11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

12-09-2026

12-09-2026

Ad Position 21
repet_subhas-goyals [Copy P29]
ਅਜੀਤ ਡੈਸਕ 12-09-2026

ਸਭ ਤੋਂ ਉਦਾਸ ਇਬਾਰਤ
ਲੇਖਕ : ਬਲਬੀਰ ਪਰਵਾਨਾ
ਪ੍ਰਕਾਸ਼ਕ : ਪੀਪਲਜ਼ ਫੋਰਮ, ਬਰਗਾੜੀ (ਪੰਜਾਬ)
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 95309-44345

ਢਾਹਾਂ ਪੁਰਸਕਾਰ ਜੇਤੂ ਬਲਬੀਰ ਪਰਵਾਨਾ ਚੌਥੀ ਪੀੜ੍ਹੀ ਦਾ ਪ੍ਰਮੱਖ ਕਹਾਣੀਕਾਰ ਕਰਕੇ ਜਾਣਿਆ ਜਾਂਦਾ ਹੈ | ਉਸ ਨੇ 18 ਦੇ ਕਰੀਬ ਨਾਵਲ/ਨਾਵਲਿਟ, ਚਾਰ ਕਹਾਣੀ-ਸੰਗਹਿ, ਦੋ ਮਿੰਨੀ ਕਹਾਣੀ-ਸੰਗ੍ਰਹਿ ਅਤੇ 6 ਕਾਵਿ-ਸੰਗ੍ਰਹਿ ਤੋਂ ਇਲਾਵਾ  ਹੋਰ ਵੀ ਬਹੁਤ ਸਾਰਾ ਸਾਹਿਤ ਸਿਰਜ ਕੇ ਪੰਜਾਬੀ ਸਾਹਿਤ ਨੂੰ  ਮਾਲਾਮਾਲ ਕੀਤਾ ਹੈ | ਪਰਵਾਨਾ ਦਾ ਪੰਜਵੇਂ ਕਹਾਣੀ-ਸੰਗ੍ਰਹਿ 'ਸਭ ਤੋਂ ਉਦਾਸ ਇਬਾਰਤ' ਵਿਚ 13 ਕਹਾਣੀਆਂ ਸ਼ਾਮਿਲ ਹਨ (ਮੰਮਾਂ ਸਮਝਦੇ ਕਿਉਂ ਨਹੀਂ, ਪਿੰਡ ਜਿਊਾਦਾ ਕਿੱਥੇ ਹੈ, ਜੜ੍ਹਾਂ ਤੋਂ ਟੁੱਟੇ, ਅੱਕ ਦੇ ਫੰਬੇ, ਭਲਾ ਐਊਾ ਵੀ ਕੋਈ ਕਰਦਾ ਹੁੰਦੈ, ਨਸਾਂ 'ਚ ਫੈਲਦਾ ਜ਼ਹਿਰ, ਸਭ ਤੋਂ ਉਦਾਸ ਇਬਾਰਤ, ਹਨੇਰੇ ਦਾ ਪਿਉ, ਅਮਦਰਲੇ ਕੁਰੂਖੇਤਰ, ਹਾਸ਼ੀਏ ਤੇ ਵਿਚਰਦੇ ਸੁਪਨੇ, ਕਰੈਸ਼ ਤੋਂ ਬਾਅਦ, ਅਲੋਪ ਹੁੰਦੀ ਇੱਕ ਪ੍ਰੇਮ ਕਥਾ |) ਪਰਵਾਨਾ ਬਾਲ ਮਨੋਵਿਗਿਆਨ ਨੂੰ  ਬਹੁਤ ਡੂੰਘਾਈ ਨਾਲ ਸਮਝਦਾ ਹੈ ਅਤੇ ਉਸ ਦੀਆਂ ਸੂਖ਼ਮ ਤੰਦਾਂ ਨੂੰ  ਸ਼ਬਦਾਂ ਰਾਹੀਂ ਵਧੀਆ ਢੰਗ ਨਾਲ ਪਰੋਣਾ ਵੀ ਜਾਣਦਾ ਹੈ | ਕਹਾਣੀ 'ਮੰਮਾ ਸਮਝਦੇ ਕਿਉਂ ਨਹੀਂ?' ਵਿਚਲਾ ਬਾਲ ਪਾਤਰ ਏਕਮ ਜਿਹੜਾ ਉਸਦੀ ਮਾਸੀ ਮੋਹਿਨੀ ਅਤੇ ਉਸ ਤੋਂ ਇੱਕ ਸਾਲ ਛੋਟੇ ਵਰੁਣ ਦੇ ਆਉਣ ਨਾਲ, ਜਿਸ ਤਰ੍ਹਾਂ ਆਪਣੇ-ਆਪ ਨੂੰ  ਆਪਣੀ ਮਾਂ ਹੱਥੋਂ ਨਜ਼ਰ ਅੰਦਾਜ਼ ਹੋਇਆ ਮਹਿਸੂਸ ਕਰਦਾ ਹੈ, ਇਹ ਉਸ ਦੀ ਬਰਦਾਸ਼ਤ ਤੋਂ ਬਾਹਰ ਹੈ | ਨਿੱਕੀਆਂ-ਨਿੱਕੀਆਂ ਛੋਹਾਂ ਨਾਲ ਲੇਖਕ ਏਕਮ ਦੇ ਮਾਨਸਿਕ ਦਵੰਦ ਨੂੰ  ਪੇਸ਼ ਕਰਦਾ ਹੈ | ਜਿਸ ਨੂੰ  ਉਸ ਦੀ ਮਾਂ ਕਵਿਤਾ ਨਹੀਂ ਸਮਝ ਪਾ ਰਹੀ | ਇੰਜ ਹੀ ਟਾਈਟਲ ਕਹਾਣੀ 'ਸਭ ਤੋਂ ਉਦਾਸ ਇਬਾਰਤ' ਦਰਅਸਲ ਵਿਦੇਸ਼ ਭੇਜੇ ਬੱਚਿਆਂ ਮਗਰੋਂ ਬਜ਼ੁਰਗ ਮਾਤਾ-ਪਿਤਾ ਦੀ ਇੱਕਲਤਾ, ਉਨ੍ਹਾਂ ਦਾ ਤ੍ਰਾਸਦਿਕ ਜੀਵਨ ਅਤੇ ਇਸ ਸੰਤਾਪ ਭੋਗਣ ਦੀ ਲਾਚਾਰੀ ਨੂੰ  ਬਹੁਤ ਯਥਾਰਥਮਈ ਢੰਗ ਨਾਲ ਚਿੱਤਰਿਆ ਗਿਆ ਹੈ | ਕਹਾਣੀ ਵਿਚ ਨਾਲ-ਨਾਲ ਵਧਦੇ ਪਰਵਾਸੀਆਂ ਦਾ ਪ੍ਰਦੇਸ਼ 'ਤੇ ਪ੍ਰਭਾਵ, ਮਲੀਨ ਹੁੰਦੀ ਸਿਆਸਤ, ਬੱਚੇ ਬਾਹਰ ਭੇਜਣ ਦੀ ਮਜਬੂਰੀ ਆਦਿ ਵੱਲ ਵੀ ਸੰਕੇਤ ਕੀਤੇ ਗਏ ਹਨ | 'ਅਲੋਪ ਹੁੰਦੀ ਪ੍ਰੇਮ ਕਥਾ' ਵਿਚ ਵੀ ਰੱਤੋ ਅਤੇ ਜੈਲੇ ਦੇ ਪ੍ਰੇਮ ਨੂੰ  ਅਗਲੀ ਪੀੜ੍ਹੀ ਵਲੋਂ ਭੁਲਾ ਦੇਣ ਨੂੰ  ਕੰਧਾ 'ਤੇ ਲਾਏ ਮਰਹੂਮਾਂ ਦੇ ਚਿੱਤਰਾਂ ਰਾਹੀ ਪ੍ਰਤੀਬਿੰਬਤ ਕੀਤਾ ਗਿਆ ਹੈ |
ਸਮੁੱਚੇ ਤੌਰ 'ਤੇ ਬਲਬੀਰ ਪਰਵਾਨਾ ਦੀ ਕਹਾਣੀ ਅਜੋਕੇ ਸਮੇਂ ਦੇ ਪਰਿਵਾਰਕ, ਸਮਾਜਕ ਅਤੇ ਰਾਜਨੀਤਕ ਦੌਰ ਦੇ ਜਟਿਲ ਹੁੰਦੇ ਜਾਂਦੇ ਵਰਤਾਰੇ ਦੀਆਂ ਸੂਖਮ ਤੰਦਾਂ ਨੂੰ  ਫੜਨ ਦੀ ਕੋਸਿਸ਼ ਕਰਦੀ ਹੈ | ਬਦਲ ਰਹੇ  ਵਿਸ਼ਵ ਸਰੋਕਾਰਾਂ ਦੇ ਪੈ ਰਹੇ ਵਿਸ਼ਵਵਿਆਪੀ ਪ੍ਰਭਾਵ ਦੀ ਵਿਸ਼ੇਸ਼ ਕਰਕੇ ਪੰਜਾਬੀ ਸੱਭਿਆਚਾਰ ਦੇ ਸੰਦਰਭ ਵਿਚ ਪੇਸ਼ਕਾਰੀ ਕਰਦੀ ਹੈ | ਅਜੋਕੀ ਪੂੰਜੀਵਾਦੀ ਵਿਵਸਥਾ, ਆਰਥਕ ਕਬਜ਼ਾਵਾਦੀ ਸੋਚ, ਕਾਰਪੋਰੇਟੀ ਜਕੜ ਰਾਹੀਂ ਹਰ ਕਿਸੇ ਨੂੰ  ਗੁਲਾਮ ਬਣਾਉਣ ਵਿਚ ਰੱੁਝੀ ਹੈ | ਸੂਚਨਾ ਤਕਨਾਲੋਜੀ ਰਾਹੀਂ ਪ੍ਰਭਾਵਿਤ ਹੋ ਰਹੀ ਅਜੋਕੀ ਪੀੜ੍ਹੀ, ਬਹੁਤ ਤੇਜ਼ੀ ਨਾਲ ਬਦਲ ਰਹੀ ਮਨੁੱਖੀ ਚੇਤਨਾ, ਮਨੁੱਖੀ ਵਿਵਹਾਰ, ਮਨੁੱਖੀ ਕਦਰਾਂ-ਕੀਮਤਾਂ, ਸੱਭਿਆਚਾਰ ਨੂੰ  ਬਲਬੀਰ ਪਰਵਾਨਾ ਨੇ ਆਪਣੀਆਂ ਕਹਾਣੀਆਂ ਵਿਚ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਚਿੱਤਰਿਆ ਹੈ | ਪਾਤਰਾਂ ਦਾ ਸਜੀਵ ਵਾਰਤਾਲਾਪ, ਵਿਚਾਰਾਂ ਦੀ ਜੜ੍ਹ ਨੂੰ  ਫੜਨਾ, ਮਨ ਦੀਆਂ ਤਹਿਆਂ ਨੂੰ  ਫਰੋਲਣਾ ਬਲਬੀਰ ਪਰਵਾਨਾ ਲਈ ਮੁਹਾਰਤ ਭਰਿਆ ਕਾਰਜ ਹੈ | ਪਿੰਡ ਤੋਂ ਲੈ ਕੇ ਗਲੋਬਲੀ ਵਰਤਾਰੇ ਦੀ ਤਬਦੀਲੀ ਦੇ ਨਕਸ਼ ਉਘਾੜਨਾ ਬਲਬੀਰ ਪਰਵਾਨਾ ਦੀਆਂ ਕਹਾਣੀਆਂ ਦੀ ਪ੍ਰਾਪਤੀ ਕਹੀ ਜਾ ਸਕਦੀ ਹੈ | ਸਮਾਂ, ਸਥਾਨ ਅਤੇ ਪਾਤਰਾਂ ਅਨੁਸਾਰ ਭਾਸ਼ਾ ਅਤੇ ਵਾਰਤਾਲਾਪ ਸੋਨੇ ਵਿਚ ਸੁਹਾਗੇ ਦਾ ਕੰਮ ਕਰਦਾ ਹੈ | ਬੰਦੇ ਅੰਦਰਲੇ ਬੰਦੇ ਅਤੇ ਉਸ ਦੀ ਮਾਨਸਿਕ ਤਿੜਕਣ ਦਾ ਪ੍ਰਗਟਾਅ ਕਰਦੀਆਂ ਇਹ ਕਹਾਣੀਆਂ ਰੌਚਕ ਤੇ ਪੜ੍ਹਨਯੋਗ ਹੀ ਨਹੀਂ ਸਗੋਂ ਪੰਜਾਬੀ ਕਹਾਣੀ ਦੀ ਪ੍ਰਾਪਤੀ ਹਨ |

-ਡਾ. ਧਰਮਪਾਲ ਸਾਹਿਲ
ਮੋਬਾਈਲ : 98761-16964

ਗੁਰੂ ਰਵਿਦਾਸ ਧਿਆਈਏ
(41 ਬੰਦਾਂ ਵਾਲੀ ਵਿਸ਼ਵ ਦੀ ਸਭ ਤੋਂ ਲੰਮੀ ਧਾਰਮਿਕ ਰਚਨਾ)
ਕਵੀ : ਕੁੰਦਨ ਲਾਲ ਭੱਟੀ
ਪ੍ਰਕਾਸ਼ਕ : ਸ਼ਾਈਨ ਬੁੱਕ ਪਬਲਸ਼ਿੰਗ ਬਿਲਾਸਪੁਰ (ਛੱਤੀਸਗੜ੍ਹ)
ਮੁੱਲ: 199 ਰੁਪਏ, ਸਫ਼ੇ 41
ਸੰਪਰਕ: 94643-17933

ਕਵੀ ਕੁੰਦਨ ਲਾਲ ਭੱਟੀ ਬਹੁਪੱਖੀ ਸਾਹਿਤਕਾਰ ਹਨ | ਬਾਲ-ਸਾਹਿਤ ਨੂੰ  ਸਮਰਪਿਤ ਇਸ ਲੇਖਕ ਨੇ ਵਿਸ਼ੇਸ਼ ਤੌਰ 'ਤੇ ਪ੍ਰਾਇਮਰੀ ਜਮਾਤਾਂ ਤੋਂ ਲੈ ਕੇ ਸੈਕੰਡਰੀ ਜਮਾਤਾਂ ਦੇ ਵਿਦਿਆਰਥੀਆਂ ਲਈ ਕਵਿਤਾਵਾਂ, ਲੇਖ ਨਿੱਕੇ ਨਾਟਕ, ਵੱਡੇ ਨਾਟਕ, ਵਾਰਤਕ ਤੇ ਗੀਤ ਰਚ ਕੇ ਖ਼ੁਦ ਨੂੰ  ਬਾਲ-ਸਾਹਿਤਕਾਰ ਸਾਬਤ ਕੀਤਾ ਹੈ | ਉਨ੍ਹਾਂ ਸਾਹਿਤ ਦੀ ਹਰੇਕ ਵੰਨਗੀ 'ਤੇ ਹੱਥ ਅਜ਼ਮਾਈ ਕਰਦਿਆਂ ਇਕ ਮਿਹਨਤੀ ਸਾਹਿਤਕਾਰ ਵਜੋਂ ਸਥਾਪਿਤੀ ਹਾਸਿਲ ਕੀਤੀ ਹੈ | ਇਸ ਪੁਸਤਕ ਵਿਚ ਉਨ੍ਹਾਂ ਬਤੌਰ ਇਕ ਮੰਝੇ ਹੋਏ ਕਵੀ ਵਜੋਂ ਸ੍ਰੀ ਗੁਰੂ ਰਵਿਦਾਸ ਵਲੋਂ ਕੀਤੀ ਜੀਵਨ ਘਾਲਣਾ, ਉਨ੍ਹਾਂ ਦੁਆਰਾ ਰਚੀ ਗੁਰਬਾਣੀ ਦੀ ਸਿਫ਼ਤ-ਸਲਾਹ ਕੀਤੀ ਹੈ ਅਤੇ ਸੰਗਤਾਂ ਨੂੰ  ਜੀਵਨ 'ਚ ਅਪਣਾ ਕੇ ਸਫ਼ਲ ਤੇ ਉੱਚਾ-ਸੁੱਚਾ ਜੀਵਨ ਜਿਊਣ ਦੀ ਨਿਮਰ ਤਾਕੀਦ ਕੀਤੀ ਹੈ | ਜੀਵਨ ਦੀਆਂ ਹੋਰ ਅਨੇਕਾਂ ਕਦਰਾਂ-ਕੀਮਤਾਂ ਨੂੰ  ਜੀਵਨ ਦਾ ਹਿੱਸਾ ਬਣਾਉਣ ਦਾ ਸਬਕ ਦਿੱਤਾ ਹੈ | ਬਿਹਤਰ ਕਾਵਿ-ਤਕਨੀਕ ਦੁਆਰਾ ਕਵੀ ਨੇ ਪੁਸਤਕ ਦੇ 41 ਸਫ਼ਿਆਂ 'ਤੇ 41 ਕਾਵਿ-ਬੰਦ ਦਰਜ ਕਰ ਕੇ ਪਾਠਕਾਂ ਨੂੰ  ਇਕ ਤੋਹਫ਼ੇ ਵਜੋਂ ਇਹ ਭਲੀ ਦਿੱਖ ਵਾਲੀ ਪੁਸਤਕ ਅਰਪਿਤ ਕੀਤੀ ਹੈ |

-ਸੁਰਿੰਦਰ ਸਿੰਘ 'ਕਰਮ ਲਧਾਣਾ'
ਮੋਬਾਈਲ : 98146-81444

ਸੁ ਅੰਮਿ੍ਤੁ ਗੁਰ ਤੇ ਪਾਇਆ

ਲੇਖਕ : ਜਗਦੀਸ਼ ਕੌਰ ਪ੍ਰਯਾਗਰਾਜ
ਪ੍ਰਕਾਸ਼ਕ : ਡੀ.ਪੀ. ਪਬਲਿਸ਼ਰਜ਼ ਐਂਡ ਮੀਡੀਆ ਹਾਊਸ, ਅੰਮਿ੍ਤਸਰ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : jk9820436@gmail.com

ਜਗਦੀਸ਼ ਕੌਰ ਪ੍ਰਯਾਗਰਾਜ ਦੀ ਚਰਚਾ ਅਧੀਨ ਪੁਸਤਕ ਗੁਰਮਤਿ ਵਿਚਾਰਧਾਰਾ ਤੋਂ ਪ੍ਰੇਰਿਤ ਤੇ ਪ੍ਰਭਾਵਿਤ ਹੋ ਕੇ ਲਿਖੀ ਗਈ ਹੈ, ਜਿਸ ਵਿਚਲੀਆਂ ਕੁੱਲ 23 ਵਾਰਤਕ ਲਿਖਤਾਂ ਲਿਖਣਹਾਰ ਦੀ ਜਿਥੇ ਗੁਰਬਾਣੀ ਪ੍ਰਤੀ ਅਨੰਤ ਸ਼ਰਧਾ ਨੂੰ  ਵਿਅਕਤ ਕਰਦੀਆਂ ਹਨ, ਉਥੇ ਪੜ੍ਹਨ ਵਾਲੇ ਪਾਠਕਾਂ ਨੂੰ  ਖਾਸੀ ਜਾਣਕਾਰੀ ਵੀ ਦਿੰਦੀਆਂ ਹਨ | 'ਨਾਨਕੁ ਤਿਨ ਕੈ ਸੰਗਿ ਸਾਥ', 'ਮਾਨਵ ਅਧਿਕਾਰ ਲਈ ਅਦੁੱਤੀ ਸ਼ਹਾਦਤ', 'ਗੁਰੂ ਗੋਬਿੰਦ ਸਿੰਘ ਜੀ ਤੇ ਉਨ੍ਹਾਂ ਦੇ ਸਾਹਿਬਜ਼ਾਦੇ', 'ਕਹਾ ਗਾਫਲ ਸੋਇਆ', 'ਸੱਚ ਤੇ ਕੱਚ ਦੀ ਖੋਜ : ਭਾਈ ਸਾਹਿਬ ਸਿੰਘ ਜੀ ਦਾ ਰਹਿਤਨਾਮਾ ਭਾਗ ਸੱਤਵਾਂ', 'ਇਕ ਚਿੱਠੀ ਤੇਰੇ ਨਾਮ ਦੀ', 'ਡਿਠੇ ਮੁਕਤ ਨ ਹੋਵਦੀ ਜਿਚਰ ਸਬਦ ਨ ਕਰੈ ਵੀਚਾਰ', 'ਅਕਲੀ ਕੀਚੈ ਦਾਨ', 'ਗੁਰੂ ਗ੍ਰੰਥ ਸਾਹਿਬ ਤੇ ਗੁਰਬਾਣੀ', 'ਸਿੱਖ ਇਤਿਹਾਸ ਵਿਚ ਸੱਚ ਤੇ ਕੱਚ ਦੀ ਪਰਖ ਗੁਰਬਾਣੀ ਆਧਾਰਿਤ', 'ਗੁਰਬਾਣੀ ਵਿਚ ਰੱਬੀ ਗੁਣਾਂ ਤੇ ਕਦਰਾਂ-ਕੀਮਤਾਂ ਦਾ ਸੰਕਲਪ', 'ਸੁ ਅੰਮਿ੍ਤੁ ਗੁਰ ਤੇ ਪਾਇਆ', 'ਆਗਾਹਾ ਕੁ ਤ੍ਰਾਘਿ', 'ਤੀਰਥ ਦਾ ਗੁਰਬਾਣੀ ਅਨੁਸਾਰ ਮਹੱਤਵ', 'ਧਰਮ ਕੀ ਹੈ?', 'ਅਰਦਾਸ ਤੇ ਸਿੱਖ', 'ਸ਼ਹਾਦਤ ਦਾ ਸੰਕਲਪ', 'ਆਨੰਦ', 'ਮੱਥਾ ਟੇਕਣਾ', 'ਚਿੰਤਾ ਦਾ ਵਿਸ਼ਾ', 'ਕੁਝ ਮਹੱਤਵਪੂਰਨ ਜਾਣਕਾਰੀ', 'ਵਿਸ਼ਵ ਵਾਤਾਵਰਨ ਦਿਵਸ' ਤੇ 'ਗੁਰਬਾਣੀ ਅਨੁਸਾਰ ਕੁਝ ਮਹੱਤਵਪੂਰਨ ਸ਼ਬਦ' ਸਿਰਲੇਖਾਂ ਰਾਹੀਂ ਅੰਤਰਵਸਤੂ ਦਾ ਸੰਕੇਤਕ ਗਿਆਨ ਸੁਤੇ ਸਿੱਧ ਹੀ ਹੋ ਜਾਂਦਾ ਹੈ |  ਪੁਸਤਕ ਦੇ ਆਰੰਭ 'ਚ ਜਿਨ੍ਹਾਂ ਵਿਦਵਾਨਾਂ ਨੇ ਆਪਣੀ ਰਾਇ ਇਸ ਪੁਸਤਕ ਬਾਬਤ ਲਿਖੀ ਹੈ, ਉਹ ਹਨ : ਡਾ. ਹਰਜਿੰਦਰ ਸਿੰਘ ਦਿਲਗੀਰ, ਮਨਿੰਦਰ ਕੌਰ 'ਮਾਨ', ਡਾ. ਹਰਜਿੰਦਰ ਸਿੰਘ, ਪ੍ਰੋ. ਸ਼ਿਲਪੀ ਸੇਠ, ਗਿਆਨੀ ਸੁਖਵਿੰਦਰ ਸਿੰਘ (ਹੈੱਡ ਗ੍ਰੰਥੀ ਗੁਰਦੁਆਰਾ ਬਾਲਾ ਸਾਹਿਬ ਦਿੱਲੀ) ਤੇ ਡਾ. ਦਲਜੀਤ ਸਿੰਘ | ਹਰ ਸੱਜਣ ਦੀ ਰਾਇ ਆਪੋ-ਆਪਣੀ ਥਾਂ ਉਚਿਤ ਹੈ | ਇਸ ਪੁਸਤਕ ਬਾਬਤ ਡਾ. ਹਰਜਿੰਦਰ ਸਿੰਘ ਦਿਲਗੀਰ ਦੀਆਂ ਇਨ੍ਹਾਂ ਸਤਰਾਂ 'ਚੋਂ ਕਲਮਕਾਰ ਦੀ ਸੂਖਮ ਆਂਤਿ੍ਕ ਸੂਝ ਦੀ ਬਿਹਤਰ ਸਮਝ ਆਉਂਦੀ ਹੈ:-'ਜਗਦੀਸ਼ ਕੌਰ ਨੂੰ  ਗੁਰਬਾਣੀ, ਸਿੱਖ ਫਲਸਫ਼ੇ ਅਤੇ ਸਿੱਖ ਇਤਿਹਾਸ ਦੀ ਡੂੰਘੀ ਸਮਝ ਹੈ | ਉਸ ਨੇ ਇਹ ਕਿਤਾਬ ਲਿਖ ਕੇ ਕੌਮ ਨੂੰ  ਗੁਰਮਤਿ ਗਾਡੀਰਾਹ 'ਤੇ ਚੱਲਣ ਵਾਸਤੇ ਸਿੱਖਿਆ ਦਿੱਤੀ ਹੈ | ਹਰ ਇਕ ਸੰਜੀਦਾ ਸਿੱਖ ਨੂੰ  ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ |
-ਹਰਮੀਤ ਸਿੰਘ ਅਟਵਾਲ
ਮੋਬਾਈਲ : 98155-05287

 

ਬਿਖੜਾ ਪੈਂਡਾ 
(ਗੁਰੂ ਗੋਬਿੰਦ ਸਿੰਘ ਮਾਰਗ)
-ਸ੍ਰੀ ਅਨੰਦਪੁਰ ਸਾਹਿਬ ਤੋਂ ਤਲਵੰਡੀ ਸਾਬੋ-
ਲੇਖਕ : ਕਰਮਜੀਤ ਸਿੰਘ ਧਾਲੀਵਾਲ (ਯੂ.ਐਸ.ਏ.), ਮੁਖਤਿਆਰ ਸਿੰਘ ਬਰਾੜ (ਦੀਨਾ ਸਾਹਿਬ)
ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨਜ਼ ਬਠਿੰਡਾ
ਮੁੱਲ : 250 ਰੁਪਏ, ਸਫ਼ੇ : 116
ਸੰਪਰਕ : 98142-82865


ਹਥਲੀ ਪੁਸਤਕ ਦੇ ਸੁਹਿਰਦ ਲੇਖਕ ਨੇ ਆਪਣੇ ਮਿੱਤਰ ਕਰਮਜੀਤ ਸਿੰਘ ਧਾਲੀਵਾਲ ਅਮਰੀਕਾ ਵਾਸੀ ਦੇ ਸਹਿਯੋਗ ਨਾਲ ਸੰਖੇਪ ਜਾਣਕਾਰੀ ਭਰਪੂਰ ਇਹ ਪੁਸਤਕ ਪਾਠਕਾਂ ਦੇ ਸਪੁਰਦ ਕੀਤੀ ਹੈ | ਪੁਸਤਕ ਦੇ ਟਾਈਟਲ ਪੰਨੇ ਉੱਪਰ ਸ੍ਰੀ ਅਨੰਦਪੁਰ ਸਾਹਿਬ ਤੋਂ ਤਲਵੰਡੀ ਸਾਬੋ ਤੱਕ ਗੁਰੂ ਗੋਬਿੰਦ ਸਿੰਘ ਮਾਰਗ ਦਾ ਨਕਸ਼ਾ ਨਾਵਾਂ ਥਾਵਾਂ ਸਮੇਤ ਦਿੱਤਾ ਗਿਆ ਹੈ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਰਗੀ ਗੁਰੂ ਕੀ ਨਗਰੀ ਧਰਤੀ ਨੂੰ  ਛੱਡਣ ਤੋਂ ਉਪਰੰਤ ਮਾਲਵੇ ਦੀ ਧਰਤੀ ਦੇ ਪਿੰਡ ਦੀਨਾ ਕਾਂਗੜ ਵਿਖੇ 3 ਮਹੀਨੇ 13 ਦਿਨ ਗੁਜ਼ਾਰੇ | ਇਥੋਂ ਹੀ ਸਮੇਂ ਦੀ ਹਕੂਮਤ ਦੇ ਬਾਦਸ਼ਾਹ ਨੂੰ  ਜ਼ਫ਼ਰਨਾਮਾ (ਫ਼ਤਹਿ ਦੀ ਚਿੱਠੀ) ਲਿਖਿਆ | ਜਿਸ ਨੂੰ  ਪੜ੍ਹ ਕੇ ਉਸ ਨਿਰਦਈ ਬਾਦਸ਼ਾਹ ਦੇ ਪਾਪ ਕੰਬ ਗਏ | ਲੇਖਕ ਮੁਤਾਬਿਕ ਇਹ ਇਤਿਹਾਸਕ ਪਿੰਡ ਸਮੇਂ ਦੀਆਂ ਸਰਕਾਰਾਂ ਵਲੋਂ ਹਮੇਸ਼ਾ ਅਣਗੌਲਿਆ ਹੀ ਰਿਹਾ | ਇਸ ਪੁਸਤਕ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ 'ਤੇ ਸਥਿਤ ਇਤਿਹਾਸਕ ਥਾਵਾਂ ਦੀ ਜਾਣਕਾਰੀ ਸੰਖੇਪ ਰੂਪ ਵਿਚ ਦਿੱਤੀ ਗਈ ਹੈ | 
ਇਨ੍ਹਾਂ ਲੇਖਾਂ ਵਿਚ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ, ਪੰਜ ਪਿਆਰਿਆਂ ਦੀ ਸਾਜਨਾ, ਪਰਿਵਾਰ ਵਿਛੋੜਾ, ਗੁਰਦੁਆਰਾ ਭੱਠਾ ਸਾਹਿਬ, ਚਮਕੌਰ ਦੀ ਗੜ੍ਹੀ, ਜ਼ਫ਼ਰਨਾਮਾ (ਜਿੱਤ ਦੀ ਚਿੱਠੀ), ਅਰਥਾਂ ਸਮੇਤ, ਮੁਕਤਸਰ ਸਾਹਿਬ ਦੀ ਜੰਗ, ਤਲਵੰਡੀ ਸਾਬੋ ਵਿਖੇ, ਦਮਦਮਾ ਸਾਹਿਬ ਵਿਖੇ ਮੁਕਾਮ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ, ਗੁਰਬਾਣੀ ਦੇ ਅਰਥ ਬੋਧ ਤੇ ਕਥਾ, ਸਰੂਪਾਂ ਦੇ ਉਤਾਰੇ, ਗੁਰੂ ਕਾਸ਼ੀ ਦਾ ਵਰਦਾਨ, ਅੰਮਿ੍ਤ ਸੰਚਾਰ, ਮਾਲਵੇ ਨੂੰ  ਵਰਦਾਨ, ਦੱਖਣ ਵੱਲ ਕੂਚ, ਨਾਂਦੇੜ ਆਗਮਨ, ਗੁਰੂ ਸਾਹਿਬ 'ਤੇ ਹਮਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ  ਗੁਰਤਾਗੱਦੀ ਤੇ ਸਚਖੰਡ ਗਮਨ ਦਾ ਵੇਰਵਾ ਭਾਵਪੂਰਤ ਸ਼ਬਦਾਂ ਵਿਚ ਅੰਕਿਤ ਕੀਤਾ ਹੈ | ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਾਰਗ 'ਤੇ ਸਥਿਤ ਗੁਰਦੁਆਰਾ ਸਾਹਿਬਾਨ ਸੰਬੰਧੀ ਦੋ ਦਰਜਨ ਲੇਖਾਂ ਵਿਚ ਸੰਖੇਪ ਜਾਣਕਾਰੀ ਦਿੱਤੀ ਗਈ ਹੈ |
ਇਨ੍ਹਾਂ ਵਿਚ ਦੀਨਾ ਕਾਂਗੜ ਦਾ ਇਤਿਹਾਸ ਤਸਵੀਰਾਂ ਸਹਿਤ, ਗੁਰਦੁਆਰਾ ਚਰਨ ਕੰਵਲ ਸਾਹਿਬ ਮਾਛੀਵਾੜਾ, ਕਵਾਣਾ, ਆਲਮਗੀਰ, ਰਾਏਕੋਟ, ਹੇਰਾਂ, ਲੰਮੇ-ਜੱਟਪੁਰਾ, ਤਖਤੂਪੁਰਾ, ਮਧੇ ਕੇ, ਦੀਨਾ, ਦਿਆਲਪੁਰਾ, ਭਦੌੜ, ਭਗਤਾ ਭਾਈ ਕਾ, ਬਰਖਾੜੀ, ਮੱਤਾ, ਜੈਤੋ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਸੰਬੰਧੀ ਦੀ ਜਾਣਕਾਰੀ, ਇਸ ਤੋਂ ਅੱਗੇ ਦੱਖਣ ਸਥਿਤ ਹੀਰਾ ਘਾਟ, ਸ਼ਿਕਾਰਘਾਟ, ਸੰਗਤ ਸਾਹਿਬ, ਨਗੀਨਾ ਘਾਟ, ਬੰਦਾ ਘਾਟ, ਮਾਤਾ ਸਾਹਿਬ ਦੇਵਾ, ਔਰੰਗਾਬਾਦ ਵਿਖੇ ਗੁਰਦੁਆਰਾ ਭਾਈ ਦਇਆ ਸਿੰਘ, ਅੰਗੀਠਾ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਬੁੰਗਾ ਮਾਤਾ ਭਾਗੋ ਜੀ ਦੇ ਸਥਿਤ ਗੁਰੂ ਘਰਾਂ ਦੀਆਂ ਬਲੈਕ ਐਂਡ ਵਾਈਟ ਤਸਵੀਰਾਂ ਸਮੇਤ ਸੰਖੇਪ ਇਤਿਹਾਸ ਪੰਛੀ ਝਾਤ ਪਾਈ ਗਈ ਹੈ | ਲੇਖਕ ਨੇ ਸੁਖੈਨ ਭਾਸ਼ਾ ਸ਼ੈਲੀ ਵਿਚ ਸਖ਼ਤ ਘਾਲਣਾ ਘਾਲੀ ਹੈ | ਮੌਜੂਦਾ ਸਮੇਂ ਅਨੁਸਾਰ ਪੁਸਤਕ ਵਿਚ ਸ਼ਾਮਿਲ ਤਸਵੀਰਾਂ ਰੰਗਦਾਰ ਹੁੰਦੀਆਂ ਤਾਂ ਸੋਨੇ 'ਤੇ ਸੁਹਾਗਾ ਵਾਲਾ ਕਾਰਜ ਹੋਣਾ ਸੀ | ਲੇਖਕ ਇਸ ਇਤਿਹਾਸਕ ਕਾਰਜ ਲਈ ਵਧਾਈ ਦਾ ਪਾਤਰ ਹੈ |

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਵਕੀਲ ਜਸਦੀਪ ਕੰਬੋਜ ਇਤਿਹਾਸਿਕ ਜਿੱਤ ਦਰਜ ਕਰ 6ਵੀਂ ਵਾਰ ਬਣੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਗਲੀ ਖ਼ਬਰ ਮਨੁੱਖ ਦਾ ਮਨੁੱਖ ਵਿਰੁੱਧ ਕੀਤਾ ਜ਼ੁਲਮ, ਹਜ਼ਾਰਾਂ ਲੋਕਾਂ ਨੂੰ ਰੁਆ ਦਿੰਦਾ ਹੈ | ¸ਹੋਰੇਸ ਵਾਲਪੋਲ
Ad Position 24