15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਡੀ. ਸੀ. ਅਜੈ ਸਿੰਘ ਤੋਮਰ ਵਲੋਂ ਪਿੰਡ ਸੰਗਰਾਨੀ ਦਾ ਦੌਰਾ

Ad Position 21
No active advertisement
ਅਜੀਤ ਡੈਸਕ 06-09-2025
ਨਾਰਾਇਣਗੜ੍ਹ, 5 ਸਤੰਬਰ (ਪੀ ਸਿੰਘ)- ਡਿਪਟੀ ਕਮਿਸ਼ਨਰ ਅਜੈ ਸਿੰਘ ਤੋਮਰ ਵਲੋਂ ਅੱਜ ਪਿੰਡ ਸੰਗਰਾਨੀ ਦਾ ਦੌਰਾ ਕਰਕੇ ਪਿੰਡ ਦੇ ਨੇੜੇ ਅਰੁਣ ਨਦੀ ਕਾਰਨ ਹੜ੍ਹੀ ਜ਼ਮੀਨ ਵਾਲੀ ਥਾਂ ਦਾ ਜਾਇਜ਼ਾ ਲਿਆ ਗਿਆ ਅਤੇ ਉਥੇ ਜਾਰੀ ਅਸਥਾਈ ਸਟੱਡ (ਰੇਤ ਦੇ ਥੈਲੇ) ਲਗਾਉਣ ਦੇ ਕੰਮ ਦਾ ਨਿਰੀਖਣ ਵੀ ਕੀਤਾ | ਇਸ ਦੌਰਾਨ ਉਨ੍ਹਾਂ ਸਰਪੰਚ ਤੇ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਵਾਸੀਆਂ ਨੂੰ ਇਸ ਜਗ੍ਹਾ 'ਤੇ ਰੰਗ-ਰੋਗਨ ਵਾਲੇ ਪੱਥਰਾਂ ਦੀ ਕੰਧ ਬਣਾਉਣ ਦੇ ਕੰਮ 'ਚ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਦਰਿਆ ਦੇ ਕੰਢੇ 'ਤੇ ਜ਼ਮੀਨੀ ਖੁਰਨ ਦੀ ਸਮੱਸਿਆ 'ਤੇ ਸਥਾਈ ਤੌਰ 'ਤੇ ਕਾਬੂ ਪਾਇਆ ਜਾ ਕੇ | ਇਸ ਮੌਕੇ ਐਸ. ਡੀ. ਐਮ. ਸ਼ਿਵਜੀਤ ਭਾਰਤੀ ਨੇ ਡੀ. ਸੀ. ਨੂੰ ਦੱਸਿਆ ਕਿ ਜਿਸ ਦਿਨ ਨਦੀ 'ਚ ਉਕਤ ਜਗ੍ਹਾ 'ਤੇ ਪਾੜ ਪਿਆ ਸੀ, ਉਸ ਦਿਨ ਪਿੰਡ ਵਾਸੀਆਂ ਨੂੰ ਸੁਚੇਤ ਕੀਤਾ ਗਿਆ ਸੀ ਅਤੇ ਸਿੰਚਾਈ ਵਿਭਾਗ ਨੂੰ ਹਦਾਇਤਾਂ ਦੇ ਕੇ ਇਥੇ ਰੇਤ ਦੀਆਂ ਬੋਰੀਆਂ ਰੱਖ ਕੇ ਰੋਕਥਾਮ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ | ਇਸੇ ਦੌਰਾਨ ਡਿਪਟੀ ਕਮਿਸ਼ਨਰ ਨੇ ਮੌਕੇ 'ਤੇ ਮੌਜੂਦ ਸਿੰਚਾਈ ਵਿਭਾਗ ਦੀ ਐਸ. ਡੀ. ਓ. ਸ਼ਿਖਾ ਬਾਂਸਲ ਤੋਂ ਨਦੀ 'ਚ ਪਾਣੀ ਦੇ ਮੌਜੂਦਾ ਵਹਾਅ ਅਤੇ ਉਸ ਦਿਨ ਬਾਰੇ ਜਾਣਕਾਰੀ ਲਈ ਜਿਸ ਦਿਨ ਜ਼ਮੀਨ ਹੜ੍ਹੀ ਸੀ | ਇਸ 'ਤੇ ਐਸ. ਡੀ. ਓ. ਨੇ ਦੱਸਿਆ ਕਿ ਇਸ ਸਮੇਂ ਨਦੀ 'ਚ ਲਗਪਗ 1200 ਕਿਊਸਿਕ ਪਾਣੀ ਵੱਗ ਰਿਹਾ ਹੈ ਅਤੇ 1 ਸਤੰਬਰ ਨੂੰ ਜਦੋਂ ਪਾੜ ਪਿਆ ਸੀ ਤਾਂ ਉਸ ਸਮੇਂ 36 ਹਜ਼ਾਰ ਕਿਊਸਿਕ ਪਾਣੀ ਵੱਗ ਰਿਹਾ ਸੀ | ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਅਜੈ ਸਿੰਘ ਤੋਮਰ ਨੇ ਮਿੰਨੀ ਸਕੱਤਰੇਤ ਦੇ ਕਾਨਫਰੰਸ ਹਾਲ 'ਚ ਸਬ-ਡਵੀਜ਼ਨ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾ ਮੀਟਿੰਗ ਕੀਤੀ | ਇਸ ਮੀਟਿੰਗ 'ਚ ਪਿਛਲੇ ਕੁਝ ਦਿਨਾਂ 'ਚ ਰੁਕ-ਰੁਕ ਕੇ ਹੋਈ ਬਾਰਿਸ਼ ਅਤੇ ਨਦੀਆਂ ਕਾਰਨ ਹੜ੍ਹੀ ਜ਼ਮੀਨ ਵਾਲੇ ਖੇਤਰਾਂ ਦਾ ਜਾਇਜ਼ਾ ਲਿਆ ਗਿਆ ਅਤੇ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਗਏ | ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਤੋਂ ਸਬ-ਡਵੀਜ਼ਨ ਦੀਆਂ ਸੜਕਾਂ ਅਤੇ ਪੁਲਾਂ ਦੀ ਹਾਲਤ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹੋਏ ਡੀ. ਸੀ. ਨੇ ਕਿਹਾ ਕਿ ਮੀਂਹ ਕਾਰਨ ਸੜਕਾਂ 'ਚ ਬਣੇ ਟੋਇਆਂ ਨੂੰ ਭਰਿਆ ਜਾਵੇ ਤਾਂ ਜੋ ਕੋਈ ਹਾਦਸਾ ਨਾ ਵਾਪਰੇ | ਇਸੇ ਤਰ੍ਹਾਂ ਉਨ੍ਹਾਂ ਮਾਰਕੀਟਿੰਗ ਬੋਰਡ ਦੇ ਅਧਿਕਾਰੀ ਤੋਂ ਸੜਕਾਂ ਦੀ ਹਾਲਤ ਬਾਰੇ ਵੀ ਜਾਣਕਾਰੀ ਲਈ ਅਤੇ ਪਾਣੀ ਨਾਲ ਖ਼ਰਾਬ ਹੋਈਆਂ ਸੜਕਾਂ ਦੀ ਮੁਰੰਮਤ ਕਰਵਾਉਣ ਅਤੇ ਟੋਇਆਂ ਨੂੰ ਭਰਨ ਦੇ ਨਿਰਦੇਸ਼ ਦਿੱਤੇ | ਇਸੇ ਦੌਰਾਨ ਡੀ. ਸੀ. ਨੇ ਐਨ ਐਚ. ਏ. ਆਈ. ਦੇ ਅਧਿਕਾਰੀ ਨੂੰ ਨਿਰਦੇਸ਼ ਦਿੱਤੇ ਕਿ ਸ਼ਹਿਜ਼ਾਦਪੁਰ ਅਤੇ ਪਤਰੇਹੜੀ ਆਦਿ ਪਿੰਡਾਂ 'ਚ ਫਲਾਈਓਵਰ ਦੇ ਨੇੜੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕੀਤੇ ਜਾਣ ਅਤੇ ਜਿਥੇ ਵੀ ਐਨ. ਐਚ. ਏ. ਆਈ. ਸੜਕ ਕਾਰਨ ਪਾਣੀ ਇਕੱਠਾ ਹੁੰਦਾ ਹੈ ਜਾਂ ਡਰੇਨੇਜ 'ਚ ਰੁਕਾਵਟ ਆਉਂਦੀ ਹੈ, ਉਥੇ ਢੁਕਵੇਂ ਪ੍ਰਬੰਧ ਕੀਤੇ ਜਾਣ | ਉਨ੍ਹਾਂ ਨਗਰ ਸਕੱਤਰ ਅਤੇ ਬੀ. ਡੀ. ਪੀ. ਓਜ਼ ਨੂੰ ਹਦਾਇਤ ਕੀਤੀ ਕਿ ਮੀਂਹ ਤੋਂ ਬਾਅਦ ਫੌਗਿੰਗ ਕਰਵਾਈ ਜਾਵੇ ਤਾਂ ਜੋ ਪਾਣੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਿਆ ਜਾ ਸਕੇ ਅਤੇ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਝੋਰੜਨਾਲੀ ਨੇੜੇ ਘੱਗਰ ਦੇ ਅੰਦਰੂਨੀ ਬੰਨ੍ਹ 'ਚ ਪਾੜ ਪੈਣ ਕਾਰਨ ਕਈ ਏਕੜ ਫ਼ਸਲ ਡੁੱਬੀ ਅਗਲੀ ਖ਼ਬਰ ਚੋਰੀ ਦੇ ਸਾਮਾਨ ਸਮੇਤ ਮੁਲਜ਼ਮ ਗਿ੍ਫ਼ਤਾਰ
Ad Position 24