ਛਾਂਵਾਂ ਠੰਢੀਆਂ ਨੇ ਬੋਹੜ ਦੀਆਂ
ਲੇਖਕ : ਨਿਰਮਲ ਸਿੰਘ ਦਿਓਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ |
ਮੁੱਲ : 250 ਰੁਪਏ, ਸਫ਼ੇ : 140
ਸੰਪਰਕ : 94171-04961

'ਛਾਂਵਾਂ ਠੰਢੀਆਂ ਨੇ ਬੋਹੜ ਦੀਆਂ' ਸ੍ਰੀ ਨਿਰਮਲ ਸਿੰਘ ਦਿਓਲ ਦੇ ਲਿਖੇ 65 ਗੀਤਾਂ ਦਾ ਖ਼ੂਬਸੂਰਤ ਗੀਤ-ਸੰਗ੍ਰਹਿ ਹੈ, ਜਿਹੜਾ ਪਾਠਕ ਨੂੰ ਆਪਣੇ ਨਾਲ-ਨਾਲ ਤੋਰਨ ਦੀ ਅਦਭੁੱਤ ਜਾਚ ਤਾਂ ਰੱਖਦਾ ਹੀ ਹੈ, ਸਗੋਂ ਉਹ ਇਨ੍ਹਾਂ ਖ਼ੂਬਸੂਰਤ ਗੀਤਾਂ ਨੂੰ ਪੜ੍ਹਦਾ-ਪੜ੍ਹਦਾ ਗੁਣਗੁਣਾਉਣ ਵੀ ਲੱਗ ਜਾਂਦਾ ਹੈ | ਦਿਓਲ ਨੇ ਆਪਣਾ ਇਹ ਗੀਤ-ਸੰਗ੍ਰਹਿ ਰੰਗਲੀ ਕੁਦਰਤ ਕਾਇਨਾਤ ਦੇ ਗੀਤ ਸੰਗੀਤ ਵਰਗੇ ਸੋਹਣੇ ਰੰਗਾਂ ਨੂੰ ਸਮਰਪਿਤ ਕੀਤਾ ਹੈ | ਇਸ ਗੀਤ-ਸੰਗ੍ਰਹਿ ਦੀ ਇੱਕ ਹੋਰ ਖ਼ੂਬੀ ਇਹ ਹੈ ਕਿ ਗੀਤਕਾਰ ਨੇ ਹਰੇਕ ਗੀਤ ਦੇ ਅੰਤ ਵਿਚ ਵਾਰਤਕ ਵਿਚ ਕੁਝ ਵਾਕ ਦਰਜ ਕਰ ਦਿੱਤੇ ਹਨ, ਜਿਨ੍ਹਾਂ ਨੂੰ ਪੜ੍ਹ ਕੇ ਸਧਾਰਨ ਪਾਠਕ ਵੀ ਇਨ੍ਹਾਂ ਗੀਤਾਂ ਦਾ ਰਸ ਭਰਪੂਰ ਰੂਪ ਵਿਚ ਮਾਣ ਸਕਣਗੇ | ਇਨ੍ਹਾਂ ਗੀਤਾਂ ਵਿਚ ਇਸ਼ਕ ਮਜਾਜ਼ੀ ਦੇ ਨਾਲ-ਨਾਲ ਇਸ਼ਕ ਹਕੀਕੀ ਦੀਆਂ ਗੁੱਝੀਆਂ ਰਮਜ਼ਾਂ ਵੀ ਸੁਣਾਈ ਦਿੰਦੀਆਂ ਹਨ | ਪਿਆਰ, ਮੁਹੱਬਤ, ਮਿਲਣਾ, ਵਿਛੜਨਾ, ਸੰਯੋਗ, ਵਿਯੋਗ ਅਤੇ ਸਮਰਪਣ ਦੇ ਭਾਵਾਂ ਤੋਂ ਇਲਾਵਾ ਮਾਂ ਦੀ ਮਮਤਾ, ਪਿਤਾ ਦੇ ਡੂੰਘੇ ਪਿਆਰ, ਭੈਣ ਦਾ ਸਨੇਹ ਅਤੇ ਪ੍ਰੇਮਿਕਾ ਨਾਲ ਮਿਲਾਪ ਦੇ ਭਾਵਾਂ ਨੂੰ ਵੀ ਏਨੀ ਪਿਆਰੀ ਭਾਸ਼ਾ ਵਿਚ ਲਿਖ ਦਿੱਤਾ ਗਿਆ ਹੈ ਕਿ ਭਰਪੂਰ ਰੁਮਾਂਸਵਾਦੀ ਪਲਾਂ ਵਿਚ ਵੀ ਅਸ਼ਲੀਲਤਾ ਦਾ ਨਾਮਾਤਰ ਅੰਸ਼ ਕਿੱਧਰੇ ਨਜ਼ਰੀਂ ਨਹੀਂ ਪੈਂਦਾ | ਇਸ ਗੀਤ-ਸੰਗ੍ਰਹਿ ਦੇ ਸਿਰਲੇਖ ਨਾਲ ਸੰਬੰਧਿਤ ਟੱਪਿਆਂ ਨੂੰ ਗੀਤਕਾਰ ਨੇ ਬਹੁਤ ਹੀ ਖ਼ੂਬਸੂਰਤ ਅਤੇ ਸਲਾਹੁਣਯੋਗ ਸ਼ਬਦਾਂ ਵਿਚ ਇੰਝ ਬੀੜਿਆ ਹੈ-
ਛਾਂਵਾਂ ਠੰਢੀਆਂ ਨੇ ਬੋਹੜ ਦੀਆਂ,
ਛੁਪ ਜਾ ਤੂੰ ਚੰਦ ਵੈਰੀਆ,
ਮੈਂ ਰਾਤਾਂ ਨ੍ਹੇਰੀਆਂ ਲੋੜਦੀ ਆਂ |
ਢਲ ਗਏ ਪਰਛਾਵੇਂ ਵੇ,
ਫੁੱਲ ਵਾਂਗੂ ਮੈਂ ਖਿੜ ਜਾਂ,
ਸੋਹਣੇ ਸੱਜਣਾ ਜੇ ਆਵੇਂ ਵੇ |
ਲੇਖਕ ਕੇਵਲ ਚਾਰ ਸਾਲ ਦੀ ਉਮਰ ਵਿਚ ਆਪਣਾ ਪਿੰਡ ਛੱਡ ਕੇ ਆਪਣੀ ਨਾਨੀ ਨਾਲ ਆਪਣੇ ਨਾਨਕੇ ਪਿੰਡ 'ਛੱਤੇਆਣਾ' ਆ ਜਾਂਦਾ ਹੈ | ਨਾਨਕੇ ਘਰ ਰਹਿੰਦਿਆਂ ਹੀ ਉਹ ਸਾਰੀ ਪੜ੍ਹਾਈ ਕਰਦਾ ਹੈ | ਪੜ੍ਹ-ਲਿਖ ਕੇ ਭਾਵੇਂ ਉਹ ਦੇਸ਼/ਵਿਦੇਸ਼ ਵਿਚ ਘੁੰਮਦਾ ਹੈ, ਪਰੰਤੂ ਬਚਪਨ ਵਿਚ ਨਾਨਕੇ ਘਰ ਤੋਂ ਮਿਲਿਆ ਪਿਆਰ ਹਮੇਸ਼ਾ ਉਸ ਦੀ ਰੂਹ ਵਿਚ ਵਸਿਆ ਰਹਿੰਦਾ ਹੈ | ਇਸੇ ਲਈ ਉਹ ਆਪਣੇ ਗੀਤਾਂ ਵਿਚ 'ਛੱਤੇਆਣੇ' ਪਿੰਡ ਦਾ ਜ਼ਿਕਰ ਵਾਰ-ਵਾਰ ਕਰਦਾ ਹੈ | 'ਸਾਉਣ ਦਾ ਮਹੀਨਾ ਸਭ ਰੁੱਤਾਂ ਤੋਂ ਪਿਆਰਾ ਏ' ਗੀਤ ਵਿਚੋਂ ਇੱਕ ਵੰਨਗੀ ਦੇਖੋ-
'ਛੱਤੇਆਣੇ' ਰਹਿਣ ਲੋਕੀ
ਸਦਾ ਐਦਾਂ ਹੱਸਦੇ,
ਸ਼ਾਲਾ ਰਹਿਣ ਗਾਉਂਦੇ
ਅਤੇ ਸੁਖੀ ਸਾਂਦੀ ਵੱਸਦੇ |
'ਦਿਓਲ' ਦਾ ਤਾਂ ਐਨਾ ਕੁ
ਕਲਾਮ ਬਸ ਸਾਰਾ ਏ,
ਸਾਉਣ ਦਾ ਮਹੀਨਾ
ਸਭ ਰੁੱਤਾਂ ਤੋਂ ਪਿਆਰਾ ਏ |
ਮੈਂ ਸਮਝਦਾਂ ਕਿ ਨਿਰਮਲ ਸਿੰਘ ਦਿਓਲ ਦੀ ਇਹ ਕਿ੍ਤ 'ਛਾਂਵਾਂ ਠੰਢੀਆਂ ਨੇ ਬੋਹੜ ਦੀਆਂ' ਇਕ ਅਜਿਹੀ ਪਿਆਰੀ ਰਚਨਾ ਹੈ, ਜਿਸ ਨੂੰ ਹਰ ਪੰਜਾਬੀ ਨੂੰ ਵਾਰ-ਵਾਰ ਪੜ੍ਹਨੀ ਚਾਹੀਦੀ ਹੈ | ਮੈਂ ਪੰਜਾਬੀ ਗੀਤ ਸਾਹਿਤ ਵਿਚ ਇਸ ਗੀਤ ਸੰਗ੍ਰਹਿ ਦਾ ਭਰਪੂਰ ਸੁਆਗਤ ਕਰਦਾ ਹਾਂ |
-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 84276-85020
ਜੀਵਨ ਦੇ ਰੰਗ
ਲੇਖਕ: ਗੁਰਜਤਿੰਦਰ ਪਾਲ ਸਿੰਘ ਸਾਧੜਾ
ਪ੍ਰਕਾਸ਼ਨ: ਸਪਤਰਿਸ਼ੀ ਪ੍ਰਕਾਸ਼ਨ ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 128
ਸੰਪਰਕ : 94631-48284

ਜੀਵਨ ਦੇ ਰੰਗ ਗੁਰਜਤਿੰਦਰ ਪਾਲ ਸਿੰਘ ਸਾਧੜਾ ਦਾ ਪਲੇਠਾ ਵਾਰਤਕ ਸੰਗਿ੍ਹ ਹੈ | ਇਹ 2026 ਵਿਚ ਪ੍ਰਕਾਸ਼ਿਤ ਹੋਇਆ ਹੈ | ਇਸ ਵਿਚ 44 ਜੀਵਨ ਨੂੰ ਸੇਧ ਦੇਣ ਵਾਲੇ ਲੇਖ ਹਨ | ਲੇਖਕ ਨੇ ਜ਼ਿੰਦਗੀ ਦੇ ਸਫ਼ਰ ਨੂੰ ਜ਼ਿੰਦਗੀ ਦੇ ਮਕਸਦ ਨਾਲ ਜੋੜਿਆ ਹੈ | ਮਕਸਦ ਤੋਂ ਬਿਨਾਂ ਜੀਵਨ ਜਿਊਣ ਦਾ ਕੋਈ ਲਾਭ ਨਹੀਂ ਹੈ | ਫੁੱਲਾਂ ਤੇ ਤਿਤਲੀ ਦੇ ਸੰਵਾਦ ਨੂੰ ਬਾਖੂਬੀ ਬਿਆਨ ਕੀਤਾ ਹੈ | ਰੱਬ ਦੀ ਹੋਂਦ ਨੂੰ ਮਨੁੱਖ ਦੇ ਅੰਦਰ ਹੋਣ ਦਾ ਖੁਲਾਸਾ ਕੀਤਾ ਹੈ | ਜ਼ਿੰਦਗੀ ਦਾ ਅਸਲ ਉਦੇਸ਼ ਬੱਚਿਆਂ ਵਿਚ ਬੋਲਚਾਲ ਦੀ ਭਾਸ਼ਾ ਨੂੰ ਦਰਸਾਇਆ ਹੈ | ਹਰ ਲੇਖ ਆਪਣੇ-ਆਪ ਵਿਚ ਸੰਪੂਰਨ ਨਜ਼ਰੀ ਆਉਂਦਾ ਹੈ | ਲੇਖਕ ਨੇ ਸਮਾਜ ਦੀਆਂ ਬੁਰਾਈਆਂ ਪ੍ਰਤੀ ਧਿਆਨ ਦਿਵਾਇਆ ਹੈ ਜੋ ਕਿ ਬਹੁਤ ਹੀ ਜ਼ਰੂਰੀ ਵਿਸ਼ਾ ਹੈ | ਅੱਜ ਕੱਲ੍ਹ ਸਮਾਜ ਵਿਚ ਹਰ ਚੀਜ਼ ਦੀ ਕਦਰ ਕੀਮਤ ਘਟਦੀ ਜਾਂਦੀ ਹੈ | ਅਸੀਂ ਆਧੁਨਿਕ ਹੋਣ ਦੇ ਨਾਲ-ਨਾਲ ਝੂਠੇ ਵਿਖਾਵਿਆਂ ਤੇ ਪਾਖੰਡਾਂ ਵਿਚ ਗ੍ਰਸਤ ਹੋ ਰਹੇ ਹਾਂ | ਮਾਤਾ-ਪਿਤਾ ਆਪਣੀ ਉਦਾਹਰਨ ਪੇਸ਼ ਕਰਕੇ ਬੱਚਿਆਂ ਦਾ ਵਧੀਆ ਵਿਕਾਸ ਕਰ ਸਕਦੇ ਹਨ | ਉਨ੍ਹਾਂ ਨੂੰ ਸਾਦਗੀ ਵਿਚ ਰੱਖ ਕੇ ਚੰਗੀ ਸ਼ਖ਼ਸੀਅਤ ਬਣਾ ਸਕਦੇ ਹਨ | ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦਿਆਂ ਬਹੁਤ ਹੀ ਪੁਰਾਣੀਆਂ ਗੱਲਾਂ ਤੇ ਪੰਜਾਬ ਦੇ ਲੋਕ ਰਿਵਾਜਾਂ ਬਾਰੇ ਚਾਨਣਾ ਪਾਇਆ ਹੈ | ਸਕੂਲੀ ਬੱਚਿਆਂ ਲਈ ਕਿਤਾਬਾਂ ਮਹੱਤਵਪੂਰਨ ਹਨ ਤੇ ਚੰਗੀ ਜੀਵਨ ਜਾਚ ਸਿਖਾਉਂਦੀਆਂ ਹਨ | ਉਨ੍ਹਾਂ ਨੇ ਕਿਤਾਬਾਂ ਨੂੰ ਦੋਸਤ ਤੇ ਚੁੱਪ ਨੂੰ ਇੱਕ ਕੀਮਤੀ ਗਹਿਣੇ ਨਾਲ ਤਸ਼ਬੀਹ ਦਿੱਤੀ ਹੈ | ਸੁੱਖ-ਦੁੱਖ ਨੂੰ ਹਰ ਹਾਲਤ ਵਿਚ ਸਮ ਕਰ ਮੰਨਣਾ ਤੇ ਸੱਚ ਤੇ ਕਾਇਮ ਰਹਿਣ ਦੀ ਸਿੱਖਿਆ ਦਿੱਤੀ ਹੈ | ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਅੱਖਾਂ ਖੋਲ੍ਹ ਕੇ ਸੁਪਨੇ ਲੈਣ ਤੇ ਹਰ ਖੇਤਰ ਵਿਚ ਖਰੇ ਉਤਰਨ | ਉਮੀਦ ਕਰਦੀ ਹਾਂ ਕਿ ਹੋਰ ਨਵੇਂ ਵਿਸ਼ਿਆਂ ਨੂੰ ਲੈ ਕੇ ਹੋਰ ਨਵੀਆਂ ਪੁਲਾਂਘਾਂ ਪੁੱਟਣਗੇ ਤੇ ਸਹਿਤ ਜਗਤ ਵਿਚ ਆਪਣਾ ਦਬਦਬਾ ਕਾਇਮ ਰੱਖਣ ਵਿਚ ਸਫਲ ਹੋਣਗੇ | ਆਪ ਜੀ ਦੇ ਵਾਰਤਕ 'ਜੀਵਨ ਦੇ ਰੰਗ' ਨੂੰ ਪੰਜਾਬੀ ਸਾਹਿਤ ਦੇ ਜਗਤ ਵਿਚ 'ਜੀ ਆਇਆਂ 'ਆਖਦੀ ਹਾਂ ਤੇ ਅਗਲੇਰੇ ਸੁਹਾਵਣੇ ਸਫ਼ਰ ਲਈ ਸ਼ੁਭਕਾਮਨਾਵਾਂ ਦਿੰਦੀ ਹਾਂ |
-ਕੁਲਜੀਤ ਕੌਰ 'ਜੀਤ'
ਮੋਬਾਈਲ : 98729-83914
ਪ੍ਰੇਰਣਾ ਦੇ ਸੋਮੇ
ਲੇਖਕ : ਜਸਬੀਰ ਕਲਸੀ ਧਰਮਕੋਟ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 110
ਸੰਪਰਕ : 81468-13291

ਜਸਬੀਰ ਕਲਸੀ ਧਰਮਕੋਟ ਆਪਣੀਆਂ ਕਹਾਣੀ-ਪੁਸਤਕਾਂ 'ਰਾਤ ਲੰਘ ਗਈ', 'ਟਿੱਬਿਆਂ ਦੀ ਜੂਨ', 'ਔਲੇ ਦਾ ਬੂਟਾ' ਤੇ 'ਇੱਥੋਂ ਸੂਰਜ ਦਿਸਦਾ ਹੈ' ਕਾਰਨ ਆਪਣੀ ਵੱਖਰੀ ਪਛਾਣ ਰੱਖਦਾ ਹੈ | ਉਸ ਨੇ ਜੀਵਨੀ ਸਾਹਿਤ ਵਿਚ ਵੀ ਵਾਧਾ ਕੀਤਾ ਹੈ | ਸੰਪਾਦਨਾ ਦਾ ਵੀ ਕਾਰਜ ਕੀਤਾ ਹੈ | ਰੀਵਿਊ ਅਧੀਨ ਪੁਸਤਕ 'ਪ੍ਰੇਰਣਾ ਦੇ ਸੋਮੇ' ਇਕ ਵੱਖਰੀ ਵਿਧਾ ਦੀ ਲਖਾਇਕ ਹੈ | ਕਾਵਿ-ਚਿੱਤਰ, ਸ਼ਬਦ-ਚਿੱਤਰ, ਰੇਖਾ-ਚਿੱਤਰ ਅਤੇ ਮੁਲਾਕਾਤਾਂ ਦੀਆਂ ਵਿਧਾਵਾਂ ਨੇ ਪੰਜਾਬੀ ਸਾਹਿਤ ਨੂੰ ਇਕ ਵੱਖਰੇ ਨਜ਼ਰੀਏ ਤੋਂ ਸਮਝਣ ਦੇ ਦਿਸਹੱਦੇ ਸਥਾਪਿਤ ਕੀਤੇ ਹਨ | ਪੰਜਾਬੀ ਸਾਹਿਤ ਵਿਚ ਜਦੋਂ ਕੋਈ ਲੇਖਕ ਲੀਹ ਤੋਂ ਹਟ ਕੇ ਕੋਈ ਨਵਾਂ ਪ੍ਰਯੋਗ ਕਰਦਾ ਹੈ ਤਾਂ ਉਸ ਦੀ ਚਰਚਾ ਹੋਣੀ ਸੁਭਾਵਿਕ ਹੈ | ਇਹੋ ਗੱਲ ਸ੍ਰੀ ਕਲਸੀ ਦੀ ਇਸ ਰਚਨਾ ਨਾਲ ਆਖੀ ਜਾ ਸਕਦੀ ਹੈ | ਪੰਜਾਬੀ ਦੇ ਪ੍ਰਮੁੱਖ ਸਾਹਿਤਕਾਰ ਪ੍ਰੋ. ਕਿਰਪਾਲ ਸਿੰਘ ਕਸੇਲ, ਪ੍ਰੋ. ਗੁਰਦਿਆਲ ਸਿੰਘ, ਪ੍ਰੋ. ਜਸਵੰਤ ਸਿੰਘ ਕੈਲਵੀ, ਬਚਿੰਤ ਕੌਰ, ਲਾਲ ਸਿੰਘ, ਪਰਗਟ ਸਿੰਘ ਸਿੱਧੂ, ਅਤਰਜੀਤ, ਡਾ. ਐਸ. ਤਰਸੇਮ, ਬਲਦੇਵ ਸਿੰਘ ਸੜਕਨਾਮਾ,. ਡਾ. ਜੋਗਿੰਦਰ ਸਿੰਘ ਨਿਰਾਲਾ ਅਤੇ ਪ੍ਰੇਮ ਗੋਰਖੀ ਸ਼ਖ਼ਸੀਅਤਾਂ ਨੂੰ ਪੰਜ-ਪੰਜ ਸੁਆਲ ਪੁੱਛੇ ਗਏ ਹਨ ਅਤੇ ਲਿਖਤੀ ਉੱਤਰ ਮੰਗ ਕੇ ਪੁਸਤਕ ਨੂੰ ਸੰਜੋਣ ਦੀ ਵਿਧਾ ਅਪਣਾਈ ਗਈ ਹੈ | ਇਨ੍ਹਾਂ ਗਿਆਰਾਂ ਸਾਹਿਤਕਾਰਾਂ ਦੀ ਪੰਜਾਬੀ ਸਾਹਿਤ ਨੂੰ ਦੇਣ ਬਿਨਾਂ ਸ਼ੱਕ ਸਲਾਹੁਣਯੋਗ ਹੈ | ਪੰਜ ਪ੍ਰਸ਼ਨਾਂ ਦੇ ਉੱਤਰਾਂ ਨੂੰ ਪੜ੍ਹ ਕੇ ਪਾਠਕ ਅਦੁੱਤੀ ਜਾਣਕਾਰੀ ਨਾਲ ਅਨੰਦਿਤ ਹੀ ਨਹੀਂ ਹੁੰਦਾ, ਸਗੋਂ ਲੇਖਕਾਂ ਦੇ ਸੰਘਰਸ਼ਮਈ ਜੀਵਨ ਨੂੰ ਪੜ੍ਹ ਕੇ ਪ੍ਰੇਰਿਆ ਜਾਂਦਾ | ਇਹੋ ਇਸ ਪੁਸਤਕ ਦਾ ਮੰਤਵ ਹੈ ਕਿ ਮਨੁੱਖ ਦੇ ਸੰਘਰਸ਼ ਦੀ ਕਹਾਣੀ ਦੂਜਿਆਂ ਨੂੰ ਸਮਾਜ, ਸਾਹਿਤ, ਦੇਸ਼ ਤੇ ਲੋਕ-ਹਿਤ ਲਈ ਜੂਝਣ ਦਾ ਸੰਦੇਸ਼ ਦੇਣ ਦੀ ਭੂਮਿਕਾ ਨਿਭਾਉਂਦੀ ਹੈ | ਇਹ ਗਿਆਰਾਂ ਸਾਹਿਤ ਦੇ ਮਰਜੀਵੜੇ ਸਾਡੇ ਲਈ ਮਾਣ-ਮੱਤੇ ਹਨ | ਸ੍ਰੀ ਕਲਸੀ ਨੇ ਪੂਰੀ ਦਿਆਨਤਦਾਰੀ ਨਾਲ ਇਸ ਪ੍ਰਯੋਜਨ ਨੂੰ ਨੇਪਰੇ ਚਾੜ੍ਹਨ ਲਈ ਪੂਰੀ ਮਿਹਨਤ ਕੀਤੀ ਹੈ | ਇਹ ਵੱਖਰੀ ਕਿਸਮ ਦੀ ਜਾਣਕਾਰੀ ਪਾਠਕ ਨੂੰ ਲਾਹੇਵੰਦ ਸਾਬਿਤ ਹੋਵੇਗੀ | ਇਹ ਪੁਸਤਕ ਪੜ੍ਹਨਯੋਗ ਹੈ | ਸਾਹਿਤਕਾਰਾਂ ਦੇ ਬਚਪਨ, ਸੰਘਰਸ਼, ਦਿ੍ਸ਼ਟੀ, ਸਿਰਜਣ ਪ੍ਰਕਿਰਿਆ ਤੇ ਸਾਹਿਤ ਦੇ ਉਦੇਸ਼ਾਂ ਬਾਰੇ ਚਾਨਣ ਵੰਡਦੀ ਹੈ |
-ਮਨਮੋਹਨ ਸਿੰਘ ਦਾਊਾ
ਮੋਬਾਈਲ : 98151-23900
ਚੌਵੀ ਖੂਹਾਂ ਤੇ
ਲੇਖਕ : ਨਿਰਮਲ ਸਿੰਘ ਢੁੱਡੀਕੇ
ਪ੍ਰਕਾਸ਼ਕ : ਅਲਫ਼ਾਜ਼ ਪ੍ਰਕਾਸ਼ਨ, ਲੁਧਿਆਣਾਮੁੱਲ : 150 ਰੁਪਏ, ਸਫ਼ੇ : 103
'ਚੌਵੀ ਖੂਹਾਂ 'ਤੇ' ਨਿਰਮਲ ਸਿੰਘ ਢੁੱਡੀਕੇ ਦੀ ਨਵੀਂ ਕਾਵਿ-ਪੁਸਤਕ ਹੈ, ਜਿਸ ਵਿਚ ਕਵੀ ਨੇ ਆਪਣੀਆਂ ਯਾਦਾਂ ਰੂਪੀ ਨਿੱਜੀ ਕਾਵਿ-ਅਨੁਭਵ ਪਾਠਕਾਂ ਦੀ ਨਜ਼ਰ ਕੀਤੇ ਹਨ | ਇਨ੍ਹਾਂ ਕਵਿਤਾਵਾਂ ਵਿਚ ਜਿਥੇ ਕਵੀ ਦਾ ਕੁਦਰਤ ਪ੍ਰਤੀ ਪ੍ਰੇਮ, ਨੈਤਿਕ ਕਦਰਾਂ-ਕੀਮਤਾਂ ਦੀ ਪੁਨਰ-ਸੁਰਜੀਤੀ, ਜੋ ਸਾਡੇ ਸਮਾਜਿਕ ਆਪੇ ਵਿਚੋਂ ਗੁਆਚ ਚੁੱਕੀਆਂ ਹਨ ਅਤੇ ਪੰਜਾਬ ਪ੍ਰਤੀ ਮੋਹ ਡੁੱਲ੍ਹ-ਡੁੱਲ੍ਹ ਪੈਂਦਾ ਦੇਖਿਆ ਜਾ ਸਕਦਾ ਹੈ | ਕਵੀ ਕੋਲ ਜ਼ਿੰਦਗੀ ਦਾ ਗੂੜ੍ਹ ਤਜਰਬਾ ਹੈ, ਇਸੇ ਕਰਕੇ ਹੀ ਉਹ ਉਨ੍ਹਾਂ ਸਮਾਜਿਕ ਵਿਸੰਗਤੀਆਂ ਨੂੰ ਸਮਾਜ ਵਿਚੋਂ ਦੂਰ ਕਰਨਾ ਚਾਹੁੰਦਾ ਹੈ, ਜੋ ਸਾਡੀ ਸਮਾਜਿਕ ਵਿਵਸਥਾ ਦਾ ਸਰਬਪੱਖੀ ਘਾਣ ਕਰ ਰਹੀਆਂ ਹਨ | ਆਪਣਾ ਹੰਕਾਰ ਮਾਰ ਕੇ ਹੀ ਅਸੀਂ ਦੂਜੇ ਦੀ ਭਲਾਈ ਬਾਰੇ ਸੋਚ ਸਕਦੇ ਹਾਂ | ਇਸ ਵਿਚ ਹੀ ਸਾਡੀ ਸਮਾਜਿਕ ਤਰੱਕੀ ਛੁਪੀ ਹੋਈ ਹੁੰਦੀ ਹੈ :
ਜ਼ਿੰਦਗੀ ਬੁਲਬੁਲਾ ਹੈ ਪਾਣੀ ਦਾ
ਗੱਲ ਕਰਦੈਂ ਕਿਹੜੇ ਗੁਮਾਨ ਦੀ
ਜਿਹੜਾ ਸਭ ਨੂੰ ਬਰਾਬਰ ਸਮਝੇ
ਇੱਜ਼ਤ ਕਰੋ ਉਸ ਨਿਸਾਨ ਦੀ |
ਕਵੀ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਇਸ ਕਾਵਿ-ਸੰਗ੍ਰਹਿ 'ਚ ਅਜਿਹੀਆਂ ਪੇਸ਼ ਹੋਈਆਂ ਹਨ, ਜਿਨ੍ਹਾਂ ਵਿਚ ਉਹ ਆਪਣੀ ਖੁਦੀ ਅਤੇ ਗ਼ਮਾਨ ਮਾਰਨ ਦੀ ਗੱਲ ਕਰਦਾ ਹੈ, ਇਸੇ ਕਰਕੇ ਉਸ ਦੀ ਕਵਿਤਾ ਵਿਚੋਂ ਸੂਫ਼ੀ ਕਵਿਤਾ ਵਾਲੀ ਦਾਰਸ਼ਨਿਕਤਾ ਦਾ ਝਾਉਲਾ ਵੀ ਪੈਂਦਾ ਹੈ |
ਸਦਾ ਨਾ ਮਹਿਲ ਚੁਬਾਰੇ ਰਹਿੰਦੇ
ਮਿਟ ਜਾਵਣ ਸਭ ਠਾਰਾਂ
ਸਦਾ ਨਾ ਮੇਲੀ, ਮੇਲੀ ਰਹਿੰਦੇ,
ਰੌਣਕ ਨਾ ਵਿਚ ਬਾਜ਼ਾਰਾਂ |
ਜਿਵੇਂ ਕਿ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਕਵੀ ਆਪਣੇ ਪੰਜਾਬ ਨੂੰ ਬਹੁਤ ਪਿਆਰ ਕਰਦਾ ਹੈ ਪਰ ਕਿਉਂਕਿ ਕਵੀ ਕੋਲ ਪਰਵਾਸ ਦਾ ਅਨੁਭਵ ਵੀ ਹੈ, ਇਸ ਕਰਕੇ ਉਹ ਪਰਵਾਸ ਦੀਆਂ ਦੁਸ਼ਵਾਰੀਆਂ ਦਾ ਜ਼ਿਕਰ ਵੀ ਕਰਦਾ ਹੈ, ਉਸ ਦੀਆਂ ਕਵਿਤਾਵਾਂ ਇਸੇ ਪ੍ਰਸੰਗ ਵਿਚ ਵੀ ਜ਼ਿਕਰਯੋਗ ਹਨ:
ਕੈਨੇਡਾ ਦਾ ਠੰਢਾ ਸੀਤ
ਮੌਸਮ ਦੰਦੀਆਂ ਵੱਢੇ
ਪਿੰਡ ਦੇ ਖੂਹ ਵਾਲਾ ਪਿੱਪਲ
ਜਿਵੇਂ ਦੰਦੀਆਂ ਕੱਢੇ
ਇਸੇ ਹੀ ਪ੍ਰਸੰਗ ਵਿਚ ਉਸ ਦੀ ਕਵਿਤਾ 'ਰੋਸ' ਵੀ ਦੇਖੀ ਜਾ ਸਕਦੀ ਹੈ | ਪੁਸਤਕ ਦੇ ਅਖੀਰ 'ਤੇ ਕਵੀ ਦੁਆਰਾ ਰੁਬਾਈਆਂ ਵੀ ਪੇਸ਼ ਕੀਤੀਆਂ ਗਈਆਂ ਹਨ | ਪੁਸਤਕ ਲਈ ਕਵੀ ਨੂੰ ਮੁਬਾਰਕਬਾਦ |
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ: 98141-68611
ਪੰਜਾਬ ਨਾਮਾ
ਕਵੀ : ਜਸਵਿੰਦਰ ਸਿੰਘ ਝਬਾਲ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 88
ਸੰਪਰਕ : 84270-88811
ਇਸ ਕਾਵਿ-ਸੰਗ੍ਰਹਿ ਵਿਚ ਸ਼ਾਮਿਲ 69 ਕਵਿਤਾਵਾਂ ਬਹੁਤ ਮਹਾਨ ਵਿਸ਼ੇ ਛੋਂਹਦੀਆਂ ਹਨ ਜਿਵੇਂ ਪੰਜਾਬ, ਪੰਜਾਬੀਅਤ, ਇਨਸਾਨੀਅਤ, ਰੂਹਾਨੀਅਤ ਅਤੇ ਮੁਹੱਬਤ ਆਦਿ | ਆਓ ਆਪਾਂ ਵੀ ਕੁਝ ਝਲਕਾਂ ਦੇਖੀਏ:-
-ਇਸ਼ਕ ਹਕੀਕੀ ਅਤੇ ਮਜਾਜ਼ੀ ਰੂਹ ਤੋਂ ਕਰਨਾ ਪੈਂਦਾ ਏ |
ਜਿੱਤਣਾ ਹੋਵੇ ਯਾਰ ਅਗਰ ਤਾਂ ਸਭ ਕੁਝ ਹਰਨਾ ਪੈਂਦਾ ਏ |
-ਭੁੱਲੇ ਭਟਕਿਆਂ ਨੂੰ ਰਾਹ ਦਿਖਾਵਣ, ਅੱਖਰ ਪੰਜਾਬੀ ਦੇ |
ਸਾਂਝਾਂ ਸਰਸਾ ਤੇ ਗੜ੍ਹੀ ਨਾਲ ਪਾਵਣ, ਅੱਖਰ ਪੰਜਾਬੀ ਦੇ |
-ਕਾਮ ਕਰੋਧ ਕਾਇਆ ਗਾਲਦਾ, ਛੱਡ ਕਰਨਾ ਲੋਭ ਮੋਹ ਹੰਕਾਰ |
ਹੋ ਨੀਵਾਂ ਬੰਦੇ ਕਰ ਬੰਦਗੀ, ਜੇ ਕਰਨਾ ਭਵਜਲ ਪਾਰ |
-ਭਟਕੇ ਨੂੰ ਰਾਹ ਵਿਖਾਵੇ ਗੁਰਬਾਣੀ | / ਰੂਹ ਸੜਦੀ ਨੂੰ ਠੰਢ ਪਾਵੇ ਗੁਰਬਾਣੀ |
-ਗ਼ੈਰਾਂ ਤੋਂ ਨਾ ਹਰਦਾ ਬੰਦਾ / ਆਪਣਿਆਂ ਤੋਂ ਡਰਦਾ ਬੰਦਾ |
ਕੁਝ ਕਵਿਤਾਵਾਂ ਇਤਿਹਾਸਕ ਘਟਨਾਵਾਂ ਨੂੰ ਉਜਾਗਰ ਕਰਦੀਆਂ ਹਨ ਜਿਵੇਂ ਸ਼ਹਾਦਤਾਂ, ਪਰਿਵਾਰ ਵਿਛੋੜਾ, ਚਮਕੌਰ, ਧਰਮ ਦੀ ਚਾਦਰ, 23 ਮਾਰਚ ਅਤੇ ਸਾਲ 84 ਵਾਲਾ | ਕੁਝ ਕਵਿਤਾਵਾਂ ਰੂਹਾਨੀਅਤ ਦੀ ਮਹਿਕ ਵਾਲੀਆਂ ਹਨ ਜਿਵੇਂ 'ਜਪੁਜੀ, ਗੁਰਬਾਣੀ, ਸੱਚਾ ਕਰਤਾਰ' ਆਦਿ | ਸਮੁੱਚੇ ਤੌਰ 'ਤੇ ਇਹ ਕਵਿਤਾਵਾਂ ਭਾਵਪੂਰਤ ਅਤੇ ਅਰਥ ਭਰਪੂਰ ਹਨ | ਇਨ੍ਹਾਂ ਦਾ ਸਵਾਗਤ ਹੈ |
-ਡਾ. ਸਰਬਜੀਤ ਕੌਰ ਸੰਧਾਵਾਲੀਆ
ਲਮਹਾ ਲਮਹਾ ਰਾਤ
ਲੇਖਕ : ਸੁਰਜੀਤ ਸਿੰਘ ਕਾਲੇਕੇ
ਪ੍ਰਕਾਸ਼ਕ : ਤਸਵੀਰ ਪ੍ਰਕਾਸ਼ਨ, ਸਿਰਸਾ
ਮੁੱਲ: 300 ਰੁਪਏ, ਸਫ਼ੇ : 163
ਸੰਪਰਕ : 94174-10736

'ਲਮਹਾ ਲਮਹਾ ਰਾਤ' ਪੁਸਤਕ ਦੇ ਰਚੇਤਾ ਸੁਰਜੀਤ ਸਿੰਘ ਕਾਲੇਕੇ ਦੀਆਂ ਇਸ ਤੋਂ ਪਹਿਲਾਂ 5 ਪੁਸਤਕਾਂ ਆ ਚੁੱਕੀਆਂ ਹਨ | 'ਦੋ ਪੱਤਰੇ ਪੰਜਾਬ ਦੇ' ਗ਼ਜ਼ਲ-ਸੰਗ੍ਰਹਿ ਨਾਲ ਉਨ੍ਹਾਂ ਨੇ ਪਹਿਲਾਂ ਵੀ ਗ਼ਜ਼ਲ ਰਚਨਾ ਕੀਤੀ ਹੈ | 'ਲਮਹਾ ਲਮਹਾ ਰਾਤ' ਦਾ ਸਮਰਪਣ ਸਮੁੱਚੇ ਪੰਜਾਬੀ ਸਾਹਿਤ ਸੰਸਾਰ ਨੂੰ ਕਰ ਕੇ ਉਨ੍ਹਾਂ ਪੰਜਾਬੀ ਪ੍ਰਤੀ ਆਪਣਾ ਫ਼ਰਜ਼ ਅਦਾ ਕੀਤਾ ਹੈ | ਇਸ ਗ਼ਜ਼ਲ ਸੰਗ੍ਰਹਿ ਵਿਚ ਸ਼ਾਮਿਲ ਗ਼ਜ਼ਲਾਂ ਦੀ ਭੂਮਿਕਾ ਪ੍ਰਸਿੱਧ ਪੰਜਾਬੀ ਲੇਖਕ ਪਦਮਸ੍ਰੀ ਅਜੀਤ ਕੌਰ ਨੇ ਲਿਖੀ ਹੈ | ਸਾਰੀਆਂ ਗ਼ਜ਼ਲਾਂ ਦੀ ਗਿਣਤੀ 108 ਹੈ, ਜਿਸ ਵਿਚ ਸਮਾਜਿਕ ਸਰੋਕਾਰ, ਮਾਨਵੀ ਸੰਵੇਦਨਾਵਾਂ, ਰਾਜਨੀਤਕ ਸਥਿਤੀਆਂ, ਪ੍ਰਦੂਸ਼ਣ ਦੀਆਂ ਵੰਗਾਰਾਂ ਆਦਿ ਬਾਰੇ ਕਵੀ ਨੇ ਖੁੱਲ੍ਹ ਕੇ ਲਿਖਿਆ ਹੈ | ਉਹ ਪੁਰਾਣੇ ਪੰਜਾਬ ਦੀ ਝਲਕ ਪੇਸ਼ ਕਰਦਾ ਲਿਖਦਾ ਹੈ :-
ਕਿੱਥੇ ਗਈਆਂ ਚਾਟੀਆਂ, ਕਿੱਧਰ ਮਧਾਣੀਆਂ
ਕਿੱਥੇ ਗਈਆਂ ਢੋਲੀਆਂ, ਭੜੋਲੀਆਂ ਤੇ ਮੱਟੀਆਂ
ਕਿੱਥੇ ਗਏ ਚਰਖੇ ਤੇ ਕਿੱਥੇ ਗਈਆਂ ਪੂਣੀਆਂ |
ਕਵੀ ਨੇ ਰੁਮਾਂਟਿਕ ਮਨੋਭਾਵਾਂ ਦਾ ਵੀ ਪ੍ਰਗਟਾਵਾ ਕੀਤਾ ਹੈ | ਆਪਣੇ ਪਿਆਰੇ ਤੋਂ ਵਿਛੜ ਕੇ ਵੀ ਨਾਇਕ ਦੇ ਉਨ੍ਹਾਂ ਭਾਵਾਂ ਬਾਰੇ ਪੇਸ਼ਕਾਰੀ ਕੀਤੀ ਹੈ ਜੋ ਪ੍ਰੀਤ ਨੂੰ ਹਉਕੇ ਦੇ ਰੂਪ ਵਿਚ ਕਿੱਧਰੇ ਸਾਂਭੀ ਬੈਠੇ ਹਨ:-
ਕਿੱਦਾਂ ਭੁੱਲਾਂ ਗਲੀਆਂ ਤੇਰੇ ਸ਼ਹਿਰ ਦੀਆਂ
ਖੰਡ ਮਿਸ਼ਰੀ ਦੀਆਂ ਡਲੀਆਂ ਤੇਰੇ ਸ਼ਹਿਰ ਦੀਆਂ
ਹੱਥ ਪੱਲੇ ਕੁਝ ਪੈਂਦਾ ਨਜ਼ਰ ਨਹੀਂ ਆਉਂਦਾ
ਸਿਰ 'ਤੇ ਸ਼ਾਮਾਂ ਢਲੀਆਂ ਤੇਰੇ ਸ਼ਹਿਰ ਦੀਆਂ |
ਕਵੀ ਨੇ ਰੁਮਾਂਟਿਕਤਾ ਦੇ ਨਾਲ-ਨਾਲ ਰੂਹਾਨੀ ਰਮਜ਼ਾਂ ਵੀ ਪ੍ਰਗਟਾਈਆਂ ਹਨ | ਉਹ ਸੂਫ਼ੀ ਰੰਗਤ ਰਾਹੀਂ ਪੂਰੀ ਕਾਇਨਾਤ ਨੂੰ ਮੁਖ਼ਾਤਿਬ ਹੁੰਦਾ ਹੈ:-
ਕਦੀ ਰਾਂਝਾ ਕਦੇ ਰਾਵਲ ਕਦੇ ਮੈਂ ਚਾਕ ਬਣ ਹੀਰੇ
ਤੇਰੀ ਹੀ ਖੋਜ ਦੇ ਵਿਚ ਜਫ਼ਰ ਰਹਿੰਦਾ ਜਾਲਦਾ ਹਾਂ ਮੈਂ
ਕਵੀ ਕਾਲੇਕੇ ਨੇ ਰਿਸ਼ਤਿਆਂ ਦੇ ਮੋਹ ਪ੍ਰਤੀ ਵੀ ਸੰਵੇਦਨਾਵਾਂ ਜ਼ਾਹਿਰ ਕੀਤੀ ਹੈ :
ਭੱਜੀਆਂ ਬਾਹਾਂ ਮੁੜ ਕੇ ਗਲ ਨੂੰ ਆਉਣਗੀਆਂ
ਆਖਰ ਜਿਨ੍ਹਾਂ ਜਣੀਆਂ ਉਨ੍ਹਾਂ ਬਣੀਆਂ ਨੇ
ਉਹ ਵਰਤਮਾਨ ਸਮੇਂ ਮਨੁੱਖ ਦੇ ਦੋਗਲੇ ਕਿਰਦਾਰ ਪ੍ਰਤੀ ਵੀ ਚਿੰਤਤ ਹੈ ਤੇ ਅਜਿਹੇ ਵਿਹਾਰ ਨੂੰ ਬਦਲਣ ਲਈ ਕਹਿੰਦਾ ਹੈ:
ਕਿੱਦਾਂ ਦੇ ਇਹ ਲੋਕ ਸੁਣੀਂਦੇ ਕਿੱਦਾਂ ਦਾ ਇਹ ਮੰਜ਼ਰ
ਮੂੰਹ ਵਿਚ ਸਭ ਦੇ ਰਾਮ ਰਾਮ ਹੈ, ਬਗਲਾਂ ਦੇ ਵਿੱਚ ਖੰਜਰ |
'ਲਮਹਾ ਲਮਹਾ ਰਾਤ, ਇਹ ਕਿਸ ਤਰ੍ਹਾਂ ਦੀ ਰੁੱਤ ਹੈ, ਗ਼ਮ ਦਾ ਦਰਿਆ ਦੂਰ ਨੇੜੇ, ਸ਼ਿਕਵਾ ਕਰਾਂ ਕੀ, ਤੇਰਾ ਚਿਹਰਾ, ਥੱਕ ਗਏ ਹਾਂ, ਦੂਰ-ਦੁਰੇਡੇ, ਕਿੱਦਾਂ ਭੁੱਲਾਂ, ਨੀ ਮੈਂ ਮੋਈ' ਆਦਿ ਗ਼ਜ਼ਲਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ | ਕਵੀ ਨੇ ਇਸ ਵਿਸ਼ੇਸ਼ ਗ਼ਜ਼ਲ-ਸੰਗ੍ਰਹਿ ਰਾਹੀਂ ਨਾਰੀ ਮਨ ਦੀਆਂ ਵੀ ਭਾਵਨਾਵਾਂ ਬਿਆਨ ਕੀਤੀਆਂ ਹਨ | ਭਰੂਣ ਹੱਤਿਆ ਬਾਰੇ ਬੜੀ ਖੁੱਲ੍ਹ ਕੇ ਲਿਖਿਆ ਹੈ | ਕਵੀ ਸੁਰਜੀਤ ਕਾਲੇਕੇ ਵਧਾਈ ਦਾ ਹੱਕਦਾਰ ਹੈ |
-ਪ੍ਰੋ. ਕੁਲਜੀਤ ਕੌਰ ਅਠਵਾਲ
ਜਲੰਧਰ |