ਆਪਣੇ ਪੰਜਾਬੀ ਇਕਾਂਗੀ
ਸੰਪਾਦਕ: ਸਤਵਿੰਦਰ ਬੇਗੋਵਾਲੀਆ, ਦਲਜੀਤ ਸਿੰਘ ਰਤਨ,
ਪ੍ਰਕਾਸ਼ਕ : ਮਿਸਟਰ ਸਿੰਘ ਪਬਲੀਕੇਸ਼ਨ ਤਲਵੰਡੀ ਸਾਬੋ
ਮੁੱਲ : 300 ਰੁਪਏ, ਸਫ਼ੇ : 192
ਸੰਪਰਕ : 97809-07031

ਸਤਵਿੰਦਰ ਬੇਗੋਵਾਲੀਆ ਅਤੇ ਦਲਜੀਤ ਸਿੰਘ ਰਤਨ ਵਲੋਂ ਸੰਪਾਦਤ ਆਪਣੇ ਪੰਜਾਬੀ ਇਕਾਂਗੀ ਨਾਟ-ਸੰਗਿ੍ਹ ਵਿਚ ਨੌਂ ਇਕਾਂਗੀ ਸ਼ਾਮਿਲ ਕੀਤੇ ਗਏ ਹਨ ਜਿਨ੍ਹਾਂ ਵਿਚੋਂ ਕਈ ਪ੍ਰਚਲਤ ਨਾਟਕ ਹਨ ਜੋ ਪਹਿਲਾਂ ਵੀ ਵੱਖ-ਵੱਖ ਪੁਸਤਕਾਂ ਵਿਚ ਪ੍ਰਕਾਸ਼ਤ ਹੋ ਵੀ ਚੁੱਕੇ ਹਨ | ਜਿਵੇਂ ਕਿ ਅਜਮੇਰ ਔਲਖ ਦਾ ਨਾਟਕ 'ਇੱਕ ਰਮਾਇਣ ਹੋਰ' ਨਾਟਕ ਬਹੁਤ ਸਾਰੀਆਂ ਸਟੇਜਾਂ 'ਤੇ ਮੰਚਤ ਹੋ ਚੁੱਕਾ ਹੈ | ਇਹ ਨਾਟਕ ਪੰਜਾਬ ਆਰਥਿਕਤਾ ਦੇ ਨਾਲ ਨਾਲ ਜੱਟ ਅਤੇ ਜ਼ਮੀਨ ਦੇ ਸੰਬੰਧਾਂ ਨਾਲ ਵੀ ਜੁੜਿਆ ਹੈ | ਮਰਦ ਦੇ ਅੰਦਰ ਔਰਤ ਪ੍ਰਤੀ ਵਸੀ ਭੁੱਖ ਦੀ ਤਸਵੀਰ ਵੀ ਹੈ ਇਹ ਨਾਟਕ | ਨਾਟਕ ਦੇਖਦਿਆਂ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਲੋੜਾਂ ਅਤੇ ਥੋੜਾਂ ਕਿਵੇਂ ਰਿਸ਼ਤਿਆਂ ਦੀਆਂ ਗਰਜ਼ੀ ਗੰਢਾਂ ਨੂੰ ਪਚੀੜਦੀਆਂ ਹਨ ਤੇ ਕਿਵੇਂ ਖੋਲ੍ਹਦੀਆਂ ਹਨ | ਆਤਮਜੀਤ ਦੇ ਨਾਟਕ 'ਚਾਬੀਆਂ' ਦੀ ਚਰਚਾ ਵੀ ਪੰਜਾਬੀ ਰੰਗਮੰਚ ਵਿਚ ਹੁੰਦੀ ਰਹੀ ਹੈ | ਪ੍ਰੀਤਕਾਤਮਿਕ ਵਿਧੀ ਵਿਚ ਲਿਖਿਆ ਇਹ ਨਾਟਕ ਦਸਦਾ ਹੈ ਕਿ ਕਿਵੇਂ ਵੱਡੇ ਛੋਟੇ, ਗ਼ਰੀਬ ਅਮੀਰ, ਉੱਚੇ ਨੀਵੇਂ, ਮਾਲਕ ਨੌਕਰ ਇੱਕੋ ਧਾਗੇ ਵਿਚ ਬੱਝੇ ਹਨ | ਅੱਜ ਦੇ ਯੱੁਗ ਵਿਚ ਬੰਦੇ ਦੇ ਮਸ਼ੀਨ ਹੋਣ ਤੱਕ ਦੀ ਪ੍ਰਕਿਰਿਆ ਵਿਚੋਂ ਦਰਸ਼ਕ ਨੂੰ ਕਢਦਾ ਹੋਇਆ ਇਹ ਨਾਟਕ ਆਧੁਨਿਕਤਾ ਦੇ ਰੰਗ ਵਿਖਾਉਂਦਾ ਹੈ | ਗੁਰਸ਼ਰਨ ਸਿੰਘ ਦਾ ਨਾਟਕ 'ਗਰੀਬ ਲੋਕ' ਕਰਜ਼ੇ ਹੇਠ ਦੱਬੇ ਅਮ ਲੋਕਾਂ ਦੀ ਕਹਾਣੀ ਹੈ ਜੋ ਆਪਣੀਆਂ ਲੋੜਾਂ ਦੀ ਜਕੜ ਵਿਚ ਕਰਜ਼ੇ ਦੇ ਬੋਝ ਵਿਚੋਂ ਬਾਹਰ ਨਹੀਂ ਆ ਸਕਦੇ | ਇਹ ਨਾਟਕ ਜਗਰੂਪ ਸਿੰਘ ਰੂਪ ਦੀ ਕਹਾਣੀ 'ਪੰਜ ਕਲਿਆਣੀ' ਦੇ ਅਧਾਰਤ ਹੈ | ਪੁਸਤਕ ਦਾ ਚੌਥਾ ਨਾਟਕ ਸਤਵਿੰਦਰ ਬੇਗੋਵਾਲੀਆ ਲਿਖਤ ਹੈ ' ਚੋਰ' ਜੋ ਮੱਧ ਵਰਗੀ ਕਿਸਾਨ ਦੀ ਗਾਥਾ ਹੈ ਜਿਹੜਾ ਨਿੱਕੇ ਨਿੱਕੇ ਹਿਸਾਬਾਂ ਵਿਚ ਹੀ ਜ਼ਿੰਦਗੀ ਗੁਜ਼ਾਰ ਦਿੰਦਾ ਹੈ | ਇਸ ਪੁਸਤਕ ਵਿਚ ਉੱਘੇ ਨਾਟਕਕਾਰ, ਨਿਰਦੇਸ਼ਕ ਅਤੇ ਅਦਾਕਾਰ ਡਾ. ਸਾਹਿਬ ਸਿੰਘ ਦਾ ਨਾਟਕ 'ਜ਼ਖਮੀ ਖੰਭਾਂ ਦੀ ਪ੍ਰਵਾਜ਼' ਸ਼ਾਮਿਲ ਕੀਤਾ ਗਿਆਂ ਹੈ | ਇਹ ਨਾਟਕ ਲਗਾਤਾਰ ਸਟੇਜਾਂ 'ਤੇ ਖੇਡਿਆ ਜਾਣ ਵਾਲਾ ਨਾਟਕ ਹੈ ਜਿਸ ਨੂੰ ਸਾਹਿਬ ਸਿੰਘ ਸਮੇਤ ਕਈ ਨਿਰਦੇਸ਼ਕਾਂ ਨੇ ਖੇਡਿਆ ਹੈ | ਇਹ ਨਾਟਕ ਸਾਡੇ ਭਿ੍ਸ਼ਟਾਚਾਰੀ ਸਿਸਟਮ ਦੀ ਪੋਲ ਖੋਲ੍ਹਦਾ ਹੈ ਕਿ ਕਿਵੇਂ ਇਕ ਸਮਝਦਾਰ ਸਿਆਣਾ ਬੰਦਾ ਸਮੇਂ ਦੀਆਂ ਸੱਟਾਂ ਝਲਦਾ ਖੁਦ ਉਨ੍ਹਾਂ ਅਲਾਮਤੀ ਰਾਹਾਂ 'ਤੇ ਜਾ ਤੁਰਦਾ ਜਿਨ੍ਹਾਂ ਦੇ ਖਿਲਾਫ਼ ਬੋਲਣਾ ਉਸਦਾ ਫਰਜ਼ ਹੁੰਦਾ | ਕੇਵਲ ਧਾਲੀਵਾਲ ਦਾ ਨਾਟਕ 'ਕਿਰਨ' ਬੇਸ਼ੱਕ ਜੀਤ ਅਤੇ ਕਿਰਨ ਦੀ ਜੀਵਨ ਕਹਾਣੀ ਹੈ ਪਰ ਸਮਾਜ ਲਈ ਕਿਰਨ ਬਣਦਾ ਹੈ ਕਿ ਜੇਕਰ ਜ਼ਿੰਦਗੀ ਵਿਚ ਔਲਾਦ ਦਾ ਸੁੱਖ ਕੁਦਰਤੀ ਨਹੀਂ ਮਿਲਦਾ ਤਾਂ ਇਹ ਖੁਸ਼ੀ ਉਨ੍ਹਾਂ ਬਦਕਿਸਮਤ ਬੱਚਿਆਂ ਨਾਲ ਮਿਲ ਕੇ ਪੂਰੀ ਕੀਤੀ ਜਾ ਸਕਦੀ ਹੈ ਜੋ ਜੰਮਦਿਆਂ ਹੀ ਮਾਪਿਆਂ ਤੋਂ ਸੱਖਣੇ ਹੋ ਜਾਂਦੇ ਹਨ | ਮਾਪਿਆਂ ਨੂੰ ਬੱਚੇ ਅਤੇ ਬੱਚਿਆਂ ਨੂੰ ਮਾਪੇ ਮਿਲ ਜਾਣ ਦਾ ਕਲਾਈਮੈਕਸ ਨਾਟਕ ਦੀ ਮਹਿਮਾ ਬਣਦਾ ਹੈ |
ਦਿਹਾੜੀਦਾਰ ਲੋਕਾਂ ਦੀ ਸਰਾਪੀ ਜ਼ਿੰਦਗੀ ਦੀ ਸਚਾਈ ਪੇਸ਼ ਕਰਦਾ ਹੈ ਸੁਖਮਿੰਦਰ ਸੇਖੋਂ ਦਾ ਨਾਟਕ 'ਲੇਬਰ ਚੌਂਕ ਦੀਆਂ ਅੱਖਾਂ' | ਇਸ ਨਾਟਕ ਵਿਚ ਪੰਜਾਬ ਸਿੰਘ ਅਤੇ ਭਰਤ ਰਾਮ ਸੰਕੇਤਕ ਪਾਤਰਾਂ ਸਮੇਤ ਮਜ਼ਦੂਰ ਜਮਾਤ ਦਾ ਸੱਚ ਇਹ ਹੈ ਕਿ ਕੰਮੀ ਲੋਕਾਂ ਨਾਲੋਂ ਵਿਹਲੜ ਲੋਕ ਜ਼ਿੰਦਗੀ ਦਾ ਲੁਤਫ ਲੈਂਦੇ ਹਨ |
ਸਤਿੰਦਰ ਸਿੰਘ ਨੰਦਾ ਦਾ ਨਾਟਕ 'ਮਾਸਟਰ ਲਿਆਕਤ ਗੁਲ' ਉਨ੍ਹਾਂ ਅਧਿਆਪਕਾਂ ਦੀ ਬਾਤ ਪਾਉਂਦਾ ਹੈ ਜੋ ਅਧਿਆਪਨ ਵਰਗੇ ਪਵਿੱਤਰ ਕਿੱਤੇ ਨੂੰ ਕਲੰਕਤ ਕਰਦੇ ਹਨ | ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤੇ ਦੀ ਪਰਿਭਾਸ਼ਾ ਨੂੰ ਵਿਗਾੜ ਰਹੇ ਹਨ | ਇਸ ਪੁਸਤਕ ਵਿਚ ਆਖਰੀ ਇਕਾਂਗੀ ਸੁਮਨ ਲਤਾ ਦੀ ਹੈ 'ਮੇਰੀ ਬੱਚੀ' | ਇਹ ਕਾਵਿ ਨਾਟਕ ਹੈ | ਸਮਾਜ ਵਿਚ ਭਰੂਣ ਹੱਤਿਆ ਦੀ ਮਨੋਵਗਿਆਨਕ ਸਥਿਤੀ ਦੇ ਮੱਦੇਨਜ਼ਰ ਪੈਦਾ ਹੋ ਰਹੀ ਸੋਚ ਹੀ ਇਸ ਨਾਟਕ ਦਾ ਮੂਲ ਧੁਰਾ ਹੈ ਜਿਸ ਵਿਚ ਪਰਿਵਾਰ ਅਤੇ ਸਮਾਜ ਦੀਆਂ ਫਟਕਾਰਾਂ ਨੂੰ ਸਵੀਕਾਰ ਕਰਦੀ ਨਾਇਕਾ ਅਸਮਾਨੀ ਉੱਡਨ ਦਾ ਹੌਸਲਾ ਕਰਦੀ ਹੈ |
-ਨਿਰਮਲ ਜੌੜਾ
ਮੋਬਾਈਲ : 98140-78799
ਫ਼ੱਕਰ ਤੇਰੇ ਸ਼ਹਿਰ ਦਾ
ਸੰਪਾਦਕ : ਸ਼ੰਕਰ ਸੁਖਦੇਵ ਸਿੰਘ 'ਵੱਧਣ'
ਪ੍ਰਕਾਸ਼ਕ : ਡੀ.ਪੀ. ਪਬਲਿਸ਼ਰਜ਼ ਐਂਡ ਮੀਡੀਆ ਹਾਊਸ, ਅੰਮਿ੍ਤਸਰ
ਮੁੱਲ : 180 ਰੁਪਏ, ਸਫ਼ੇ : 83
ਸੰਪਰਕ : 98146-87865

ਇਹ ਪੁਸਤਕ ਇਕ ਪਿਤਾ ਵਲੋਂ ਆਪਣੇ ਨੌਜਵਾਨ ਗਾਇਕ ਪੁੱਤਰ ਦੇ ਵਿਛੋੜੇ ਵਿਚ ਕਾਵਿਮਈ ਸ਼ਰਧਾਂਜਲੀ ਹੈ | ਸੂਫ਼ੀ ਗਾਇਕ ਮਨਮੀਤ ਸਿੰਘ 'ਸੈਣ' ਦੀ ਯਾਦ ਨੂੰ ਸਮਰਪਿਤ ਕੁਝ ਕਾਵਿ ਝਲਕਾਂ ਪੇਸ਼ ਹਨ—
—ਜ਼ਿੰਦਗੀ ਦਾ ਸਰਮਾਇਆ ਜਿਹੜੇ ਕਈ ਵਾਰੀ ਜਦੋਂ ਗੁੰਮ ਜਾਂਦੇ
ਯਾਦਾਂ ਦੇ ਸਿਰਨਾਵੇਂ ਬਣ ਕੇ, ਸੀਨੇ ਅੰਦਰ ਧੁੰਮ ਜਾਂਦੇ |
-ਡਾ. ਆਤਮ ਸਿੰਘ ਗਿੱਲ
—ਬੂਟਾ ਚੰਦਨ ਦਾ, ਬੜੀ ਮਹਿਕ ਖਿਲਾਰ ਗਿਆ
ਦਿਲ ਵਿਚ ਵਸਦਾ ਏ, ਭਾਵੇਂ ਛੱਡ ਸੰਸਾਰ ਗਿਆ |
-ਸੁੱਖ ਵਡਾਲੀ
—ਐਸੀ ਦੇਵਤਿਆਂ ਦੀ ਨਗਰੀ ਵਿਚ ਜਾ ਚੁੱਭੀ ਲਾਈ
ਜੋਗੀ ਉੱਤਰ ਪਹਾੜੋਂ ਆਉਂਦੇ ਤੂੰ ਨਾ ਫੇਰੀ ਪਾਈ |
-ਸ਼ੰਕਰ ਸੁਖਦੇਵ ਸਿੰਘ
—ਤੂੰ ਸੁੱਖਾਂ ਸੁੱਖ ਮੰਗਿਆ
ਸੀ ਮੈਨੂੰ ਜਿਹੜੇ ਰੱਬ ਤੋਂ
ਓਸੇ ਰੱਬ ਨੇ ਸੱਦ ਲਿਆ ਨੀ
ਮੈਨੂੰ ਰੰਗਲੇ ਜੱਗ ਤੋਂ |
—ਸਵਰਨ ਸਿੰਘ ਬੋਪਾਰਾਇ
—ਮੈਂ ਫ਼ੱਕਰ ਤੇਰੇ ਸ਼ਹਿਰ ਦਾ, ਕਰਕੇ ਫ਼ਕੀਰੀ ਤੁਰ ਚੱਲਿਆ |
ਛੱਡ ਕੇ ਦੁਨੀਆ ਬੇਦਰਦੀ, ਆਪਣੀ ਤੋਰੇ ਮੁੜ ਚੱਲਿਆ |
-ਮਰਕਸ ਪਾਲ ਗੁਮਟਾਲਾ
ਬਿਰਹੜਿਆਂ ਵਿਚ ਭਿੱਜੀਆਂ ਇਹ ਕਵਿਤਾਵਾਂ ਬਹੁਤ ਵੈਰਾਗਮਈ ਅਤੇ ਦਿਲ ਹਿਲਾਉਣ ਵਾਲੀਆਂ ਹਨ | ਵਿੱਛੜੀ ਰੂਹ ਨੂੰ ਸਮਰਪਿਤ ਇਸ ਕਾਵਿ-ਪੁਸਤਕ ਦਾ ਸੁਆਗਤ ਹੈ |
-ਡਾ. ਸਰਬਜੀਤ ਕੌਰ ਸੰਧਾਵਾਲੀਆ
ਦਹਿਲੀਜ਼
ਲੇਖਕ : ਸਤੀਸ਼ ਥਿੰਦ 'ਜਲਾਲਾਬਾਦੀ'
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ |
ਮੁੱਲ : 200 ਰੁਪਏ, ਸਫ਼ੇ : 92
ਸੰਪਰਕ : 94177-96518

'ਦਹਿਲੀਜ਼' ਸਤੀਸ਼ ਥਿੰਦ 'ਜਲਾਲਾਬਾਦੀ' ਦਾ ਰਚਿਆ ਕਾਵਿ-ਸੰਗ੍ਰਹਿ ਹੈ | ਇਸ ਵਿਚ ਕਵੀ ਨੇ 70 ਕਵਿਤਾਵਾਂ ਸ਼ਾਮਿਲ ਕੀਤੀਆਂ ਹਨ | ਇਸ ਰਚਨਾ ਵਿਚ ਦਰਜ ਕਵਿਤਾਵਾਂ ਸੱਜਣ ਸਾਡੇ, ਰੂਹ ਦਾ ਹਾਣੀ, ਇਸ਼ਕ ਹਕੀਕੀ, ਰੰਗੀਨ ਜ਼ਿੰਦਗੀ, ਬਹਿ ਵੇ ਸੱਜਣਾ, ਰੰਗਦਾਰ ਜ਼ਿੰਦਗੀ, ਕਮਾਲ ਨੇ ਤੇਰੇ, ਤੇਰੀ ਮਰਜ਼ੀ, ਰੂਹਾਨੀ ਰਿਸ਼ਤਾ, ਸੱਜਣ ਮੈਂਡਿਆ ਆਦਿ ਵਿਚ ਨਿੱੱਜੀ ਪਿਆਰ, ਮੁਹੱਬਤ, ਇਸ਼ਕ ਮਿਜ਼ਾਜੀ ਦੀਆਂ ਸੰਵੇਦਨਾਵਾਂ ਨੂੰ ਸਾਕਾਰ ਕੀਤਾ ਗਿਆ ਹੈ-
'ਪਿਆਰ ਦੀ ਲੰਘੀ ਰੁੱਤ, ਵੇ ਸੱਜਣ ਮੈਂਡਿਆ |
ਮੇਰੀ ਖੁੱਲ੍ਹੀ ਰਹਿ ਗਈ ਗੁੱਤ,
ਵੇ ਸੱਜਣ ਮੈਂਡਿਆ |
ਰੂਹ ਤਾਂ ਕੱਢ ਕੇ ਲੈ ਗਿਓਾ ਮੇਰੀ,
ਬਾਕੀ ਰਹਿ ਗਿਆ ਬੁੱਤ,
ਵੇ ਸੱਜਣ ਮੈਂਡਿਆ |'
ਕੰਮੀਆਂ ਕਿਰਤੀਆਂ ਦੇ ਤੰਗੀਆਂ, ਤੁਰਸ਼ੀਆਂ, ਥੁੜਾਂ, ਰੀਝਾਂ, ਝੋਰਿਆਂ ਅਤੇ ਸੰਤਾਪਾਂ ਨੂੰ ਧੀ ਗ਼ਰੀਬ ਦੀ, ਜਿਸਮਾਂ ਦੀ ਮੰਡੀ, ਹੁਸਨ, ਸਵੇਰ, ਮੰਜ਼ਿਲ, ਆ ਨੀ ਦਿਵਾਲੀਏ, ਜ਼ਰਾ ਸੋਚੋ, ਅਰਜ਼ਾਂ, ਕੌੜਾ ਘੁੱਟ ਆਦਿ ਕਵਿਤਾਵਾਂ ਵਿਚ ਬੜੇ ਹੀ ਭਾਵਪੂਰਤ ਸ਼ਬਦਾਂ ਵਿਚ ਦਰਜ ਕੀਤਾ ਗਿਆ ਹੈ-
'ਸਭ ਕੁਝ ਤਨ 'ਤੇ ਜਰਦੀ ਪਈ ਆਂ,
ਕੌੜਾ ਘੁੱਟ ਮੈਂ ਭਰਦੀ ਪਈ ਆਂ |
ਮਾਰੂਥਲ ਕਿਤੇ ਹਰਿਆ ਹੋ ਜੇ,
ਬੱਦਲੀ ਬਣ ਕੇ ਵਰ੍ਹਦੀ ਪਈ ਆਂ |'
ਜੰਗਬਾਜ਼ਾਂ ਵਲੋਂ ਨਫ਼ਰਤ ਦੀ ਅੱਗ ਨੂੰ ਹਵਾ ਦੇਣੀ, ਅਜੋਕੇ ਪਦਾਰਥਵਾਦੀ ਯੁੱਗ ਵਿਚ ਪੰਜਾਬਣ ਮੁਟਿਆਰ ਦਾ ਬਦਲਿਆ ਸਰੂਪ, ਰਾਜਸੀ ਲੋਕਾਂ ਵਲੋਂ ਚੋਣਾਂ ਜਿੱਤਣ ਖ਼ਾਤਰ ਧਰਮ ਨੂੰ ਹਥਿਆਰ ਵਜੋਂ ਵਰਤਣਾ, ਲੋਭ ਲਾਲਚ ਵਿਚ ਆ ਕੇ ਭਰਾਵਾਂ ਵਲੋਂ ਕੀਤੀ ਘਰ ਦੀ ਵੰਡ ਕਾਰਨ ਵੱਖ-ਵੱਖ ਰਹਿਣ ਦਾ ਸੰਤਾਪ ਭੋਗਦੇ ਮਾਪੇ, ਕਰੋਨਾ ਕਾਲ਼ ਸਮੇਂ ਦੀਆਂ ਮੁਸ਼ਕਿਲਾਂ, ਅਣਜੋੜ ਵਿਆਹਾਂ ਕਾਰਨ ਘਰਾਂ ਦੇ ਅਸਾਵੇਂ ਮਾਹੌਲ ਨੂੰ ਵੀ ਇਸ ਕਾਵਿ-ਸੰਗ੍ਰਹਿ ਵਿਚ ਸਰਲ ਸੌਖੀ ਭਾਸ਼ਾ ਵਿਚ ਕਾਵਿਬੱਧ ਕੀਤਾ ਗਿਆ ਹੈ |
-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 84276-85020
ਡਰੀਮ ਲੈਂਡ
ਲੇਖਕ : ਲਾਲਾ ਰਾਮ ਸਰਨ ਦਾਸ
ਅਨੁਵਾਦ : ਪਵਨ ਗੁਲਾਟੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 175 ਰੁਪਏ, ਸਫ਼ੇ : 84
ਸੰਪਰਕ : 95010-26551

ਲੇਖਕ ਪਵਨ ਗੁਲਾਟੀ ਕੋਈ ਬਹੁਤੀ ਜਾਣ-ਪਛਾਣ ਦਾ ਮੁਥਾਜ ਨਹੀਂ ਹੈ | ਉਸ ਨੇ ਇਸ ਪੁਸਤਕ ਤੋਂ ਪਹਿਲਾਂ ਵੀ 13-14 ਕਿਤਾਬਾਂ ਦਾ ਅਨੁਵਾਦ ਕੀਤਾ ਹੈ | ਕਹਿ ਸਕਦੇ ਹਾਂ ਕਿ ਅਨੁਵਾਦ ਕਰਨ 'ਚ ਲੇਖਕ ਚੰਗੀ ਮੁਹਾਰਤ ਰੱਖਦਾ ਹੈ |
ਜ਼ਿਕਰ ਅਧੀਨ ਪੁਸਤਕ 'ਡਰੀਮ ਲੈਂਡ' ਲਾਲਾ ਰਾਮ ਸਰਨ ਦਾਸ ਹੋਰਾਂ ਦੀ ਰਚੀ ਹੋਈ ਹੈ | ਲੇਖਕ ਨੇ ਇਹ ਪੁਸਤਕ ਮਰਹੂਮ ਲੇਖਕ ਦੇਸ ਰਾਜ ਕਾਲੀ ਹੋਰਾਂ ਨੂੰ ਸਮਰਪਿਤ ਕੀਤੀ ਹੈ | ਇਸ ਪੁਸਤਕ ਦੀ ਭੂਮਿਕਾ 15-1-1931 ਨੂੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਲਿਖੀ ਸੀ, ਜਿਸ ਵਿਚ ਉਨ੍ਹਾਂ ਬਿਆਨਿਆ ਹੈ ''ਮੇਰੇ ਚੰਗੇ ਦੋਸਤ ਰਾਮ ਸਰਨ ਦਾਸ ਹੋਰਾਂ ਮੈਨੂੰ ਆਪਣੇ ਕਾਵਿ-ਸੰਗ੍ਰਹਿ 'ਡਰੀਮ ਲੈਂਡ' (ਸੁਪਨਿਆਂ ਦਾ ਦੇਸ਼) ਦੀ ਭੂਮਿਕਾ ਲਿਖਣ ਨੂੰ ਕਿਹਾ | ਉਨ੍ਹਾਂ ਨੇ ਅੱਗੋਂ ਕਿਹਾ, ਲਾਲਾ ਜੀ ਪੰਜਾਬ ਦੇ ਉਹ ਪਹਿਲੇ ਇਨਕਲਾਬੀ ਸਨ ਜੋ 1908 ਵਿਚ ਇਸ ਲਹਿਰ ਵਿਚ ਭਰਤੀ ਹੋਏ ਸਨ | ਉੁਨ੍ਹਾਂ ਨੂੰ 1915 ਵਿਚ ਫਾਂਸੀ ਦੀ ਸਜ਼ਾ ਹੋਈ ਪਰ ਬਾਅਦ ਵਿਚ ਟੁੱਟ ਕੇ ਉਮਰ ਕੈਦ ਵਿਚ ਬਦਲ ਗਈ | ਇਹ ਅਨੁਵਾਦਕ ਪੁਸਤਕ ਵਿਸਥਾਰਤ ਲੰਬੀ ਕਾਵਿ-ਵੰਨਗੀ ਹੈ ਜੋ ਸਫ਼ਾ 19 ਤੋਂ ਸ਼ੁਰੂ ਹੋ ਕੇ ਪੰਨਾ 84 ਤੱਕ ਇਕੋ ਇਕ ਲੰਮੀ ਕਵਿਤਾ ਹੀ ਹੈ | ਕੁਝ ਕੁ ਪੰਕਤੀਆਂ ਦਾ ਜ਼ਿਕਰ ਕਰ ਰਹੇ ਹਾਂ :
ਹੱਥਾਂ ਪੈਰਾਂ ਗਲ ਤੀਕ ਛਾਉਂਦੀ ਰਹੀ
ਮੌਤ ਮੇਰੇ ਚਿਹਰੇ 'ਤੇ ਮੰਡਰਾਉਂਦੀ ਰਹੀ |
ਚਮਕਦੇ ਨੈਣ ਸਨ ਜਿਵੇਂ ਸੂਰਜ ਸੀ, ਜਿਵੇਂ ਚੰਦ ਸੀ
ਤੇਜ ਵਾਨਾਂ ਦੇ ਹੋਸ਼ ਗੁੰਮ ਜਾਣ, ਐਸੀ ਤੰਦ ਸੀ |
ਨਫ਼ਰਤ ਨਾ ਕਰਨਾ ਵੈਰੀ ਨੂੰ ਵੀ ਪਿਆਰ ਹੀ ਕਰਨਾ
ਨਹੀਂ ਬਣਨਾ ਕੰਡਾ, ਹਮੇਸ਼ਾ ਗੁਲਾਬ ਹੀ ਬਣਨਾ
ਐਸੇ ਸਾਂਝੀਵਾਲ ਕਾਨੂੰਨ ਹੋਣ ਜੇਲ੍ਹਾਂ ਵਿਚ,
ਜਿਵੇਂ ਬਾਹਰਲੇ ਸੰਸਾਰ ਵਿਚ ਪਨਪਦੇ |
ਹੁਣ ਮੈਂ ਜਾਵਾਂ ਪਰ ਫਿਰ ਆਵਾਂਗੀ,
ਤੈਨੂੰ ਆਪਣੇ ਬਾਗ਼ ਦੇ ਵਿਚ ਲੈ ਜਾਵਾਂਗੀ |
-ਡੀ. ਆਰ. ਬੰਦਨਾ
ਮੋਬਾਈਲ : 94173-89003
ਬਿਰਹਣ ਦੀਵਾ ਬਾਲ਼ੇ
ਲੇਖਕ : ਪ੍ਰਭਸਿਮਰਨ ਜੌਹਲ
ਪ੍ਰਕਾਸ਼ਕ : ਗੋਸਲ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 126
ਸੰਪਰਕ : 94178-81074

ਸ਼ਾਇਰ ਪ੍ਰਭਸਿਮਰਨ ਜੌਹਲ ਸਮੁੰਦਰ ਦੀ ਛੱਲ ਵਾਂਗ ਆਪਣੇ ਪਲੇਠੇ ਕਾਵਿ-ਪਰਾਗੇ 'ਬਿਰਹਣ ਦੀਵਾ ਬਾਲ਼ੇ' ਨਾਲ ਪੰਜਾਬੀ ਸ਼ਾਇਰੀ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਰਿਹਾ ਹੈ | ਸ਼ਾਇਰ ਹਾਲੇ 18 ਸਾਲ ਦਾ ਗੱਭਰੂ ਹੈ ਤੇ ਇਸ ਉਮਰ ਵਿਚ ਸ਼ਾਇਰੀ ਦਾ ਬੀਜ ਪੁੰਗਰਨਾ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ | ਪੰਜਾਬੀ ਵਿਚ ਆਖਦੇ ਹਨ, 'ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ', ਹਿੰਦੀ ਵਾਲੇ ਆਖਦੇ ਹਨ 'ਹੋਨਹਾਰ ਬਿਰਵਾਨ ਕੇ ਚਿਕਨੇ ਚਿਕਨੇ ਪਾਤ' ਅਤੇ ਅੰਗਰੇਜ਼ੀ ਵਾਲੇ ਆਖਦੇ ਹਨ “3oming events cast their shadows before” ਇਹ ਪੌਦਾ ਪੁੰਗਰ ਤਾਂ ਗਿਆ ਹੈ ਤੇ ਨਿਕਟ ਭਵਿੱਖ ਵਿਚ ਘਣਛਾਵਾਂ ਬਿਰਖ ਬਣਨ ਦੀਆਂ ਸੰਭਾਵਨਾਵਾਂ ਲੁਕੋਈ ਬੈਠਾ ਹੈ | ਇਹ ਉਮਰ ਤਰੰਗਤੀ ਪਹਾੜੀ ਨਦੀ ਦੇ ਵਹਾਅ ਵਰਗੀ ਹੁੰਦੀ ਹੈ | ਇਸ ਉਮਰ ਵਿਚ ਜਦੋਂ ਬੱਚਾ ਕਿਸ਼ੋਰ ਅਵਸਥਾ ਪਾਰ ਕਰਕੇ ਜਵਾਨੀ ਦੀ ਦਹਿਲੀਜ਼ ਤੱਕ ਪਹੁੰਚਦਾ ਹੈ ਤਾਂ ਆਪਣੇ ਮਹਿਰਮ ਲਈ ਰੋਸੇ, ਮੇਹਣੇ, ਮੰਨ ਮਨਾਉਣੀਆਂ ਜੁਦਾਈ ਵਿਦਾਈ ਦੀਆਂ ਗੁਲਾਬੀ ਤੇ ਸੰਦਲੀ ਅਹਿਸਾਸ ਪਰਕਰਮਾ ਕਰਨ ਲੱਗਦੇ ਹਨ ਤੇ ਵਰਜਣਾਵਾਂ ਦੀ ਪੁਰਸਲਾਤ ਪਾਰ ਕਰਨ ਲਈ ਫਿਰ ਸ਼ਾਇਰ ਆਪਣਾ ਕਾਵਿ ਧਰਮ ਨਿਭਾਅ ਰਿਹਾ ਹੈ | ਇਸ ਦੀ ਸ਼ਾਇਰੀ ਦਾ ਕੇਂਦਰੀ ਮੈਟਾਫ਼ਰ ਬਿਰਹਣ ਦਾ ਦੀਵਾ ਹੈ ਜੋ ਉਡੀਕ ਦਾ ਪ੍ਰਤੀਕ ਹੈ | ਸ਼ਾਇਰ ਦੀ ਕਵਿਤਾ ਦੇ ਬਿੰਬ ਅਤੇ ਤਸ਼ਬੀਹਾਂ ਤਾਂ ਕਮਾਲ ਦੀਆਂ ਹਨ ਪਰ ਇਨ੍ਹਾਂ ਉੱਤੇ ਕਿਸੇ ਮਰਹੂਮ ਵੱਡੇ ਸ਼ਾਇਰ ਦਾ ਪਰਛਾਵਾਂ ਸਾਫ਼ ਨਜ਼ਰ ਆਉਂਦਾ ਹੈ | ਬਹੁਤ ਥਾਈਾ ਕਾਵਿ ਵਿਰੋਧਾਭਾਸ ਝੋਲ ਮਾਰ ਜਾਂਦਾ ਹੈ | ਉਰਦੂ ਦੇ ਸ਼ਬਦਾਂ ਵਿਚ ਉਸ ਦੇ ਮਰਮ ਨੂੰ ਪਹਿਚਾਨਣਾ ਪਏਗਾ | ਭਾਸ਼ਾਈ ਉਕਾਈਆਂ ਦੂਰ ਕਰਨ ਲਈ ਉਚੇਚਾ ਧਿਆਨ ਦੇਣਾ ਪਵੇਗਾ | ਸ਼ਾਇਰ ਨੂੰ ਸਮਕਾਲੀ ਸ਼ਾਇਰੀ ਦਾ ਨਿੱਠ ਕੇ ਅਧਿਐਨ ਕਰਨ ਉਪਰੰਤ ਆਪਣਾ ਸਥਾਨ ਨਿਸਚਿਤ ਕਰਨਾ ਪਵੇਗਾ ਤਾਂ ਕਿ ਨੇੜ ਭਵਿੱਖ ਵਿਚ ਹੋਰ ਬਿਹਤਰ ਕਲਾਤਮਿਕ ਪ੍ਰਗਟਾਵੇ ਦੀ ਸ਼ਾਇਰੀ ਇਲਹਾਮ ਹੋ ਸਕੇ, ਸ਼ਾਇਰ ਨੂੰ ਨਾਮਵਰ ਸ਼ਾਇਰ ਪ੍ਰਭਜੋਤ ਸੋਹੀ ਦਾ ਥਾਪੜਾ ਤਾਂ ਮਿਲ ਹੀ ਗਿਆ ਹੈ ਤੇ ਇਹ ਥਾਪੜਾ ਨਿਕਟ ਭਵਿੱਖ ਵਿਚ ਨਿਸਚੇ ਹੀ ਮਜੀਠ ਰੰਗ ਉਘਾੜੇਗਾ | ਪਹਿਲੇ ਕਾਵਿ ਪਰਾਗੇ ਲਈ ਸ਼ਾਇਰ ਦੀ ਆਮਦ ਨੂੰ ਜੀ ਆਇਆਂ ਤਾਂ ਕਹਿਣਾ ਬਣਦਾ ਹੀ ਹੈ
|-ਭਗਵਾਨ ਢਿੱਲੋਂ
ਮੋਬਾਈਲ : 098143-78254