ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਛੁੱਟੀਆਂ ਅਤੇ ਨਾਨਕੇ <br/>

Ad Position 21
No active advertisement
ਅਜੀਤ ਡੈਸਕ 12-07-2026

ਜਦੋਂ ਵੀ ਗਰਮੀਆਂ ਦੀਆਂ ਛੁੱਟੀਆਂ ਆਉਂਦੀਆਂ ਹਨ ਤਾਂ ਬੱਚਿਆਂ ਨੂੰ ਛੁੱਟੀਆਂ ਵਿਚ ਨਾਨਕੇ ਜਾਣ ਦਾ ਚਾਅ ਚੜ੍ਹ ਜਾਂਦਾ ਹੈ | ਜਦੋਂ ਮੈਂ 1968 ਵਿਚ ਪਿੰਡ ਵਾਲੇ ਸਕੂਲ ਵਿਚ ਪੰਜਵੀਂ ਅਤੇ ਸ਼ਹਿਰ ਵਾਲੇ ਸਕੂਲ ਵਿਚ ਅੱਠਵੀਂ ਵਿਚ ਸੀ ਤਾਂ ਮੇਰੇ ਮਾਂ-ਪਿਓ ਛੁੱਟੀਆਂ ਵੇਲੇ ਮੈਨੂੰ ਨਾਨਕੇ ਲੈ ਕੇ ਗਏ | ਫਿਰ 1973 ਵਿਚ ਮੇਰੇ ਪਿਤਾ ਜੀ ਦਾ ਦਿਹਾਂਤ ਹੋ ਗਿਆ ਅਤੇ ਮੈਂ ਦਸਵੀਂ ਦੇ ਇਮਤਿਹਾਨ ਦੇਣੇ ਸਨ, ਇਸ ਕਰਕੇ ਨਾਨਕੇ ਜਾਣ ਦਾ ਚਾਅ ਅਧੂਰਾ ਹੀ ਰਹਿ ਗਿਆ | ਮੇਰੇ ਤੋਂ ਛੋਟੇ ਤਿੰਨ ਭਰਾ ਤੇ ਮਾਂ ਦੀ ਜ਼ਿੰਮੇਵਾਰੀ ਮੇਰੇ 'ਤੇ ਪੈ ਗਈ | ਸੋ, 1975 ਵਿਚ ਮੈਂ ਗਿਆਰਵੀਂ ਵਿਚ ਡੀ.ਏ.ਵੀ. ਕਾਲਜ ਬਟਾਲਾ ਵਿਚ ਦਾਖ਼ਲਾ ਲਿਆ | ਮੈਂ ਅਜੇ ਗਿਆਰਵੀਂ ਕੀਤੀ ਹੀ ਸੀ ਕਿ ਮੈਨੂੰ ਕਪੂਰਥਲਾ ਵਿਚ ਸਰਕਾਰੀ ਨੌਕਰੀ ਮਿਲ ਗਈ | 1978 ਵਿਚ ਮੇਰੀ ਬਦਲੀ ਸੰਗਰੂਰ ਵਿਖੇ ਹੋ ਗਈ ਅਤੇ ਸੰਗਰੂਰ ਘਰ ਤੋਂ ਦੂਰ ਹੋਣ ਕਾਰਨ ਆਪਣੇ ਪਿੰਡ ਮੈਂ ਮਹੀਨੇ ਬਾਅਦ ਹੀ ਆਉਂਦਾ ਸੀ | ਫਿਰ ਸੰਗਰੂਰ ਰਹਿੰਦਿਆਂ ਛੁੱਟੀਆਂ ਵਾਲੇ ਦਿਨ ਮੈਂ ਨਾਨਕੇ ਪਿੰਡ ਚਲੇ ਜਾਣਾ ਅਤੇ ਧੂਰੀ ਤੋਂ ਚੱਲਣ ਵਾਲੀ ਨਾਨਕਿਆਂ ਦੇ ਪਿੰਡ ਵਾਲੀ ਬੱਸ ਨੂੰ ਬੜੀ ਬੇਸਬਰੀ ਨਾਲ ਉਡੀਕਦਾ | ਬੱਸ ਕੁਤਬੇ ਨਾਨਕੇ ਪਿੰਡ ਵਿਚੀਂ ਲੰਘਦੀ ਸੀ ਤੇ ਅੱਗੇ ਰਾਏਕੋਟ ਚਲੀ ਜਾਂਦੀ | ਇਸ ਰੂਟ ਦੇ ਪਿੰਡ ਮੈਨੂੰ ਹੁਣ ਤੱਕ ਜ਼ਬਾਨੀ ਯਾਦ ਹਨ | ਨਾਨਕੇ ਘਰ ਮੈਨੂੰ ਸਾਰੇ ਬਹੁਤ ਪਿਆਰ ਕਰਦੇ ਸਨ | ਉਥੇ ਮਾਮਿਆਂ ਦੇ ਬੱਚਿਆਂ ਨਾਲ ਖੇਡਣਾ-ਮੱਲ੍ਹਣਾ, ਛੱਪੜ ਵਿਚ ਡੰਗਰਾਂ ਨੂੰ ਨਵਾਹੁਣ ਜਾਣਾ ਅਤੇ ਉਨ੍ਹਾਂ ਦੀਆਂ ਪੂਛਾਂ ਫੜ ਕੇ ਪਾਣੀ ਵਿਚ ਤਾਰੀਆਂ ਲਾਉਣੀਆਂ | ਖੇਤਾਂ ਨੂੰ ਗੱਡੇ 'ਤੇ ਚੜ੍ਹ ਕੇ ਜਾਣਾ ਅਤੇ ਉਥੇ ਹੀ ਖੇਤਾਂ ਵਿਚ ਬਣੇ ਚੁੱਲ੍ਹੇ 'ਤੇ ਛੱਲੀਆਂ ਭੁੰਨ ਕੇ ਚੱਬਣੀਆਂ ਅਤੇ ਘੜੇ ਵਿਚ ਰੱਖਿਆ ਪਾਣੀ ਪੀਣਾ | ਜਦੋਂ ਕਪਾਹ ਆਦਿ ਚੁਗਣ ਵਾਲੀਆਂ ਲਈ ਚਾਹ ਬਣਨੀ ਤਾਂ ਉਥੇ ਹੀ ਚਾਹ ਪੀਣੀ ਅਤੇ ਦੁਪਹਿਰ ਵੇਲੇ ਦਰੱਖਤਾਂ ਦੀ ਛਾਵੇਂ ਬੈਠ ਜਾਣਾ ਅਤੇ ਠੰਢੀ ਹਵਾ ਨਾਲ ਪਤਾ ਨਹੀਂ ਕਿਸ ਵੇਲੇ ਨੀਂਦ ਆ ਜਾਣੀ | 1984 ਵਿਚ ਮੇਰੀ ਬਦਲੀ ਅੰਮਿ੍ਤਸਰ ਦੀ ਹੋ ਗਈ | ਫਿਰ ਆਪਣੀ ਤੇ ਭਰਾਵਾਂ ਦੀ ਅਜਿਹੀ ਕਬੀਲਦਾਰੀ ਵਿਚ ਉਲਝੇ ਕਿ ਨਾਨਕੇ ਤੇ ਨਾਨਕਾ ਪਿੰਡ ਸੁਪਨੇ ਵਿਚ ਹੀ ਚੇਤੇ ਆਉਂਦੇ ਹਨ | ਹੁਣ 70 ਸਾਲ ਬਾਅਦ ਵੀ ਨਾਨਕੇ ਘਰ ਤੇ ਪਿੰਡ ਮਾਣੀਆਂ ਮੌਜਾਂ ਅਤੇ ਨਾਨਕਿਆਂ ਦੇ ਪਿੰਡ ਨੂੰ ਜਾਣ ਵਾਲੀਆਂ ਬੱਸਾਂ ਦਾ ਸਫਰ ਜਦੋਂ ਯਾਦ ਆਉਂਦਾ ਹੈ ਤਾਂ ਅੱਖਾਂ ਭਰ ਆਉਂਦੀਆਂ ਹਨ |

-ਪਿੰਡ ਸ਼ਾਹਬਾਦ, ਤਹਿ: ਬਟਾਲਾ, ਜ਼ਿਲ੍ਹਾ ਗੁਰਦਾਸਪੁਰ |
ਮੋਬਾਈਲ : 98723-51838

Ad Position 22
No active advertisement
ਪਿਛਲੀ ਖ਼ਬਰ 12-07-26 ਅਗਲੀ ਖ਼ਬਰ ਮੈਂ ਕਮਲਾ ਕਿ ਇਹ ਵੀ ਕਮਲੇ <br/>
Ad Position 24
No active advertisement