ਕਾਵਿ-ਬੁੁਝਾਰਤਾਂ
ਬੁੱਝੋ ਬੱਚਿਓ
ਲੇਖਕ : ਰਵਿੰਦਰ ਰੁੁਪਾਲ ਕੌਲਗੜ੍ਹ
ਪ੍ਰਕਾਸ਼ਕ : ਨੈਸ਼ਨਲ ਬੁੁੱਕ ਸ਼ਾਪ, ਦਿੱਲੀ
ਮੁੱਲ : 140 ਰੁੁਪਏ, ਸਫ਼ੇ : 48
ਸੰਪਰਕ : 93162-88955

ਪੰਜਾਬੀ ਲੋਕ-ਸਾਹਿਤ ਵਿਚ ਬੁੁਝਾਰਤਾਂ ਦੀ ਆਪਣੀ ਅਹਿਮੀਅਤ ਹੈ ਜਿਸ ਨੂੰ ਬਾਲ-ਸਾਹਿਤ ਦੇ ਖਿੱਤੇ ਵਿਚ ਵਿਸ਼ੇਸ਼ ਸਵੀਕ੍ਰਿਤੀ ਹਾਸਿਲ ਹੈ। ਮੁੱਢ ਕਦੀਮ ਤੋਂ ਇਹ ਵੰਨਗੀ ਲੋਕ-ਮਨਾਂ ਦੇ ਮਨੋਰੰਜਨ ਦਾ ਵਸੀਲਾ ਹੋਣ ਦੇ ਨਾਲ-ਨਾਲ ਵਿਵੇਕ ਅਤੇ ਬੁੱਧੀ-ਪ੍ਰੀਖਿਆ ਦੇ ਮਾਧਿਅਮ ਵਜੋਂ ਵੀ ਸਮੁੱਚੇ ਵਿਸ਼ਵ ਵਿਚ ਪ੍ਰਸਿੱਧ ਹੈ। ਜਾਣੇ-ਪਛਾਣੇ ਤੇ ਪੁੁਰਾਣੇ ਲੇਖਕ ਰਵਿੰਦਰ ਰੁੁਪਾਲ ਕੌਲਗੜ੍ਹ ਨੇ ਵੰਨ-ਸੁੁਵੰਨੇ ਵਿਸ਼ਿਆਂ ਦੀ ਆਪਣੀ ਸਿਰਜਣਾਤਮਿਕ ਊਰਜਾ ਨਾਲ ਕਵਿਤਾਵਾਂ ਦੀ ਤਖ਼ਲੀਕ ਕੀਤੀ ਹੈ। ਇਹ ਕਾਵਿ-ਬੁੁਝਾਰਤਾਂ ਬੜੇ ਸੰਖੇਪ ਅੰਦਾਜ਼ ਵਿਚ ਬਾਲ-ਮਨਾਂ ਦੀ ਹਾਣੀ ਬਣਦੀਆਂ ਹਨ। ਆਪਣੀ ਲਾਡਲੀ ਪੋਤੀ ਜਸਗੁੁਣਪ੍ਰੀਤ ਕੌਰ ਨੂੰ ਸਮਰਪਿਤ ਇਸ ਪੁੁਸਤਕ ਵਿਚ ਕਵੀ ਰੁੁਪਾਲ ਬੁਝਾਰਤ ਵਿਚਲੀ ਸੰਬੰਧਿਤ ਵਸਤੂ ਦੇ ਗੁੁਣ-ਔਗੁੁਣ ਅਤੇ ਲੱਛਣਾਂ ਨੂੰ ਚਿਤਾਰਦਾ ਹੋਇਆ ਉਸ ਦੇ ਸਮਾਜਿਕ ਜਾਂ ਪ੍ਰਕ੍ਰਿਤਕ ਮਹੱਤਵ ਨੂੰ ਵੀ ਦਰਸਾਉਂਦਾ ਹੈ। ਇਨ੍ਹਾਂ ਕਾਵਿ ਬੁਝਾਰਤਾਂ ਵਿਚ ਕਲਪਨਾ ਦੇ ਤੱਤਾਂ ਤੋਂ ਇਲਾਵਾ ਤਰਕਮਈ ਸੋਚ ਵੀ ਸ਼ਾਮਿਲ ਹੈ। ਇਨ੍ਹਾਂ 18 ਕਾਵਿ-ਬੁੁਝਾਰਤਾਂ ਵਿਚ ਸੰਬੰਧਿਤ ਵਸਤੂ ਉੱਤਮ-ਪੁੁਰਖੀ ਸ਼ੈਲੀ ਵਿਚ ਅਰਥਾਤ ਆਪਣੇ ਵਲੋਂ ਬਾਲ ਪਾਠਕਾਂ ਨੂੰ ਸੰਬੋਧਿਤ ਹੁੰਦੀ ਹੈ। ਬੁਝਾਰਤ ਸੰਬੰਧੀ ਵਸਤੂ ਆਪਣੇ ਇਤਿਹਾਸਕ ਪਰਿਪੇਖ ਨੂੰ ਵੀ ਉਘਾੜਦੀ ਹੈ। ਮਿਸਾਲ ਵਜੋਂ 'ਸੜਕ' ਸੰਬੰਧੀ ਬੁੁਝਾਰਤ ਦੀਆਂ ਸਤਰਾਂ ਹਨ :
ਸ਼ੁੁਰੂ ਕੀਤਾ ਮੈਨੂੰ ਸ਼ੇਰ ਸ਼ਾਹ ਸੂਰੀ
ਲੰਮੇ ਸਮੇਂ ਵਿਚ ਹੋਈ ਹਾਂ ਪੂਰੀ (ਪੰਨਾ 3)
ਛੋਟੀ ਬਹਿਰ ਵਿਚ ਲਿਖੀਆਂ ਹੋਣ ਕਾਰਨ ਸਮੁੱਚੀਆਂ ਬੁੁਝਾਰਤਾਂ ਬਾਲ-ਪਾਠਕਾਂ ਲਈ ਪੜ੍ਹਨ ਤੇ ਉਨ੍ਹਾਂ ਦੇ ਉੱਤਰ ਦੀ ਤਲਾਸ਼ ਕਰਨ ਲਈ ਸਹਿਜ ਤੇ ਸੌਖ ਪੈਦਾ ਕਰਦੀਆਂ ਹਨ। ਪਾਠਕ ਬੁਝਾਰਤ ਦੀਆਂ ਆਰੰਭਕ ਸਤਰਾਂ ਪੜ੍ਹਦਿਆਂ ਸਾਰ ਹੀ ਆਪਣੀ ਅਕਲ ਦਾ ਘੋੜਾ ਦੌੜਾਉਣਾ ਸ਼ੁਰੂ ਕਰ ਦਿੰਦਾ ਹੈ। ਇਹ ਮੌਲਿਕ ਬੁੁਝਾਰਤਾਂ ਜਿੱਥੇ ਬੱਚਿਆਂ ਦੇ ਵਸਤੂ-ਗਿਆਨ ਵਿਚ ਇਜ਼ਾਫ਼ਾ ਕਰਦੀਆਂ ਹਨ ਉਥੇ ਉਨ੍ਹਾਂ ਨੂੰ ਕਾਵਿ-ਰਸ ਨਾਲ ਅਨੰਦਿਤ ਕਰਦੀਆਂ ਹੋਈਆਂ ਮਾਤ-ਭਾਸ਼ਾ ਨਾਲ ਵੀ ਜੋੜਦੀਆਂ ਹਨ। ਹਰ ਕਾਵਿ-ਬੁੁਝਾਰਤ ਦੇ ਪਿਛਲੇ ਪਾਸੇ ਮਨਦੀਪ ਸਿੰਘ ਵਲੋਂ ਬਣਾਏ-ਚਿੱਤਰ ਦਰਸਾਏ ਗਏ ਹਨ। ਕਾਵਿ-ਬੁੁਝਾਰਤਾਂ ਤੋਂ ਇਲਾਵਾ ਪੁੁਸਤਕ ਦੇ ਅੰਤ ਵਿਚ ਚਾਰ ਬਾਲ-ਕਵਿਤਾਵਾਂ 'ਪਿਆਰੀ ਤਿਤਲੀ', 'ਫਲਾਂ ਦਾ ਮੇਲਾ', 'ਪਿਆਰੇ ਫੁੱਲ' ਅਤੇ 'ਰੁੱਖ' ਵੀ ਅੰਕਿਤ ਹਨ। ਚੰਗਾ ਹੁੰਦਾ, ਜੇਕਰ ਇਨ੍ਹਾਂ ਨਾਲ ਵੀ ਸੰਬੰਧਿਤ ਚਿੱਤਰ ਉਲੀਕੇ ਜਾਂਦੇ। ਖ਼ੈਰ..।
ਇਹ ਪੁਸਤਕ 8 ਤੋਂ 12 ਸਾਲਾਂ ਦੇ ਬਾਲ ਪਾਠਕ ਵਰਗ ਲਈ ਵਿਸ਼ੇਸ਼ ਤੌਰ 'ਤੇ ਉਪਯੋਗੀ ਹੈ ਅਤੇ ਦਿਲਚਸਪੀ ਨਾਲ ਭਰਪੂਰ ਹੈ। ਛੋਟੇ ਆਕਾਰ ਦੀ ਹੋਣ ਦੇ ਬਾਵਜੂਦ ਵੀ ਇਸ ਪੁਸਤਕ ਵਿਚ ਗਹਿਰੇ ਅਰਥ ਸਮੋਏ ਹੋਏ ਹਨ। 'ਰੁਪਾਲ' ਤੋਂ ਅਜਿਹੀਆਂ ਹੋਰ ਮਿਆਰੀ ਤੇ ਮੌਲਿਕ ਬਾਲ ਪੁਸਤਕਾਂ ਦੀ ਉਮੀਦ ਹੈ।
-ਡਾ. ਦਰਸ਼ਨ ਸਿੰਘ 'ਆਸ਼ਟ'
ਮੋਬਾਈਲ : 98144-23703
ਤਾਈ ਮੋਰਨੀ
ਲੇਖਕ : ਰਮੇਸ਼ ਕੁਮਾਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 295 ਰੁਪਏ, ਸਫ਼ੇ : 156
ਸੰਪਰਕ : 094160-61061

ਪੁਸਤਕ ਲੇਖਕ ਨੇ 15 ਕਾਵਿ-ਸੰਗ੍ਰਹਿ, 2 ਕਹਾਣੀ ਸੰਗ੍ਰਹਿ, ਆਲੋਚਨਾ, ਜੀਵਨੀ, ਅਨੁਵਾਦ ਤੇ ਸੰਪਾਦਨਾ ਦੀਆਂ ਕੁੱਲ 25 ਕਿਤਾਬਾ ਲਿਖ ਕੇ ਪੰਜਾਬੀ ਸਾਹਿਤ ਵਿਚ ਜ਼ਿਕਰਯੋਗ ਸਥਾਨ ਹਾਸਿਲ ਕੀਤਾ ਹੈ। ਯਮੁਨਾ ਨਗਰ (ਹਰਿਆਣਾ) ਵਾਸੀ ਲੇਖਕ ਰਮੇਸ਼ ਕੁਮਾਰ ਦੀ ਹਥਲੀ ਚਰਚਿਤ ਕਿਤਾਬ ਦੇ ਦੋ ਭਾਗ ਹਨ। ਪਹਿਲੇ ਭਾਗ ਵਿਚ ਲੇਖਕ ਆਪਣੇ ਬਚਪਨ ਦੇ ਕੁਝ ਸਾਦ ਮੁਰਾਦੇ ਪਾਤਰਾਂ ਦੇ ਸ਼ਬਦ ਚਿੱਤਰ ਲਿਖ ਕੇ ਪੁਰਾਣੇ ਪੰਜਾਬ ਦੀ ਵਿਰਾਸਤ ਰਹਿਣ-ਸਹਿਣ ਤੇ ਜੀਵਨ ਦੇ ਸਹਿਜ ਵਰਤਾਰੇ ਨੂੰ ਸੁਹਜਮਈ ਸ਼ੈਲੀ ਵਿਚ ਰੂਪਮਾਨ ਕਰਦਾ ਹੈ। ਲੇਖਕ ਦਾ ਸਾਰਾ ਬਚਪਨ ਇਹੋ ਜਿਹੇ ਲੋਕਾਂ ਵਿਚ ਬੀਤਿਆ ਹੈ ਤੇ ਯਾਦਾਂ ਦੀ ਸਿਮਰਤੀ ਵਿਚ ਭਿੱਜ ਕੇ ਸਾਧਾਰਨ ਜ਼ਿੰਦਗੀ ਜਿਊਂਦੇ ਲੋਕਾਂ ਦੀ ਸ਼ਖ਼ਸੀਅਤ ਨੂੰ ਸ਼ਬਦੀ ਰੂਪ ਦੇ ਕੇ ਬੀਤੇ ਸਮੇਂ ਦਾ ਸੱਚ ਸਾਹਮਣੇ ਲਿਆਂਦਾ ਹੈ। ਇਨ੍ਹਾਂ ਪਾਤਰਾਂ ਦੇ ਲੋਕ ਰੰਗ ਵਾਲੇ ਨਾਵਾਂ ਦੇ ਆਧਾਰਿਤ ਸਿਰਲੇਖ ਹਨ। ਤਾਈ ਮੋਰਨੀ ਇਨ੍ਹਾਂ ਪਾਤਰਾਂ ਵਿਚੋਂ ਇਕ ਹੈ, ਜਿਸ ਦੇ ਸ਼ਬਦ ਚਿੱਤਰ ਦਾ ਪਹਿਲਾ ਵਾਕ ਹੈ-ਤਾਈ ਮੋਰਨੀ ਸਾਡੀ ਗਲੀ ਦੀ ਤਾਈ ਸੀ। ਫੇਰ ਤਾਈ ਮੋਰਨੀ ਦੀ ਸਰੀਰ ਦੀ ਦਿਖ, ਵੇਖਣੀ, ਬੱਚਿਆਂ ਨਾਲ ਵਰਤਾਰਾ, ਪਿੰਡ ਨਾਲ ਪਿਆਰ ਮੁਹੱਬਤ ਤੇ ਹੋਰ ਕਈ ਕੁਝ ਹੈ। ਕਿਤਾਬ ਦਾ ਦੂਸਰਾ ਭਾਗ ਸਾਹਿਤਕ ਪਾਠਕਾਂ ਲਈ ਹੁਸੀਨ ਵਰਕੇ ਹਨ। ਕਵੀ ਨੂੰ ਬਚਪਨ ਤੋਂ ਕਵਿਤਾ ਦਾ ਸ਼ੋਕ ਸੀ। ਆਪਣੇ ਮੁਢਲੇ ਦਿਨਾਂ ਨੂੰ ਲੇਖਕ ਯਾਦ ਕਰਦਾ ਹੈ (ਪੰਜਵੀਂ ਕੰਧ) ਇਸ ਭਾਗ ਵਿਚ ਲੇਖ 'ਪੂਰੀ ਕੈਂਚੀ', 'ਪ੍ਰੈੱਸ ਵਾਲਾ ਮੁੰਡਾ' ਵਿਚ ਸਾਹਿਤਕ ਸਮਾਗਮਾਂ ਦੀ ਝਲਕ ਹੈ। ਆਪਣੀ ਭੂਆ ਨੂੰ ਲੇਖਕ ਯਾਦ ਕਰਦਾ ਹੈ। 'ਨਾਗਮਣੀ' ਵਿਚ ਕਵਿਤਾ ਭੇਜਣ ਪਿੱਛੋਂ, ਅੰਮ੍ਰਿਤਾ ਪ੍ਰੀਤਮ ਦੇ ਆਏ ਦੋ ਸਤਰੀ ਖਤ ਨੂੰ ਲੇਖਕ ਸਾਂਭ ਕੇ ਰੱਖਦਾ ਹੈ। ਦਿੱਲੀ ਦੇ ਪ੍ਰਸਿਧ ਸ਼ਾਇਰ ਡਾ. ਹਰਭਜਨ ਸਿੰਘ ਦੇ ਘਰ ਜਾ ਕੇ ਵਾਰਤਕ ਲਿਖਣ ਦਾ ਇਕਰਾਰ ਕਰਦਾ ਹੈ। ਵਾਰਤਕ ਟੋਟਾ ਲਿਖਕੇ ਡਾ. ਸਾਹਿਬ ਨੂੰ ਭੇਜਦਾ ਹੈ। ਅੰਮ੍ਰਿਤਾ ਪ੍ਰੀਤਮ ਲੇਖਕ ਦੇ ਸ਼ਹਿਰ ਵਿਚ ਸਨਮਾਨ ਸਮਾਗਮ ਵਿਚ ਆਉਂਦੀ ਹੈ। ਪਰ ਅਣਜਾਣ ਪ੍ਰਬੰਧਕ ਸਮਾਂ ਨਹੀਂ ਦਿੰਦੇ। ਸਨਮਾਨ ਤਾਂ ਕੀ ਕਰਨਾ ਸੀ। ਲੇਖਕ ਸਮਾਂ ਸੰਭਾਲਦਾ ਹੈ ਤੇ ਆਪਣੇ ਤੌਰ 'ਤੇ ਅੰਮ੍ਰਿਤਾ ਇਮਰੋਜ਼ ਦੇ ਨਾਲ ਜਾਂਦਾ ਹੈ। ਸਾਰਾ ਬਿਰਤਾਂਤ ਦਿਲਚਸਪ ਹੈ। ਇਸ ਭਾਗ ਵਿਚ ਰਚਨਾਵਾਂ ਗਿਆਨੀ ਜ਼ੈਲ ਸਿੰਘ ਦੇ ਵਿਹੜੇ, ਇਕਬਾਲ ਜੰਕਸ਼ਨ, ਅਮਰਜੀਤ ਸਿੰਘ ਕਾਂਗ ਸਾਹਿਤਕ ਰਸ ਵਾਲੀਆਂ ਵਧੀਆ ਲਿਖਤਾਂ ਹਨ। ਵਿਲੱਖਣ ਸ਼ੈਲੀ ਤੇ ਸੋਹਣੇ ਟਾਈਟਲ ਵਾਲੀ ਵਾਰਤਕ ਪੁਸਤਕ ਦਾ ਨਿੱਘਾ ਸਵਾਗਤ ਹੈ।
-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160
ਕਦੇ ਜਾਪੇ...
ਲੇਖਿਕਾ : ਅਨੀਤਾ 'ਨਵ' ਵਸ਼ਿਸ਼ਟ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ।
ਮੁੱਲ : 200 ਰੁਪਏ, ਸਫ਼ੇ : 71
ਸੰਪਰਕ : 83602-29006

'ਕਦੇ ਜਾਪੇ' ਪੁਸਤਕ ਲੇਖਿਕਾ ਅਨੀਤਾ 'ਨਵ' ਵਸ਼ਿਸ਼ਟ ਦਾ ਕਾਵਿ-ਸੰਗ੍ਰਹਿ ਹੈ। ਇਸ ਹੱਥਲੀ ਪੁਸਤਕ 'ਚ ਉਸ ਦੀਆਂ 45 ਕਾਵਿ-ਰਚਨਾਵਾਂ ਸ਼ਾਮਿਲ ਹਨ। ਲੇਖਿਕਾ ਅਨੁਸਾਰ ਇਹ ਕਵਿਤਾਵਾਂ ਉਸ ਦੇ ਜਜ਼ਬਾਤਾਂ, ਖਿਆਲਾਂ, ਵਿਚਾਰਾਂ ਤੇ ਮਨੋਦਸ਼ਾ ਦਾ ਪ੍ਰਗਟਾਵਾ ਹਨ। ਇਨ੍ਹਾਂ ਕਵਿਤਾਵਾਂ 'ਚ ਅਜੋਕੇ ਸਮਾਜ 'ਚ ਪੁੱਤਰ ਅਤੇ ਧੀ ਦੇ ਵਿਚਕਾਰ ਪਾਏ ਸਮਾਜਿਕ ਪਾੜੇ ਦੀ ਡਾਹਢੀ ਚੀਸ ਹੈ ਜੋ ਸਮਾਜ ਨੂੰ ਨਿਹੋਰਾ ਮਾਰਦੀ ਜਾਪਦੀ ਹੈ :
ਜਨਮ ਸੀ ਜਾਂ ਮਾਤਮ ਮੇਰਾ,
ਸਮਝ ਤਾਂ ਨਾ ਪਾਈ ।
ਹਰ ਪਾਸੇ ਪਰ ਸੀ,
ਘਰ 'ਚ ਗ਼ਮ ਦੀ ਪਰਛਾਈ।
ਮਾਂ ਮੇਰੀ ਨੇ ਪੁੱਤ ਦੀ ਆਸ ਸੀ ਲਗਾਈ।
ਹੁਣ ਉਹਦੇ ਫਰਲ ਫਰਲ ਵਗਦੇ ਹੰਝੂ ਰੋਕ ਨਾ ਪਾਈ। ਪੰਨਾ : 12
ਇਨ੍ਹਾਂ ਕਵਿਤਾਵਾਂ 'ਚ ਸੱਚੀ ਤੇ ਸੁੱਚੀ ਮੁਹੱਬਤ ਦੀ ਤੜਪ ਵੀ ਹੈ। ਮਾਂ ਦੀ ਮਮਤਾ ਦਾ ਨਿੱਘ ਲੇਖਿਕਾ ਨੂੰ ਵੱਖਰਾ ਸਕੂਨ ਦਿੰਦਾ ਹੈ। ਕਦੇ ਬੇਮੌਸਮੀ ਖੁਆਬ ਉਸਨੂੰ ਬੇਚੈਨ ਕਰਦੇ ਵੀ ਪ੍ਰਤੀਤ ਹੁੰਦੇ ਹਨ :
ਪਾਤਰ ਤਾਂ ਸਭ ਉਹ ਹੀ ਨੇ,
ਕਿਰਦਾਰ ਬਦਲਦੇ ਰਹੇ।
ਕਦੇ ਬਣੇ ਦੁਸ਼ਮਣ ਤੇ
ਕਦੇ ਦਿਲਦਾਰ ਬਣਦੇ ਰਹੇ।
ਖੇਡ ਵੀ ਆਪਣੀ ਨਹੀਂ,
ਖਿਡਾਰੀ ਵੀ ਆਪਣੇ ਨਹੀਂ,
ਕਦੇ ਮੇਰੇ ਵੱਲ ਤੇ
ਕਦੇ ਮੇਰੇ ਨਾਲ ਲੜਦੇ ਰਹੇ। ਪੰਨਾ : 37
ਕੰਮ-ਕਾਜੀ ਔਰਤਾਂ ਦੀਆਂ ਰੋਜ਼ਮਰ੍ਹਾ ਦੀਆਂ ਜ਼ਿੰਮੇਵਾਰੀਆਂ ਦੇ ਬੋਝ ਦੀ ਪੀੜਾ ਉਸ ਦੀ ਕਵਿਤਾ 'ਚ ਪ੍ਰਤੱਖ ਝਲਕਦੀ ਹੈ। ਝੂਠੇ ਅਤੇ ਫਰੇਬੀ ਲੋਕਾਂ ਤੋਂ ਉਸ ਨੂੰ ਸਖ਼ਤ ਘ੍ਰਿਣਾ ਹੈ। ਉਸ ਦੀ ਕਵਿਤਾ 'ਚ ਸਮਾਜ ਦੀਆਂ ਭੈੜੀਆਂ ਸਮਾਜਿਕ ਕੁਰੀਤੀਆਂ ਖ਼ਿਲਾਫ਼ ਡਾਹਢਾ ਵਿਦਰੋਹ ਉਮੜਦਾ ਹੈ। ਇਸ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਵਿਸ਼ਾ-ਵਸਤੂ ਅਤੇ ਰੂਪਕ ਪੱਖ ਤੋਂ ਜਿੱਥੇ ਮਜ਼ਬੂਤ ਹਨ, ਉਥੇ ਕਾਵਿਕ ਰਵਾਨਗੀ ਇਨ੍ਹਾਂ ਕਾਵਿ ਰਚਨਾਵਾਂ ਨੂੰ ਹੋਰ ਵੀ ਰਸਮਈ ਬਣਾਉਂਦੀ ਹੈ। ਲੇਖਿਕਾ ਅਨੀਤਾ 'ਨਵ' ਵਸ਼ਿਸ਼ਟ ਦੀ ਇਸ ਹਥਲੀ ਕਾਵਿ ਪੁਸਤਕ ਦਾ ਭਰਵਾਂ ਸਵਾਗਤ ਕਰਨਾ ਬਣਦਾ
-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625
ਕੰਮ ਕਰਨ ਦੇ ਮਸਲੇ
ਲੇਖਕ : ਡਾ. ਨਰਿੰਦਰ ਸਿੰਘ ਕਪੂਰ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 157
ਸੰਪਰਕ :0172-5027427

ਪੰਜਾਬੀ ਨਿਬੰਧਕਾਰੀ ਦੇ ਖੇਤਰ ਵਿਚ ਡਾ. ਨਰਿੰਦਰ ਸਿੰਘ ਕਪੂਰ ਦਾ ਕੋਈ ਸਾਨੀ ਨਹੀਂ। ਡਾ. ਕਪੂਰ ਨੇ ਆਪਣੇ ਲੇਖ-ਸੰਦਖਗਿ ਕਟ ਤੇ ਇਤ ਵਿਸ਼ਾਸ-ਗਿਆਨ ਦੀ ਪੈੜ ਸਿਰਜੀ। ਉਸ ਕੋਲ ਬਹੁਤ ਸਾਧਾਰਨ ਵਿਸ਼ੇ ਨੂੰ ਮਹੱਤਵਪੂਰਨ ਬਣਾਉਣ ਦੀ ਸ਼ੈਲੀਗਤ ਜੁਗਤ ਹੈ। 'ਕੰਮ ਕਰਨ ਦੇ ਮਸਲੇ' ਲੇਖ-ਸੰਗ੍ਰਹਿ ਦਾ ਸਾਰ-ਅੰਸ਼ ਉਨ੍ਹਾਂ ਦੇ ਸ਼ਬਦਾਂ ਵਿਚ ਸਮਝਿਆ ਜਾ ਸਕਦਾ : ''ਜਿਹੜੇ ਵਿਅਕਤੀ, ਪਰਿਵਾਰ ਅਤੇ ਸਮਾਜ, ਮਿਹਨਤ (ਕੰਮ) ਵਿਚੋਂ ਨਹੀਂ ਲੰਘਦੇ, ਉਨ੍ਹਾਂ ਦੀ ਪਛਾਣ ਨਹੀਂ ਉਪਜਦੀ, ਉਹ ਪ੍ਰਭਾਵਿਤ ਨਹੀਂ ਕਰਦੇ।'' ਲੇਖਕ ਦਾ ਪੱਕਾ ਨਿਸ਼ਚਾ ਇਹ ਹੈ ਕਿ ਕੰਮ ਦੀ ਸਹੀ ਚੋਣ ਅਤੇ ਕੰਮ ਪ੍ਰਤੀ ਲਗਨ, ਦ੍ਰਿੜ੍ਹਤਾ ਤੇ ਸੁਹਿਰਦਤਾ ਹੀ ਜੀਵਨ ਦੇ ਉਦੇਸ਼ ਨੂੰ ਉਜਵਲ ਕਰ ਸਕਦੀ। ਹਥਲੇ ਲੇਖ ਸੰਗ੍ਰਹਿ ਨੂੰ ਪੜ੍ਹ ਕੇ ਇਹ ਕਿਹਾ ਜਾ ਸਕਦਾ ਹੈ ਕਿ ਪੜ੍ਹਨਾ, ਲਿਖਣਾ, ਬੋਲਣਾ ਤੇ ਗਿਆਨ ਪ੍ਰਾਪਤ ਕਰਨ ਲਈ ਡਾ. ਕਪੂਰ ਦੇ ਸ਼ਬਦ-ਸੰਸਾਰ ਦਾ ਪਾਠਨ ਕੀਤਾ ਜਾਵੇ। ਵਿਗਿਆਨਕ-ਸੋਚ, ਆਧੁਨਿਕਤਾ ਅਤੇ ਸਵੈ-ਵਿਸ਼ਵਾਸ ਨਾਲ ਜਿਊਣਾ ਆਉਣਾ ਚਾਹੀਦਾ ਹੈ। ਪੁਸਤਕ 'ਚ ਸ਼ਾਮਿਲ 17 ਲੇਖ ਤੁਹਾਨੂੰ ਦੁਨੀਆ ਭਰ ਦੇ ਇਤਿਹਾਸ ਅਤੇ ਯੁੱਗ-ਪਲਟਾਊ ਘਟਨਾਵਾਂ ਦੀ ਜਾਣਕਾਰੀ ਦੇਣ ਵਿਚ ਸਹਾਈ ਹੋਣਗੇ। ਲੇਖਾਂ ਦੀ ਸ਼ੈਲੀ ਸਰਲ, ਰੌਚਿਕ ਤੇ ਟੁੰਬਵੀਂ ਕਥਨਾਂ ਦੇ ਪ੍ਰਵਚਨਾਂ ਵਰਗੀ ਹੈ। ਗੱਲ ਪੈਰ੍ਹਿਆਂ 'ਚ ਨਹੀਂ, ਵਾਕਾਂ ਵਿਚ ਕਹਿਣ ਦੀ ਕਲਾਤਮਿਕਤਾ 'ਚ ਹੈ। ਪਹਿਲਾਂ ਹੀ ਲੇਖ 'ਹੋਰ ਰੁਕਣਾ ਮਨ੍ਹਾਂ ਹੈ' ਜੀਵਨ ਦੇ ਪ੍ਰਗਤੀ ਪੰਧ 'ਤੇ ਤੁਰਨ ਲਈ ਉਕਸਾਉਂਦਾ। 'ਸਿਦਕ, ਸਿਰੜ ਅਤੇ ਦ੍ਰਿੜ੍ਹਤਾ' ਲੇਖ ਤਾਂ ਜੀਵਨ ਦੀ ਸਫ਼ਲਤਾ ਪ੍ਰਾਪਤ ਕਰਨ ਲਈ ਸੁੱਤੇ ਮਨੁੱਖ ਨੂੰ ਜਗਾਉਣ ਲਈ ਪ੍ਰੇਰਨਾਦਾਇਕ ਹੈ। 'ਕੰਮ ਦੀ ਕਰਾਮਾਤ' ਅਤੇ 'ਦੁਨੀਆ ਦਾ ਸਭ ਤੋਂ ਵੱਡਾ ਮੇਲਾ' ਲੇਖਕ ਦੀ ਅਮਰੀਕਾ ਯਾਤਰਾ ਦਾ ਅੱਖੀਂ ਡਿੱਠਾ ਅਤੇ ਅਨੁਭਵ ਕੀਤਾ ਗਿਆਨ ਭਾਰਤ ਵਾਸੀਆਂ ਦੇ ਭਰਮ-ਭੁਲੇਖੇ ਖੋਲ੍ਹਣ ਵਾਲਾ। ਅਮਰੀਕਾ ਦੀ ਕੋਈ ਰੀਸ ਨਹੀਂ। ਉਥੇ ਕੰਮ ਤੋਂ ਬਿਨਾਂ ਹੋਰ ਕੋਈ ਭਗਤੀ-ਪੂਜਾ ਨਹੀਂ। 'ਇੱਕੀਵੀਂ...' ਲੇਖ 'ਚ ਘਟਨਾਵਾਂ ਨੂੰ ਪੜ੍ਹ ਕੇ ਹੀ ਮਾਣਿਆ ਜਾ ਸਕਦਾ। ਦੁਨੀਆ ਭਰ ਦੀਆਂ ਘਟਨਾਵਾਂ ਅੱਖਾਂ ਖੋਲ੍ਹਣ ਵਾਲੀਆਂ ਹਨ। 'ਸ਼ੀਸ਼ਾ ਸਾਹਿਬ' ਤਾਂ ਹੈ ਹੀ ਤੁਹਾਡੀ ਪ੍ਰਤੀਬਿੰਬ ਸ਼ਖ਼ਸੀਅਤ ਤੋਂ ਜਾਣੂ ਕਰਵਾਉਣ ਵਾਲਾ। 'ਪੈਰਿਸ ਕਦੋਂ ਜਾਓਗੇ?' ਲੇਖ ਤੁਹਾਨੂੰ ਪੈਰਿਸ (ਫ਼ਰਾਂਸ) ਦੇ ਦਰਸ਼ਨ ਕਰਵਾਉਣ ਲਈ ਗਾਈਡ ਵਾਂਗ ਕੰਮ ਕਰੇਗਾ। ਇਹ ਪੁਸਤਕ ਪੜ੍ਹਿਆ ਹੀ ਪਤਾ ਲੱਗੇਗਾ ਕਿ ਅਸੀਂ ਆਪਣੀ ਹੋਣੀ ਕਿਵੇਂ ਅਮੀਰ ਤੇ ਖ਼ੁਸ਼ਹਾਲ ਬਣਾ ਸਕਦੇ ਹਾਂ। 'ਦੁਨੀਆ ਦਾ ਸਭ ਤੋਂ ਵੱਡਾ ਮੇਲਾ' ਅਤੇ 'ਕੰਮ ਦੀ ਕਰਾਮਾਤ' ਡਾ. ਕਪੂਰ ਦੀ ਅਮਰੀਕਾ ਦਾ ਸਫ਼ਰਨਾਮਾ', 'ਸੱਚੋ ਸੱਚ' ਜੋ 1990 'ਚ ਛਪੀ, ਉਸ 'ਚੋਂ ਸ਼ਾਮਿਲ ਕੀਤੇ ਗਏ ਹਨ। ਅਮਰੀਕਾ ਬਾਰੇ ਉਹ ਪੁਸਤਕ ਪੜ੍ਹੀ ਜਾ ਸਕਦੀ।
-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900
ਦੋ ਤਕਦੀਰਾਂ
ਲੇਖਕ : ਪ੍ਰਿੰਸ ਗਿੱਲ ਹਰਮਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 64
ਸੰਪਰਕ : gillharman25696@gmail.com

ਲੇਖਕ ਪ੍ਰਿੰਸ ਗਿੱਲ ਹਰਮਨ ਦਾ 64 ਪੰਨਿਆਂ ਦਾ ਛੋਟਾ ਨਾਵਲ 'ਦੋ ਤਕਦੀਰਾਂ' ਉਸ ਨੇ ਆਪਣੀ ਮਾਂ ਸਰਦਾਰਨੀ ਮਨਜੀਤ ਕੌਰ ਨੂੰ ਸਮਰਪਿਤ ਕੀਤਾ ਹੈ। ਨਾਵਲ ਵਿਚ ਉਸ ਨੇ ਮੁੱਖ ਪਾਤਰ ਸ਼ਰਨ ਅਤੇ ਗੁਰੀ ਦੇ ਪਿਆਰ ਦੀ ਚਰਚਾ ਕੀਤੀ ਹੈ। ਸ਼ਰਨ ਦੇ ਸਿਰੋਂ ਉਸ ਦੀ ਮਾਤਾ ਦਾ ਸਹਾਰਾ ਚੁੱਕਿਆ ਜਾਂਦਾ ਹੈ। ਉਸ ਦਾ ਛੋਟਾ ਭਰਾ ਰਮਨ ਪਿਤਾ ਹਰਜਿੰਦਰ ਸਿੰਘ, ਤਿੰਨੋਂ ਮੈਂਬਰਾਂ ਦਾ ਛੋਟਾ ਜਿਹਾ ਪਰਿਵਾਰ ਹੈ। ਹਰਜਿੰਦਰ ਸਿੰਘ ਪਿੰਡ ਦਾ ਦਰਮਿਆਨਾ ਕਿਸਾਨ ਹੈ ਜੋ ਪੰਜ ਸਾਲ ਤੋਂ ਮਾਂ ਵਿਹੁਣੇ ਬੱਚੇ ਪਾਲ ਰਿਹਾ ਹੈ। ਉਸ ਦਾ ਸੁਭਾਅ ਬੜਾ ਸਾਊ ਤੇ ਨਿੱਘਾ ਹੈ। ਉਹ ਵਾਰ-ਵਾਰ ਸ਼ਰਨ ਨੂੰ ਕਦੇ ਨਾ ਡੋਲਣ ਦੀ ਨਸੀਹਤ ਦਿੰਦਾ ਹੈ। ਦੂਸਰੇ ਪਾਸੇ ਗੁਰੀ ਉਰਫ਼ ਗੁਰਦੀਪ ਸਿੰਘ ਪਿਉ ਬਲਦੇਵ ਸਿੰਘ ਤੇ ਮਾਤਾ ਜਸਵੰਤ ਕੌਰ ਦੀ ਇਕਲੌਤੀ ਔਲਾਦ ਹੈ, ਉਹ ਪਿੰਡ ਦਾ ਕਹਿੰਦਾ ਕਹਾਉਂਦਾ ਸਰਦਾਰ ਹੈ। ਜ਼ਮੀਨ ਜਾਇਦਾਦ ਤੇ ਘਰ ਬਾਰ ਪੱਖੋਂ ਵਧੀਆ ਹੈ। ਕਾਲਜ ਵਿਚ ਪੜ੍ਹਦਿਆਂ ਗੁਰੀ ਨੇ ਸ਼ਰਨ ਨੂੰ ਆਪਣੀ ਜੀਵਨ ਸਾਥਣ ਬਣਾਉਣ ਦਾ ਪ੍ਰਣ ਲਿਆ ਸੀ, ਪਰ ਤਰਾਸਦੀ ਇਹ ਹੋਈ ਕਿ ਗੁਰੀ ਨਸ਼ਿਆਂ ਦਾ ਆਦੀ ਹੋ ਗਿਆ। ਉਹ ਚਾਹੁੰਦਿਆਂ ਹੋਇਆਂ ਵੀ ਨਸ਼ੇ ਨਾ ਛੱਡ ਸਕਿਆ ਤੇ ਅੰਤ ਨੂੰ ਰੱਬ ਨੂੰ ਪਿਆਰਾ ਹੋ ਗਿਆ। ਸ਼ਰਨ ਬਿਨਾਂ ਵਿਆਹੀ ਵਿਧਵਾ ਹੋ ਗਈ ਪਰ ਪਤਾ ਕਿਸੇ ਨੂੰ ਵੀ ਨਹੀਂ ਸੀ। ਇਸ ਨਾਵਲ ਦਾ ਅੰਤ ਦੁਖਾਂਤਕ ਹੈ। ਲੇਖਕ ਨੇ ਇਸ ਨਾਵਲ ਵਿਚ ਵਹਿਮਾਂ-ਭਰਮਾਂ 'ਚ ਫਸੀ ਹੋਈ ਮਨੁੱਖਤਾ ਦਾ ਵੀ ਜ਼ਿਕਰ ਕੀਤਾ ਹੈ। ਸਮਾਜਿਕ ਰਿਸ਼ਤਿਆਂ ਵਿਚ ਪਈਆਂ ਤ੍ਰੇੜਾਂ ਦਾ ਵੀ ਜ਼ਿਕਰ ਕੀਤਾ ਹੈ। ਲਗਦਾ ਹੈ ਲੇਖਕ ਦਾ ਇਹ ਪਹਿਲਾ ਉਪਰਾਲਾ ਹੈ ਜੋ ਵਧੀਆ ਲੱਗਾ ਹੈ। ਕਾਂਡ ਨੰ. 4 ਤੇ 7 ਵਿਚ ਉਸ ਨੇ ਹਿੰਦੀ ਦੇ ਲਫ਼ਜ਼ ਵੀ ਵਰਤੇ ਹਨ। ਅੱਗੇ ਤੋਂ ਗੁਰੇਜ ਕਰਨ ਦੀ ਲੋੜ ਹੈ। ਉਸ ਦੀ ਇਹ ਵਧੀਆ ਕੋਸ਼ਿਸ਼ ਹੈ। ਅੱਗੇ ਤੋਂ ਵੀ ਜਾਰੀ ਰੱਖੇ ਉਸ ਤੋਂ ਬਹੁਤ ਉਮੀਦਾਂ ਹਨ।
-ਡੀ. ਆਰ. ਬੰਦਨਾ
ਮੋਬਾਈਲ : 94173-89003
ਤਲਖ਼ ਹਕੀਕਤਾਂ
ਲੇਖਕ : ਰਾਮ ਸਰੂਪ ਰਿਖੀ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ
ਮੁੱਲ : 500 ਰੁਪਏ, ਸਫ਼ੇ : 301
ਸੰਪਰਕ : 84372-03286

ਰਾਮ ਸਰੂਪ ਰਿਖੀ ਨੇ ਪੰਜਾਬੀ ਸਾਹਿਤ ਜਗਤ ਨੂੰ ਮੁੱਲਵਾਨ ਰਚਨਾਵਾਂ ਜਿਨ੍ਹਾਂ ਵਿਚ ਚਾਰ ਨਾਵਲ ਕਿਲ੍ਹੇ ਵਿਚ ਉਸਰਦੀ ਕੋਠੀ, ਦੀਵਾ ਬੁਝਿਆ ਨਹੀਂ, ਮੈਂ ਸਿਖੰਡੀ ਨਹੀਂ, ਮੈਂ ਪ੍ਰਚੰਡ ਭਵਾਨੀ, ਵਾਰਤਕ ਪੁਸਤਕ ਭਦੌੜ ਦਾ ਰਾਜਾਸ਼ਾਹੀ ਲੋਕ ਸ਼ਾਹੀ ਇਤਿਹਾਸ, ਪ੍ਰਸ਼ਾਸਨ ਦੀ ਕਹਾਣੀ ਆਈ. ਏ. ਐੱਸ. ਦੀ ਜ਼ੁਬਾਨੀ ਦਿੱਤੀਆਂ ਹਨ। 'ਮੈਂ ਸਿਖੰਡੀ ਨਹੀਂ' ਉਨ੍ਹਾਂ ਦਾ ਬਹੁਤ ਚਰਚਿਤ ਨਾਵਲ ਹੈ ਜਿਸ ਵਿਚ ਕਿੰਨਰਾਂ ਦੀ ਤ੍ਰਾਸਦੀ ਨੂੰ ਬਿਰਤਾਂਤ ਦਾ ਆਧਾਰ ਬਣਾਇਆ ਗਿਆ ਹੈ। ਹਥਲੀ ਪੁਸਤਕ 'ਤਲਖ਼ ਹਕੀਕਤਾਂ' ਉਸ ਦੀ ਸਵੈ-ਜੀਵਨੀ ਹੈ ਜਿਸ ਵਿਚ ਉਸ ਦੇ ਸੰਘਰਸ਼ਸ਼ੀਲ ਜੀਵਨ ਦੇ ਦਰਸ਼ਨ ਹੁੰਦੇ ਹਨ। ਇਸ ਵਿਚਲੇ 50 ਲੇਖ ਜੀਵਨ ਦੀਆਂ ਵਿਭਿੰਨ ਪਰਤਾਂ ਨੂੰ ਉਜਾਗਰ ਕਰਦੇ ਹਨ। ਵਾਲਟ ਵਿਟਮੈਨ ਦਾ ਵਿਚਾਰ ਹੈ, ਸਬਰ ਤੇ ਸੰਜਮ ਮੁਸ਼ਕਿਲਾਂ ਦਾ ਪਹਾੜ ਢਾਅ ਦਿੰਦੇ ਹਨ। ਇਹ ਵਿਚਾਰ ਰਾਮ ਸਰੂਪ ਰਿਖੀ ਦੀ ਜੀਵਨ ਹਯਾਤੀ ਦੇ ਆਰ-ਪਾਰ ਫੈਲਦਾ ਹੋਇਆ ਜੀਵਨ ਦੀਆਂ ਤਲਖ਼ਹਕੀਕਤਾਂ ਬਾਰੇ ਜਾਣਕਾਰੀ ਦਿੰਦਾ ਹੈ। ਇਸ ਸ੍ਰਿਸ਼ਟੀ ਉੱਤੇ ਵਿਚਰਦੇ ਮਨੁੱਖ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਰਾਮ ਸਰੂਪ ਰਿਖੀ ਦੀ ਸਵੈ-ਜੀਵਨੀ ਦੇ ਬਿਰਤਾਂਤ ਤੋਂ ਆਮ ਮਨੁੱਖ ਦੀਆਂ ਚਿੰਤਾਵਾਂ, ਦੁਸ਼ਵਾਰੀਆਂ, ਮਾਨਸਿਕ ਦਵੰਦ ਤੇ ਸਮਾਜਿਕ ਵਿਵਹਾਰ ਦ੍ਰਿਸ਼ਟੀਗੋਚਰ ਹੁੰਦੇ ਹਨ। ਉਸ ਦੇ ਜੀਵਨ ਦੀਆਂ ਕੌੜੀਆਂ ਤਲਖ਼-ਹਕੀਕਤਾਂ ਜੀਵਨ ਦੀਆਂ ਯਾਦਾਂ ਦਾ ਸਦੀਵੀਂ ਅੰਗ ਬਣ ਚੁੱਕੀਆਂ ਹਨ ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ। ਬਿਖੜਿਆਂ ਪਂੈਡਿਆਂ ਵਿਚ ਉਸ ਦੀ ਜੀਵਨ ਸਾਥਣ ਸੰਤੋਸ਼ ਨੇ ਸਾਥ ਦੇ ਕੇ ਜੀਵਨ ਵਿਚ ਸਕਾਰਾਤਮਿਕ ਸੋਚ ਦੇ ਨਾਲ-ਨਾਲ ਪਤੀਵਰਤਾ ਦਾ ਧਰਮ ਵੀ ਨਿਭਾਇਆ। ਉਸ ਦੀ ਸਵੈ-ਜੀਵਨੀ ਦੇ ਕੁਝ ਵਿਸ਼ੇਸ਼ ਬਿਰਤਾਂਤ ਸਹੁਨਿਰੇ ਹੱਥ ਸੁਚੱਜੇ ਕੰਮ, ਇੰਝ ਕੀਤੀ ਜੇ.ਬੀ.ਟੀ., ਸਬਰ ਤੇ ਸੰਜਮ, ਅਤੰਕਤ ਹਵਾਵਾਂ, ਗਣਤੰਤਰ ਦਿਵਸ, ਨਿੱਕੀਆਂ ਯਾਦਾਂ ਵੱਡੇ ਸਬਕ, ਉੱਚੀ ਦੁਕਾਨ ਫਿੱਕਾ ਪਕਵਾਨ ਗਹਿਣ ਅਧਿਐਨ ਤੇ ਚਿੰਤਨ ਦੀ ਮੰਗ ਕਰਦੀਆਂ ਹਨ। ਰਾਮ ਸਰੂਪ ਰਿਖੀ ਦੀ ਸਵੈ-ਜੀਵਨੀ 'ਤਲਖ਼ਹਕੀਕਤਾਂ' ਮਨੁੱਖ ਦੀ ਜਗਿਆਸੂ ਬਿਰਤੀ ਨੂੰ ਤ੍ਰਿਪਤ ਕਰਨ ਦੇ ਨਾਲ-ਨਾਲ ਜੀਵਨ ਦੀ ਵਿਭਿੰਨ ਲੁਪਤ ਪਰਤਾਂ ਨੂੰ ਉਜਾਗਰ ਕਰ ਕੇ 'ਜਿਓ ਤੇ ਜਿਉਣ ਦਿਓ' ਦੇ ਸਿਧਾਂਤ ਉੱਤੇ ਫੋਕਸ ਕਰਦੀਆਂ ਹਨ।
-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ : 94146-91091