ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

12-07-26

Ad Position 21
No active advertisement
ਅਜੀਤ ਡੈਸਕ 12-07-2026

 ਅਨੰਦੁ ਸਾਹਿਬ ਤੇ ਹੋਰ ਬਾਣੀਆਂ
ਲੇਖਕ : ਸੁਖਦੇਵ ਸਿੰਘ ਸ਼ਾਂਤ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 295 ਰੁਪਏ, ਸਫ਼ੇ : 167
ਸੰਪਰਕ : 98149-01254

ਹਥਲੀ ਪੁਸਤਕ ਦਾ ਲੇਖਕ ਬਹੁਵਿਧਾਈ ਲੇਖਕ ਵਜੋਂ ਪਛਾਣ ਬਣਾ ਚੁੱਕਾ ਹੈ। ਇਸ ਤੋਂ ਪਹਿਲਾਂ ਉਹ ਦੋ-ਦਰਜਨ ਪੁਸਤਕਾਂ ਪਾਠਕਾਂ ਤੱਕ ਪਹੁੰਚਾ ਚੁੱਕਾ ਹੈ। ਲੇਖਕ ਨੇ ਇਸ ਪੁਸਤਕ ਵਿਚ ਸ਼ਾਮਿਲ ਪਾਵਨ ਬਾਣੀਆਂ ਸੰਬੰਧੀ ਵਿਚਾਰਾਂ ਦੀ ਲੜੀ ਨੂੰ ਆਰੰਭ ਕਰਨ ਤੋਂ ਪਹਿਲਾਂ ਉਸ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪਾਵਨ ਗੁਰਬਾਣੀ ਦਾ ਉਪਦੇਸ਼ ਜਿਥੇ ਸਮੁੱਚੀ ਮਨੁੱਖਤਾ ਦੀ ਅਗਵਾਈ ਕਰਦਾ ਹੈ, ਇਸ ਨਾਲ ਇਹ ਉਪੇਦਸ਼ ਸਰਬ-ਸਾਂਝਾ ਤੇ ਸਰਬ-ਕਾਲੀ ਵੀ ਹੈ। ਇਸ ਧਰਤ-ਸੁਹਾਵੀ ਤੇ ਵਸਣ ਵਾਲਾ ਹਰ ਮਨੁੱਖ ਜੇ ਪਾਵਨ-ਬਾਣੀ ਦੇ ਉਪਦੇਸ਼ ਤੇ ਅਮਲ ਕਰੇਗਾ, ਤਾਂ ਉਹ ਸੁਚੱਜੀ ਜੀਵਨ ਜਾਚ ਦੇ ਰਾਹੀਂ ਆਪਣਾ ਲੋਕ-ਪਰਲੋਕ ਸਫ਼ਲ ਕਰ ਸਕਦਾ ਹੈ। ਇਹ ਪਾਵਨ ਬਾਣੀ ਜਿਥੇ ਕਾਵਿ-ਰੂਪ ਵਿਚ ਹੈ ਤੇ ਨਾਲ-ਨਾਲ ਰਾਗ-ਬੱਧ ਵੀ ਹੈ। ਇਸੇ ਕਰਕੇ ਰਾਗ-ਬੱਧ ਕੀਰਤਨ ਮਨੁੱਖ ਨੂੰ ਆਤਮਿਕ ਰੰਗ ਵਿਚ ਰੰਗ ਦਿੰਦਾ ਹੈ। ਪਾਵਨ ਬਾਣੀ ਵਿਚ ਸ਼ਾਮਿਲ ਕਾਵਿ-ਰੂਪ, ਕਾਵਿ-ਛੰਦ, ਅਖਾਣ, ਮੁਹਾਵਰੇ ਅਤੇ ਅਲੰਕਾਰ ਵਰਤਣ ਦਾ ਮੰਤਵ ਅਕਾਲ-ਪੁਰਖ ਦੇ ਨਾਂਅ ਨਾਲ ਜੋੜਨ ਤੋਂ ਇਲਾਵਾ ਸ਼ੁਭ-ਕਰਮ ਕਰਨ ਲਈ ਵੀ ਪ੍ਰੇਰਦੇ ਹਨ। ਇਸ ਪੁਸਤਕ ਵਿਚ ਸੁਹਿਰਦ ਲੇਖਕ ਨੇ 'ਅਨੰਦ ਸਾਹਿਬ ਤੇ ਹੋਰ ਬਾਣੀਆਂ' ਨੂੰ ਵਿਸਥਾਰ ਦੇਣ ਲਈ ਇਕ ਦਰਜਨ ਲੇਖਾਂ ਰਾਹੀਂ ਇਸ ਨੂੰ ਸੰਪੂਰਨਤਾ ਦਿੱਤੀ ਹੈ।
ਪੁਸਤਕ ਵਿਚ ਸ਼ਾਮਿਲ ਲੇਖਾਂ ਵਿਚ 'ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਲੋਕਾਂ ਦਾ ਬਿਓਰਾ ਅਤੇ ਵਿਸ਼ਾ ਵਸਤੂ', 'ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਲੋਕਾਂ ਦਾ ਸਾਹਿਤਕ ਪੱਖ', 'ਪਾਵਨ ਬਾਣੀ ਅਨੰਦੁ ਸਾਹਿਬ' ਦਾ ਵਿਸ਼ਾ ਵਸਤੂ, 'ਬਾਣੀ ਅਨੰਦ ਸਾਹਿਬ ਦਾ ਸਾਹਿਤਕ ਪੱਖ', 'ਬਾਣੀ ਆਸਾ ਮਹਲਾ ੩ ਪਟੀ' ਦਾ ਕੇਂਦਰੀ ਵਿਸ਼ਾ ਵਸਤੂ', 'ਬਾਣੀ ਪਟੀ ਮਹਲਾ ੩' ਦਾ ਸਾਹਿਤਕ ਪੱਖ, 'ਲਾਵਾਂ' ਨਾਲ ਸੰਬੰਧਿਤ ਬਾਣੀ ਦੀ ਬਣਤਰ ਅਤੇ ਵਿਸ਼ਾ ਵਸਤੂ, ਬਾਣੀ 'ਬਾਵਨ ਅਖਰੀ ਕਬੀਰ ਜੀ' ਦੀ ਬਣਤਰ ਤੇ ਵਿਸ਼ਾ ਵਸਤੂ, ਬਾਣੀ 'ਬਾਵਨ ਅਖਰੀ ਕਬੀਰ ਜੀ ਦਾ ਸਾਹਿਤਕ ਪੱਖ', ਬਾਣੀ 'ਸਦੁ' ਵੀ ਬਣਤਰ, ਵਿਸ਼ਾ ਵਸਤੂ ਅਤੇ ਸਾਹਿਤਕ ਪੱਖ, 'ਬਲਵੰਡ ਜੀ ਅਤੇ ਸੱਤਾ ਜੀ ਦੁਆਰਾ ਰਚਿਤ 'ਰਾਮਕਲੀ ਕੀ ਵਾਰ' ਦੀ ਬਣਤਰ ਅਤੇ ਵਿਸ਼ਾ-ਵਸਤੂ' ਅਤੇ 'ਰਾਇ ਬਲਵੰਡ ਜੀ ਅਤੇ ਸੱਤਾ ਜੀ ਦੀ ਰਾਮਕਲੀ ਦੀ ਵਾਰ' ਦਾ ਸਾਹਿਤ-ਪੱਖ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਸਾਰੇ ਲੇਖਾਂ ਵਿਚ ਪੇਸ਼ ਕੀਤੇ ਵਿਸ਼ਿਆਂ ਨੂੰ ਨਿਭਾਉਣ ਲਈ ਲੇਖਕ ਨੇ ਸਰਲ, ਸਟੀਕ ਤੇ ਸੁਖੈਨ ਢੰਗ ਵਰਤਿਆ ਹੈ। ਅਜਿਹਾ ਕਾਰਜ ਕੋਈ ਗਹਿਰ-ਗੰਭੀਰ ਸੋਚ ਨੂੰ ਪ੍ਰਣਾਇਆ ਬਸ਼ਰ ਹੀ ਕਰ ਸਕਦਾ ਹੈ। ਗੁਰਮਤਿ ਨੂੰ ਹਿਰਦੇ ਤੋਂ ਪਿਆਰ ਕਰਨ ਵਾਲੇ ਪਾਠਕਾਂ ਲਈ ਇਹ ਪੁਸਤਕ ਜਾਣਕਾਰੀ ਦਾ ਖਜ਼ਾਨਾ ਕਹੀ ਜਾ ਸਕਦੀ ਹੈ। ਸੁਖੈਨ ਭਾਸ਼ਾ ਸ਼ੈਲੀ ਸਧਾਰਨ ਪਾਠਕ ਨੂੰ ਵੀ ਇਨ੍ਹਾਂ ਲੇਖਾਂ ਨੂੰ ਵਾਚਣ ਲਈ ਪ੍ਰੇਰਣਾ ਦਿੰਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਮਾਸਿਕ ਪੱਤਰ 'ਗੁਰਮਤਿ ਪ੍ਰਕਾਸ਼' ਦੇ ਸਹਾਇਕ ਸੰਪਾਦਕ ਬਿਕਰਮਜੀਤ ਸਿੰਘ ਜੀਤ ਵਲੋਂ ਪੁਸਤਕ ਲਈ ਲਿਖੇ 'ਮੁੱਖ ਬੰਦ' ਦੇ ਸ਼ਬਦ ਸੋਨੇ 'ਤੇ ਸੁਹਾਗੇ ਵਾਲਾ ਕਾਰਜ ਹੋ ਨਿਬੜਦੇ ਹਨ। ਆਸ ਹੈ ਕਿ ਨਿਕਟ ਭਵਿੱਖ ਵਿਚ ਲੇਖਕ ਗੁਰਮਤਿ ਸਾਹਿਤ ਦੇ ਖਜ਼ਾਨੇ ਨੂੰ ਭਰਨ ਲਈ ਹੋਰ ਗੰਭੀਰ ਯਤਨ ਕਰੇਗਾ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

 

ਮੇਰਾ ਕੈਨੇਡਾ ਸਫ਼ਰਨਾਮਾ ਅਤੇ ਵੰਨ-ਸੁਵੰਨੇ ਅਨੁਭਵ
ਲੇਖਕ :ਪ੍ਰਿੰਸੀਪਲ ਵਿਜੈ ਕੁਮਾਰ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ
ਮੁੱਲ : 400 ਰੁਪਏ, ਸਫ਼ੇ : 149
ਸੰਪਰਕ : 98726-27136

ਪ੍ਰਿੰਸੀਪਲ ਵਿਜੈ ਕੁਮਾਰ ਨੇ ਪੰਜਾਬੀ ਸਾਹਿਤ ਦੀ ਝੋਲੀ 19 ਮੁੱਲਵਾਨ ਪੁਸਤਕਾਂ ਪਾਈਆਂ ਹਨ ਜਿਨ੍ਹਾਂ ਵਿਚ ਪੰਜਾਬੀ ਭਾਸ਼ਾ ਦੇ ਗਿਆਨ ਬਾਰੇ ਵਿਚਾਰ-ਚਰਚਾ ਕੀਤੀ ਗਈ ਹੈ। ਇਸ ਤੋਂ ਇਲਾਵਾ ਵਾਰਤਕ ਪੁਸਤਕਾਂ ਵਿਚ ਵਿਭਿੰਨ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਅਤੇ ਬਾਲ ਪੁਸਤਕਾਂ ਵਿਚ ਬੱਚਿਆਂ ਦੀ ਮਾਨਸਿਕਤਾ ਨਾਲ ਸੰਬੰਧਿਤ ਪੱਖਾਂ ਨੂੰ ਦ੍ਰਿਸ਼ਟੀਗੋਚਰ ਕੀਤਾ ਗਿਆ ਹੈ। ਹਥਲੀ ਪੁਸਤਕ 'ਮੇਰਾ ਕੈਨੇਡਾ ਸਫ਼ਰਨਾਮਾ ਅਤੇ ਵੰਨ ਸੁਵੰਨੇ ਅਨੁਭਵ' ਹੈ ਜਿਸ ਵਿਚ ਕੈਨੇਡਾ ਨਾਲ ਸੰਬੰਧਿਤ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ। ਮਨੁੱਖ ਦੀ ਦੂਜਿਆਂ ਦੇਸ਼ਾਂ ਨੂੰ ਦੇਖਣ ਦੀ ਰੁਚੀ ਜਮਾਂਦਰੂ ਰਹੀ ਹੈ। ਇਸ ਪੁਸਤਕ ਵਿਚ 35 ਦੇ ਕਰੀਬ ਵਿਸ਼ੇ ਹਨ ਜੋ ਕੈਨੇਡਾ ਦੇਸ਼ ਦੀ ਵਿਲੱਖਣਤਾ ਤੋਂ ਜਾਣੂ ਕਰਵਾਉਂਦੇ ਹਨ। ਕੈਨੇਡਾ ਵਿਚ ਵਿਚਰਦਾ ਹੋਇਆ ਮਨੁੱਖ ਦੋ ਸੱਭਿਆਚਾਰਾਂ ਨੂੰ ਅਪਣਾ ਕੇ ਜੀਵਨ ਜੁਗਤ ਵਿਚ ਬਦਲਾਵ ਲਿਆਉਂਦਾ ਹੈ। ਕੈਨੇਡਾ ਦੀ ਧਰਤੀ ਦੇ ਵਿਲੱਖਣ ਪੱਖ ਦੇਸ਼ ਨੂੰ ਸਾਫ਼-ਸੁਥਰਾ ਰੱਖਣਾ, ਰੁੱਖ, ਫੁੱਲ, ਝੀਲਾਂ, ਸਮੇਂ ਦੇ ਪਾਬੰਦ, ਸਮਾਗਮ, ਪਾਰਟੀਆਂ, ਬਿਜਲੀ ਪਾਣੀ ਦੀ ਸਹੂਲਤ, ਜਾਨਵਰਾਂ ਦੀ ਸਾਂਭ-ਸੰਭਾਲ ਲਈ ਕਾਨੂੰਨ, ਸਰਕਾਰੀ ਸੰਸਥਾਵਾਂ, ਵੀਕਐਂਡ ਸਮੇਂ ਲੋਕਾਂ ਦੀ ਮਾਨਸਿਕਤਾ, ਸਿੱਖਿਆ ਪ੍ਰਣਾਲੀ 'ਚ ਖ਼ਾਮੀਆਂ, ਆਤਮ ਨਿਰਭਰਤਾ ਵਾਲਾ ਮਾਹੌਲ, ਉੱਤਮ ਲਾਇਬ੍ਰੇਰੀਆਂ ਦਾ ਪ੍ਰਬੰਧ, ਪ੍ਰਵਾਸੀਆਂ ਦਾ ਸੁਭਾਅ, ਵਧ ਰਹੇ ਸੜਕ ਹਾਦਸੇ, ਕਾਨੂੰਨ ਵਿਵਸਥਾ, ਪੰਜਾਬੀਆਂ ਦਾ ਵਿਵਹਾਰ, ਮਾਲਕ ਮਕਾਨ ਤੇ ਝਗੜੇ, ਅਸੁਰੱਖਿਆ ਦੀ ਭਾਵਨਾ ਦਾ ਵੱਧਣਾ, ਨੌਜਵਾਨ ਪੀੜ੍ਹੀ ਦੀ ਚਿੰਤਾਜਨਕ ਸਥਿਤੀ, ਬਜ਼ੁਰਗਾਂ ਦੀ ਨਿਘਰਦੀ ਹਾਲਤ, ਡਾਲਰ ਸੱਭਿਆਚਾਰ ਕਾਰਨ ਮਨੁੱਖ ਦੀ ਹੋਣੀ ਆਦਿਹਨ ਜਿਸ ਵਿਚੋਂ ਕੈਨੇਡਾ ਦੇ ਸਮਾਜਕ ਸਿਸਟਮ ਬਾਰੇ ਤੱਥਕ ਜਾਣਕਾਰੀ ਪ੍ਰਾਪਤ ਹੁੰਦੀ ਹੈ। ਪ੍ਰਿੰਸੀਪਲ ਵਿਜੈ ਨੇ ਡੇਢ ਸਾਲ ਦੀ ਕੈਨੇਡਾ ਫੇਰੀ ਦੌਰਾਨ ਦੇਸ਼ ਦੇ ਹਰ ਪੱਖ ਦਾ ਡੂੰਘਾਈ ਨਾਲ ਅਧਿਐਨ ਕੀਤਾ। ਪਰਵਾਸੀਆਂ ਦੀਆਂ ਆਦਤਾਂ ਬਾਰੇ ਵਿਅੰਗਾਤਮਕ ਟਿੱਪਣੀਆਂ ਵੀ ਕੀਤੀਆਂ ਹਨ। ਹਰੇਕ ਮਨੁੱਖ ਨੂੰ ਸਖ਼ਤ ਮਿਹਨਤ ਦੁਆਰਾ ਹੀ ਡਾਲਰ ਪ੍ਰਾਪਤ ਹੁੰਦੇ ਹਨ, ਡਾਲਰ ਰੁੱਖਾਂ ਨਾਲ ਨਹੀਂ ਲੱਗਦੇ ਸਗੋਂ ਹੱਡ-ਭੰਨਵੀ ਮਿਹਨਤ ਕਰ ਕੇ ਕਮਾਉਣੇ ਪੈਂਦੇ ਹਨ। ਵਰਤਮਾਨ ਵਰਤਾਰਿਆਂ ਵਿਚ ਵੀ ਨੌਜਵਾਨ ਪੀੜ੍ਹੀ ਦੀ ਪਹਿਲੀ ਪਸੰਦ ਕੈਨੇਡਾ ਦੀ ਹੈ। ਕੈਨੇਡਾ ਨੂੰ ਨੇੜਿਓਂ ਦੇਖਣ ਲਈ ਪ੍ਰਿੰਸੀਪਲ ਵਿਜੈ ਕੁਮਾਰ ਦਾ ਸਫ਼ਰਨਾਮਾ ਪਾਠਕਾਂ ਨੂੰ ਸਾਹਿਤ ਦੇ ਨਾਲ-ਨਾਲ ਕੈਨੇਡਾ ਦੀ ਧਰਤੀ ਨਾਲ ਜੋੜਨ ਦਾ ਯਤਨ ਕਰੇਗਾ।

-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ : 94146-91091

 

ਪੰਜਾਬੀ ਭਾਸ਼ਾ
ਸਥਿਤੀ ਤੇ ਸੰਭਾਵਨਾਵਾਂ

ਲੇਖਕ : ਡਾ. ਸੁਦਰਸ਼ਨ ਗਾਸੋ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 495 ਰੁਪਏ, ਸਫ਼ੇ : 352
ਸੰਪਰਕ : 098962-01036

ਭਾਰਤ ਆਜ਼ਾਦ ਹੋਣ ਤੋਂ ਬਾਅਦ, ਅੰਗਰੇਜ਼ੀ ਭਾਸ਼ਾ ਦੀ ਗੁਲਾਮੀ ਤੋਂ ਮੁਕਤ ਨਹੀਂ ਹੋ ਸਕਿਆ, ਜਿਸ ਕਾਰਨ ਵੱਖੋ-ਵੱਖ ਪ੍ਰਾਂਤਾਂ ਦੀਆਂ ਲੋਕ ਭਾਸ਼ਾਵਾਂ ਨੂੰ ਆਪਣੀ ਹੋਂਦ ਸਥਾਪਿਤ ਕਰਨ ਲਈ ਸੰਘਰਸ਼ ਕਰਨਾ ਪਿਆ। ਭਾਰਤੀ ਸੰਵਿਧਾਨ ਨੇ ਹਰ ਭਾਸ਼ਾ ਨੂੰ ਅਹਿਮੀਅਤ ਦਿੱਤੀ ਤਾਂ ਜੋ ਲੋਕ ਆਪਣੀ ਮਾਂ-ਬੋਲੀ ਦੀ ਮਹੱਤਤਾ ਨੂੰ ਉੱਜਵਲ ਕਰ ਸਕਣ। ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਦੇ ਲੋਕਾਂ ਦੀ ਮਾਂ-ਬੋਲੀ ਪੰਜਾਬੀ ਨੂੰ ਹੁਣ ਤੀਕ ਇਨਸਾਫ਼ ਨਹੀਂ ਮਿਲ ਸਕਿਆ। ਪੰਜਾਬੀ ਭਾਸ਼ਾ ਲਈ ਪੰਜਾਬੀ ਸੂਬਾ ਹੋਂਦ ਵਿਚ ਆਇਆ, ਪ੍ਰੰਤੂ ਪੰਜਾਬੀ ਬੋਲਦੇ ਕੁਝ ਇਲਾਕੇ ਵਾਂਝੇ ਕਰ ਦਿੱਤੇ ਗਏ। ਹਿਮਾਚਲ ਪ੍ਰਦੇਸ਼, ਹਰਿਆਣਾ ਪ੍ਰਾਂਤ ਅਤੇ ਚੰਡੀਗੜ੍ਹ ਯੂ.ਟੀ. ਬਣਾ ਦਿੱਤੇ ਗਏ ਜਦੋਂ ਕਿ ਇਹ ਅਣਵੰਡੇ ਪੰਜਾਬ ਦੇ ਹੀ ਹਿੱਸੇ ਸਨ। ਹਰਿਆਣਾ ਪ੍ਰਾਂਤ ਵਿਚ ਪੰਜਾਬੀ ਭਾਸ਼ਾ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਜਿਸ ਸ਼ਿੱਦਤ ਤੇ ਦ੍ਰਿੜ੍ਹਤਾ ਨਾਲ ਡਾ. ਸੁਦਰਸ਼ਨ ਗਾਸੋ ਨੇ ਬੀੜਾ ਚੁੱਕਿਆ, ਉਸ ਦਾ ਪ੍ਰਤੀਫਲ ਹਥਲੀ ਰੀਵਿਊ ਅਧੀਨ ਪੁਸਤਕ ਇਕ ਮਾਰਗ ਦਰਸ਼ਨ ਕਰਨ ਵਾਲੀ ਹੈ। ਡਾ. ਗਾਸੋ ਨੇ ਹਰਿਆਣਾ 'ਚ ਪੰਜਾਬੀ ਪ੍ਰਾ-ਅਧਿਆਪਕ ਵਜੋਂ ਤਾ-ਉਮਰ ਸੇਵਾ ਨਿਭਾਈ ਤੇ ਸੇਵਾ ਦੇ ਦੌਰਾਨ ਪੰਜਾਬੀ ਭਾਸ਼ਾ ਲਈ ਹਰ ਸੰਭਵ ਯਤਨ ਕਰਕੇ ਪੰਜਾਬੀ ਮਾਂ-ਬੋਲੀ ਨੂੰ ਸਰਕਾਰੇ-ਦਰਬਾਰੇ ਪ੍ਰਮੁੱਖਤਾ ਦੇਣ ਲਈ ਸਿਰਤੋੜ ਸੰਘਰਸ਼ ਕੀਤਾ। ਹਥਲੀ ਪੁਸਤਕ ਉਸ ਸਾਰੇ ਦੌਰ ਦੇ ਇਤਿਹਾਸ ਦੀ ਗਾਥਾ ਨੂੰ ਪੇਸ਼ ਕਰਦੀ ਹੈ। ਡਾ. ਗਾਸੋ ਨੇ ਅਮਲੀ ਰੂਪ ਦੇਣ ਲਈ ਸਮੇਂ-ਸਮੇਂ ਪੰਜਾਬੀ ਭਾਸ਼ਾ ਦੀ ਸ਼ਾਨ ਲਈ ਸੈਮੀਨਾਰ, ਗੋਸ਼ਟੀਆਂ, ਕਵੀ ਦਰਬਾਰ, ਪੁਸਤਕ ਲੋਕ-ਅਰਪਣ ਸਮਾਗਮ ਆਦਿ ਕਰਵਾਉਣ ਲਈ ਸਿਰਤੋੜ ਉੱਦਮ ਕੀਤੇ। ਪਹਿਲੇ ਭਾਗ ਵਿਚ ਹਰਿਆਣਾ ਵਿਚ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਮੁੱਦੇ, ਦਰਪੇਸ਼ ਮਸਲੇ, ਸਥਿਤੀ, ਸਮੱਸਿਆਵਾਂ, ਵਿਕਾਸ ਲਈ ਹੰਭਲੇ, ਭਵਿੱਖੀ ਸੰਭਾਵਨਾਵਾਂ, ਅਮਲੀ ਪਹੁੰਚ ਦੀ ਲੋੜ ਤੇ ਪੰਜਾਬੀ ਬੋਲੀ ਦੀ ਮਹੱਤਤਾ ਨੂੰ ਬਹੁਤ ਕਾਨੂੰਨੀ ਨਜ਼ਰੀਏ ਤੋਂ ਪੇਸ਼ ਕੀਤਾ ਹੈ। ਪੰਜਾਬੀ ਭਾਸ਼ਾ ਦੀ ਸਥਿਤੀ, ਹਰਿਆਣਾ ਪ੍ਰਾਂਤ 'ਚ ਕਿਵੇਂ ਡਗਮਗਾਈ, ਉਸ ਦਾ ਇਤਿਹਾਸ ਇਸ ਪੁਸਤਕ ਦੀ ਵੱਡੀ ਪ੍ਰਾਪਤੀ ਹੈ। ਦੂਜੇ ਭਾਗ ਵਿਚ ਡਾ. ਗਾਸੋ ਦੀ ਪੰਜਾਬੀ ਸਾਹਿਤ ਨੂੰ ਦੇਣ ਬਾਰੇ ਵਿਦਵਾਨਾਂ ਦੀਆਂ ਰਚਨਾਵਾਂ ਮੁੱਲਵਾਨ ਹਨ। ਡਾ. ਗਾਸੋ ਦੀ ਸਮੁੱਚੀ ਘਾਲਣਾ ਬਾਰੇ ਤੱਥ ਜ਼ਿਕਰਯੋਗ ਹਨ। ਇਕ ਦਰਦਮੰਦ ਲੇਖਕ ਦੀ ਆਪਣੀ ਮਾਂ-ਬੋਲੀ ਪ੍ਰਤੀ ਪ੍ਰਤੀਨਿਧਤਾ ਦਾ ਪ੍ਰਮਾਣ ਸ਼ਲਾਘਾਯੋਗ ਹੈ। ਚਿੱਠੀਆਂ ਵਾਲਾ ਭਾਗ ਇਸ ਗੱਲ ਦੀ ਗੁਆਹੀ ਭਰਦਾ ਹੈ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

 

ਸਚ ਕੀ ਬੇਲਾ
ਲੇਖਕ : ਚਰਨ ਸਿੰਘ ਸਿੰਧਰਾ
ਸੰਪਾਦਕ : ਗੁਰਪ੍ਰੀਤ ਸਿੰਘ ਸਿੰਧਰਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 100
ਸੰਪਰਕ : 94638-36591

ਪੰਜਾਬੀ ਨਾਟਕ ਦੀ ਤੀਜੀ ਪੀੜ੍ਹੀ ਦੇ ਪਰਪੱਕ ਨਾਟਕਕਾਰ ਚਰਨ ਸਿੰਘ ਸਿੰਧਰਾ ਦਾ ਨਾਟਕ 'ਸਚ ਕੀ ਬੇਲਾ' ਇੱਕ ਗੰਭੀਰ ਅਤੇ ਮੱਹਤਵਪੂਰਨ ਵਿਸ਼ੇ ਦੀ ਕਥਾ ਹੈ ਜਿਸ ਰਾਹੀਂ ਨਾਟਕਕਾਰ ਨੇ ਕਲਯੁਗੀ ਵਰਤਾਰੇ ਵਿਚ ਸੱਚ ਅਤੇ ਕੂੜ ਦੀ ਤਸਵੀਰ ਨੂੰ ਪੇਸ਼ ਕੀਤਾ ਹੈ। ਚਰਨ ਸਿੰਘ ਸਿੰਧਰਾ ਪੰਜਾਬੀ ਨਾਟ-ਮੰਚ ਦੇ ਉਭਾਰ ਅਤੇ ਵਿਕਾਸ ਲਈ ਕੰੰਮ ਕਰਨ ਵਾਲੇ ਸਿਰੜੀ ਅਤੇ ਸਪਰਪਤ ਨਾਟਕਕਾਰ ਹਨ। ਉਨ੍ਹਾਂ ਨੇ ਕਵਿਤਾ, ਕਾਵਿ ਨਾਟਕ, ਸੰਗੀਤ ਨਾਟਕ, ਰੇਡੀਓ ਨਾਟਕ, ਟੀ ਵੀ ਨਾਟਕ ਦੇ ਨਾਲ ਨਾਲ ਪੰਜਾਬੀ ਵਿਚ ਕਈ ਵੱਡੇ ਨਾਟਕ ਲਿਖੇ ਹਨ। ਉਨ੍ਹਾਂ ਦੀਆਂ ਲਿਖਤਾਂ ਦਾ ਵਿਸ਼ਾ ਇਤਿਹਾਸਕ, ਧਾਰਮਿਕ ਅਤੇ ਸਮਾਜਿਕ ਰਿਹਾ ਹੈ। ਵਧੇਰੇ ਨਾਟਕ ਉਨ੍ਹਾਂ ਨੇ ਆਪਣੀ ਨਿਰਦੇਸ਼ਨਾ ਵਿਚ ਹੀ ਦੇਸ਼ ਵਿਦੇਸ਼ ਵਿਚ ਮੰਚਤ ਕੀਤੇ ਹਨ। ਚਰਨ ਸਿੰਘ ਸਿੰਧਰਾ ਰਚਿਤ ਨਾਟਕ 'ਸਚ ਸੁਹੇਲਾ-ਸਚ ਕੀ ਬੇਲਾ' ਲਗਾਤਾਰ ਮੰਚਤ ਹੁੰਦਾ ਰਿਹਾ ਹੈ ਅਤੇ ਹੁਣ ਉਨ੍ਹਾਂ ਦੇ ਇਸੇ ਨਾਟਕ ਦੀ ਸੰਪਾਦਨਾ ਕਰਦਿਆਂ ਗੁਰਪ੍ਰੀਤ ਸਿੰਘ ਸਿੰਧਰਾ ਨੇ 'ਸਚ ਕੀ ਬੇਲਾ' ਨਾਂਅ ਹੇਠ ਪ੍ਰਕਾਸ਼ਨਾ ਕੀਤੀ ਹੈ। ਨਾਟਕ 'ਸਚ ਕੀ ਬੇਲਾ' ਦੇ ਸਾਰੇ ਪਾਤਰ ਇੱਕ ਇੱਕ ਵਰਤਾਰੇ ਦੀ ਪ੍ਰਤੀਨਿਧਤਾ ਕਰਦੇ ਹਨ। ਸਧਾਰਨ ਲੋਕਾਂ ਦੇ ਨਾਲ ਨਾਲ ਫਰਿਸ਼ਤਾ, ਦਾਨਵ,ਧਰਤੀ, ਸੱਭਿਅਤਾ, ਚੰਨ, ਤਾਰੇ ਇਸ ਨਾਟਕ ਦੇ ਪਾਤਰ ਹਨ ਜਿਨ੍ਹਾਂ ਦਾ ਵਾਰਤਾਲਾਪ ਮਾਨਵ ਕਹਾਣੀ ਨੂੰ ਅੱਗੇ ਤੋਂ ਅੱਗੇ ਤੋਰਦਾ ਹੈ। ਇਹੀ ਕਿਰਦਾਰ ਹਨ ਜੋ ਪੂਰੀ ਦੁਨੀਆ ਵਿਚ ਫੈਲੇ ਹੋਏ ਹਨ ਅਤੇ ਨਾਟਕਕਾਰ ਨੇ ਇਨ੍ਹਾਂ ਰਾਹੀਂ ਸੱਚ ਦੀ ਤਸਵੀਰ ਬਣਾਈ ਹੈ ਤਾਂ ਕਿ ਗੱਲ ਸਿਰਫ ਇੱਕ ਸਮੇਂ, ਇੱਕ ਦੇਸ਼, ਇੱਕ ਖਿੱਤੇ, ਇਕ ਧਰਮ, ਇੱਕ ਕੌਮ ਦੀ ਨਾ ਰਹਿਕੇ, ਸਮੁੱਚਤਾ ਨਾਲ ਪੂਰੀ ਮਨੁੱਖਤਾ ਦੀ ਗੱਲ ਬਣੇ ਜੋ ਇਸ ਨਾਟਕ ਵਿਚ ਬਣੀ ਹੈ। ਨਾਟਕ ਵਿਚ ਸੱਭਿਅਤਾ ਮਾਨਵ ਨੂੰ ਸੰਬੋਧਨ ਹੁੰਦੀ ਹੋਈ ਐਲਾਨ ਕਰਦੀ ਹੈ ਕਿ ਉਹ ਜਿਸ ਪਾਸੇ ਜਾਵੇਗੀ ਮਾਨਵ ਨੂੰ ਨਾਲ ਹੀ ਲੈ ਕੇ ਜਾਵੇਗੀ, ਇਹ ਦੁਨੀਆ ਰੂਪੀ ਘਰ ਉਸ ਨੂੰ ਮਾਨਵ ਬਿਨਾਂ ਡਰਾਉਂਦਾ ਹੈ। ਨਾਟਕ ਵਿਚ ਮਾਨਵ ਦਾ ਸੱਭਿਅਤਾ, ਸ਼ਬਦ, ਧਰਤੀ, ਫਰਿਸ਼ਤੇ ਅਤੇ ਦਾਨਵ ਨਾਲ ਵਾਰਤਾਲਾਪ ਹੁੰਦਾ ਹੈ। ਨਾਟਕਕਾਰ ਨੇ ਇਹ ਪਾਤਰ ਇਸ ਕਰਕੇ ਚੁਣੇ ਹਨ ਤਾਂ ਕਿ ਧਰਤੀ ਦੀ ਗੱਲ ਹੋ ਸਕੇ ਪਰ ਸਾਰੇ ਦੇ ਸਾਰੇ ਸਬਕ ਧਾਰਮਿਕ ਗ੍ਰੰਥਾਂ ਵਿਚੋਂ ਲਏ ਗਏ ਹਨ। ਇਸ ਕਰਕੇ ਨਾਟਕ ਪੜ੍ਹਨ ਵੇਲੇ ਜਾਂ ਨਿਰਦੇਸ਼ਤ ਕਰਨ ਵੇਲੇ ਗੁਰੂ ਗ੍ਰੰਥ ਸਾਹਿਬ, ਗੀਤਾ, ਕੁਰਾਨ, ਬਾਈਬਲ ਸਮੇਤ ਧਾਰਮਿਕ ਗੰਥਾਂ ਦੀ ਸਿਖਿਆ ਦਾ ਗਿਆਨ ਹੋਣਾ ਜ਼ਰੂਰੀ ਹੈ। ਚਰਨ ਸਿੰਘ ਸਿੰਧਰਾ ਦਾ ਇਹ ਨਾਟਕ 'ਸਚ ਕੀ ਬੇਲਾ' ਜਗਦੀ ਜੋਤ ਵਾਂਗ ਮਨੁੱਖ ਲਈ ਹਮੇਸ਼ਾ ਰਾਹ ਦਸੇਰਾ ਹੋਵੇਗਾ, ਮਨੁੱਖਤਾ ਦੀ ਬਾਤ ਪਾਉਂਦਾ ਰਹੇਗਾ, ਝੂਠ ਨੂੰ ਫਿਟਕਾਰਾਂ ਪਾਉਂਦਾ ਰਹੇਗਾ ਅਤੇ ਸਚ ਦੀ ਚੜਦੀ ਕਲਾ ਹੋਣ ਦਾ ਹੋੋਕਾ ਦਿੰਦਾ ਰਹੇਗਾ।

-ਨਿਰਮਲ ਜੌੜਾ
ਮੋਬਾਈਲ : 98140-78799

 


ਪੱਤਝੜ 'ਚ ਖਿੜਿਆ ਕੇਸਰ
ਲੇਖਕ : ਪ੍ਰੋ. ਜਸਪਾਲ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 167
ਸੰਪਰਕ : 81465-65631

ਸ਼ਾਇਰ ਪ੍ਰੋ. ਜਸਪਾਲ ਸਿੰਘ, ਜੋ ਸਰਕਾਰੀ ਕਾਲਜ ਮਾਛੀਵਾੜਾ ਤੋਂ ਸੇਵਾਮੁਕਤ ਪ੍ਰਿੰਸੀਪਲ ਹਨ, ਆਪਣੇ 18-20 ਸਾਲ ਦੀ ਕਾਵਿ-ਘਾਲਣਾ ਨਾਲ ਆਪਣੇ ਪਲੇਠੇ ਕਾਵਿ ਪਰਾਗੇ 'ਪੱਤਝੜ 'ਚ ਖਿੜਿਆ ਕੇਸਰ' ਨਾਲ ਪੰਜਾਬੀ ਸ਼ਾਇਰੀ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਰਹੇ ਹਨ। ਸ਼ਾਇਰ ਦੇ ਕਾਵਿ-ਪ੍ਰਵਚਨ ਦੀ ਤੰਦ ਸੂਤਰ ਇਸ ਕਿਤਾਬ ਦੇ ਨਾਂਅ 'ਪੱਤਝੜ ਵਿਚ ਖਿੜਿਆ ਕੇਸਰ' ਤੋਂ ਸਾਡੇ ਹੱਥ ਆ ਜਾਂਦੀ ਹੈ। ਸ਼ਾਇਰ ਦੀ ਸ਼ਾਇਰੀ ਦਾ ਕੇਂਦਰੀ ਮੈਟਾਫ਼ਰ 'ਕੇਸਰ' ਹੈ ਜੋ ਪਹਾੜਾਂ ਦੀ ਕੁੱਖ ਪਾੜ ਕੇ ਵੀ ਖਿੜ ਪੈਂਦਾ ਹੈ। ਪੱਤਝੜ ਸਾਡੀਆਂ ਤੰਗੀਆਂ-ਤੁਰਸ਼ੀਆਂ ਤੇ ਔਝੜ ਰਾਹਾਂ ਦੀ ਅਲਾਮਤ ਹੈ। ਸ਼ਾਇਰ ਆਪਣੀ ਖੁਰਦਬੀਨੀ ਅੱਖ ਨਾਲ ਉਨ੍ਹਾਂ ਕੁੰਦਰਾਂ ਦੀ ਨਿਸ਼ਾਨਦੇਹੀ ਕਰਦਾ ਹੈ, ਜਿਥੋਂ ਅਜੇ ਤੱਕ ਕੇਸਰ ਨਹੀਂ ਖਿੜਿਆ। ਸਾਡੀਆਂ ਹਰੀਆਂ ਕਚੂਰ ਇੱਛਾਵਾਂ ਨੂੰ ਜੋ ਕਾਰਪੋਰੇਟੀ ਸਾਨ੍ਹ ਬੁਰਕ ਮਾਰਨ ਨੂੰ ਫਿਰਦਾ ਹੈ, ਨੂੰ ਨੱਥ ਪਾਉਣ ਲਈ ਅਗਾਊਂ ਜਾਗਰੂਕ ਕਰਦਾ ਹੈ। ਸਰਕਾਰ ਕਾਰਪੋਰੇਟੀ ਰਿਮੋਟ ਕੰਟਰੋਲ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਹਥਿਆ ਕੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਹੀ ਖੇਤਾਂ ਵਿਚ ਘਸਿਆਰੇ ਤੇ ਮਜ਼ਦੂਰ ਬਣਾਉਣ ਦੀਆਂ ਘਿਨੌਣੀਆਂ ਸਾਜਿਸ਼ਾਂ ਗੁੰਦ ਰਹੀ ਹੈ, ਪਰ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਨੂੰ ਰੱਦ ਕਰਾਉਣ ਲਈ ਸ਼ੰਭੂ ਬਾਰਡਰ ਤੋਂ ਜਿੱਤ ਦੇ ਪਰਚਮ ਲਹਿਰਾਉਂਦੇ ਪਰਤੇ ਹਨ, ਪਰ ਖ਼ਤਰਾ ਅਜੇ ਵੀ ਬਰਕਰਾਰ ਹੈ ਤੇ ਆਰਥਿਕਤਾ ਦਾ ਝੰਬਿਆ ਕਿਸਾਨ ਮਜਬੂਰੀ ਵੱਸ ਖੁਦਕੁਸ਼ੀਆਂ ਦੇ ਰਾਹ ਪੈ ਰਿਹਾ ਹੈ, ਪਰ ਸ਼ਾਇਰ ਜਾਗ ਕਿਸਾਨਾਂ ਜਾਗ ਦਾ ਗੀਤ ਗਾਉਂਦਾ ਹੈ, ਚੰਗੇਰੇ ਭਵਿੱਖ ਦੀ ਆਸ ਵਿਚ ਨੌਜਵਾਨ ਪੀੜ੍ਹੀ ਡਾਲਰਾਂ, ਪੌਂਡਾਂ ਦੀ ਪਦਾਰਥਵਾਦੀ ਚਕਾਚੌਂਧ ਨਾਲ ਪ੍ਰਵਾਸ ਕਰ ਰਹੀ ਹੈ ਤੇ ਰਿਸ਼ਤਿਆਂ ਦੀ ਵਿਆਕਰਨ ਵਿਗਾੜ ਕੇ ਬੁੱਢੇ ਮਾਤਾ-ਪਿਤਾ ਉਨ੍ਹਾਂ ਦੀ ਉਡੀਕ ਵਿਚ ਕਮਾਨ ਹੋਈਆਂ ਕਮਰਾਂ ਨਾਲ ਬੂਹਿਆਂ ਵੱਲ ਟਿਕਟਿਕੀ ਲਗਾਈ ਬੈਠੇ ਹਨ, ਪਰ ਉਹ ਲਾਡਲੇ ਵਿਦੇਸ਼ੀ ਰਹਿਤਲ ਕਾਰਨ ਕੱਕੇ ਵਾਲਾਂ ਦੇ ਜੰਗਲ ਵਿਚ ਭਟਕ ਰਹੇ ਹਨ। ਸ਼ਾਇਰ ਤਕਦੀਰ ਨੂੰ ਤਦਬੀਰ ਵਿਚ ਬਦਲਣ ਲਈ ਤਰਕ ਬਾਣੀ ਦਾ ਹੋਕਾ ਦਿੰਦਾ ਹੈ ਤੇ ਜੁਗਨੂੰਆਂ ਦੀ ਥਾਂ ਪੁੰਨਿਆਂ ਦਾ ਚੰਨ ਬਣਨ ਦਾ ਹੋਕਾ ਦਿੰਦਾ ਹੈ ਤੇ ਕਕਨੂਮੀ ਰਾਹੀਂ ਸੁਨੇਹਾ ਸੁਣਾਉਂਦਾ ਹੈ :
''ਕਾਲੀ ਰਾਤ ਮੁੱਕ ਜਾਣੀ, ਸਵੇਰਾ ਹੋਣ ਵਾਲਾ ਹੈ
ਵੇਖੀਂ ਪਹੁ ਫੁੱਟ ਹੀ ਚੱਲੀ ਹੈ, ਸੂਰਜ ਰੁਸ਼ਨਾਉਣ ਵਾਲਾ ਹੈ
ਭਰੀ ਅੰਬਰ ਨੇ ਅੰਗੜਾਈ, ਘਟਾਵਾਂ ਕਾਲੀਆਂ ਛਾਈਆਂ
ਖਿਜ਼ਾਂ ਦਾ ਦੌਰ ਮੁੱਕ ਚੱਲਿਆ, ਪਪੀਹਾ ਗਾਉਣ ਵਾਲਾ ਹੈ।''

-ਭਗਵਾਨ ਢਿੱਲੋਂ
ਮੋਬਾਈਲ : 98143-78254

 

ਲੋਕ ਸੰਪਰਕ ਪੰਜਾਬ ਦੇ ਹੀਰੇ
ਲੇਖਕ : ਉਜਾਗਰ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 195
ਸੰਪਰਕ : 94178-13072

ਲੇਖਕ ਉਜਾਗਰ ਸਿੰਘ ਦੀਆਂ ਪਹਿਲਾਂ ਪੰਦਰਾਂ ਪ੍ਰਕਾਸ਼ਿਤ ਹੋਈਆਂ ਪੁਸਤਕਾਂ 'ਚੋਂ 10ਵੀਂ ਪੁਸਤਕ 'ਲੋਕ ਸੰਪਰਕ ਪੰਜਾਬ ਦੇ 52 ਰਤਨ' ਛਪੀ ਸੀ। ਹੁਣ ਇਸੇ ਪੁਸਤਕ ਦਾ ਦੂਜਾ ਅਡੀਸ਼ਨ 'ਲੋਕ ਸੰਪਰਕ ਪੰਜਾਬ ਦੇ ਹੀਰੇ' ਪ੍ਰਕਾਸ਼ਿਤ ਹੋਇਆ ਹੈ। ਇਸ ਵਿਚ ਪਹਿਲੇ ਐਡੀਸ਼ਨ ਦੇ 52 ਸ਼ਖ਼ਸੀਅਤਾਂ ਦੇ ਨਾਲ 19 ਹੋਰ ਸ਼ਖ਼ਸੀਅਤਾਂ ਬਾਰੇ ਜਾਣਕਾਰੀ ਸ਼ਾਮਲ ਕੀਤੀ ਗਈ ਹੈ। ਜਿਸ ਨਾਲ ਹੁਣ ਹੀਰਿਆਂ ਦੀ ਗਿਣਤੀ 71 ਹੋ ਗਈ ਹੈ। ਲੇਖਕ ਨੇ ਲੋਕ ਸੰਪਰਕ ਵਿਭਾਗ ਵਿਚ 33 ਸਾਲ ਸਰਵਿਸ ਕੀਤੀ ਹੈ। ਇਸ ਪੁਸਤਕ ਵਿਚ ਲੇਖਕ ਨੇ ਅਪਣੇ ਵਿਭਾਗ ਦੇ ਇਤਿਹਾਸ ਅਤੇ ਵਿਭਾਗ ਦੇ ਹੀਰਿਆਂ ਦੀ ਜਿਨ੍ਹਾਂ ਨੇ ਨਾ ਸਿਰਫ਼ ਸਰਕਾਰੀ ਡਿਊਟੀ ਨਿਭਾਈ, ਸਗੋਂ ਪੱਤਰਕਾਰੀ, ਸਾਹਿਤ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਵੀ ਨਾਮਣਾ ਖੱਟਿਆ, ਉਨ੍ਹਾਂ ਦੀਆਂ ਜੀਵਨੀਆਂ ਅਤੇ ਕਾਰਜਾਂ ਬਾਰੇ ਵਿਸਥਾਰਪੂਰਵਕ ਵੇਰਵਾ ਬੜੀ ਸ਼ਰਧਾ ਅਤੇ ਮਿਹਨਤ ਨਾਲ ਸ਼ਬਦਾਂ ਵਿਚ ਪਰੋਇਆ ਹੈ। ਇਹ ਪੁਸਤਕ ਸਿਰਫ਼ ਜੀਵਨੀ-ਸੰਗ੍ਰਹਿ ਨਹੀਂ ਹੈ, ਸਗੋਂ ਇਹ ਪੰਜਾਬੀ ਪੱਤਰਕਾਰੀ ਦੇ ਵਿਕਾਸ ਦਾ ਇੱਕ ਅਹਿਮ ਹਿੱਸਾ ਹੈ। ਲੇਖਕ ਨੇ ਲਿਖਿਆ ਹੈ ਕਿ ਲੋਕ ਸੰਪਰਕ ਅਧਿਕਾਰੀ ਸਰਕਾਰ ਅਤੇ ਜਨਤਾ ਦੇ ਵਿਚਕਾਰ ਇੱਕ ਮਜ਼ਬੂਤ ਕੜੀ ਹੁੰਦੇ ਹਨ। ਇਸ ਪੁਸਤਕ ਰਾਹੀਂ ਪਾਠਕਾਂ ਨੂੰ ਇਹ ਸਮਝ ਲਗਦੀ ਹੈ ਕਿ ਕਿਵੇਂ ਇਨ੍ਹਾਂ ਅਧਿਕਾਰੀਆਂ ਨੇ ਮੁਸ਼ਕਿਲ ਸਮਿਆਂ ਵਿਚ ਵੀ ਪੰਜਾਬ ਦੇ ਅਕਸ ਨੂੰ ਉਸਾਰੂ ਰੱਖਣ ਵਿਚ ਭੂਮਿਕਾ ਨਿਭਾਈ। ਉਜਾਗਰ ਸਿੰਘ ਦੀ ਭਾਸ਼ਾ ਸਰਲ, ਸਪੱਸ਼ਟ ਅਤੇ ਭਾਵੁਕਤਾ ਨਾਲ ਭਰੀ ਹੋਈ ਹੈ। ਉਨ੍ਹਾਂ ਨੇ ਹਰੇਕ ਸ਼ਖ਼ਸੀਅਤ ਦੇ ਨਿੱਜੀ ਗੁਣਾਂ ਜਿਵੇਂ ਕਿ ਨਿਮਰਤਾ, ਦ੍ਰਿੜ੍ਹਤਾ ਅਤੇ ਲਗਨ ਨੂੰ ਬਹੁਤ ਹੀ ਖੂਬਸੂਰਤ ਸ਼ਬਦਾਂ ਵਿਚ ਪਰੋਇਆ ਹੈ। ਲੇਖਕ ਦਾ ਵਿਭਾਗ ਨਾਲ ਸਬੰਧ ਰਹਿਣ ਕਰਕੇ ਉਨ੍ਹਾਂ ਦੀ ਲਿਖਤ ਵਿਚ ਪ੍ਰਮਾਣਿਕਤਾ ਅਤੇ ਡੂੰਘਾਈ ਨਜ਼ਰ ਆਉਂਦੀ ਹੈ। ਪੁਸਤਕ ਦਾ ਦੂਜਾ ਐਡੀਸ਼ਨ ਛਪਣਾ ਇਸ ਦੀ ਲੋਕਪ੍ਰਿਯਤਾ ਦਾ ਸਬੂਤ ਹੈ। ਇਸ ਵਿਭਾਗ ਨੇ ਬਹੁਤ ਸਾਰੇ ਆਪਣੇ ਅਧਿਕਾਰੀਆਂ ਅਤੇ ਕਰਮਾਰੀਆਂ ਨੂੰ ਤਰਾਸ਼ ਕੇ ਹੀਰੇ ਬਣਨ ਦੇ ਕਾਬਿਲ ਬਣਾਇਆ ਹੈ। ਪੁਸਤਕ 'ਚ ਸ਼ਾਮਿਲ ਹਰੇਕ ਵਿਭਾਗੀ ਹੀਰੇ ਦੀ ਕਲਾਕਾਰੀ ਕਮਾਲ ਹੈ, ਜਿਵੇਂ ਕਿ ਕੋਈ ਸਿਰਕੱਢ ਪੱਤਰਕਾਰ, ਸਾਹਿਤਕਾਰ, ਗਾਇਕ, ਗ਼ਜ਼ਲਗੋ, ਸਰਬਾਂਗੀ ਲੇਖਕ, ਵਿਅੰਗਕਾਰ, ਖਿਡਾਰੀ, ਅਲਗੋਜ਼ਾ ਤੇ ਬੰਸਰੀ ਵਾਦਕ, ਰੰਗਮੰਚ ਕਲਾਕਾਰ, ਪ੍ਰਸ਼ਾਸਨਿਕ ਪ੍ਰਣਾਲੀ ਮਾਹਿਰ ਅਤੇ ਪੰਜਾਬੀ ਫਿਲਮਾਂ ਦਾ ਬਾਦਸ਼ਾਹ ਆਦਿ ਨਾਲ ਸਬੰਧ ਰਿਹਾ ਹੈ। ਲੋਕ ਸੰਪਰਕ ਪੰਜਾਬ ਦੇ ਹੀਰੇ ਪੱਤਰਕਾਰੀ ਦੇ ਵਿਦਿਆਰਥੀਆਂ, ਮੌਜੂਦਾ ਲੋਕ ਸੰਪਰਕ ਅਧਿਕਾਰੀਆਂ ਅਤੇ ਪੰਜਾਬ ਦੇ ਪ੍ਰਬੰਧਕੀ ਇਤਿਹਾਸ ਵਿਚ ਦਿਲਚਸਪੀ ਰੱਖਣ ਵਾਲੇ ਪਾਠਕਾਂ ਲਈ ਇੱਕ ਲਾਹੇਵੰਦ ਸਰੋਤ ਹੈ। ਇਸ ਪੁਸਤਕ ਨੂੰ ਪੰਜਾਬੀ ਯੂਨੀਵਰਸਿਟੀ ਦੇ ਖੋਜੀ ਵਿਦਿਆਰਥੀਆਂ ਵਲੋਂ ਰੈਫਰੈਂਸ ਪੁਸਤਕ ਦੇ ਤੌਰ 'ਤੇ ਵਰਤਿਆ ਜਾ ਰਿਹਾ ਹੈ। ਇਹ ਪੁਸਤਕ ਸਿਖਾਉਂਦੀ ਹੈ ਕਿ ਪੇਸ਼ੇਵਰ ਕੰਮ ਦੇ ਨਾਲ-ਨਾਲ ਮਾਨਵੀ ਕਦਰਾਂ-ਕੀਮਤਾਂ ਅਤੇ ਸਾਹਿਤਕ ਰੁਚੀਆਂ ਨੂੰ ਕਿਵੇਂ ਜਿਉਂਦਾ ਰੱਖਿਆ ਜਾ ਸਕਦਾ ਹੈ।

-ਜਸਵਿੰਦਰ ਸਿੰਘ ਕਾਈਨੌਰ,
ਮੋਬਾਈਲ : 98888-42244

Ad Position 22
No active advertisement
ਪਿਛਲੀ ਖ਼ਬਰ ਉੱਚੀਆਂ ਪ੍ਰਾਪਤੀਆਂ ਦਾ ਰਸਤਾ ਕਠਿਨ ਹੈ, ਅਸੰਭਵ ਨਹੀਂ। -ਐਲਵਰਟਸ ਅਗਲੀ ਖ਼ਬਰ ਛੁੱਟੀਆਂ ਅਤੇ ਨਾਨਕੇ <br/>
Ad Position 24
No active advertisement