ਅਸੀਂ ਸਭ ਨੇ ਆਪਣੇ ਪਿੰਡ, ਸ਼ਹਿਰ ਜਾਂ ਆਲੇ-ਦੁਆਲੇ ਕਦੇ ਨਾ ਕਦੇ ਕੋਈ ਅਜਿਹਾ ਬੰਦਾ ਜ਼ਰੂਰ ਦੇਖਿਆ ਹੋਵੇਗਾ ਜੋ ਆਪਣੇ-ਆਪ ਹੀ ( ਇਕੱਲਾ) ਹੀ ਗੱਲਾਂ ਕਰਦਾ ਤੇ ਹੱਸਦਾ ਰਹਿੰਦਾ ਹੈ | ਇਸ ਤਰ੍ਹਾਂ ਦੇ ਬੰਦੇ ਨੂੰ ਆਮ ਭਾਸ਼ਾ ਵਿਚ ਲੋਕ ਕਮਲਾ ਕਹਿ ਦਿੰਦੇ ਹਨ | ਥੋੜ੍ਹੇ ਦਿਨ ਪਹਿਲਾਂ ਦੀ ਗੱਲ ਹੈ ਮੈਂ ਕਿਸੇ ਸਰਕਾਰੀ ਕੰਮ ਲਈ ਆਪਣੀ ਟੀਮ ਨਾਲ ਬਾਹਰ ਗਿਆ ਹੋਇਆ ਸੀ ਤੇ ਅਸੀਂ ਖਾਣਾ ਖਾਣ ਲਈ ਇਕ ਢਾਬੇ 'ਤੇ ਰੁਕੇ | ਕੁਰਸੀਆਂ/ਮੇਜ਼ 'ਤੇ ਬੈਠ ਕੇ ਕਈ ਲੋਕ ਰੋਟੀ ਖਾ ਰਹੇ ਸਨ | ਅਸੀਂ ਵੀ ਬਾਹਰ ਹੀ ਬੈਠ ਕੇ ਖਾਣੇ ਦਾ ਆਰਡਰ ਕਰ ਖਾਣੇ ਦਾ ਇੰਤਜ਼ਾਰ ਕਰਨ ਲੱਗੇ |
ਇਹ ਢਾਬਾ ਬਿਲਕੁਲ ਮੋੜ 'ਤੇ ਸੀ, ਮੈਂ ਸੜਕ ਦੀ ਰੌਣਕ ਦੇਖਣ ਲਈ ਸੜਕ ਵੱਲ ਮੰੂਹ ਕਰਕੇ ਬਹਿ ਗਿਆ | ਇਨੇ ਨੂੰ ਮੇਰੀ ਨਜ਼ਰ ਢਾਬੇ ਦੇ ਸਾਹਮਣੇ ਇਕ ਗੁੱਠ ਵਿਚ ਬੈਠੇ ਇਕ ਵਿਅਕਤੀ 'ਤੇ ਪਈ, ਜੋ ਆਪ ਹੀ ਬੋਲੀ ਜਾ ਰਿਹਾ ਸੀ ਤੇ ਆਉਣ ਜਾਣ ਵਾਲਿਆਂ ਵੱਲ ਬੜੀ ਗੌਰ ਨਾਲ ਝਾਕ ਰਿਹਾ ਸੀ | ਉਸ ਦੇ ਪਾਏ ਕੱਪੜੇ ਵੀ ਬਹੁਤ ਮੈਲੇ ਸਨ, ਨਾਲ ਦੇ ਮੁਲਾਜ਼ਮ ਤੋਂ ਉਸ ਬੰਦੇ ਬਾਰੇ ਪੱਛਿਆ ਤਾਂ ਉਸ ਨੇ ਗਾਲ੍ਹ ਕੱਢ ਕੇ ਕਿਹਾ ਕਿ ਇਹ ਕਮਲਾ ਹੈ ਤੇ ਕਿੱਲ੍ਹ ਕੇ ਉਸ ਨੂੰ ਦੂਰ ਜਾਣ ਲਈ ਕਿਹਾ, ਪਰ ਉਹ ਉਥੇ ਹੀ ਬੈਠਾ ਰਿਹਾ | ਇੰਨੇ ਨੂੰ ਸਾਡੀ ਰੋਟੀ ਵੀ ਆ ਗਈ, ਪਰ ਮੇਰਾ ਧਿਆਨ ਅਜੇ ਵੀ ਉਸ ਆਦਮੀ 'ਤੇ ਹੀ ਟਿਕਿਆ ਹੋਇਆ ਸੀ |
ਇਸ ਢਾਬੇ ਦੇ ਨਾਲ ਹੀ ਸ਼ਾਇਦ ਕਿਸੇ ਕੰਪਨੀ ਦਾ ਦਫਤਰ ਸੀ ਤੇ ਲੰਚ ਹੋਣ ਕਾਰਨ ਕਈ ਮੁੰਡੇ ਕੁੜੀਆਂ ਵੀ ਢਾਬੇ 'ਤੇ ਰੋਟੀ ਖਾਣ ਲਈ ਆਏ ਹੋਏ ਸਨ | ਉਨ੍ਹਾਂ ਵਿਚੋਂ ਕੁਝ ਕੁ ਰੋਟੀ ਖਾ ਰਹੇ ਸਨ ਤੇ ਕੁਝ ਕੁ ਅਜੇ ਰੋਟੀ ਦਾ ਆਰਡਰ ਕਰ ਰਹੇ ਸਨ, ਉਨ੍ਹਾਂ ਮੁੰਡੇ-ਕੁੜੀਆਂ ਵਿਚ ਜ਼ਿਆਦਾਤਰ ਤੇ ਬਲੂਟੁੱਥ ਹੈਾਡਸੈੱਟ ਮੋਬਾਈਲ ਨਾਲ ਲਿੰਕ ਕਰਕੇ ਲਗਾਏ ਹੋਏ ਸੀ ਤੇ ਰੋਟੀ ਖਾਂਦੇ ਹੋਏ ਵੀ ਇਕੱਲੇ ਹੀ ਗੱਲਾਂ ਕਰੀ ਜਾ ਰਹੇ ਸਨ |
ਮੇਰੀ ਨਜ਼ਰ ਫਿਰ ਉਸ ਢਾਬੇ ਦੀ ਇਕ ਗੁੱਠ ਵਿਚ ਬੈਠੇ ਕਮਲੇ ਵਿਅਕਤੀ 'ਤੇ ਪਈ ਤੇ ਮੈਂ ਦੇਖਿਆ ਕਿ ਉਹ ਬੜੇ ਧਿਆਨ ਨਾਲ ਹੈੱਡਫੋਨ ਲਾਉਣ ਵਾਲੇ, ਉਨ੍ਹਾਂ ਮੁੰਡੇ-ਕੁੜੀਆਂ ਨੂੰ ਦੇਖ ਰਿਹਾ ਸੀ, ਜੋ ਇਕੱਲੇ ਹੀ ਗੱਲਾਂ ਕਰੀ ਜਾ ਰਹੇ ਸਨ | ਉਨ੍ਹਾਂ ਮੁੰਡੇ-ਕੁੜੀਆਂ ਨੂੰ ਦੇਖਦੇ-ਦੇਖਦੇ ਉਸ ਨੇ ਹੱਥ ਜੋੜੇ ਤੇ ਅਸਮਾਨ ਵੱਲ ਨੂੰ ਮੰੂਹ ਕੀਤਾ | ਉਸ ਦਾ ਅਜਿਹਾ ਕਰਨਾ ਦੇਖ ਕੇ ਮੈਨੂੰ ਇਵੇਂ ਲੱਗਿਆ ਜਿਵੇਂ ਉਹ ਰੱਬ ਨੂੰ ਪੁੱਛ ਰਿਹਾ ਹੋਵੇ ਕਿ ਰੱਬਾ ਮੈਨੂੰ ਇਹ ਦੱਸ ਕਿ ਮੈਂ ਇਕੱਲਾ ਹੀ ਕਮਲਾ ਹਾਂ ਜਾਂ ਇਹ ਵੀ ਕਮਲੇ ਹਨ?
-ਮੋਬਾਈਲ : 99063-81482