12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

13-09-2026

13-09-2026

Ad Position 21
repet_subhas-goyals [Copy P29]
ਅਜੀਤ ਡੈਸਕ 13-09-2026

ਮੇਰੀ ਸੋਚ ਦੇ ਸੁਨੇਹੇ
ਲੇਖਕ : ਜੰਗੀਰ ਸਿੰਘ ਦਿਲਬਰ
ਪ੍ਰਕਾਸ਼ਕ : ਫਰਵਾਹੀ ਪਿ੍ੰਟਿੰਗ ਪ੍ਰੈਸ, ਬਰਨਾਲਾ
ਮੁੱਲ : 250 ਰੁਪਏ, ਸਫ਼ੇ : 147
ਸੰਪਰਕ : 98770-33838

34 ਲੇਖਾਂ 'ਤੇ ਅਧਾਰਿਤ ਇਸ ਪੁਸਤਕ 'ਮੇਰੀ ਸੋਚ ਦੇ ਸੁਨੇਹੇ' ਵਿਚ ਲੇਖਕ ਨੇ ਵੱਖਰੇ-ਵੱਖਰੇ ਵਿਸ਼ਿਆਂ ਬਾਰੇ ਲਿਖੇ ਲੇਖਾਂ ਵਿਚ ਆਪਣੇ ਵਿਚਾਰ ਪਾਠਕਾਂ ਸਾਹਮਣੇ ਪੇਸ਼ ਕੀਤੇ ਹਨ | ਉਸ ਦੁਆਰਾ ਚੁਣੇ ਵਿਸ਼ੇ ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਸਮਕਾਲੀ ਘਟਨਾਵਾਂ ਬਾਰੇ ਹਨ | ਪਹਿਲੇ ਲੇਖ ਵਿਚ ਉਹ ਦੇਸ਼ ਦੇ ਪੰਜ ਨੇਤਾਵਾਂ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਕਾਨੂੰਨ ਮੰਤਰੀ, ਰੱਖਿਆ ਮੰਤਰੀ ਤੇ ਗ੍ਰਹਿ ਮੰਤਰੀ ਚੋਣ ਲਈ ਨਵਾਂ ਅਤੇ ਵਿਸ਼ੇਸ਼ ਢੰਗ ਸੁਝਾਉਂਦਾ ਹੈ | ਉਸ ਦੁਆਰਾ ਸੁਝਾਏ ਇਹ ਢੰਗ ਭਾਵੇਂ ਇਸ ਦੇਸ਼ ਦੇ ਸੰਵਿਧਾਨ ਅਨੁਸਾਰ ਸੰਭਵ ਨਹੀਂ ਪਰ ਫਿਰ ਵੀ ਵਿਚਾਰ ਅਧੀਨ ਹੋ ਸਕਦੇ ਹਨ | ਇਹਨਾਂ ਲੇਖਾਂ ਵਿਚ ਉਹ ਈ.ਵੀ.ਐਮ. ਵੋਟਿੰਗ ਮਸ਼ੀਨਾਂ ਰਾਹੀਂ ਵੋਟਾਂ ਵਿਚ ਹੋਣ ਵਾਲੀ ਧੋਖੇ ਦੀ ਗੱਲ ਕਰਦਾ ਹੈ, ਧਾਰਮਿਕ ਸਥਾਨਾਂ ਅਤੇ ਧਾਰਮਿਕ ਗ੍ਰੰਥਾਂ ਦੀ ਬੇਪਤੀ ਜਾਂ ਬੇਕਦਰੀ ਕਰਨ ਵਿਰੁੱਧ ਆਵਾਜ਼ ਉਠਾਉਂਦਾ ਹੈ, ਸਰਕਾਰ ਦੁਆਰਾ ਨਾਗਰਿਕਾਂ ਨੂੰ  ਦਿੱਤੀਆਂ ਜਾ ਰਹੀਆਂ ਮੁਫ਼ਤ ਸਹੂਲਤਾਂ ਕਾਰਨ ਦੇਸ਼ ਦੀ ਆਰਥਿਕਤਾ 'ਤੇ ਪੈਂਦੇ ਦੁਸ਼ ਪ੍ਰਭਾਵ ਨੂੰ  ਵਿਸ਼ਾ ਬਣਾਉਂਦਾ ਹੈ, ਢੋਂਗੀ ਬਾਬਿਆਂ ਅਤੇ ਡੇਰਿਆਂ ਦੇ ਪੋਲ ਖੋਲ੍ਹਦਾ ਹੈ, ਧਰਮ ਦੇ ਨਾਮ 'ਤੇ ਹੁੰਦੀ ਆਮ ਜਨਤਾ ਦੀ ਲੁੱਟ ਦੀ ਗੱਲ ਕਰਦਾ ਹੈ, ਦੇਸ਼ ਵਿਚ ਤਲਾਕਾਂ ਦੇ ਵਧ ਰਹੇ ਕੇਸਾਂ ਕਾਰਨ ਚਿੰਤਿਤ ਨਜ਼ਰ ਆਉਂਦਾ ਹੈ, ਬਜਰੀ ਦੀ ਲੁੱਟ ਦੀ ਗੱਲ ਕਰਦਾ ਹੈ, ਨਸ਼ਿਆਂ ਦੀ ਵਧ ਰਹੀ ਬੁਰਾਈ ਬਾਰੇ ਲਿਖਦਾ ਹੈ, ਸਾਹਿਤਕਾਰਾਂ ਦੁਆਰਾ ਆਪਣੀ ਲਿਖਤਾਂ ਲਈ ਚੁਣੇ ਜਾਣ ਵਾਲੇ ਵਿਸ਼ਿਆਂ ਬਾਰੇ ਚਰਚਾ ਕਰਦਾ ਹੈ, ਹੜ੍ਹਾਂ ਦੀ ਮਾਰ ਝੱਲਦੇ ਨਾਗਰਿਕਾਂ ਬਾਰੇ ਦੱਸਦਾ ਹੈ, ਦਰਬਾਰ ਸਾਹਿਬ ਅੰਮਿ੍ਤਸਰ 'ਤੇ ਹੋਏ ਹਮਲੇ ਬਾਰੇ ਲੇਖ ਲਿਖਦਾ ਹੈ, ਪਹਾੜੀ ਖੇਤਰਾਂ ਵਿਚ ਹੋ ਰਹੇ ਭਿਆਨਕ ਹਾਦਸਿਆਂ ਨੂੰ  ਰੋਕਣ ਲਈ ਉਪਾਅ ਸੁਝਾਉਂਦਾ ਹੈ, ਮਾਰੂ ਹਥਿਆਰਾਂ ਦੇ ਵਿਰੋਧ ਵਿਚ ਬੋਲਦਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਾਰੇ ਆਪਣੇ ਵਿਚਾਰ ਦਿੰਦਾ ਹੈ, ਪਰਵਾਸੀ ਮਜ਼ਦੂਰਾਂ ਦੀ ਲੋੜ ਬਾਰੇ ਲਿਖਦਾ ਹੈ, ਰਿਸ਼ਵਤ ਹਟਾਉਣੀ ਚਾਹੁੰਦਾ ਹੈ ਅਤੇ ਦੇਸ਼ ਦੇ ਤਿਉਹਾਰਾਂ ਵਿਚ ਜਨਤਾ ਦੀ ਹੋ ਰਹੀ ਲੁੱਟ ਦੀ ਅਸਲੀਅਤ ਪਾਠਕਾਂ ਸਾਹਮਣੇ ਲਿਆਉਂਦਾ ਹੈ | ਇਸ ਢੰਗ ਨਾਲ ਲੇਖਕ ਨੇ ਸਮਕਾਲੀ ਚਰਚਿਤ ਵਿਸ਼ਿਆਂ ਨੂੰ  ਆਪਣੇ ਲੇਖਾਂ ਦਾ ਆਧਾਰ ਬਣਾਇਆ ਹੈ | ਲੇਖਾਂ ਦੀ ਭਾਸ਼ਾ ਸਰਲ ਅਤੇ ਚਰਚਾ ਕੀਤੇ ਗਏ ਨੁਕਤੇ ਸਾਦੇ ਤੇ ਆਮ ਪਾਠਕਾਂ ਦੀ ਸਮਝ ਵਿਚ ਆਉਣ ਵਾਲੇ ਹਨ | ਇਸ ਢੰਗ ਨਾਲ ਇਹ ਪੁਸਤਕ ਲੋਕਾਂ ਦੇ ਜਿਹਨ ਝੰਜੋੜਨ ਵਿਚ ਕਾਮਯਾਬ ਹੋਵੇਗੀ |

-ਡਾ. ਸੰਦੀਪ ਰਾਣਾ
ਮੋਬਾਈਲ : 98728-87551

ਬਲਦੇਵ ਸਿੰਘ 'ਬੱਦਨ' ਦੀ ਗ਼ਜ਼ਲ ਚੇਤਨਾ
ਸੰਪਾਦਕ : ਅਮਰੀਕ ਡੋਗਰਾ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼ ਸਮਾਣਾ
ਮੁੱਲ : 300 ਰੁਪਏ, ਸਫ਼ੇ : 144
ਸੰਪਰਕ : 98141-52223

ਡਾ. ਬਲਦੇਵ ਸਿੰਘ 'ਬੱਦਨ' ਨੇ ਪੰਜਾਬੀ ਆਲੋਚਨਾ, ਅਨੁਵਾਦ ਤੇ ਸੰਪਾਦਨ ਦੇ ਖੇਤਰ ਵਿਚ ਬਹੁਤ ਭਰਵਾਂ ਤੇ ਉੱਚ ਪਾਏ ਦਾ ਕੰਮ ਕੀਤਾ ਹੈ | ਵਿਸ਼ੇਸ਼ ਕਰਕੇ, ਅਨੁਵਾਦ ਤੇ ਸੰਪਾਦਨ ਦੇ ਖੇਤਰ ਵਿਚ ਤਾਂ ਪੰਜਾਬੀ ਦੇ ਕਿਸੇ ਹੋਰ ਲੇਖਕ ਦੀ ਉਸ ਨਾਲ ਤੁਲਨਾ ਕਰਨੀ ਮੁਸ਼ਕਿਲ ਜਾਪਦੀ ਹੈ | ਨੈਸ਼ਨਲ ਬੁੱਕ ਟਰੱਸਟ ਵਿਚ ਸੇਵਾ ਕਾਲ ਦੌਰਾਨ ਬਤੌਰ ਉੱਚ ਅਧਿਕਾਰੀ ਉਸ ਦੇ ਸਾਹਿਤਕ ਕੰਮ ਦੀ ਚਾਲ ਤੇ ਗੁਣਵੱਤਾ ਦਾ ਮਿਆਰ ਕਮਾਲ ਦਾ ਸੀ | ਕਵਿਤਾ ਤੇ ਗ਼ਜ਼ਲ ਰਚਨਾ ਵੀ ਉਸ ਦੇ ਅੰਗ-ਸੰਗ ਰਹੀ ਪਰ ਉਸ ਨੇ ਇਸ ਨੂੰ  ਕਿਤਾਬੀ ਰੂਪ ਦੇਣ ਵਿਚ ਕਾਫ਼ੀ ਘੌਲ ਵਰਤੀ | ਇਸੇ ਕਾਰਨ, ਬਤੌਰ ਕਵੀ ਵਾਲਾ ਉਸ ਦਾ ਬਿੰਬ ਅਣਗੌਲਿਆ ਰਿਹਾ | 
ਹੁਣ ਇਕਦਮ ਉਸ ਨੇ ਰਫ਼ਤਾਰ ਫੜੀ ਹੈ ਅਤੇ ਪਿਛਲੇ ਤਿੰਨ ਸਾਲਾਂ ਵਿਚ ਚਾਰ ਗ਼ਜ਼ਲ ਸੰਗ੍ਰਹਿ ਤੇ ਦੋ ਕਾਵਿ-ਸੰਗ੍ਰਹਿਆਂ ਦੀ ਉਪਰੋਥਲੀ ਪ੍ਰਕਾਸ਼ਨਾ ਕੀਤੀ ਗਈ ਹੈ | ਰੀਵਿਊ ਅਧੀਨ ਪੁਸਤਕ ਬਲਦੇਵ ਸਿੰਘ 'ਬੱਦਨ' ਦੀ ਗ਼ਜ਼ਲ ਚੇਤਨਾ ਉਸ ਦੇ ਗ਼ਜ਼ਲ ਸੰਗ੍ਰਹਿ 'ਧੁਖਦੀਆਂ ਪੈੜਾਂ ਦੀ ਚਿੱਤਰਕਾਰੀ' (2025) 'ਤੇ ਆਧਾਰਿਤ ਆਲੋਚਨਾ ਪੁਸਤਕ ਹੈ, ਜਿਸ ਦਾ ਸੰਪਾਦਨ ਉੱਘੇ ਸ਼ਾਇਰ ਅਮਰੀਕ ਡੋਗਰਾ ਨੇ ਕੀਤਾ ਹੈ | ਇਸ ਪੁਸਤਕ ਵਿਚ ਅਮਰੀਕ ਡੋਗਰਾ ਤੋਂ ਇਲਾਵਾ ਗ਼ਜ਼ਲ ਸਿਨਫ਼ ਦੇ ਮਾਹਿਰ ਸੁਲੱਖਣ ਸਰਹੱਦੀ, ਪਿ੍ੰ. ਕਿਸ਼ਨ ਸਿੰਘ, ਪਵਨ ਹਰਚੰਦਪੁਰੀ, ਪਿ੍ੰ. (ਡਾ.) ਇੰਦਰਜੀਤ ਸਿੰਘ 'ਵਾਸੂ', ਸੁਖਦੇਵ ਸਿੰਘ ਔਲਖ, ਸਿਰੀ ਰਾਮ ਅਰਸ਼, ਡਾ. ਅਮਰ ਕੋਮਲ, ਤਰਸੇਮ ਸਿੰਘ ਭੰਗੂ, ਗੁਰਜਿੰਦਰ ਸਿੰਘ ਰਸੀਆ, ਤੇਜਿੰਦਰ ਚੰਡਿਹੋਕ ਤੇ ਦੀਪ ਜਗਦੀਪ ਆਲੋਚਕਾਂ/ਕਵੀਆਂ ਦੇ ਲੇਖ ਸ਼ਾਮਿਲ ਕੀਤੇ ਗਏ ਹਨ |
ਇਸ ਪੁਸਤਕ ਵਿਚ ਸੰਪਾਦਕ ਨੇ ਕੋਸ਼ਿਸ਼ ਕੀਤੀ ਹੈ ਕਿ 'ਬੱਦਨ' ਵੀ ਗ਼ਜ਼ਲ ਰਚਨਾ ਦੇ ਵਿਚਾਰਧਾਰਕ, ਵਿਸ਼ੇਗਤ, ਰੂਪਗਤ ਤੇ ਤਕਨੀਕੀ ਪੱਖਾਂ ਨੂੰ  ਅਧਿਐਨ ਦੇ ਘੇਰੇ ਵਿਚ ਲਿਆਂਦਾ ਜਾਵੇ | ਪੁਸਤਕ ਦੇ ਘੱਟੋ-ਘੱਟ 4-5 ਲੇਖਾਂ ਨੂੰ  ਮੈਂ ਇਸ ਦਿ੍ਸ਼ਟੀ ਤੋਂ ਅਹਿਮ ਮੰਨਦਾ ਹਾਂ | ਰੂਪਗਤ/ਤਕਨੀਕੀ ਪੱਖ ਤੋਂ ਸੁਲੱਖਣ ਸਰਹੱਦੀ ਦਾ ਲੇਖ ਮੁੱਲਵਾਨ ਹੈ | ਉਹ ਆਪਣੀ ਬੇਬਾਕ ਰਾਇ ਲਈ ਜਾਣਿਆ ਜਾਂਦਾ ਹੈ | ਇਤਿਹਾਸ ਚੇਤਨਾ, ਸਮਕਾਲ ਚੇਤਨਾ ਤੇ ਸੰਵੇਦਨਸ਼ੀਲਤਾ ਦੇ ਨੁਕਤੇ ਤੋਂ ਪਿ੍ੰ. ਕਿਸ਼ਨ ਸਿੰਘ ਦਾ ਅਧਿਐਨ-ਵਿਸ਼ਲੇਸ਼ਣ ਪੁਸਤਕ ਦਾ ਵਿਸ਼ੇਸ਼ ਹਾਸਿਲ ਹੈ | ਡਾ. ਇੰਦਰਜੀਤ ਸਿੰਘ ਵਾਸੂ ਨੇ 'ਬੱਦਨ' ਦੇ ਕਾਵਿ-ਆਦਰਸ਼ ਨੂੰ  'ਜੀਵਨ ਦੀ ਸੰਪੂਰਨਤਾ ਦੀ ਤਲਾਸ਼ ਦੇ ਮਾਰਗ' ਰੂਪ ਵਿਚ ਪਰਿਭਾਸ਼ਿਤ ਕਰਕੇ ਰਚਨਾ ਦੀ ਸਮਾਜਿਕ ਸਾਰਥਕਤਾ ਦੇ ਪ੍ਰਸੰਗ ਨੂੰ  ਉਭਾਰਿਆ ਹੈ | ਡਾ. ਪਵਨ ਹਰਚੰਦਪੁਰੀ ਨੇ ਰਚਨਾ ਦੀ ਨਾਬਰੀ ਵਾਲੀ ਸੁਰ ਦੀ ਪਛਾਣ ਕਰਦਿਆਂ ਇਸ ਗੱਲ 'ਤੇ ਤਸੱਲੀ ਪ੍ਰਗਟ ਕੀਤੀ ਹੈ ਕਿ ਕਵੀ ਦਲਿਤਾਂ ਦੀ ਗੱਲ ਕਰਦਾ ਹੋਇਆਂ ਵੀ ਦਲਿਤਵਾਦ ਦਾ ਸ਼ਿਕਾਰ ਨਹੀਂ ਹੋਇਆ | ਅਮਰੀਕ ਡੋਗਰਾ ਦਾ ਲੇਖ ਵੀ ਜਾਨਦਾਰ ਹੈ | ਕੁਝ ਲੇਖ ਸਾਧਾਰਨ ਰੀਵਿਊ ਕਿਸਮ ਦੇ ਹਨ | ਅਜਿਹੀਆਂ ਸੰਪਾਦਿਤ ਪੁਸਤਕਾਂ ਦੀ ਸਾਰਥਕਤਾ ਦਾ ਸੰਦਰਭ ਇਹ ਹੈ ਕਿ ਕਿਸੇ ਰਚਨਾਕਾਰ ਬਾਰੇ ਵੱਖ-ਵੱਖ ਥਾਈਾ ਖਿੱਲਰਿਆ ਮੈਟਰ ਇਕ ਪੁਸਤਕ ਦੇ ਰੂਪ ਵਿਚ ਇਕੱਠਾ ਹੋ ਜਾਂਦਾ ਹੈ ਜਿਸ ਆਧਾਰ 'ਤੇ ਸੰਬੰਧਿਤ ਲੇਖਕ ਬਾਰੇ ਕੋਈ ਸੁਤੰਤਰ ਰਾਇ ਬਣਾਉਣੀ ਸੌਖੀ ਹੋ ਜਾਂਦੀ ਹੈ | ਇਸ ਨਾਲ ਆਮ ਪਾਠਕ ਦੀ ਸਮਝ ਵਿਚ ਵੀ ਵਾਧਾ ਹੁੰਦਾ ਹੈ | ਨਿਰਸੰਦੇਹ ਲੇਖਕ ਨੂੰ  ਵੀ ਉਤਸ਼ਾਹ ਮਿਲਦਾ ਹੈ | ਇਸ ਦਿ੍ਸ਼ਟੀ ਤੋਂ ਅਮਰੀਕ ਡੋਗਰਾ ਦਾ ਸੰਪਾਦਕੀ ਉਪਰਾਲਾ ਸਵਾਗਤਯੋਗ ਹੈ |


-ਡਾ. ਸੁਖਵਿੰਦਰ ਸਿੰਘ ਰੰਧਾਵਾ
ਮੋਬਾਈਲ : 98154-58666

ਕਦੇ ਦੁਆਵਾਂ 'ਚ ਕਦੇ ਸਾਹਵਾਂ 'ਚ
ਕਵਿੱਤਰੀ : ਸੰਦੀਪ ਕੌਰ ਭੁੱਲਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 139
ਸੰਪਰਕ : 99187-64403

ਇਸ ਕਾਵਿ-ਸੰਗ੍ਰਹਿ ਵਿਚ 121 ਕਵਿਤਾਵਾਂ ਦਰਜ ਹਨ | ਇਨ੍ਹਾਂ ਵਿਚ ਜ਼ਿੰਦਗੀ ਦੇ ਵੱਖੋ-ਵੱਖਰੇ ਰੰਗਾਂ ਦੀ ਝਲਕ ਹੈ | ਇਹ ਸਾਡੇ ਚਿੰਤਨ ਅਤੇ ਚੇਤਨਾ ਨੂੰ  ਟੁੰਬਦੀਆਂ ਹਨ | ਕੁਝ ਝਲਕਾਂ ਵੇਖੋ-
-ਜ਼ਿੰਦਗੀ ਦੇ ਹਰ ਪਲ ਨੂੰ  ਜਿਊਣਾ ਹੈ ਜ਼ਿੰਦਗੀ |
  ਕਦੀ ਨਾ ਰੁਕਣਾ ਤੇ ਪਾਣੀ ਵਾਂਗ ਵਹਿਣਾ ਹੈ ਜ਼ਿੰਦਗੀ |
-ਇਸ਼ਕ, ਇਬਾਦਤ ਜਦ ਪਹੁੰਚਦੀ ਏ ਰੂਹਾਂ ਤੀਕਰ,
  ਜਜ਼ਬਾਤ ਅੱਖਰਾਂ ਵਿਚ ਪਰੋਏ, ਫਿਰ ਆਪਣੇ ਆਪ ਜਾਂਦੇ |
-ਧੀਆਂ ਤੇ ਫੁੱਲ ਇਕੋ ਜਿਹੇ ਨੇ, ਮਨੋ ਕਦੇ ਵੀ ਵਿਸਾਰੋ ਨਾ |
  ਤੋੜ ਕੇ ਫੁੱਲ ਤੇ ਮਾਰ ਕੇ ਧੀਆਂ, ਲੋਕੋ ਕਹਿਰ ਗੁਜ਼ਾਰੋ ਨਾ |
-ਯਾਦ ਆਉਂਦੀ ਏ ਜਦੋਂ ਵੀ ਮੈਨੂੰ ਤੇਰੀ
  ਤੇ ਅੱਖੀਆਂ 'ਚੋਂ ਨੀਰ ਵਗਦਾ |
  ਦਿਲ ਡੁੱਬ ਜਾਂਦਾ ਪਿਆਰ ਵਿਚ ਤੇਰੇ
  ਤੇ ਖਿਆਲ ਵੀ ਨਾ ਰਹਿੰਦਾ ਜੱਗ ਦਾ |
ਇਨ੍ਹਾਂ ਕਵਿਤਾਵਾਂ ਵਿਚ ਜਿੱਥੇ ਇਸ਼ਕ, ਵਿਛੋੜੇ ਅਤੇ ਰਿਸ਼ਤਿਆਂ ਦੀ ਬਾਤ ਪਾਈ ਗਈ ਹੈ, ਉੱਥੇ ਕਿਸਾਨਾਂ ਦੇ ਦਰਦ, ਸਿੱਧੂ ਮੂਸੇਵਾਲੇ ਦੀ ਯਾਦ ਅਤੇ ਇਨਸਾਨੀ ਫ਼ਿਤਰਤ ਦਾ ਪ੍ਰਗਟਾਵਾ ਵੀ ਕੀਤਾ ਗਿਆ ਹੈ | ਇਸ ਪਲੇਠੇ ਕਾਵਿ ਸੰਗ੍ਰਹਿ ਦਾ ਸੁਆਗਤ ਹੈ |

-ਡਾ. ਸਰਬਜੀਤ ਕੌਰ ਸੰਧਾਵਾਲੀਆ

ਚਿੱਟੇ ਪ੍ਰਛਾਵੇਂ 

ਲੇਖਕ : ਭੁਪਿੰਦਰ ਸਿੰਘ ਬੇਕਸ 
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 96
ਸੰਪਰਕ : 94178-69429 

ਭੁਪਿੰਦਰ ਸਿੰਘ 'ਬੇਕਸ' ਪੰਜਾਬੀ  ਸ਼ਾਇਰੀ ਦੇ ਖੇਤਰ ਵਿਚ ਇੱਕ ਜਾਣਿਆ ਪਛਾਣਿਆ ਨਾਂਅ ਹੈ | ਲੇਖਕ ਦੀ ਨਵੀਂ ਪੁਸਤਕ 'ਚਿੱਟੇ ਪ੍ਰਛਾਵੇਂ'  ਮਨੁੱਖੀ ਜਜ਼ਬਾਤ, ਕਾਵਿ-ਤਕਨੀਕ ਅਤੇ ਜੀਵਨ-ਦਰਸ਼ਨ ਨੂੰ  ਪੇਸ਼ ਕਰਦੀ ਹੈ | ਇਸ ਪੁਸਤਕ ਵਿਚ ਸ਼ਾਮਿਲ ਸ਼ੇਅਰ ਸਾਧਾਰਨ ਭਾਵਨਾਵਾਂ ਤੋਂ ਸ਼ੁਰੂ ਹੋ ਕੇ ਰੂਹਾਨੀਅਤ ਅਤੇ ਸਮਾਜਿਕ ਚੇਤਨਾ ਤੱਕ ਦਾ ਸਫ਼ਰ ਤੈਅ ਕਰਦੇ ਹਨ | ਲੇਖਕ ਨੇ ਆਪਣੇ ਸ਼ੇਅਰਾਂ ਦੀ ਬੁਣਤੀ ਬਹੁਤ ਹੀ ਸੂਖਮ ਅਤੇ ਪਰਿਪੱਕ ਤਰੀਕੇ ਨਾਲ ਕੀਤੀ ਹੈ, ਜਿਸ ਕਾਰਨ ਹਰ ਇੱਕ ਸ਼ੇਅਰ ਪਾਠਕ ਦੇ ਦਿਲ 'ਤੇ ਸਿੱਧਾ ਅਸਰ ਪਾਉਂਦਾ ਹੈ ਅਤੇ ਉਸ ਨੂੰ  ਪ੍ਰਭਾਵਿਤ ਕਰਦਾ ਹੈ | ਲੇਖਕ ਨੇ ਪੁਸਤਕ ਵਿਚ ਮੁਹੱਬਤ ਅਤੇ ਬਿਰਹਾ ਦੇ ਰੰਗ ਨੂੰ  ਬਹੁਤ ਹੀ ਸ਼ਿੱਦਤ ਅਤੇ ਪਾਕੀਜ਼ਗੀ ਨਾਲ ਪੇਸ਼ ਕੀਤਾ ਗਿਆ ਹੈ | 'ਚਿੱਠੀਆਂ ਲਿਖ ਲਿਖ ਪਾਵਾਂ ਤੈਨੂੰ, ਦਿਲ ਦੇ ਤਖਤ ਬਿਠਾਵਾਂ ਤੈਨੂੰ' ਅਤੇ ਸੁਪਨੇ ਵਿਚ ਮਹਿਬੂਬ ਨੂੰ  ਘੁੱਟ ਕੇ ਸੀਨੇ ਨਾਲ ਲਾਉਣ ਵਰਗੇ ਸ਼ੇਅਰ ਸੱਚੇ ਪਿਆਰ ਦੀ ਤੜਫ਼ ਅਤੇ ਮਾਸੂਮੀਅਤ ਨੂੰ  ਬਿਆਨ ਕਰਦੇ ਹਨ | ਅਜੋਕੇ ਮਸ਼ੀਨੀ ਅਤੇ ਡਿਜੀਟਲ ਦੌਰ ਵਿਚ, ਜਿੱਥੇ ਰਿਸ਼ਤਿਆਂ ਵਿਚੋਂ ਨਿੱਘ ਖ਼ਤਮ ਹੁੰਦਾ ਜਾ ਰਿਹਾ ਹੈ, ਉੱਥੇ 'ਚਿੱਠੀਆਂ' ਅਤੇ ਦਿਲ ਦੇ ਤਖ਼ਤ 'ਤੇ ਬਿਠਾਉਣ ਦਾ ਜ਼ਿਕਰ ਪਾਠਕ ਨੂੰ  ਇੱਕ ਰਵਾਇਤੀ, ਡੂੰਘੇ ਅਤੇ ਸਦੀਵੀ ਅਹਿਸਾਸ ਨਾਲ ਜੋੜਦਾ ਹੈ |
ਭੁਪਿੰਦਰ ਸਿੰਘ ਬੇਕਸ ਸਿਰਫ਼ ਜਜ਼ਬਾਤਾਂ ਦਾ ਸ਼ਾਇਰ ਨਹੀਂ, ਸਗੋਂ ਉਹ ਗ਼ਜ਼ਲ ਦੇ ਕਾਵਿ-ਸ਼ਾਸਤਰ ਅਤੇ ਤਕਨੀਕ ਦੀ ਵੀ ਡੂੰਘੀ ਸਮਝ ਰੱਖਦਾ ਹੈ | ਉਹ ਖੁਦ ਮੰਨਦਾ ਹੈ ਕਿ ਉਹ 'ਬਿੰਬਾਂ ਛੰਦਾਂ ਅਲੰਕਾਰਾਂ ਸੰਗ' ਆਪਣੇ ਸ਼ੇਅਰਾਂ ਨੂੰ  ਸ਼ਿੰਗਾਰ ਕੇ ਲਿਖਦਾ ਹੈ | ਉਹ ਸ਼ਬਦਾਂ ਨੂੰ  'ਦੋ ਧਾਰ' ਦੇ ਕੇ ਤਿੱਖਾ ਕਰਦਾ ਹੈ , ਜਿਸ ਦਾ ਮਤਲਬ ਹੈ ਕਿ ਉਸ ਦੀ ਸ਼ਾਇਰੀ ਵਿਚ ਸਮਾਜਿਕ ਬੁਰਾਈਆਂ 'ਤੇ ਵਾਰ ਕਰਨ ਦੀ ਤਾਕਤ ਵੀ ਹੈ ਅਤੇ ਦਿਲਾਂ ਨੂੰ  ਮੋਹ ਲੈਣ ਵਾਲੀ ਕੋਮਲਤਾ ਵੀ | ਬਿੰਬਾਂ, ਛੰਦਾਂ ਅਤੇ ਅਲੰਕਾਰਾਂ ਦੀ ਇਹ ਸੁਚੱਜੀ ਅਤੇ ਅਨੁਸ਼ਾਸਿਤ ਵਰਤੋਂ ਉਸ ਦੀ ਸ਼ਾਇਰੀ ਨੂੰ  ਸਾਹਿਤਕ ਪੱਖੋਂ ਉੱਚੀ ਉਡਾਨ ਦਿੰਦੀ ਹੈ |

-ਡਾ. ਅਮਰਜੀਤ ਕੌਂਕੇ
ਮੋਬਾਈਲ : 98142-31698

ਚੇਤਿਆਂ 'ਚ ਘੁੰਮਦਾ ਦਫ਼ਤਰ

ਲੇਖਕ : ਜੋਗੇ ਭੰਗਲ
ਪ੍ਰਕਾਸ਼ਨ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 395 ਰੁਪਏ, ਸਫ਼ੇ : 178
ਸੰਪਰਕ : 94659-52938

ਜੋਗੇ ਭੰਗਲ ਦੀ ਹਥਲੀ ਪੁਸਤਕ ਦਫ਼ਤਰੀ ਰਾਜਨੀਤੀ ਅਤੇ ਅਧਿਆਪਨ ਕਿੱਤੇ ਅਤੇ ਸਿੱਖਿਆ ਅਦਾਰਿਆਂ ਵਿਚ ਫੈਲੇ ਭਿ੍ਸ਼ਟਾਚਾਰ ਅਤੇ ਸ਼ੋਸ਼ਣ ਦੀ ਜਿਊਾਦੀ ਜਾਗਦੀ ਤਸਵੀਰ ਹੈ | ਇਹ ਪੁਸਤਕ ਜੋਗੇ ਭੰਗਲ ਦੀ ਹੱਡਬੀਤੀ ਅਤੇ ਉਸ ਦੀਆਂ ਯਾਦਾਂ ਵਿਚ ਵਸੀਆਂ ਉਹ ਤਸਵੀਰਾਂ ਹਨ ਜਿਨ੍ਹਾਂ ਦਾ ਜ਼ਿਕਰ ਉਸ ਨੇ ਇਸ ਪੁਸਤਕ ਵਿਚ ਕੀਤਾ ਹੈ, ਇਸ ਪੁਸਤਕ ਵਿਚ ਜੋਗੇ ਭੰਗਲ ਨੇ ਨਾ ਕੇਵਲ ਸਾਡੇ ਸਿੱਖਿਆ ਤੰਤਰ 'ਤੇ ਹੀ ਵਿਅੰਗ ਕੀਤਾ, ਸਗੋਂ ਦਫ਼ਤਰੀ ਕਾਰਗੁਜ਼ਾਰੀ ਦੀ ਇਕ ਯਥਾਰਥਕ ਤਸਵੀਰ ਪੇਸ਼ ਕੀਤੀ ਹੈ | ਸਰਕਾਰੀ ਸਿੱਖਿਆ ਅਦਾਰਿਆਂ ਅਤੇ ਸਰਕਾਰੀ ਦਫ਼ਤਰਾਂ ਦੀ ਆਪਣੀ ਹੀ ਅਜਬ-ਗਜ਼ਬ ਦੁਨੀਆ ਹੈ ਜਿਸ ਨੂੰ  ਸਮਝਣਾ ਹੀ ਆਪਣੇ-ਆਪ ਵਿਚ ਬਹੁਤ ਵੱਡਾ ਕਾਰਜ ਹੈ ਪੁਸਤਕ ਦੇ ਪਹਿਲੇ ਹੀ ਕਾਂਡ ਵਿਚ ਤਸਵੀਰ ਉੱਘੜਨੀ ਸ਼ੁਰੂ ਹੋ ਜਾਂਦੀ ਹੈ ਕਿ ਕਿਵੇਂ ਸਕੂਲੀ ਮਾਸਟਰਾਂ ਦੀਆਂ ਚਕ੍ਹਾਨੀਆਂ ਤੇ ਨੰਬਰਾਂ ਲਈ ਕੁੜੀਆਂ-ਮੁੰਡਿਆਂ ਦਾ ਸ਼ੋਸ਼ਣ ਅਤੇ ਆਪਣੇ ਚਹੇਤਿਆਂ ਨੂੰ  ਪੇਪਰਾਂ ਵਿਚ ਖੁੱਲ੍ਹੇ ਗੱਫਿਆਂ ਵਿਚ ਨੰਬਰ ਵੰਡਣੇ ਅਤੇ ਇਸ ਤੋਂ ਵੀ ਅੱਗੇ ਸਕੂਲ ਦੇ ਪਿ੍ੰਸੀਪਲ ਅਤੇ ਮਾਸਟਰਾਂ ਦੀ ਧੜੇਬਾਜ਼ੀ ਵਿਚਕਾਰ ਸੰਸਥਾ ਅਤੇ ਹੋਰ ਕਰਮਚਾਰੀਆਂ ਦਾ ਹੁੰਦਾ ਨੁਕਸਾਨ ਨੂੰ  ਜੋਗੇ ਭੰਗਲ ਨੇ ਬੜੇ ਹੀ ਸਰਲ ਅੰਦਾਜ਼ ਵਿਚ ਪੇਸ਼ ਕੀਤਾ ਹੈ | ਅਧਿਆਪਕ ਜਮਾਤ ਦਾ ਆਪਣਾ ਹੀ ਦਾਇਰਾ ਹੁੰਦਾ ਹੈ ਅਤੇ ਹਰ ਔਕੜ ਨੂੰ  ਅਧਿਆਪਕ ਆਪਣੇ ਤਰੀਕੇ ਨਾਲ ਨਜਿੱਠਦੇ ਹਨ ਅਤੇ ਜੇ ਕਿਤੇ ਕਿਸੇ ਕਾਨੂੰਨੀ ਪਚੜੇ ਵਿਚ ਫਸ ਜਾਣ ਅਤੇ ਕਾਨੂੰਨੀ ਉਲਝਣਾਂ ਵਿਚੋਂ ਨਿਕਲਣ ਲਈ ਪੁੱਠੇ ਸਿੱਧੇ ਰਸਤੇ ਲੱਭ ਲੈਣਾ 'ਖਲਨਾਇਕ ਜ਼ਿੰਦਾਬਾਦ ਹੈ' ਕਾਂਡ ਵਿਚ ਬਾਖੂਬੀ ਬਿਆਨ ਕੀਤਾ ਹੈ | ਸਰਕਾਰੀ ਸਕੂਲਾਂ ਵਿਚ ਹੁੰਦੀਆਂ ਜੱਗੋਂ ਬਾਹਰੀਆਂ ਘਟਨਾਵਾਂ ਆਮ ਹਨ ਅਤੇ ਸਕੂਲ਼ਾਂ ਪ੍ਰਤੀ ਫੈਲੇ ਅੰਧਵਿਸ਼ਵਾਸ਼ ਜਿਸ ਵਿਚ ਕੋਈ ਤਰਕ ਨਹੀਂ ਹੁੰਦਾ ਦਾ ਜ਼ਿਕਰ ਕਾਂਡ 'ਸਿਰਫ ਇਕ ਕਿਲੋਮੀਟਰ' ਵਿਚ ਕੀਤਾ ਹੈ | ਕਲਰਕ ਭਾਵੇ ਕਿਸੇ ਵੀ ਸੰਸਥਾ ਵਿਚ ਹੋਵੇ ਕਲਰਕਾਂ ਦੀਆਂ ਚਲਾਕੀਆਂ ਅਤੇ ਚੁਸਤੀਆਂ ਨੂੰ  ਬੁੱਝਣਾ ਕਿਸੇ ਪਹੇਲੀ ਤੋਂ ਘੱਟ ਨਹੀਂ ਅਤੇ ਜੇ ਕਿਸੇ ਭਲੇ ਬੰਦੇ ਨੇ ਇਨ੍ਹਾਂ ਕਲਰਕਾਂ ਦੀਆਂ ਮਸ਼ਕਰੀਆਂ ਬੱੁਝ ਲਈਆਂ ਸਮਝੋ ਉਸ ਨੇ ਦੁਨੀਆ ਸਾਧ ਲਈ ਨਾਲ ਹੀ ਸੰਸਥਾਵਾਂ ਦੇ ਸੇਵਾਦਾਰਾਂ ਦੀਆਂ ਚਲਾਕੀਆਂ ਅਤੇ ਕੰਗਾਲੀ ਦੇ ਬਾਅਦ ਵੀ ਵੱਡੀਆਂ-ਵੱਡੀਆਂ ਤਰੱਕੀਆਂ ਦਾ ਪਾਜ ਜੋਗੇ-ਭੰਗਲ ਨੇ ਉਘਾੜਿਆ ਹੈ | ਇਕ ਹੋਰ ਮਹੱਤਵਪੂਰਨ ਗੱਲ ਅਧਿਆਪਕ ਯੂਨੀਅਨਾਂ ਬਣਾਉਣ ਵਾਲੇ ਅਧਿਆਪਕ ਜੋ ਪੜ੍ਹਾਉਣ ਦੀ ਬਜਾਏ ਯੂਨੀਅਨ ਨੂੰ  ਮਜ਼ਬੂਤ ਕਰਨ ਦੀ ਸ਼ਾਇਦ ਤਨਖਾਹ ਲੈਂਦੇ ਹਨ ਅਤੇ ਸਰਕਾਰ ਦੇ ਜਵਾਈ ਬਣ ਕੇ ਅਨੰਦਮਈ ਨੌਕਰੀ ਕਰੀ ਜਾਂਦੇ ਹਨ 'ਤੇ ਵਿਅੰਗ ਕੀਤਾ ਹੈ | ਸਰਕਾਰੀ ਅਧਿਆਪਕ ਹੋਣ ਜਾਂ ਕੋਈ ਵੀ ਸਰਕਾਰੀ ਕਰਮਚਾਰੀ ਉਸ ਲਈ ਸੇਵਾ-ਪੱਤਰੀ ਅਤੇ ਉਸ ਦੀ ਸਰਵਿਸ ਬੁੱਕ ਕਿੰਨੀ ਮੱਹਤਵਪੂਰਨ ਹੰਦੀ ਹੈ, ਬਾਰੇ ਇਸ ਪੁਸਤਕ ਵਿਚ ਜੋਗੇ ਜੀ ਨੇ ਆਪਣਾ ਅਨੁਭਵ ਬਿਆਨ ਕੀਤਾ ਹੈ ਅਤੇ ਐਤਵਾਰ ਨੂੰ  ਹੁੰਦੇ ਕਲਰਕੀ ਕੰਮ ਬਾਰੇ ਵਿਸ਼ੇਸ਼ ਤੌਰ 'ਤੇ ਬਿਆਨ ਕੀਤਾ ਹੈ | ਕੁੱਲ ਮਿਲਾ ਕੇ ਜੋਗੇ ਭੰਗਲ ਦੀ ਇਹ ਪੁਸਤਕ ਦਫ਼ਤਰੀ ਕਾਰਗੁਜ਼ਾਰੀ ਅਤੇ ਦਫ਼ਤਰਾਂ ਵਿਚ ਬੈਠੇ ਘਾਗ ਕਲਰਕ, ਸੇਵਾਦਾਰ ਜਿਨ੍ਹਾਂ ਦੀ ਪਾਰ ਆਮ ਬੰਦਾ ਨਹੀਂ ਪਾ ਸਕਦਾ ਅਤੇ ਸਕੂਲ ਵਰਗੀ ਆਦਰਸ਼ ਸੰਸਥਾ ਜਿਥੋਂ ਆਦਰਸ਼ ਵਿਦਿਆਰਥੀ ਅਤੇ ਆਦਰਸ਼ ਨਾਗਰਿਕ ਜਨਮ ਲੈਂਦੇ ਹਨ ਅਤੇ ਇਨ੍ਹਾਂ ਆਦਰਸ਼ ਬੱਚਿਆਂ ਦੇ ਚਰਿੱਤਰ ਨੂੰ  ਘੜ੍ਹਨ ਵਾਲੇ ਅਧਿਆਪਕ ਕੀ ਭਿ੍ਸ਼ਟ ਸਿਸਟਮ ਵਿਚ ਲਿਪਤ ਹੋਣ ਤਾਂ ਅਜਿਹੇ ਲੋਕ ਦੇਸ਼ ਦਾ ਭਵਿੱਖ ਕਿਥੇ ਲਿਜਾ ਰਹੇ ਹਨ |

-ਡਾ. ਜਸਬੀਰ ਕੌਰ
ਮੋਬਾਈਲ : 98721-17774  

ਮਨ ਦੀਆਂ ਬਸਤੀਆਂ
ਲੇਖਿਕਾ : ਅਫ਼ਜ਼ਲ ਤੌਸੀਫ਼
ਰੁਪਾਂਤਰ : ਗੁਰਮੁਖ ਸਿੰਘ ਸਹਿਗਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 495 ਰੁਪਏ, ਸਫ਼ੇ : 307
ਸੰਪਰਕ : 99151-03490

ਅਫ਼ਜ਼ਲ ਤੌਸੀਫ਼ ਸਾਂਝੇ ਪੰਜਾਬ ਦੀ ਕਹਾਣੀਕਾਰਾ ਅਤੇ ਅਤੇ ਕਾਲਮ ਨਵੀਸ ਹੈ, ਜਿਸ ਨੇ ਆਪਣੀ ਸਵੈ-ਜੀਵਨੀ 'ਮਨ ਦੀਆਂ ਬਸਤੀਆਂ' ਰਾਹੀਂ ਆਪਣੇ ਪਾਠਕਾਂ ਤੀਕ ਰਮਾਈ ਕੀਤੀ ਹੈ | ਉਹ ਸਾਂਝੇ ਪੰਜਾਬ ਦੀ ਜੰਮਪਲ ਹੈ | ਉਸ ਦਾ ਨਾਨਕਾ ਪਿੰਡ ਕੁੰਮਕਲਾਂ ਜ਼ਿਲ੍ਹਾ ਲੁਧਿਆਣਾ ਵਿਚ ਹੈ ਤੇ ਦਾਦਕਾ ਪਿੰਡ ਸਿੰਬਲੀ ਦੁਆਬੇ ਵਿਚ ਹੈ ਜੋ ਹੁਸ਼ਿਆਰਪੁਰ ਜ਼ਿਲ੍ਹੇ ਦਾ ਇਕ ਪ੍ਰਮੁੱਖ ਪਿੰਡ ਹੈ | ਉਸ ਦੀ ਇਸ ਸਵੈ-ਜੀਵਨੀ ਵਿਚੋਂ ਸਾਨੂੰ ਉਸ ਦੇ ਜੀਵਨ ਦੇ ਕਈ ਪੱਖ ਉਘੜਵੇਂ ਰੂਪ ਵਿਚ ਪ੍ਰਾਪਤ ਹੁੰਦੇ ਹਨ | ਉਸ ਦਾ ਜਨਮ ਆਪਣੇ ਨਾਨਕੇ ਪਿੰਡ ਹੋਇਆ ਤੇ ਉਹਨੂੰ ਉਨ੍ਹਾਂ ਦੀ ਇਕ ਰਿਸ਼ਤੇਦਾਰ ਕਾਰੀ ਮਾਂ ਨੇ ਗੋਦ ਲੈ ਲਿਆ ਸੀ | ਉਥੇ ਦੀਆਂ ਕਈ ਗੱਲਾਂ ਅੱਜ ਵਾਂਗ ਉਸ ਦੇ ਚੇਤੇ ਵਿਚ ਖੁਨੀਆਂ ਹੋਈਆਂ ਹਨ | ਦਾਦੀ ਮਾਂ ਦੀ ਮੌਤ ਨੇ ਉਸ ਨੂੰ  ਜਲਦੀ ਹੀ ਯਤੀਮ ਕਰ ਦਿੱਤਾ ਸੀ ਤੇ ਉਹ ਆਪਣੇ ਦਾਦਕੇ ਪਿੰਡ ਸਿੰਬਲੀ ਚਲੀ ਗਈ ਸੀ | 1947 ਦੀ ਵੰਡ ਵੇਲੇ ਉਸ ਦੇ ਦਾਦਕੇ ਪਿੰਡ ਟੱਬਰ ਦੇ ਕੋਈ ਵੀਹ ਤੋਂ ਵੱਧ ਜੀਅ ਮਾਰੇ ਗਏ ਸਨ | ਬੱਸ ਸਰਵਰ ਤੇ ਇਕ ਹੋਰ ਕੁੜੀ ਹੀ ਬਚ ਗਈਆਂ ਸਨ | ਇਸ ਤੋਂ ਬਾਅਦ ਉਹ ਬਲੋਚਸਿਤਾਨ ਚਲੀ ਗਈ ਜਿਥੇ ਉਸ ਦੀ ਪੜ੍ਹਾਈ ਲਿਖਾਈ ਢੰਗ ਨਾਲ ਹੋਈ | ਉਸ ਪੜ੍ਹਾਈ ਕੀਤੀ, ਟ੍ਰੇਨਿੰਗ ਕੀਤੀ ਤੇ ਟੀਚਰ ਬਣ ਗਈ | ਮੁੜ ਉਹ ਲਾਹੌਰ ਆ ਗਈ | ਉਸ ਉਰਦੂ ਤੇ ਪੰਜਾਬੀ 'ਚ ਕਹਾਣੀਆਂ ਲਿਖੀਆਂ, ਹਜ਼ਾਰਾਂ ਕਾਲਮ ਲਿਖੇ, ਅਨੇਕਾਂ ਪੁਸਤਕਾਂ ਛਪਵਾਈਆਂ | ਉਸ ਦੀਆਂ ਕਹਾਣੀਆਂ ਤੇ ਕਾਲਮਾਂ ਦੀ ਖ਼ੂਬ ਪ੍ਰਸੰਸਾ ਹੋਈ ਤੇ ਵੱਡੇ-ਵੱਡੇ ਲੇਖਕਾਂ ਨੇ ਉਨ੍ਹਾਂ ਨੂੰ  ਸਲਾਹਿਆ | ਅਹਿਮਦ ਨਦੀਮ ਕਾਸਮੀ ਜਿਹੇ ਪ੍ਰਸਿੱਧ ਉਰਦੂ ਲੇਖਕ ਉਸ ਦੇ ਪ੍ਰਸੰਸਕ ਸਨ | ਉਹ ਆਪਣੀ ਇਸ ਜੀਵਨੀ ਵਿਚ ਆਪਣੀਆਂ ਆਦਤਾਂ, ਆਪਣੀਆਂ ਖਾਹਿਸ਼ਾਂ ਤੇ ਇੱਛਾਵਾਂ ਬਾਰੇ ਵਿਸਥਾਰ 'ਚ ਲਿਖਦੀ ਹੈ | ਉਸ ਨੂੰ  ਆਪਣਾ ਘਰ ਚਾਹੀਦਾ ਸੀ, ਜਿਸ ਲਈ ਉਸ ਨੇ ਕਈ ਯਤਨ ਕੀਤੇ | ਉਸ ਨੂੰ  ਫੁੱਲ, ਪੰਛੀ ਤੇ ਰੁੱਖਾਂ ਨਾਲ ਪਿਆਰ ਸੀ ਤੇ ਕਿਤਾਬਾਂ ਨਾਲ ਮੁਹੱਬਤ ਸੀ | ਉਹ ਨਵੇਂ ਜ਼ਮਾਨੇ ਦੀ ਥਾਂ ਪੁਰਾਣੇ ਸੱਭਿਆਚਾਰ 'ਚ ਰਮਣਾ ਜ਼ਿਆਦਾ ਪਸੰਦ ਕਰਦੀ ਸੀ | ਉਸ ਨੇ ਆਪਣੇ ਲੋਕਾਂ ਲਈ ਲਿਖਿਆ ਤੇ ਸੱਤਾ ਦਾ ਡਟ ਕੇ ਵਿਰੋਧ ਕੀਤਾ | ਉਹ ਮਾਰਸ਼ਲ ਲਾਅ ਦੇ ਸਖ਼ਤ ਖਿਲਾਫ਼ ਸੀ | ਉਸ ਨੇ ਕੋਰਟ ਮਾਰਸ਼ਲ, ਜੇਲਵਾਂ ਤੇ ਸਰਕਾਰ ਦੀ ਆਲੋਚਨਾ ਖਿੜੇ ਮੱਥੇ ਝੱਲੀ | ਉਸ ਦੀ ਕਹਾਣੀ ਦੁੱਖਾਂ ਦੀ ਤਫ਼ਸੀਲ ਬਿਆਨ ਕਰਦੀ ਹੈ | ਪਰ ਉਹ ਦੁੱਖ ਝੱਲਦੀ ਹੋਈ ਵੀ ਹਾਰ ਨਹੀਂ ਮੰਨਦੀ, ਡਟ ਕੇ ਸੱਤਾ ਦਾ ਵਿਰੋਧ ਕਰਦੀ ਹੈ | ਇਸ ਪੁਸਤਕ ਦੇ ਆਖਿਰ ਵਿਚ ਅੰਮਿ੍ਤਾ ਪ੍ਰੀਤਮ ਅਤੇ ਡਾ. ਜਗਤਾਰ ਨਾਲ ਕੀਤੀਆਂ ਮੁਲਾਕਾਤਾਂ ਇਸ ਪੁਸਤਕ ਦਾ ਹਾਸਿਲ ਹਨ |


-ਕੇ. ਐਲ. ਗਰਗ
ਮੋਬਾਈਲ : 94635-37050

ਅਲਫਾਜ਼ ਅਤੀਤ ਦੇ 

ਲੇਖਕ : ਹਰਸਿਮਰਨ ਕੌਰ 
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ :”144
ਸੰਪਰਕ : 98551-05665


ਹਰਸਿਮਰਨ ਕੌਰ ਦਾ ਲਿਖਿਆ ਬਹੁ ਵਿਧਾਵੀ ਸੰਗ੍ਰਹਿ 'ਅਲਫਾਜ਼ ਅਤੀਤ ਦੇ' ਵਿਚ ਲੇਖਕ ਨੇ ਬਹੁਤ ਖੂਬਸੂਰਤ ਢੰਗ ਨਾਲ ਜ਼ਿੰਦਗੀ ਵਿਚ ਆਉਂਦੇ ਦੁੱਖ, ਦਰਦ, ਯਾਦਾਂ ਤੇ ਮਿਲਾਪ ਦੇ ਪਲਾਂ ਨੂੰ  ਜੋੜਿਆ ਹੈ | ਹਥਲਾ ਸੰਗ੍ਰਹਿ ਮਨ ਦੇ ਭਾਵਾਂ ਨੂੰ  ਵੀ ਬਿਆਨਦਾ ਨਜ਼ਰ ਆਉਂਦਾ ਹੈ | ਪੁਸਤਕ ਵਿਚ ਸਭ ਤੋਂ ਪਹਿਲਾਂ ਕਹਾਣੀਆਂ ਨੂੰ  ਦਰਸਾਇਆ ਗਿਆ ਹੈ | ਇਸ ਤੋਂ ਬਾਅਦ ਕਵਿਤਾਵਾਂ, ਵਾਰਤਕ, ਰੀਵਿਊ ਅਤੇ ਕੁਝ ਰਚਨਾਵਾਂ ਪੇਸ਼ ਕੀਤੀਆਂ ਗਈਆਂ ਹਨ | ਪੁਸਤਕ ਵਿਚਲੀ ਪਹਿਲੀ ਕਹਾਣੀ 'ਅਕੀਦਾ' ਵਿਚ ਲੇਖਕਾ ਨੇ ਪੰਛੀਆਂ ਨਾਲ ਪਿਆਰ ਕਰਨ ਵਾਲੀ ਔਰਤ ਦੀ ਦਾਸਤਾਨ ਨੂੰ  ਪੇਸ਼ ਕੀਤਾ ਹੈ | 'ਇੱਕ ਹੋਰ ਕਤਲ' ਕਹਾਣੀ ਵਿਚ ਔਰਤ ਦੇ ਅੰਦਰ ਦੀ ਧਾਰਮਿਕ ਭਾਵਨਾ ਨੂੰ  ਬਿਆਨ ਕੀਤਾ ਹੈ | 'ਹਨੇਰਿਆਂ ਦਾ ਕਰਜ਼' ਕਹਾਣੀ ਬਹੁਤ ਹੀ ਭਾਵਕ ਕਰਦੀ ਹੋਈ ਇੱਕ ਕੁੜੀ ਨਾਲ ਜੁੜੀ ਹੋਈ ਦਾਸਤਾਨ ਹੈ | ਇਸ ਕਹਾਣੀ ਵਿਚ ਬਾਖੂਬੀ ਬਿਆਨ ਕੀਤਾ ਹੈ ਕਿ ਕਿਸ ਤਰ੍ਹਾਂ ਗੁੱਡੀ ਨਾਂਅ ਦੀ ਪਾਤਰ ਨੂੰ  ਚੰਗੇ ਖਾਨਦਾਨ ਦੀ ਹੋਣ ਦੇ ਬਾਵਜੂਦ ਹਾਲਾਤਾਂ ਦੇ ਸਾਹਮਣੇ ਮਜਬੂਰ ਹੋਈ ਨੂੰ  ਮੰਗਤੀ ਬਣਨਾ ਪਿਆ | ਇਨ੍ਹਾਂ ਕਹਾਣੀਆਂ ਤੋਂ ਬਿਨਾਂ ਮੋਹ ਦੇ ਧਾਗੇ, ਨਦੀ ਨਾਵ ਸੰਜੋਗ, ਵਿਲੱਖਣ ਕਹਾਣੀਆਂ ਹਨ | ਪੁਸਤਕ ਦੇ ਅਗਲੇ ਭਾਗ ਵਿਚ ਮਿੰਨੀ ਕਹਾਣੀਆਂ ਕਾਮਾ ਕੇ ਫਰਿਸ਼ਤਾ, ਲੜ ਚੁੰਨੀ ਦਾ, ਯਾਦਾਂ ਦੀ ਫੇਰੀ, ਨਿੱਕ ਸੁੱਕ ਦਰਜ ਹਨ | ਇਹ ਕਹਾਣੀਆਂ ਜ਼ਿੰਦਗੀ ਵਿਚ ਆਉਂਦੇ ਦੁੱਖਾਂ ਸੁੱਖਾਂ ਨੂੰ  ਬਿਆਨ ਕਰਦੀਆਂ ਨਜ਼ਰ ਆਉਂਦੀਆਂ ਹਨ | ਇਸ ਤੋਂ ਬਿਨਾਂ ਲੇਖਕਾਂ ਨੇ ਪੁਸਤਕ ਵਿਚ ਕੁਝ ਕਵਿਤਾਵਾਂ ਵੀ ਸਾਂਝੀਆਂ ਕੀਤੀਆਂ ਹਨ ਜਿਨਾਂ ਵਿਚ 'ਮੈਂ ਪੰਜਾਬੀ ਬੋਲੀ' ਕਵਿਤਾ ਪੰਜਾਬੀ ਭਾਸ਼ਾ ਦੀ ਮਹੱਤਤਾ ਨੂੰ  ਦਰਸਾਉਂਦੀ ਹੈ | 'ਜ਼ਿੰਦਗੀ ਨੂੰ ' ਕਵਿਤਾ ਵਿਚ ਲੇਖਿਕਾ ਨੇ ਜ਼ਿੰਦਗੀ ਦੀ ਪਰਿਭਾਸ਼ਾ ਨੂੰ  ਜਾਣਨ ਦੀ ਕੋਸ਼ਿਸ਼ ਕੀਤੀ ਹੈ | 'ਘੁੱਟ ਸਬਰ ਦਾ' ਵਿਚ ਯਾਦਾਂ ਦੇ ਸਾਥ ਨੂੰ  ਪੇਸ਼ ਕੀਤਾ ਹੈ | 'ਕਵਿਤਾ' ਨਾਂਅ ਦੀ ਕਵਿਤਾ ਵਿਚ ਕਵਿਤਾ ਨੂੰ  ਜ਼ਿੰਦਗੀ ਦਾ ਨਾਂਅ ਦੇ ਕੇ ਪੇਸ਼ ਕੀਤਾ ਗਿਆ ਹੈ | ਇਸ ਤੋਂ ਬਿਨਾਂ ਪੁਸਤਕ ਵਿਚ ਹੋਰ ਵੀ ਕਈ ਕਵਿਤਾਵਾਂ ਹਨ ਜੋ ਜ਼ਿੰਦਗੀ ਦੇ ਡੂੰਘੇ ਅਰਥ ਕੱਢਦੀਆਂ ਹੋਈਆਂ ਜ਼ਿੰਦਗੀ ਵਿਚਲੀ ਸਚਾਈ ਨੂੰ  ਸਾਹਮਣੇ ਰੱਖਦੀਆਂ ਹਨ | ਵਾਰਤਕ ਭਾਗ ਵਿਚ ਲੇਖਕਾ ਨੇ ਬਾਬਾ ਆਲਾ ਸਿੰਘ ਜੀ, ਮਹਾਰਾਣੀ ਜਿੰਦਾਂ, ਭਾਈ ਕਾਨ੍ਹ ਸਿੰਘ ਨਾਭਾ, ਨਾਲ ਸੰਬੰਧਿਤ ਲੇਖ ਲਿਖ ਕੇ ਬਹੁਤ ਹੀ ਸੋਹਣੇ ਢੰਗ ਨਾਲ ਸਾਡੇ ਇਤਿਹਾਸ ਨੂੰ  ਪੇਸ਼ ਕੀਤਾ ਹੈ | ਪੁਸਤਕ ਦੇ ਅਖੀਰਲੇ ਭਾਗ ਵਿਚ ਕੁਝ ਰੀਵਿਊ ਪੇਸ਼ ਕੀਤੇ ਗਏ ਹਨ | ਲੇਖਕਾਂ ਦੀਆਂ ਕਿਤਾਬਾਂ ਦੇ ਰੀਵਿਊ ਦਰਸਾਏ ਗਏ ਹਨ | ਜਿਨ੍ਹਾਂ ਲੇਖਕਾਂ ਨੇ ਲੇਖਕਾ ਬਾਰੇ ਲਿਖਿਆ ਹੈ ਉਨ੍ਹਾਂ ਦੇ ਵਿਚਾਰ ਵੀ ਸ਼ਾਮਿਲ ਕੀਤੇ ਗਏ ਹਨ | ਪੁਸਤਕ ਵਿਚਲੀ ਭਾਸ਼ਾ ਸਰਲ ਤੇ ਠੇਠ ਹੈ | ਪੁਸਤਕ ਆਮ ਲੋਕਾਂ ਦੇ ਦਿਲਾਂ ਵਿਚ ਜਗ੍ਹਾ ਬਣਾਉਣ ਵਿਚ ਸਹਾਈ ਹੁੰਦੀ ਹੈ | ਇਸ ਪੁਸਤਕ ਦੇ ਆਉਣ 'ਤੇ ਲੇਖਿਕਾ ਵਧਾਈ ਦੀ ਪਾਤਰ ਹੈ | 


-ਇੰਦਰਪ੍ਰੀਤ ਕੌਰ ਲੁਧਿਆਣਾ
ਮੋਬਾਈਲ : 98886-90280


ਸ਼ਹੀਦ ਬਾਬਾ ਦੀਪ ਸਿੰਘ ਜੀ
ਲੇਖਕ : ਜਗਤਾਰ ਸਿੰਘ ਭੰਗੂ
ਪ੍ਰਕਾਸ਼ਕ : ਈਵਾਨ ਪਬਲੀਕੇਸ਼ਨ, ਬਰਨਾਲਾ
ਮੁੱਲ : 199 ਰੁਪਏ, ਸਫ਼ੇ : 128
ਸੰਪਰਕ : 78379-11000


ਜਗਤਾਰ ਸਿੰਘ ਭੰਗੂ ਨੇ ਇਤਿਹਾਸਕ ਤੇ ਖੋਜਾਤਮਿਕ ਪੱਖ ਤੋਂ ਬੜੀ ਪੁਖ਼ਤਗੀ ਨਾਲ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ (1682-1757 ਈ.) ਦੀ ਜੀਵਨ ਗਾਥਾ ਨੂੰ  ਅਸੀਮ ਸ਼ਰਧਾ-ਭਾਵਨਾ ਨਾਲ ਸੌਖੀ ਭਾਸ਼ਾ ਵਿਚ ਲਿਖਿਆ ਹੈ | ਭੰਗੂ ਨੂੰ  ਇਤਿਹਾਸ ਦੀ ਡੂੰਘੀ ਸਮਝ ਹੈ | ਇਹ ਪੁਸਤਕ ਉਸ ਨੇ ਹਰ ਉਸ ਯੋਧੇ ਨੂੰ  ਸਮਰਪਿਤ ਕੀਤੀ ਹੈ, ਜਿਸ ਨੇ ਉਸ ਭਿਆਨਕ ਸਮੇਂ ਦੇ ਸਿੱਖ ਸੰਘਰਸ਼ ਵਿਚ ਆਪਣੀ ਜਾਨ ਕੁਰਬਾਨ ਕੀਤੀ |
ਸਿੱਖ ਇਤਿਹਾਸ ਦਾ ਅੰਤਰੀਵੀ ਅਧਿਐਨ ਕਰਨ ਤੇ ਲਿਖਣ ਵਾਲੇ ਸਾਰੇ ਵਿਦਵਾਨ ਸੱਜਣਾਂ ਨੇ ਮੰਨਿਆ ਹੈ ਕਿ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਸਿੱਖ ਪੰਥ ਦੇ ਵਿਕਾਸ ਲਈ ਬਹੁਤ ਉੱਦਮ ਕੀਤੇ ਤੇ ਹਰਿਮੰਦਰ ਸਾਹਿਬ ਦੀ ਬੇਹੁਰਮਤੀ ਦਾ ਬਦਲਾ ਲੈਣ ਲਈ 11 ਨਵੰਬਰ, 1757 ਈ. ਨੂੰ  ਆਪਣੇ ਪ੍ਰਾਣਾਂ ਦੀ ਬਲੀ ਚੜ੍ਹਾ ਦਿੱਤੀ | ਇਸ ਪੁਸਤਕ ਵਿਚ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਬਹਾਦਰੀ ਤੇ ਕੁਰਬਾਨੀ ਭਰੇ ਜੀਵਨ ਨੂੰ  ਪਾਠਕਾਂ ਸਨਮੁੱਖ ਰੱਖਣ ਦਾ ਸਫ਼ਲ ਉਪਰਾਲਾ ਕੀਤਾ ਗਿਆ ਹੈ | ਭੰਗੂ ਨੇ ਇਤਿਹਾਸ ਦੇ ਵੱਖ-ਵੱਖ ਸਰੋਤਾਂ 'ਤੇ ਆਧਾਰਿਤ ਇਹ ਭਾਵਪੂਰਤ ਜੀਵਨ ਗਾਥਾ ਲਿਖੀ ਹੈ | ਬਾਬਾ ਦੀਪ ਸਿੰਘ ਜੀ ਦੇ ਜਨਮ ਤੇ ਬਚਪਨ ਤੋਂ ਗੱਲ ਆਰੰਭ ਕਰਕੇ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਤੱਕ ਪੁਸਤਕ ਦੇ ਕੁੱਲ 14 ਅਧਿਆਏ ਹਨ | 'ਦੀਪ ਸਿੰਘ ਦਾ ਅੰਮਿ੍ਤ ਛਕਣਾ-1700 ਈ.', 'ਪਹੁਵਿੰਡ (ਬਾਬਾ ਦੀਪ ਸਿੰਘ ਜੀ ਦਾ ਜਨਮ ਅਸਥਾਨ) ਤੋਂ ਦਮਦਮਾ ਸਾਹਿਬ', 'ਆਲਾ ਸਿੰਘ ਦੀ ਮਦਦ ਕਰਨਾ-1731 ਈ. ਭਾਈ ਮਨੀ ਸਿੰਘ ਦੀ ਸ਼ਹੀਦੀ', 'ਨਾਦਰ ਸ਼ਾਹ ਦਾ ਪਹਿਲਾ ਹਮਲਾ', 'ਪਹਿਲਾ ਜਾਂ ਛੋਟਾ ਘੱਲੂਘਾਰਾ', 'ਅਬਦਾਲੀ ਦਾ ਪਹਿਲਾ ਹਮਲਾ-1748', 'ਮਿਸਲ ਸ਼ਹੀਦਾਂ', 'ਅਹਿਮਦ ਸ਼ਾਹ ਦਾ ਦੂਸਰਾ ਹਮਲਾ-ਨਵੰਬਰ, 1748', 'ਅਬਦਾਲੀ ਦਾ ਪੰਜਾਬ ਉੱਤੇ ਤੀਜਾ ਹਮਲਾ-1751-52', 'ਅਹਿਮਦ ਸ਼ਾਹ ਦਾ ਚੌਥਾ ਹਮਲਾ-1757', 'ਲੜਾਈ ਦਾ ਪਹਿਲਾ ਪੜਾਅ-ਸ਼ੁਰੂਆਤੀ ਹਮਲਾ-ਗੋਹਲਵੜ੍ਹ', 'ਲੜਾਈ ਦਾ ਦੂਜਾ ਪੜਾਅ, ਚੱਬਾ-ਚਾਟੀਵਿੰਡ ਦੀ ਲੜਾਈ' ਤੇ 'ਬਾਬਾ ਦੀਪ ਸਿੰਘ ਦੀ ਸ਼ਹਾਦਤ-1757' ਸਿਰਲੇਖਾਂ ਤਹਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜੀਵਨ ਇਤਿਹਾਸ ਨੂੰ  ਪੂਰੀ ਪਰਪੱਕਤਾ ਨਾਲ ਲਿਖਿਆ ਗਿਆ ਹੈ | ਨਿਰਸੰਦੇਹ ਪੂਰੀ ਪੁਸਤਕ ਦੀਰਘ ਅਧਿਐਨਯੋਗ ਹੈ | ਜ਼ਰੂਰ ਪੜ੍ਹਨੀ ਚਾਹੀਦੀ ਹੈ |

ਪੁਰਾਤਨ ਜਨਮ ਸਾਖੀ
ਸ੍ਰੀ ਗੁਰੂ ਨਾਨਕ ਦੇਵ ਜੀ
ਸੰਪਾਦਕ : ਜਗਤਾਰ ਸਿੰਘ ਭੰਗੂ
ਪ੍ਰਕਾਸ਼ਕ : ਈਵਾਨ ਪਬਲੀਕੇਸ਼ਨ, ਬਰਨਾਲਾ
ਮੁੱਲ: 249 ਰੁਪਏ, ਸਫ਼ੇ : 144
ਸੰਪਰਕ : 78379-11000

ਪ੍ਰਸਿੱਧ ਵਿਦਵਾਨ ਡਾ. ਰਤਨ ਸਿੰਘ ਜੱਗੀ ਨੇ ਆਪਣੇ 'ਸਿੱਖ ਪੰਥ ਵਿਸ਼ਵਕੋਸ਼ ਭਾਗ ਦੂਜਾ ਦੇ ਪੰਨਾ ਨੰ. 1137-1138 ਉੱਪਰ ਪੁਰਾਤਨ ਜਨਮ ਸਾਖੀ ਬਾਰੇ ਲਿਖਿਆ ਹੈ ਕਿ ਇਹ ਜਨਮ ਸਾਖੀ ਭਾਈ ਵੀਰ ਸਿੰਘ ਨੇ ਸੰਪਾਦਿਤ ਕਰਕੇ ਪਹਿਲੀ ਵਾਰ ਸੰਨ 1926 ਈ. ਵਿਚ ਪ੍ਰਕਾਸ਼ਿਤ ਕੀਤੀ | ਇਸ ਨੂੰ  'ਪੁਰਾਤਨ' ਵਿਸ਼ੇਸ਼ਣ ਭਾਈ ਵੀਰ ਸਿੰਘ ਦਾ ਦਿੱਤਾ ਹੋਇਆ ਹੈ, ਜੋ ਕੁਝ ਸੀਮਾ ਤੱਕ ਭ੍ਰਾਂਤੀਪੂਰਨ ਹੈ | ਇਸ ਜਨਮ ਸਾਖੀ ਦੀਆਂ ਦੋ ਆਧਾਰ ਪੋਥੀਆਂ ਹਨ | ਇਕ ਵਲਾਇਤ ਵਾਲੀ ਜਨਮ ਸਾਖੀ, ਜਿਸ ਦੀ ਹੱਥ ਲਿਖਿਤ ਪੋਥੀ ਸੰਨ 1815-16 ਵਿਚ ਐਚ.ਟੀ. ਕੋਲਬਰੁਕ ਨੇ ਈਸਟ ਇੰਡੀਆ ਹਾਊਸ ਦੀ ਲਾਇਬ੍ਰੇਰੀ ਨੂੰ  ਦਿੱਤੀ ਸੀ | ਇਸ ਜਨਮ ਸਾਖੀ ਵਿਚ ਬਿਰਤਾਂਤ ਬੜਾ ਸੰਖੇਪਿਤ ਹੈ | ਕੁੱਲ 57 ਸਾਖੀਆਂ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਅਧਿਆਤਮਿਕ ਯਾਤਰਾਵਾਂ ਨੂੰ  ਪੰਜ ਹਿੱਸਿਆਂ ਵਿਚ ਵੰਡਿਆ ਗਿਆ ਹੈ | ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਜੋ ਵਿਵਰਣ ਇਸ ਵਿਚ ਪ੍ਰਸਤੁਤ ਕੀਤਾ ਗਿਆ ਹੈ, ਪਰਵਰਤੀ ਜਨਮ ਸਾਖੀਆਂ ਵਿਚ ਲਗਭਗ ਉਸੇ ਤੋਂ ਲਾਭ ਉਠਾ ਕੇ ਕੁਝ ਕਲਪਨਾ-ਪ੍ਰਸੂਤ ਪ੍ਰਸੰਗਾਂ ਸਹਿਤ ਵਿਸਤਾਰ ਨਾਲ ਚਿਤਰਿਆ ਗਿਆ ਹੈ | ਜਗਤਾਰ ਸਿੰਘ ਭੰਗੂ ਨੇ ਇਸ ਪੁਸਤਕ ਵਿਚ 57 ਸਾਖੀਆਂ ਤੋਂ ਇਲਾਵਾ ਪੰਜ ਅੰਤਕਾਵਾਂ ਵੀ ਦਿੱਤੀਆਂ ਹਨ, ਜਿਹੜੀਆਂ ਕ੍ਰਮਵਾਰ ਸਾਖੀ ਨੰ. 29, 36, 47, 50 ਤੇ 51 ਵਿਚੋਂ ਹਨ | ਜਗਤਾਰ ਸਿੰਘ ਭੰਗੂ ਨੇ ਸਾਖੀਆਂ ਹੇਠਾਂ ਦਿੱਤੇ ਫੁੱਟਨੋਟਾਂ ਰਾਹੀਂ ਕਾਫ਼ੀ ਇਤਿਹਾਸਕ ਗੱਲਾਂ ਸਪੱਸ਼ਟ ਕੀਤੀਆਂ ਹਨ | 'ਪੁਰਾਤਨ ਜਨਮਸਾਖੀ ਵਿਚਲੀਆਂ 57 ਸਾਖੀਆਂ ਦਾ ਵੇਰਵਾ ਇਸ ਪ੍ਰਕਾਰ ਹੈ:
ਅਵਤਾਰ ਬਾਲਪਨ, ਪਟੀ ਪਾਂਧਾ, ਕੁੜਮਾਈ ਵਿਆਹ, ਖੇਤ ਹਰਿਆ, ਬਿ੍ਛ ਦੀ ਛਾਂ ਨਾ ਫਿਰੀ, ਖੇਤੀ-ਵਣਜ-ਸਉਦਾਗਰੀ-ਚਾਕਰੀ, ਵੈਦ, ਸੁਲਤਾਨਪੁਰ ਨੂੰ  ਤਿਆਰੀ, ਮੋਦੀਖਾਨਾ ਸੰਭਾਲਿਆ, ਵੇੲੀਂ ਪ੍ਰਵੇਸ਼, ਕਾਜ਼ੀ ਚਰਚਾ ਨਮਾਜ਼ ਮੋਦੀ ਦੀ ਕਾਰ ਤਿਆਗੀ, ਮਰਦਾਨੇ ਦੀ ਪੂਜਾ ਕਰਾਈ, ਸੱਜਣ ਠੱਗ, ਗੋਸ਼ਟ ਸ਼ੇਖ ਸਰਫ, ਦਿੱਲੀ ਹਾਥੀ ਮੋਇਆ ਜਿਵਾਇਆ, ਪਹਿਲੀ ਉਦਾਸੀ ਦਾ ਪਹਿਰਾਵਾ, ਬਨਾਰਸ ਵਿਚ ਚਤੁਰਦਾਸ, ਨਾਨਕ ਮਤੇ ਸਿੱਧਾਂ ਨਾਲ ਗੋਸ਼ਟ, ਵਣਜਾਰਿਆਂ ਦੇ ਟਾਂਡੇ, ਮਾਲੀ ਨੂੰ  ਪਾਤਿਸ਼ਾਹੀ, ਮੁਹਰਾਂ ਦੇ ਕੋਲੇ ਤੇ ਸੂਲੀ ਦੀ ਸੂਲ, ਠੱਗਾਂ ਦਾ ਨਿਸਤਾਰਾ, ਨੂਰ ਸ਼ਾਹ ਨਿਸਤਾਰਾ, ਕਲਜੁਗ, ਕੀੜ ਨਗਰ, ਵਸਦਾ ਰਹੇ, ਉਜੜ ਜਾਵੇ, ਆਸਾ ਦੇਸ਼, ਸ਼ੇਖ ਫ਼ਰੀਦ ਨਾਲ ਗੋਸ਼ਟ, ਬਿਸੀਅਰ ਦੇਸ, ਝੰਡਾ ਬਾਢੀ, ਜੁਗਾਵਲੀ, ਮਰਦਾਨੇ ਦੀ ਭੁੱਖ ਗਵਾਈ, ਮਾਤਾ ਪਿਤਾ ਜੀ ਨਾਲ ਮੇਲ, ਸ਼ੇਖ ਬ੍ਰਹਮ ਨਾਲ ਗੋਸ਼ਟ, ਕੋਹੜੀ ਫ਼ਕੀਰ ਨਿਸਤਾਰਾ, ਕਿੜੀਆਂ ਪਠਾਣਾਂ ਦੀਆਂ, ਸੈਦਪੁਰ ਦੀ ਬੰਦ, ਗੋਸ਼ਟ ਮੀਆਂ ਮਿੱਠਾ, ਦੁਨੀਚੰਦ ਨਿਸਤਾਰਾ, ਬ੍ਰਾਹਮਣ ਦੀ ਸੁਚ ਰਸੋਈ, ਇਕ ਬੈਰਾਗੀ ਬਾਲਕ, ਕਰੋੜੀਆਂ, ਭਾਗੀਰਥ ਮਨਸੁਖ ਤੇ ਸ਼ਿਵਨਾਭ, ਦੂਜੀ ਉਦਾਸੀ ਦੱਖਣ ਦੀ | ਸੈਦੋਂ, ਸੀਹੋਂ ਤੇ ਵਰੁਣ, ਅਨਭੀ ਸਰੇਵੜਾ, ਕਉਡਾ ਰਾਖਸ਼, ਮਖ਼ਦੂਮ-ਬਹਾਵਦੀ (ਗੁਰਮੁਖਾਂ ਵਾਲੀ ਸਾਖੀ), ਸਿੱਧਾਂ ਨਾਲ ਗੋਸ਼ਟਿ, ਸ਼ਿਵਨਾਭ, ਪ੍ਰਾਣ ਸੰਗਲੀ, ਬਾਢੀ ਦੀ ਝੁੱਗੀ ਢਾਹੀ, ਤੀਜੀ ਉਦਾਸੀ, ਕਸ਼ਮੀਰ-ਬ੍ਰਹਮਦਾਸ ਪੰਡਤ, ਸੁਮੇਰ ਤੇ ਅਚਲ ਮਰ ਸਿੱਧਾਂ ਨਾਲ ਗੋਸ਼ਟ, ਚਉਥੀ ਉਦਾਸੀ ਪੱਛਮ ਦੀ ਮੱਕਾ, ਉਦਾਸੀ ਪੰਜਵੀਂ, ਸਿੱਧਾਂ ਨਾਲ ਗੋਸ਼ਟ (ਗੋਰਖ ਹਦੜੀ), ਸ੍ਰੀ ਲਹਿਣਾ ਪ੍ਰੀਖਯਾ ਦਾਸੀ ਤੁਲਸਾਂ, ਲਹਿਣੇ ਤੋਂ ਅੰਗਦ, ਮਖਦੂਮ ਬਹਾਵਦੀ ਦਾ ਚਲਾਣਾ, ਸ੍ਰੀ ਗੁਰੂ ਅੰਗਦ ਜੀ ਨੂੰ  ਗੁਰਿਆਈ ਤੇ ਜੋਤੀ ਜੋਤ ਸਮਾਉਣਾ | ਪੁਸਤਕ ਦੀ ਜੇ ਵਿਸਤਿ੍ਤ ਸੰਪਾਦਕੀ ਲਿਖੀ ਜਾਂਦੀ ਤਾਂ ਗੱਲ ਹੋਰ ਵੀ ਮਹੱਤਵਪੂਰਨ ਹੋਣੀ ਸੀ | ਉਂਝ ਇਸ ਸੰਪਾਦਿਤ ਪੁਸਤਕ ਦੀ ਮੌਜੂਦਾ ਸਥਿਤੀ ਵੀ ਸਲਾਹੁਣਯੋਗ ਹੈ |

-ਮੋਬਾਈਲ : 98155-05287

ਵਕਤ, ਪਗਡੰਡੀ ਤੇ ਮੈਂ

ਲੇਖਿਕਾ : ਸੁਰਿੰਦਰ ਪਾਲ ਕੌਰ ਬਰਾੜ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 295 ਰੁਪਏ, ਸਫ਼ੇ : 126
ਸੰਪਰਕ : 98152-98459


ਕੈਨੇਡਾ ਵਾਸੀ  ਸਾਹਿਤਕਾਰਾ ਸੁਰਿੰਦਰ ਪਾਲ ਕੌਰ ਬਰਾੜ ਇਧਰ ਪੰਜਾਬ  ਵਿਚ ਐਸ. ਡੀ. ਕਾਲਜ (ਲੜਕੀਆਂ) ਮੋਗਾ ਵਿਖੇ ਪਿ੍ੰਸੀਪਲ ਦੇ ਅਹੁਦੇ ਤੋਂ ਸੇਵਾ ਮੁਕਤ ਹੈ |  ਕੁਸ਼ਲ ਪ੍ਰਬੰਧਕ ਰਹੀ ਹੈ | ਉਨ੍ਹਾਂ ਦੀ ਇਹ ਨਵੀਂ ਕਿਤਾਬ ਆਲੋਚਨਾ ਦੀ ਹੈ | ਸਾਹਿਤਕਾਰ ਨਦੀਮ ਪਰਮਾਰ ਨੂੰ  ਸਮਰਪਿਤ ਇਸ ਕਿਤਾਬ ਵਿਚ ਵਿਦੇਸ਼ ਰਹਿੰਦੇ ਸਾਹਿਤਕਾਰਾਂ ਦੀਆਂ ਸਾਹਿਤਕ ਕਿਤਾਬਾਂ ਦੀ ਸੰਖੇਪ ਸਮੀਖਿਆ ਹੈ |  ਉੱਘੇ ਸਾਹਿਤਕਾਰ ਬਲਦੇਵ ਸਿੰਘ ਸੜਕਨਾਮਾ ਨੇ ਕਿਤਾਬ ਦੇ ਟਾਈਟਲ ਸਫ਼ੇ  'ਤੇ  ਪਿ੍ੰਸੀਪਲ ਬਰਾੜ ਦੀ ਕਵਿਤਾ ਤੇ ਔਰਤ ਦੀ ਵਰਤਮਾਨ ਦਸ਼ਾ ਦਾ ਜ਼ਿਕਰ ਕੀਤਾ ਹੈ | ਕੈਨੇਡਾ ਰਹਿ ਕੇ ਵੀ ਲੇਖਿਕਾ ਦਾ ਪੰਜਾਬ ਦੀ ਮਿੱਟੀ ਨਾਲ ਮੋਹ ਹੈ | ਇਸ ਕਿਤਾਬ ਤੋਂ ਪਹਿਲਾ ਪਿ੍ੰਸੀਪਲ ਬਰਾੜ ਦੀਆਂ ਪੰਜ ਕਿਤਾਬਾਂ ਛਪ ਚੁਕੀਆ ਹਨ | ਚਾਰ ਕਾਵਿ-ਸੰਗ੍ਰਹਿ ਤੇ ਇਕ ਕਿਤਾਬ ਆਲੋਚਨਾ ਦੀ ਹੈ | ਇਸ  ਕਿਤਾਬ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਅੰਗਰੇਜ਼ੀ ਵਿਦਵਾਨਾਂ ਦੀਆਂ ਸਾਹਿਤਕ ਵੰਨਗੀਆਂ ਬਾਰੇ ਹਵਾਲੇ ਅੰਗਰੇਜ਼ੀ ਵਿਚ ਹਨ | ਉਰਦੂ ਸ਼ਬਦਾਂ ਦੀ ਵਰਤੋਂ ਵੀ ਹੈ ਕਿਉਂਕਿ ਲੇਖਿਕਾ ਦਾ ਸਾਹਿਤਕ ਦਾਇਰਾ ਵਿਸ਼ਾਲ ਹੈ | ਨਦੀਮ ਪਰਮਾਰ ਦੇ ਇਤਿਹਾਸਕ ਨਾਵਲ ਪਾਲਦੀ ਮੋਹਿੰਜੋਦੜੋ ਇਨ ਕੈਨੇਡਾ, ਮਾਪੇ ਵੱਖਰੀ ਤਰ੍ਹਾਂ ਦੇ ਨਾਵਲ ਅਤੇ ਬੇਅਰ ਗਰੀਕ ਪਾਰਕ ਕਿਤਾਬ  ਦੀ ਸੰਖੇਪ ਤੇ ਬਹੁਪਖੀ ਸਾਹਿਤਕ ਚਰਚਾ ਹੈ | ਨਦੀਮ ਪਰਮਾਰ ਨਾਲ ਲੇਖਿਕਾ ਦੀ ਸਾਹਿਤਕ ਸਾਂਝ ਦਾ ਜ਼ਿਕਰ ਹੈ | ਪ੍ਰਸਿੱਧ ਆਲੋਚਕ ਡਾ. ਸੁਰਜੀਤ ਬਰਾੜ ਨੇ  ਪਰਵਾਸੀ ਸਾਹਿਤ ਦੀ ਸਥਿਤੀ ਦੀ ਚਰਚਾ ਕੀਤੀ ਹੈ | ਸਦੀਵੀ ਸਾਹਿਤ ਬਾਰੇ ਵਿਚਾਰ ਲਿਖੇ ਹਨ | ਪਾਲ ਢਿਲੋਂ ਦੀ ਗ਼ਜ਼ਲਾਂ ਦੀ ਕਿਤਾਬ 'ਮੰਜ਼ਿਲ ਦਾ ਤਰਜਮਾ' ਤੇ 'ਮੈਂ ਸ਼ੀਸ਼ਾ ਤੇ ਚਿਹਰਾ'  ਦੀ ਸਾਰਥਿਕ ਚਰਚਾ ਹੈ | ਜਰਨੈਲ ਸਿੰਘ ਸੇਖਾ ਦੇ ਨਾਵਲ ਬਿਗਾਨੇ ਦੇ ਨਾਵਲੀ ਤੱਤਾਂ ਦੀ ਨਿਸ਼ਾਨਦੇਹੀ ਹੈ | ਇੰਦਰਜੀਤ ਕੌਰ ਸਿੱਧੂ ਦਾ ਕਾਵਿ-ਸੰਗ੍ਰਹਿ 'ਨਾ ਸੜਕਾਂ ਨਾ ਦਾਇਰੇ' ਬਾਰੇ ਲਿਖਦੇ ਕਵਿਤਰੀ ਦਾ ਔਰਤ ਬਾਰੇ ਦਿ੍ਸ਼ਟੀਕੋਣ ਦਾ ਜ਼ਿਕਰ ਹੈ | ਪਰਪੱਕ  ਗ਼ਜ਼ਲਗੋ  ਹਰਦਮ ਮਾਨ ਦੀ  ਕਿਤਾਬ  ਸ਼ੀਸ਼ੇ ਦੇ ਅੱਖਰ  ਬਾਰੇ  ਲਿਖਦੇ ਕੁਝ ਸ਼ਿਅਰਾਂ ਦੇ ਹਵਾਲੇ ਨਾਲ ਗ਼ਜ਼ਲ ਦੇ ਤੱਤਾਂ ਦੀ ਸਮੀਖਿਆ ਹੈ | ਗ਼ਜ਼ਲ ਦੇ ਸੰਗੀਤਕ ਗੁਣਾ ਨੂੰ  ਛੋਹਿਆ ਹੈ |  ਇਸ ਤੋਂ ਇਲਾਵਾ ਹਰਕੀਰਤ ਕੌਰ ਚਹਿਲ ਦੇ ਨਾਵਲ 'ਥੋਹਰਾਂ ਦੇ ਫੁੱਲ ਤੇ ਚੰਨਣ ਰੁੱਖ' ਦੀ ਸਾਹਿਤਕ ਸਾਰਥਿਕਤਾ ਬਾਰੇ ਵਿਚਾਰ ਹਨ | ਬਿੰਦੂ ਦਲਵੀਰ ਦੀ ਕਿਤਾਬ ਹਰਫ਼ ਇਲਾਹੀ, ਸੰਤੋਖ ਸਿੰਘ ਹੇਅਰ ਰਚਿਤ ਹਰਾ ਚੂੜਾ, ਨਛਤਰ ਸਿੰਘ ਬਰਾੜ ਦਾ ਨਾਵਲ ਆਲ੍ਹਣੇ ਦੀ ਉਡਾਣ, ਸਤਵੰਤ ਕੌਰ ਪੰਧੇਰ ਦਾ ਕਾਵਿ ਸੰਸਾਰ ਚਰਨ ਸਿੰਘ ਵਿਰਦੀ ਦੀ ਕਵਿਤਾ ਦੀ ਆਬਸ਼ਾਰ, ਨਰਿੰਦਰ ਬਾਹੀਆ ਦਾ ਗ਼ਜ਼ਲ ਸੰਗ੍ਰਹਿ ਭਖਦੇ ਅੰਗਿਆਰ,  ਮੈਗਜ਼ੀਨ ਇੱਕੀ ਦਾ ਰਿਲੀਜ਼ ਸਮਾਗਮ ਰਿਪੋਰਟ,  ਸਾਹਿਤਕਾਰ ਤੇ ਪੱਤਰਕਾਰ  ਅਸ਼ੋਕ ਭੌਰਾ ਦੀ ਸਾਹਿਤਕ ਦੇਣ ਦਾ ਜ਼ਿਕਰ, ਆਲੋਚਨਾ ਪੁਸਤਕ ਦਾ ਹਾਸਲ ਹਨ |

-ਪਿ੍ੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160

ਕਥਾ ਇਕ ਪਿੰਡ ਦੀ
ਲੇਖਕ : ਡਾ. ਰਾਮ ਮੂਰਤੀ
ਪ੍ਰਕਾਸ਼ਕ : ਅਲਖ ਪਬਲੀਕੇਸ਼ਨ, ਜਲੰਧਰ
ਮੁੱਲ 200 ਰੁਪਏ, ਸਫ਼ੇ : 132
ਸੰਪਰਕ : 94174-49665


ਡਾ. ਰਾਮ ਮੂਰਤੀ ਪੰਜਾਬੀ ਕਵਿਤਾ, ਆਲੋਚਨਾ ਅਤੇ ਸੰਪਾਦਨਾ ਦੇ ਖੇਤਰ ਦੀ ਜਾਣੀ-ਪਛਾਣੀ ਸ਼ਖ਼ਸੀਅਤ ਹੈ | ਉਨ੍ਹਾਂ ਵਲੋਂ ਲਿਖੀ ਆਲੋਚਨਾ ਦੀ ਕਿਤਾਬ 'ਜਸਵੰਤ ਸਿੰਘ ਨੇਕੀ ਦਾ ਵਿਚਾਰਧਾਰਕ ਅਧਿਐਨ' ਵਿਸ਼ੇਸ਼ ਚਰਚਾ ਵਿਚ ਰਹੀ ਹੈ | ਵਿਚਾਰ ਅਧੀਨ ਕਿਤਾਬ ਦੁਆਰਾ ਡਾ. ਰਾਮ ਮੂਰਤੀ ਨੇ ਨਾਵਲ ਦੇ ਖੇਤਰ ਵਿਚ ਪਹਿਲਾ ਕਦਮ ਰੱਖਿਆ ਹੈ | ਇਸ ਨਾਵਲ ਦੁਆਰਾ ਲੇਖਕ ਦਿਹਾਤੀ ਸਮਾਜ ਵਿਚ ਫੈਲੀਆਂ ਬੁਰਾਈਆਂ ਨੂੰ  ਸੁਧਾਰਨ ਲਈ ਕੀਤੇ ਜਾਂਦੇ ਯਤਨਾਂ ਨੂੰ  ਪੇਸ਼ ਕਰਦਾ ਹੈ | ਨਾਵਲ ਦਾ ਕੇਂਦਰ ਪਿੰਡ ਸੰਘਾ ਖ਼ਾਲਸਾ ਹੈ ਜਿੱਥੇ ਪੰਜਾਬ ਦੇ ਹੋਰ ਪਿੰਡਾਂ ਵਾਂਗ ਸਿਆਸੀ ਧੜੇਬੰਦੀਆਂ, ਸ਼ਰੀਕੇਬਾਜ਼ੀ, ਵਹਿਮ ਭਰਮ, ਸਫਾਈ ਪ੍ਰਬੰਧਾਂ ਦੀ ਘਾਟ, ਸਿੱਖਿਆ ਤੇ ਸਿਹਤ ਸਹੂਲਤਾਂ ਪ੍ਰਤੀ ਉਦਾਸੀਨਤਾ ਪਾਈ ਮਿਲਦੀ ਹੈ | ਨਾਵਲਕਾਰ ਪਿੰਡ ਦੇ ਨੌਜਵਾਨਾਂ ਨਿੰਮਾ, ਸਤਨਾਮ, ਸੰਤੋਖ ਸਮੇਤ ਸਾਰੀਆਂ ਵਿਕਾਸਸ਼ੀਲ ਧਿਰਾਂ ਦੀ ਹਿੰਮਤ, ਦਿ੍ੜ੍ਹ ਇੱਛਾ ਸ਼ਕਤੀ ਤੇ ਲਗਨ ਨਾਲ ਪਿੰਡ ਸੰਘਾ ਖਾਲਸਾ ਨੂੰ  ਸੁਧਾਰ ਕੇ ਇਕ ਆਦਰਸ਼ ਪਿੰਡ ਵਜੋਂ ਨਵਿਆਉਣ ਦੇ ਉੱਦਮ ਨੂੰ  ਰੌਚਿਕ ਗਲਪੀ ਘਟਨਾਵਾਂ ਵਿਚ ਪੇਸ਼ ਕਰਦਾ ਹੈ | ਪੇਂਡੂ ਖੇਤਰ ਦੀਆਂ ਤਮਾਮ ਬੇਤਰਤੀਬੀਆਂ ਨੂੰ  ਸੁਧਾਰਨ ਲਈ ਪਰਵਾਸੀ ਪੂੰਜੀ ਦੇ ਯੋਗਦਾਨ ਦੀ ਚਰਚਾ ਵੀ ਨਾਵਲ ਵਿੱਚ ਸੰਵਾਦ ਪੈਦਾ ਕਰਦੀ ਹੈ | ਪਰਵਾਸੀ ਬੰਦੇ ਦੇ ਮਨ ਵਿਚ ਆਪਣੇ ਪਿੰਡ ਦੀ ਮਿੱਟੀ ਲਈ ਰੁਮਾਂਸਿਕ ਭਾਵਨਾ ਹੀ ਨਹੀਂ ਹੁੰਦੀ ਸਗੋਂ ਉਹ ਇਸ ਸੰਬੰਧੀ ਸੁਧਾਰ ਲਈ ਵੀ ਤਤਪਰ ਹੁੰਦਾ ਹੈ |  ਅਜਮੇਰ ਸਿੰਘ ਵਰਗੇ ਪਰਵਾਸੀ ਵਿਅਕਤੀ ਨੂੰ  ਭਾਰਤ ਆ ਕੇ ਰਿਜ਼ੋਰਟ ਖੋਲ੍ਹਣ ਵਿੱਚ ਇਥੋਂ ਦੇ ਭਿ੍ਸ਼ਟ ਤੰਤਰ ਵਲੋਂ ਜ਼ਲੀਲ ਕਰਨਾ ਪਰਵਾਸੀ ਬੰਦੇ ਦੀ ਪੰਜਾਬ ਪ੍ਰਤੀ ਹਾਂਦਰੂ ਸੋਚ ਨੂੰ  ਵੀ ਖੋਰਾ ਲਾਉਦਾ ਹੈ | ਇਸ ਨਾਲ ਆਵਾਸੀ ਤੇ ਪਰਵਾਸੀ ਧਰਤੀ ਦੇ ਸਿਸਟਮ ਵਿਚਲੇ ਫਰਕ ਨੂੰ  ਮਹਿਸੂਸ ਕਰਵਾਇਆ ਗਿਆ ਹੈ | ਕੁੱਲ ਮਿਲਾ ਕੇ ਸੱਚੀਆਂ ਘਟਨਾਵਾਂ ਦੀ ਦਾਅਵੇਦਾਰੀ ਵਾਲਾ ਇਹ ਨਾਵਲ ਆਪਣੀ ਰੌਚਿਕਤਾ ਨਾਲ ਪੜÉਨਯੋਗ ਰਚਨਾ ਹੈ | 


-ਡਾ. ਜੇ. ਬੀ. ਸੇਖੋਂ
ਮੋਬਾਈਲ : 94175-86028

ਸੀ. ਆਈ. ਡੀ. ਦੇ ਪੱਖ ਤੋਂ
ਗ਼ਦਰ ਸਾਜਿਸ਼ ਦਾ ਬਿਰਤਾਂਤ 
ਸੰਪਾਦਕ : ਡਾ. ਵੇਦ ਪ੍ਰਕਾਸ਼ ਵਟੁਕ
ਅਨੁਵਾਦ : ਨੇਹਾ ਨਾਯਾਬ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ 
ਮੁੱਲ : 495  ਰੁਪਏ, ਸਫ਼ੇ : 292
ਸੰਪਰਕ : 98152-98459


ਭਾਰਤ ਦੀ ਜੰਗੇ-ਆਜ਼ਾਦੀ ਵਿਚ ਗ਼ਦਰ ਲਹਿਰ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ | ਇਸ ਲਹਿਰ ਦਾ ਮੁੱਢ ਉੱਤਰੀ ਅਮਰੀਕਾ ਵਿਚ ਮਜ਼ਦੂਰੀ ਕਰਨ ਗਏ ਭਾਰਤੀਆਂ ਦੁਆਰਾ ਬੱਝਾ, ਜਿਸ ਦੇ ਮੋਢੀਆਂ ਵਿਚ ਲਾਲਾ ਹਰਦਿਆਲ, ਭਾਈ ਸੰਤੋਖ ਸਿੰਘ, ਵਿਸ਼ਨੂ ਦਾਸ ਪਿੰਗਲੇ, ਬਰਕਤ ਉੱਲਾ, ਕਰਤਾਰ ਸਿੰਘ ਸਰਾਭਾ ਜਿਹੇ ਸਿਦਕੀ ਲੋਕ ਸਨ | ਇਸ ਦੀ ਪਹਿਲ 'ਗ਼ਦਰ' ਨਾਂਅ ਦੇ ਸਪਤਾਹਿਕ ਅਖ਼ਬਾਰ ਤੋਂ ਹੋਈ ਤੇ ਫਿਰ ਪਾਰਟੀ ਦਾ ਨਾਂ ਵੀ ਇਹੋ ਰੱਖ ਲਿਆ ਗਿਆ | 'ਗ਼ਦਰ' ਅਖ਼ਬਾਰ 1 ਨਵੰਬਰ, 1913 ਨੂੰ  ਸਾਨ ਫ਼ਰਾਂਸਿਸਕੋ ਵਿਚ ਪ੍ਰਕਾਸ਼ਿਤ ਹੋਇਆ | ਰੀਵਿਊ ਅਧੀਨ ਪੁਸਤਕ 'ਦ ਗ਼ਦਰ ਹੈਰੀਟੇਜ ਫ਼ਾਊਾਡੇਸ਼ਨ ਆਫ਼ ਕੈਲੀਫ਼ੋਰਨੀਆ' ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬੀ ਪਾਠਕਾਂ ਕੋਲ ਪਹੁੰਚੀ ਹੈ | ਇਸ ਦੇ ਮੂਲ ਲੇਖਕ ਐਫ. ਸੀ. ਆਈ. ਸਮੋਂਗਰ ਅਤੇ ਜੇ. ਸਲੈਟਰੀ ਹਨ | ਸੰਪਾਦਨਾ ਦਾ ਕਾਰਜ ਡਾ. ਵੇਦ ਪ੍ਰਕਾਸ਼ ਵਟੁਕ ਨੇ ਕੀਤਾ ਹੈ, ਜਦਕਿ ਅਨੁਵਾਦ ਦਾ ਮੁਸ਼ਕਿਲ ਕੰਮ ਨੇਹਾ ਨਾਯਾਬ ਵਲੋਂ ਨਿਭਾਇਆ ਗਿਆ ਹੈ | ਅਮਰੀਕ ਖੰਡਾਲੀਆ ਨੇ ਭੂਮਿਕਾ ਵਿਚ ਅਤੇ ਨੇਹਾ ਨੇ ਅਨੁਵਾਦ ਪੱਖੋਂ ਇਸ ਕਿਤਾਬ ਦੇ ਮੁੱਢ ਵਿਚ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ | ਗ਼ਦਰ ਪਾਰਟੀ ਵਿਚ ਬਹੁਗਿਣਤੀ ਪੰਜਾਬੀ ਸਿੱਖਾਂ ਦੀ ਸੀ | ਹੋਰਨਾਂ ਵਿਚ ਹਿੰਦੂ, ਮੁਸਲਿਮ, ਵਪਾਰੀ ਵਰਗ, ਪੜ੍ਹੇ ਲਿਖੇ ਭਾਰਤੀ ਵੀ ਸ਼ਾਮਲ ਸਨ | ਗ਼ਦਰ ਪਾਰਟੀ ਨੂੰ  ਪੰਜਾਬ ਵਿਚ ਕਤਲਾਂ, ਡਕੈਤੀਆਂ, ਹਿੰਸਕ ਅਪਰਾਧਾਂ ਲਈ ਜ਼ਿੰਮੇਵਾਰ ਠਹਿਰਾਇਆ ਗਿਆ | ਇਸ ਵਿਚ ਪੇਸ਼ਾਵਰ (5), ਕਵੇਟਾ (1), ਡੇਰਾ ਗਾਜ਼ੀਖਾਨ (1), ਮੀਆਂਵਾਲੀ (12), ਅਟੌਕ (1), ਕੈਂਪਬੈੱਲਪੁਰ (1), ਰਾਵਲਪਿੰਡੀ (5), ਸ਼ਾਹਪੁਰ (1), ਜੇਹਲਮ (5), ਗੁਜਰਾਤ (4), ਸਿਆਲਕੋਟ (10), ਬਹਾਵਲਪੁਰ (1), ਗੁਜਰਾਂਵਾਲਾ (23), ਸ਼ੇਖੂਪੁਰਾ (1), ਦਿੱਲੀ (5), ਸਹਾਰਨਪੁਰ (1), ਬਾਰਾਂਬੰਕੀ (1), ਅਯੁੱਧਿਆ (1), ਹਮੀਰਪੁਰ (1), ਭੋਪਾਲ (1), ਪੂਨਾ (1), ਬੰਗਾਲ (1), ਲਾਹੌਰ (24), ਅੰਮਿ੍ਤਸਰ (151), ਗੁਰਦਾਸਪੁਰ (26), ਮੰਡੀ (1), ਹੁਸ਼ਿਆਰਪੁਰ (114), ਜਲੰਧਰ (179), ਕਪੂਰਥਲਾ (17), ਰੋਪੜ (4), ਲੁਧਿਆਣਾ (146), ਫ਼ਿਰੋਜ਼ਪੁਰ (86), ਫ਼ਰੀਦਕੋਟ (3), ਪਟਿਆਲਾ (39), ਨਾਭਾ (8), ਜੀਂਦ (1) ਤੋਂ ਇਲਾਵਾ ਅਮਰੀਕਾ (46), ਕੈਨੇਡਾ (25), ਮਲਾਇਆ (1), ਕਿਊਬਾ (1), ਰੰਗੂਨ (1), ਹਾਕੋਂ (3), ਫ਼ਿਲੀਪੀਨਜ਼ (1), ਪਨਾਮਾ (2), ਸਿੰਘਾਪੁਰ (3), ਇੰਡੋਨੇਸ਼ੀਆ (3), ਸ਼ੰਘਾਈ (6), ਹਾਂਗਕਾਂਗ (6), ਅਫ਼ਰੀਕਾ (2), ਸਿਆਮ (22) ਨਾਲ ਸੰਬੰਧਿਤ 994 ਕ੍ਰਾਂਤੀਕਾਰੀ/ਸਾਜਿਸ਼ੀ ਵਿਅਕਤੀਆਂ ਦੀ ਸੂਚੀ ਹੈ | ਪੰਨਾ 240 ਉੱਤੇ ਫ਼ਰੀਦਕੋਟ ਸਿਰਲੇਖ ਗ਼ਲਤੀ ਨਾਲ ਛਪਿਆ ਲਗਦਾ ਹੈ, ਕਿਉਂਕਿ ਇਸ ਵਿਚਲੇ ਵਿਅਕਤੀਆਂ ਦੇ ਨਾਂਅ ਫ਼ਿਰੋਜ਼ਪੁਰ ਨਾਲ ਸੰਬੰਧਿਤ ਹਨ | ਪੁਸਤਕ ਦੇ ਅੰਤਿਮ ਸਰਵਰਕ 'ਤੇ ਸਿਰਫ਼ ਇੱਕ ਫੋਟੋ ਹੈ ਜੋ ਯੂਬਾਸਿਟੀ ਵਿਖੇ ਗ਼ਦਰੀ ਬਾਬਿਆਂ ਦੇ ਮੇਲੇ ਤੋਂ ਬਾਦ ਦੀ ਹੈ, ਜਿਸ ਵਿਚ ਹਰਭਜਨ ਬਾਸੀ, ਮਹਾਰਾਜਾ ਕੌਲ, ਨਾਟਕਕਾਰ ਗੁਰਸ਼ਰਨ ਸਿੰਘ, ਉਨ੍ਹਾਂ ਦੀ ਪਤਨੀ ਕੈਲਾਸ਼ ਕੌਰ, ਬੇਟੀ ਅਰੀਤ ਕੌਰ, ਵੇਦ ਪ੍ਰਕਾਸ਼ ਵਟੁਕ (ਸੰਪਾਦਕ), ਮੱਖਣ ਬਾਸੀ, ਤਰਲੋਕ ਜੌਹਲ ਅਤੇ ਅਮਰੀਕ ਖੰਡਾਲੀਆ ਸ਼ਾਮਲ ਹਨ | ਗ਼ਦਰ ਲਹਿਰ ਦੇ ਖੋਜੀਆਂ ਲਈ ਇਹ ਪੁਸਤਕ ਮਹੱਤਵਪੂਰਨ ਸਿੱਧ ਹੋ ਸਕਦੀ ਹੈ |

-ਪ੍ਰੋ. ਨਵ ਸੰਗੀਤ ਸਿੰਘ 
ਮੋਬਾਈਲ : 94176-92015

Ad Position 22
No active advertisement
ਪਿਛਲੀ ਖ਼ਬਰ Kanaya1 ਅਗਲੀ ਖ਼ਬਰ ਆਪਸੀ ਵਪਾਰ ’ਚ ਆਉਣ ਵਾਲੀਆਂ ਰੁਕਾਵਟਾਂ ਦੀ ਘੋਖ ਕਰਨ ਬ੍ਰਿਕਸ ਦੇਸ਼-ਮੋਦੀ
Ad Position 24