ਸਿਰਸਾ, 7 ਸਤੰਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਵਿੱਚੋਂ ਲੰਘਦੀ ਘੱਗਰ ਨਦੀ ਜ਼ਿਆਦਾ ਮੀਂਹ ਕਾਰਨ ਇਹ ਤਬਾਹੀ ਦਾ ਰੂਪ ਧਾਰਨ ਕਰ ਰਹੀ ਹੈ | ਅੱਜ ਸਵੇਰੇ ਪਿੰਡ ਫਰਵਾਈ ਕਲਾਂ ਨੇੜੇ ਬੰਨ੍ਹ ਫਿਰ ਟੁੱਟ ਗਿਆ ਕਿਉਂਕਿ ਘੱਗਰ ਨਦੀ ਓਵਰਫਲੋ ਹੋ ਗਈ ਹੈ ਜਿਸ ਕਾਰਨ ਕਈ ਏਕੜ ਫ਼ਸਲਾਂ ਪਾਣੀ ਵਿੱਚ ਡੁੱਬ ਗਈਆਂ | ਇਸ ਸਮੇਂ ਮੀਂਹ ਦਾ ਪਾਣੀ ਨਾ ਸਿਰਫ਼ ਹਰਿਆਣਾ, ਸਗੋਂ ਹਿਮਾਚਲ ਤੇ ਪੰਜਾਬ ਤੋਂ ਵੀ ਘੱਗਰ ਨਦੀ ਵਿੱਚ ਆ ਰਿਹਾ ਹੈ | ਇਸ ਕਾਰਨ ਘੱਗਰ ਨਦੀ ਦੇ ਬੰਨ੍ਹ ਕਮਜ਼ੋਰ ਹੋਣ ਕਾਰਨ ਬੰਨ੍ਹ ਲਗਾਤਾਰ ਓਵਰਫਲੋਅ ਅਤੇ ਮਿੱਟੀ ਰੁੜ ਜਾਣ ਕਾਰਨ ਟੁੱਟਣੇ ਸ਼ੁਰੂ ਹੋ ਗਏ ਹਨ | ਇਸ ਵੇਲੇ ਘੱਗਰ ਨਦੀ ਦਾ ਪਾਣੀ ਚਾਰ ਤੋਂ ਪੰਜ ਪਿੰਡਾਂ ਦੇ ਖੇਤਾਂ ਵਿੱਚ ਦਾਖਲ ਹੋਣਾ ਸ਼ੁਰੂ ਹੋ ਗਿਆ ਹੈ | ਪਿੰਡ ਫਰਵਾਈ, ਪਨਿਹਾਰੀ, ਸੰਗਰ, ਰੰਗਾ, ਅਹਿਮਦਪੁਰ, ਕੇਲਾਨੀਆ ਅਤੇ ਝੋਰੜਨਾਲੀ ਦਾ ਲਗਭਗ 10 ਤੋਂ 12 ਹਜ਼ਾਰ ਏਕੜ ਰਕਬਾ ਪਾਣੀ ਵਿੱਚ ਡੁੱਬਣ ਵਾਲਾ ਹੈ | ਜਿੱਥੋਂ ਘੱਗਰ ਨਦੀ ਟੁੱਟੀ ਹੈ ਉੱਥੇ ਤਿੰਨ ਤੋਂ ਚਾਰ ਪਿੰਡਾਂ ਦੀਆਂ ਜ਼ਮੀਨਾਂ ਹਨ | ਕਿਸਾਨਾਂ ਦੇ ਸਾਹਮਣੇ ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਤਬਾਹ ਹੋ ਰਹੀਆਂ ਹਨ | ਅਜਿਹੀ ਸਥਿਤੀ ਵਿੱਚ ਕਿਸਾਨਾਂ ਨੇ ਜਲਦੀ ਨਾਲ ਖੇਤਾਂ ਤੋਂ ਜਾਨਵਰਾਂ ਲਈ ਹਰਾ ਚਾਰਾ ਕੱਟ ਕੇ ਲਿਆਂਦਾ ਹੈ | ਘੱਗਰ ਦਾ ਪਾਣੀ ਖੇਤਾਂ ਤੱਕ ਪਹੁੰਚਣ ਤੋਂ ਬਾਅਦ ਉਹ ਵੀ ਮੁਸ਼ਕਲ ਹੋ ਗਿਆ ਹੈ | ਅਜਿਹੀ ਸਥਿਤੀ ਵਿੱਚ ਕਿਸਾਨਾਂ ਨੇ ਰਿੰਗ ਬੰਨ੍ਹ 'ਤੇ ਸਥਿਤ ਆਪਣੇ ਖੇਤਾਂ ਜਾਂ ਘਰਾਂ ਤੋਂ ਆਪਣਾ ਸਮਾਨ ਹਟਾ ਲਿਆ ਹੈ | ਪਨੀਹਾਰੀ ਪਿੰਡ ਦੇ ਵਸਨੀਕ ਹਰਦੀਪ ਸਿੰਘ ਨੇ ਦੱਸਿਆ ਕਿ ਨਾਗੋਕੀ ਦਾ ਬੰਨ੍ਹ ਪਨੀਹਾਰੀ ਵੱਲ ਟੁੱਟ ਗਿਆ ਸੀ | ਹੁਣ ਇਹ ਪਾਣੀ ਸੰਗਰ ਅਤੇ ਪਨਿਹਾਰੀ ਵੱਲ ਆ ਰਿਹਾ ਹੈ | ਰਿੰਗ ਬੰਨ੍ਹ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ | ਪਾਣੀ ਸਾਡੇ ਖੇਤਾਂ ਵਿੱਚ ਵੀ ਆ ਗਿਆ ਹੈ | ਇਹ ਪਾਣੀ ਲਗਭਗ ਚਾਰ ਹਜ਼ਾਰ ਏਕੜ ਜ਼ਮੀਨ ਵਿੱਚ ਆਵੇਗਾ | ਇਹ ਪਨੀਹਾਰੀ ਪੁਲ ਤੋਂ ਸੰਗਰ ਅਤੇ ਫਿਰ ਫਰਵਾਈ ਤੱਕ ਪਹੁੰਚੇਗਾ | ਪਨੀਹਾਰੀ ਪਿੰਡ ਵਿੱਚ ਸਥਿਤੀ ਬਹੁਤ ਭਿਆਨਕ ਹੋ ਗਈ ਹੈ | ਪਾਸੇ ਵਾਲਾ ਬੰਨ੍ਹ ਵੀ ਟੁੱਟ ਗਿਆ ਹੈ | ਹੁਣ ਰੰਗਾ ਵੱਲ ਜਾਂਦੇ ਹੋਏ ਪੁਲ 'ਤੇ ਇੱਕ ਬੰਨ੍ਹ ਬਣਾਇਆ ਜਾ ਰਿਹਾ ਹੈ ਤਾਂ ਜੋ ਪਾਣੀ ਹੋਰ ਜ਼ਿਆਦਾ ਨਾ ਫੈਲੇ | ਭਾਰਤੀ ਕਿਸਾਨ ਏਕਤਾ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਹੜ੍ਹ ਵਾਲੇ ਖੇਤਰ ਦਾ ਦੌਰਾਨ ਕਰਨ ਤੋਂ ਬਾਅਦ ਦੱਸਿਆ ਕਿ ਪਿੰਡ ਪਨੀਹਾਰੀ ਵਿੱਚ ਘੱਗਰ ਨਦੀ ਦਾ ਬੰਨ੍ਹ ਟੁੱਟਣ ਕਾਰਨ ਸਿਰਸਾ ਜ਼ਿਲ੍ਹੇ ਦੇ ਪਿੰਡ ਬੁਰਜ ਕਰਮਗੜ੍ਹ, ਨਾਗੋਕੀ, ਪਨੀਹਾਰੀ, ਫਰਵਾਈ, ਨੇਜਾਡੇਲਾ ਕਲਾਂ ਦੀ 2000 ਏਕੜ ਤੋਂ ਵੱਧ ਫਸਲ ਡੁੱਬ ਗਈ ਹੈ | ਉਹਨਾਂ ਦੱਸਿਆ ਪਿੰਡਾਂ ਦੇ ਲੋਕ ਬੰਨ੍ਹ ਬਣਾਉਣ ਵਿੱਚ ਲੱਗੇ ਹੋਏ ਹਨ | ਉਮੀਦ ਹੈ ਕਿ ਬੰਨ੍ਹ ਬਣ ਜਾਣ ਨਾਲ ਪਾਣੀ ਦਾ ਬਹਾਅ ਰੁਕ ਜਾਵੇਗਾ | ਦੂਜੇ ਪਾਸੇ ਪਿੰਡ ਰੰਗਾ ਦੇ ਸਰਪੰਚ ਕਰਮਜੀਤ ਸਿੰਘ ਨੇ ਡੀ.ਆਰ.ਓ. ਦੇ ਬਿਆਨਾਂ 'ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਡੀ.ਆਰ.ਓ. ਨੇ 5 ਪਿੰਡਾਂ ਦੇ ਸਰਪੰਚਾਂ ਨੂੰ ਕਿਹਾ ਕਿ ਜਦੋਂ ਤੱਕ ਤੁਹਾਡੇ ਪਿੰਡ ਡੁੱਬ ਨਹੀਂ ਜਾਂਦੇ ਤੇ ਐਨ.ਡੀ.ਆਰ.ਐਫ. ਦੀਆਂ ਟੀਮਾਂ ਰਾਹਤ ਲਈ ਤੁਹਾਡੇ ਪਿੰਡਾਂ ਵਿੱਚ ਨਹੀਂ ਆਉਂਦੀਆਂ, ਅਸੀਂ ਤੁਹਾਡੀ ਕਿਸੇ ਵੀ ਤਰ੍ਹਾਂ ਮਦਦ ਨਹੀਂ ਕਰ ਸਕਦੇ | ਚੇਤੇ ਰਹੇ ਕਿ ਇਹਨਾਂ ਪਿੰਡਾਂ ਦੇ ਸਰਪੰਚਾਂ ਨੇ ਘੱਗਰ ਨਦੀ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਡੀਜ਼ਲ ਮੰਗਿਆ ਸੀ |