ਮੇਰੀ ਮਾਂ
ਸੰਪਾਦਕ : ਬੂਟਾ ਸਿੰਘ ਚੌਹਾਨ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 220, ਸਫ਼ੇ : 143
ਸੰਪਰਕ : 98143-80749
ਬਹੁਵਿਧਾਵੀ ਲੇਖਕ ਬੂਟਾ ਸਿੰਘ ਚੌਹਾਨ ਕਹਾਣੀ, ਨਾਵਲ, ਵਾਰਤਕ, ਗ਼ਜ਼ਲ, ਬਾਲ ਸਾਹਿਤ, ਅਨੁਵਾਦ ਅਤੇ ਸੰਪਾਦਨਾ ਦੇ ਖੇਤਰ ਵਿਚ ਜ਼ਿਕਰਯੋਗ ਕਿਤਾਬਾਂ ਦੀ ਸਿਰਜਣਾ ਕਰ ਕੇ ਪੰਜਾਬੀ ਸਾਹਿਤ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾ ਚੁੱਕਿਆ ਹੈ। ਹਥਲੀ ਪੁਸਤਕ 'ਮੇਰੀ ਮਾਂ' (ਹਾਸ਼ੀਆਗ੍ਰਸਤ ਮਾਵਾਂ ਦੀ ਦਾਸਤਾਨ) ਵਿਚ ਉਸ ਨੇ ਅਤਰਜੀਤ, ਭਗਵੰਤ ਰਸੂਲਪੁਰੀ, ਗੁਰਮੀਤ ਕੜਿਆਲਵੀ, ਗੁਰਮੀਤ ਕੱਲਰਮਾਜਰੀ, ਮੀਤ ਖੱਟੜਾ, ਅੰਮ੍ਰਿਤਪਾਲ ਕਲੇਰ, ਗੁਰਪਾਲ ਸਿੰਘ ਬਿਲਾਵਲ, ਦਰਸ਼ਨ ਸਿੰਘ ਗੁਰੁ, ਜਗਜੀਤ ਜ਼ਜੀਰਾ, ਇਕਬਾਲ ਕੌਰ ਉਦਾਸੀ, ਚਰਨਜੀਤ ਸਮਾਲਸਰ ਅਤੇ ਸਰਵਨ ਸਿੰਘ ਕਾਲਾਬੂਲਾ ਆਦਿ ਸਾਹਿਤਕ ਬੁੱਧੀਜੀਵੀਆਂ ਵਲੋਂ ਆਪਣੀਆਂ ਮਾਵਾਂ ਦੇ ਸੰਬੰਧ ਵਿਚ ਲਿਖੇ ਲੇਖ ਸ਼ਾਮਿਲ ਕੀਤੇ ਗਏ ਹਨ। ਜਿਵੇਂ ਕਿ ਸੰਪਾਦਕ ਨੇ ਪੁਸਤਕ ਦੇ ਸਿਰਲੇਖ ਨਾਲ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਪੁਸਤਕ ਵਿਚ ਸ਼ਾਮਿਲ ਕੀਤੀਆਂ ਹਾਸ਼ੀਆਗ੍ਰਸਤ ਸਮਾਜ ਵਿਚ ਆਰਥਿਕ ਤੌਰ 'ਤੇ ਦੰਸ਼ ਸਹਾਰਦੀਆਂ ਅਤੇ ਕਮਜ਼ੋਰ ਮਾਵਾਂ ਦੀ ਦਰਦ ਭਰੀ ਦਾਸਤਾਨ ਨੂੰ ਸ਼ਾਮਿਲ ਕੀਤਾ ਗਿਆ ਹੈ। ਉਂਝ ਮਾਵਾਂ ਤੇ ਮਾਵਾਂ ਹੀ ਹੁੰਦੀਆਂ ਹਨ। ਉਨ੍ਹਾਂ ਦਾ ਆਪਣੇ ਬੱਚਿਆਂ ਪ੍ਰਤੀ ਮੋਹ-ਮਮਤਾ, ਸਮਰਪਣ ਅਤੇ ਤਿਆਗ ਦੀ ਸ਼ਿੱਦਤ ਨੂੰ ਕਿਸੇ ਵੱਖਰੇ ਪੈਮਾਨੇ ਤੋਂ ਮਾਪਿਆ ਨਹੀਂ ਜਾ ਸਕਦਾ। ਫਿਰ ਵੀ ਪੁਸਤਕ ਦਾ ਉਦੇਸ਼ ਉਨ੍ਹਾਂ ਥੁੜ੍ਹਾਂ ਮਾਰੀਆਂ ਮਾਵਾਂ ਦੀ ਬਾਤ ਉਨ੍ਹਾਂ ਦੇ ਸਪੁੱਤਰਾਂ ਵਲੋਂ ਪਾਈ ਗਈ ਹੈ ਜਿਨ੍ਹਾਂ ਆਪਣੀਆਂ ਮਾਵਾਂ ਦੀ ਤਰਾਸਦਿਕ ਜ਼ਿੰਦਗੀ ਨੂੰ ਬੇਹੱਦ ਕਰੀਬ ਤੋਂ ਵਾਚਿਆ, ਘੋਖਿਆਂ ਅਤੇ ਸਮਝਿਆ ਹੈ। ਇਨ੍ਹਾਂ ਹੋਣਹਾਰ ਕਲਮਾਂ ਨੇ ਆਪਣੀ ਮਾਂ ਦੇ ਦੁੱਖ-ਦਰਦ, ਮੁਸ਼ੱਕਤ, ਕੁਰਬਾਨੀ, ਆਪਣੀ ਹਸਰਤਾਂ ਨੂੰ ਛਿੱਕੇ 'ਤੇ ਟੰਗ ਕੇ ਆਪਣੇ ਬੱਚਿਆਂ ਦੀ ਬਿਹਤਰ ਜ਼ਿੰਦਗੀ ਦੀ ਨਾ ਸਿਰਫ਼ ਆਸ ਕੀਤੀ ਸਗੋਂ ਉਸ ਨੂੰ ਕਾਮਯਾਬ ਕਰਨ ਲਈ ਮਾਂ ਦੇ ਨਾਲ-ਨਾਲ ਬਾਪ ਦੀ ਭੂਮਿਕਾ ਵੀ ਅਦਾ ਕੀਤੀ। ਉਨ੍ਹਾਂ ਨੇ ਹਰ ਉਸ ਦੁਸ਼ਵਾਰੀ, ਕਠਿਨਾਈ, ਸਮਾਜਿਕ ਅਤੇ ਆਰਥਿਕ ਔਕੜ ਦਾ ਸਾਹਮਣਾ ਕੀਤਾ ਅਤੇ ਆਪਣੇ ਬੱਚਿਆਂ ਨੂੰ ਕਾਮਯਾਬ ਕਰ ਕੇ ਆਪਣੇ ਜੀਵਨ ਨੂੰ ਸਫ਼ਲ ਹੁੰਦਾ ਮਹਿਸੂਸ ਕੀਤਾ। ਸੰਗ੍ਰਹਿ ਵਿਚ ਸ਼ਾਮਿਲ ਲਗਭਗ ਹਰੇਕ ਮਾਂ ਇਸ ਗੱਲੋਂ ਸੁਚੇਤ ਦਿਖਾਈ ਦਿੰਦੀ ਹੈ ਕਿ ਉਨ੍ਹਾਂ ਇਸ ਗੱਲ ਦੀ ਚੰਗੀ ਤਰ੍ਹਾਂ ਸਮਝ ਹੈ ਕਿ ਬੇਸ਼ੱਕ ਉਹ ਆਪ ਅੱਖਰ ਗਿਆਨ ਤੋਂ ਕੋਰੀਆਂ ਰਹਿ ਗਈਆਂ ਹੋਣ ਪਰ ਉਨ੍ਹਾਂ ਦੇ ਬੱਚਿਆਂ ਲਈ ਗ਼ਰੀਬੀ ਅਤੇ ਸਮਾਜਿਕ ਜਲਾਲਤ ਦੀ ਜਿਲ੍ਹਣ 'ਚੋਂ ਨਿਕਲਣ ਲਈ ਅੱਖਰ ਗਿਆਨ ਬਹੁਤ ਜ਼ਰੂਰੀ ਹੈ ਅਤੇ ਇਸ ਪੱਖੋਂ ਸੁਚੇਤ ਹੁੰਦਿਆਂ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ, ਕਿਸੇ ਵੀ ਅਣਸੁਖਾਵੇਂ ਹਾਲਾਤ ਦਾ ਸਾਹਮਣਾ ਕਰਦਿਆਂ ਆਪਣੇ ਬੱਚਿਆਂ ਨੂੰ ਇਸ ਯੋਗ ਬਣਾਉਣ ਦੀ ਭਰਸਕ ਕੋਸ਼ਿਸ਼ ਕੀਤੀ ਕਿ ਇਸ ਦੌਲਤ ਦੇ ਸਿਰ 'ਤੇ ਹੀ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੇ ਬੱਚੇ ਸੁਖਾਲਾ ਅਤੇ ਇੱਜ਼ਤ ਭਰਿਆ ਜੀਵਨ ਗੁਜਾਰ ਸਕਦੇ ਹਨ। ਇਨ੍ਹਾਂ ਲੇਖਾਂ ਨੂੰ ਪੜ੍ਹਦਿਆਂ ਪਾਠਕ ਨੂੰ ਵੀ ਆਪਣੀ ਮਾਂ ਅਤੇ ਉਸ ਦੀਆਂ ਕੁਰਬਾਨੀਆਂ ਚੇਤੇ ਆਊਂਦੀਆਂ ਹਨ। ਵਿਸ਼ੇਸ਼ ਕਰਕੇ ਜਿਹੜੇ ਆਪਣੀ ਮਾਂ ਦੀ ਸੰਘਣੀ ਛਾਂ ਤੋਂ ਮਹਰੂਮ ਹੋ ਚੁੱਕੇ ਹਨ। ਇਹ ਪੁਸਤਕ ਮਾਂ ਦੇ ਅੰਤਰੀਵ ਭਾਵਾਂ ਨੂੰ ਸਮਝਣ ਦਾ ਸਾਰਥਕ ਉਪਰਾਲਾ ਹੈ। ਬੂਟਾ ਸਿੰਘ ਚੌਹਾਨ ਦਾ ਇਹ ਕਾਰਜ ਬਹੁਤ ਸਾਰਥਕ ਅਤੇ ਸ਼ਲਾਘਾਯੋਗ ਹੈ।
-ਡਾ.ਧਰਮਪਾਲ ਸਾਹਿਲ
ਮੋਬਾਈਲ : 98761-56964
ਹਸਰਤੇਂ
ਲੇਖਕ : ਡਾ. ਰਛਪਾਲ ਸਿੰਘ ਬਾਲੀ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 200 ਰੁਪਏ, ਸਫ਼ੇ : 152
ਸੰਪਰਕ : 98729-91780
ਡਾ. ਰਛਪਾਲ ਸਿੰਘ ਬਾਲੀ ਨੂੰ ਜੰਮੂ-ਕਸ਼ਮੀਰ ਵਿਚ ਪੰਜਾਬੀ ਨਾਵਲ-ਪਰੰਪਰਾ ਦੇ ਮੋਢੀ ਹੋਣ ਦਾ ਸਿਹਰਾ ਦਿੱਤਾ ਜਾਂਦਾ ਹੈ। ਉਹ 1969 ਵਿਚ ਆਪਣੇ ਪਲੇਠੇ ਨਾਵਲ 'ਪੀਡੀਆਂ ਨਾੜਾਂ' ਨਾਲ ਨਾਵਲ-ਖੇਤਰ ਵਿਚ ਪ੍ਰਵੇਸ਼ ਕਰਦੇ ਹਨ ਅਤੇ ਰਿਵੀਊ ਅਧੀਨ ਨਾਵਲ 'ਹਸਰਤੇਂ' (2025) ਉਨ੍ਹਾਂ ਦਾ ਪੰਦਰਵਾਂ ਨਾਵਲ ਹੈ। ਇਹ ਨਾਵਲ ਕਸ਼ਮੀਰੀਅਤ ਨੂੰ ਸਮਰਪਿਤ ਹੈ। ਕਸ਼ਮੀਰੀਅਤ ਇਸ ਦੀ ਕਥਾ-ਵਸਤੂ ਦੀ ਰੂਹ ਵਿਚ ਸਮਾਈ ਹੋਈ ਹੈ ਅਤੇ ਸਾਰੇ ਕਥਾਨਕੀ ਵੇਰਵੇ, ਪਾਤਰ, ਘਟਨਾਵਾਂ ਤੇ ਸਥਿਤੀਆਂ ਕਸ਼ਮੀਰੀਅਤ ਦੇ ਹੀ ਵੱਖ-ਵੱਖ ਪਹਿਲੂਆਂ ਤੇ ਪਸਾਰਾਂ ਨੂੰ ਉਘਾੜਦੇ ਹਨ। ਇਸ ਦੇ ਪਿਛੋਕੜ ਵਿਚ ਇਕ ਪੂਰਾ ਸਮਾਜਿਕ-ਸੱਭਿਆਚਾਰਕ ਪਰਿਵੇਸ਼ ਆਪਣੇ ਇਤਿਹਾਸਕ ਸੰਦਰਭਾਂ ਸਹਿਤ ਹਾਜ਼ਰ ਰਹਿੰਦਾ ਹੈ ਅਤੇ ਇੰਝ ਇਹ ਰਚਨਾ ਇਕ ਆਪਣੇ ਹੀ ਗਲਪੀ ਅੰਦਾਜ਼ ਵਿਚ ਜੰਮੂ-ਕਸ਼ਮੀਰ ਦੀ ਸਮੱਸਿਆ ਨੂੰ ਫੋਕਸ ਵਿਚ ਲਿਆਉਂਦੀ ਹੈ। ਨਾਵਲ ਦੀ ਕਹਾਣੀ ਦਾ ਆਰੰਭ 1947 ਦੇ ਆਸ-ਪਾਸ ਵਾਪਰੀਆਂ ਘਟਨਾਵਾਂ ਨਾਲ ਹੁੰਦਾ ਹੈ ਜਦੋਂ ਕੌਮੀਅਤ ਦੇ ਆਧਾਰ 'ਤੇ ਅੰਗਰੇਜ਼ਾਂ ਵਲੋਂ ਦੇਸ਼-ਵੰਡ ਕਰ ਦਿੱਤੀ ਜਾਂਦੀ ਹੈ, ਜੰਮੂ-ਕਸ਼ਮੀਰ ਰਿਆਸਤ ਦੇ ਰਾਜਾ ਹਰੀ ਸਿੰਘ ਵਲੋਂ ਇਸ ਦਾ ਰਲੇਵਾਂ ਭਾਰਤ ਨਾਲ ਕਰਨ ਦਾ ਫ਼ੈਸਲਾ ਕੀਤਾ ਜਾਂਦਾ ਹੈ, ਪਾਕਿਸਤਾਨੀ ਫ਼ੌਜ ਵਲੋਂ ਕਬਾਇਲੀਆਂ ਦੀ ਮਦਦ ਨਾਲ ਕਸ਼ਮੀਰ 'ਤੇ ਹਮਲਾ ਕਰ ਦਿੱਤਾ ਜਾਂਦਾ ਹੈ ਅਤੇ ਇਸ ਦੇ ਨਤੀਜੇ ਵਜੋਂ ਇਕ ਨਵੀਂ ਸਰਹੱਦ ਰੇਖਾ/ਲਾਈਨ ਆਫ਼ ਕੰਟਰੋਲ ਰਾਹੀਂ ਕਸ਼ਮੀਰ ਦੋ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ। ਇਹ ਵੰਡ ਕਸ਼ਮੀਰੀਅਤ ਨੂੰ ਵੀ ਦੋਫਾੜ ਕਰਦੀ ਹੈ, ਜਿਸ ਦਾ ਦਰਦ ਕਈ ਰੂਪਾਂ, ਕਈ ਗੁੰਝਲਾਂ, ਕਈ ਅਣਕਿਆਸੀਆਂ ਸਥਿਤੀਆਂ ਤੇ ਵਰਤਾਰਿਆਂ ਦੇ ਰੂਪ ਵਿਚ ਇਸ ਨਾਵਲ ਬਿੰਬ ਰਾਹੀਂ ਸਾਡੇ ਸਾਹਮਣੇ ਆਉਂਦਾ ਹੈ। ਇਸ ਦਰਦ ਨੂੰ ਸਮਝਣ ਤੇ ਦੂਰ ਕਰਨ ਦੀ ਕੋਸ਼ਿਸ਼ ਵਜੋਂ ਹੀ ਸੰਨ 2003 ਵਿਚ ਤੱਤਕਾਲੀਨ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਕਸ਼ਮੀਰ ਸਮੱਸਿਆ ਦੇ ਹੱਲ ਲਈ ਹੀ ਕਸ਼ਮੀਰੀਅਤ, ਇਨਸਾਨੀਅਤ ਤੇ ਜਮਹੂਰੀਅਤ ਦੇ ਆਧਾਰ 'ਤੇ ਤਿੰਨ ਨੁਕਾਤੀ ਫਾਰਮੂਲਾ ਪੇਸ਼ ਕੀਤਾ ਸੀ, ਜੋ ਕਈ ਕਾਰਨਾਂ ਕਰਕੇ ਕਾਮਯਾਬ ਨਾ ਹੋ ਸਕਿਆ। ਇਸ ਨਾਵਲ ਵਿਚ ਕਸ਼ਮੀਰੀਅਤ ਜਾਂ ਖਸੂਸੀ ਕਸ਼ਮੀਰੀ ਪਛਾਣ ਦੀ ਵਾਸਤਵਿਕਤਾ ਨੂੰ ਸਮਝਣ ਲਈ ਗਲਪੀ ਫੋਕਸ ਕਦੇ ਮੁਜ਼ੱਫਰਾਬਾਦ ਵਾਲੇ ਕਸ਼ਮੀਰ ਅਤੇ ਕਦੇ ਇਧਰਲੇ ਵਾਦੀ ਵਾਲੇ ਕਸ਼ਮੀਰ ਉੱਤੇ ਹੁੰਦਾ ਹੈ ਅਤੇ ਇਸ ਦੌਰਾਨ ਕੁਝ ਤਲਖ਼ ਜ਼ਮੀਨੀ ਹਕੀਕਤਾਂ ਸਹਿਜ-ਸੁਭਾ ਹੀ ਸਾਡੇ ਸਾਹਮਣੇ ਆ ਜਾਂਦੀਆਂ ਹਨ। ਮੁਜ਼ੱਫਰਾਬਾਦ ਵਿਚ ਇਧਰੋਂ ਗਏ ਕਸ਼ਮੀਰੀਆਂ ਨੂੰ 'ਮੁਹਾਜਰਾਂ' ਦਾ ਦਰਜਾ ਦਿੱਤਾ ਜਾਂਦਾ ਹੈ ਅਤੇ 'ਹਾਤੋ' ਕਹਿ ਕੇ ਵੀ ਦੁਰਕਾਰਿਆ ਜਾਂਦਾ ਹੈ। ਨਾਵਲ ਦੇ ਨਾਇਕ ਰਸ਼ੀਦੇ ਦੇ ਮੁੰਡੇ ਨੂੰ ਮੁਜ਼ੱਫਰਾਬਾਦ ਵਿਚ ਇਸ ਕਰਕੇ ਕੁੜੀ ਦਾ ਰਿਸ਼ਤਾ ਨਹੀਂ ਮਿਲਦਾ, ਕਿਉਂਕਿ ਉਹ 'ਹਾਤੋ' ਦਾ ਮੁੰਡਾ ਹੈ। ਹੋਰ ਤੇ ਹੋਰ ਰਸ਼ੀਦੇ ਦੀ ਰਾਵਲਪਿੰਡੀ ਤੋਂ ਆਈ ਦੂਜੀ ਬੀਵੀ ਨੂੰ 'ਪਠਾਣੀ' ਦਾ ਖ਼ਿਤਾਬ ਦੇ ਕੇ ਦੋਇਮ ਨੰਬਰ 'ਤੇ ਰੱਖਿਆ ਜਾਂਦਾ ਹੈ। ਇਉਂ ਗੁੰਮਰਾਹ ਹੋਏ ਇਧਰਲੇ ਸਾਡੇ ਨੌਜਵਾਨ ਕਸ਼ਮੀਰੀ ਉਥੇ ਜਾ ਕੇ ਜਿੱਲਤ ਦੀ ਜ਼ਿੰਦਗੀ ਜਿਊਂਦੇ ਹਨ। ਤਰੱਕੀ ਤੇ ਵਿਕਾਸ ਦੇ ਪੱਖ ਤੋਂ ਵੀ ਓਧਰ ਪਛੜੇਵਾਂ ਬਹੁਤ ਹੈ, ਜਦ ਕਿ ਏਧਰ ਆਜ਼ਾਦੀ ਤੋਂ ਬਾਅਦ ਬਹੁਤ ਖੁਸ਼ਹਾਲੀ ਆਈ ਹੈ। ਇਕ ਹੋਰ ਤੱਥ ਇਹ ਉੱਭਰਦਾ ਹੈ ਕਿ ਸਾਡੇ ਬਹੁਤੇ ਕਸ਼ਮੀਰੀ ਨੌਜਵਾਨ ਜਦੋਂ ਕਿਸੇ ਬਹਿਕਾਵੇ ਵਿਚ ਆ ਕੇ ਮੁਜ਼ੱਫਰਬਾਦ ਚਲੇ ਜਾਂਦੇ ਹਨ ਤਾਂ ਉਥੇ ਜਾ ਕੇ ਫਸ ਜਾਂਦੇ ਹਨ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੱਡੇ ਦੁੱਖਾਂ-ਦਰਦਾਂ ਵਿਚੀਂ ਗੁਜ਼ਰਨਾ ਪੈਂਦਾ ਹੈ। ਕੁਝ ਇਕ ਗਲਪੀ ਸੀਮਾਵਾਂ ਦੇ ਬਾਵਜੂਦ ਇਹ ਇਕ ਦਿਲਚਸਪ ਤੇ ਜਾਣਕਾਰੀ ਭਰਪੂਰ ਰਚਨਾ ਹੈ।
-ਡਾ. ਸੁਖਵਿੰਦਰ ਸਿੰਘ ਰੰਧਾਵਾ
ਮੋਬਾਈਲ : 98154-58666
ਨਵ ਚੇਤਨਾ :
ਸਮੀਖਿਆਤਮਕ ਲੇਖ-ਸੰਗ੍ਰਹਿ
ਲੇਖਕ : ਡਾ. ਗਗਨਦੀਪ ਸਿੰਘ
ਪ੍ਰਕਾਸ਼ਕ: ਸਪਤਰਿਸ਼ੀ ਪਬਲੀਕੇਸ਼ਨਜ਼ ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ 103
ਸੰਪਰਕ : 98774-82755
ਨਵਚੇਤਨਾ ਸਮੀਖਿਆਤਮਕ ਲੇਖ ਸੰਗ੍ਰਹਿ ਪੁਸਤਕ ਦੀ ਸ਼ੁਰੂਆਤ ਵਿਚ ਹੀ ਲੇਖਕ ਡਾਕਟਰ ਗਗਨਦੀਪ ਸਿੰਘ ਨੇ ਪੰਜਾਬੀ ਵਾਰਤਕ ਦੇ ਨਿਕਾਸ ਤੇ ਵਿਕਾਸ ਦੇ ਸਾਹਿਤਕ ਵਡਮੁੱਲੇ ਖਜ਼ਾਨੇ ਦੀ ਸਾਂਝ ਪਵਾਉਂਦਿਆਂ ਉਨ੍ਹਾਂ ਵਿਚੋਂ ਅਮੋਲ ਕਰਤਨਾਂ ਨੂੰ ਕਰੀਬ ਡੇਢ ਕੁ ਦਰਜਨ ਲੇਖਾਂ ਰਾਹੀਂ ਉਜਾਗਰ ਕਰਨ ਦਾ ਯਤਨ ਕੀਤਾ ਹੈ। ਇਸ ਪੁਸਤਕ ਨੂੰ ਦੋ ਭਾਗਾਂ ਵਿਚ ਵੰਡ ਕੇ ਵੱਖ-ਵੱਖ ਬਹੁਤ ਹੀ ਭਾਵਪੂਰਤ ਵਿਸ਼ਿਆਂ ਨੂੰ ਛੂਹਿਆ ਗਿਆ ਹੈ। ਜਿਨ੍ਹਾਂ ਵਿਚ ਇਤਿਹਾਸ, ਦੇਸ਼ ਭਗਤੀ ਸ਼ਹੀਦੀਆਂ, ਚਲੰਤ ਮਾਮਲਿਆਂ, ਉਤਪੰਨ ਜਟਿਲ ਸਮੱਸਿਆਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ। 'ਗੁਰ ਅਰਜੁਨ ਵਿਟਹੁ ਕੁਰਬਾਣੀ' ਰਾਹੀਂ ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ 'ਤੇ ਉਨ੍ਹਾਂ ਦੀ ਅਦੁੱਤੀ ਸ਼ਹਾਦਤ ਦੇ ਜਟਿਲ ਕਾਰਨਾਂ, ਕੁਦਰਤ ਦੀ ਰਚਨਾ ਦੇ ਭੇਦਾਂ ਦਾ ਪ੍ਰਗਟਾਵਾ ਕਰਨ ਦੀ ਕਲਪਨਾ ਦਾ ਬੇਬਾਕ ਨਿਸੰਗ ਉਡਾਰੂ ਖ਼ਲੀਲ ਜਿਬਰਾਨ, ਤਾਨਾਸ਼ਾਹੀ ਵਿਚ ਕਲੰਕਤ ਰਾਜਸੀ ਖਲਨਾਇਕ ਨੇਤਾ ਹਿਟਲਰ ਦੀ ਭਿਅਨਕ ਕਰੂਰਤਾ ਦੀ ਹੋਂਦ ਦੀ ਚਿੰਤਨ ਕਰਨ ਦੀ ਲੋੜ, ਜ਼ੁਲਮ ਦਾ ਬਦਲੇ ੇਨਾਲ ਭਾਰਤੀ ਅਣਖ ਨੂੰ ਬੁਲੰਦ ਕਰਨ ਤੇ ਧਰਮ ਨਿਰਪੱਖ ਭਾਰਤੀ ਸੱਭਿਆਚਾਰ ਦੇ ਪ੍ਰਤੀਕਰਮ ਮੁਹੰਮਦ ਸਿੰਘ ਆਜ਼ਾਦ ਸ਼ਹੀਦ ਊਧਮ ਸਿੰਘ , ਵਿੱਦਿਆ ਦੇ ਪਸਾਰ ਵਿਚ ਕਾਣੀ ਵੰਡ, ਵਾਤਾਵਰਨ ਦੇ ਘਾਣ, ਮਹਾਂਮਾਰੀਆਂ ਦਾ ਪਾਸਾਰਾ, ਗੁਰਮੁਖ ਜੀਵਨ ਦੀ ਮਹੱਤਤਾ, ਸਮਾਜਿਕ ਧਾਰਮਿਕ ਰਾਸ਼ਟਰੀ ਅੰਤਰਰਾਸ਼ਟਰੀ ਫਜ਼ੂਲ ਦੇ ਮਸਲਿਆਂ ਮਿਲ ਬੈਠ ਕੇ ਨਜਿੱਠਣ, ਆਵਾਜਾਈ ਦੇ ਹਾਦਸਿਆਂ ਦੀ ਭਿਆਨਕਤਾ ਤੋਂ ਬਚਾਅ ਆਦਿ ਵਿਸ਼ਿਆਂ ਦਾ ਮਿਲਗੋਭਾ ਰੂਪੀ ਇਸ ਪੁਸਤਕ ਦਾ ਵਿਲੱਖਣ ਹਾਸਿਲ ਹੈ ਬੇਨਿਆਂਈ ਵਿਰੁੱਧ ਲੜਦੀਆਂ ਜੁਝਾਰੂ ਜਥੇਬੰਦੀਆਂ ਦਾ ਦੁਨੀਆ ਪ੍ਰਸਿੱਧ ਤਾਨਸ਼ਾਹ ਜੋਸਫ਼ ਸਟਾਲਿਨ, ਹਿਟਲਰ ਦੀਆਂ ਤਾਨਾਸ਼ਾਹੀਆਂ ਪਿਛੇ ਲੁੱਕ ਕੇ ਭੇਦ ਲੱਭਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਹੱਡਭੰਨਵੀ ਮਿਹਨਤੀ ਜਮਾਤ ਕਿਸਾਨੀ ਜੀਵਨ ਵਿਚ ਤਬਦੀਲੀ, ਭਾਰਤੀ ਖੇਤੀ ਨੂੰ ਤ੍ਰਾਸਦੀ 'ਤੇ ਹਾਅ ਦਾ ਨਾਅਰਾ, ਇਸ ਤ੍ਰਾਸਦੀ ਵਿਚੋਂ ਕੱਢਣ ਦੀ ਸਵਾਮੀਨਾਥਨ ਅਯੋਗ ਦੀ ਉਚਿਤ ਸਿਫਾਰਸ਼ ਉਤੇ ਅਮਲ ਨਾ ਹੋ ਸਕਣਾ, ਗ਼ੈਰ-ਕਾਨੂੰਨੀ ਪ੍ਰਵਾਸ ਦੇਸ਼ ਦੀ ਆਰਥਿਕਤਾ ਉਤੇ ਵੱਡੇ ਬੋਝ, ਧਾਰਮਿਕ ਕੱਟੜਵਾਦ ਅਤੇ ਮਹਾਂਮਾਰੀ ਕੋਵਿਡ ਆਦਿ ਸੰਕਟਾਂ ਵਿਚੋਂ ਪੈਦਾ ਹੋਈਆਂ ਜਾਂ ਹੋ ਰਹੀਆਂ ਉਲਝਣਾਂ ਨੂੰ ਨਿਪਟਾਉਣ ਉੱਤੇ ਵੀ ਜ਼ੋਰ ਦਿੱਤਾ ਗਿਆ ਹੈ। ਜੀਵਨ ਵਿਚ ਰੋਜ਼ਮਰ੍ਹਾ ਦੀਆਂ ਜ਼ਰੂਰੀ ਲੋੜਾਂ ਰੋਟੀ, ਕੱਪੜਾ, ਮਕਾਨ ਵਿਚ ਸਿਹਤ ਤੇ ਸਿੱਖਿਆ ਨੂੰ ਅਭਿਆਸੀ ਤੌਰ 'ਤੇ ਲਾਗੂ ਕਰਨ ਵਿਚ ਆ ਰਹੀਆਂ ਕਾਨੂੰਨੀ ਦਿੱਕਤਾਂ ਵਿਚ ਜ਼ਰੂਰੀ ਸੁਧਾਰਾਂ ਨੂੰ ਸੁਝਾਇਆ ਗਿਆ ਹੈ। ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ 'ਨਵਚੇਤਨਾ ਸਮੀਖਿਆਤਮਕ' ਪੁਸਤਕ ਸਮਾਜ ਚਿੰਤਕ ਪਾਠਕਾਂ ਲਈ ਕਾਫ਼ੀ ਲਾਹੇਵੰਦ ਹੋ ਸਕਦੀ ਹੈ।
-ਮਾ. ਲਖਵਿੰਦਰ ਸਿੰਘ ਰਈਆ ਹਵੇਲੀਆਣਾ,
ਵੱਟਸਐਪ : 98764-74858
ਚਿੰਤਾ ਮੁਕਤ ਕਰੇ ਗੁਰਬਾਣੀ
ਲੇਖਕ : ਗੁਰਬਖ਼ਸ਼ ਸਿੰਘ ਸੈਣੀ
ਪ੍ਰਕਾਸ਼ਕ : ਲੇਖਕ ਖ਼ੁਦ
ਮੁੱਲ : 150 ਰੁਪਏ, ਸਫੇ : 80
ਸੰਪਰਕ : 98880-24143ਚਿੰਤਾ ਮੁਕਤੀ ਲਈ ਭਟਕਦੇ ਤੇ ਵਿਲ੍ਹਕਦੇ ਮਨੁੱਖਾਂ ਨੂੰ ਸਮਰਪਿਤ ਕੀਤੀ ਗਈ ਇਹ ਪੁਸਤਕ ਗੁਰਮਤਿ ਵਿਚਾਰਧਾਰਾ ਤੋਂ ਪ੍ਰੇਰਨਾ ਲੈ ਕੇ ਪੂਰੀ ਸ਼ਰਦਾ ਤੇ ਨਿਵਾਰਨ ਭਾਵਨਾ ਨਾਲ ਲਿਖੀ ਗਈ ਹੈ। ਪੁਸਤਕ ਦੀ ਵਾਰਤਕ ਸ਼ੈਲੀ ਬੜੀ ਸਰਲ ਤੇ ਦਿਲਚਸਪ ਹੈ। ਲਿਖਾਰੀ ਮਨੁੱਖ ਦੀ ਯਥਾਰਥਕ ਜ਼ਿੰਦਗੀ ਦਾ ਸੰਖਿਪਤ ਚਿਤਰਣ ਵਿਚ ਕਹਿੰਦਿਆਂ ਆਰੰਭ 'ਚ ਹੀ ਕਰ ਦਿੰਦਾ ਹੈ ਕਿ ਮਨੁੱਖ ਨੂੰ ਜਨਮ ਤੋਂ ਪਹਿਲਾਂ ਨਾ ਕੋਈ ਚਿੰਤਾ ਸੀ ਤੇ ਨਾ ਹੀ ਉਸ ਨੂੰ ਮਰਨ ਉਪਰੰਤ ਕੋਈ ਚਿੰਤਾ ਹੋਵੇਗੀ। ਚਿੰਤਾਵਾਂ ਦਾ ਸਮੁੱਚਾ ਮੱਕੜ ਜਾਲ ਉਸ ਨੇ ਖੁਦ ਹੀ ਆਪਣੇ ਜੀਵਨ ਕਾਲ ਵਿਚ ਬੁਣਿਆ ਹੈ। ਇਸੇ ਜੰਜਾਲ ਵਿਚ ਹੀ ਉਹ ਮੱਕੜੀ ਵਾਂਗ ਫਸ ਕੇ ਆਪਣੀ ਜ਼ਿੰਦਗੀ ਮੱਕੜੀ ਵਾਂਗ ਹੀ ਖਤਮ ਕਰ ਜਾਂਦਾ ਹੈ। ਮਾਇਆ ਦੇ ਮੋਹ, ਇਸ ਨੂੰ ਇਕੱਤਰ ਕਰਨ, ਇਸ ਨੂੰ ਸੰਭਾਲਣ ਤੇ ਬਚਾ ਕੇ ਰੱਖਣ ਵਿਚ, ਰਿਸ਼ਤਿਆਂ ਦੇ ਮੋਹ ਤੇ ਦੁੱਖ ਤਕਲੀਫਾਂ ਦੀਆਂ ਚਿੰਤਾਵਾਂ ਵਿਚ ਘਿਰਿਆ ਰਹਿੰਦਾ ਹੈ।
ਪੁਸਤਕ ਅੰਦਰਲੀਆਂ ਸੱਤ ਵਾਰਤਕ ਲਿਖਤਾਂ ਦੇ ਨਾਂਅ ਜਿਹਾ ਕਿ 'ਚਿੰਤਾ ਮੁਕਤ ਕਰੇ ਗੁਰਬਾਣੀ' (ਨਾਨਕ ਦੁਨੀਆ ਸਭ ਸੰਸਾਰ), 'ਨਾਮ ਸਿਮਰਨ ਰੋਗ ਦੀ ਦਵਾਈ ਤੇ ਇੱਛਾ ਪੂਰਤੀ ਦਾ ਸੋਮਾ', 'ਚਿੰਤਾ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ', 'ਚਿੰਤਾ ਕਿਸ ਤਰ੍ਹਾਂ ਖਤਮ ਕਰੀਏ', 'ਬੇਲੋੜੀ ਚਿੰਤਾ ਸਦੀਵੀ ਨਹੀਂ ਹੁੰਦੀ', 'ਜੋ ਬਦਲਿਆ ਨਹੀਂ ਜਾ ਸਕਦਾ ਉਸ ਨੂੰ ਕਬੂਲ ਕਰ ਲਓ' ਤੇ 'ਸਾਫ਼ ਸੁਥਰੀ ਜ਼ਿੰਦਗੀ ਚਿੰਤਾ ਤੋਂ ਦੂਰ' ਹੀ ਇਨ੍ਹਾਂ ਲਿਖਤਾਂ ਅੰਦਰਲੀ ਵਸਤੂ ਜਾਂ ਵਿਚਾਰਧਾਰਕ ਧਾਰਾ ਦੇ ਸੰਕੇਤ ਦੇ ਦਿੰਦੇ ਹਨ। ਹਰ ਲਿਖਤ ਦਾ ਹਰ ਵਾਕ ਅਰਥ ਭਰਪੂਰ ਹੈ। ਪੂਰੀ ਪੁਸਤਕ ਚਿੰਤਾ ਦੀ ਸਮੱਸਿਆ ਦੇ ਕਰਨਾਂ ਤੇ ਉਨ੍ਹਾਂ ਦੇ ਹੱਲ ਬਾਰੇ ਵਿਚਾਰ ਬੜੇ ਭਾਵਪੂਰਤ ਅੰਦਾਜ਼ 'ਚ ਕਰਦੀ ਹੈ। ਲੇਖਕ ਨੇ ਆਪਣੀ ਵਿਚਾਰ-ਚਰਚਾ ਵਿਚ ਚਿੰਤਾ ਨੂੰ ਇਕ ਮਿੱਠਾ ਜ਼ਹਿਰ ਵੀ ਕਿਹਾ ਹੈ। ਲੇਖਕ ਦੇ ਚਿੰਤਨ ਦੀ ਕੇਂਦਰੀ ਸੁਰ ਤਾਂ ਗੁਰਬਾਣੀ ਆਧਾਰਿਤ ਹੈ। ਉਂਝ ਉਸ ਨੇ ਵਿਚ-ਵਿਚ ਕੁਝ ਵਿਦਵਾਨ ਸੱਜਣਾਂ ਜਿਹਾ ਕਿ ਜਾਰਜ ਬਰਨਾਰਡ ਸ਼ਾਹ, ਪੱਤਰਕਾਰ ਜਾਨ ਬਰਨਜ਼, ਅਮਰੀਕਾ ਦਾ ਨੋਬਲ ਇਨਾਮ ਜੇਤੂ ਬਲਿਕਸ ਕਰੀਲ, ਅਮਰੀਕਾ ਦੇ ਰਾਸ਼ਟਰਪਤੀ ਆਈਜਨ ਹਾਵਰ ਦਾ ਸਪੁੱਤਰ ਜੌਹਨ, ਇਮਰਸਨ ਤੇ ਪ੍ਰਸਿੱਧ ਵਿਦਵਾਨ ਉਮਰ ਖਿਆਮ ਦਾ ਹਵਾਲਾ ਵੀ ਦਿੱਤਾ ਹੈ ਤੇ ਅੰਤ 'ਚ ਗੱਲ ਗੁਰਬਾਣੀ ਦੀਆਂ ਇਨ੍ਹਾਂ ਪਾਵਨ ਸਤਰਾਂ ਨਾਲ ਪੂਰੀ ਕੀਤੀ ਹੈ:
ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ॥
ਇਹ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ॥
(ਅੰਗ : 1429)
ਨਿਰਸੰਦੇਹ ਪੂਰੀ ਪੁਸਤਕ ਇਕਾਗਰਚਿੱਤ ਹੋ ਕੇ ਪੜ੍ਹਨ ਵਾਲੀ ਹੈ।
-ਹਰਮੀਤ ਸਿੰਘ ਅਟਵਾਲ
ਮੋਬਾਈਲ : 98155-05287
ਟਾਹਣੀਓਂ ਟੁੱਟੇ
ਲੇਖਿਕਾ : ਪਰਵੇਜ਼ ਸੰਧੂ
ਪ੍ਰਕਾਸ਼ਕ : ਸਵੀਨਾ ਪਬਲੀਕੇਸ਼ਨ, ਕੈਲੀਫੋਰਨੀਆ
ਮੁੱਲ : 250, ਸਫ਼ੇ : 112
ਸੰਪਰਕ - parvezsnadhu@hotmail.com
'ਟਾਹਣੀਓਂ ਟੁੱਟੇ' ਕਹਾਣੀ-ਸੰਗ੍ਰਹਿ ਪ੍ਰਵਾਸੀ ਕਹਾਣੀਕਾਰਾ ਪਰਵੇਜ਼ ਸੰਧੂ ਦਾ 6ਵਾਂ ਕਹਾਣੀ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਲੇਖਿਕਾ ਆਪਣੇ ਪੰਜ ਕਹਾਣੀ ਸੰਗ੍ਰਹਿਆਂ ਨਾਲ ਸਾਹਿਤ ਦੇ ਖੇਤਰ 'ਚ ਆਪਣੀ ਦਮਦਾਰ ਹਾਜ਼ਰੀ ਲਗਵਾ ਚੁੱਕੀ ਹੈ। ਹਥਲੇ ਕਹਾਣੀ ਸੰਗ੍ਰਹਿ ਅੰਦਰ ਸ਼ਾਮਿਲ ਕੁੱਲ 11 ਕਹਾਣੀਆਂ ਪ੍ਰਵਾਸੀ ਜੀਵਨ ਦੀ ਪੀੜ, ਉਦਰੇਵਾਂ, ਦੋਹਰੇ ਕਿਰਦਾਰਾਂ ਵਾਲੀ ਜ਼ਿੰਦਗੀ ਅਤੇ ਹੋਰ ਅਨੇਕਾਂ ਵਿਸ਼ਿਆਂ ਦੀ ਵੰਨ-ਸੰਵਨਤਾ ਕਹਾਣੀ ਕਲਾ ਦਾ ਉਤਕ੍ਰਿਸ਼ਟ ਨਮੂਨੇ ਹਨ। 'ਸਿਰਫ਼ ਇਕ ਵਾਰ' ਕਹਾਣੀ ਅੰਦਰ ਵਿਦੇਸ਼ 'ਚ ਵਸਦੇ ਜੱਗੀ ਨਾਂਅ ਪਾਤਰ ਰਾਹੀਂ ਆਦਮੀ ਦੀ ਬੌਣੀ ਸੋਚ ਨੂੰ ਬਾਖ਼ੂਬੀ ਪੇਸ਼ ਕੀਤਾ ਹੈ। 'ਪੀੜ੍ਹੀ ਦਰ ਪੀੜ੍ਹੀ' ਕਹਾਣੀ ਰਿਸ਼ਤਿਆਂ ਦੀ ਸਾਰ ਦੇ ਨਾਲ-ਨਾਲ ਔਰਤ ਨਾਲ ਲੰਮੇ ਸਮੇਂ ਤੋਂ ਉਸ ਦੀ ਸੋਚ ਦੀ ਆਜ਼ਾਦੀ ਨੂੰ ਲੈ ਕੇ ਚੱਲ ਰਹੀ ਦਮਨ ਨੀਤੀ ਤੋਂ ਔਰਤ ਜਾਗਰੂਕ ਕਰ ਕੇ ਆਪਣੇ ਹੱਕ ਲੈਣ ਲਈ ਜੁਝਾਰੂ ਬਣਨ ਲਈ ਪ੍ਰੇਰਦੀ ਹੈ ਉੱਥੇ ਉਸ ਨੂੰ ਦੰਪਤੀ ਜੀਵਨ ਦੀਆਂ ਨੈਤਿਕ ਕਦਰਾਂ-ਕੀਮਤਾਂ ਤੋਂ ਵੀ ਮੁਨਕਰ ਨਹੀਂ ਹੋਣ ਦਿੰਦੀ। 'ਤੇਰਾ ਰੱਬ ਮੇਰਾ ਰੱਬ' ਕਹਾਣੀ 'ਚ ਲੇਖਿਕਾ ਨੇ ਅਮਰੀਕੀ ਸਮਾਜ ਅੰਦਰ ਅਣਵਿਆਹੀ ਮਾਂ ਬਣਨਾ ਕੋਈ ਅਲੋਕਾਰੀ ਘਟਨਾ ਨਾ ਮੰਨਦਿਆਂ ਭਾਰਤੀ ਅਤੇ ਅਮਰੀਕਨ ਔਰਤ ਦੀ ਆਜ਼ਾਦ ਸੋਚ ਦਾ ਤੁਲਨਾਤਮਿਕ ਪੇਸ਼ਕਾਰੀ ਕਰਦਿਆਂ ਬੜੇ ਹੀ ਵਿਅੰਗਮਈ ਢੰਗ ਨਾਲ਼ ਰੱਬ ਦੇ ਨਾਂਅ ਦੇ ਥੱਲੇ ਦੋਹਰੇ ਕਿਰਦਾਰਾਂ ਦੇ ਨੰਗੇ ਸੱਚੇ ਨੂੰ ਉਜਾਗਰ ਕਰਨ ਦੀ ਸਫ਼ਲ ਕੋਸ਼ਿਸ਼ ਕੀਤੀ ਹੈ। 'ਬੇਘਰੇ' ਕਹਾਣੀ ਦੱਸਦੀ ਹੈ ਕਿ ਪ੍ਰਵਾਸ 'ਚ ਮਨੁੱਖ ਇਕ ਵਾਰ ਨਹੀਂ ਸਗੋਂ ਕਈ ਵਾਰ ਮਰਦਾ ਹੈ ਅਤੇ ਨਾਲ ਹੀ ਆਰਥਿਕ ਥੁੜਾਂ ਮਾਰਿਆ ਇਨਸਾਨ ਹਮੇਸ਼ਾ ਅਮੀਰਾਂ ਦੀਆਂ ਵਧੀਕੀਆਂ ਦਾ ਸ਼ਿਕਾਰ ਹੁੰਦਾ ਭਾਵੇਂ ਉਹ ਅਮਰੀਕਾ ਵਰਗੇ ਵਿਕਸਿਤ ਦੇਸ਼ ਅੰਦਰ ਕਿਉਂ ਨਾ ਰਹਿੰਦਾ ਹੋਵੇ। 'ਸੈਂਡੀ ਫਿਰ ਉਦਾਸ ਹੈ' ਅਤੇ 'ਕਿਸ ਵਿਹੜੇ ਦਾ ਚਾਨਣ' ਕਹਾਣੀਆਂ ਉਨ੍ਹਾਂ ਪ੍ਰਵਾਸੀ ਲੋਕਾਂ ਦੇ ਦੋਗਲੇ ਚਿਹਰਿਆਂ ਨੂੰ ਨੰਗਾ ਕਰਦੀ ਹੈ ਜੋ ਪੈਸੇ ਦੀ ਅੰਨ੍ਹੀ ਦੌੜ ਅੰਦਰ ਆਪਣੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਭੁੱਲ ਜਾਂਦੇ ਹਨ। ਵੇਲਾਂ, ਰੁੱਖ ਅਤੇ ਰਿਸ਼ਤੇ ਕਹਾਣੀ ਵਿਚਲਾ ਇਕ ਸੰਵਾਦ, 'ਕੈਥੀ ਖਬਰੇ ਥੋਡੇ ਰਿਸ਼ਤੇ ਕਿਹੋ ਜਿਹੇ ਨੇ, ਜਿਹੜਾ ਪਲਾਂ 'ਚ ਜੁੜਦੇ ਨੇ ਤੇ ਘੜੀਆਂ 'ਚ ਟੁੱਟਦੇ ਨੇ...... ਸਾਡੇ ਰਿਸ਼ਤੇ ਤਾਂ ਇਨ੍ਹਾਂ ਰੁੱਖਾਂ ਵਰਗੇ ਨੇ... ਇਕ ਪੱਤਾ ਵੀ ਟੁੱਟੇ ਤਾਂ ਸਾਰੇ ਰੁੱਖ ਨੂੰ ਦਰਦ ਹੁੰਦੈ ....। ਅਮਰੀਕੀ ਅਤੇ ਭਾਰਤੀ ਸਮਾਜ ਦੇ ਰਿਸ਼ਤਿਆਂ ਵਿਚਲੇ ਗਹਿਰੇ ਖੱਪੇ ਦੀ ਬਾਤ ਪਾ ਜਾਂਦਾ ਹੈ। 'ਟਾਹਣੀਓਂ ਟੁੱਟੇ' ਕਹਾਣੀ ਇਸ ਕਹਾਣੀ ਸੰਗ੍ਰਹਿ ਦਾ ਸਿਖ਼ਰ ਹੋ ਨਿਬੜਦੀ ਹੈ ਜਦੋਂ ਵਿਦੇਸ਼ 'ਚ ਵਸਦਾ ਕਹਾਣੀ ਦਾ ਮੁੱਖ ਪਾਤਰ ਜਗਤ ਨੀਮ ਬੇਹੋਸ਼ੀ ਦੀ ਹਾਲਤ 'ਚ ਆਪਣੇ ਪਿੰਡ ਨੂੰ ਜਾਣਾ ਲੋਚਦਾ ਹੈ ਪ੍ਰੰਤੂ ਉਸਦਾ ਵਿਦੇਸ਼ੀ ਪੁੱਤਰ ਡੇਵਿਡ ਉਸ ਦੀ ਇਸ ਇੱਛਾ ਨੂੰ ਸਮਝਣੋ ਨਾਕਾਮ ਰਹਿੰਦਾ ਹੈ ਤੇ ਐਨਾ ਕਹਿ ਪਾਉਂਦੈ, 'ਆਈ ਥਿੰਕ ਡੈਡ ਇਜ਼ ਲੂਜਿੰਗ ਹਿਜ਼ ਮਾਈਂਡ'। ਕਹਾਣੀਆਂ ਵਿਚਲੀ ਭਾਸ਼ਾ ਸਰਲ ਤੇ ਸਪੱਸ਼ਟ ਹੈ। ਪਾਤਰ ਸਿਰਜਣਾ ਕਰਦਿਆਂ ਲੇਖਿਕਾ ਨੇ ਵਿਦੇਸ਼ੀ ਪਾਤਰਾਂ ਅੰਦਰ ਆਪਣੀ ਭਾਸ਼ਾ ਠੋਸਣ ਦੀ ਬਜਾਏ ਉਨ੍ਹਾਂ ਦੀ ਭਾਸ਼ਾ ਵਿਚ ਬੁਲਾਏ ਸੰਵਾਦ ਕਹਾਣੀਆਂ ਅੰਦਰ ਇਕ ਵੱਖਰਾ ਰੰਗ ਭਰਦੇ ਹਨ। ਕਹਾਣੀਆਂ ਵਿਚਲਾ ਦ੍ਰਿਸ਼ ਚਿਤਰਨ ਪਾਠਕਾਂ ਨੂੰ ਸਮੁੱਚੇ ਘਟਨਾਕ੍ਰਮ ਦੇ ਰੂਬਰੂ ਕਰਦਾ ਹੈ। ਇਸ ਕਹਾਣੀ ਸੰਗ੍ਰਹਿ ਦੇ ਨਾਲ਼ ਪੰਜਾਬੀ ਕਹਾਣੀ ਲੇਖਣ ਦਾ ਘੇਰਾ ਹੋਰ ਮੋਕਲਾ ਹੋਇਆ ਹੈ।
-ਸੁਖਮੰਦਰ ਸਿੰਘ ਬਰਾੜ
ਮੋਬਾਈਲ : 98149-65928
ਮਨ ਦੇ ਵਰਕੇ
ਸ਼ਾਇਰਾ : ਸੁਖਦੀਪ ਸੰਧੂ ਸੁੱਖੀ
ਪ੍ਰਕਾਸ਼ਕ : ਮਨੀਸ਼ਾ ਪ੍ਰਕਾਸ਼ਨ, ਪਿੰਡ ਭੇਲ (ਜਲੰਧਰ)
ਮੁੱਲ : 250 ਰੁਪਏ, ਸਫ਼ੇ : 112
ਸੰਪਰਕ : 94652-38137
ਇਸ ਕਾਵਿ-ਪੁਸਤਕ ਵਿਚ ਪੰਜਾਬੀ ਸੱਭਿਆਚਾਰ ਨਾਲ ਜੁੜੇ ਗੀਤ, ਮਾਹੀਆ, ਟੱਪੇ, ਬੋਲੀਆਂ ਆਦਿ ਦੀ ਝਲਕ ਹੈ। ਇਨ੍ਹਾਂ ਵਿਚ ਪੰਜਾਬੀ ਜੀਵਨ ਦੀ ਨੁਹਾਰ ਹੈ। ਪੰਜਾਬ ਦੀ ਲੋਕਧਾਰਾ ਦੀਆਂ ਕੁਝ ਝਲਕਾਂ ਮਾਣੋ :-
-ਤੇਰੇ ਦਰਸ਼ਨਾਂ ਦੀ ਭੁੱਖ ਮਾਹੀਆ
ਆ ਕੇ ਸਾਨੂੰ ਮਿਲ ਜਾਵੀਂ
ਨਾਲੇ ਸੁਣ ਜਾਵੀਂ ਦੁੱਖ ਮਾਹੀਆ।
-ਦਹੀਂ ਕੁੱਜੇ ਵਿਚ ਜੰਮੇ
ਧੀ ਜੰਮੇ ਭਾਗ ਲੱਗਦੇ
ਲੱਖ ਖੁਸ਼ੀ ਭਾਵੇਂ ਪੁੱਤ ਜੰਮੇ।
-ਇੰਝ ਗੱਲਾਂ ਕਰਦਿਆਂ ਈ
ਵੇ ਚੰਨਾ ਰਾਤ ਗੁਜ਼ਰ ਜਾਏ ਸਾਰੀ।
ਇਕ ਵਾਅਦਾ ਕਰ ਲਈਏ
ਨਾ ਵਿੱਛੜਾਂਗੇ ਉਮਰ ਸਾਰੀ।
-ਮਾਵਾਂ ਬਾਝੋਂ ਕੋਈ ਨਾ ਪੁੱਛੇ
ਉਮਰ ਕੱਲੇ ਗੁਜ਼ਾਰੇ ਭਾਵੇਂ ਸਾਰੀ।
ਰੌਣਕਾਂ ਦਾ ਬੂਹਾ ਭਿੜ ਜਾਂਦਾ
ਜਦ ਹੋਵੇ ਨਾ ਮਾਂ ਪਿਆਰੀ।
-ਰੱਬਾ ਤੂੰ ਰੂਹ ਦੀ ਤੜਪ ਮਿਟਾਈਂ।
ਰੱਬਾ ਤੂੰ ਵਿਛੜਿਆਂ ਨੂੰ ਮਿਲਾਈਂ।
ਇਸ ਕਾਵਿ ਗੁਲਦਸਤੇ ਦਾ ਭਰਪੂਰ ਸੁਆਗਤ ਹੈ।
-ਡਾ. ਸਰਬਜੀਤ ਕੌਰ ਸੰਧਾਵਾਲੀਆ
ਸੁਰਤਿ-ਸ਼ਬਦ-ਸੰਵਾਦ
ਲੇਖਕ : ਟਹਿਲ ਸਿੰਘ ਚਾਹਲ
ਪ੍ਰਕਾਸ਼ਕ : ਚੇਤਨ ਪ੍ਰਕਾਸ਼ਨ, ਲੁਧਿਆਣਾ।
ਮੁੱਲ : 250 ਰੁਪਏ, ਸਫ਼ੇ : 119
ਸੰਪਰਕ : 98762-07774
ਸ਼ਾਇਰ ਟਹਿਲ ਸਿੰਘ ਚਾਹਲ ਆਪਣੇ ਹੱਥਲੇ ਕਾਵਿ-ਸੰਗ੍ਰਹਿ 'ਸੁਰਤਿ ਸ਼ਬਦ ਸੰਵਾਦ' ਤੋਂ ਪਹਿਲਾਂ ਵੀ ਇਕ ਨਾਵਲ 'ਦੀਨ ਤੇ ਦੁਨੀਆ' ਅਤੇ ਸੱਤ ਕਾਵਿ-ਸੰਗ੍ਰਹਿਆਂ 'ਮਨਫੀ ਹੋਇਆ ਮਨੁੱਖ', 'ਸ਼ੀਸ਼ੇ ਦਾ ਸੱਚ', 'ਰੁੱਖ ਤੇ ਮਨੁੱਖ', 'ਫੱਕਰ ਦੀਆਂ ਰਮਜ਼ਾਂ', 'ਪੈਰੋਂ ਪੈੜਾਂ', 'ਬਦਨੇ ਮਹਿਕਾਂ' ਅਤੇ 'ਕੌਣ ਸੱਚਾ, ਕੌਣ ਝੂਠਾ' ਰਾਹੀਂ ਪੰਜਾਬੀ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ। ਇਹ ਕਾਵਿ-ਕਿਤਾਬ ਗੁਰਮਤਿ ਮਾਰਗ ਦੇ ਚੱਲਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਸਾਏ 'ਕਰਮਾਂ ਸੰਦੜਾ ਖੇਤ', 'ਜੋ ਬ੍ਰਹਿਮੰਡੇ ਸੋਈ ਪਿੰਡੇ', 'ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ' ਅਤੇ ਮਨੁੱਖ ਅੰਦਰ ਪਏ ਪੰਜ ਵਿਕਾਰਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚ ਕੇ ਮਨਮੁੱਖ ਤੋਂ ਗੁਰਮੁੱਖ ਬਣਨ ਲਈ ਅਗਾਊਂ ਜਾਗਰੂਕ ਕਰਦਾ ਅਧਿਆਤਮਵਾਦੀ ਸੁਨੇਹਾ ਹੈ। ਮਨ ਇਛਤ ਇਛਾਵਾਂ ਦੀ ਪੂਰਤੀ ਲੀ ਅਟੁੱਟ ਵਿਸ਼ਵਾਸ ਅਤੇ ਅਰਦਾਸ ਦੀ ਜ਼ਰੂਰਤ ਹੈ। ਲੇਖਕ ਦੀ ਅਧਿਆਤਮਵਾਦੀ ਬਿਰਤੀ ਵਿਚੋਂ ਨਿਕਲੇ ਇਕ ਇਕ ਅੱਖਰ ਦੇ ਡੂੰਘ ਵਿਚ ਜਾਣ ਲਈ ਇਹ ਪੁਸਤਕ ਹਰੇਕ ਧਰਾਮਿਕ ਸੰਸਥਾ ਦੀ ਲਾਇਬ੍ਰੇਰੀ ਵਿਚ ਪਹੁੰਚਣੀ ਬਹੁਤ ਜ਼ਰੂਰੀ ਹੈ, ਤਾਂ ਕਿ ਜਗਿਆਸੂ ਪਾਠਕ ਆਸਾਨੀ ਨਾਲ ਇਸ ਕਾਵਿ-ਧਰਮ ਰਾਹੀਂ ਕੀਤੀ ਗੁਰਮਤਿ ਮਾਰਗ ਦੀ ਪੁਨਰ ਵਿਆਖਿਆ ਸਮਝ ਸਕੇ। ਲੇਖਕ ਨੇ ਕੁੱਜੇ ਵਿਚ ਸਮੁੰਦਰ ਬੰਦ ਕਰਦਿਆਂ ਦੱਸਿਆ ਹੈ ਕਿ ਸ਼ਬਦ ਗੁਰੂ ਬਹੁਮੁੱਲਾ ਅਧਿਆਤਮਿਕ ਫਲਸਫਾ ਹੀ ਲਾਸਾਨੀ ਗ੍ਰੰਥ ਵਜੋਂ ਪ੍ਰਮਾਣਿਤ ਹੈ। ਸਰੀਰ ਗੁਰੂ ਨਹੀਂ ਗਿਆਨ ਗੁਰੂ ਹੈ। ਸੁਰਤ-ਸ਼ਬਦ-ਸੰਵਾਦ ਰਾਹੀਂ ਅਕਾਲ ਪੁਰਖ ਅਸਲ ਗੁਰੂ ਹੈ। ਸ਼ਹੀਦਾਂ ਦੇ ਸਿਰਤਾਜ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵਲੋਂ ਸੰਪਾਦਿਤ ਇਸ ਅਦੁੱਤੀ ਗ੍ਰੰਥ ਵਿਚ ਛੇ ਗੁਰੂਆਂ, ਪੰਦਰਾਂ ਭਗਤਾਂ, ਗਿਆਰਾਂ ਭੱਟਾਂ, ਚਾਰ ਮਹਾਂਪੁਰਖਾਂ ਵਲੋਂ ਇਕੱਤੀ ਰਾਗਾਂ ਵਿਚ ਗਾਈ ਬਾਣੀ ਦਰਜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਹੋਰ ਬਹੁਮੁੱਲੀ ਜਾਣਕਾਰੀ ਇਸ ਕਾਵਿ-ਕਿਤਾਬ ਵਿਚ ਸ਼ਾਮਿਲ ਹੈ। ਇਹ ਪੁਸਤਕ ਪੜ੍ਹਨ ਵਾਲੀ ਤਾਂ ਹੈ ਤੇ ਗੁੜ੍ਹਨ ਵਾਲੀ ਵੀ ਹੈ। ਲੇਖਕ ਦੇ ਕਲਮ-ਸਿਰੜ ਨੂੰ ਸਲਾਮ ਕਰਨਾ ਤਾਂ ਬਣਦਾ ਹੀ ਹੈ।
-ਭਗਵਾਨ ਢਿੱਲੋਂ
ਮੋਬਾਈਲ : 98143-78254
ਜੂਝਦਾ ਜਿਉਂਦਾ ਪੰਜਾਬ
ਲੇਖਕ : ਨਰਿੰਦਰ ਸਿੰਘ ਜ਼ੀਰਾ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਅੰਮ੍ਰਿਤਸਰ।
ਮੁੱਲ : 450 ਰੁਪਏ, ਸਫੇ : 291
ਸੰਪਰਕ : 98146-62260
'ਜੂਝਦਾ ਜਿਉਂਦਾ ਪੰਜਾਬ' ਵਾਰਤਕ ਲੇਖਕ ਨਰਿੰਦਰ ਸਿੰਘ ਜ਼ੀਰਾ ਦੀ ਨਵੀਂ ਪੁਸਤਕ ਹੈ, ਜਿਸ ਵਿਚ ਉਸ ਨੇ ਚੌਂਹਠ ਰੰਗ-ਬਿਰੰਗ ਲੇਖ ਸ਼ਾਮਿਲ ਕੀਤੇ ਹਨ। ਇਸ ਤੋਂ ਪਹਿਲਾਂ ਵੀ ਉਹ 'ਚਾਨਣ ਕਣੀਆਂ', 'ਭਵਿੱਖ ਤੇ ਚੁਣੌਤੀਆਂ', 'ਜ਼ਿੰਦਗੀ ਦੇ ਰਾਹ ਦਸੇਰੇ', 'ਆਦਰਸ਼ ਸਮਾਜ ਦੀ ਸਿਰਜਣਾ' ਅਤੇ 'ਸੰਭਾਵਨਾਵਾਂ ਤੇ ਚੁਣੌਤੀਆਂ' ਜਿਹੀਆਂ ਵਾਰਤਕ ਪੁਸਤਕ ਲਿਖ ਕੇ ਪਾਠਕਾਂ ਅਤੇ ਆਲੋਚਕਾਂ ਵਿਚ ਆਪਣੀ ਚੰਗੀ ਭੱਲ ਬਣਾ ਚੁੱਕਿਆ ਹੈ।
ਇਸ ਵੱਡ-ਅਕਾਰੀ ਪੁਸਤਕ ਵਿਚ ਵਿਸ਼ਿਆਂ ਦੀ ਰੰਗ-ਬਿਰੰਗੀ ਨੁਹਾਰ ਦੇਖਣ ਨੂੰ ਮਿਲਦੀ ਹੈ। ਲੇਖਕ ਨੇ ਭਾਵੇਂ ਪਾਣੀ, ਅੱਤਵਾਦ, ਰੁਜ਼ਗਾਰ, ਮਹਿੰਗਾਈ, ਫਿਰਕਾਪ੍ਰਸਤੀ, ਸਿੱਖਿਆ ਪ੍ਰਣਾਲੀ, ਪ੍ਰਦੂਸ਼ਣ, ਵਧ ਰਹੀ ਆਬਾਦੀ, ਜਲਵਾਯੂ ਸੰਕਟ, ਮਾਂ-ਬੋਲੀ, ਮਿਲਾਵਟ ਜਿਹੇ ਰਵਾਇਤੀ ਵਿਸ਼ੇ ਵੀ ਅੰਗੀਕਾਰ ਕੀਤੇ ਹਨ ਪਰ ਉਨ੍ਹਾਂ ਦੀ ਪ੍ਰਸਤੁਤੀ 'ਤੇ ਨਿਭਾਅ ਨਵੀਂ ਕਿਸਮ ਦਾ ਹੈ। ਲੇਖਕ ਦੀ ਕੋਸ਼ਿਸ਼ ਹੈ ਕਿ ਨਵੇਂ ਵਿਸ਼ੇ ਲਵੇ ਤਾਂ ਕਿ ਪਾਠਕਾਂ ਨੂੰ ਨਵੀਂ ਜਾਣਕਾਰੀ, ਗਿਆਨ ਅਤੇ ਸੂਚਨਾ ਮਿਲ ਸਕੇ। ਮੀਡੀਆ, ਖੁਸ਼ ਰਹਿਣ ਦੀ ਕਲਾ, ਮਨੁੱਖੀ ਅਧਿਕਾਰ ਦਿਵਸ, ਉੱਤਮ ਜੀਵਨ ਜਿਊਣ ਦੇ ਢੰਗ, ਸਹਿਜ ਤੇ ਸੁਖਦ ਮਾਹੌਲ, ਬੱਚਿਆਂ ਦੀਆਂ ਖਾਹਿਸ਼ਾਂ, ਯੋਗਾ, ਫਾਇਰ ਸੇਫਟੀ ਆਦਿ ਬਿਲਕੁਲ ਹੀ ਨਵੇਂ ਅਤੇ ਅਛੂਤੇ ਵਿਸ਼ੇ ਹਨ, ਜਿਨ੍ਹਾਂ ਤੇ ਲੇਖਕ ਨੇ ਕਲਮ ਚਲਾਈ ਹੈ।
ਲੇਖਕ ਆਪਣੇ ਹਰੇਕ ਲੇਖ ਨੂੰ ਇਕ ਖੋਜ-ਸੱਤਰ ਵਾਂਗ ਲਿਖਦਾ ਪ੍ਰਤੀਤ ਹੁੰਦਾ ਹੈ। ਚੂੰਕਿ ਹਰੇਕ ਲੇਖ ਵਿਚ ਉਸ ਨਾਲ ਜੁੜਦੇ ਅਤੇ ਲੋੜੀਂਦੇ ਅੰਕੜੇ ਦੇ ਕੇ ਉਹ ਲੇਖ ਨੂੰ ਸੰਤੁਲਿਤ ਅਤੇ ਤਰਕ ਦੇ ਨੇੜੇ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਨ੍ਹਾਂ ਲੇਖਾਂ ਦਾ ਇਕ ਹੋਰ ਮੀਰੀ ਗੁਣ ਇਹ ਹੈ ਕਿ ਇਹ ਪ੍ਰਵਚਨੀ ਮੁਦਰਾ ਵਿਚ ਰਚੇ ਪ੍ਰਤੀਤ ਹੁੰਦੇ ਹਨ। 'ਚਾਹੀਦਾ ਹੈ', 'ਕਰਨਾ ਚਾਹੀਦਾ ਹੈ', 'ਇਉਂ ਕਰਨ ਦਾ ਇਹ ਲਾਭ ਹੋਵੇਗਾ', 'ਇਹ ਨੁਕਸਾਨ ਹੋਵੇਗਾ', ਵਰਗੇ ਵਾਕ ਉਨ੍ਹਾਂ ਦੀ ਫਿਕਰਮੰਦੀ ਵੀ ਜਾਹਰ ਕਰਦੇ ਹਨ।
ਸਮਾਜ ਦੀਆਂ ਸਮੱਸਿਆਵਾਂ ਬਾਰੇ ਲੇਖਕ ਪੂਰੀ ਤਰ੍ਹਾਂ ਜਾਗਰੂਕ ਹੈ। ਉਹ ਸਮਾਜ 'ਚ ਪੈਦਾ ਹੋ ਰਹੀ ਅਲਾਮਤਾਂ ਪ੍ਰਤੀ ਗੰਭੀਰ ਤਾਂ ਹੈ ਹੀ, ਬਾਜ਼ ਅੱਖ ਵੀ ਰੱਖਦਾ ਹੈ। ਇਨ੍ਹਾਂ ਅਲਾਮਤਾਂ ਤੋਂ ਬਚਨ ਦੀ ਸਲਾਹ ਉਹ ਆਪਣੇ ਪਾਠਕਾਂ ਨੂੰ ਦਿੰਦਾ ਰਹਿੰਦਾ ਹੈ, ਦਿੰਦਾ ਹੀ ਨਹੀਂ ਰਹਿੰਦਾ, ਲਗਾਤਾਰ ਦਿੰਦਾ ਰਹਿੰਦਾ ਹੈ।
ਲੇਖਾਂ ਵਿਚ ਗੁਰਬਾਣੀ ਦੀ ਸੁਚੱਜੀ ਵਰਤੋਂ, ਢੁਕਵੀਆਂ ਰਹਾਵਤਾਂ ਤੇ ਕਾਵਿ-ਸਤਰਾਂ ਉਸ ਦੀ ਵਾਰਤਕ ਨੂੰ ਸਟੀਕ ਅਤੇ ਪੜ੍ਹਨਯੋਗ ਬਣਾਉਂਦੇ ਹਨ। ਲੇਖਕ ਦਾ ਮੰਤਵ ਆਪਣੇ ਇਨ੍ਹਾਂ ਲੇਖਾਂ ਰਾਹੀਂ ਸਮਾਜ ਨੂੰ ਸਾਫ-ਸੁਥਰੀ ਅਤੇ ਇਸ 'ਚ ਰਹਿਣ ਵਾਲੇ ਪ੍ਰਾਣੀ ਨੂੰ ਸੁੰਦਰ, ਸਿਹਤਮੰਦ ਅਤੇ ਅਕਲਵਾਨ ਬਣਾਉਣਾ ਹੈ। ਉਹ ਮਨੁੱਖ ਨੂੰ ਵਧੀਆ ਮਨੁੱਖ ਦੇਖਣ ਦਾ ਅਭਿਲਾਸ਼ੀ ਹੈ।
-ਕੇ.ਐਲ. ਗਰਗ
ਮੋਬਾਈਲ : 94635-37050
ਪਹੁ ਫੁਟਾਲਾ
ਲੇਖਕ : ਦਵਿੰਦਰ ਸਿੰਘ ਸੇਖਾ
ਪ੍ਰਕਾਸ਼ਕ : ਅਲਫਾਜ਼ ਪ੍ਰਕਾਸ਼ਨ (ਭਾਅ ਜੀ ਗੁਰਸ਼ਰਨ ਸਿੰਘ ਯਾਦਗਾਰੀ) ਜਨ ਸਾਹਿਤ ਲੜੀ
ਮੁੱਲ : 120 ਰੁਪਏ, ਸਫੇ : 121
ਸੰਪਰਕ : 98140-70581
ਲੇਖਕ ਦਵਿੰਦਰ ਸਿੰਘ ਸੇਖਾ ਦੇ ਜ਼ਿਕਰ ਅਧੀਨ ਨਾਵਲ 'ਪਹੁ ਫੁਟਾਲਾ' ਦੀ ਗੱਲ ਕਰਨ ਤੋਂ ਪਹਿਲਾਂ ਦੱਸਣਾ ਚਾਹੁੰਦੇ ਹਾਂ ਕਿ ਉਸ ਦੀਆਂ ਪਹਿਲਾਂ ਚਾਰ ਪੁਸਤਕਾਂ ਸਾਹਿਤ ਪ੍ਰੇਮੀਆਂ ਦੇ ਹੱਥੀਂ ਲੱਗੀਆਂ ਹਨ। ਜਿਨ੍ਹਾਂ 'ਚ ਵਧਾਈਆਂ (ਨਾਵਲ), ਤੀਜੀ ਅਲਵਿਦਾ (ਨਾਵਲ), ਸਤਲੁਜ ਤੋਂ ਨਿਆਗਰਾ ਤੱਕ (ਸਫ਼ਰਨਾਮਾ) ਅਤੇ ਅਭਿਨੰਦਨ ਗ੍ਰੰਥ, ਹਰਬੀਰ ਸਿੰਘ ਭੰਵਰਾ। ਇਹ ਉਸ ਦੀ ਪੰਜਵਾਂ ਪੁਸਤਕ ਹੈ, ਜੋ ਨਾਵਲ ਦੇ ਰੂਪ 'ਚ ਪਾਠਕਾਂ ਦੀ ਕਚਹਿਰੀ 'ਚ ਹਾਜ਼ਰ ਹੋਈ ਹੈ। ਪਹੁ-ਫੁਟਾਲਾ ਦੀ ਮੁੱਖ ਪਾਤਰ ਚੰਨੀ ਸਾਂਵਲੇ ਰੰਗ ਦੀ ਬਹੁਤ ਸੁੰਦਰ ਦਿੱਖ ਵਾਲੀ ਮੁਟਿਆਰ ਹੈ। ਉਸ ਦਾ ਬਾਪ ਚਾਰੂ ਸਰਪੰਚ ਤੇ ਜਗੀਰਦਾਰ ਜਸਵੰਤ ਸਿੰਘ ਦਾ ਸੀਰੀ ਹੈ। ਚਾਰੂ ਦਾ ਵਿਆਹ ਥੋੜ੍ਹਾ ਪੱਛੜ ਕੇ ਹੋਇਆ ਸੀ, ਉਸ ਦੇ ਦੋ ਬੱਚੇ ਲੜਕੀ ਚੰਨੀ ਤੇ ਲੜਕਾ ਰੁਲਦੂ ਹੋਏ ਸਨ। ਭੈਣ ਭਰਾ ਦਾ ਅੰਤਾਂ ਦਾ ਪਿਆਰ ਦਿਖਾਇਆ ਹੈ। ਕਰਮੀ ਇਨ੍ਹਾਂ ਦੀ ਮਾਂ ਕਰਮੀ ਤੋਂ ਬਾਅਦ ਇਨ੍ਹਾਂ ਦਾ ਪਾਲਣ-ਪੋਸਣ ਚਾਰੂ ਨੇ ਹੀ ਕੀਤਾ। ਮਜ਼੍ਹਬੀ ਸਮਾਜ ਨਾਲ ਸੰਬੰਧਿਤ ਚਾਰੂ ਅੱਤ ਦੀ ਗ਼ਰੀਬੀ ਹੰਢਾਉਂਦਾ ਹੈ। ਆਪਣੀ ਪਤਨੀ ਨਾਲ ਕੀਤੇ ਵਾਅਦੇ ਅਨੁਸਾਰ ਉਹ ਰੁਲਦੂ ਨੂੰ ਪੜ੍ਹਾਉਂਦਾ ਹੈ। ਇਥੋਂ ਤੱਕ ਕਿ ਉਹ ਰੁਲਦੂ ਦੇ ਦਸਵੀਂ ਦੇ ਚਾਲੀ ਰੁਪਏ ਦਾਖਲੇ ਦੀ ਖਾਤਰ ਆਪਣਾ ਖੂਨ ਤੱਕ ਵੇਚਦਾ ਹੈ, ਨਾਵਲ ਦੀ ਇਹ ਘਟਨਾ ਦਿਲ ਨੂੰ ਹਿਲਾ ਦੇਣ ਵਾਲੀ ਦਾਸਤਾਂ ਲੱਗੀ। ਉਧਰ ਜਗੀਰਦਾਰ ਦਾ ਇਕਲੌਤਾ ਵਿਗੜਿਆ ਪੁੱਤਰ ਪੜ੍ਹਾਈ 'ਚੋਂ ਵੀ ਨਾਲਾਇਕ ਹੈ। ਪਰ ਰੁਲਦੂ ਬਹੁਤ ਹੁਸ਼ਿਆਰ ਤੇ ਦਸਵੀਂ 'ਚੋਂ ਜ਼੍ਹਿੇ 'ਚੋਂ ਫਸਟ ਆਉਂਦਾ ਹੈ। ਹਰਦੇਵ ਫ੍ਹੇ ਹੋਣ ਕਰਕੇ ਰੁਦੂ ਨਾਲ ਖਾਰ ਖਾਣ ਲੱਗ ਜਾਂਦਾ ਹੈ ਤੇ ਉਸ ਨੂੰ ਆਪਣੇ ਦੋਸਤ ਦੀ ਮਦਦ ਨਾਲ ਰੁਲਦੂ ਦਾ ਕਤ ਕਰ ਦਿੰਦਾ ਹੈ। ਇਸ ਤੋਂ ਬਾਅਦ ਜਗੀਰਦਾਰ ਤੇ ਉਸ ਦਾ ਇਹ ਵਿਗੜਿਆ ਮੁੰਡਾ ਹਰਦੇਵ ਚੰਨੀ ਦਾ ਜਿਣਸੀ ਸ਼ੋਸ਼ਣ ਕਰਦੇ ਹਨ। ਚੰਨੀ ਦੀ ਸਹੇਲੀ ਪ੍ਰੀਤ ਦਾ ਭਰਾ ਖਾੜਕੂ ਲਹਿਰ ਨਾਲ ਸੰਬੰਧਿਤ ਹੈ। ਉਹ ਤੇ ਉਸ ਦੀ ਭਣ ਇਕ ਰਾਤ ਪੁਲਿਸ ਕੋਲੋਂ ਬਚਦਿਆਂ ਚੰਨੀ ਕੋਲ ਰਾਤ ਰਹਿੰਦੇ ਹਨ, ਉਸ ਨੂੰ ਪਤਾ ਲੱਗ ਗਿਆ ਕਿ ਚੰਨੀ ਬਹੁਤ ਦੁਖੀ ਹੈ। ਪ੍ਰੀਤ ਦਾ ਭਰਾ ਚੰਨੀ ਨੂੰਸਾਰੀ ਗੁਰੂਆਂ ਦੀਆਂ ਕੁਰਬਾਨੀਆਂ ਦੀਆਂ ਸਾਖੀਆਂ ਸੁਣਾ-ਸੁਣਾ ਉਸ ਵਿਚ ਅਜਿਹਾ ਜੋਸ਼ ਭਰ ਦਿੰਦਾਹੈ, ਉਸ ਨੇ ਜੁਲਮ ਦੇ ਖਿਲਾਫ਼ ਤਲਵਾਰ ਉਠਾ ਲਈ, ਉਹ ਲਲਕਾਰਦੀ ਹੋਈ ਜਗੀਰਦਾਰ ਦੇ ਘਰ ਗਈ, ਜਗੀਰਦਾਰ ਉਸ ਦਾ ਇਹ ਰੂਪ ਦੇਖ ਕੇ ਡਰ ਕੇ ਹੇਠਾਂ ਡਿੱਗ ਪਿਆ ਤੇ ਉਸ ਦੀ ਮੌਤ ਹੋ ਗਈ। ਨਾਵਲ ਸ਼ੁਰੂ ਤੋਂ ਅੰਤ ਤੱਕ ਪੂਰੀ ਤਰ੍ਹਾਂ ਦਿਲਚਸਪ ਹੈ ਤੇ ਪਾਠਕ ਨੂੰ ਆਪਣੇ ਨਾਲ ਜੋੜੀ ਰੱਖਦਾ ਹੈ। ਪਰ ਪੰਨਾ 83 ਤੇ ਹੇਠਾਂ ਤੋਂ ਉੱਪਰ ਨੂੰ ਚਾਰ ਲਾਇਨਾ ਨਾਵਲ ਦੇ ਮਿਆਰ ਨੂੰ ਸ਼ੋਭਦੀਆਂ ਨਹੀਂ। ਅਜਿਹੀਆਂ ਗੱਲਾਂ ਤੋਂ ਗੁਰੇਜ਼ ਕਰਨ ਦੀ ਲੋੜ ਹੈ। ਲੇਖਕ ਤੋਂ ਅੱਗੇ ਤੋਂ ਵੀ ਅਜਿਹੇ ਮਨੋਰੰਜਨ ਭਰਪੂਰ ਨਾਵਲਾਂ ਦੀ ਉਮੀਦ ਕੀਤੀ ਜਾ ਸਕਦੀ ਹੈ।
-ਡੀ.ਆਰ. ਬੰਦਨਾ
ਮੋਬਾਈਲ : 94173-89003
ਚੁੱਪ ਸ਼ਬਦਾਂ ਦੀ ਗੂੰਜ
ਸੰਪਾਦਕੀ ਟੀਮ : ਇਕਬਾਲ ਸਿੰਘ ਸਹੋਤਾ, ਰਿਦਮਜੀਤ, ਚਮਕੌਰ ਸਿੰਘ ਥਾਂਦੇਵਾਲਾ
ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨਜ਼ ਬਠਿੰਡਾ
ਮੁੱਲ : 200 ਰੁਪਏ, ਸਫ਼ੇ : 100
ਸੰਪਰਕ : 99151-41606
'ਚੁੱਪ ਸ਼ਬਦਾਂ ਦੀ ਗੂੰਜ' ਅਠਾਈ ਕਵੀਆਂ ਦਾ ਸਾਂਝਾ ਕਾਵਿ-ਸੰਗ੍ਰਹਿ ਹੈ, ਜਿਸ ਨੂੰ ਇਕਬਾਲ ਸਿੰਘ ਸਹੋਤਾ, ਰਿਦਮਜੀਤ, ਚਮਕੌਰ ਸਿੰਘ ਥਾਂਦੇਵਾਲਾ ਵਲੋਂ ਸਾਂਝੇ ਤੌਰ 'ਤੇ ਸੰਪਾਦਿਤ ਕੀਤਾ ਗਿਆ ਹੈ। ਵੱਖ-ਵੱਖ ਕਵੀਆਂ ਨੇ ਸਮਾਜਿਕ, ਆਰਥਿਕ, ਰਾਜਨੀਤਕ, ਧਾਰਮਿਕ ਅਤੇ ਸੱਭਿਆਚਾਰਕ ਤੌਰ 'ਤੇ ਆ ਰਹੀਆਂ ਤਬਦੀਲੀਆਂ, ਸਮੱਸਿਆਵਾਂ ਅਤੇ ਅੰਤਰਵਿਰੋਧਾਂ ਨੂੰ ਬੜੇ ਸਿੱਧੇ ਸਾਦੇ ਅਤੇ ਸਰਲ ਸ਼ਬਦਾਂ ਵਿਚ ਪੇਸ਼ ਕੀਤਾ ਹੈ। ਆਮ ਤੌਰ 'ਤੇ ਇਹ ਦੇਖਣ ਵਿਚ ਆਉਂਦਾ ਹੈ ਕਿ ਹੁਣ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿਚ ਦੁਧਾਰੂ ਪਸ਼ੂਆਂ ਨੂੰ ਪਾਲਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਦਾ ਰੁਝਾਨ ਬਹੁਤ ਜ਼ਿਆਦਾ ਘਟ ਗਿਆ ਹੈ। ਪਰੰਤੂ ਦੁੱਧ ਦੀ ਮੰਗ ਅਤੇ ਖ਼ਪਤ ਪਹਿਲਾਂ ਨਾਲੋਂ ਵੀ ਵਧ ਗਈ ਹੈ। ਕਵਿੱਤਰੀ ਮਨਜੀਤ ਕੌਰ ਸੰਧੂ ਨੇ ਆਪਣੀ ਰਚੀ ਕਵਿਤਾ 'ਮੱਝੀਆਂ ਗਾਵਾਂ' ਵਿਚ ਇਸੇ ਸਮੱਸਿਆ ਨੂੰ ਬੜੇ ਯਥਾਰਥਕ ਢੰਗ ਨਾਲ ਚਿੱਤਰਿਆ ਹੈ ਕਿ ਜਦੋਂ ਪੰਜਾਬ ਵਿਚ ਦੁਧਾਰੂ ਪਸ਼ੂਆਂ ਦੀ ਗਿਣਤੀ ਖ਼ਤਰਨਾਕ ਰੁਝਾਨ ਤੱਕ ਘਟ ਰਹੀ ਹੈ ਤਾਂ ਏਨੀ ਵੱਡੀ ਮਿਕਦਾਰ ਵਿਚ ਦੁੱਧ ਕਿਵੇਂ ਤਿਆਰ ਹੁੰਦਾ ਹੈ-
'ਨਾ ਘਰਾਂ ਵਿਚ ਮੱਝੀਆਂ ਗਾਵਾਂ, ਨਾ ਕੋਈ ਪਸ਼ੂ ਲਵੇਰੇ।
ਸੋਚਣ ਲਈ ਮਜਬੂਰ ਹਾਂ ਇਹ ਗੱਲ, ਸਮਝ ਨਾ ਆਵੇ ਮੇਰੇ।
ਮਣਾਂ ਮੂੰਹੀਂ ਹੈ ਦੁੱਧ ਪਿਆ ਵਿਕਦਾ,
ਨਾ ਮਹੀਆਂ ਨਾ ਕੱਟੀਆਂ।
ਘੋਲ਼ ਘੋਲ਼ ਕੇ ਸ਼ੈਂਪੂ ਵਾਲ਼ਾ,
ਮਿਲਾਵਟਖੋਰਾਂ ਮੱਲੀਆਂ ਹੱਟੀਆਂ।'
ਮੌਜੂਦਾ ਸਮੇਂ ਵਿਚ ਪੰਜਾਬ ਦੀ ਇੱਕ ਹੋਰ ਗੰਭੀਰ ਸਮੱਸਿਆ ਡੇਰਾਵਾਦ ਦੇ ਬਾਬਿਆਂ ਦੀ ਹੈ। ਇਨ੍ਹਾਂ ਡੇਰਿਆਂ ਵਿਚ ਵਹਿਮਾਂ ਭਰਮਾਂ ਤੋਂ ਇਲਾਵਾ ਨਸ਼ੇ, ਅਨੈਤਿਕਤਾ, ਝੂਠ, ਪਖੰਡਵਾਦ ਅਤੇ ਵਿਭਚਾਰ ਦਾ ਬੋਲਬਾਲਾ ਹੈ। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਅਨਪੜ੍ਹ ਅਤੇ ਪੜ੍ਹੇ ਲਿਖੇ ਲੋਕ ਇਨ੍ਹਾਂ ਡੇਰਿਆਂ ਵਿਚ ਬਾਬਿਆਂ ਤੋਂ ਅਸ਼ੀਰਵਾਦ ਦਿਵਾਉਣ ਲਈ ਆਪਣੀਆਂ ਕੁਆਰੀਆਂ ਭਰ ਜੁਆਨ ਧੀਆਂ ਨੂੰ ਖ਼ੁਦ ਲੈ ਕੇ ਜਾਂਦੇ ਹਨ। ਚਾਹਤਪ੍ਰੀਤ ਕੌਰ ਨੇ ਆਪਣੀ ਕਵਿਤਾ 'ਕੌੜਾ ਸੱਚ' ਵਿਚ ਜਨ-ਸਧਾਰਨ ਨੂੰ ਇਨ੍ਹਾਂ ਅਖੌਤੀ ਬਾਬਿਆਂ ਦੇ ਡੇਰਿਆਂ ਤੋਂ ਦੂਰ ਰਹਿਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ 'ਤੇ ਪਹਿਰਾ ਦੇਣ ਦੀ ਗੱਲ ਕੀਤੀ ਹੈ-
'ਭੁੱਲ ਕੇ ਗੁਰੂਆਂ ਨੂੰ ਨਾ, ਬਾਬਿਆਂ ਦੇ ਜਾਈਏ।
ਐਵੇਂ ਥਾਂ ਥਾਂ ਜਾ ਕੇ, ਕਦੇ ਨਾ ਸੀਸ ਝੁਕਾਈਏ।
ਅਕਾਲ ਪੁਰਖੁ ਇਕ ਹੈ, ਸਭਨਾਂ ਨੂੰ ਸਮਝਾਈਏ।'
ਇਸ ਪ੍ਰਕਾਰ ਅਸੀਂ 'ਚੁੱਪ ਸ਼ਬਦਾਂ ਦੀ ਗੂੰਜ' ਕਾਵਿ-ਸੰਗ੍ਰਹਿ ਦਾ ਪੰਜਾਬੀ ਸਾਹਿਤ ਵਿਚ ਭਰਪੂਰ ਸੁਆਗਤ ਕਰਦੇ ਹਾਂ।
-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 84276-85020
ਥਿੜਕੇ ਪੈਰਾਂ ਦੀ ਚੀਸ
ਲੇਖਕ : ਗੁਰਮਲਕੀਅਤ ਸਿੰਘ ਕਾਹਲੋਂ
ਪ੍ਰਕਾਸ਼ਕ : ਸਪਰੈਡ ਪਬਲੀਕੇਸ਼ਨ, ਲੁਧਿਆਣਾ
ਮੁੱਲ 250 ਰੁਪਏ, ਸਫ਼ੇ : 136
ਸੰਪਰਕ : 98141-70676
ਥਿੜਕੇ ਪੈਰਾਂ ਦੀ ਚੀਸ ਕਹਾਣੀ-ਸੰਗ੍ਰਹਿ ਗੁਰ ਮਲਕੀਅਤ ਸਿੰਘ ਕਾਹਲੋਂ ਦਾ ਲਿਖਿਆ ਹੋਇਆ ਹੈ। ਪੁਸਤਕ ਵਿਚਲੀਆਂ ਕਹਾਣੀਆਂ ਦੇ ਵਿਸ਼ੇ ਆਪਸੀ ਰਿਸ਼ਤੇ ਨਾਤੇ, ਪਰਿਵਾਰਕ ਸੰਬੰਧਾਂ, ਪਿਆਰ, ਆਪਣੱਤ ਆਦਿ ਨਾਲ ਜੁੜੇ ਹੋਏ ਹਨ। ਪੁਸਤਕ ਵਿਚਲੀਆਂ ਸਾਰੀਆਂ ਕਹਾਣੀਆਂ ਰਿਸ਼ਤਿਆਂ ਦੇ ਨਿੱਘ ਨੂੰ ਉਭਾਰਦੀਆਂ ਹੋਈਆਂ ਨਜ਼ਰ ਆਉਂਦੀਆਂ ਹਨ। ਸਾਰੀਆਂ ਕਹਾਣੀਆਂ ਪੜ੍ਹ ਕੇ ਆਪਸੀ ਰਿਸ਼ਤੇ, ਪਰਿਵਾਰਕ ਨਿੱਘ ਦੇ ਅਹਿਸਾਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਜਿਵੇਂ ਕਿ 'ਹਾਣੀ ਦੀ ਭਾਲ' ਕਹਾਣੀ ਵਿਚ ਅਸੀਂ ਦੇਖਦੇ ਹਾਂ ਕਿ ਮੁੱਖ ਪਾਤਰ ਅਨੀਤਾ ਦਾ ਆਪਣੀ ਮਤਰੇਈ ਮਾਂ ਨਾਲ ਅਪਣੱਤ ਵਾਲਾ ਰਿਸ਼ਤਾ ਹੋਣਾ, ਜੋ ਕਿ ਅੱਜ ਦੇ ਸਮੇਂ ਚ ਬਹੁਤ ਵੱਡੀ ਗੱਲ ਹੈ ਆਪਸੀ ਪਿਆਰ ਨੂੰ ਪੇਸ਼ ਕਰਦਾ ਹੈ। 'ਰੱਬ ਤੋਂ ਸੱਚੇ' ਕਹਾਣੀ ਵਿਚ ਦੋ ਪਾਤਰਾਂ ਦੇ ਆਪਸੀ ਪ੍ਰੇਮ ਦੀ ਕਹਾਣੀ ਹੈ, ਪਰ ਇਸ ਵਿਚ ਇੱਕ ਦੇ ਬੇਵਫ਼ਾ ਹੋਣ ਨਾਲ ਦੂਜੇ ਦੇ ਮਨ ਦੀ ਹਾਲਤ ਨੂੰ ਦਰਸਾਇਆ ਗਿਆ ਹੈ। ਪੁਸਤਕ ਵਿਚਲੇ ਸਿਰਲੇਖ ਦੀ ਕਹਾਣੀ 'ਥਿੜਕੇ ਪੈਰਾਂ ਦੀ ਚੀਸ' ਜੋ ਕਿ ਬਹੁਤ ਹੀ ਭਾਵੁਕ ਕਰਨ ਵਾਲੀ ਕਹਾਣੀ ਹੈ, ਇਸ ਵਿਚ ਮੁੱਖ ਪਾਤਰ ਸੁਮਿਤਰਾ ਤੇ ਰੁਸਤਮ ਹਨ, ਜੋ ਕਿ ਵਿਆਹ ਤੋਂ ਥੋੜ੍ਹੀ ਦੇਰ ਮਗਰੋਂ ਹੀ ਅਲੱਗ ਹੋ ਜਾਂਦੇ ਹਨ। ਰੁਸਤਮ ਦਾ ਰੁਕਮਣੀ ਨੂੰ ਪਸੰਦ ਕਰਨਾ ਤੇ ਉਸ ਨਾਲ ਵਿਆਹ ਕਰਕੇ ਰੁਕਮਣੀ ਦੀ ਮੌਤ ਹੋ ਜਾਣ 'ਤੇ ਰੁਸਤਮ ਦਾ ਪਛਤਾਵਾ ਕਰਕੇ, ਸੁਮਿਤਰਾ ਤੋਂ ਮਾਫੀ ਮੰਗਣੀ, ਦੋਵਾਂ ਦਾ ਫਿਰ ਤੋਂ ਇਕੱਠੇ ਹੋ ਜਾਣਾ ਆਦਿ ਘਟਨਾਵਾਂ ਤੋਂ ਪਤਾ ਚੱਲਦਾ ਹੈ ਕਿ ਇਨਸਾਨ ਦੇ ਪੈਰ ਥਿੜਕ ਜਾਣ 'ਤੇ ਮੁੜ ਗ਼ਲਤੀ ਤੇ ਪਛਤਾਵਾ ਕਰਨ ਨਾਲ ਅਸੀਂ ਆਪਸੀ ਰਿਸ਼ਤੇ ਸੁਧਾਰ ਸਕਦੇ ਹਾਂ। ਇਸ ਤੋਂ ਇਲਾਵਾ ਪੁਸਤਕ ਵਿਚ 'ਯਾਰਾਨੇ' ਕਹਾਣੀ ਵਿਚ ਦੋ ਦੋਸਤਾਂ ਦੀ ਬਿਨਾਂ ਸਵਾਰਥ ਤੋਂ ਪੱਕੀ ਮਿੱਤਰਤਾ ਨੂੰ ਉਜਾਗਰ ਕੀਤਾ ਗਿਆ ਹੈ। ਜੋ ਕਿ ਵਰਤਮਾਨ ਸਮੇਂ ਵਿਚ ਘੱਟ ਦੇਖਣ ਨੂੰ ਮਿਲਦੀ ਹੈ। 'ਮੋਹ ਦੀਆਂ ਤੰਦਾਂ' ਕਹਾਣੀ ਅੱਜ ਦੇ ਸਮੇਂ ਗਵਾਚ ਗਏ ਰਿਸ਼ਤਿਆਂ ਦੀਆਂ ਤੰਦਾਂ ਨੂੰ ਮਜ਼ਬੂਤ ਕਰਦੀ ਨਜ਼ਰ ਆਉਂਦੀ ਹੈ। ਪੋਤੇ ਵੱਲੋਂ ਦਾਦੀ ਨੂੰ ਅਪਣੱਤ ਭਰਿਆ ਪਿਆਰ ਮਿਲਣਾ ਤੇ ਬਾਕੀ ਸਾਰੇ ਘਰ ਦੇ ਮੈਂਬਰਾਂ ਨਾਲ ਇਕੱਠੇ ਮਿਲ ਕੇ ਰਹਿਣਾ, ਇਸ ਕਹਾਣੀ ਦੀਆਂ ਮੁੱਖ ਪਰਤਾਂ ਹਨ। 'ਜੈ ਕੌਰ' ਕਹਾਣੀ ਦੋ ਸਹੇਲੀਆਂ ਦੇ ਪਿਆਰ ਨੂੰ ਰਿਸ਼ਤੇਦਾਰੀ ਵਿਚ ਬਦਲਣ ਦੀ ਭਾਵਨਾ ਨੂੰ ਉਭਾਰਦੀ ਹੈ। ਇਸ ਤੋਂ ਇਲਾਵਾ ਪੁਸਤਕ ਵਿਚਲੀਆਂ ਹੋਰ ਵੀ ਕਹਾਣੀਆਂ ਸਾਡੇ ਰਿਸ਼ਤਿਆਂ ਤੇ ਪਰਿਵਾਰਕ ਸੰਬੰਧਾਂ ਨੂੰ ਸਾਡੇ ਸਾਹਮਣੇ ਪੇਸ਼ ਕਰਦੀਆਂ ਹਨ। ਯਾਦਾਂ ਦੀਆਂ ਪਰਤਾਂ, ਲੋਰੀਆਂ, ਆਪਣਿਆਂ ਦੇ ਮੋਢੇ, ਅੱਗ 'ਚ ਸਿਮਦਾ ਪਾਣੀ, ਠਰੇ ਹੱਥਾਂ ਦਾ ਨਿੱਘ ਆਦਿ ਕਹਾਣੀਆਂ ਵਿਚ ਵੀ ਦੋਸਤੀ, ਰਿਸ਼ਤਿਆਂ, ਪਰਿਵਾਰ ਦੇ ਮੈਂਬਰਾਂ ਦਾ ਅਪਣੱਤ ਭਰਿਆ ਵਿਵਹਾਰ ਦੇਖਣ ਨੂੰ ਮਿਲਦਾ ਹੈ। ਲੇਖਕ ਦੀਆਂ ਕਹਾਣੀਆਂ ਵਿਚ ਸਹਿਜਤਾ ਦੀ ਝਲਕ ਦੇਖਣ ਨੂੰ ਮਿਲਦੀ ਹੈ। ਕਹਾਣੀਆਂ ਬਹੁਤ ਹੀ ਸਰਲ ਢੰਗ ਨਾਲ ਅੱਗੇ ਵਧਦੀਆਂ ਹਨ। ਕਿਸੇ ਵੀ ਕਹਾਣੀ ਵਿਚ ਕੋਈ ਗੁੰਝਲਦਾਰ ਪਰਤ ਦਿਖਾਈ ਨਹੀਂ ਦਿੰਦੀ। ਸਾਰੀਆਂ ਕਹਾਣੀਆਂ ਸਰਲਤਾ, ਸਹਿਜਤਾ, ਕੋਮਲਤਾ ਦੇ ਅਹਿਸਾਸ ਨੂੰ ਉਭਾਰਦੀਆਂ ਹਨ। ਕਹਾਣੀਆਂ ਵਿਚਲੀ ਭਾਸ਼ਾ ਵੀ ਸਰਲ ਹੈ, ਜਿਵੇਂ ਅਸੀਂ ਆਮ ਗੱਲਬਾਤ ਕਰਦੇ ਹੋਈਏ। ਪੁਸਤਕ ਦੇ ਆਉਣ 'ਤੇ ਲੇਖਕ ਨੂੰ ਬਹੁਤ-ਬਹੁਤ ਮੁਬਾਰਕਾਂ
-ਇੰਦਰਪ੍ਰੀਤ ਕੌਰ ਲੁਧਿਆਣਾ
ਮੋਬਾਈਲ : 98886-90280
ਚੁਲਬੁਲ ਨੂੰ ਸਬਕ
ਲੇਖਕ : ਮਾਸਟਰ ਬੂਟਾ ਰਾਮ
ਪ੍ਰਕਾਸ਼ਕ : ਗੋਸਲ ਪ੍ਰਕਾਸ਼ਨ, ਲੁਧਿਆਣਾ
ਮੁੱਲ : 100 ਰੁਪਏ, ਸਫ਼ੇ : 16
ਸੰਪਰਕ : 98762-46924
ਬਾਲ ਪਾਠਕ ਵਰਗ ਨੂੰ ਕੇਂਦਰ ਵਿਚ ਰੱਖ ਕੇ ਰੰਗਦਾਰ ਅਤੇ ਸਚਿੱਤਰਤ ਸਮੱਗਰੀ ਪ੍ਰਕਾਸ਼ਨ-ਖਿੱਤੇ ਨੂੰ ਸਾਰਥਿਕਤਾ ਪ੍ਰਦਾਨ ਕਰ ਰਹੀ ਹੈ। ਇਸ ਰੁਝਾਨ ਨਾਲ ਪੰਜਾਬੀ ਬਾਲ-ਸਾਹਿਤ ਦਾ ਵਿਕਾਸ ਗਤੀਸ਼ੀਲ ਹੋਇਆ ਹੈ। ਆਰਟ ਪੇਪਰ 'ਤੇ ਵੱਡੇ ਆਕਾਰ ਦੀਆਂ ਅਜਿਹੀਆਂ ਨਵੀਆਂ ਛਪੀਆਂ ਪੁਸਤਕਾਂ ਵਿਚੋਂ ਮਾਸਟਰ ਬੂਟਾ ਰਾਮ (ਸਟੇਟ ਐਵਾਰਡੀ) ਰਚਿਤ ਬਾਲ ਨਾਵਲ 'ਚੁਲਬੁਲ ਨੂੰ ਸਬਕ' ਇਕ ਹੈ ਜਿਸ ਵਿਚ ਜੀਵ-ਜੰਤੂ ਸੰਸਾਰ ਦੇ ਮਾਧਿਅਮ ਦੁਆਰਾ ਮਨੁੱਖੀ ਜੀਵਨ-ਮੁੱਲਾਂ ਦੀ ਸਥਾਪਤੀ ਉੱਪਰ ਬਲ ਦਿਤਾ ਗਿਆ ਹੈ। ਇਸ ਸੰਖਿਪਤ ਬਾਲ ਨਾਵਲ ਦਾ ਨਾਇਕ ਚੁਲਬੁਲ ਚੂਚਾ ਹੈ। ਆਪਣੇ ਸ਼ਰਾਰਤੀ, ਅਮੋੜ ਅਤੇ ਜ਼ਿੱਦੀ ਵਿਵਹਾਰ ਵਾਲਾ ਚੁਲਬੁਲ ਚੂਚਾ ਉਦੋਂ ਸੰਕਟਕਾਲੀਨ ਪ੍ਰਸਥਿਤੀਆਂ ਵਿਚ ਘਿਰ ਜਾਂਦਾ ਹੈ ਜਦੋਂ ਉਹ ਆਪਣੇ ਮਾਤਾ-ਪਿਤਾ ਦੀਆਂ ਸਿੱਖਿਆਵਾਂ ਦੇ ਪਾਲਣ ਨਾ ਕਰਦਾ ਹੋਇਆ ਇਹ ਸੋਚ ਕੇ ਘਰੋਂ ਬਾਹਰ ਨਿਕਲ ਜਾਂਦਾ ਹੈ ਕਿ ਪਿਤਾ ਜੀ ਤਾਂ ਰੋਜ਼ ਕਹਿੰਦੇ ਰਹਿੰਦੇ ਹਨ ਕਿ ਬਾਹਰ ਨਹੀਂ ਜਾਣਾ, ਪਰ ਉਹ ਬਾਹਰ ਜਾ ਕੇ ਦੇਖਦਾ ਹੈ ਕਿ ਕੋਈ ਖ਼ਤਰਾ ਹੈ ਵੀ ਜਾਂ ਪਿਤਾ ਜੀ ਐਵੇਂ ਡਰਾਉਂਦੇ ਰਹਿੰਦੇ ਹਨ। ਰਾਹ ਵਿਚ ਉਸ ਨੂੰ ਭੋਲੀ ਚਿੜੀ ਵੀ ਵਾਪਸ ਮੁੜ ਜਾਣ ਲਈ ਸਮਝਾਉਂਦੀ ਹੈ ਪਰੰਤੂ ਚਿੜੀ ਦੀ ਗੱਲ ਨੂੰ ਅਣਗੌਲਿਆਂ ਕਰਕੇ ਜਦੋਂ ਉਹ ਅੱਗੇ ਜਾਂਦਾ ਹੈ ਤਾਂ ਕੁੱਤਿਆਂ ਦਾ ਝੁੰਡ ਉਸ ਪਿੱਛੇ ਪੈ ਜਾਂਦਾ ਹੈ ਅਤੇ ਲੁਕਦਾ ਛੁਪਦਾ ਮੁੜ ਮਾਤਾ-ਪਿਤਾ ਨੂੰ ਮਿਲ ਕੇ ਸੁਖ ਦਾ ਸਾਹ ਲੈਂਦਾ ਹੈ ਅਤੇ ਪ੍ਰਣ ਕਰਦਾ ਹੈ ਕਿ ਆਪਣੇ ਮਾਤਾ-ਪਿਤਾ ਦਾ ਕਹਿਣਾ ਨਾ ਮੰਨਣ ਵਾਲੀ ਸੰਤਾਨ ਹਮੇਸ਼ਾ ਖ਼ਤਾ ਦਾ ਸ਼ਿਕਾਰ ਹੁੰਦੀ ਹੈ। ਇਹ ਕਹਾਣੀ ਬੱਚਿਆਂ ਵਿਚ ਸਿੱਖਿਆ ਹਾਸਿਲ ਕਰਨ ਦੀ ਭਾਵਨਾ ਪੈਦਾ ਕਰਦੀ ਹੈ। ਪੁਸਤਕ ਦਾ ਆਸ਼ਾ ਇਹ ਸੁਨੇਹਾ ਵੀ ਸੰਚਾਰਿਤ ਕਰਦਾ ਹੈ ਕਿ ਵੱਡਿਆਂ ਦੇ ਕਹਿਣੇ ਤੋਂ ਬਾਹਰ ਹੋ ਕੇ ਸੰਤਾਨ ਆਪਣੇ ਮਾਤਾ ਪਿਤਾ ਲਈ ਚਿੰਤਾਜਨਕ ਸਥਿਤੀ ਪੈਦਾ ਕਰ ਦਿੰਦੀ ਹੈ, ਜਿਸ ਕਾਰਨ ਕਈ ਵਾਰੀ ਉਨ੍ਹਾਂ ਨੂੰ ਅਣਹੋਣੀਆਂ ਦੇ ਆਲਮ ਵਿਚੋਂ ਵੀ ਗੁਜ਼ਰਨਾ ਪੈਂਦਾ ਹੈ। ਇਸ ਨਾਵਲ ਦੇ ਪਾਤਰ ਯਥਾਯੋਗ ਢੁਕਵੀਆਂ ਭੂਮਿਕਾ ਨਿਭਾਉਂਦੇ ਹਨ। ਕੇਵਲ 16 ਪੰਨਿਆਂ ਦੀ ਪੁਸਤਕ ਦੀ ਕੀਮਤ 100 ਰੁਪਏ ਹੋਣਾ ਬਾਲ ਪਾਠਕਾਂ ਦੀ ਪਹੁੰਚ ਤੋਂ ਬਾਹਰ ਵਾਲੀ ਗੱਲ ਹੈ। ਅਜਿਹੀਆਂ ਪੁਸਤਕਾਂ ਸਸਤੀ ਦਰ 'ਤੇ ਛਾਪੀਆਂ ਜਾਣੀਆਂ ਚਾਹੀਦੀਆਂ ਹਨ।
-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703