾ ਵਿਚ ਸਵਰਾਜਬੀਰ ਆਖਦਾ ਹੈ ਕਿ ਅਹਿਲਿਆ ਦੀ ਕਥਾ ਨਾਲ ਉਸ ਦਾ ਸਫਰ ਪ੍ਰੋਫ਼ੈਸਰ ਮੋਹਨ ਸਿੰਘ ਦੀ 'ਜਾਇਦਾਦ' ਨਾਂਅ ਦੀ ਕਵਿਤਾ ਨਾਲ ਸ਼ੁਰੂ ਹੋਇਆ ਜਿਸ ਦੇ ਸ਼ੁਰੂਆਤੀ ਬੋਲ ਨੇ 'ਬੂਹੇ ਦੇ ਵਿਚ ਚੁੱਪ ਖੜ੍ਹੀ ਸੀ ਜਾਇਦਾਦ, ਕੋਲ ਮਾਲਕ ਸੀ ਓਸਦਾ, ਸਾਹਵੇਂ ਆਸ਼ਕ ਓਸਦਾ'। ਨਾਟਕ ਵਿਚ ਮਰਦ ਦੀ ਜਾਇਦਾਦ ਬਣੀ ਅਹਿਲਿਆ ਸਵਾਲ ਵੀ ਕਰਦੀ ਹੈ, '..... ਕੀ ਮੈਂ ਕੋਈ ਗਊ ਜਾਂ ਮੱਝ ਸਾਂ ਜੋ ਕਿ ਇੰਦਰ ਨੂੰ ਨਾ ਦਿੱਤੀ ਤੇ ਗੌਤਮ ਨੂੰ ਦੇ ਦਿੱਤੀ ?'।ਉਤਰ ਕਾਂਡ ਦਾ ਕਵੀ ਜਵਾਬ ਦਿੰਦਾ ਹੈ ਕਿ, 'ਕੰਨਿਆ, ਪਿਤਾ ਦੀ ਸੰਪਤੀ ਵੀ ਹੁੰਦੀ ਏ ਅਹਿਲਿਆ ਤੇ ਉਹਦੇ ਸਿਰ 'ਤੇ ਭਾਰ ਵੀ, ਹਾਲ ਦੀ ਘੜੀ ਤੂੰ ਚੁੱਪ ਰਹਿ ਤੇ ਮੇਰੀ ਕਥਾ ਸੁਣ'। ਨਾਟਕਕਾਰ ਨੇ ਗੌਤਮ ਰਿਸ਼ੀ, ਅਹਿਲਿਆ ਅਤੇ ਦੇਵਰਾਜ ਇੰਦਰ ਦੀ ਇਸ ਕਥਾ ਨੂੰ ਇਸ ਸਦੀ ਤੱਕ ਪਹੁੰਚਣ ਤੱਕ ਬਦਲੇ ਅਰਥਾਂ ਨੂੰ ਸਪੱਸ਼ਟਤਾ ਦੇਣ ਲਈ ਰਿਸ਼ੀ ਵਾਲਮੀਕਿ, ਸੋਮਦੇਵ ਭੱਟ, ਉੱਤਰ ਕਾਂਡ ਦੇ ਕਵੀ ਅਤੇ ਅਹਿਲਿਆ ਦੀ ਸਹੇਲੀ ਯਾਮਿਨੀ ਦੀਆਂ ਗਵਾਹੀਆਂ ਵੀ ਤਰਕ ਨਾਲ ਇੰਦਰਾਜ ਕੀਤੀਆਂ ਹਨ। ਇਹ ਨਾਟਕ ਸਵਰਾਜਬੀਰ ਨੇ ਆਪਣੇ ਮਿੱਤਰ ਸਤਯਾਪਾਲ ਗੌਤਮ ਦੀ ਯਾਦ ਨੂੰ ਸਮਰਪਿਤ ਕੀਤਾ ਹੈ।

-ਨਿਰਮਲ ਜੌੜਾ
ਮੋਬਾਈਲ : 98140-78799

 

ਨਸਾਂ 'ਚ ਫੈਲਦਾ ਜ਼ਹਿਰ
ਲੇਖਕ : ਬਲਬੀਰ ਪਰਵਾਨਾ
ਪ੍ਰਕਾਸ਼ਕ : ਨਵਯੁੱਗ ਪਬਲੀਕੇਸ਼ਨਜ਼ ਨਵੀਂ ਦਿੱਲੀ
ਮੁੱਲ : 500 ਰੁਪਏ, ਸਫ਼ੇ : 215
ਸੰਪਰਕ : 95309-44345

ਲੇਖਕ, ਸੰਪਾਦਕ, ਅਨੁਵਾਦਕ ਅਤੇ ਖੋਜਕਾਰ ਵਜੋਂ ਸਾਹਿਤ ਦੇ ਖੇਤਰ ਦੀ ਚਰਚਿਤ ਅਤੇ ਸਥਾਪਿਤ ਸ਼ਖ਼ਸੀਅਤ ਬਲਬੀਰ ਪਰਵਾਨਾ ਸਾਹਿਤ ਅਧਿਐਨ 'ਤੇ ਸਿਰਜਣ 'ਚ ਨਿਰੰਤਰ ਗਤੀਸ਼ੀਲ ਹੈ। ਨਾਵਲ, ਕਹਾਣੀ ਅਤੇ ਹੋਰ ਵਿਧਾਵਾਂ ਵਿਚ ਉਸ ਵਲੋਂ ਰਚੀਆਂ ਗਈਆਂ ਪੁਸਤਕਾਂ ਦੀ ਗਿਣਤੀ ਹੀ ਜ਼ਿਆਦਾ ਨਹੀਂ ਹੈ ਸਗੋਂ ਉਨ੍ਹਾਂ ਦਾ ਸਾਹਿਤਕ ਪੱਧਰ ਵੀ ਆਪਣੀ ਵੱਖਰੀ ਪਹਿਚਾਣ ਬਣਾ ਚੁੱਕਾ ਹੈ। ਆਪਣੀਆਂ ਚੋਣਵੀਆਂ ਕਹਾਣੀਆਂ ਵਿਚੋਂ 21 ਕਹਾਣੀਆਂ ਦਾ ਇਹ ਕਹਾਣੀ ਸੰਗ੍ਰਹਿ 'ਨਸਾਂ 'ਚ ਫੈਲਦਾ ਜ਼ਹਿਰ' ਲੇਖਕ ਦੀ ਜ਼ਿੰਦਗੀ ਦੇ ਵੱਖ-ਵੱਖ ਦੌਰਾਂ ਦੇ ਅਨੁਭਵਾਂ ਦੀ ਨਿਸ਼ਾਨਦੇਹੀ ਕਰਦਾ ਹੈ। ਇਸ ਪੁਸਤਕ ਨੂੰ ਸਾਹਿਤਕ ਜਗਤ ਦੀ ਸਿਰਮੌਰ ਸ਼ਖ਼ਸੀਅਤ 'ਗੁਰਬਖਸ਼ ਸਿੰਘ ਪ੍ਰੀਤ ਲੜੀ' ਨੂੰ ਸਮਰਪਿਤ ਕਰਨਾ ਲੇਖਕ ਦੇ ਸਾਹਿਤ ਪ੍ਰਤੀ ਸਮਰਪਣ ਅਤੇ ਸਾਹਿਤਕ ਘੇਰੇ ਨੂੰ ਤਸਦੀਕ ਕਰਦਾ ਹੈ। ਸਨ 2025 ਵਿਚ ਪ੍ਰਕਾਸ਼ਿਤ ਇਸ ਹਥਲੀ ਪੁਸਤਕ ਦਾ ਨਾਂਅ ਪੁਸਤਕ ਵਿਚਲੀ ਇੱਕ ਰਚਨਾ 'ਨਸਾਂ 'ਚ ਫੈਲਦਾ ਜ਼ਹਿਰ' ਦੇ ਨਾਂਅ ਉੱਤੇ ਰੱਖਿਆ ਗਿਆ ਹੈ। ਇਸ ਪੁਸਤਕ ਦੀਆਂ ਕਹਾਣੀਆਂ 'ਚ ਸਮਾਜ ਦੇ ਭਖਦੇ ਮਸਲਿਆਂ ਨੂੰ ਚੁੱਕਿਆ ਗਿਆ ਹੈ। ਲੇਖਕ ਨੇ ਆਪਣੇ ਅੰਦਰ ਸਾਂਭੇ ਅਨੁਭਵਾਂ, ਸੁਲਗਣ ਅਤੇ ਸਮਾਜ ਦੀਆਂ ਕੌੜੀਆਂ ਹਕੀਕਤਾਂ ਨੂੰ ਸ਼ਬਦਾਂ 'ਚ ਪ੍ਰਤੀਬਿੰਬਤ ਕੀਤਾ ਹੈ। ਰਚਨਾਵਾਂ ਦੀ ਪੇਸ਼ਕਾਰੀ ਸਮਕਾਲ ਨਾਲ ਗਹਿਗੱਚ ਪਾਤਰਾਂ ਅਤੇ ਘਟਨਾਵਾਂ ਦੇ ਮਾਧਿਅਮ ਰਾਹੀਂ ਮੁੱਦਿਆਂ ਨੂੰ ਬਿਆਨ ਕਰਦੀ ਹੈ। ਲੇਖਕ ਦੇ ਸਿਰਜਣਾ ਸੰਸਾਰ ਦੀ ਪ੍ਰਤੀਨਿਧਤਾ ਕਰਦੀਆਂ ਇਹ ਕਹਾਣੀਆਂ ਪਾਠਕਾਂ ਨੂੰ ਜਿੱਥੇ ਸਮਾਜ ਦੀ ਤਸਵੀਰ ਨਾਲ ਰੂਬਰੂ ਕਰਵਾਉਂਦੀਆਂ ਹਨ,ਉੱਥੇ ਉਨ੍ਹਾਂ ਵਿਚ ਚੇਤਨਤਾ ਵੀ ਪੈਦਾ ਕਰਦੀਆਂ ਹਨ। ਹਰ ਕਹਾਣੀ ਕੋਈ ਨਾ ਕੋਈ ਸੁਨੇਹਾ ਦਿੰਦੀ ਜਾਪਦੀ ਹੈ। ਜ਼ਿਆਦਾਤਰ ਕਹਾਣੀਆਂ ਦਾ ਵਾਤਾਵਰਨ, ਪਾਤਰ 'ਤੇ ਘਟਨਾਵਾਂ ਪੇਂਡੂ ਖਿੱਤੇ ਨਾਲ ਜੁੜੀਆਂ ਹੋਈਆਂ ਹਨ। ਕਹਾਣੀਆਂ ਨੂੰ ਪੜ੍ਹਦਿਆਂ ਪਾਠਕਾਂ ਨੂੰ ਪਾਤਰ ਅਤੇ ਘਟਨਾਵਾਂ ਆਪਣੇ ਆਲੇ ਦੁਆਲੇ ਵਿਚਰਦੇ ਅਨੁਭਵ ਹੁੰਦੇ ਹਨ। ਲੇਖਕ ਵਲੋਂ ਕਹਾਣੀਆਂ ਦੀ ਕਥਾਵਸਤੂ, ਪਾਤਰਾਂ ਦੀ ਚੋਣ, ਉਨ੍ਹਾਂ ਦਾ ਚਰਿੱਤਰ ਚਿਤਰਣ ਅਤੇ ਵਾਤਾਵਰਨ ਦੀ ਸਿਰਜਣਾ ਉਸ ਦੀ ਕਹਾਣੀ ਕਲਾ ਵਿਚ ਪੁਖਤਗੀ ਦਾ ਪ੍ਰਮਾਣ ਹਨ। ਕਹਾਣੀਆਂ ਪੇਸ਼ ਕਰਨ ਦੀ ਸ਼ੈਲੀ, ਪਾਤਰਾਂ ਦੇ ਚਰਿੱਤਰ ਅਨੁਸਾਰ ਸ਼ਬਦ ਚੋਣ ਲੇਖਕ ਦੇ ਭਾਸ਼ਾਈ ਗਿਆਨ ਦਾ ਪ੍ਰਗਟਾਵਾ ਹਨ। ਭਵਿੱਖ ਵਿਚ ਵੀ ਪਾਠਕ ਲੇਖਕ ਤੋਂ ਇਸ ਪੱਧਰ ਦੀਆਂ ਕਹਾਣੀਆਂ ਦੀ ਸਿਰਜਣਾ ਦੀ ਉਮੀਦ ਰੱਖਣਗੇ।

-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136

 

ਧਰਤੀ ਪੰਜਾਬ ਦੀ
ਲੇਖਕ : ਮਹਿੰਦਰ ਸਿੰਘ ਗੋਸਲਾਂ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98883-90733

'ਧਰਤੀ ਪੰਜਾਬ ਦੀ' ਹਥਲੀ ਪੁਸਤਕ ਲੇਖਕ ਮਹਿੰਦਰ ਸਿੰਘ ਗੋਸਲਾਂ ਦਾ ਪਲੇਠਾ ਕਾਵਿ ਸੰਗ੍ਰਹਿ ਹੈ। ਇਸ ਵਿਚ ਉਸ ਦੀਆਂ 57 ਕਾਵਿ ਰਚਨਾਵਾਂ ਸ਼ਾਮਿਲ ਹਨ। ਲੇਖਕ ਨੇ ਇਨ੍ਹਾਂ ਕਵਿਤਾਵਾਂ 'ਚ ਵੱਖ-ਵੱਖ ਮਾਨਵੀ ਗੰਭੀਰ ਮਸਲਿਆਂ ਨੂੰ ਰੂਪਮਾਨ ਕੀਤਾ ਹੈ। ਗਿਰਗਿਟ ਵਾਂਗ ਰੰਗ ਬਦਲਦੀ ਦੁਨੀਆ ਤੋਂ ਉਸ ਨੂੰ ਡਾਹਢੀ ਘ੍ਰਿਣਾ ਹੈ। ਜਾਤ-ਪਾਤ, ਧਰਮਾਂ ਦੇ ਨਾਂਅ 'ਤੇ ਪੈ ਰਹੇ ਬਖੇੜੇ, ਨਫ਼ਰਤਾਂ ਦੇ ਮੌਸਮ, ਦੰਗੇ-ਫਸਾਦਾਂ ਵਾਲੀ ਵੋਟ ਰਾਜਨੀਤੀ ਉਸਦਾ ਧੁਰ ਅੰਦਰੋਂ ਹਿਰਦਾ ਵਲੂੰਧਰਦੀ ਹੈ :
ਇੱਥੇ ਜਾਤ-ਪਾਤ ਧਰਮ ਦੇ ਨਾਂ 'ਤੇ ਬਹੁਤ ਬਖੇੜੇ ਨੇ।
ਅਸੀਂ ਇਸ ਉਤੇ ਨਫ਼ਰਤ ਦੇ ਰੰਗ ਚਾੜ੍ਹੇ ਨੇ।
ਫਿਰ ਧਰਮਾਂ ਦੇ ਨਾਂ 'ਤੇ ਦੰਗੇ ਫਸਾਦ ਕਰਵਾਉਂਦੇ ਹਾਂ।
ਬਾਅਦ ਵਿਚ, ਵਿਚ ਪੈ ਕੇ ਫੈਸਲਾ ਕਰਵਾ ਦੇਂਦੇ,
ਲੜਾਈ ਵਿਚ ਕੀ ਰੱਖਿਆ, ਸਾਂਝੀਵਾਲਤਾ ਦਾ ਪਾਠ ਪੜਾਉਂਦੇ ਹਾਂ।
ਪੰਨਾ : 16
ਗ਼ਰੀਬ ਦਾ ਹੱਕ ਮਾਰਨ ਦੇ ਉਹ ਸਖ਼ਤ ਖਿਲਾਫ਼ ਹੈ। ਸਰਕਾਰੀ ਜੋਕਾਂ ਤੋਂ ਜਨਤਾ ਨੂੰ ਸੁਚੇਤ ਹੋਣ ਦਾ ਹੋਕਾ ਦਿੰਦਾ ਲੇਖਕ ਕਿਰਤੀ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਨੂੰ ਚੂੰਡਣ ਤੋਂ ਬਚਾਉਣ ਦਾ ਤਹੱਈਆ ਕਰਦਾ ਜਾਪਦਾ ਹੈ। ਪਖੰਡੀ ਬਾਬਿਆਂ ਵਲੋਂ ਭੋਲੀ-ਭਾਲੀ ਜਨਤਾ ਦਾ ਕੀਤਾ ਜਾ ਰਿਹਾ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਉਸ ਨੂੰ ਡਾਹਢੀ ਪੀੜਾ ਦਿੰਦਾ ਹੈ। ਕਿਰਤੀ-ਕਾਮਿਆਂ ਦੇ ਹੱਕਾਂ ਲਈ ਉਸਦੀ ਕਲਮ ਡਟਵੀਂ ਹੁੰਕਾਰ ਭਰਦੀ, ਮਿਹਨਤਕਸ਼ ਲੋਕਾਂ ਨੂੰ ਲਾਮਬੰਦ ਹੋ ਕੇ ਲੁੱਟ-ਖਸੁੱਟ ਖਿਲਾਫ਼ ਡਟਣ ਲਈ ਪ੍ਰੇਰਦੀ ਹੈ :
ਐ ਦੁਨੀਆ ਦੇ ਮਜ਼ਦੂਰੋ।
ਸਭ ਇਕੱਠੇ ਹੋ ਕੇ ਹੰਭਲਾ ਮਾਰੋ।
ਲੁੱਟ-ਖਸੁੱਟ ਵਾਲੀਆਂ
ਸਰਕਾਰਾਂ ਨੂੰ ਗੱਦੀਆਂ ਤੋਂ ਉਤਾਰੋ।
ਸਦੀਆਂ ਤੋਂ ਤੁਹਾਡੇ ਸਿਰਾਂ 'ਤੇ
ਜੋ ਦੁੱਖਾਂ ਦੀ ਪੰਡ ਹੈ,
ਹੁਣ ਇਸ ਪੰਡ ਨੂੰ ਵਗਾਹ ਕੇ ਮਾਰੋ। ਪੰਨਾ : 39
1947 ਦੀ ਦੇਸ਼ ਵੰਡ, 1984 ਦੇ ਘੱਲੂਘਾਰੇ ਦੀ ਚੀਸ ਉਸ ਨੂੰ ਬੇਚੈਨ ਕਰਦੀ ਹੈ। ਮਾਨਵਤਾ ਦੀ ਭਲਾਈ, ਸਰਬ-ਸਾਂਝੀਵਾਲਤਾ ਦਾ ਸੰਕਲਪ ਉਸ ਦੀਆਂ ਰਚਨਾਵਾਂ 'ਚ ਪ੍ਰਤੱਖ ਝਲਕਦਾ ਹੈ। ਨਸ਼ਿਆਂ ਦਾ ਵਧ ਰਿਹਾ ਰੁਝਾਨ, ਵੋਟ-ਵਟੋਰੂ ਲੀਡਰਾਂ ਦੇ ਫੋਕੇ ਵਾਅਦੇ, ਰੁੱਖਾਂ ਦੀ ਅੰਨ੍ਹੇਵਾਹ ਕਟਾਈ ਉਸ ਨੂੰ ਧੁਰ ਅੰਦਰੋਂ ਵਲੂੰਧਰਦੀ ਹੈ। ਇਸ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਸਮਾਜ ਨੂੰ ਇਕ ਨਰੋਈ ਸੇਧ ਪ੍ਰਦਾਨ ਕਰਦੀਆਂ ਜਾਪਦੀਆਂ ਹਨ। ਪੰਜਾਬੀ ਸਾਹਿਤ ਦੇ ਵਿਹੜੇ 'ਚ ਇਸ ਪੁਸਤਕ ਦਾ ਸਵਾਗਤ ਹੈ।

-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625

 

ਤੂੰ ਵੇਸਵਾ ਹੈ
ਲੇਖਕ : ਭੁਪਿੰਦਰ ਸਿੰਘ ਰੈਨਾ
ਪ੍ਰਕਾਸ਼ਨ : ਆਜ਼ਾਦ ਬੁੱਕ ਡਿਪੂ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 64
ਸੰਪਰਕ :099060-27601

'ਰੈਨਾ' ਦਾ ਇਹ ਨਾਵਲ ਮਿੰਨੀ ਨਾਵਲਾਂ ਦੀ ਸ਼੍ਰੇਣੀ ਵਿਚ ਆਉਂਦਾ ਹੈ ਅਤੇ ਨਾਵਲ ਵਿਚ ਜਿਸ ਸਮੱਸਿਆ ਨੂੰ ਕਹਾਣੀ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ ਉਹ ਆਧੁਨਿਕ ਸਮਾਜ ਦੀ ਹੁਣ ਇਕ ਆਮ ਸਮੱਸਿਆ ਬਣ ਚੁੱਕੀ ਹੈ ਅਤੇ ਜਿਸ ਦਾ ਖਮਿਆਜ਼ਾ ਅੱਜ ਦੇ ਸਮਾਜ ਦੀਆਂ ਪੜ੍ਹੀਆਂ-ਲਿਖੀਆਂ ਕੁੜੀਆਂ ਤੇ ਔਰਤਾਂ ਭੋਗ ਅਤੇ ਭੁਗਤ ਰਹੀਆਂ ਹਨ। ਨਾਵਲ ਦੇ ਬਿਰਤਾਂਤ ਦੀ ਪਿੱਠਭੂਮੀ ਕਸ਼ਮੀਰ ਦੀ ਧਰਤੀ ਨਾਲ ਸੰਬੰਧਿਤ ਹੈ ਅਤੇ ਨਾਵਲ ਦੀ ਸ਼ੁਰੂਆਤ ਵਿਚ ਮਿਥਿਹਾਸਕ ਅਤੇ ਇਤਿਹਾਸਕ ਤੱਥਾਂ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਵਿਚ ਸਭ ਤੋਂ ਪਹਿਲਾਂ ਰਿਸ਼ੀ ਕਸ਼ਿਅਪ ਦਾ ਕਸ਼ਮੀਰ ਦੀ ਝੀਲ ਨੂੰ ਮੁਕਤ ਕਰਾਉਣਾ, ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਕਸ਼ਮੀਰੀ ਪੰਡਤਾਂ ਦੀ ਆਜ਼ਾਦੀ ਲਈ, ਸਮਰਾਟ ਅਸ਼ੋਕ ਸਮੇਂ ਬੋਧ ਧਰਮ ਦਾ ਪ੍ਰਚਾਰ ਅਤੇ 1301 ਈ. ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਤੱਕ ਕਸ਼ਮੀਰ ਦੇ ਇਤਿਹਾਸ ਬਾਰੇ ਨਾਵਲ ਵਿਚ ਜ਼ਿਕਰ ਕੀਤਾ ਗਿਆ ਹੈ। ਸਦੀਆਂ ਪੁਰਾਣੀ ਕਸ਼ਮੀਰੀ ਸੱਭਿਅਤਾ ਅੱਜ ਤਾਰ ਤਾਰ ਹੋ ਰਹੀ ਹੈ। ਧੀਆਂ-ਭੈਣਾਂ ਕਸ਼ਮੀਰ ਦੀ ਇੱਜ਼ਤ ਹਨ, ਪਰ ਨੌਜਵਾਨ ਪੀੜ੍ਹੀ ਦੀ ਡਿਗਦੀ ਨੈਤਿਕਤਾ ਨੇ ਅੱਜ ਸਮਾਜਿਕ ਸੋਚ ਅਤੇ ਸਮਾਜਿਕ ਵਾਤਾਵਰਨ ਵਿਚ ਵਿਚਰਨ ਵਾਲੇ ਬੁੱਧੀਜੀਵੀ ਵਰਗ ਦੇ ਆਚਰਣ 'ਤੇ ਵੀ ਸਵਾਲੀਆ ਚਿੰਨ੍ਹ ਲਗਾ ਦਿੱਤੇ ਹਨ। ਹਰ ਪਾਸੇ ਬੇਭਰੋਸਗੀ ਦਾ ਵਾਤਾਵਰਨ ਹੈ। ਪਿਆਰ, ਸੰਵੇਦਨਾ ਵਿਚ ਵਹਿ ਕੇ ਆਪਣੇ ਆਪ ਨੂੰ ਪੂਰਨ ਤੌਰ 'ਤੇ ਸਮਰਪਿਤ ਕਰ ਦੇਣਾ ਅਤੇ ਇਸ ਸਮਰਪਣ ਦੇ ਨਤੀਜੇ ਭਵਿੱਖ ਵਿਚ ਭੋਗਣ ਲਈ ਤਿਆਰ ਨਾ ਹੋਣਾ ਫਿਰ ਹਾਲਾਤ ਅੱਗੇ ਮਜਬੂਰ ਹੋ ਕੇ ਜ਼ਿੰਦਗੀ ਦੀ ਹੋਰ ਭਿਆਨਕ ਹਕੀਕਤ ਨਾਲ ਦੀ ਕਹਾਣੀ ਇਹ ਦਰਸਾਉਂਦੀ ਹੈ ਕਿ ਅੱਜ ਦੇ ਸਮੇਂ ਵਿਚ ਪਿਆਰ ਭਾਵਨਾਤਮਿਕ ਜੁੜਾਵ ਨਹੀਂ ਸਗੋਂ ਸਰੀਰਕ ਆਕਰਸ਼ਣ ਮਾਤਰ ਹੀ ਹੈ। ਪਿਆਰ ਵਿਚ ਭਾਵਨਾ ਤੇ ਸੰਵੇਦਨਾਹੀਣ ਹੈ। ਕੁੱਲ ਮਿਲਾ ਕੇ ਨਾਵਲ ਦੀ ਕਹਾਣੀ ਘਟਨਾਵਾਂ ਨਾਲ ਭਰਪੂਰ ਹੈ ਅਤੇ ਅੰਤ ਤੱਕ ਰੁਚੀ ਬਣੀ ਰਹਿੰਦੀ ਹੈ ਅਤੇ ਨਾਵਲ ਰਾਹੀਂ ਰੈਨਾ ਨੇ ਨੌਜਵਾਨ ਪੀੜ੍ਹੀ ਨੂੰ ਆਗਾਹ ਵੀ ਕੀਤਾ ਹੈ।

-ਡਾ.ਜਸਬੀਰ ਕੌਰ
ਮੋਬਾਈਲ : 98721-17774

 

ਸੰਵੇਦਨਾ ਤੋਂ ਗੂੰਗੇ ਵਿਰਲਾਪ ਤੱਕ
(ਗਿਆਨ ਦੇ ਉਧਾਲੇ ਦੀ ਇਤਿਹਾਸ ਰੇਖਾ)
ਲੇਖਕ : ਸਤਨਾਮ ਚਾਨਾ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ ਮੁਹਾਲੀ
ਮੁੱਲ : 350 ਰੁਪਏ, ਸਫ਼ੇ : 141
ਸੰਪਰਕ : 94172-70411

ਸਤਨਾਮ ਚਾਨਾ ਦਾ ਨਾਂਅ ਲੇਖਕ, ਪੱਤਰਕਾਰ, ਸੰਪਾਦਕ, ਪਟਕਥਾ ਲੇਖਕ ਜਿਹੇ ਬਹੁਗੁਣ ਸੰਪੰਨ ਵਿਅਕਤੀ ਵਜੋਂ ਵਿਖਿਆਤ ਹੈ। ਵਿਚਾਰ ਅਧੀਨ ਪੁਸਤਕ ਦੇ ਪ੍ਰਕਾਸ਼ਨ ਦਾ ਮੁੱਖ ਕਾਰਨ ਟੀ.ਵੀ. ਲਈ ਇੱਕ ਸੀਰੀਅਲ ਦੀ ਪਟਕਥਾ ਦੇ ਲਿਖਣ ਨਾਲ ਵਾਬਸਤਾ ਹੈ, ਜਿਸ ਵਿਚ ਜੰਗਲੀ ਜਾਨਵਰਾਂ ਦਾ ਜ਼ਿਕਰ ਸੀ। ਪੁਸਤਕ ਦੇ ਮੁੱਢ ਵਿਚ ਡਾ. ਸੁਖਦੇਵ ਸਿੰਘ ਸਿਰਸਾ, ਡਾ. ਮਨਮੋਹਨ ਅਤੇ ਡਾ. ਕੁਲਦੀਪ ਸਿੰਘ ਦਾ ਇਸ ਕਿਤਾਬ ਬਾਰੇ ਗੰਭੀਰ ਵਿਸ਼ਲੇਸ਼ਣ ਦਰਜ ਕੀਤਾ ਗਿਆ ਹੈ। ਲੇਖਕ ਨੇ ਇਸ ਕਿਤਾਬ ਦੇ ਚਾਰ ਭਾਗ ਬਣਾਏ ਹਨ। ਪਹਿਲੇ ਭਾਗ ਵਿਚ ਹਥਲਾ ਅਧਿਐਨ, ਦਾਰਸ਼ਨਿਕ ਨਿਰਣਾ, ਕਲਪਨਾ, ਮਸ਼ੀਨੀ ਸੰਵੇਦਨਾ, ਖੋਜ ਲਈ ਉਤਸੁਕਤਾ, ਦੁਖ-ਸੁਖ, ਸੰਵੇਦਨਾ ਤੋਂ ਚਿੰਤਨ, ਗਿਆਨ ਬਾਰੇ ਗਿਆਨ, ਅਗਿਆਨਤਾ, ਨਿਜਪ੍ਰਸਤੀ ਦੀ ਪ੍ਰਵਿਰਤੀ, ਅੰਤਮ ਗਿਆਨ, ਮਾਨਸਿਕ ਫ਼ਰੇਬ, ਮਨੁੱਖ ਨਾਲ ਠੱਗੀ; ਦੂਜੇ ਵਿਚ ਸੱਭਿਅਤਾ, ਬਿਰਹਾ, ਵਿਤਕਰਾ, ਅੱਥਰਾਪਣ, ਚੇਤਨਾ, ਮਾਨਸਿਕਤਾ, ਕਿਰਤ-ਔਜ਼ਾਰ, ਵੇਦਨਾ-ਪ੍ਰੇਮ-ਵਿਛੋੜਾ; ਤੀਜੇ ਵਿਚ ਮਾਨਸਿਕ ਸਰਗਰਮੀ, ਭਾਵੁਕਤਾ-ਲਗਨ, ਮਨੋਰੰਜਨ-ਖੇਡ-ਨਾਚ-ਸਿੱਖਿਆ, ਹੁਨਰ-ਨਿਰਮਾਣ-ਬੁਣਤੀ ਕਲਾ, ਸਮਾਜ-ਸੰਗਠਨ-ਨੇਤਾਗਿਰੀ, ਜੂਹਬੰਦੀ-ਸਰਹੱਦਾਂ, ਸਮਾਜਿਕ-ਪਰਿਵਾਰਕ-ਜਿਨਸੀ ਰਿਸ਼ਤੇ, ਸੰਕੇਤ-ਸੰਚਾਰ, ਦ੍ਰਿਸ਼ ਗ੍ਰਹਿਣ, ਸਿੱਖਿਆ, ਨਿੱਜੀ ਮਾਲਕੀ-ਐਸ਼ਪ੍ਰਸਤੀ ਆਦਿ ਦਾ ਖ਼ੁਲਾਸਾ ਹੈ। ਚੌਥਾ ਭਾਗ ਇੱਕ ਤਰ੍ਹਾਂ ਨਾਲ ਅੰਤਿਕਾ ਹੈ, ਜਿਸ ਵਿਚ ਸੱਚੀ ਘਟਨਾ ਅਤੇ ਨਿਸ਼ਕਰਸ਼ ਦੀ ਸਥਾਪਨਾ ਹੈ। ਲੇਖਕ ਨੇ ਆਪਣੇ ਅਧਿਐਨ ਵਿਚ ਪੜ੍ਹੀਆਂ/ ਵਾਚੀਆਂ ਪੁਸਤਕਾਂ ਦਾ ਹਵਾਲਾ ਦੇ ਕੇ ਇਸ ਬਿਰਤਾਂਤ ਨੂੰ ਇੱਕ ਖੋਜ ਪੁਸਤਕ ਵਜੋਂ ਪ੍ਰਸਤੁਤ ਕੀਤਾ ਹੈ। ਲੇਖਕ ਦੇ ਇਸ ਤੱਥ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਜਿਸ ਦਿਨ ਗਿਆਨ ਦੇ ਨਿੱਜੀਕਰਨ ਦਾ ਅੰਤ ਹੋਵੇਗਾ ਅਤੇ ਗਿਆਨ ਦਾ ਸਮਾਜੀਕਰਨ ਹੋਵੇਗਾ, ਉਸੇ ਦਿਨ ਹੀ ਮਨੁੱਖ ਦੇ ਦੁਖਾਂ ਦਾ ਅੰਤ ਹੋਵੇਗਾ। ਵਿਗਿਆਨੀਆਂ, ਜੀਵ-ਵਿਗਿਆਨੀਆਂ, ਮਨੋਵਿਗਿਆਨੀਆਂ, ਇਤਿਹਾਸਕਾਰਾਂ, ਦਾਰਸ਼ਨਿਕਾਂ ਅਤੇ ਮਾਨਵ-ਵਿਗਿਆਨੀਆਂ ਦੀਆਂ ਲੱਭਤਾਂ ਤੇ ਆਧਾਰਿਤ ਸਤਨਾਮ ਚਾਨਾ ਦਾ ਇਹ ਦਸਤਾਵੇਜ਼ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਦੇ ਰੂਬਰੂ ਕਿਰਤ ਦੀ ਲੁੱਟ ਦੀ ਅਸਲੀਅਤ ਨੂੰ ਰੇਖਾਂਕਿਤ ਕਰਦਾ ਹੈ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 9417692015

Ad Position 22
No active advertisement
ਪਿਛਲੀ ਖ਼ਬਰ ਹੜਤਾਲ ਨੇ ਲੁਧਿਆਣਾ ਨੂੰ ਕੀਤਾ ਗੰਦਗੀ ਹਵਾਲੇ, ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਵੀ ਬੇਅਸਰ ਅਗਲੀ ਖ਼ਬਰ ਲੁਧਿਆਣਾ ਦਿਹਾਤੀ ਕਾਂਗਰਸ ਦੀ ਮੀਟਿੰਗ ਲੁਧਿਆਣਾ ਵਿਖੇ 6 ਨੂੰ-ਕੈਪਟਨ ਸੰਧੂ
Ad Position 24
No active advertisement