ਨਵੀਂ ਦਿੱਲੀ, 25 ਸਤੰਬਰ (ਮਿਸਰਦੀਪ ਭਾਟੀਆ)-ਸਾਹਿਤ ਅਕਾਦਮੀ, ਨਵੀਂ ਦਿੱਲੀ ਨੇ ਇਕ ਪ੍ਰੈੱਸ ਰਿਲੀਜ਼ ਜਾਰੀ ਕਰਕੇ ਉੱਘੇ ਸਾਹਿਤਕਾਰ ਡਾ. ਐਸ.ਐਲ. ਭੈਰੱਪਾ ਦੇ ਦਿਹਾਂਤ 'ਤੇ ਸੋਗ ਪ੍ਰਗਟ ਕਰਦਿਆਂ ਕਿਹਾ ਕਿ ਸਾਹਿਤ ਅਕਾਦਮੀ ਨੂੰ ਬੜੇ ਦੁੱਖ ਨਾਲ ਸੂਚਿਤ ਕਰਨਾ ਪੈ ਰਿਹਾ ਹੈ ਕਿ ਉੱਘੇ ਨਾਵਲਕਾਰ, ਦਾਰਸ਼ਨਿਕ, ਪਟਕਥਾ ਲੇਖਕ, ਬਹੁਮੁਖੀ ਵਿਦਵਾਨ ਅਤੇ ਸਾਹਿਤ ਅਕਾਦਮੀ ਦੇ ਫੈਲੋ ਡਾ. ਐਸ.ਐਲ. ਭੈਰੱਪਾ ਦਾ ਦਿਹਾਂਤ ਹੋ ਗਿਆ ਹੈ | ਉਨ੍ਹਾਂ ਨੇ ਪ੍ਰਾਚੀਨ ਗ੍ਰੰਥਾਂ, ਪਰੰਪਰਾਵਾਂ ਅਤੇ ਇਤਿਹਾਸਕ ਬਿਰਤਾਂਤਾਂ ਪ੍ਰਤੀ ਲੋਕਾਂ ਦੀ ਰੁਚੀ ਨੂੰ ਮੁੜ ਸੁਰਜੀਤ ਕੀਤਾ | ਉਨ੍ਹਾਂ ਨੇ ਇਕੱਲੇ ਤੌਰ 'ਤੇ ਭਾਰਤ ਵਿਚ ਨਾਵਲ ਲਿਖਣ ਵਿਚ ਕ੍ਰਾਂਤੀ ਲਿਆਂਦੀ | ਉਨ੍ਹਾਂ ਦੀਆਂ ਰਚਨਾਵਾਂ ਜੋ ਭਾਰਤ ਦੀਆਂ ਵੱਖ-ਵੱਖ ਦਾਰਸ਼ਨਿਕ ਵਿਚਾਰ ਧਾਰਾਵਾਂ 'ਤੇ ਆਧਾਰਿਤ ਸਨ, ਖ਼ਾਸ ਕਰਕੇ ਨੌਜਵਾਨਾਂ ਵਿਚ ਬਹੁਤ ਮਕਬੂਲ ਹੋਈਆਂ, ਜਿਸ ਦੇ ਨਤੀਜੇ ਵਜੋਂ ਕਈ ਨੌਜਵਾਨਾਂ ਨੇ ਦਰਸ਼ਨ ਸ਼ਾਸਤਰ ਨੂੰ ਗੰਭੀਰਤਾ ਨਾਲ ਅਪਣਾਇਆ | ਉਨ੍ਹਾਂ ਦਾ ਦਿਹਾਂਤ ਭਾਰਤੀ ਸਾਹਿਤ ਲਈ ਇਕ ਨਾ ਪੂਰਾ ਹੋਣ ਵਾਲਾ ਘਾਟਾ ਹੈ | ਸਾਹਿਤ ਅਕਾਦਮੀ ਇਸ ਮਹਾਨ ਪ੍ਰਤਿਭਾ ਦੇ ਦਿਹਾਂਤ 'ਤੇ ਸੋਗ ਪ੍ਰਗਟ ਕਰਦੀ ਹੈ ਅਤੇ ਭਾਰਤੀ ਸਾਹਿਤਕ ਭਾਈਚਾਰੇ ਨਾਲ ਮਿਲ ਕੇ ਡਾ. ਐਸ.ਐਲ. ਨੂੰ ਸ਼ਰਧਾਂਜਲੀ ਭੇਟ ਕਰਦੀ ਹੈ |