ਕਾਲ ਕੋਠੜੀ ਅਤੇ ਹੋਰ ਕਹਾਣੀਆਂ
ਲੇਖਕ : ਐਡਗਰ ਐਲਨ ਪੋ.
ਅਨੁਵਾਦਕ : ਕਮਲ ਗਿੱਲ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ ਮੁਹਾਲੀ
ਮੁੱਲ : 350 ਰੁਪਏ, ਸਫ਼ੇ : 176
ਸੰਪਰਕ : 0172-5027429

ਅਨੁਵਾਦ ਕਲਾ ਅਤੇ ਅੰਗ੍ਰਜ਼ੀ ਅਤੇ ਪੰਜਾਬੀ ਭਾਸ਼ਾਵਾਂ ਵਿਚ ਪੂਰੀ ਮੁਹਾਰਤ ਰੱਖਣ ਵਾਲੇ ਲੇਖਕ ਅਤੇ ਅਨੁਵਾਦਕ ਕਮਲ ਗਿੱਲ ਦੀ ਕਲਮ ਤੋਂ ਹੁਣ ਤੱਕ ਵੱਖ-ਵੱਖ ਲੇਖਕਾਂ ਦੀਆਂ ਰਚੀਆਂ 13 ਪੁਸਤਕਾਂ ਅਨੁਵਾਦਿਤ ਹੋ ਕੇ ਮਾਂ ਬੋਲੀ ਪੰਜਾਬੀ ਦੇ ਸਾਹਿਤ ਖ਼ਜ਼ਾਨੇ 'ਚ ਇਜ਼ਾਫ਼ਾ ਕਰ ਚੁੱਕੀਆ ਹਨ | ਰੋਮਾਂਸਵਾਦੀ ਕਵੀ, ਲੇਖਕ, ਆਲੋਚਕ, ਸੰਪਾਦਕ ਅਤੇ ਸਥਾਪਿਤ ਕਹਾਣੀ ਕਾਰ ਐਡਗਰ ਐਲਨ ਪੋ. ਵੱਲੋਂ ਰਚੀ ਪੁਸਤਕ 'ਕਾਲ ਕੋਠੜੀ ਅਤੇ ਹੋਰ ਕਹਾਣੀਆਂ' ਦੀ ਪੁਸਤਕ ਦਾ ਅਨੁਵਾਦ ਕਮਲ ਗਿੱਲ ਵਲੋਂ ਕੀਤੇ ਗਿਆ ਹੈ | ਸੰਨ 2026 ਵਿਚ ਅਨੁਵਾਦਿਤ ਇਸ ਪੁਸਤਕ 'ਚ ਲੰਬੀਆਂ ਕੁੱਲ 11 ਕਹਾਣੀਆਂ ਹਨ | ਲੇਖਕ ਐਡਗਰ ਐਲਨ ਪੋ. ਦੀਆਂ ਕਹਾਣੀਆਂ ਹੋਰ ਕਈ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀਆਂ ਹਨ | ਉਸ ਦੀ ਕਲਮ ਤੋਂ ਉਕਰੀਆਂ ਅਦਭੁੱਤ, ਡਰਾਉਣੀਆਂ ਅਤੇ ਉਤਸੁਕਤਾ ਪੈਦਾ ਕਰਨ ਵਾਲੀਆਂ ਕਹਾਣੀਆਂ ਦੁਨੀਆ ਭਰ ਵਿਚ ਪੜ੍ਹੀਆਂ ਜਾਂਦੀਆਂ ਹਨ | ਜਾਸੂਸੀ ਕਹਾਣੀਆਂ ਲਿਖਣ ਦੀ ਸ਼ੁਰੂਆਤ ਉਸ ਦੀ ਕਲਮ ਤੋਂ ਹੋਈ ਅਤੇ ਉਸ ਨੇ ਵਿਗਿਆਨਕ ਗਲਪ ਦੀ ਉੱਭਰਦੀ ਸ਼ੈਲੀ ਨੂੰ ਅੱਗੇ ਤੋਰਨ ਵਿਚ ਉੱਘਾ ਯੋਗਦਾਨ ਪਾਇਆ | ਇਸ ਪੁਸਤਕ ਵਿਚਲੀ ਕਹਾਣੀ 'ਕਾਲ ਕੋਠੜੀ' ਦੇ ਆਧਾਰ ਉੱਤੇ ਹੀ ਇਸ ਪੁਸਤਕ ਦਾ ਨਾਮਕਰਣ ਕੀਤਾ ਗਿਆ ਹੈ | ਉਸ ਦੀਆਂ ਚਰਚਿਤ ਕਹਾਣੀਆਂ 'ਕਾਲ ਬਿੱਲ', 'ਸ਼ਰਾਬ ਦਾ ਪੀਪਾ', 'ਕਾਲ ਕੋਠੜੀ', 'ਸੁਨਹਿਰਾ ਖਟਮਲ' ਅਤੇ 'ਲਾਲ ਮੌਤ' ਪਾਠਕਾਂ ਵਲੋਂ ਕਾਫੀ ਪਸੰਦ ਕੀਤੀਆਂ ਗਈਆਂ ਹਨ | ਕਾਫ਼ੀ ਸਾਲ ਪਹਿਲਾਂ ਲਿਖੀਆਂ ਗਈਆਂ ਉਸ ਦੀਆਂ ਕਹਾਣੀਆਂ ਅਜੋਕੇ ਸਮੇਂ ਵਿਚ ਵੀ ਪਾਠਕਾਂ ਵਿਚ ਓਨੀਆਂ ਹੀ ਹਰਮਨਪਿਆਰੀਆਂ ਹਨ, ਜਿੰਨੀਆਂ ਉਸ ਸਮੇਂ ਸਨ | ਉਸ ਦੀ ਕਲਾ ਅਤੇ ਦਿਲਚਸਪ ਸ਼ੈਲੀ ਨੂੰ ਦੇਸ਼ ਅਤੇ ਕਲਾਂ ਦੀਆਂ ਹੱਦਾਂ ਬੰਨ੍ਹ ਨਹੀਂ ਸਕੀਆਂ |
ਅੰਗ੍ਰੇਜ਼ੀ ਦੇ ਕਹਾਣੀ ਸਾਹਿਤ ਵਿਚ ਦੂਜੇ ਕਹਾਣੀਕਾਰਾਂ ਦੇ ਮੁਕਾਬਲੇ ਪੋ ਦੀ ਕਹਾਣੀ ਲਿਖਣ ਦੀ ਸ਼ੈਲੀ ਆਪਣਾ ਵੱਖਰਾ ਹੀ ਸਥਾਨ ਰੱਖਦੀ ਹੈ | ਪੋ ਸੰਸਾਰ ਪ੍ਰਸਿੱਧ ਪਹਿਲਾ ਅਜਿਹਾ ਅਮਰੀਕਨ ਲੇਖਕ ਸੀ, ਜਿਸ ਨੇ ਆਪਣੀ ਰੋਟੀ-ਰੋਜ਼ੀ ਦਾ ਸਾਧਨ ਸਾਹਿਤ ਨੂੰ ਹੀ ਰੱਖਿਆ | ਇੱਕ ਭਾਸ਼ਾ ਤੋਂ ਦੂਜੀ ਭਾਸ਼ਾ ਵਿਚ ਅਨੁਵਾਦ ਕਰਨਾ ਸੌਖਾ ਕਾਰਜ ਨਹੀਂ, ਵਿਦੇਸ਼ੀ ਭਾਸ਼ਾ ਤੋਂ ਪੰਜਾਬੀ ਭਾਸ਼ਾ ਵਿਚ ਅਨੁਵਾਦ ਕਰਨਾ ਤਾਂ ਹੋਰ ਵੀ ਟੇਢਾ ਕਾਰਜ ਹੈ | ਅਨੁਵਾਦਕ ਦੀ ਦੋਹਾਂ ਭਾਸ਼ਾਵਾਂ ਉੱਤੇ ਪਕੜ ਨਾ ਹੋਣ ਦੀ ਸਥਿਤੀ 'ਚ ਮੂਲ ਭਾਸ਼ਾ ਦੀ ਪੁਸਤਕ ਨਾਲ ਇਨਸਾਫ਼ ਨਹੀਂ ਹੋ ਸਕਦਾ ਪਰ ਕਮਲ ਗਿੱਲ ਦੀ ਅਨੁਵਾਦ ਸ਼ੈਲੀ ਉਸ ਦੀਆਂ ਦੋਹਾਂ ਭਾਸ਼ਾਵਾਂ ਦੇ ਗਿਆਨ ਦੇ ਘੇਰੇ ਨੂੰ ਪ੍ਰਮਾਣਿਤ ਕਰਦੀ ਹੈ | ਉਸ ਨੇ ਦੋਹਾਂ ਭਾਸ਼ਾਵਾਂ ਨਾਲ ਪੂਰਾ-ਪੂਰਾ ਇਨਸਾਫ਼ ਕੀਤਾ ਹੈ | ਕਹਾਣੀਆਂ ਦੇ ਪਾਤਰਾਂ ਦੇ ਚਰਿੱਤਰ ਦਾ ਚਿਤਰਣ ਉਸ ਨੇ ਪੂਰੀ ਕਾਮਯਾਬੀ ਨਾਲ ਕੀਤਾ ਹੈ | ਉਹ ਦੋਹਾਂ ਭਾਸ਼ਾਵਾਂ ਵਿਚ ਪੂਰੀ ਸਮਰਥਾ ਰੱਖਦਾ ਹੈ |
-ਪਿ੍ੰਸੀਪਲ ਵਿਜੈ ਕੁਮਾਰ
ਮੋਬਾਈਲ : 99826-27136
ਜੋਤ ਜੁਗਤ ਕੀ ਬਾਰਤਾ
ਲੇਖਕ : ਡਾ. ਜੋਗਿੰਦਰ ਸਿੰਘ ਰਾਹੀ
ਪ੍ਰਕਾਸ਼ਕ : ਨਾਨਕ ਸਿੰਘ ਪੁਸਤਕ ਮਾਲਾ ਅੰਮਿ੍ਤਸਰ
ਮੁੱਲ : 325 ਰੁੁਪਏ, ਸਫ਼ੇ : 208
ਸੰਪਰਕ : 98889-24664

ਡਾ. ਜੋਗਿੰਦਰ ਸਿੰਘ ਰਾਹੀ ਪੰਜਾਬੀ ਸਾਹਿਤ ਜਗਤ ਅੰਦਰ ਆਲੋਚਨਾ ਦੇ ਖੇਤਰ 'ਚ ਵੱਡਾ ਨਾਂ ਸੀ | ਉਸ ਨੇ ਪੰਜਾਬੀ ਨਾਵਲ (ਆਲੋਚਨਾ), ਮਸਲੇ ਗਲਪ ਦੇ (ਆਲੋਚਨਾ), ਸਮਾਂ ਤੇ ਸੰਵਾਦ (ਆਲੋਚਨਾ), ਨਾਨਕ ਸਿੰਘ ਦੀ ਨਾਵਲਕਾਰੀ (ਸੰਪਾਦਿਤ), ਜਗ-ਬੀਤੀ ਹੱਡ ਬੀਤੀ (ਸੰਪਾਦਿਤ) ਰੂਪ ਅਨੂਪ (ਸੰਪਾਦਿਤ) ਆਦਿ ਪੁਸਤਕਾਂ ਦੀ ਰਚਨਾ ਕਰਕੇ ਪੰਜਾਬੀ ਆਲੋਚਨਾ ਦੇ ਖੇਤਰ 'ਚ ਵੱਡਾ ਯੋਗਦਾਨ ਪਾਇਆ | 'ਜੋਤ ਜੁਗਤ ਕੀ ਬਾਰਤਾ' ਪੁਸਤਕ ਡਾ. ਰਾਹੀ ਦੀ ਅਖ਼ਰੀਲੀ ਪੁਸਤਕ ਹੈ ਜੋ 2006 ਵਿਚ ਪ੍ਰਕਾਸ਼ਿਤ ਹੋਈ ਤੇ ਹੁਣ ਇਸਦਾ ਨਵਾਂ ਸੰਸਕਰਣ ਨਾਨਕ ਸਿੰਘ ਪੁਸਤਕ ਮਾਲਾ ਵਲੋਂ ਕੁਲਬੀਰ ਸਿੰਘ ਸੂਰੀ ਦੇ ਪ੍ਰਕਾਸ਼ਨ ਹੇਠ 2026 ਵਿਚ ਪ੍ਰਕਾਸ਼ਿਤ ਕੀਤਾ ਗਿਆ | ਆਲੋਚਨਾ ਦੀ ਇਸ ਪੁਸਤਕ ਅੰਦਰ ਲੇਖਕ ਨੇ ਆਧੁਨਿਕ ਪੰਜਾਬੀ ਸਾਹਿਤ ਸੰਵੇਦਨਾ ਨੂੰ ਕੇਵਲ ਪੱਛਮੀ ਸਿਧਾਂਤਾਂ ਦੀ ਐਨਕ ਰਾਹੀਂ ਦੇਖਣ ਦੀ ਬਜਾਏ , ਸਾਹਿਤ-ਇਤਿਹਾਸ ਦੀ ਪ੍ਰੰਪਰਾ ਅਤੇ ਪ੍ਰਾਚੀਨ ਭਾਰਤੀ ਪ੍ਰੰਪਰਾ ਦੇ ਸੰਦਰਭ ਵਿਚ ਸਮਝਣ ਦਾ ਯਤਨ ਕੀਤਾ ਕੀਤਾ ਹੈ | ਪੁਸਤਕ ਨੂੰ ਲੇਖਕ ਕੇ ਚਾਰ ਖੰਡਾਂ ਵਿਚ ਵੰਡਿਆ ਹੈ | ਦੂਜਾ ਪਾਠ ਦੇ ਆਰ-ਪਾਰ, ਤੀਜਾ ਸਾਹਿਤਾਲੋਚਨਾ ਅਤੇ ਚੌਥਾ ਅੰਤਰ-ਅਨੁਸ਼ਾਸਨੀ ਅਧਿਐਨ | ਪੁਸਤਕ ਦੀ ਸ਼ੁਰੂਆਤ ਲੇਖਕ ਮੈਂ ਸੰਵਾਦੀ, ਬੋਲ ਵਿਵਾਦੀ ਨਾਲ਼ ਕਰਦਾ ਹੋਇਆ ਬੁੱਲੇ ਸ਼ਾਹ ਦੀ ਪ੍ਰਸਿੱਧ ਤੁਕ ਬੱਲਿ੍ਹਆ, ਕੀ ਜਾਣਾ ਮੈਂ ਕੌਣ! ਨਾਲ਼ ਬਾਬੇ ਨਾਨਕ ਦੇ ਫ਼ਲਸਫ਼ੇ 'ਜਬ ਲਗ ਦੁਨੀਆ ਰਹੀਐ ਨਾਨਕ, 'ਕਿਛ ਸੁਣੀਏ ਕਿਛ ਕਹੀਐ' ਦੀ ਪ੍ਰੋੜ੍ਹਤਾ ਕਰਦਾ ਹੋਇਆ ਆਪਣੀ ਗੱਲ ਅੱਗੇ ਤੋਰਦਾ ਹੈ | ਪਹਿਲੇ ਖੰਡ, 'ਗੱਲਾਂ ਕੁਝ ਸਿੱਧਾਂਤ ਦੀਆਂ, ਕਹਤ ਸੁਨਤ ਹੋ ਕਥਾ ਬਾਰਤਾ, ਖ਼ਿਆਲਿਆਤੀ ਬਨਾਮ ਵਿਚਾਰਧਾਰਾਈ ਕਾਵਿ, ਏਕ ਪਾਠ ਕੇ ਪਾਠ ਅਨੇਕ ਰਾਹੀਂ ਆਧੁਨਿਕ ਸਾਹਿਤ ਨੂੰ ਭਾਰਤੀ ਦਰਸ਼ਨ ਅਤੇ ਇਤਿਹਾਸ ਦੀ ਪ੍ਰੰਪਰਾ ਨਾਲ਼ ਜੋੜਦਾ ਹੋਇਆ ਇਹ ਸਿੱਧ ਕਰਦਾ ਹੈ ਕਿ ਪੰਜਾਬੀ ਸਾਹਿਤ ਦੀਆਂ ਜੜ੍ਹਾਂ ਸਾਡੇ ਆਪਣੇ ਪ੍ਰਾਚੀਨ ਸੱਭਿਆਚਾਰ ਵਿਚ ਬਹੁਤ ਡੂੰਘੀਆਂ ਹਨ | ਪੁਸਤਕ ਦੇ ਦੂਜੇ ਖੰਡ 'ਪਾਠ ਦੇ ਆਰ-ਪਾਰ' ਰਾਹੀਂ ਆਲੋਚਕ ਗੁਰਬਖ਼ਸ਼ ਸਿੰਘ ਦੀ ਕਹਾਣੀ 'ਭਾਬੀ ਮੈਨਾ', ਗੁਰਦਿਆਲ ਸਿੰਘ ਦੀ ਕਹਾਣੀ ਸਾਂਝ, ਪ੍ਰੇਮ ਪ੍ਰਕਾਸ਼ ਦੀ ਕਹਾਣੀ ਡੈੱਡ ਲਾਈਨ ਅਤੇ ਦਰਸ਼ਨ ਧੀਰ ਦੇ ਨਾਵਲ ਇਹ ਲੋਕ: ਦੇਸ ਵਿਚ ਪਰਦੇਸ ਰਾਹੀਂ ਡਾ. ਰਾਹੀ ਨੇ ਆਧੁਨਿਕ ਪੰਜਾਬੀ ਨਾਵਲ, ਕਹਾਣੀ ਅਤੇ ਕਵਿਤਾ ਦੀਆਂ ਬਾਰੀਕੀਆਂ ਨੂੰ ਨਵੇਂ ਪਰਿਪੇਖ ਤੋਂ ਵਾਚਿਆ ਹੈ | ਪੁਸਤਕ ਦੇ ਤੀਜੇ ਖੰਡ ਸਾਹਿਤ ਆਲੋਚਨਾ ਵਿਚ ਪ੍ਰੇਮ ਪ੍ਰਕਾਸ਼ ਦੀ ਕਹਾਣੀਆਂ ਨੂੰ ਆਧਾਰ ਬਣਾ ਪੰਜਾਬੀ ਕਹਾਣੀ ਨੂੰ ਆਦਰਸ਼ਵਾਦ ਦੀ ਛਾਪ ਤੋਂ ਮੁਕਤ ਕਰਦਿਆਂ ਯਥਾਰਥਵਾਦ ਇਕਧੁਰੀ ਸੋਚ ਸਮਝਣ ਰੀਤ ਨੂੰ ਬਦਲ ਕੇ ਬਹੁਧਾਰੀ ਹੋਣ ਦਾ ਸੰਕਲਪ ਉੱਭਰਦਾ ਦਿਖਾਇਆ ਹੈ | ਪੁਸਤਕ ਦੇ ਚੌਥੇ ਖੰਡ ਅੰਤਰ ਅਨੁਸ਼ਾਸਨੀ ਅਧਿਐਨ ਵਿਚ ਡਾ. ਰਾਹੀ ਸਾਹਿਤ ਨੂੰ ਕੇਵਲ ਇਕ ਕਲਾ ਵਜੋਂ ਨਹੀਂ ਸਗੋਂ ਧਰਮ, ਇਤਿਹਾਸ, ਸਮਾਜ ਸ਼ਾਸਤਰ ਅਤੇ ਫਿਲਾਸਫ਼ੀ ਦੇ ਸਾਂਝੇ ਸੰਦਰਭ ਵਿਚ ਰੱਖ ਕੇ ਪਰਖਦਾ ਹੈ | ਮੁਕਦੀ ਗੱਲ ਇਹ ਹੈ ਕਿ ਇਸ ਪੁਸਤਕ ਰਾਹੀਂ ਡਾ. ਜੋਗਿੰਦਰ ਸਿੰਘ ਰਾਹੀ ਨੇ ਇਹ ਸਿੱਧ ਕੀਤਾ ਹੈ ਕਿ ਪੰਜਾਬੀ ਸਾਹਿਤ ਦੀ ਆਪਣੀ ਇਕ ਰੂਹ ਹੈ ਅਤੇ ਇਸ ਦੀ ਪਰਖ ਸਾਡੇ ਆਪਣੇ ਇਤਿਹਾਸਕ ਅਤੇ ਸੱਭਿਆਚਾਰਕ ਮਾਪਦੰਡਾਂ ਰਾਹੀਂ ਹੋਣੀ ਚਾਹੀਦੀ ਹੈ | ਦਰਅਸਲ ਇਹ ਪੁਸਤਕ ਪੰਜਾਬੀ ਆਲੋਚਨਾ ਦੇ ਖੇਤਰ 'ਚ ਡਾ. ਰਾਹੀ ਦੀ ਇਕ ਨਿਵੇਕਲੀ ਪਹਿਲਕਦਮੀ ਹੈ | ਜਿਸਦਾ ਆਲੋਚਨਾ ਦੇ ਵਿਦਿਆਰਥੀਆਂ ਨੂੰ ਖਾਸਾ ਲਾਭ ਹੋਵੇਗਾ
-ਸੁਖਮੰਦਰ ਸਿੰਘ ਬਰਾੜ
ਮੋਬਾਈਲ : 98149-65928
ਮੇਰੀ ਕਲਮ ਮੇਰੇ ਜਜ਼ਬੇ
ਲੇਖਕ : ਸੁਖਦੇਵ ਸਿੰਘ ਚਹਿਲ
ਮੁੱਲ : 300 ਰੁਪਏ, ਸਫ਼ੇ : 160
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ, ਸਮਾਣਾ
ਸੰਪਰਕ : 98145-20568

“ਮੇਰੀ ਕਲਮ ਮੇਰੇ ਜਜ਼ਬੇ” ਸੁਖਦੇਵ ਸਿੰਘ ਚਹਿਲ ਦੀ ਪਲੇਠੀ ਕਾਵਿ-ਪੁਸਤਕ ਹੈ, ਜਿਸ ਵਿਚ ਲੇਖਕ ਨੇ ਆਪਣੇ ਜਜ਼ਬਾਤਾਂ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ ਕਲਮਬੱਧ ਕੀਤਾ ਹੈ | ਲੇਖਕ ਅਧਿਆਪਨ ਖੇਤਰ ਨਾਲ ਜੁੜਿਆ ਰਿਹਾ ਹੈ | ਬਹੁਤ ਸਾਰੇ ਲੇਖਕਾਂ ਦੇ ਸੰਪਰਕ ਵਿਚ ਆਉਣ ਤੇ ਲੇਖਕ ਦੀ ਕਾਵਿ-ਸਿਰਜਣਾ ਨੂੰ ਹੁਲਾਰਾ ਮਿਲਿਆ 'ਤੇ ਹੱਥਲੀ ਪੁਸਤਕ ਹੋਂਦ ਵਿਚ ਆਈ |
ਇਸ ਪੁਸਤਕ ਦੀਆਂ ਕਵਿਤਾਵਾਂ ਦੀ ਪਰਵਿਰਤੀ ਸਧਾਰਨ ਕਿਸਮ ਦੀ ਹੈ | ਲੇਖਕ ਰੋਜ਼ ਰੋਜ਼ਮਰ੍ਹਾ ਦੀਆਂ ਘਟਨਾਵਾਂ ਨੂੰ ਆਪਣੀ ਕਵਿਤਾ ਵਿਚ ਬਹੁਤ ਹੀ ਸਰਲ ਸਹਿਜ ਭਾਸ਼ਾ ਵਿਚ ਪੇਸ਼ ਕਰਦਾ ਹੈ | ਲੇਖਕ ਦੀ ਮੂਲ ਵਿਧੀ ਵਿਅੰਗਾਤਮਿਕ ਹੈ, ਜਿਸ ਨਾਲ ਉਹ ਸਮਾਜ ਵਿਚ ਫੈਲੇ ਦੰਭ, ਫਰੇਬ ਤੇ ਝੂਠ ਦਾ ਪਰਦਾਫਾਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ | ਸੁਖੀ ਰਹਿਣ ਦਾ ਧਨ, ਬੁਢਾਪਾ ਆਇਆ, ਅਕਾਰਨ ਲੜਨਾ, ਨਿਮਰਤਾ, ਸ਼ਰਧਾਂਜਲੀ ਜਿਹੇ ਆਮ ਸਧਾਰਨ ਵਿਸ਼ੇ ਉਸ ਦੀ ਕਵਿਤਾ ਵਿਚ ਦੇਖਣ ਨੂੰ ਮਿਲਦੇ ਹਨ | ਪੁਸਤਕ ਵਿਚ ਸ਼ਾਮਿਲ ਵਿਸ਼ੇ ਜਿਵੇਂ ਕਿ 'ਮਿੱਠਾ ਬੋਲੋ', 'ਸਫਲ ਕਿਸਾਨ', 'ਸਿਆਣਪ', 'ਗੱਲ ਨੁਕਤੇ ਦੀ' ਆਦਿ ਭਾਵੇਂ ਆਮ ਅਤੇ ਸਾਧਾਰਨ ਹਨ, ਲੇਖਕ ਨੇ ਇਨ੍ਹਾਂ ਰਾਹੀਂ ਆਪਣੀ ਜ਼ਿੰਦਗੀ ਦੇ ਅਨੁਭਵਾਂ ਨੂੰ ਇਨ੍ਹਾਂ ਕਵਿਤਾਵਾਂ ਰਾਹੀਂ ਪੇਸ਼ ਕਰਦਾ ਹੈ | ਉਸ ਦੀਆਂ ਕਵਿਤਾਵਾਂ ਸਮਾਜਿਕ ਰਿਸ਼ਤਿਆਂ ਦੀ ਟੁੱਟ-ਭੱਜ, ਬਜ਼ੁਰਗਾਂ ਦੇ ਦਰਦ ਅਤੇ ਮਨੁੱਖੀ ਕਦਰਾਂ-ਕੀਮਤਾਂ ਵਿਚ ਆ ਰਹੀ ਗਿਰਾਵਟ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਪਾਠਕ ਨੂੰ ਸਹੀ ਮਾਰਗ ਦਿਖਾਉਣ ਦੀ ਕੋਸ਼ਿਸ਼ ਕਰਦੀਆਂ ਹਨ | ਕਿਤਾਬ ਵਿਚ ਸ਼ਾਮਿਲ ਕਵਿਤਾਵਾਂ ਜਿੱਥੇ ਇੱਕ ਪਾਸੇ ਸਮਾਜਿਕ ਬੁਰਾਈਆਂ 'ਤੇ ਚੋਟ ਕਰਦੀਆਂ ਹਨ, ਉੱਥੇ ਹੀ ਦੂਜੇ ਪਾਸੇ ਮਨੁੱਖ ਨੂੰ ਸਵੈ-ਪੜਚੋਲ ਕਰਨ ਲਈ ਵੀ ਪ੍ਰੇਰਿਤ ਕਰਦੀਆਂ ਹਨ |
-ਡਾ. ਅਮਰਜੀਤ ਕੌਂਕੇ
ਮੋਬਾਈਲ : 98142-31698
ਪੰਜਾਬ ਦੇ ਅਨਮੋਲ ਹੀਰੇ
ਲੇਖਕ : ਸਤਨਾਮ ਸਿੰਘ ਢਾਅ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 143
ਸੰਪਰਕ : 94638-36591

ਕੈਲਗਰੀ ਵਾਸੀ ਸਤਨਾਮ ਸਿੰਘ ਢਾਅ ਨੇ ਇਸ ਪੁਸਤਕ ਦੀ ਰਚਨਾ ਬਿਨਾਂ ਕਿਸੇ ਭੂਮਿਕਾ/ਜਾਣ-ਪਛਾਣ ਤੋਂ ਕੀਤੀ ਹੈ | ਹੋਰ ਤਾਂ ਹੋਰ ਲੇਖਕ ਨੇ ਆਪਣੇ ਬਾਰੇ ਵੀ ਕੋਈ ਜਾਣਕਾਰੀ ਨਹੀਂ ਦਿੱਤੀ | ਕਿਤਾਬ ਵਿਚ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਚਾਰ ਪ੍ਰਸਿੱਧ ਪੰਜਾਬੀਆਂ ਨਾਲ ਮੁਲਾਕਾਤਾਂ ਹਨ | ਇਨ੍ਹਾਂ ਵਿਚ ਤਿੰਨ ਮਰਦ ਅਤੇ ਇੱਕ ਔਰਤ ਦਾ ਨਾਂਅ ਸ਼ਾਮਿਲ ਹੈ | ਇਹ ਹਨ- ਡਾ. ਗੁਰਦੇਵ ਸਿੰਘ ਖੁਸ਼, ਡਾ. ਪੁਸ਼ਪਿੰਦਰ ਜੈ ਰੂਪ, ਬਲਬੀਰ ਸਿੰਘ ਸੀਨੀਅਰ ਅਤੇ ਡਾ. ਗੁਰਦੇਵ ਸਿੰਘ ਘਣਗਸ | ਹਰ ਲੇਖਕ ਨਾਲ ਮੁਲਾਕਾਤ ਤੋਂ ਪਹਿਲਾਂ 1 ਤੋਂ 4 ਪੰਨਿਆਂ ਵਿਚ ਉਸ ਦਾ ਸੰਖੇਪ ਜੀਵਨ ਵੇਰਵਾ ਦਿੱਤਾ ਗਿਆ ਹੈ, ਜਿਸ ਵਿਚ ਜਨਮ, ਜਨਮ ਸਥਾਨ, ਪਿੰਡ, ਪਰਿਵਾਰ, ਵਿੱਦਿਆ, ਕਿਤਾਬਾਂ, ਮਾਣ-ਸਨਮਾਨ ਆਦਿ ਬਾਰੇ ਮਹੱਤਵਪੂਰਣ ਜਾਣਕਾਰੀ ਹੈ | ਵਿਸ਼ਵ ਪ੍ਰਸਿੱਧ ਖੇਤੀ ਵਿਗਿਆਨੀ ਡਾ. ਗੁਰਦੇਵ ਸਿੰਘ ਖੁਸ਼ (ਜਨਮ 1935) ਨੇ ਝੋਨੇ ਦੀਆਂ ਨਵੀਆਂ ਕਿਸਮਾਂ ਈਜਾਦ ਕਰਨ ਵਿਚ ਵਡਮੁੱਲਾ ਯੋਗਦਾਨ ਪਾਇਆ | 'ਖੁਸ਼' ਉਹਦਾ ਤਖੱਲਸ ਹੈ, ਜੋ ਉਸ ਨੇ ਸਕੂਲ ਪੜ੍ਹਦਿਆਂ ਕਵਿਤਾ, ਕਹਾਣੀ ਲਿਖਣ ਦੇ ਸ਼ੌਕ ਕਰਕੇ ਰੱਖਿਆ | ਡਾ. ਪੁਸ਼ਪਿੰਦਰ ਜੈ ਰੂਪ (ਜਨਮ 1949) ਡਾ. ਜੈ ਰੂਪ ਸਿੰਘ ਦੀ ਪਤਨੀ ਤੇ ਡਾ. ਹਰਸ਼ਿੰਦਰ ਕੌਰ ਦੀ ਭਾਬੀ ਹੈ | ਪੁਸ਼ਪਿੰਦਰ ਦਾ ਨਾਂਅ ਇੱਕ ਕੀਟ ਵਿਗਿਆਨੀ ਦੇ ਤੌਰ 'ਤੇ ਪ੍ਰਸਿੱਧ ਹੈ | 20 ਸਾਲ ਦੀ ਉਮਰ ਵਿਚ ਪੀ.ਏ.ਯੂ. ਵਿਚ ਪਰਮਾਨੈਂਟ ਲੈਕਚਰਾਰ ਲੱਗਣ ਵਾਲੀ ਪੁਸ਼ਪਿੰਦਰ ਨੇ ਜੀ.ਐੱਨ.ਡੀ.ਯੂ. ਵਿਚ ਵੀ ਲੰਮਾ ਸਮਾਂ ਅਧਿਆਪਨ ਕੀਤਾ | ਪ੍ਰਸਿੱਧ ਨਾਵਲਕਾਰ ਜਸਵੰਤ ਸਿੰਘ ਕੰਵਲ ਉਹਦੇ ਫੱੁਫੜ ਜੀ ਸਨ | ਡਾ. ਪੁਸ਼ਪਿੰਦਰ ਦੀਆਂ 7 ਕਿਤਾਬਾਂ ਪੰਜਾਬੀ ਭਾਸ਼ਾ ਵਿਚ ਛਪੀਆਂ ਹਨ | ਬਲਬੀਰ ਸਿੰਘ ਸੀਨੀਅਰ (1924-2020) ਨੇ ਹਾਕੀ ਵਿਚ ਸੈਂਟਰ ਫਾਰਵਰਡ ਖੇਡਦਿਆਂ ਤਿੰਨ ਉਲੰਪਿਕ ਗੋਲਡ ਮੈਡਲ ਜਿੱਤੇ | ਲਾਹੌਰ ਅਤੇ ਅੰਮਿ੍ਤਸਰ ਦੇ ਖ਼ਾਲਸਾ ਸਕੂਲਾਂ ਵਿਚ ਪੜ੍ਹਦਿਆਂ ਉਸ ਨੇ ਹਾਕੀ ਵਿਚ ਵੱਡਾ ਯੋਗਦਾਨ ਪਾਇਆ | ਉਸ ਦੇ ਭਾਰਤੀ ਹਾਕੀ ਕੋਚ ਹੁੰਦਿਆਂ 1975 ਵਿਚ ਟੀਮ ਨੇ ਵਰਲਡ ਕੱਪ ਜਿੱਤਿਆ ਸੀ | ਪੁਸਤਕ ਦੇ ਆਖਰੀ ਹੀਰੇ ਵਜੋਂ ਡਾ. ਗੁਰਦੇਵ ਸਿੰਘ ਘਣਗਸ (ਜਨਮ 1942) ਦਾ ਨਾਂਅ ਸ਼ਾਮਿਲ ਹੈ, ਜੋ ਬਾਇਓ ਕੈਮਿਸਟ ਅਤੇ ਸਾਇੰਸਦਾਨ (ਜੀਵ ਵਿਗਿਆਨੀ) ਹੋਣ ਦੇ ਨਾਲ-ਨਾਲ ਪੰਜਾਬੀ ਸਾਹਿਤ (ਕਵਿਤਾ, ਸਵੈ-ਜੀਵਨੀ ਆਦਿ) ਵਿਚ ਵੀ ਚੰਗਾ ਸਥਾਨ ਰੱਖਦਾ ਹੈ | 'ਘਣਗਸ' ਉਸ ਦੇ ਪਿੰਡ ਦਾ ਨਾਂਅ ਹੈ, ਜੋ ਲੁਧਿਆਣਾ ਜ਼ਿਲ੍ਹੇ ਵਿਚ ਹੈ | ਉਸ ਨੇ ਅਮਰੀਕਾ ਦੀ ਯੂਨੀਵਰਸਿਟੀ ਤੋਂ ਪੀਐਚ.ਡੀ. ਕੀਤੀ | ਉਸ ਦੇ ਨਾਂਅ 'ਤੇ 4 ਪੇਟੈਂਟ ਹਨ | ਘਣਗਸ ਨੇ ਹਾਰਮੋਨੀਅਮ, ਤਬਲਾ, ਢੱਡ-ਸਾਰੰਗੀ ਦੀ ਸਿਖਲਾਈ ਵੀ ਆਪਣੇ ਸ਼ੌਕ ਲਈ ਪ੍ਰਾਪਤ ਕੀਤੀ | ਉਸ ਦਾ ਗਿਲਾ ਹੈ ਕਿ ਉਸ ਵਲੋਂ ਪ੍ਰਾਪਤ ਕੀਤੀ ਉੱਚ ਵਿੱਦਿਆ ਦੀ ਪੂਰੀ ਕਦਰ ਨਾ ਭਾਰਤ ਨੇ ਪਾਈ ਤੇ ਨਾ ਹੀ ਅਮਰੀਕਾ ਨੇ | ਕਿਤਾਬ ਦੇ ਅੰਦਰ ਅਤੇ ਸਰਵਰਕ ਉੱਤੇ ਇਨ੍ਹਾਂ ਸ਼ਖ਼ਸੀਅਤਾਂ ਦੀਆਂ ਰੰਗੀਨ ਤਸਵੀਰਾਂ ਵੀ ਪ੍ਰਕਾਸ਼ਿਤ ਹਨ | ਇਸ ਕਿਤਾਬ ਰਾਹੀਂ ਢਾਅ ਨੇ ਇਨ੍ਹਾਂ ਚਾਰ ਸ਼ਖ਼ਸੀਅਤਾਂ ਨਾਲ ਮੁਲਾਕਾਤਾਂ ਕਰਕੇ ਉਨ੍ਹਾਂ ਦੇ ਜੀਵਨ-ਦਰਸ਼ਨ ਦੇ ਨਾਲ-ਨਾਲ ਪ੍ਰਾਪਤੀਆਂ ਅਤੇ ਸੰਘਰਸ਼ ਦਾ ਲੇਖਾ-ਜੋਖਾ ਪੇਸ਼ ਕੀਤਾ ਹੈ, ਜੋ ਪਾਠਕਾਂ ਲਈ ਪ੍ਰੇਰਨਾ ਸਰੋਤ ਅਤੇ ਮਾਰਗ-ਦਰਸ਼ਕ ਵਜੋਂ ਸਹਾਈ ਹੋ ਸਕਦੇ ਹਨ |
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015
ਅਜੋਕਾ ਮਾਨਵ
ਲੇਖਕ : ਜਗਦੀਸ਼ ਸਿੰਘ ਖ਼ੁਸ਼ਦਿਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 119
ਸੰਪਰਕ : 85588-03871

'ਅਜੋਕਾ ਮਾਨਵ' ਜਗਦੀਸ਼ ਸਿੰਘ ਖ਼ੁਸ਼ਦਿਲ ਦਾ ਨਵਾਂ ਕਾਵਿ-ਸੰਗ੍ਰਹਿ ਹੈ | ਇਸ ਕਾਵਿ-ਸੰਗ੍ਰਹਿ ਵਿਚ ਕਵੀ ਨੇ ਭੂਮਿਕਾ ਦੇ ਰੂਪ ਵਿਚ ਆਪਣੀ ਪਰਿਵਾਰਕ ਸੰਘਰਸ਼ੀ ਯਾਤਰਾ ਦਾ ਭਾਵਪੂਰਤ ਜ਼ਿਕਰ ਕੀਤਾ ਹੈ | ਵਿਸ਼ੇਸ਼ ਕਰਕੇ ਆਪਣੇ ਪਿਤਾ ਜੀ ਦੀ ਸੰਘਰਸ਼ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਵਿਸਤਿ੍ਤ ਬਿਓਰਾ ਦੇਣ ਤੋਂ ਬਾਅਦ ਆਪਣੀ ਕਾਵਿ-ਰਚਨਾ ਪਾਠਕਾਂ ਦੇ ਰੂ-ਬਰੂ ਕੀਤੀ ਹੈ | ਅਜੋਕਾ ਮਾਨਵ ਕਾਵਿ-ਪੁਸਤਕ ਵਿਚ ਕਵੀ ਨੇ ਭਾਵੇਂ ਆਪਣੇ ਕਾਵਿ-ਅਨੁਭਵ ਦੇ ਬਹੁਤ ਬਹੁਰੰਗੀ ਦਰਸ਼ਨ ਕਰਵਾਏ ਹਨ ਪਰ ਜਿਵੇਂ ਅਸੀਂ ਪੁਸਤਕ ਦਾ ਸਿਰਲੇਖ 'ਅਜੋਕਾ ਮਾਨਵ' ਦੇਖਦੇ ਹਾਂ ਤਾਂ ਸਪੱਸ਼ਟ ਹੈ ਅਜੋਕਾ ਮਾਨਵ ਮਾਨਵੀ ਕਦਰਾਂ-ਕੀਮਤਾਂ ਤੋਂ ਵਿਹੂਣਾ ਹੋ ਰਿਹਾ ਹੈ, ਇਨਸਾਨੀਅਤ ਦੇ ਰਿਸ਼ਤੇ ਖ਼ਤਮ ਹੋ ਰਹੇ ਹਨ | ਇਸੇ ਕਰਕੇ ਹੀ ਕਵੀ ਜਿਥੇ ਬੋਲਣ ਦੀ ਹਿੰਮਤ ਕਰਦਾ ਹੈ, ਉਥੇ ਸਮਾਜਿਕ ਵਿਰੋਧ ਦਾ ਵੀ ਬਰਾਬਰ ਜ਼ਿਕਰ ਕਰਦਾ ਹੈ ਕਿ ਜੇਕਰ ਸੱਚ ਬੋਲਣਾ ਹੈ ਤਾਂ ਇਸ ਦੀ ਕੀਮਤ ਵੀ ਤਾਰਨੀ ਪਵੇਗੀ :-
ਚੁੱਪ ਰਿਹਾ ਤਾਂ ਪਾਸੇ ਵੱਟੇ, ਬੋਲ ਪਿਆ ਪਏ ਇੱਟਾਂ ਵੱਟੇ,
ਸ਼ਾਂਤ ਰਹਾਂ ਤਾਂ ਮਰ ਮਰ ਜਾਵਾਂ, ਬਣ ਜਾਂ ਝੁੱਲਦੇ ਝੱਖੜ ਵਰਗਾ |
ਜਗਦੀਸ਼ ਸਿੰਘ ਖੁਸ਼ਦਿਲ ਦੀ ਕਵਿਤਾ ਆਸ ਦੀ ਕਵਿਤਾ ਹੈ ਭਾਵੇਂ ਸਮਾਜ ਵਿਚ ਬਹੁਤ ਦੁਸ਼ਵਾਰੀਆਂ ਹਨ ਅਤੇ ਸਮਾਜ ਨਿਘਾਰ ਵਾਲੇ ਪਾਸੇ ਜਾ ਰਿਹਾ ਹੈ ਪਰ ਮਨੁੱਖ ਨੂੰ ਹਮੇਸ਼ਾ ਕੁਝ ਚੰਗਾ ਕਰਨ ਅਤੇ ਸਿਰਜਣ ਦੀ ਕੋਸ਼ਿਸ਼ ਵਿਚ ਰਹਿਣਾ ਚਾਹੀਦਾ ਹੈ :-
ਦੀਵਾ ਕੋਸ਼ਿਸ਼ ਤਾਂ ਕਰਦਾ ਹੈ,
ਪਰ ਫਿਰ ਵੀ ਘਰ ਸਾਰਾ,
ਹਨੇਰਾ ਢੋਅ ਨਹੀਂ ਸਕਦਾ
ਹਰ ਇਨਸਾਨ ਸਮਾਜ ਦੇ
ਹਨੇਰੇ ਦੂਰ ਕਰਨ ਲਈ
ਕੋਸ਼ਿਸ਼ ਕਰੇ ਤਾਂ ਕੀ ਨਹੀਂ ਹੋ ਸਕਦਾ |
ਕਵੀ ਦੀ ਕੋਸ਼ਿਸ਼ ਹੈ ਕਿ ਸਮਾਜ ਵਿਚੋਂ ਨਫ਼ਰਤ, ਸਾੜਾ ਇਕ ਦੂਜੇ ਪ੍ਰਤੀ ਸਵਾਰਥੀ ਭਾਵਨਾ ਦਾ ਅੰਤ ਹੋਵੇ ਤਾਂ ਕਿ ਸਾਡਾ ਸਮਾਜ ਖੁਸ਼ਹਾਲੀ ਅਤੇ ਇਕ ਦੂਜੇ ਪ੍ਰਤੀ ਸ਼ੁਭ ਇੱਛਾ ਦੀ ਭਾਵਨਾ ਵਾਲੀ ਜ਼ਿੰਦਗੀ ਬਸਰ ਕਰੇ | ਅਸਲ ਵਿਚ ਜਗਦੀਸ਼ ਸਿੰਘ ਖੁਸ਼ਦਿਲ ਦੀ ਕਵਿਤਾ ਉਨ੍ਹਾਂ ਉੱਚ ਕਦਰਾਂ-ਕੀਮਤਾਂ ਦੀ ਪੁਨਰ ਸੁਰਜੀਤੀ ਲਈ ਯਤਨਸ਼ੀਲ ਹੈ ਜਿਨ੍ਹਾਂ ਤੋਂ ਸਮਾਜ, ਵਿਹੂਣਾ ਹੋ ਰਿਹਾ ਹੈ |
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਸਿੱਪੀਆਂ ਦੇ ਮੋਤੀ
ਲੇਖਕ : ਡਾ. ਮਨਜੀਤ ਸਿੰਘ ਮਝੈਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 108
ਸੰਪਰਕ : 98144-07940

ਡਾ. ਮਨਜੀਤ ਸਿੰਘ ਮਝੈਲ ਨੇ ਇਸ ਪੁਸਤਕ ਤੋਂ ਪਹਿਲਾਂ 6 ਕਾਵਿ-ਸੰਗ੍ਰਹਿ ਪੰਜਾਬੀ ਮਾਂ-ਬੋਲੀ ਦੀ ਝੋਲੀ ਪਾਏ ਹਨ | 54 ਕਵਿਤਾਵਾਂ/ਨਜ਼ਮਾਂ ਵਾਲਾ ਕਾਵਿ-ਸੰਗ੍ਰਹਿ ਜ਼ਿੰਦਗੀ ਦੇ ਮੁਢਲੇ ਸਰੋਕਾਰਾਂ ਅਤੇ ਸਮਾਜਿਕ ਸਰੋਕਾਰਾਂ ਨਾਲ ਸੰਬੰਧਿਤ ਹੈ | ਕਵੀ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਭਰਪੂਰ ਭਾਵ 'ਮੈਂ ਰਾਣੀ ਪੰਜ ਦਰਿਆਵਾਂ ਦੀ' ਰਾਹੀਂ ਪ੍ਰਗਟ ਕੀਤੇ ਹਨ :
ਮੈਂ ਨਾ ਜਾਣਾ ਹੱਦਾਂ ਬੰਨੇ੍ਹ
ਕੌਣ ਹੈ ਜੋ ਮੇਰੀ ਆਨ ਨੂੰ ਭੰਨੇ
ਪੰਜ ਆਬਾਂ ਦੀਆਂ ਮੰਗਾਂ ਖੈਰਾਂ
ਸੱਸੀ ਸਾਹਿਬਾਂ ਦੀ ਮੈਂ ਹਾਣੀ
ਪੰਜ ਦਰਿਆਵਾਂ ਦੀ ਮੈਂ ਰਾਣੀ...
ਕਵੀ ਨੇ ਸਮਾਜਿਕ ਨਾ-ਬਰਾਬਰੀ, ਮਾਨਵੀ ਮੁੱਲ, ਸਮਾਜਿਕ ਦੁੱਖ ਪੀੜਾਂ, ਚੰਗਿਆਈਆਂ ਬੁਰਾਈਆਂ ਨੂੰ ਕਾਵਿ ਰਚਨਾ ਵਿਚ ਢਾਲਿਆ ਹੈ | ਕਵੀ ਨੇ ਸੂਫ਼ੀਆਨਾ ਰੰਗ ਵਿਚ ਰੰਗੀਆਂ ਕਵਿਤਾਵਾਂ ਵੀ ਰਚੀਆਂ ਹਨ | ਵੱਖ-ਵੱਖ ਪੀੜ੍ਹੀਆਂ ਵਲੋਂ ਹੰਢਾਏ ਸਿਆਸੀ, ਜਾਤੀ ਅਤੇ ਧਰਮਾਂ ਮਜ਼ਹਬਾਂ ਦੇ ਦੁੱਖ ਵੀ ਕਵੀ ਨੇ ਪ੍ਰਗਟਾਏ ਹਨ:
ਬਾਪੂ ਸੰਤਾਲੀ ਤੇ ਅਟਕ ਜਾਂਦਾ ਸੀ
ਮੈਂ ਚੁਰਾਸੀ ਤੇ ਅਟਕ ਜਾਂਦਾ ਹਾਂ
ਕਵੀ ਭਾਵਾਂ ਦੀ ਸੁੰਦਰ ਪੇਸ਼ਕਾਰੀ ਰਾਹੀਂ ਦਿਲ ਦੀਆਂ ਸੱਧਰਾਂ ਦਾ ਖ਼ੂਬਸੂਰਤ ਪ੍ਰਗਟਾਵਾ ਕਰਦਾ ਹੈ |
ਆਸਾਂ ਦਾ ਇਕ ਬੂਟਾ
ਜੂਹ 'ਚ ਉੱਗ ਆਇਆ ਹੈ
ਅੱਜ ਦਿਲ ਦੇ ਵਿਹੜੇ
ਚਾਨਣ ਫੇਰਾ ਪਾਇਆ ਏ...
ਕਵੀ ਮਝੈਲ ਨੇ ਸੁਰਜੀਤ ਪਾਤਰ ਨੂੰ ਨਿੱਘੀ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ਦੁਆਰਾ ਪੰਜਾਬੀ ਸਾਹਿਤ ਨੂੰ ਪਾਏ ਯੋਗਦਾਨ ਅਤੇ ਉਨ੍ਹਾਂ ਨੂੰ ਇਕ ਸ਼ਖ਼ਸੀਅਤ ਵਜੋਂ ਚਿਤਰਿਆ ਹੈ :
ਉਸਦੀ ਕਲਮ ਦੀ ਛੋਹ ਸੀ / ਸ਼ਬਦਾਂ ਨੂੰ ਸ਼ਿੰਗਾਰਦੀ
ਮਿੱਠੇ ਬੋਲਾਂ ਦੀ ਲੈਅ / ਗੀਤਾਂ ਨੂੰ ਸੰਵਾਰਦੀ
ਇਸ ਕਦਰ ਪੰਜਾਬੀਅਤ ਦੇ / ਪਹਿਰੇਦਾਰ ਨਾ ਮਿਲਦੇ ਨੇ
ਪਾਤਰ ਵਰਗੇ ਫੁੱਲ /ਮੁੱਦਤਾਂ ਬਾਅਦ ਖਿੜਦੇ ਨੇ...
ਡਾ. ਮਨਜੀਤ ਸਿੰਘ ਮਝੈਲ ਨੇ ਰਾਜਨੀਤਕ ਵਿਅੰਗ ਰਾਹੀਂ ਸਮਾਜ ਵਿਚ ਕੇਵਲ ਵੋਟ ਰਾਜਨੀਤੀ ਨਾਲ ਜੁੜੇ ਸਿਆਸਤਦਾਨਾਂ ਉੱਤੇ ਕਰਾਰੀ ਚੋਟ ਕੀਤੀ ਹੈ | ਅਜੋਕੇ ਪ੍ਰਸੰਗ ਵਿਚ ਮਨੁੱਖੀ ਸੰਵੇਦਨਾਵਾਂ ਦੇ ਘਟਣ ਨਾਲ ਰਿਸ਼ਤਿਆਂ ਵਿਚ ਖ਼ਤਮ ਹੋ ਰਹੇ ਆਪਣੇਪਨ ਬਾਰੇ ਕਵੀ ਸੁਚੇਤ ਕਰਦਾ ਹੈ :-
ਦਿਲ ਧੜਕਦੇ ਨਹੀਂ, ਇਹ ਪੱਥਰ ਹੋਏ ਨੇ
ਕਿਸ ਸਾਂਚੇ 'ਚ ਢਲੇ ਨੇ, ਬੰਦੇ ਬੁੱਤ ਹੋਏ ਨੇ...
ਬੋਲੀਆਂ ਅਤੇ ਟੱਪਿਆਂ ਨੂੰ ਅਜੋਕੇ ਵਿਸ਼ੇ ਨਾਲ ਜੋੜ ਕੇ ਕਵੀ ਨੇ ਬਾਕਮਾਲ ਵਿਚਾਰ ਪੇਸ਼ ਕੀਤੇ ਹਨ | ਕਵੀ ਨੇ ਸੂਫ਼ੀ ਪ੍ਰਭਾਵ ਨਾਲ ਇਹ ਬੋਲੀਆਂ/ਟੱਪੇ ਲਿਖੇ ਹਨ | ਸਮੁੱਚੇ ਕਾਵਿ ਸੰਗ੍ਰਹਿ ਵਿਚ ਜਿੰਦ ਪ੍ਰਾਹੁਣੀ, ਦਿਲ ਦਾ ਵਿਹੜਾ, ਜ਼ਿੰਦਗੀ ਦੇ ਲੰਗਾਰ, ਤਰੁੰਨਮ, ਮਹਿਰਮ, ਮਨ ਦੇ ਜਿੰਦੇ, ਲੀਡਰ, ਰੀਤ ਪ੍ਰੀਤਾਂ ਦੀ, ਇਕ ਫੁੱਲਾਂ ਦੀ ਵਾੜੀ, ਇਕ ਲੱਪ ਹੁਸਨ ਦੀ, ਜਾਂ ਤੂੰ ਮੰਦਿਰ ਜਾਣਾ ਛੱਡਦੇ ਆਦਿ ਰਚਨਾਵਾਂ ਪਾਠਕਾਂ ਦਾ ਵਿਸ਼ੇਸ਼ ਧਿਆਨ ਮੰਗਦੀਆਂ ਹਨ | ਇਸ ਕਾਵਿ-ਸੰਗ੍ਰਹਿ ਦੀ ਆਮਦ 'ਤੇ ਕਵੀ ਨੂੰ ਮੁਬਾਰਕਬਾਦ!
-ਪ੍ਰੋ. ਕੁਲਜੀਤ ਕੌਰ ਅਠਵਾਲ