ਸੰਦੌੜ, 17 ਜੁਲਾਈ (ਚੀਮਾ, ਜੱਸੀ) – ਇਤਿਹਾਸਕ ਪਿੰਡ ਕੁਠਾਲਾ ਵਿਖੇ 17 ਜੁਲਾਈ 1927 ਨੂੰ ਨਵਾਬੀ ਫੌਜ ਨੇ ਨਿਹੱਥੇ ਕਿਸਾਨਾਂ ਉਪਰ ਕੀਤੀ ਗੋਲਾਬਾਰੀ ਦੌਰਾਨ ਸ਼ਹੀਦ ਹੋਏ 18 ਕਿਸਾਨਾਂ ਦੀ ਯਾਦ ਵਿਚ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਸ਼ਹੀਦੀ ਵਿਖੇ ਸ਼ਹੀਦੀ ਸਮਾਗਮ ਸਰਧਾ ਅਤੇ ਸਤਿਕਾਰ ਨਾਲ ਕਰਵਾਇਆ ਗਿਆ। ਜਿਸ ਵਿਚ ਹਲਕਾ ਮਾਲੇਰਕੋਟਲਾ ਦੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਸਮੇਤ ਇਲਾਕੇ ਦੇ ਪਤਵੰਤਿਆਂ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰ ਕੇ ਸ਼ਹੀਦਾਂ ਨੂੰ ਯਾਦ ਕੀਤਾ। ਇਸ ਤੋਂ ਪਹਿਲਾਂ ਅਖੰਠ ਪਾਠ ਸਾਹਿਬ ਦੇ ਭੋਗ ਪਾਏ ਗਏ। ਭੋਗ ਉਪਰੰਤ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਕਿਹਾ ਕਿ ਪਿੰਡ ਕੁਠਾਲਾ ਵਿਖੇ ਵਾਪਰਿਆ ਇਹ ਖੂਨੀ ਕਾਂਡ ਇਤਿਹਾਸ ਵਿਚ ਕਾਲੇ ਅੱਖਰਾਂ ਵਿਚ ਉਕਰਿਆ ਪਿਆ ਹੈ ਜਿਸ ਵਿਚ ਨਿਰਦੋਸ਼ ਅਤੇ ਨਿਹੱਥੇ ਕਿਸਾਨਾਂ ਉਪਰ ਜਾਲਮਾਨਾ ਢੰਗ ਨਾਲ ਘੇਰਾ ਪਾਕੇ ਕੀਤੀ ਗੋਲਾਬਾਰੀ ਦੌਰਾਨ 18 ਲੋਕਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਖੁੂਨ ਵਿਚ ਗੈਰਤ ਅਤੇ ਦਲੇਰਪੁਣਾ ਭਰਿਆ ਹੋਇਆ ਹੈ। ਪੰਜਾਬ ਦੇ ਬਹਾਦਰ ਲੋਕਾਂ ਨੇ ਕਦੇ ਵੀ ਕਿਸੇ ਜਾਲਮ ਹਾਕਮ ਦੀ ਈਨ ਨਹੀਂ ਮੰਨੀ। ਉਨ੍ਹਾਂ ਕਿਹਾ ਕਿ ਕੁਠਾਲਾ ਸਾਕੇ ਦੇ ਸ਼ਹੀਦ ਸਾਡਾ ਸਰਮਾਇਆ ਹਨ ਅਤੇ ਇਹ ਹਮੇਸ਼ਾ ਸਾਡੇ ਮਨਾਂ ਵਿਚ ਜਿਉਂਦਾ ਰਹਿਣਗੇ। ਸਮਾਗਮ ਦੇ ਅੰਤ ਵਿਚ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ।ਸਮਾਗਮ ਦੌਰਾਨ ਚੇਅਰਮੈਨ ਕਰਮਜੀਤ ਸਿੰਘ ਕੁਠਾਲਾ ਅਤੇ ਸਰਪੰਚ ਮਨਜਿੰਦਰ ਕੌਰ ਰਾਏ ਨੇ ਆਏ ਹੋਏ ਪਤਵੰਤਿਆਂ ਦਾ ਸਨਮਾਨ ਵੀ ਕੀਤਾ ਅਤੇ ਸੰਗਤਾਂ ਨੂੰ ਛਾਂਦਾਰ ਅਤੇ ਫਲਦਾਰ ਬੂਟੇ ਵੀ ਵੰਡੇ। ਇਸ ਮੌਕੇ ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਕਰਮਜੀਤ ਸਿੰਘ ਕੁਠਾਲਾ ਤੋਂ ਇਲਾਵਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਕੇਵਲ ਸਿੰਘ ਜਾਗੋਵਾਲ, ਟਰੱਕ ਯੂਨੀਅਨ ਸੰਦੌੜ ਦੇ ਪ੍ਰਧਾਨ ਚਰਨਜੀਤ ਸਿੰਘ ਚੀਮਾ, ਗਿਆਨੀ ਅਮਰ ਸਿੰਘ ਸਿਕੰਦਰਪੁਰਾ ਐਮ.ਡੀ ਦਸਮੇਸ਼ ਕੰਬਾਇਨ, ਆੜਤੀਆ ਰਾਮਿੰਦਰ ਸਿੰਘ ਮਾਨ, ਕਾਮਰੇਡ ਤੇਜਾ ਸਿੰਘ, ਰਾਜੂ ਕੁਠਾਲਾ, ਸਰਪੰਚ ਬਾਰਾ ਸਿੰਘ ਕਲਿਆਣ, ਬਹਾਦਰ ਸਿੰਘ ਚਹਿਲ, ਤਲਵੀਰ ਸਿੰਘ ਕਾਲਾ,ਪੰਚ ਪਰਮਜੀਤ ਕੌਰ, ਜਰਨੈਲ ਸਿੰਘ ਹੈਪੀ, ਪੰਚ ਗਗਨਦੀਪ ਸਿੰਘ, ਪੰਚ ਗੁਰਮੀਤ ਸਿੰਘ, ਗੁਰਮੀਤ ਸਿੰਘ ਚਹਿਲ, ਬਲਬੀਰ ਸਿੰਘ ਸੰਧੂ, ਕੁਲਦੀਪ ਸਿੰਘ ਨੰਬਰਦਾਰ ਸਮੇਤ ਗੁਰਦੁਆਰਾ ਸਾਹਿਬ ਸ਼ਹੀਦੀ ਅਤੇ ਗੁਰਦੁਆਰਾ ਬਾਬਾ ਤਾਰਾ ਸਿੰਘ ਦੀ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰ ਵੀ ਹਾਜ਼ਰ ਸਨ।